ਐਮਰਜੈਂਸੀ ਅਤੇ ‘ਕੱਖ-ਕਾਨਾਂ’ ਦੀ ਵਾਰੀ-12
‘ਐਮਰਜੈਂਸੀ ਤੇ ਕੱਖ-ਕਾਨਾਂ ਦੀ ਵਾਰੀ’ ਲੇਖ ਲੜੀ ਵਿਚ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਐਮਰਜੈਂਸੀ ਨਾਲ ਜੁੜੀਆਂ ਯਾਦਾਂ ਦਾ ਵਰਕਾ ਫਰੋਲਿਆ ਹੈ। ਉਹ ਅਜਿਹਾ ਵਕਤ ਸੀ ਜਦੋਂ ਵਿਰੋਧ ਦੀ ਹਰ ਆਵਾਜ਼ ਨੂੰ ਬੰਦ ਕਰਨ ਦਾ ਹੀਲਾ ਕੇਂਦਰ ਸਰਕਾਰ ਨੇ ਕੀਤਾ ਸੀ। ਬਹੁਤ ਸਾਰੇ ਆਗੂਆਂ, ਪੱਤਰਕਾਰਾਂ, ਲੇਖਕਾਂ ਤੇ ਬੁੱਧੀਜੀਵੀਆਂ ਉਤੇ ਵੱਖ-ਵੱਖ ਕੇਸ ਪਾ ਕੇ ਉਨ੍ਹਾਂ ਨੂੰ ਜੇਲ੍ਹਾਂ ਅੰਦਰ ਡੱਕ ਦਿੱਤਾ ਗਿਆ।
ਵਰਿਆਮ ਸਿੰਘ ਸੰਧੂ ਨੇ ਇਸ ਲੰਮੀ ਲੇਖ ਲੜੀ ਵਿਚ ਇਸ ਜੇਲ੍ਹ ਯਾਤਰਾ ਦੇ ਹਵਾਲੇ ਨਾਲ ਆਪਣੇ ਸਮਾਜ ਅਤੇ ਸਿਸਟਮ ਬਾਰੇ ਸਾਰਥਕ ਟਿੱਪਣੀਆਂ ਕੀਤੀਆਂ ਹਨ। ਇਨ੍ਹਾਂ ਟਿੱਪਣੀਆਂ ਵਿਚ ਬਤੌਰ ਲੇਖਕ ਉਨ੍ਹਾਂ ਅਵਾਮ ਦੇ ਸਰੋਕਾਰ ਸਾਂਝੇ ਕੀਤੇ ਹਨ। ਐਤਕੀਂ ਨਿੱਕੀਆਂ-ਨਿੱਕੀਆਂ ਤਿੰਨ ਲੜੀਆਂ ਵਿਚ, ਭਾਰਤ ਦੇ ਸਮੁੱਚੇ ਹਾਲਾਤ ਤੇ ਜਥੇਦਾਰ ਜੀਵਨ ਸਿੰਘ ਉਮਰਾਨੰਗਲ ਬਾਰੇ ਚਰਚਾ ਤੋਂ ਇਲਾਵਾ ਪੁਲਿਸ ਦੀਆਂ ਚਲਾਕੀਆਂ ਬਾਰੇ ਚਰਚਾ ਕੀਤੀ ਗਈ ਹੈ। -ਸੰਪਾਦਕ
ਵਰਿਆਮ ਸਿੰਘ ਸੰਧੂ
ਫੋਨ: 416-918-5212
ਬੈਰਕ ਵਿਚ ਉਹ ਹਵਾਲਾਤੀ ਸਨ ਜਿਨ੍ਹਾਂ ਦੇ ਮੁਕੱਦਮਿਆਂ ਦਾ ਅਜੇ ਤਕ ਕੋਈ ਫ਼ੈਸਲਾ ਨਹੀਂ ਸੀ ਹੋਇਆ ਅਤੇ ਨਾ ਹੀ ਉਨ੍ਹਾਂ ਦੀ ਜ਼ਮਾਨਤ ਹੋਈ ਸੀ, ਪਰ ਹਵਾਲਾਤ ਦਾ ਮਾਹੌਲ Ḕਮੋਗਾ ਐਜੀਟੇਸ਼ਨḔ ਵਰਗਾ ਨਹੀਂ ਸੀ। ਉਦੋਂ ਤਾਂ ਇਸ ਬੈਰਕ ਵਿਚ ਸਾਰੇ ਲੋਕ ਸਿਆਸੀ ਵਿਚਾਰਾਂ ਵਾਲੇ ਸਨ। ਹੁਣ ਵੱਖ ਵੱਖ ਤਰ੍ਹਾਂ ਦੇ ਇਖ਼ਲਾਕੀ ਮੁਜਰਮ ਸਾਡੇ ਸੰਗੀ ਸਨ। ਉਂਜ ਸਾਡਾ ਅੱਠਾਂ ਦਸਾਂ ਜਣਿਆਂ ਦਾ ਆਪਣਾ ਟੋਲਾ ਸੀ; ਜਿਨ੍ਹਾਂ ਵਿਚ ਵਿਚਾਰਾਂ ਦੀ ਆਪਸੀ-ਸਾਂਝ ਵੀ ਸੀ ਅਤੇ ਇੱਕ ਦੂਜੇ ਨਾਲ ਜਾਣ-ਪਛਾਣ ਵੀ ਸੀ। ਅਸੀਂ ਬੈਰਕ ਦੀ ਇੱਕ ਨੁੱਕਰੇ ਆਪਣੀਆਂ ਖੱਡੀਆਂ ਮੱਲ ਕੇ ਬਿਸਤਰੇ ਲਾਏ ਹੋਏ ਸਨ। ਏਡੀ ਵੱਡੀ ਭਾਰਤ ਸਰਕਾਰ ਨੂੰ ਸਾਡੇ ਕੋਲੋਂ Ḕਖ਼ਤਰਾḔ ਸੀ; ਇਹ ਜਾਣ ਕੇ ਜੇਲ੍ਹ ਕਰਮਚਾਰੀ ਅਤੇ ਦੂਜੇ ਇਖ਼ਲਾਕੀ ਕੈਦੀ ਵੀ ਸਾਨੂੰ ਇੱਜ਼ਤ ਦੀ ਨਜ਼ਰ ਨਾਲ ਵੇਖਦੇ ਸਨ ਅਤੇ ਸਾਡੀ ਗੱਲ ਧਿਆਨ ਨਾਲ ਸੁਣਦੇ ਸਨ। ਸਿਆਲੀ ਦਿਨਾਂ ਵਿਚ ਸਵੇਰ ਵੇਲੇ ਜਦੋਂ ਕੁਝ ਘੰਟਿਆਂ ਲਈ ਸਾਨੂੰ ਹਵਾਲਾਤ ਵਿਚੋਂ ਬਾਹਰ ਕੱਢਿਆ ਜਾਂਦਾ ਤਾਂ ਸਾਰੇ ਜਣੇ ਬੈਰਕ ਦੇ ਖੁੱਲ੍ਹੇ ਮੈਦਾਨ ਵਿਚ ਆਪੋ ਆਪਣੇ ਸਾਥੀਆਂ ਨਾਲ ਬੈਠਦੇ। ਸਾਡੀ ਟੋਲੀ ਵਿਚ ਸਾਥੋਂ ਇਲਾਵਾ ਕੁਝ ਹੋਰ ਸਾਥੀ ਵੀ ਸਾਡੀਆਂ ਗੱਲਾਂ ਸੁਣਨ ਲਈ ਜੁੜ ਬਹਿੰਦੇ।
ਇੱਕ ਜਰਮਨ ਕੈਦੀ ਵਿਕਟਰ ਵੀ ਆਪਣੀ ਬੈਰਕ ਵਿਚੋਂ ਸਾਡੇ ਨਾਲ ਗੱਲਬਾਤ ਕਰਨ ਲਈ ਆ ਜਾਂਦਾ। ਵਿਕਟਰ ਕੌਮਾਂਤਰੀ ਸਮਗਲਰ ਸੀ ਅਤੇ ਕੁਝ ਚਿਰ ਹੋਇਆ ਉਹਨੂੰ ਪਾਕਿਸਤਾਨ ਤੋਂ ਭਾਰਤ ਆਉਂਦਿਆਂ, ਵਾਘਾ ਬਾਰਡਰ ਪਾਰ ਕਰਦੇ ਸਮੇਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਸ ਦੀ ਕਾਰ ਦੀ ਤਲਾਸ਼ੀ ਲੈਂਦਿਆਂ ਉਸ ਵਿਚੋਂ ਵਿਦੇਸ਼ੀ ਮਾਰਕੇ ਦੀਆਂ ਕਈ ਰਾਈਫ਼ਲਾਂ ਫੜੀਆਂ ਗਈਆਂ ਸਨ। ਵਿਕਟਰ ਨੂੰ ਸਾਡੇ ਨਾਲ ਗੱਲਾਂ ਕਰਨੀਆਂ ਚੰਗੀਆਂ ਲੱਗਦੀਆਂ। ਸਾਡਾ ḔਇਨਕਲਾਬੀḔ ਹੋਣਾ ਉਸ ਲਈ ਦਿਲਚਸਪੀ ਦਾ ਕਾਰਨ ਸੀ। ਅਸੀਂ ਹੈਰਾਨ ਹੁੰਦੇ ਕਿ ਸਮਗਲਰ ਹੋਣ ਦੇ ਬਾਵਜੂਦ ਉਹਨੂੰ ਸੰਸਾਰ-ਸਿਆਸਤ ਅਤੇ ਸਾਡੇ ਮੁਲਕ ਦੀ ਸਿਆਸਤ ਦਾ ਵੀ ਕਾਫ਼ੀ ਪਤਾ ਸੀ। ਅਸੀਂ ਭਾਵੇਂ ਉਸ ਨਾਲ ਬਹੁਤੀ ਅੰਤਰੰਗ ਗੱਲਬਾਤ ਨਹੀਂ ਸਾਂ ਕਰਦੇ, ਤਦ ਵੀ ਐਮਰਜੈਂਸੀ ਵਿਚ ਗ੍ਰਿਫ਼ਤਾਰ ਕੀਤੇ ਹੋਣ ਕਰ ਕੇ ਤਤਕਾਲੀ ਸਿਆਸੀ ਦ੍ਰਿਸ਼ ਨੂੰ ਤਬਦੀਲ ਕਰਨ ਲਈ ਸੰਘਰਸ਼ ਕੀਤੇ ਜਾਣ ਦੀ ਲੋੜ ਉਤੇ ਚਰਚਾ ਹੁੰਦੀ ਰਹਿੰਦੀ।
ਉਹ ਹੱਸ ਕੇ ਆਖਦਾ, “ਤੁਹਾਡੇ ਮੁਲਕ ਵਿਚ ਇਨਕਲਾਬ ਨਹੀਂ ਆ ਸਕਦਾ। ਤੁਸੀਂ ਸਭ ਲੋਕ ਤਾਂ ਹਾਸ਼ੀਏ ਉਤੇ ਹੋ। ਤੁਹਾਡੇ ਮੁਲਕ ਦੀ ਵਾਗਡੋਰ ਜਾਂ ਬਹੁਤ ਚਾਤਰ ਹੱਥਾਂ ਵਿਚ ਹੈ ਜਾਂ ਬਹੁਤ ਮੂਰਖ਼ ਲੋਕਾਂ ਦੇ ਹੱਥਾਂ ਵਿਚ!” ਉਸ ਨੇ ਪੰਜਾਬ ਦੇ ਇੱਕ ਅਕਾਲੀ ਵਜ਼ੀਰ ਬਾਰੇ ਚੁਟਕਲਾ ਸੁਣਾਇਆ ਜਿਸ ਨੇ ਵਜ਼ੀਰੀ ਸਮੇਂ ਮਿਲੇ ਘਰ ਵਿਚ ਪਈ ਫਰਿੱਜ ਨੂੰ ਅਲਮਾਰੀ ਸਮਝ ਕੇ ਆਪਣਾ ਜੁੱਤੀਆਂ ਦਾ ਜੋੜਾ ਉਸ ਵਿਚ ਟਿਕਾ ਦਿੱਤਾ ਸੀ।
“ਇਨ੍ਹਾਂ ਮੂਰਖਾਂ ਨੂੰ ਵੀ ਤੁਹਾਡੇ ਚਾਤਰ ਸਿਆਸਤਦਾਨਾਂ ਨੇ ਹੀ ਆਪਣੇ ਹਿਤਾਂ ਦੀ ਰਾਖੀ ਲਈ ਅੱਗੇ ਲਾਇਆ ਹੋਇਆ ਹੈ ਤੇ ਮੁਲਕ ਦੇ ਲੋਕ ਤੁਹਾਡੇ ਅਗਿਆਨੀ ਅਤੇ ਅਨਪੜ੍ਹ ਹਨ। ਚੱਲੋ Ḕਮੂਰਖ਼Ḕ ਮੈਂ ਨਹੀਂ ਆਖਦਾ।”
ਸ਼ਰਾਰਤ ਨਾਲ ਮੁਸਕਰਾ ਕੇ ਉਸ ਨੇ ਉਸ ਬੰਦੇ ਵੱਲ ਇਸ਼ਾਰਾ ਕੀਤਾ ਜਿਹੜਾ ਆਪਣੀ ਬੁਨੈਣ ਉਤਾਰ ਕੇ ਉਸ ਵਿਚੋਂ ਜੂੰਆਂ ਚੁਣ ਚੁਣ ਕੇ ਧਰਤੀ ‘ਤੇ ਸੁੱਟੀ ਜਾ ਰਿਹਾ ਸੀ।
“ਮੈਂ ਸਮਝ ਸਕਦਾਂ ਕਿ ਜੂੰਆਂ ਏਨੀ ਵੱਧ ਗਿਣਤੀ ਵਿਚ ਹਨ ਕਿ ਉਸ ਕੋਲ ਇਨ੍ਹਾਂ ਨੂੰ ਮਾਰਨ ਦੀ ਵਿਹਲ ਨਹੀਂ। ਉਸ ਨੇ ਸੋਚਿਆ ਕਿ ਚੱਲੋ! ਇਹ ਵੀ ਧਰਤੀ ‘ਤੇ ਸਫ਼ਰ ਕਰਦੀਆਂ ਕਿਸੇ ਹੋਰ ਮੁਲਕ ਦੀ ਬੁਨੈਣ ਵਿਚ ਮੇਰੇ ਵਾਂਗ ਜਾ ਘੁਸਣਗੀਆਂ।”
“ਸੱਚ ਮੁੱਚ ਆਹ ਲੰਘ ਆਈ ਜੇ ਇੱਕ ਜਣੀ Ḕਵਾਘਾ ਬਾਡਰḔ ਪਾਰ ਕਰ ਕੇ।” ਸਾਡੇ ਵਿਚੋਂ ਇੱਕ ਜਣੇ ਨੇ ਹੇਠਾਂ ਵਿਛਾਏ ਕਾਲੇ ਕੰਬਲ ਦੇ ਸਿਰੇ ‘ਤੇ ਚੜ੍ਹੀ ਆਉਂਦੀ ਚਿੱਟੀ ਜੂੰ ਵੱਲ ਇਸ਼ਾਰਾ ਕੀਤਾ। ਵਿਕਟਰ ਉਸ ਦੇ ਹੱਥ ‘ਤੇ ਹੱਥ ਮਾਰ ਕੇ ਸਾਡੇ ਨਾਲ ਰਲ਼ ਕੇ ਹੱਸਿਆ।
000
ਜਥੇਦਾਰ ਉਮਰਾਨੰਗਲ
ਇੱਕ ਦਿਨ ਰਘਬੀਰ ਕਹਿੰਦਾ, “ਅਸੀਂ Ḕਬੀ ਕਲਾਸḔ ਵਾਲਿਆਂ ਦੇ ਅਹਾਤੇ ਵਿਚ ਜਥੇਦਾਰ ਜੀਵਨ ਸਿੰਘ ਉਮਰਾਨੰਗਲ ਨੂੰ ਮਿਲ ਕੇ ਆਏ ਸਾਂ। ਉਹ ਤੈਨੂੰ ਮਿਲਣਾ ਚਾਹੁੰਦਾ ਏ।”
ਜਥੇਦਾਰ ਉਮਰਾਨੰਗਲ ਨਾਲ ਮੇਰੀ ਕੋਈ ਨਿੱਜੀ ਜਾਣ-ਪਛਾਣ ਨਹੀਂ ਸੀ। ਉਂਜ ਮੈਨੂੰ ਉਸ ਦਾ ਉਚਾ ਲੰਮਾ ਕੱਦ-ਕਾਠ ਅਤੇ ਖੁੱਲ੍ਹਾ ਦਰਸ਼ਨੀ ਦਾੜ੍ਹਾ ਅਠਾਰਵੀਂ ਸਦੀ ਦੇ ਕਿਸੇ ਸਿੱਖ ਜਰਨੈਲ ਦਾ ਭੁਲੇਖਾ ਪਾਉਂਦਾ ਹੋਣ ਕਰ ਕੇ ਚੰਗਾ ਲੱਗਦਾ ਸੀ। ਉਸ ਦੀ ਜਟਕੇ ਅੰਦਾਜ਼ ਵਿਚ ਪੇਂਡੂ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੀ ਤਕਰੀਰ ਵੀ ਮੈਨੂੰ ਚੰਗੀ ਲੱਗਦੀ ਸੀ; ਭਾਵੇਂ ਬਹੁਤੀ ਵਾਰ ਉਸ ਦੀਆਂ ਦਲੀਲਾਂ Ḕਏਕੀ ਮੇਕੀ ਢੇਕੀḔ ਵਰਗੀਆਂ ਵੀ ਹੁੰਦੀਆਂ। ਮੈਂ ਉਹਨੂੰ ਪੰਜਾਬੀ ਸੂਬੇ ਦੇ ਮੋਰਚੇ ਸਮੇਂ ਦਰਸ਼ਨੀ ਡਿਓੜੀ ਤੋਂ ਵੀ ਅਤੇ ਮੰਜੀ ਸਾਹਿਬ ਦੇ ਦੀਵਾਨਾਂ ਵਿਚ ਵੀ ਹਜ਼ਾਰਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਅਤੇ ਪ੍ਰਭਾਵਿਤ ਕਰਦਿਆਂ ਸੁਣਿਆਂ ਸੀ। ਪੰਜਾਬੀ ਸੂਬਾ ਮਿਲਣ ਉਪਰੰਤ ਮੰਜੀ ਸਾਹਿਬ, ਅੰਮ੍ਰਿਤਸਰ ਵਿਚ ਹੋ ਰਹੇ ਇੱਕ ਸਮਾਗਮ ਵਿਚ ਉਹ ਕਹਿ ਰਿਹਾ ਸੀ, “ਖ਼ਾਲਸਾ ਜੀ! ਕੌਮ ਦਾ ਵਕੀਲ ਮਾੜਾ ਹੋਵੇ Ḕਸ਼੍ਰੀਮਾਨ ਮਾਸਟਰ ਤਾਰਾ ਸਿੰਘḔ ਵਰਗਾ, ਤਾਂ ਸੱਚੇ ਮੁਕੱਦਮੇ ਵੀ ਹਰ ਜਾਂਦੇ ਨੇ। ਕੌਮ ਦਾ ਵਕੀਲ ਹੋਵੇ ਤਗੜਾ; Ḕਸੰਤ ਫ਼ਤਿਹ ਸਿੰਘ ਜੀ ਮਰਦ-ਏ-ਮੁਜਾਹਿਦḔ ਵਰਗਾ, ਤਾਂ ਝੂਠੇ ਮੁਕੱਦਮੇ ਵੀ ਜਿੱਤੇ ਜਾਂਦੇ ਨੇ।”
Ḕਝੂਠਾ ਮੁਕੱਦਮਾḔ ਕਹਿ ਕੇ ਉਹ ਪੰਜਾਬੀ ਸੂਬੇ ਦੀ ਮੰਗ ਨੂੰ ਤਾਂ ਗ਼ਲਤ ਹੀ ਠਹਿਰਾ ਰਿਹਾ ਲੱਗਦਾ ਸੀ; ਉਸ ਦਾ ਮਕਸਦ ਤਾਂ ਸੰਤ ਫ਼ਤਿਹ ਸਿੰਘ ਦੀ ḔਵਕਾਲਤḔ ਦੀ ਖ਼ੂਬੀ ਦਰਸਾਉਣਾ ਸੀ।
“ਪਰ ਖ਼ਾਲਸਾ ਜੀ! ਪੰਜਾਬੀ ਸੂਬਾ ਸਾਨੂੰ ਪੂਰਾ ਨਹੀਂ ਮਿਲਿਆ। ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਜਾਣ-ਬੁੱਝ ਕੇ ਪੰਜਾਬੋਂ ਬਾਹਰ ਰੱਖ ਲਏ। ਬੀਬੀ ਇੰਦਰਾ ਨੇ ਖ਼ੀਰ ਦੀ ਥਾਲੀ ਸਾਡੇ ਅੱਗੇ ਰੱਖ ਕੇ ਉਤੇ ਸਵਾਹ ਧੂੜ ਦਿੱਤੀ ਹੈ। ਅਸੀਂ ਇਹ ਸਵਾਹ ਧੂੜੀ ਖ਼ੀਰ ਨਹੀਂ ਖਾਣੀ। ਇਹ ਜਿਹੜੇ ਪੰਜਾਬੀ ਅਤੇ ਪੰਜਾਬੀ ਸੂਬੇ ਦੇ ਵਿਰੋਧੀ ਨੇ, ਮੈਂ ਇਨ੍ਹਾਂ ਨੂੰ ਦੱਸ ਦਿਆਂ ਕਿ ਇਨ੍ਹਾਂ ਨੂੰ ਹੁਣ ਚੁੱਪ ਕਰ ਜਾਣਾ ਚਾਹੀਦਾ ਏ। ਹੁਣ ਅਸੀਂ ਜਾਣੀਏ ਜਾਂ ਇਨ੍ਹਾਂ ਦੀ ਭੂਆ ਇੰਦਰਾ ਜਾਣੇ! ਸੂਬਾ ਪੂਰਾ ਬਣਾਉਣਾ ਹੀ ਬਣਾਉਣਾ ਹੈ।”
ਪੰਜਾਬੀ ਸੂਬਾ ਤਾਂ ḔਪੂਰਾḔ ਨਹੀਂ ਸੀ ਬਣਿਆ, ਜਥੇਦਾਰ ਉਮਰਾਨੰਗਲ ਦੇ ਵਿਚਾਰਾਂ ਵਿਚ ਤਬਦੀਲੀ ਆ ਗਈ ਸੀ। ਚਿਰ ਪਹਿਲਾਂ ਉਸ ਨੇ ਖ਼ਾਲਿਸਤਾਨ ਦੀ ਮੰਗ ਉਠਾ ਲਈ ਸੀ ਅਤੇ ਅੰਮ੍ਰਿਤਸਰ ਦੀਆਂ ਜ਼ਿਲ੍ਹਾ ਕਚਹਿਰੀਆਂ ਵਿਚ ਸਮੇਂ ਅਤੇ ਤਰੀਕ ਦਾ ਐਲਾਨ ਕਰ ਕੇ, ਖ਼ਾਲਿਸਤਾਨ ਦਾ ਝੰਡਾ ਲਹਿਰਾਉਣ ਦੀ ਮੁਹਿੰਮ ‘ਤੇ ਚੜ੍ਹਿਆ ਉਹ ਗ੍ਰਿਫ਼ਤਾਰ ਕਰ ਲਿਆ ਗਿਆ ਸੀ। Ḕਝੰਡਾ ਚੜ੍ਹਾਉਣḔ ਦੀ ਮੁਹਿੰਮ ਉਤੇ ਪਹੁੰਚਣ ਲਈ ਉਸ ਨੇ ਵੱਖ ਵੱਖ ਲੋਕਾਂ ਨੂੰ ਚਿੱਠੀਆਂ ਪਾਈਆਂ ਸਨ। ਇੱਕ ਚਿੱਠੀ ਮੈਨੂੰ ਵੀ ਆਈ ਸੀ। ਮੈਨੂੰ ਹੈਰਾਨੀ ਵੀ ਹੋਈ ਸੀ। ਨਾ ਕੋਈ ਜਾਣ ਨਾ ਪਛਾਣ! ਨਾ ਹੀ ਵਿਚਾਰਾਂ ਦੀ ਕੋਈ ਸਾਂਝ। ਉਹਨੂੰ ਕਿਸ ਨੇ ਮੇਰਾ ਪਤਾ ਦੇ ਕੇ ਕਿਹਾ ਹੋਵੇਗਾ ਕਿ ਮੈਂ Ḕਉਸ ਦੇ ਕੰਮ ਦਾ ਬੰਦਾḔ ਹੋ ਸਕਦਾ ਹਾਂ!
ਅਗਲੇ ਦਿਨ ਅਸੀਂ ਜਥੇਦਾਰ ਨੂੰ ਮਿਲਣ ਲਈ Ḕਬੀ ਕਲਾਸḔ ਦੇ ਅਹਾਤੇ ਵਿਚ ਗਏ। ਉਹ ਕੇਸੀਂ ਇਸ਼ਨਾਨ ਕਰ ਕੇ ਧੁੱਪੇ ਕੁਰਸੀ ਉਤੇ ਬੈਠਾ ਹਇਆ ਸੀ। ਦਰਸ਼ਨੀ ਦਾੜ੍ਹੇ ਦੇ ਰੇਸ਼ਮੀ ਵਾਲ ਮੱਧਮ ਚੱਲਦੀ ਹਵਾ ਨਾਲ ਹਿੱਲ ਰਹੇ ਸਨ। ਸਾਨੂੰ ਵੇਖ ਕੇ ਉਹ ਉਠਿਆ ਅਤੇ ਅੱਗਲਵਾਂਢੀ ਆ ਕੇ ਸਾਨੂੰ Ḕਫ਼ਤਿਹḔ ਬੁਲਾਈ। ਸਾਥੀਆਂ ਵੱਲੋਂ ਮੇਰੀ ਜਾਣ-ਪਛਾਣ ਕਰਾਉਣ ਤੋਂ ਪਹਿਲਾਂ ਹੀ ਉਹ ਮੈਨੂੰ ਪਛਾਣ ਗਿਆ ਸੀ।
“ਸਾਨੂੰ ਤੁਹਾਡੇ ਵਰਗੇ ਸਿਆਣੇ ਅਤੇ ਹਿੰਮਤੀ ਨੌਜਵਾਨਾਂ ਦੀ ਬਹੁਤ ਲੋੜ ਹੈ। ਮੈਂ ਤੁਹਾਨੂੰ ਮਿਲਣਾ ਚਾਹੁੰਦਾ ਸੀ। ਚੱਲੋ ਏਥੇ ਸਬੱਬੀਂ ਮੇਲ ਹੋ ਗਿਆ। ਕੌਮ ਦੀ ਵਾਗਡੋਰ ਹੁਣ ਨੌਜਵਾਨਾਂ ਦੇ ਹੱਥ ਈ ਹੋਣੀ ਹੈ। ਤੁਸੀਂ ਅੱਗੇ ਆਓ!”
ਉਸ ਨੇ ਸਿੱਖ ਕੌਮ ਨਾਲ ਹੁੰਦੀਆਂ Ḕਜ਼ਿਆਦਤੀਆਂḔ ਦਾ ਜ਼ਿਕਰ ਕਰਦਿਆਂ ਕਿਹਾ ਕਿ ਦਿਨੋ-ਦਿਨ ਖ਼ਾਲਿਸਤਾਨ ਦੀ ਲਹਿਰ ਮਜ਼ਬੂਤ ਹੋਵੇਗੀ ਅਤੇ ਉਸ ਦਾ ਪੂਰਾ ਵਿਸ਼ਵਾਸ ਹੈ ਕਿ ਛੇਤੀ ਹੀ ਸਿੱਖਾਂ ਦਾ ਵੱਖਰਾ ਰਾਜ ਬਣੇਗਾ!
“ਆਈ ਵਿੱਲ ਬੀ ਦਾ ਫ਼ਸਟ ਪਰਾਈਮ ਮਨਿਸਟਰ ਆਫ਼ ਖ਼ਾਲਿਸਤਾਨ!” ਉਸ ਨੇ ਪੂਰੇ ਭਰੋਸੇ ਨਾਲ ਕਿਹਾ।
ਬੰਦੇ ਦੇ ਵਿਚਾਰਾਂ ਵਿਚ ਕਿਵੇਂ ਤਬਦੀਲੀ ਆਉਂਦੀ ਰਹਿੰਦੀ ਹੈ! ਇਹੋ ਜਥੇਦਾਰ ਉਮਰਾਨੰਗਲ ਹੀ ਸਾਰੇ ਪੁਰਾਣੇ ਅਕਾਲੀਆਂ ਵਿਚੋਂ ਇਕੱਲਾ ਆਗੂ ਸੀ ਜੋ ਪੰਜਾਬ ਸੰਕਟ ਦੇ ਦੌਰ ਵਿਚ ਤਥਾ-ਕਥਿਤ ਖ਼ਾਲਿਸਤਾਨੀਆਂ ਦਾ ਸਭ ਤੋਂ ਪੱਕਾ ਵਿਰੋਧੀ ਰਿਹਾ। ਉਨ੍ਹਾਂ ਨੇ ਉਸ ਦੇ ਲੜਕੇ ਦਾ ਕਤਲ਼ ਵੀ ਕਰ ਦਿੱਤਾ, ਉਹ ਫਿਰ ਵੀ ਆਪਣੇ ਵਿਚਾਰਾਂ ‘ਤੇ ਅਡਿੱਗ ਅਤੇ ਅਡੋਲ ਰਿਹਾ। ਉਨ੍ਹਾਂ ਦਿਨਾਂ ਵਿਚ ਜਦੋਂ ਸਾਰੇ ਅਕਾਲੀ ਆਗੂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅੱਗੇ ਭੇਡਾਂ ਬੱਕਰੀਆਂ ਬਣ ਕੇ ਮਿਣ ਮਿਣ ਕਰ ਰਹੇ ਸਨ, ਜਥੇਦਾਰ ਉਮਰਾਨੰਗਲ ਨੇ ਉਸ ਵਿਰੁਧ ਆਪਣੀ Ḕਸਿੰਘ ਗਰਜਣਾḔ ਜਾਰੀ ਰੱਖੀ ਸੀ।
000
ਬਖ਼ਸ਼ੀਖ਼ਾਨਾ
ਨਿੱਕੇ ਹੁੰਦਿਆਂ ਤੋਂ ਸੁਣਦੇ ਆਏ ਸਾਂ ਕਿ ਥਾਣਿਆਂ, ਕਚਹਿਰੀਆਂ, ਜੱਜਾਂ, ਵਕੀਲਾਂ ਤੇ ਜੇਲ੍ਹਾਂ ਦਾ ਕਾਰੋਬਾਰ ਜੱਟਾਂ ਦੇ ਸਿਰ ‘ਤੇ ਚੱਲਦਾ ਹੈ! ਜੇਲ੍ਹ ਵਿਚ ਆਉਣ ਤੋਂ ਬਾਅਦ ਪਤਾ ਲੱਗਾ ਕਿ ਇਹ ਗੱਲ ਭਾਵੇਂ ਪੂਰੀ ਸੱਚ ਨਾ ਵੀ ਹੋਵੇ, ਪਰ ਅੱਧੀ-ਪੌਣੀ ਸੱਚ ਤਾਂ ਹੈ ਹੀ ਸੀ। ਇਹ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਮੇਰੀ ਪਤਨੀ ਦੇ ਤਾਏ ਦਾ ਲੜਕਾ ਆਪਣੇ ਸਾਥੀਆਂ ਨਾਲ ਕਤਲ ਕੇਸ ਵਿਚ ਸਜ਼ਾ ਭੁਗਤ ਰਿਹਾ ਸੀ। ਮੇਰੇ ਆਉਣ ਦਾ ਪਤਾ ਲੱਗਣ ‘ਤੇ ਉਹ ਤੇ ਉਸ ਦੇ ਸਾਥੀ ਮੈਨੂੰ ਮਿਲਣ ਲਈ ਆਏ ਤੇ Ḕਸੇਵਾ-ਪਾਣੀḔ ਪੁੱਛਿਆ। ਉਹ ਕਹਿ ਰਹੇ ਸਨ, “ਤੁਸੀਂ ਹੁਕਮ ਕਰੋ, ਜਿਹੜੀ ਚੀਜ਼ ਆਖੋਗੇ, ਮਿਲ ਜਾਊ। ਨਾਂ ਦੀ ਹੀ ਜੇਲ੍ਹ ਆ। ਤਾਕਤ ਹੋਵੇ ਸਹੀ, ਸਭ ਕੁਝ ਏਥੇ ਹੀ ਹਾਜ਼ਰ ਹੋ ਜਾਂਦੈ।” ਸਰਕਾਰੇ-ਦਰਬਾਰੇ ਪਹੁੰਚ ਵਾਲੇ ਸਰਦੇ-ਪੁੱਜਦੇ ਬੰਦੇ ਸਨ, ਇਸ ਲਈ ਉਨ੍ਹਾਂ ਦੇ ਦਾਅਵੇ ਨੂੰ ਨਾ ਮੰਨਣ ਦਾ ਕੋਈ ਕਾਰਨ ਨਹੀਂ ਸੀ। ਆਪਣੀ ਤਾਕਤ ਦੇ ਸਿਰ ‘ਤੇ ਉਹ ਛੇਤੀ ਹੀ ਰਿਹਾਅ ਵੀ ਹੋ ਗਏ।
ਇੱਕ ਦਿਨ ਮੈਂ ਹੈਰਾਨ ਰਹਿ ਗਿਆ ਜਦੋਂ ਮੈਲੇ ਖੱਦਰ ਦੇ ਖੁਰਦਰੇ ਕੱਪੜਿਆਂ ਵਿਚ ਇੱਕ ਅਧਖੜ ਉਮਰ ਵਾਲੇ ਸਵਾ ਛੇ ਫੁੱਟੇ ਨਿੰਮੋਝੂਣੇ ਇਨਸਾਨ ਨੂੰ ਸਾਹਮਣਿਓਂ ਆਉਂਦੇ ਤੱਕਿਆ। ਮੈਂ ਇਸ ਨੂੰ ਆਪਣੇ ਵਿਆਹ ਵੇਲੇ ਚਿੱਟੇ ਲਿਸ਼ਕਦੇ ਖੜ ਖੜ ਕਰਦੇ ਕੁੜਤੇ-ਚਾਦਰੇ ਵਿਚ ਹਸੂੰ ਹਸੂੰ ਕਰਦੇ ਨੂੰ ਸਰਦਾਰੀ ਜਲੌਅ ਵਿਚ ਬਣਿਆ-ਫੱਬਿਆ ਵੇਖਿਆ ਸੀ। ਮੇਰੀ ਪਤਨੀ ਦੀ ਭੂਆ ਦਾ ਪੁੱਤ ਸੀ ਉਹ।
ਉਹ ਮੇਰੇ ਕੋਲੋਂ ਚੁੱਪ ਕਰ ਕੇ ਲੰਘ ਗਿਆ। ਇੱਕ-ਅੱਧ ਵਾਰ ਹੀ ਵੇਖਿਆ ਹੋਣ ਕਰ ਕੇ ਉਸ ਨੇ ਮੈਨੂੰ ਪਛਾਣਿਆਂ ਨਹੀਂ ਸੀ। ਮੈਂ ਵੀ ਉਸ ਨੂੰ ਬੁਲਾਉਣਾ ਮੁਨਾਸਬ ਨਾ ਸਮਝਿਆ। ਉਹ ਕਿਸੇ ਝੂਠੇ ਤੇ ਨਾਜਾਇਜ਼ ਕਤਲ ਕੇਸ ਵਿਚ ਫਸ ਗਿਆ ਸੀ। ਬੇਕਸੂਰਾ ਹੀ ਉਮਰ ਕੈਦ ਭੋਗ ਰਿਹਾ ਸੀ।
ਕੈਸੀ ਵਿਡੰਬਨਾ ਸੀ, ਕਤਲ ਕਰਨ ਵਾਲੇ ਰਿਹਾਅ ਹੋ ਗਏ ਸਨ ਤੇ ਬੇਕਸੂਰਾ ਉਮਰ ਕੈਦ ਭੋਗ ਰਿਹਾ ਸੀ!
ਜਿਨ੍ਹਾਂ ਨੇ ਜੇਲ੍ਹ ਦੀ ਰੋਟੀ ਦੇ ਕਦੀ Ḕਦਰਸ਼ਨḔ ਕੀਤੇ ਹਨ, ਉਹ ਜਾਣਦੇ ਹਨ ਕਿ ਵੱਧ ਤੋਂ ਵੱਧ ਭੈੜੇ ਆਟੇ ਦੀ ਤੇ ਹਾਥੀ ਦੇ ਕੰਨ ਵਰਗੀ ਕੱਚੀ ਜਾਂ ਸੜੀ ਰੋਟੀ ਨੂੰ ਵੇਖਣਾ ਹੀ ਕਿੰਨਾ ਔਖਾ ਹੈ; ਖਾਣਾ ਤਾਂ ਕਿਤੇ ਰਿਹਾ! ਸਬਜ਼ੀ ਦਾ ਤਾਂ ਬਹੁਤੀ ਵਾਰ ਤੁਸੀਂ ਅਨੁਮਾਨ ਹੀ ਨਹੀਂ ਲਾ ਸਕਦੇ ਕਿ ਕਾਹਦੀ ਬਣੀ ਹੈ! ਦਾਲ ਤੇ ਸਬਜ਼ੀ ਉਤੇ ਤਰਦੇ ਕੀੜਿਆਂ ਦੀ ਜੀ ਕੱਚਾ ਕਰ ਦੇਣ ਵਾਲੀ ਝਾਕੀ ਸਵੇਰੇ ਸ਼ਾਮ ਤੁਹਾਡੀਆਂ ਅੱਖਾਂ ਸਾਹਮਣੇ ਹੁੰਦੀ ਹੈ। ਤੁਹਾਨੂੰ ਦਾਲ-ਸਬਜ਼ੀ ਨੂੰ ਇਸ ਵਿਚਲੇ ਮਹਾਂ-ਪ੍ਰਸ਼ਾਦ ਸਮੇਤ ਭੁੱਖੇ ਢਿੱਡ ਨੂੰ ਝੁਲਕਾ ਦੇਣ ਲਈ ਖਾਣਾ ਹੀ ਪੈਂਦਾ ਹੈ! ਅਜਿਹੀ ਰੋਟੀ ਤੋਂ Ḕਨੱਕ-ਮੂੰਹḔ ਵੱਟਦਿਆਂ ਵੇਖ ਕੇ ਜੇਲ੍ਹ ਵਿਚਲੇ ਮੇਰੇ ਸਾਥੀਆਂ ਨੇ ਕਿਹਾ ਕਿ ਏਥੇ ਘਰ ਦੇ ਪੱਕੇ ਪਰੌਂਠੇ ਤਾਂ ਮਿਲਣੋ ਰਹੇ। ਜਾਂ ਤਾਂ ਮੈਂ Ḕਚੁੱਪ-ਚਾਪḔ ਮਿਲਦੀ ਰੋਟੀ ਖਾ ਲਿਆ ਕਰਾਂ, ਤੇ ਜਾਂ ḔਬੀḔ ਕਲਾਸḔ ਲਈ ਅਪਲਾਈ ਕਰ ਦਿਆਂ। ਗਰੈਜੂਏਟ ਹੋਣ ਕਰ ਕੇ ਮੈਂ ਬੀ ਕਲਾਸ ਦਾ ਹੱਕਦਾਰ ਸਾਂ।
ਸਭ ਦੀ ਸਲਾਹ ਸੀ ਕਿ ਆਪਣਾ ਬਣਦਾ ਹੱਕ ਛੱਡਿਆ ਵੀ ਕਿਉਂ ਜਾਵੇ! ਦੋ ਕੁ ਸਾਥੀ ਹੋਰ ਵੀ ਗਰੈਜੂਏਟ ਸਨ। ਫ਼ੈਸਲਾ ਹੋਇਆ- ਰਹੀ ਤਾਂ ਅਸੀਂ ਇਸੇ ਬੈਰਕ ਵਿਚ ਆਪਣੇ ਸਾਥੀਆਂ ਨਾਲ ਹੀ ਜਾਵਾਂਗੇ, ਪਰ ਖਾਣੇ ਦੀ ਸਹੂਲਤ Ḕਬੀ ਕਲਾਸḔ ਵਾਲੀ ਲੈ ਕੇ ਉਹਨੂੰ ਵੰਡ ਵਰਤ ਕੇ ਖਾ ਲਿਆ ਕਰਾਂਗੇ।
ਮੇਰੇ ਉਤੇ ਬਣਾਏ ਕੇਸ ਦੀ ਪੈਰਵੀ ਕਰਨ ਲਈ ਅਦਾਲਤ ਵਿਚ ਵਕੀਲ ਖੜ੍ਹਾ ਕਰਨ ਦੀ ਲੋੜ ਸੀ। ਬੀ ਕਲਾਸ ਵੀ ਤਾਂ ਲੈਣੀ ਸੀ। ਮੈਂ ਇਸ ਮਕਸਦ ਲਈ ਆਪਣੇ ਮਿੱਤਰ ਜਸਵੰਤ ਘਰਿੰਡੇ ਵਾਲੇ ਨੂੰ ਲਿਖਿਆ ਸੀ ਕਿ ਉਹ ਘਰੋਂ ਰਜਵੰਤ ਕੋਲੋਂ ਮੇਰੇ ਸਰਟੀਫ਼ਿਕੇਟ ਲੈ ਕੇ Ḕਬੀ ਕਲਾਸḔ ਲਵਾਉਣ ਲਈ ਵਕੀਲ ਨੂੰ ਮਿਲੇ। ਮੈਂ ਉਹਨੂੰ ਨੇੜੇ-ਨੇੜੇ ਬੈਠਣ ਵਾਲੇ ਦੋ ਵਕੀਲਾਂ ਦੀ ਦੱਸ ਪਾਈ ਸੀ। ਇਕ ਤਾਂ ਮੇਰਾ ਸ਼ਾਇਰ ਦੋਸਤ ਅਜਾਇਬ ਸਿੰਘ ਹੁੰਦਲ ਸੀ। ਦੂਜਾ ਵਕੀਲ ਜਸਵੰਤ ਦੇ ਪਿੰਡ ਨੇੜੇ ਦਾ ਹੀ ਸੀ। ਉਹ ਵਕੀਲ ਸਾਡੇ ਵਿਚਾਰਾਂ ਦਾ ਹੋਣ ਦਾ ਦਾਅਵਾ ਵੀ ਕਰਦਾ ਸੀ। ਅਕਸਰ ਜਦੋਂ ਕਦੀ ਅਸੀਂ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਫ਼ਤਰ ਜੋ ਜ਼ਿਲ੍ਹਾ ਕਚਹਿਰੀਆਂ ਦੇ ਨੇੜੇ ਹੀ ਸੀ, ਜਾਇਆ ਕਰਦੇ ਸਾਂ, ਤਾਂ ਉਨ੍ਹਾਂ ਨੂੰ ਵੀ ਮਿਲਿਆ ਕਰਦੇ ਸਾਂ।
ਜਿਸ ਦਿਨ ਮੇਰੀ ਤਰੀਕ ਸੀ, ਜਸਵੰਤ ਸਵੇਰੇ ਕਚਹਿਰੀ ਅੱਪੜਿਆ। ਉਹਨੇ ਵੇਖਿਆ, ਅਜਾਇਬ ਸਿੰਘ ਹੁੰਦਲ ਤਾਂ ਉਥੇ ਨਹੀਂ ਸੀ। ਕਿਸੇ ਅਸਾਮੀ ਦੀ ਤਰੀਕ ਭੁਗਤਣ ਗਿਆ ਹੋਇਆ ਸੀ ਸ਼ਾਇਦ! ਉਸ ਨਾਲ ਜਸਵੰਤ ਦੀ ਬਹੁਤੀ ਜਾਣ-ਪਛਾਣ ਵੀ ਨਹੀਂ ਸੀ। ਉਸ ਦੇ ਪਿੰਡ ਨੇੜਲੇ ਵਕੀਲ ਨਾਲ ਉਸ ਦੀ ਵਾਕਫ਼ੀਅਤ ਵੀ ਸੀ। ਅਸੀਂ ਦੋਵੇਂ ਉਹਨੂੰ ਕਈ ਵਾਰ ਇਕੱਠੇ ਵੀ ਮਿਲੇ ਹੋਏ ਸਾਂ। ਜਸਵੰਤ ਨੂੰ ਉਸ ਨਾਲ ਗੱਲ ਕਰਨੀ ਸੌਖੀ ਸੀ। ਵਕੀਲ ਨੇ ਬੜੀ ਗਰਮਜੋਸ਼ੀ ਨਾਲ ਹੱਥ ਮਿਲਾਇਆ, ਪਰ ਜਦੋਂ ਜਸਵੰਤ ਨੇ ਮੇਰੇ ਡੀ ਆਈ ਆਰ ਅਧੀਨ ਗ੍ਰਿਫ਼ਤਾਰ ਹੋਣ ਦੀ ਖ਼ਬਰ ਸੁਣਾ ਕੇ ਮੇਰਾ ਕੰਮ ਦੱਸਿਆ ਤਾਂ ਉਹਦੇ ਹੱਥ ਦੀ ਕੱਸ ਢਿੱਲੀ ਹੋ ਗਈ। ਉਹ ਐਵੇਂ ਹੀ ਕਿਸੇ ਹੋਰ ਨਾਲ ਗੱਲਾਂ ਕਰਨ ਰੁੱਝ ਗਿਆ ਤੇ ਉਸ ਨੇ ਜਸਵੰਤ ਨੂੰ ਬੈਠਣ ਲਈ ਵੀ ਨਾ ਕਿਹਾ।
ਇੰਨੇ ਚਿਰ ਵਿਚ ਅਜਾਇਬ ਹੁੰਦਲ ਆ ਗਿਆ। ਜਸਵੰਤ ਨੇ ਉਹਨੂੰ ਸਾਰੀ ਗੱਲ ਦੱਸੀ। ਉਹ ਉਸੇ ਵੇਲੇ ਮੈਨੂੰ ਮਿਲਣ ਲਈ ਬਖ਼ਸ਼ੀਖ਼ਾਨੇ ਵੱਲ ਤੁਰਦਿਆਂ ਜਸਵੰਤ ਨੂੰ ਕਹਿੰਦਾ, “ਤੂੰ ਵਰਿਆਮ ਦੀ ਪੇਸ਼ੀ ਦਾ ਧਿਆਨ ਰੱਖੀਂ। ਜਦੋਂ ਪੁਲਿਸ ਵਾਲੇ ਉਹਨੂੰ ਅਦਾਲਤ ਵੱਲ ਲੈ ਕੇ ਜਾਣ ਲੱਗਣ, ਮੈਨੂੰ ਆਣ ਦੱਸੀਂ। ਜੇ ਮੈਂ ਉਸ ਦੀ ਬੀ ਕਲਾਸ ਨਾ ਲਵਾ ਸਕਿਆ, ਤਾਂ ਉਹਨੇ ਤਾਂ ਬਾਹਰ ਆ ਕੇ ਮੇਰਾ ਢਿੱਡ ਪਾੜ ਦੇਣਾ ਏਂ। ਉਸ ਆਖਣਾ ਏਂ, ਤੁਸੀਂ ਸ਼ਾਇਰ ਲੋਕ ਨਿਰੀਆਂ ਗ਼ਜ਼ਲਾਂ ਈ ਲਿਖਣ ਜੋਗੇ ਓ, ਅਮਲੀ ਤੌਰ ‘ਤੇ ਕੁਝ ਕਰਨ ਕਰਾਉਣ ਜੋਗੇ ਨਹੀਂ।”
ਬਖ਼ਸ਼ੀਖ਼ਾਨੇ ਵਿਚ ਸੀਖਾਂ ਓਹਲਿਓਂ ਉਸ ਵੱਲ ਉਲੂ ਵਾਂਗ ਝਾਕਦਿਆਂ ਤੱਕ ਕੇ ਉਹ ਮੈਨੂੰ ਹੱਸ ਕੇ ਕਹਿੰਦਾ, “ਤੈਨੂੰ ਏਥੋਂ ਕਢਾ ਤਾਂ ਨਹੀਂ ਸਕਦਾ, ਪਰ ਬੀ ਕਲਾਸ ਤਾਂ ਲਵਾ ਈ ਦਊਂ।”
ਭਰੋਸੇ ਨਾਲ ਆਖ ਕੇ ਹੁੰਦਲ ਜੇਲ੍ਹ ਵਿਚੋਂ ਲੈ ਕੇ ਆਉਣ ਵਾਲੀ ਗਾਰਦ ਕੋਲੋਂ ਮੇਰੀ ਪੇਸ਼ੀ ਦਾ ਸਮਾਂ ਪੁੱਛਣ ਲੱਗਾ। ਉਨ੍ਹਾਂ ਦੱਸਿਆ ਕਿ ਮੈਨੂੰ ਲੰਚ-ਬਰੇਕ ਤੋਂ ਬਾਅਦ ਪੇਸ਼ ਕੀਤਾ ਜਾਵੇਗਾ। ਮੈਂ ਜਸਵੰਤ ਨੂੰ ਆਖਿਆ ਕਿ ਉਹ ਮੇਰੀ ਉਡੀਕ ਵਿਚ ਬਖ਼ਸ਼ੀਖ਼ਾਨੇ ਦੇ ਸਾਹਮਣੇ ਖਲੋਤੇ ਰਹਿਣ ਨਾਲੋਂ ਉਨੇ ਚਿਰ ਤਾਈਂ ਹੁੰਦਲ ਕੋਲ ਹੀ ਜਾ ਕੇ ਬੈਠੇ।
“ਇਹਦੀ ਲੋੜ ਵੀ ਆ ਮੈਨੂੰ।ਸਰਟੀਫ਼ਿਕੇਟਾਂ ਦੀਆਂ ਨਕਲਾਂ ਵਗੈਰਾ ਕਰਵਾਉਣੀਆਂ ਪੈਣੀਆਂ ਨੇ। ਅਸੀਂ ਉਨੇ ਚਿਰ ਵਿਚ ਇਹ ਕੰਮ ਕਰਵਾ ਲੈਂਦੇ ਆਂ।” ਹੁੰਦਲ ਨੇ ਕਿਹਾ ਤੇ ਦੋਵੇਂ ਮੇਰੇ ਨਾਲ ਹੱਥ ਮਿਲਾ ਕੇ ਤੁਰ ਗਏ।
ਉਹ ਅਜੇ ਗਏ ਹੀ ਸਨ ਕਿ ਗਾਰਦ ਮੈਨੂੰ ਅਦਾਲਤ ਵਿਚ ਪੇਸ਼ ਕਰਨ ਲਈ ਲੈ ਤੁਰੀ। ਦਸ-ਪੰਦਰਾਂ ਮਿੰਟ ਵਿਚ ਨਵੀਂ ਤਰੀਕ ਵੀ ਲੈ ਆਂਦੀ। ਮੈਂ ਉਨ੍ਹਾਂ ਨੂੰ ਕਹਿੰਦਾ ਹੀ ਰਹਿ ਗਿਆ, “ਯਾਰ ਤੁਸੀਂ ਚੰਗੀ ਕੀਤੀ, ਮੇਰੇ ਬੰਦਿਆਂ ਨੂੰ ਲੰਚ-ਬਰੇਕ ਤੋਂ ਬਾਅਦ ਪੇਸ਼ ਕਰਾਉਣ ਦਾ ਝੂਠ ਕਿਉਂ ਬੋਲਿਆ।”
ਮੇਰੀ ਖਿਝ ਅਤੇ ਝੁੰਜਲਾਹਟ ਦਾ ਉਤਰ ਉਨ੍ਹਾਂ ਨੇ ਭੇਤਭਰੀ ਖ਼ਾਮੋਸ਼ੀ ਨਾਲ ਦਿੱਤਾ।