ਕਦੋਂ ਬਹੁੜੇਂਗਾ ਤਬੀਬਾ…

ਆਪਣੇ ਨਾਵਲਾਂ-ਕਹਾਣੀਆਂ ਵਿਚ ਪੰਜਾਬੀ ਮਾਨਸ ਅਤੇ ਇਸ ਮਾਨਸ ਨਾਲ ਜੁੜੇ ਸਭਿਆਚਾਰ ਦੀਆਂ ਪਰਤਾਂ ਫਰੋਲਣ ਵਾਲੀ ਉਘੀ ਲੇਖਕਾ ਡਾæ ਦਲੀਪ ਕੌਰ ਟਿਵਾਣਾ ਨੇ ਆਪਣੀ ਇਸ ਲਿਖਤ ‘ਕਦੋਂ ਬਹੁੜੇਂਗਾ ਤਬੀਬਾæææ’ ਵਿਚ ਅੱਜ ਦੇ ਕਿਸਾਨ ਬਾਰੇ ਖਾਸ ਟਿੱਪਣੀ ਕੀਤੀ ਹੈ। ਸੱਚ-ਮੁੱਚ, ਖੁਦਕੁਸ਼ੀਆਂ ਕਾਰਨ ਕਿਸਾਨ ਵਿਹੜਿਆਂ ਵਿਚ ਵਿਛੇ ਸੱਥਰਾਂ ਦੇ ਦ੍ਰਿਸ਼ ਹੌਲ ਪਾਉਣ ਵਾਲੇ ਹਨ, ਪਰ ਹਾਕਮ ਹਨ ਕਿ ਇਨ੍ਹਾਂ ਨੂੰ ਨਾ ਕੁਝ ਸੁਣਾਈ ਦਿੰਦਾ ਹੈ ਤੇ ਨਾ ਹੀ ਕੁਝ ਦਿਸਦਾ ਹੈ।

-ਸੰਪਾਦਕ

ਡਾæ ਦਲੀਪ ਕੌਰ ਟਿਵਾਣਾ
ਪਿੰਡ ਵਾਸੀਆਂ ਦੇ ਵਿਗੜ ਰਹੇ ਹਾਲਾਤ ਬਾਰੇ ਘਰ-ਘਰ ਗੱਲਾਂ ਹੋ ਰਹੀਆਂ ਨੇ। ਕੋਈ ਦਿਨ ਖਾਲੀ ਨਹੀਂ ਜਾਂਦਾ, ਜਦੋਂ ਕਿਸੇ ਕਿਸਾਨ ਦੀ ਖੁਦਕੁਸ਼ੀ ਦੀ ਖਬਰ ਅਖ਼ਬਾਰ ਵਿਚ ਨਾ ਛਪਦੀ ਹੋਵੇ। ਹੁਣ ਤਕ ਹਜ਼ਾਰਾਂ ਕਿਸਾਨ ਤੇ ਖੇਤ ਮਜ਼ਦੂਰ ਪੰਜਾਬ ਵਿਚ ਖੁਦਕੁਸ਼ੀ ਕਰ ਚੁੱਕੇ ਨੇ। ਪੰਜਾਬ ਦੀ ਤਾਰੀਖ਼ ਵਿਚ ਸ਼ਾਇਦ ਇਹ ਭਾਣਾ ਪਹਿਲੀ ਵਾਰ ਵਾਪਰਿਆ ਹੈ। ਜ਼ੁਲਮ ਜਾਂ ਮੁਸੀਬਤਾਂ ਨਾਲ ਲੜਨਾ ਹੀ ਪੰਜਾਬ ਦੇ ਲੋਕਾਂ ਦਾ ਸੁਭਾਅ ਰਿਹਾ ਹੈ। ਖੁਦ ਨੂੰ ਮਾਰ ਲੈਣਾ, ਇਹ ਤਾਂ ਚਲਨ ਹੀ ਨਹੀਂ ਸੀ ਕਦੇ! ਇਹ ਤੇ ਉਸ ਸਾਰੀ ਸਿੱਖਿਆ ਦੇ ਉਲਟ ਹੈ ਜੋ ਗੁਰੂ ਸਹਿਬਾਨ ਜਾਂ ਲੋਕ ਵਿਰਸੇ ਨੇ ਸਾਨੂੰ ਦਿੱਤੀ। ਲੜਨਾ ਹੁੰਦੈ, ਮਰਨਾ ਨਹੀਂ ਹੁੰਦਾ।
ਇਕ ਗੱਲ ਸਾਫ ਹੈ ਕਿ ਕਿਰਸਾਨੀ ਤੇ ਪਿੰਡਾਂ ‘ਤੇ ਪਿਆ ਭਾਰੀ ਸੰਕਟ ਹਰੀ ਕਰਾਂਤੀ ਨਾਲ ਹੀ ਆਇਆ। ਵੈਸੇ ਤਾਂ ਕਿਸਾਨਾਂ ਦੀਆਂ ਮੁਸ਼ਕਿਲਾਂ ਕਦੇ ਵੀ ਖਤਮ ਨਹੀਂ ਹੁੰਦੀਆਂ, ਕਿਉਂਕਿ ਕਿੱਤਾ ਹੀ ਐਸਾ ਹੈ, ਤਕੜੀ ਮੁਸ਼ੱਕਤ ਤੋਂ ਬਾਅਦ ਵੀ ਗੁਜ਼ਾਰਾ ਹੀ ਚੱਲਦਾ ਹੈ, ਉਹ ਵੀ ਤਾਂ, ਜੇ ਕੁਦਰਤ ਸਾਥ ਦੇਵੇ। ਫਿਰ ਵੀ ਹਰੀ ਕਰਾਂਤੀ ਤੋਂ ਪਹਿਲਾਂ ਲੋਕ ਵਾਹੀ-ਜੋਤੀ ਕਰਦੇ ਸਬਰ-ਸੰਤੋਖ ਨਾਲ ਜਿਉ ਰਹੇ ਸਨ। ਖੁਦਕੁਸ਼ੀ ਵਰਗਾ ਵਰਤਾਰਾ ਕਿਸੇ ਨਹੀਂ ਸੀ ਦੇਖਿਆ-ਸੁਣਿਆ। ਖੇਤੀ ਰਵਾਇਤੀ ਸੀ, ਹਲਾਂ-ਪੰਜਾਲੀਆਂ ਤੇ ਦੇਸੀ ਰੇਹਾਂ ਵਾਲੀ ਤੇ ਸਮਾਜ ਵੀ ਰਵਾਇਤੀ ਸੀ। ਸਹਿਜ ਤੇ ਸੰਜਮ ਵਾਲਾ ਜੀਵਨ ਸੀ ਪਿੰਡਾਂ ਵਿਚ। ਦੀਨ-ਧਰਮ, ਸ਼ਰਮ-ਹਯਾ ਦੀ ਥਾਂ ਸੀ ਤੇ ਬਿਰਾਦਰੀਆਂ-ਭਾਈਚਾਰੇ ਆਪਹੁਦਰੀਆਂ ਕਰਨ ਨਹੀਂ ਸੀ ਦਿੰਦੇ। ਮਸਲਨ ਸ਼ਗਨ, ਨਿਉਂਦੇ, ਦਾਜ ਦੇ ਨਿਯਮ ਹੁੰਦੇ ਸਨ। ਲੋਭ-ਲਾਲਚ ਕੋਈ ਕਰਦਾ ਨਹੀਂ ਸੀ, ਤੇ ਜੇ ਕੋਈ ਟੱਬਰ ਵਾਧੂ ਮੂੰਹ ਖੋਲ੍ਹਦਾ, ਉਥੇ ਵੈਸੇ ਹੀ ਰਿਸ਼ਤਾ ਨਾ ਕਰਦੇ।
ਹਰੀ ਕਰਾਂਤੀ ਤੇ ਆਧੁਨਿਕ ਤਰਜ਼ੇ-ਜ਼ਿੰਦਗੀ ਨੇ ਉਹ ਸਭ ਤੋੜ ਦਿੱਤਾ। ਦੱਸਦੇ ਨੇ, ਹਰੀ ਕਰਾਂਤੀ ਦਾ ਮਾਡਲ ਅਮਰੀਕਾ ਦੀ ਫੋਰਡ ਫਾਊਂਡੇਸ਼ਨ ਵੱਲੋਂ ਤਜਵੀਜ਼ ਕੀਤਾ ਗਿਆ ਸੀ। ਹਿੰਦੋਸਤਾਨ ਵਿਚ ਅੰਨ ਦੀ ਘਾਟ ਸੀ ਤੇ ਕਈਆਂ ਨੂੰ ਖਦਸ਼ਾ ਸੀ ਕਿ ਇਸ ਸੰਕਟ ਕਰ ਕੇ ਮੁਲਕ ਲਾਲ ਕਰਾਂਤੀ ਵੱਲ ਨਾ ਤੁਰ ਜਾਏ। ਜਿਵੇਂ ਵੀ ਹੋਵੇ, ਨਵੀਂ ਖੇਤੀ ਤੇ ਅੰਨ ਦੀ ਪੈਦਾਵਾਰ ਦੇ ਵਾਧੇ ਲਈ ਪੰਜਾਬ ਨੂੰ ਚੁਣਿਆ ਗਿਆ। ਇਸ ਲਈ ਕਿ ਪੰਜਾਬ ਕੋਲ ਪਹਿਲਾਂ ਹੀ ਕਿਸੇ ਹੱਦ ਤਕ ਵਿਕਸਿਤ ਖੇਤੀ ਸੀ, ਜਰਖੇਜ਼ ਜ਼ਮੀਨਾਂ ਸਨ ਤੇ ਉਦਮੀ ਕਿਰਸਾਨੀ ਸੀ। ਮੁਰੱਬੇਬੰਦੀ ਵੀ ਹੋ ਚੁੱਕੀ ਸੀ। ਸੋ, ਪੰਜਾਬ ਹਿੰਦੋਸਤਾਨ ਦਾ ਅੰਨਦਾਤਾ ਬਣਨ ਦੇ ਰਾਹ ਪੈ ਗਿਆ।
ਹਰੀ ਕ੍ਰਾਂਤੀ ਜਾਂ ਨਵੀਂ ਖੇਤੀ ਲਾਗੂ ਕਰਨੀ ਚਾਹੀਦੀ ਸੀ ਜਾਂ ਨਹੀਂ, ਕੀ ਇਹ ਟਲ ਸਕਦੀ ਸੀ ਜਾਂ ਨਹੀ; ਅਜਿਹੇ ਪ੍ਰਸ਼ਨਾਂ ਦਾ ਹੁਣ ਕੋਈ ਅਰਥ ਨਹੀਂ ਰਹਿ ਗਿਆ। ਹਰੀ ਕ੍ਰਾਂਤੀ ਪੰਜਾਬ ਉਤੇ ਥੋਪ ਦਿੱਤੀ ਗਈ। ਵਕਤ ਨੇ ਸਾਬਤ ਕੀਤਾ ਕਿ ਆਧੁਨਿਕ ਖੇਤੀ-ਮਤਲਬ ਟਰੈਕਟਰ, ਟਿਊਬਵੈਲ, ਨਵੇਂ ਬੀਜ, ਰਸਾਇਣਕ ਖਾਦਾਂ, ਕੀੜੇਮਾਰ ਦਵਾਈਆਂ ਆਦਿ ਦੇ ਸਿੱਟੇ ਆਮ ਕਿਸਾਨਾਂ ਲਈ, ਜ਼ਮੀਨਾਂ ਲਈ, ਤੇ ਸਮੁੱਚੇ ਵਾਤਾਵਰਣ ਲਈ ਚੰਗੇ ਨਹੀਂ ਨਿਕਲੇ। ਜ਼ਮੀਨਾਂ ਦਾ ਨਾਸ ਮਾਰਿਆ ਗਿਆ; ਧਰਤੀ ਹੇਠਲਾ ਪਾਣੀ ਨੀਵਾਂ ਹੋਰ ਨੀਵਾਂ ਹੁੰਦਾ ਚਲਿਆ ਗਿਆ; ਤੇ ਖਾਦਾਂ ਤੇ ਕੀਟ-ਨਾਸ਼ਕਾਂ ਨੇ ਜ਼ਮੀਨ, ਪੌਣ-ਪਾਣੀ, ਫਸਲਾਂ-ਸਭ ਵਿਚ ਜ਼ਹਿਰ ਘੋਲ ਦਿੱਤਾ। ਸਿੱਟੇ ਵਜੋਂ ਰੋਗ ਫੈਲ ਗਏ, ਕੈਂਸਰ-ਬੈਲਟਾਂ ਬਣ ਗਈਆਂ।
ਸ਼ੁਰੂ-ਸ਼ੁਰੂ ਵਿਚ ਹਰੀ ਕ੍ਰਾਂਤੀ ਨੇ ਕਿਸਾਨ ਨੂੰ ਮੋਹਿਆ: ਕਿਥੇ ਹਲ਼ਟ ਤੇ ਕਿਥੇ ਟਿਊਬਵੈਲ, ਕਿਥੇ ਬਲਦ ਤੇ ਕਿਥੇ ਟਰੈਕਟਰ! ਫਸਲਾਂ ਦੇ ਝਾੜ ਵਧੇ। ਇਕ ਵਾਰ ਤਾਂ ਲੱਗਿਆ ਲਹਿਰ-ਬਹਿਰ ਹੋ ਗਈ, ਪਰ ਛੇਤੀ ਹੀ ਮੋਹ ਭੰਗ ਹੋ ਗਿਆ। ਕਰਜ਼ੇ ਲੈ ਕੇ ਲੋਕਾਂ ਨਵੀਂ ਖੇਤੀ ਸ਼ੁਰੂ ਕੀਤੀ ਸੀ। ਸਮਾਂ ਪਾ ਕੇ ਖੇਤੀ ਦੇ ਖਰਚੇ ਵੀ ਵਧਦੇ ਗਏ। ਚੰਗੀ ਪੈਦਾਵਾਰ ਦੇ ਬਾਵਜੂਦ ਬਹੁਤੇ ਕਿਸਾਨਾਂ ਦਾ ਗੁਜ਼ਾਰਾ ਮੁਸ਼ਕਿਲ ਹੋ ਗਿਆ, ਕਿਉਂਕਿ ਜਿਣਸਾਂ ਦੇ ਭਾਅ ਖੇਤੀ ਦੀ ਲਾਗਤ ਵੀ ਨਹੀਂ ਸੀ ਕੱਢ ਰਹੇ। ਖਰਚੇ ਸਿਰਫ਼ ਖੇਤੀ ਦੇ ਹੀ ਨਹੀਂ ਸੀ ਵਧ ਰਹੇ ਸਗੋਂ ਜ਼ਿੰਦਗੀ ਦੇ ਹਰ ਖੇਤਰ ਵਿਚ ਵੀ ਵਧ ਰਹੇ ਸਨ। ਰਹਿਣ-ਸਹਿਣ ਦੇ ਨਵੇਂ ਢੰਗ, ਬੱਚਿਆਂ ਦੀ ਪੜ੍ਹਾਈ-ਲਿਖਾਈ, ਵਿਆਹ-ਸ਼ਾਦੀਆਂ ਸਭ ਮਹਿੰਗੇ ਹੁੰਦੇ ਗਏ। ਜੋ ਕਿਸਾਨ ਵੇਚ ਰਿਹਾ ਸੀ, ਉਹ ਸਸਤਾ ਤੇ ਜੋ ਉਹਨੂੰ ਖਰੀਦਣਾ ਪੈ ਰਿਹਾ ਸੀ, ਉਹ ਕਿਤੇ ਮਹਿੰਗਾ। ਮੰਡੀ ਦਾ ਨਿਆਂ ਜ਼ਿਮੀਦਾਰ ਦੇ ਹੱਕ ਵਿਚ ਨਹੀਂ ਸੀ। ਹਾਲਾਤ ਬਦ ਤੋਂ ਬਦਤਰ ਹੁੰਦੇ ਗਏ ਤੇ ਜਿਹੜੇ ਸਿੱਟੇ ਨਿਕਲੇ, ਉਹ ਸਭ ਦੇ ਸਾਹਮਣੇ ਹਨ।
ਖੇਤੀ ਉਪਰ ਨਿਰਭਰ ਕਿਸਾਨ ਤੇ ਕਾਮੇ ਕਰਜ਼ਿਆਂ ਵਿਚ ਘਿਰੇ ਹੋਏ ਨੇ। ਝੋਨੇ-ਕਣਕ ਦੇ ਚੱਕਰਵਿਊ ਵਿਚ ਫਸੇ ਹੋਏ ਨੇ। ਉਨ੍ਹਾਂ ਨੂੰ ਕੋਈ ਰਾਹ ਦਿਸ ਨਹੀਂ ਰਿਹਾ, ਨਾ ਕੋਈ ਰਾਹ ਦਿਖਾ ਰਿਹਾ ਹੈ। ਅਜੀਬ ਸਿਲਸਿਲਾ ਹੈ ਇਹ। ਜਿਹੜੇ ਦੇਸ ਦਾ ਢਿੱਡ ਭਰ ਰਹੇ ਨੇ, ਉਨ੍ਹਾਂ ਦੀਆਂ ਮੁਸ਼ਕਿਲਾਂ ਵੱਲ ਕਿਸੇ ਦਾ ਧਿਆਨ ਨਹੀਂ। ਜਿਸ ਗੰਭੀਰਤਾ ਨਾਲ ਕਿਸਾਨ ਦੇ ਗਲ਼ ਪਈ ਮੁਸੀਬਤ ਨੂੰ ਲੈਣਾ ਚਾਹੀਦਾ ਹੈ, ਉਵੇਂ ਕੋਈ ਲੈ ਨਹੀਂ ਰਿਹਾ। ਇਕ ਪਾਸੇ ਕਿਸਾਨਾਂ ਦੀ ਆਰਥਿਕ ਮੰਦਹਾਲੀ ਦਾ ਮਸਲਾ ਹੈ; ਦੂਜੇ ਪਾਸੇ ਜ਼ਮੀਨਾਂ, ਪਾਣੀਆਂ ਤੇ ਵਾਤਾਵਰਨ ਨੂੰ ਬਚਾਉਣ, ਸ਼ੁੱਧ ਕਰਨ, ਮੁੜ ਸਿਹਤਮੰਦ ਬਣਾਉਣ ਦਾ ਹੈ। ਵੱਡਾ ਹੰਭਲਾ ਮਾਰਨ ਦੀ ਲੋੜ ਹੈ। ਦਾਨੇ-ਸਿਆਣੇ ਬੰਦਿਆਂ ਨੂੰ ਸਿਰ ਜੋੜ ਕੇ ਵਿਚਾਰ ਕਰਨੀ ਚਾਹੀਦੀ ਹੈ ਕਿ ਜੋ ਵਿਗੜ ਗਿਆ, ਉਹ ਕਿਵੇਂ ਸੁਧਰੇ ਤੇ ਭਵਿੱਖ ਲਈ ਕੀ ਉਪਾਅ ਹੋਣ। ਜੋ ਕਿਸਾਨਾਂ ਦੇ ਕਰਨਾ ਵਾਲਾ ਹੈ, ਉਹ ਕਰਨ ਤੇ ਜੋ ਸਰਕਾਰਾਂ ਦੇ ਕਰਨ ਵਾਲਾ ਹੈ, ਉਹ ਸਰਕਾਰਾਂ ਕਰਨ।
ਪੰਜਾਬ ਦਾ ਕਿਸਾਨ ਅੰਨ ਸਮੁੱਚੇ ਦੇਸ ਲਈ ਪੈਦਾ ਕਰਦਾ ਰਿਹਾ ਹੈ, ਆਪਣੇ ਲਈ ਨਹੀਂ, ਆਪਣੀ ਧਰਤੀ ਦਾ ਬੇਰਹਿਮੀ ਨਾਲ ਸ਼ੋਸ਼ਣ ਕਰ ਕੇ। ਕਿਉਂ ਨਾ ਕਿਸਾਨ ਸਿਰ ਚੜ੍ਹੇ ਕਰਜ਼ੇ ਖਤਮ ਕਰ ਦਿੱਤੇ ਜਾਣ? ਇਹ ਨਾਮੁਮਕਿਨ ਕਿਉਂ ਹੈ? ਦੂਸਰੇ ਸੂਬਿਆਂ ਨੂੰ ਭਾਰੀ ਰਕਮਾਂ ਦਿੱਤੀਆਂ ਜਾਂਦੀਆਂ ਹਨ, ਪੰਜਾਬ ਨੂੰ ਕਿਉਂ ਨਹੀਂ? ਜੇ ਪੰਜਾਬ ਕੇਂਦਰ ਉਤੇ ਵਿਤਕਰੇ ਦਾ ਦੋਸ਼ ਲਾਏ, ਉਹ ਗਲਤ ਕਿਵੇਂ ਹੋਵੇਗਾ? ਖਾੜਕੂ ਲਹਿਰ ਵੇਲੇ ਵੀ ਇਉਂ ਹੀ ਹੋਇਆ ਸੀ। ਬਲਿਊ ਸਟਾਰ ਕੀਤਾ ਕੇਂਦਰ ਨੇ, ਤੇ ਉਸ ਤੋਂ ਪੈਦਾ ਹੋਏ ਸਿੱਟਿਆਂ ਦੀ ਜ਼ਿੰਮੇਵਾਰੀ ਪਾ ਦਿਤੀ ਪੰਜਾਬ ਸਿਰ। ਅਖੇ, ਸਾਰਾ ਖਰਚਾ ਤੁਸੀਂ ਭਰੋ।
ਹੁਣ ਵਕਤ ਹੈ। ਜੋ ਪੰਜਾਬ ਦੇ ਪਿੰਡਾਂ ਲਈ, ਕਿਸਾਨਾਂ ਲਈ, ਕਰਨਾ ਗੋਚਰਾ ਹੈ, ਉਹ ਕਰਨਾ ਚਾਹੀਦਾ ਹੈ। ਨਹੀਂ ਸਿੱਟੇ ਬੜੇ ਅਸੁਖਾਵੇਂ ਹੋ ਸਕਦੇ ਨੇ ਸਭ ਲਈ। ਖੇਤੀ ਕਦੇ ਸੱਚੀ-ਸੁੱਚੀ ਕਿਰਤ ਵਾਲਾ ਧਰਮੀ ਕਿੱਤਾ ਹੁੰਦਾ ਸੀ। ਤਾਹੀਓਂ ਇਹਨੂੰ ਉਤਮ ਕਿਹਾ ਗਿਆ। ਗੁਰੂ ਨਾਨਕ ਨੇ ਆਪ ਹਲ ਵਾਹ ਕੇ ਇਹਦੀ ਪਛਾਣ ਕਰਵਾਈ, ਇਹਨੂੰ ਮਾਣ ਦਿੱਤਾ। ਇਕ ਵਾਰ ਫੇਰ ਉਸੇ ਕਿੱਤੇ ਨੂੰ, ਉਹਦੀ ਵਡਿਆਈ ਨੂੰ, ਸੱਚੀ-ਸੁੱਚੀ ਕਿਰਤ ਨੂੰ ਬਹਾਲ ਕਰਨ ਦੀ ਲੋੜ ਹੈ।