‘ਗਦਰ’ ਪਾਰਟੀ ਦਾ ਹਫਤਾਵਾਰੀ ਅਖ਼ਬਾਰ ਸੀ ਜਿਸ ਦੇ ਅੱਠ ਸਫੇ ਹੁੰਦੇ ਸਨ। ਪਹਿਲੇ ਸਫੇ ਦੇ ਦੋ ਕਾਲਮ ਹੁੰਦੇ ਸਨ- ਖੱਬੇ ਪਾਸੇ ਅੰਗਰੇਜ਼ੀ ਰਾਜ ਦਾ ਕੱਚਾ ਚਿੱਠਾ- ‘ਮੋਟੀ ਮੋਟੀ ਬਾਤਾਂ’ ਜਿਸ ਵਿਚ ਅੰਗਰੇਜ਼ੀ ਰਾਜ ਦੀਆਂ ਨੀਤੀਆਂ ਤੇ ਲੁੱਟ-ਖਸੁੱਟ ਦੇ ਪਾਜ ਉਧੇੜੇ ਹੁੰਦੇ ਸਨ। ਇਸ ਕਾਲਮ ਦੇ 12 ਪੱਕੇ ਅਤੇ ਕਦੇ-ਕਦੇ 13 ਜਾਂ 14 ਨੁਕਤੇ ਵੀ ਹੁੰਦੇ ਸਨ।
ਦੂਜੇ ਅੱਧੇ ਹਿੱਸੇ ਵਿਚ ‘ਲੇਖਾਂ ਦੀ ਲੜੀ’ ਸਿਰਲੇਖ ਦਿੱਤਾ ਹੁੰਦਾ ਸੀ। ਇਹ ਅੱਠ, ਨੌਂ ਜਾਂ ਇਸ ਤੋਂ ਵੱਧ ਵੀ ਹੁੰਦੇ ਸਨ। ਇਹ ਸਮਗਰੀ ਜਾਂ ਛਪਾਈ ‘ਤੇ ਨਿਰਭਰ ਸੀ। ਇਸੇ ਹੀ ਕਾਲਮ ਹੇਠ ਲੇਖਾਂ ਅਤੇ ਖਬਰਾਂ ਦੇ ਨਾਂਵਾਂ ਪਿਛੋਂ ਸਕੱਤਰ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਹੁੰਦੀ। ਖਤ ਲਈ ਯੁਗਾਂਤਰ ਆਸ਼ਰਮ ਦਾ ਪਤਾ ਦਿੱਤਾ ਹੁੰਦਾ। ਇਸ ਵਾਰ ਅਸੀਂ ਪਾਠਕਾਂ ਲਈ ‘ਗਦਰ’ ਦੇ 17 ਮਾਰਚ 1914 ਵਾਲੇ ਅੰਕ ਦੇ ਸਫਾ ਪੰਜ ਤੋਂ ਅੱਠ ਤੱਕ ਛਪੀ ਸਮੱਗਰੀ ਛਾਪ ਰਹੇ ਹਾਂ। ਇਸ ਦਾ ਪ੍ਰਬੰਧ ਕਸ਼ਮੀਰ ਸਿੰਘ ਕਾਂਗਣਾ ਨੇ ਕੀਤਾ ਹੈ। -ਸੰਪਾਦਕ
ਪੇਸ਼ਕਸ਼: ਕਸ਼ਮੀਰ ਸਿੰਘ ਕਾਂਗਣਾ
ਫੋਨ: 661-331-5651
ਜਿਹੜੇ ਹਿੰਦੋਸਤਾਨੀ ਰੋਟੀ ਖਾਤਰ ਬਾਹਰ ਆਉਂਦੇ ਹਨ, ਉਹ ਏਸ ਵਕਤ ਹੱਦ ਤੋਂ ਪਰੇ ਗਰੀਬੀ ਤੇ ਗੁਲਾਮੀ ਵਿਚ ਹਨ। ਗਰੀਬ ਮਜ਼ਦੂਰਾਂ ਨੂੰ ਅੰਗਰੇਜ਼ੀ ਕੰਪਨੀਆਂ ਦੇ ਏਜੰਟ ਧੋਖਾ ਦੇ ਕੇ ਫੀਜੀ, ਟਰੇਨਡਾਡ, ਮਾਰੇਸ਼ਸ ਅਤੇ ਦੂਸਰੇ ਟਾਪੂਆਂ ਵਿਚ ਲੈ ਜਾਂਦੇ ਹਨ। ਜ਼ਿਆਦਾ ਤਨਖਾਹ ਦਾ ਲਾਲਚ ਦਿੰਦੇ ਹਨ। ਪਰ ਉਥੇ ਉਨ੍ਹਾਂ ਦੀ ਏਹ ਦੁਰਗਤ ਹੁੰਦੀ ਹੈ ਜਿਸ ਦਾ ਹਿਸਾਬ ਹੇਠ ਲਿਖੀ(ਆਂ) ਸਤਰਾਂ ਤੋਂ ਲਾ ਸਕਦੇ ਹੋ:
ਇਨਾਂ ਮਜ਼ਦੂਰਾਂ ਨੂੰ ਕਈ ਸਾਲ ਦੇ ਠੇਕੇ ਪੁਰ ਲੈ ਜਾਂਦੇ ਹਨ ਅਤੇ ਏਸ ਮੁਨਿਆਦ ਤੋਂ ਪਹਿਲਾਂ ਕੰਮ ਛੱਡ ਨਹੀਂ ਸਕਦੇ, ਚਾਹੇ ਕਿਤਨੀ ਸਖਤੀ ਹੋਵੇ। ਤਨਖਾਹ ਬਹੁਤ ਥੋੜੀ ਹੈ। ਆਦਮੀਆਂ ਨੂੰ 24 ਸੈਂਟ ਦਿਹਾੜੀ ਅਤੇ ਔਰਤਾਂ ਨੂੰ 18 ਸੈਂਟ ਦਿੱਤੇ ਜਾਂਦੇ ਹਨ। ਕੋਈ ਜ਼ਿਮੀਂਦਾਰ ਜਾਂ ਕੰਪਨੀ ਆਪਣੀ ਸ਼ਰਤ ਪੂਰੀ ਨਹੀਂ ਕਰਦੀ। ਉਨ੍ਹਾਂ ਨਾਲ ਬੇਹੱਦ ਸਖਤੀ ਹੁੰਦੀ ਹੈ। ਪੂਰੀ ਤਨਖਾਹ ਨਾ ਮਿਲਣ ਪੁਰ ਉਨ੍ਹਾਂ ਦੀ ਕੋਈ ਫਰਯਾਦ ਨਹੀਂ ਸੁਣਦਾ। ਮਜ਼ਦੂਰ ਤੀਹ ਤੀਹ ਮੀਲ ਤੱਕ ਤੁਰ ਕੇ ਫਰਯਾਦ ਲੈ ਕੇ ਜਾਂਦੇ ਹਨ। ਜੇ ਕਦੇ ਮੁਕੱਦਮਾ ਹੁੰਦਾ ਹੈ ਤਾਂ ਉਹਦੀ ਮਜ਼ਦੂਰ ਨੂੰ ਸਜ਼ਾ ਮਿਲਦੀ ਹੈ। ਕੰਮ ਬਹੁਤ ਕਰਨਾ ਪੈਂਦਾ ਹੈ। ਘੰਟਿਆਂ ਦੀ ਕੋਈ ਹੱਦ ਨਹੀਂ। ਜ਼ਿਆਦੀ ਸਖਤੀ ਹੋਣ ਕਰ ਕੇ ਵਚਾਰੇ ਕੰਮ ਛੱਡ ਦਿੰਦੇ ਹਨ। ਤਾਂ ਪੁਲਿਸ ਗੋਲੀਆਂ ਨਾਲ ਮਾਰਨ ਵਾਸਤੇ ਭੇਜੀ ਜਾਂਦੀ ਹੈ। ਜਿਸ ਤਰ੍ਹਾਂ ਹੁਣ ਬ੍ਰਿਟਿਸ਼ ਗਾਇਨਾਂ ਵਿਚ ਹੋਈ। 24 ਸੈਂਟ ਰੋਜ਼ ਦੀ ਸ਼ਰਤ ਸੀ, ਪਰ 12 ਸੈਂਟ ਰੋਜ਼ ਤਨਖਾਹ ਦਿੱਤੀ ਜਾਂਦੀ ਸੀ। ਮਜ਼ਦੂਰ ਮਰਦੇ ਬਹੁਤ ਹਨ। ਸਖਤ ਕੰਮ, ਬੁਰੀ ਖੁਰਾਕ, ਗੰਦੇ ਘਰ ਅਤੇ ਰੋਜ਼ ਦੇ ਦੁੱਖ ਨਾਲ ਹਜ਼ਾਰਾਂ ਸਾਡੇ ਪਿਆਰੇ ਭਾਈ ਬੇ-ਆਈ ਮੌਤ ਮਰਦੇ ਹਨ। ਬੱਚੇ ਵੀ ਮਾਂ ਬਾਪ ਨਾਲ ਕੰਮ ਕਰਦੇ ਹਨ। ਥੋੜਾ ਕੰਮ ਕਰਨ ਪੁਰ ਏਨਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ। ਏਨਾਂ ਦਾ ਖਾਣਾ ਬੰਦ ਕੀਤਾ ਜਾਂਦਾ ਹੈ। ਮਾਲਕ ਦੀ ਮਰਜ਼ੀ ਹੈ, ਚਾਹੇ ਕਿਸੇ ਨੂੰ ਕੈਦ ਕਰ ਦੇਵੇ। ਏਸ ਹਾਲਤ ਵਿਚ ਬਹੁਤ ਆਦਮੀ ਆਪ ਹੀ ਮਰ ਜਾਂਦੇ ਹਨ।
ਅੰਗਰੇਜ਼ਾਂ ਦਾ ਫੈਦਾ: ਇਕ ਪਾਸੇ ਤਾਂ ਸਾਡੇ ਭੈਣ ਭਾਈ ਗੁਲਾਮੀ ਵਿਚ ਮਰ ਰਹੇ ਹਨ, ਦੂਜੇ ਪਾਸੇ ਉਨ੍ਹਾਂ ਗਰੀਬਾਂ ਦੇ ਕਮਾਏ ਹੋਏ ਪੈਸੇ (ਨਾਲ) ਏਨਾਂ ਦੀ ਥੈਲੀ ਭਰਦੀ ਹੈ। ਏਨਾਂ ਨੇ ਟਾਪੂਆਂ ਜਿੰਨਾ ਪੈਸਾ ਕਮਾਇਆ ਹੈ, ਉਸ ਨਾਲ ਅੰਗਰੇਜ਼ ਰਈਸ ਮਾਲੋ-ਮਾਲ ਹੋ ਗਏ ਹਨ। ਬਸ ਏਸ ਤੋਂ ਮਲੂਮ ਹੁੰਦਾ ਹੈ ਕਿ ਅੰਗਰੇਜ਼ ਜ਼ਾਲਮ ਹਨ ਜਿਹੜੇ ਦੂਜਿਆਂ ਦਾ ਲਹੂ ਪੀਂਦੇ ਹਨ।
ਦੱਖਣੀ ਅਫਰੀਕਾ ਵਿਚ ਮਿਸਟਰ ਗਾਂਧੀ ਦੀ ਬੇਵਕੂਫੀ: ਅਫਰੀਕਾ ਵਿਚ ਜਿਹੜੀ ਕੁਰਬਾਨੀ ਸਾਡੇ ਭਰਾਵਾਂ ਨੇ ਦਿਖਾਈ ਹੈ, ਏਸ ਦਾ ਦਸਵਾਂ ਹਿੱਸਾ ਵੀ ਜੇ ਹਿੰਦੋਸਤਾਨ ਵਿਚ ਦਿਖਾਈ ਜਾਵੇ ਤਾਂ ਛੇਤੀ ਹੀ ਗਦਰ ਹੋ ਜਾਊਗਾ, ਪਰ ਅਫਸੋਸ ਹੈ, ਹੁਣ ਏਨਾਂ ਦੇ ਜੋਸ਼ ਪੁਰ ਠੰਡਾ ਪਾਣੀ ਪਾਇਆ ਜਾਂਦਾ ਹੈ। ਅੱਛੇ ਲੀਡਰ ਗਿੱਦੜ ਬਣ ਰਹੇ ਹਨ। ਮਿਸਟਰ ਗਾਂਧੀ ਨੇ ਬੜੀ ਭਾਰੀ ਗਲਤੀ ਕੀਤੀ। ਗੋਰਿਆਂ ਦੀ ਹੜਤਾਲ ਦੇ ਵੇਲੇ ਜਦ ਗਵਰਮਿੰਟ ਤੰਗ ਹੋ ਰਹੀ ਸੀ, ਆਪਣੀ ਖਿੱਚ ਛੱਡ ਦਿੱਤੀ ਕਿ ਗਵਰਮਿੰਟ ਖੁਸ਼ ਹੋ ਜਾਵੇ। ਏਸ ਖਿਆਲ ਤੋਂ ਸਾਨੂੰ ਬੜੀ ਹੈਰਾਨੀ ਹੈ ਕਿ ਜੇ ਗਵਰਮਿੰਟ ਨੂੰ ਖੁਸ਼ ਕਰ ਕੇ ਹੱਕ ਲੈਣੇ ਸਨ ਤਾਂ ਪਹਿਲਾਂ ਰੌਲੇ ਦੀ ਕੀ ਲੋੜ ਸੀ। ਹੱਕ ਤਾਂ ਗਵਰਮਿੰਟ ਨੂੰ ਔਖੀ ਕਰ ਕੇ ਲੈਣੇ ਸਨ, ਫੇਰ ਵੇਲੇ ਸਿਰ ਬੰਦ ਕਿਉਂ ਹੋ ਗਏ। ਜੇ ਦੁਸ਼ਮਣ ਤੰਗੀ ਵਿਚ ਹੈ ਤਾਂ ਉਸ ਵੇਲੇ ਜ਼ਿਆਦਾ ਜ਼ੋਰ ਨਾਲ ਹਮਲਾ ਕਰਨਾ ਚਾਹੀਦਾ ਹੈ, ਭਈ ਫਤੇ ਹੋਵੇ। ਜੇ ਕੋਈ ਏਸ ਵੱਲੋਂ ਹਟ ਕੇ ਪਿਛੇ ਫੇਰ ਲੜਨ ਲੱਗੇ ਤਾਂ ਅਸੀਂ ਉਸ ਨੂੰ ਬੇਵਕੂਫ ਕਹਾਂਗੇ। ਮਿਸਟਰ ਗਾਂਧੀ ਅਜੇ ਯੂਰਪ ਦੇ ਅਸੂਲ ਅੱਛੀ ਤਰ੍ਹਾਂ ਨਹੀਂ ਸਮਝੇ ਹਨ। ਅਜੇ ਉਸ ਦੇ ਖੂਨ ਵਿਚ ਸਬਰ ਅਤੇ ਗੁਲਾਮੀ ਬਾਕੀ ਹੈ। ਗਵਰਮਿੰਟ ਕਦੇ ਹਿੰਦੋਸਤਾਨੀਆਂ ਦੀ ਮਦਦ ਨਹੀਂ ਕਰੂਗੀ। ਚਾਹੇ ਕਿਤਨੇ ਸਬਰ ਕਰੋ, ਜੇ ਜੰਗ ਸ਼ੁਰੂ ਕੀਤੀ ਤਾਂ ਪੂਰੀ ਕਰੋ। ਏਹ ਕੀ, ਅੱਧ ਵਿਚ ਜਾ ਕੇ ਬੈਠ ਗਏ। ਇਹ ਗੁਲਾਮੀ ਹੈ। ਏਸ ਤੋਂ ਬਗੈਰ ਗੋਰੇ ਮਜ਼ਦੂਰ ਵੀ ਆਪਣੇ ਹੱਕ ਦੀ ਖਾਤਰ ਲੜਦੇ ਹਨ। ਉਹ ਆਪਣੀ ਤਨਖਾਹ ਵਧਾਉਣੀ ਚਾਹੁੰਦੇ ਹਨ। ਉਨ੍ਹਾਂ ਦੀ ਭੀ ਏਸੇ ਗਵਰਮਿੰਟ ਦੇ ਵਿਰੁਧ ਜੰਗ ਸੀ। ਫੇਰ ਏਨਾਂ ਨੂੰ ਕਿਉਂ ਨੁਕਸਾਨ ਦਿੱਤਾ। ਯੂਰਪ ਦੇ ਲੋਕ ਹੁਣ ਜ਼ਰੂਰ ਕਹਿਣਗੇ ਕਿ ਹਿੰਦੋਸਤਾਨੀ ਬੇਵਕੂਫ ਹਨ ਜਾਂ ਏਹ ਅਜ਼ਾਦੀ ਨਹੀਂ ਚਾਹੁੰਦੇ। ਨਹੀਂ ਜ਼ਾਲਮ ਗਵਰਮਿੰਟ ਨੂੰ ਮਦਦ ਕਿਉਂ ਦਿੰਦੇ, ਜਦ ਦੂਸਰੇ ਗਰੀਬ ਉਸੇ ਦੇ ਵਿਰੁਧ ਉਠੇ ਸਨ। ਗੱਲ ਕੀ, ਰਾਜਨੀਤੀ ਅਤੇ ਸੂਚਨਾ ਦੇ ਅਨੁਸਾਰ ਏਹ ਕੰਮ ਬੜਾ ਭੈੜਾ ਹੈ। ਜਦ ਤੱਕ ਹਿੰਦੋਸਤਾਨ ਦੇ ਲੀਡਰ ਨਿਡਰ ਹੋ ਕੇ ਕੰਮ ਨਹੀਂ ਕਰਨਗੇ, ਤਦ ਤੱਕ ਕੋਈ ਗੁਲਾਮੀ ਦੂਰ ਨਹੀਂ ਹੁੰਦੀ।
ਹੁਣ ਹਿੰਦੋਸਤਾਨ Ḕਤੇ ਰਾਜ ਕਰਨਾ ਔਖਾ ਹੈ: ਕਨੇਡਾ ਵਿਚੋਂ ਇਕ ਅਖਬਾਰ Ḕਡੇਲੀ ਨਿਊਜ਼’ ਲਿਖਦਾ ਹੈ ਕਿ ਜਪਾਨੀ ਕਨੇਡਾ ਵਿਚ ਆਉਂਦੇ ਹਨ, ਪਰ ਚੀਨਿਆਂ ਦਾ ਹੁਣੇ ਹੀ ਬੰਦੋਬਸਤ ਕਰਨਾ ਚਾਹੀਦਾ ਹੈ। ਨਹੀਂ ਮਗਰੋਂ ਏਹ ਲੋਕ ਜਪਾਨ ਵਾਂਗ ਮਜ਼ਬੂਤ ਹੋ ਕੇ ਸਾਨੂੰ ਸਤਾਵਨਗੇ। ਜਪਾਨ ਅਤੇ ਚੀਨ ਦੋਹਾਂ ਦੇਸ਼ਾਂ ਵਿਚ ਵਪਾਰ ਵਧਾਉਣਾ ਚਾਹੁੰਦੇ ਹਨ। ਏਸ ਕਰ ਕੇ ਏਨਾਂ ਨਾਲ ਕਿਸੇ ਨਾ ਕਿਸੇ ਤਰ੍ਹਾਂ ਸੁਲ੍ਹਾ ਰੱਖਣੀ ਚਾਹੀਦੀ ਹੈ। ਪਰ ਹਿੰਦੋਸਤਾਨ ਦੇ ਲੋਕ ਕਨੇਡਾ ਅਤੇ ਹਿੰਦੋਸਤਾਨ ਵਿਚ ਆਪਣੀ ਗਵਰਮਿੰਟ ਪੁਰ ਕਨੇਡਾ ਵਿਚ ਆਵਨ ਖਾਤਰ ਬੜਾ ਜ਼ੋਰ ਦੇ ਰਹੇ ਹਨ। ਪਰ ਹਿੰਦੋਸਤਾਨੀ ਨਿਊਜ਼ੀਲੈਂਡ ਅਤੇ ਆਸਟਰੇਲੀਆ ਵਿਚੋਂ ਬੰਦ ਕੀਤੇ ਗਏ ਹਨ। ਹੁਣ ਹਿੰਦੋਤਸਾਨੀ ਦੱਖਣੀ ਅਫਰੀਕਾ ਵਿਚ ਬੜਾ ਉਧਮ ਮਚਾ ਰਹੇ ਹਨ। ਏਸ ਕਰ ਕੇ ਕਨੇਡਾ ਵਿਚੋਂ ਹਿੰਦੋਤਸਾਨੀਆਂ ਨੂੰ ਹੁਣੇ ਹੀ ਰੋਕ ਦੇਣਾ ਚਾਹੀਦਾ ਹੈ। ਹੁਣ ਹਿੰਦੋਸਤਾਨ ਪੁਰ ਰਾਜ ਕਰਨਾ ਬੜਾ ਔਖਾ ਹੈ। ਅੱਜ ਕੱਲ ਅੰਗਰੇਜ਼ਾਂ ਨੂੰ ਹਿੰਦੋਸਤਾਨ ਕਾਬੂ ਰੱਖਣ ਵਿਚ ਬੜੀਆਂ ਔਖੜਾਂ ਅੱਗੇ ਆ ਰਹੀਆਂ ਹਨ। ਬਸ ਸਾਨੂੰ ਚਾਹੀਦਾ ਹੈ ਕਿ ਹਿੰਦੂਆਂ ਨੂੰ ਕਨੇਡਾ ਵਿਚ ਨਾ ਆਵਨ ਦੇਈਏ। ਭਾਈ ਅੰਗਰੇਜ਼ਾਂ ਦਾ ਬੋਝ ਨਾ ਵਧ ਜਾਵੇ। ਜਾਣੀ ਹਿੰਦੂ ਕਨੇਡਾ ਵਿਚ ਆ ਕੇ ਅਫਰੀਕਾ ਵਾਂਗ ਹੱਕ ਮੰਗਣਗੇ ਤਾਂ ਅੰਗੇਰਜ਼ਾਂ ਨੂੰ ਜਿਹੜੇ ਹਿੰਦੂਆਂ ਤੋਂ ਅੱਗੇ ਹੀ ਤੰਗ ਹੋ ਰਹੇ ਹਨ, ਜ਼ਿਆਦਾ ਔਖ ਹੋ ਜਾਵੇਗੀ।
—
ਜਰਮਨੀ ਅਤੇ ਇੰਗਲੈਂਡ ਵਿਚ ਐਹਦਨਾਮਾ
ਖੁਸ਼ ਖਬਰੀ
ਸੁਣਿਆ ਹੈ ਕਿ ਅਫਰੀਕਾ ਦੇ ਬਾਰੇ ਇੰਗਲੈਂਡ ਅਤੇ ਜਰਮਨੀ ਦੇ ਵਿਚ ਛੇਤੀ ਹੀ ਐਹਦਨਾਮਾ ਹੋਣ ਵਾਲਾ ਹੈ। ਜਿਸ ਵਿਚ ਇੰਗਲੈਂਡ ਕੁਛ ਮੁਲਕ ਜਰਮਨੀ ਨੂੰ ਦੇਵੇਗਾ ਅਤੇ ਜਰਮਨੀ ਕੁਝ ਹਿੱਸਾ ਇੰਗਲੈਂਡ ਨੂੰ ਦੇਵੇਗਾ। ਏਸ ਤਬਾਦਲੇ ਦਾ ਏਹ ਮਤਲਬ ਹੈ ਕਿ ਇੰਗਲੈਂਡ ਕਾਹਰਾ ਤੋਂ ਲੈ ਕੇ ਕੇਪ ਟੌਨ ਤੱਕ ਆਪਣੀ ਰੇਲ ਬਣਾ ਸਕੇ। ਇੰਗਲੈਂਡ ਦੀ ਏਹ ਮਨਸ਼ਾ ਹੈ ਕਿ ਅਫਰੀਕਾ ਵਿਚ ਉਤਰ ਤੋਂ ਲੈ ਕੇ ਦੱਖਣ ਤੱਕ ਆਪਣੀ ਰੇਲ ਬਣਾ ਸਕੇ। ਜਿਹੜੀ ਏਸ ਦੇ ਹੇਠਾਂ ਹੋਵੇ। ਏਸ ਰੇਲ ਦੀ ਖਾਤਰ ਪੂਰਵੀ ਅਫਰੀਕਾ ਵਿਚੋਂ ਦੋਨਾਂ ਦੇਸ਼ਾਂ ਦਾ ਜ਼ਮੀਨ ਦਾ ਅਦਲ ਬਦਲ ਕਰਨੇ ਦਾ ਮਨਸ਼ਾ ਹੈ। ਇਹ ਬਾਤ ਉੜੀ ਹੈ ਕਿ ਜ਼ੰਜਬਾਰ ਹਿੰਦੋਸਤਾਨੀਆਂ ਨੇ ਰੌਲਾ ਪਾਇਆ ਹੈ ਕਿ ਐਸਾ ਨਾ ਕੀਤਾ ਜਾਵੇ। ਪਰ ਅਸੀਂ ਕਹਿੰਦੇ ਹਾਂ ਕਿ ਇਹ ਅੱਛਾ। ਕਿਉਂਕਿ ਜਿਤਨੇ ਹਿੰਦੋਸਤਾਨੀ ਅੰਗਰੇਜ਼ੀ ਝੰਡੇ ਤੋਂ ਬਾਹਰ ਹਨ, ਉਤਨਾ ਅੱਛਾ ਹੈ।
ਮਿਸਰ ਵਿਚ ਕਿਰਸਾਣਾਂ ਪੁਰ ਜ਼ੁਲਮ: ਮਿਸਰ ਵਿਚੋਂ ਅੰਗਰੇਜ਼ਾਂ ਦੇ ਜ਼ੁਲਮ ਦੀ ਲੜੀ ਦੀਆਂ ਖਬਰਾਂ ਆ ਰਹੀਆਂ ਹਨ। ਅਖਬਾਰ ਬੰਦ ਕੀਤੇ ਜਾਂਦੇ ਹਨ। ਆਗੂਆਂ ਨੂੰ ਕੈਦ ਕੀਤਾ ਜਾਂਦਾ ਹੈ। ਨਵੀਂ ਏਹ ਖਬਰ ਹੈ ਕਿ ਲਾਰਡ ਕਿਚਨਰ ਨੇ ਗਰੀਬ ਕਿਸਾਨਾਂ ਦੇ ਰੁਪੈ ਨੂੰ ਆਪਣੇ ਹੱਥ ਵਿਚ ਲਿਆਉਣ ਦੀ ਖਾਤਰ ਸੇਵਿੰਗ ਬੈਂਕ ਖੋਲ੍ਹੇ ਹਨ। ਸਾਰੇ ਸੂਬਿਆਂ ਅਤੇ ਪਿੰਡਾਂ ਦੇ ਐਹਲਕਾਰਾਂ ਨੂੰ ਹੁਕਮ ਦਿੱਤਾ ਹੈ ਕਿ ਕਿਰਸਾਣਾਂ ਨੂੰ ਬੈਂਕਾਂ ਵਿਚ ਰੁਪੈ ਜਮਾਂ ਕਰਾਉਣ ਵਾਸਤੇ ਕਹਿਣ। ਜਿਥੇ ਜ਼ਾਲਮ ਰਾਜ ਹੁੰਦਾ ਹੈ, ਉਥੇ ਐਹਲਕਾਰ ਬੇ-ਰਹਿਮ ਅਤੇ ਚਾਲ ਬਾਜ ਹੁੰਦੇ ਹਨ। ਜਿਥੇ ਸਰਕਾਰ ਇਸ਼ਾਰਾ ਕਰੇ, ਉਥੇ ਹਾਕਮ ਤਲਵਾਰ ਧੂ ਲੈਂਦੇ ਹਨ। ਜਦ ਉਨ੍ਹਾਂ ਗਰੀਬਾਂ ਨੇ ਇਹ ਸੁਣਿਆ ਤਾਂ ਜਿਨਾਂ ਕਿਰਸਾਣਾਂ ਦੇ ਪਾਸ ਪੈਸਾ ਭੀ ਨਹੀਂ ਸੀ, ਉਨ੍ਹਾਂ ਸ਼ਾਹੂਕਾਰਾਂ ਤੋਂ 30 ਰੁਪੈ ਪੁਰ ਵਿਆਜੂ ਰੁਪੈਆ ਲੈ ਕੇ ਬੈਂਕ ਵਿਚ ਜਮਾਂ ਕੀਤਾ ਹੈ। ਭਈ ਹੁਕਮ ਮੰਨਿਆ ਜਾਵੇ। ਮਿਸਰ ਦੇ ਕਿਸਾਨ ਏਤਨੇ ਗੁਲਾਮ ਹੋ ਗਏ ਹਨ ਕਿ ਸਰਕਾਰ ਦਾ ਹੁਕਮ ਨਹੀਂ ਮੋੜਿਆ। ਅਜ਼ਾਦੀ ਦਾ ਪਹਿਲਾ ਅਸੂਲ ਸਰਕਾਰ ਦਾ ਹੁਕਮ ਨਾ ਮੰਨਣਾ ਹੈ।
—
ਅੰਗਰੇਜ਼ਾਂ ਦੀ ਮੌਤ
ਫੌਜ ਖਾਤਰ ਸਿਪਾਹੀ ਨਹੀਂ ਮਿਲਦੇ
ਇੰਗਲੈਂਡ ਵਿਚ ਅੱਜ ਕੱਲ ਫੌਜ ਦੀ ਖਾਤਰ ਸਿਪਾਹੀ ਨਹੀਂ ਮਿਲਦੇ ਹਨ। ਗਵਰਮਿੰਟ ਨੇ ਬੜੇ ਬੜੇ ਇਸ਼ਤਿਹਾਰ ਕੱਢੇ ਹਨ ਕਿ ਫੌਜ ਦੀ ਜ਼ਿੰਦਗੀ ਵਿਚ ਬੜਾ ਅਰਾਮ ਹੈ। ਤਨਖਾਹ ਅੱਛੀ ਮਿਲਦੀ ਹੈ। ਬੱਸ ਛੇਤੀ ਫੌਜ ਵਿਚ ਭਰਤੀ ਹੋਵੇ। ਪਰ ਅੰਗਰੇਜ਼ੀ ਜਵਾਨ ਫੌਜ ਵਿਚ ਭਰਤੀ ਨਹੀਂ ਹੁੰਦੇ ਕਿਉਂਕਿ ਉਨ੍ਹਾਂ ਨੂੰ ਬੜਾ ਦੁਖ ਦਿੱਤਾ ਜਾਂਦਾ ਹੈ। ਖੁਰਾਕ ਅੱਛੀ ਨਹੀਂ ਮਿਲਦੀ, ਬਾਰਕਾਂ ਵਿਚ ਸਰਦੀ ਰਹਿੰਦੀ ਹੈ। ਤਨਖਾਹ ਥੋੜੀ ਹੈ। ਜਦ ਅੰਗਰੇਜ਼ੀ ਫੌਜ ਦਾ ਅਜੇਹਾ ਹਾਲ ਹੈ ਤਾਂ ਇੰਗਲੈਂਡ ਵਿਚ ਆਪਣੇ ਰਾਜ ਨੂੰ ਕਿਸ ਤਰਾਂ ਸੰਭਾਲ ਸਕਦਾ ਹੈ। ਬਸ ਹੁਣ ਸਾਰੇ ਪਾਸਿਆਂ ਤੋਂ ਏਨਾਂ ਬਦਮਾਸ਼ਾਂ ਦੀ ਸ਼ਾਮਤ ਆਈ ਹੈ।
ਮੁਲਕ ਸੈਰਾ ਲੀਓਨ ਦੀ ਫਰਯਾਦ: ਅੰਗਰੇਜ਼ ਜਿਥੇ ਆਪਣੇ ਸੋਗੀ ਪੈਰ ਰੱਖਦੇ ਹਨ। ਗਾਲ੍ਹਾਂ ਹੀ ਖਾਂਦੇ ਹਨ। ਹੁਣੇ ਹੀ ਪੱਛਮੀ ਅਫਰੀਕਾ ਵਿਚੋਂ ਖਬਰ ਆਈ ਹੈ ਕਿ ਉਥੇ ਦੇ ਲੋਕਾਂ ਨੇ ਫਰਯਾਦ ਕੀਤੀ ਹੈ ਕਿ ਉਥੇ ਨਵੀਂ ਖਰਾਬ ਟਕਸਾਲ ਬਣਾਉਣ ਕਰ ਕੇ ਮੁਲਕ ਦਾ ਬੜਾ ਨੁਕਸਾਨ ਹੋ ਰਿਹਾ ਹੈ। ਬਪਾਰੀ ਏਸ ਥੋੜੇ ਮੁੱਲ ਦੀ ਟਕਸਾਲ ਨੂੰ ਨਹੀਂ ਲੈਂਦੇ ਅਤੇ ਦੂਜੇ ਮੁਲਕਾਂ ਨਾਲ ਬਪਾਰ ਵਿਚ ਬੜਾ ਹਰਜ ਹੋ ਰਿਹਾ ਹੈ। ਇਕ ਵਿਦਵਾਨ ਆਗੂ ਨੇ ਆਪਣੇ ਅਖਬਾਰ ਵਿਚ ਲਿਖਿਆ ਹੈ ਕਿ ਅਸੀਂ ਗੋਰੀ ਕੌਮਾਂ ਤੋਂ ਆਜ਼ਾਦ ਹੋ ਕੇ ਆਪਣੀ ਮਰਜ਼ੀ ਦੇ ਅਨੁਸਾਰ ਤਰੱਕੀ ਕਰੀਏ।
ਜਪਾਨ ਵਿਚ ਕਾਲ ਦਾ ਰੌਲਾ: ਜਪਾਨ ਵਿਚ ਹੁਣ ਨਵੀਂ ਹਿਲਜੁਲ ਪੈ ਰਹੀ ਹੈ। ਕਿਉਂਕਿ ਤਰੱਕੀ ਦਾ ਮਦਾਨ ਖੁਲ੍ਹਾ ਹੈ। ਸਿਰਫ ਰੂਸ ਤੋਂ ਜਿੱਤ ਕੇ ਸਾਰਾ ਜਪਾਨ ਸੁਰਗ ਨਹੀਂ ਬਣ ਗਿਆ। ਉਨਾਂ ਹੋਰ ਬਾਤਾਂ ਦਾ ਵੀ ਫੈਸਲਾ ਕਰਨਾ ਹੈ, ਜਿਸ ਨਾਲ ਮੁਲਕ ਦੀ ਭਲਾਈ ਹੋਵੇਗੀ। ਜਪਾਨ ਬਹੁਤ ਗਰੀਬ ਹੈ। ਖਿਲਕਤ ਪਾਸ ਖਾਣ ਪੀਣ ਦਾ ਸਮਾਨ ਨਹੀਂ ਹੈ। ਏਸ ਸਾਲ ਬੜਾ ਕਾਲ ਪੈ ਰਿਹਾ ਹੈ। ਇਕ ਪਾਸੇ ਫਸਲ ਥੋੜੀ ਹੋਈ ਹੈ। ਮੱਛੀਆਂ ਵੀ ਥੋੜੀਆਂ ਫੜੀਆਂ ਗਈਆਂ ਹਨ। ਬਸ ਲੋਕਾਂ ਨੇ ਕਾਲ ਦਾ ਸਾਹਮਣਾ ਕਰਨਾ ਹੈ। ਏਸ ਤੋਂ ਬਗੈਰ ਜੰਗੀ ਜਹਾਜ਼ ਦੇ ਅਫਸਰਾਂ ਨੇ ਜਰਮਨੀ ਤੋਂ ਕੁਛ ਵੱਡੀ (ਵੱਢੀ) ਲੈ ਕੇ ਉਨਾਂ ਦੇ ਸੁਦਾਗਰਾਂ ਤੋਂ ਕੁਝ ਮਾਲ ਖਰੀਦ ਲਿਆ ਸੀ। ਇਸ ਬਾਤ ਪੁਰ ਬੜਾ ਰੌਲਾ ਪੈ ਰਿਹਾ ਹੈ। ਲੋਕਾਂ ਨੇ ਇਕੱਠੇ ਹੋ ਕੇ ਰਾਜ ਸਭਾ ਦੇ ਮਕਾਨ ਪੁਰ ਧਾਵਾ ਕਰ ਦਿੱਤਾ ਹੈ।
ਏਸ ਬੇਇਨਤਜ਼ਾਮੀ ਦੀ ਵਜਾ ਤੋਂ ਜਾਪਾਨੀ ਕੌਮ ਬੜੀ ਨਰਾਜ਼ ਹੈ। ਉਹ ਖਿਆਲ ਕਰਦੇ ਹਨ ਕਿ ਏਨਾਂ ਦੇ ਬੱਚੇ ਤਾਂ ਲੜਾਈ ਵਿਚ ਮਰਨ ਅਤੇ ਐਹਲਕਾਰ ਤਨਖਾਹਾਂ ਤੋਂ ਬਗੈਰ ਵੱਢੀਆਂ ਲੈਣ, ਅਜਿਹੇ ਜਹਾਜ਼ ਤੋਂ ਕੌਮ ਨੂੰ ਕੀ ਫੈਦਾ ਹੈ। ਬਸ ਜਪਾਨੀ ਕੌਮ ਆਪਣੀ ਗਵਰਮਿੰਟ ਦਾ ਹਿਸਾਬ ਸਾਫ ਸਾਫ ਮੰਗਦੀ ਹੈ। ਜਿਤਨੀ ਜ਼ਿਆਦਾ ਦੇਸ਼ ਭਗਤੀ ਹੈ, ਉਨਾ ਹੀ ਜ਼ਿਆਦਾ ਏਸ ਦਾ ਗੁੱਸਾ ਹੈ। ਕਿਉਂਕਿ ਦੇਸ਼ ਭਗਤ ਕੌਮਾਂ ਰਿਆਸਤ ਵਿਚ ਗੜਬੜ ਅਤੇ ਬੇਈਮਾਨੀ ਇਕ ਪਲ ਨਹੀਂ ਸਹਿ ਸਕਦੀਆਂ। ਵਿਚਾਰ ਕਰੋ ਕਿ ਹਿੰਦੋਸਤਾਨ ਦੀਆਂ ਰਿਆਸਤਾਂ ਵਿਚ ਰੋਜ਼ ਰਿਸ਼ਵਤਾਂ ਲਈਆਂ ਜਾਂਦੀਆਂ ਹਨ। ਇਨਸਾਫ ਦਾ ਨਾਓ ਨਹੀਂ ਹੈ। ਐਹਲਕਾਰ ਦਫਤਰਾਂ ਵਿਚ ਆਪਣੇ ਹੀ ਭਾਈ ਭਰਾਵਾਂ ਨੂੰ ਭਰ ਦਿੰਦੇ ਹਨ। ਅਤੇ ਰਾਜੇ ਮਹਾਰਾਜੇ ਲੱਖਾਂ ਰੁਪਿਆ ਐਸ਼ ਵਿਚ ਖਰਾਬ ਕਰ ਦਿੰਦੇ ਹਨ, ਪਰ ਖਿਲਕਤ ਚੁੱਪ ਰਹਿੰਦੀ ਹੈ। ਇਹ ਮੁਰਦੀ ਕੌਮ ਦੀ ਨਿਸ਼ਾਨੀ ਹੈ। ਜਦ ਹਿੰਦੋਤਸਾਨ ਵਿਚ ਜ਼ਿੰਦਗੀ ਅਤੇ ਅਜ਼ਾਦੀ ਦੇ ਅਸੂਲ ਹੋਣਗੇ ਤਾਂ ਉਥੇ ਵੀ ਲੋਕ ਬੇਈਮਾਨ ਐਹਲਕਾਰਾਂ ਨੂੰ ਕੱਢ ਕੇ ਆਪ ਠੀਕ ਬੰਦੋਬਸਤ ਕਰਨਗੇ।
ਇਕ ਫੌਜੀ ਅਫਸਰ ਦਾ ਕਤਲ: ਦਿੱਲੀ ਤੋਂ ਖਬਰ ਆਈ ਹੈ ਕਿ ਇਕ ਫੌਜੀ ਅਫਸਰ ਬਟਲਰ ਨਾਵੇ 29 ਜਨਵਰੀ ਨੂੰ ਸਿਪਾਹੀਆਂ ਦਾ ਖੇਲ ਦੇਖ ਰਿਹਾ ਸੀ ਕਿ ਇਕ ਸਿਪਾਹੀ ਨੇ ਕਪਤਾਨ ਬਟਲਰ ਦੇ ਸੀਨੇ ਵਿਚ ਗੋਲੀ ਮਾਰੀ। ਕਪਤਾਨ ਝਟ ਜ਼ਮੀਨ Ḕਤੇ ਡਿਗ ਕੇ ਮਰ ਗਿਆ। ਕਪਤਾਨ ਬਟਲਰ ਨੇ ਵਜ਼ੀਰਸਤਾਨ ਦੀ ਲੜਾਈ ਵਿਚ ਬੜੀ ਬਹਾਦਰੀ ਕੀਤੀ ਸੀ। ਜਾਪਦਾ ਹੈ ਕਿ ਸਿਪਾਹੀ ਦਾ ਕਿਤੇ ਪਹਿਲਾਂ ਏਸ ਨਾਲ ਵੈਰ ਸੀ। ਅੱਜ ਕੱਲ ਸਿਪਾਹੀ ਲੋਕ ਆਪਣੇ ਅਫਸਰਾਂ ਦੀ ਝਿੜਕ ਅਤੇ ਘੂਰ ਨਹੀਂ ਸਹਿੰਦੇ ਕਿਉਂਕਿ ਅੱਜ ਕੱਲ ਅਜ਼ਾਦੀ ਦੀ ਵਾਸ਼ਨਾਂ ਵਿਚ ਹਰ ਇਕ ਆਦਮੀ ਆਪਣਾ ਹੱਕ ਪਛਾਨਣ ਲਗ ਪਿਆ ਹੈ।
ਜ਼ਰੂਰੀ ਖਬਰ: ਮੈਨੀਲਾ ਦੇ ਭਰਾਵਾਂ ਨੂੰ ਖਬਰ ਦਿੱਤੀ ਜਾਂਦੀ ਹੈ ਕਿ ਸ੍ਰੀਮਾਨ ਗੁਰੂ ਦੱਤ ਕੁਮਾਰ ਨਾਲ ਏਸ ਅਖਬਾਰ ਤੇ ਆਸ਼ਰਮ ਦਾ ਕੋਈ ਤਅਲਕ ਨਹੀਂ ਹੈ। ਅਤੇ ਜਿਹੜੇ ਭਾਈਆਂ ਨੇ ਪੈਸਾ ਭੇਜਣਾ ਹੋਵੇ, ਉਹ ਸਿੱਧਾ ਆਸ਼ਰਮ ਨੂੰ ਭੇਜਣ। (ਜਦੋਂ ਪੋਰਟਲੈਂਡ ਵਿਚ ਗਦਰ ਪਾਰਟੀ ਦਾ ਮੁੱਢ ਬੰਨ੍ਹਿਆਂ ਜਾ ਰਿਹਾ ਸੀ ਤਾਂ ਅਖਬਾਰ ਕੱਢਣ ਲਈ ਸਭ ਤੋਂ ਪਹਿਲਾਂ ਗੁਰੂ ਦੱਤ ਕੁਮਾਰ ਦਾ ਨਾਂ ਤਜਵੀਜ਼ ਕੀਤਾ ਗਿਆ ਸੀ। ਸ਼ਾਇਦ ਬਿਮਾਰੀ ਜਾਂ ਕੋਈ ਹੋਰ ਕਾਰਨ ਕਰ ਕੇ ਉਹ ਇਸ ਕੰਮ ਲਈ ਕੈਨੇਡਾ ਤੋਂ ਆ ਨਹੀਂ ਸਕਿਆ। -ਪੇਸ਼ਕਾਰ)
—
ਤਵਾਰੀਖ ਗਦਰ 1857
ਲੇਖਕ ਬੀਰ ਸਾਵਰਕਰ-ਸੱਤਵਾਂ ਭਾਗ
ਫਰੰਗੀ ਅਫਸਰ ਇਹ ਦੇਖ ਕੇ ਹੈਰਾਨ ਰਹਿ ਗਏ। ਕਿਉਂਕਿ ਉਨ੍ਹਾਂ ਨੂੰ ਏਸ ਰੈਜਮੈਂਟ ਦੀ ਵਫਾਦਾਰੀ ਦਾ ਪੂਰਾ ਯਕੀਨ ਸੀ। ਥੋੜੇ ਚਿਰ ਮਗਰੋਂ ਸਿਪਾਹੀਆਂ ਨੇ ਫਰੰਗੀਆਂ ਨੂੰ ਕਹਿ ਦਿੱਤਾ ਕਿ ਜੇ ਜਾਨ ਪਿਆਰੀ ਹੈ, ਤਦ ਅਲੀਗੜ੍ਹ ਛੱਡ ਦਿਓ। ਫਰੰਗੀਆਂ ਨੇ ਏਸ ਹੁਕਮ ਤੋਂ ਬੜਾ ਫੈਦਾ ਉਠਾਇਆ ਅਤੇ ਸਾਰਾ ਗੋਰੇ ਰੰਗ ਦਾ ਕੂੜਾ, ਅੱਧੀ ਰਾਤ ਤੋਂ ਪਹਿਲਾਂ ਹੀ ਉਡ ਗਿਆ। ਅਤੇ ਅਲੀ ਗੜ੍ਹ ਵਿਚ ਫਰੰਗੀ ਸ਼ਾਹੀ ਦਾ ਨਾਓ ਨਿਸ਼ਾਨ ਬਾਕੀ ਨਾ ਰਿਹਾ।
ਮੈਨਪੁਰ ਦੀ ਫੌਜ ਦਾ ਨਿਰਾਲਾ ਹੀ ਹਾਲ ਸੀ। ਇਕ ਦਿਨ ਅਫਸਰਾਂ ਨੂੰ ਪਤਾ ਲੱਗਾ ਕਿ ਰਾਜ ਨਾਥ ਸਿੰਘ ਨਾਵੇਂ ਇੱਕ ਦੇਸ਼ ਭਗਤ ਜੇਹੜਾ ਅੰਗਰੇਜ਼ਾਂ ਦੇ ਵਿਰੁਧ ਮੇਰਠ ਵਿਚ ਲੜਿਆ ਸੀ, ਨੇੜ ਦੇ ਪਿੰਡ ਵਿਚ ਕਿਸੇ ਕੰਮ ਆਇਆ ਹੋਇਆ ਹੈ। ਕੁਝ ਸਿਪਾਹੀ ਉਸ ਦੇ ਫੜਨ ਵਾਸਤੇ ਭੇਜੇ, ਪਰ ਫੜਨ ਦੇ ਥਾਂ ਏਹ ਸਿਪਾਹੀ ਉਸ ਨੂੰ ਬੜੀ ਹਿਫਾਜ਼ਤ ਨਾਲ ਕਿਸੇ ਹੋਰ ਥਾਂ ਛੱਡ ਆਏ। ਅਤੇ ਮੈਨਪੁਰ ਆ ਕੇ ਰਪੋਟ ਦਿੱਤੀ ਕਿ ਉਸ ਪਿੰਡ ਵਿਚ ਏਸ ਨਾਮ ਦਾ ਕੋਈ ਆਦਮੀ ਨਹੀਂ। ਰਾਮਦੇਵ ਸਿੰਘ ਨਾਮੇ ਇਕ ਸਿਪਾਹੀ ਪੁਰ ਹੁਕਮ ਨਾ ਮੰਨਣ ਦਾ ਜੁਰਮ ਲਾਇਆ ਗਿਆ ਅਤੇ ਉਸ ਪੁਰ ਗਾਰਦ ਲਾ ਕੇ ਅਲੀ ਗੜ੍ਹ ਚਲਾਨ ਕਰ ਦਿੱਤਾ, ਪਰ ਜਦ ਮੈਨਪੁਰ ਤੋਂ ਕੁਝ ਦੂਰ ਪੁਜੇ ਤਾਂ ਗਾਰਦ ਨੇ ਉਸ ਦੀਆਂ ਹੱਥ ਕੜੀਆਂ ਤੋੜ ਕੇ ਛੱਡ ਦਿਤਾ। ਅਤੇ ਆਪ ਮੁੜ ਆਈ। ਮੈਨਪੁਰ ਵਿਚ ਏਹ ਹਾਲ ਹੋ ਰਿਹਾ ਕਿ 22 ਮਈ ਨੂੰ ਅਲੀ ਗੜ੍ਹ ਦੀ ਅਜ਼ਾਦੀ ਦੀ ਖਬਰ ਮਿਲੀ। ਜਦ ਏਨਾਂ ਇਹ ਦੇਖਿਆ ਕਿ ਉਨ੍ਹਾਂ ਦੇ ਸਾਥੀਆਂ ਨੇ ਅਜ਼ਾਦੀ ਲੈ ਲਈ ਹੈ ਤਾਂ ਏਨਾਂ ਠਹਿਰਣ ਵਿਚ ਸ਼ਰਮ ਅਤੇ ਬਦਨਾਮੀ ਸਮਝਦੇ, ਉਸੀ ਰਾਤ ਗਦਰ ਕਰ ਦਿੱਤਾ। ਅਤੇ ਅੰਗਰੇਜ਼ਾਂ ਨੂੰ ਜਾਨ ਬਚਾ ਕੇ ਭਜ ਜਾਣ ਦਾ ਹੁਕਮ ਦਿੱਤਾ ਅਤੇ ਆਪ ਮੈਗਜ਼ੀਨ ਵਿਚੋਂ ਗੋਲਾ ਬਰੂਦ ਲੱਦ ਕੇ 2 ਤਰੀਖ ਦਿੱਲੀ ਵੱਲ ਤੁਰ ਪਏ।
ਅਟਾਵੇ ਦੀ ਫੌਜ ਦਾ ਭੀ ਏਹੀ ਹਾਲ ਸੀ। ਜਿਲੇ ਦੇ ਅਫਸਰਾਂ ਨੇ ਮੇਰਠ ਦੇ ਗਦਰ ਦੀ ਖਬਰ ਸੁਣਦੇ ਹੀ ਗੋਰੀ ਗਾਰਦ ਲੈ ਕੇ ਸ਼ੈਹਰ ਦੇ ਉਦਾਲੇ ਸੜਕਾਂ ਪੁਰ ਗੋਰੀ ਫੌਜ ਦਾ ਪੈਹਰਾ ਲੁਵਾ ਦਿੱਤਾ। 19 ਮਈ ਨੂੰ ਕੁਝ ਦੇਸ਼ ਭਗਤ ਸਿਪਾਹੀ ਮੇਰਠ ਤੋਂ ਏਧਰ ਦੀ ਲੰਘੇ। ਏਸ ਅਫਸਰ ਨੇ ਉਨ੍ਹਾਂ ਨੂੰ ਹਥਿਆਰ ਰੱਖ ਦੇਣ ਦਾ ਹੁਕਮ ਦਿੱਤਾ ਤਾਂ ਉਨ੍ਹਾਂ ਨੇ ਹੁਕਮ ਮੰਨ ਲਿਆ। ਫੇਰ ਥੋੜੇ ਚਿਰ ਮਗਰੋਂ ਵੇਲਾ ਦੇਖ ਕੇ ਉਨ੍ਹਾਂ ਫਿਰ ਹਥਿਆਰ ਚੁਕ ਲਏ ਅਤੇ ਸਾਰੀ ਗਾਰਦ ਨੂੰ ਮਾਰ ਦਿੱਤਾ। ਅਫਸਰ ਭਜ ਗਿਆ। ਦੇਸ਼ ਭਗਤਾਂ ਉਨ੍ਹਾਂ ਦੇ ਹਥਿਆਰ ਭੀ ਚੁਕ ਲਏ ਅਤੇ ਦਿੱਲੀ ਵੱਲ ਤੁਰ ਪਏ। ਫੇਰ ਉਹ ਫਰੰਗੀ ਅਫਸਰ ਨੇ ਪੁਲਿਸ ਨੂੰ ਲੈ ਕੇ ਦੇਸ਼ ਭਗਤਾਂ ਪੁਰ ਧਾਵਾ ਕੀਤਾ, ਪਰ ਪੁਲਿਸ ਨੇ ਉਨ੍ਹਾਂ ਪਾਸ ਜਾ ਕੇ ਉਲਟੀ ਫਰੰਗੀ ਅਫਸਰਾਂ ਪੁਰ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ ਅਤੇ ਉਥੇ ਚਿਤ ਰੱਖੇ।
ਸ਼ਾਮ ਦੇ ਵੇਲੇ ਅਟਾਵੇ ਦੀ ਫੌਜ ਬਿਗੜ ਗਈ ਅਤੇ 22 ਮਈ ਨੂੰ ਅਲੀ ਗੜ੍ਹ ਦੇ ਸਿਪਾਹੀ ਗਦਰ ਨਾ ਕਰਦੇ ਤਾਂ ਏਹ ਭੀ ਚੁਪ ਰਹਿੰਦੇ, ਪਰ ਉਨ੍ਹਾਂ ਦੀ ਖਬਰ ਸੁਣਦੇ ਹੀ 23 ਮਈ ਨੂੰ ਏਨਾਂ ਨੇ ਗਦਰ ਕਰ ਦਿੱਤਾ। ਅੰਗਰੇਜ਼ਾਂ ਦੇ ਬੰਗਲਿਆਂ ਪੁਰ ਹਮਲਾ ਕੀਤਾ, ਖਜ਼ਾਨੇ ਲੁਟ ਲਏ। ਜੇਲਖਾਨੇ ਤੋੜ ਕੇ ਕੈਦੀਆਂ ਨੂੰ ਸਿਪਾਹੀ ਬਣਾ ਲਿਆ ਅਤੇ ਅੰਗਰੇਜ਼ਾਂ ਨੂੰ ਕਹਿ ਦਿੱਤਾ, ਜੇ ਬਚਣਾ ਹੈ ਤਾਂ ਭਜ ਜਾਉ, ਨਹੀਂ ਮਾਰੇ ਜਾਵੋਗੇ। ਅੰਗਰੇਜ਼ ਬਾਲ-ਬੱਚੇ ਲੈ ਕੇ ਜਿਧਰ ਰਾਹ ਦੇਖੀ, ਭੱਜ ਗਏ। ਬਸ ਫੇਰ ਅਟਾਵੇ ਵਿਚੋਂ ਡੌਂਡੀ ਪਿਟ ਦਿੱਤੀ ਕਿ ਅਟਾਵਾ ਅਜ਼ਾਦ ਹੈ ਅਤੇ ਫਿਰ ਸਾਰੇ ਸਿਪਾਹੀ ਫੌਜ ਬਣਾ ਕੇ ਦਿੱਲੀ ਨੂੰ ਤੁਰ ਪਏ।
ਜਿਸ ਤਰ੍ਹਾਂ ਉਪਰ ਲਿਖਿਆ ਹੈ ਕਿ ਪਲਟਨ ਨੰਬਰ 9 ਨੂੰ ਅੰਗਰੇਜ਼ ਆਪਣੀ ਵਲ ਸਮਝਦੇ ਸੀ। ਕਹਿੰਦੇ ਸਨ, ਭਾਵੇਂ ਸਾਰੀਆਂ ਫੌਜਾਂ ਵਿਗੜ ਜਾਣ, ਏਹ ਸਾਡੇ ਵੱਲ ਰਹੂਗੀ, ਪਰ ਅਜ਼ਾਦੀ ਚਾਹ ਵਿਚ ਹਰ ਆਦਮੀ ਲੋਟ ਹੋ ਜਾਂਦਾ ਹੈ। ਏਸ ਵਾਸਤੇ ਅੰਗਰੇਜ਼ਾਂ ਦੀ ਸੱਚੀ ਦੋਸਤ ਅਤੇ ਵਫਾਦਾਰ ਫੌਜ ਛੇਕੜ ਬਿਗੜਨ ਦੀ ਬਜਾਏ ਸਭ ਤੋਂ ਪਹਿਲਾਂ ਤਲਵਾਰ ਖਿਚ ਕੇ ਅਜ਼ਾਦੀ ਦੇ ਨੇਕ ਕੰਮ ਵਿਚ ਅੱਗੇ ਤੁਰੀ। ਜਿਸ ਵਿਚ ਅਜ਼ਾਦੀ ਦੀ ਮੋਹਣੀ ਮੂਰਤ ਬਸ ਗਈ, ਉਸ ਦਾ ਜਨਮ ਸਫਲ ਹੈ।
ਅਜਮੇਰ ਤੋਂ ਬਾਰਾਂ ਮੀਲ ਨਸੀਰਾਬਾਦ ਵਿਚ ਛੌਣੀ ਸੀ। ਕਈ ਤੋਪਖਾਨੇ ਇਕ ਗੋਰੀ ਫੌਜ ਅਤੇ ਦੇਸੀ ਪਲਟਨ ਨੰਬਰ 30 ਅਤੇ ਬੰਬਈ ਭਾਲੇ ਬਰਦਾਰ ਫੌਜ ਨੰਬਰ ਇਕ ਇਥੇ ਸਨ। ਅਤੇ ਇਕ ਨਵੀਂ ਹੋਰ ਪਲਟਨ ਨੰਬਰ 15 ਵੀ ਮੇਰਠ ਤੋਂ ਆਈ ਹੋਈ ਸੀ। ਮੇਰਠ ਤੋਂ ਆਈ ਹੋਈ ਪਲਟਨ ਸਭ ਤੋਂ ਜ਼ਿਆਦਾ ਦੇਸ਼ ਭਗਤ ਅਤੇ ਅੰਗਰੇਜ਼ੀ ਰਾਜ ਦੇ ਸਖਤ ਵਿਰੁਧ ਸੀ। ਗਦਰ ਦੀ ਗੁਪਤ ਮੰਡਲੀ ਨੇ ਪ੍ਰਚਾਰ ਕਰ ਕੇ ਅੰਗਰੇਜ਼ਾਂ ਨਾਲ ਲੜਨ ਨੂੰ ਇਕ ਕਰ ਦਿੱਤਾ ਸੀ। ਅਤੇ ਏਸ ਪਲਟਨ ਦਾ ਜੋਸ਼ ਭਰਪੂਰ ਸੀ ਅਤੇ ਵੇਲਾ ਹੀ ਤੱਕ ਰਹੀ ਸੀ। ਬਸ ਦੋਹਾਂ ਪਾਸਿਆਂ ਤੋਂ ਗਦਰ ਦੀ ਗਰਮੋ ਗਰਮ ਖਬਰਾਂ ਸੁਣ ਕੇ ਏਨਾਂ ਨੇ 28 ਮਈ ਨੂੰ ਫਰੰਗੀਆਂ ਦਾ ਹੁਕਮ ਮੰਨਣਾ ਛੱਡ ਦਿੱਤਾ ਅਤੇ ਪਲਟਨ ਨੰæ 15 ਨੇ ਤੋਪਖਾਨਿਆਂ ਪੁਰ ਕਬਜ਼ਾ ਕਰ ਲਿਆ। ਬੰਬਈ ਭਾਲੇ ਬਰਦਾਰਾਂ ਅਤੇ ਗੋਰਿਆਂ ਤੋਪਖਾਨੇ ਫਿਰ ਲੈਣ ਖਾਤਰ ਧਾਵਾ ਕੀਤਾ, ਪਰ ਥੋੜੇ ਚਿਰ ਪਿਛੋਂ ਭਾਲੇ ਬਰਦਾਰਾਂ ਨੇ ਜਵਾਬ ਦੇ ਦਿੱਤਾ ਕਿ ਅਸੀਂ ਆਪਣੇ ਦੇਸੀ ਭਰਾਵਾਂ ਨਾਲ ਨਹੀਂ ਲੜਦੇ। ਜੇ ਤੁਸਾਂ ਪਰ ਕੋਈ ਬਾਹਰੋਂ ਦੁਸ਼ਮਣ ਆਵੇ ਤਾਂ ਲੜ ਸਕਦੇ ਹਾਂ। ਉਹ ਮੈਦਾਨ ਵਿਚੋਂ ਮੁੜ ਆਏ ਅਤੇ ਗੋਰੀ ਫੌਜ ਕਮਾਂਡਰਾਂ ਸਮੇਤ ਤੋਪਾਂ ਨਾਲ ਉਡਾ ਦਿੱਤੀ। ਖਜ਼ਾਨੇ ਲੁੱਟ ਲਏ। ਆਪਣਾ ਕਮਾਂਡਰ ਬਣਾ ਕੇ ਦਿੱਲੀ ਨੂੰ ਤੁਰ ਪਏ।
ਅਫਰੀਕਾ ਵਿਚ ਹਿੰਦੋਤਸਾਨੀ: ਅਮਰੀਕਾ ਦੇ ਪਤ੍ਰੱਕਾ Ḕਰੀਵਿਊ ਔਫ ਰੀਵਿਊ’ ਵਿਚ ਐਫਰੀਕਾ ਦੇ ਹਿੰਦੂਆਂ ਬਾਬਤ ਮਜ਼ਮੂਨ ਛਪਿਆ ਹੈ ਜਿਸ ਵਿਚ ਅਫਰੀਕਾ ਦੇ ਹਿੰਦੂਆਂ ਦੇ ਆਗੂ ਮਿਸਟਰ ਗਾਂਧੀ ਅਤੇ ਜਰਨੈਲ ਬੋਥਾ ਦੀ ਤਸਵੀਰ ਛਪੀ ਹੈ। ਇਹ ਪੱਤਰ ਵਿਚ ਲਿਖਦਾ ਹੈ ਕਿ ਐਫਰੀਕਾ ਦੇ ਹਿੰਦੂਆਂ ਦੇ ਰੌਲੇ ਦੇ ਸਬੱਬ ਅੰਗਰੇਜ਼ ਏਤਨੇ ਤੰਗ ਹੋਏ ਹਨ, ਜੈਸੇ 1857 ਦੇ ਗਦਰ ਦੇ ਵੇਲੇ ਤੰਗ ਹੋਏ ਸੀ। ਅੰਗਰੇਜ਼ਾਂ ਨੇ ਹਿੰਦੋਤਸਾਨ ਅਤੇ ਇੰਗਲੈਂਡ ਵਿਚ ਐਫਰੀਕਾ ਦੇ ਰੌਲੇ ਦੇ ਵਿਚਾਰ ਤੋਂ ਬਗੈਰ ਹੋਰ ਕੰਮ ਛੱਡ ਦਿੱਤੇ ਸਨ।
ਹੁਣ ਸਾਰੀ ਦੁਨੀਆਂ ਵਿਚ ਅੰਗਰੇਜ਼ਾਂ ਦੇ ਬੁਰੇ ਹਾਲਾਂ ਦੇ ਰੋਣੇ ਰੋਏ ਜਾਂਦੇ ਹਨ। ਪਿਟ ਲੋ ਸਿਰ ਫਰੰਗੀਓ। ਹੁਣ ਤੁਹਾਡੀ ਮੌਤ ਆਈ ਹੈ।
ਸਾਰੇ ਭਰਾਵਾਂ ਅੱਗੇ ਬੇਨਤੀ ਹੈ ਕਿ ਖਤ ਪੱਤਰ ਦੇ ਵੇਲੇ ਆਪਣਾ ਸਾਫ ਅਤੇ ਪੂਰਾ ਪਤਾ ਲਿਖਯਾ ਕਰਨ। ਪਤਾ ਨਾ ਪੜ੍ਹਿਆ ਜਾਣ ਕਰ ਕੇ ਅਸੀਂ ਜਵਾਬ ਨਹੀਂ ਦੇ ਸਕਦੇ। – ‘ਸਕੱਤ੍ਰ’