ਕੋਈ ਬੋਲੈ ਰਾਮ ਰਾਮ ਕੋਈ ਖੁਦਾਇ

ਡਾæ ਗੁਰਨਾਮ ਕੌਰ ਕੈਨੇਡਾ
ਰਾਮਕਲੀ ਰਾਗੁ ਵਿਚ ਪੰਚਮ ਪਾਤਿਸ਼ਾਹ ਨੇ ਇਸ ਸ਼ਬਦ ਵਿਚ ਧਾਰਮਿਕ ਅਨੇਕਤਾ ਅਤੇ ਉਸ ਅਨੇਕਤਾ ਵਿਚ ਸਹਿਯੋਗ ਦੀ ਗੱਲ ਕੀਤੀ ਹੈ। ਉਸ ਇੱਕ ਹੀ ਅਕਾਲ ਪੁਰਖ ਨੂੰ ਵੱਖਰੇ ਵੱਖਰੇ ਧਰਮਾਂ ਦੇ ਲੋਕ ਆਪੋ ਆਪਣੇ ਵਿਸ਼ਵਾਸ ਅਨੁਸਾਰ ਅਲੱਗ ਅਲੱਗ ਤਰੀਕੇ ਨਾਲ ਯਾਦ ਕਰਦੇ ਹਨ ਪਰ ਉਹ ਪਰਵਰਦਗਾਰ ਇੱਕ ਹੀ ਹੈ। ਗੁਰੂ ਸਾਹਿਬ ਫੁਰਮਾਉਂਦੇ ਹਨ, ਕੋਈ ਉਸ ਨੂੰ Ḕਰਾਮ ਰਾਮḔ ਕਹਿ ਕੇ ਯਾਦ ਕਰਦਾ ਹੈ ਅਤੇ ਕੋਈ ਉਸ ਨੂੰ ḔਖੁਦਾḔ ਦੇ ਨਾਮ ਨਾਲ ਪੁਕਾਰਦਾ ਹੈ। ਕੋਈ ਉਸ ਦੀ ਭਗਤੀ ḔਗੁਸਾਈਂḔ ਦੇ ਰੂਪ ਵਿਚ ਕਰਦਾ ਹੈ ਅਤੇ ਕੋਈ ਉਸ ਨੂੰ ḔਅਲਾਹḔ ਕਹਿ ਕੇ ਉਸ ਦੀ ਬੰਦਗੀ ਕਰਦਾ ਹੈ। ਉਸ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਹੈ ਜੋ ਇਸ ਬ੍ਰਹਿਮੰਡ ਦਾ ਮੂਲ ਸਰੋਤ ਹੈ, ਬਖ਼ਸ਼ਿੰਦ, ਸਭ ‘ਤੇ ਕਿਰਪਾ ਕਰਨ ਵਾਲਾ ਅਤੇ ਰਹਿਮ ਕਰਨ ਵਾਲਾ ਹੈ। ਭਾਵੇਂ ਉਸ ਨੂੰ ਵੱਖ ਵੱਖ ਨਾਂਵਾਂ ਨਾਲ ਯਾਦ ਕੀਤਾ ਜਾਂਦਾ ਹੈ ਪਰ ਉਹ ਅਕਾਲ ਪੁਰਖ ਇੱਕ ਹੀ ਹੈ।

ਗੁਰੂ ਸਾਹਿਬ ਅੱਗੇ ਦੱਸਦੇ ਹਨ, ਆਪਣੇ ਆਪਣੇ ਧਾਰਮਿਕ ਵਿਸ਼ਵਾਸ ਅਨੁਸਾਰ ਕੋਈ ਤੀਰਥਾਂ ‘ਤੇ ਇਸ਼ਨਾਨ ਕਰਦਾ ਹੈ ਅਤੇ ਕੋਈ ਹੱਜ ਕਰਨ ਵਾਸਤੇ ਮੱਕੇ ਜਾਂਦਾ ਹੈ। ਕਈ ਮਨੁੱਖ ਉਸ ਦੀ ਪੂਜਾ ਕਰਦੇ ਹਨ ਭਾਵ ਉਸ ਦੀ ਮੂਰਤੀ ਬਣਾ ਕੇ ਉਸ ਨੂੰ ਪੂਜਦੇ ਹਨ ਅਤੇ ਕਈ ਉਸ ਦੀ ਮਿਹਰ ਦੀ ਪ੍ਰਾਪਤੀ ਵਾਸਤੇ ਨਮਾਜ਼ ਪੜ੍ਹਦੇ ਹਨ, ਉਸ ਦੀ ਇਬਾਦਤ ਕਰਦੇ ਹਨ। ਕੋਈ ਹਿੰਦੂ ਹੋਣ ਕਰਕੇ ਆਪਣੇ ਧਰਮ-ਪੁਸਤਕ ਵੇਦਾਂ ਦਾ ਅਧਿਐਨ ਕਰਦਾ ਹੈ ਅਤੇ ਕੋਈ ਮੁਸਲਮਾਨ ਹੋਣ ਦੇ ਨਾਤੇ ਕੁਰਾਨ ਪੜ੍ਹਦਾ ਹੈ। ਇਸੇ ਤਰ੍ਹਾਂ ਕੋਈ ਇਸਲਾਮੀ ਰਵਾਇਤ ਅਨੁਸਾਰ ਨੀਲੇ ਰੰਗ ਦੇ ਵਸਤਰ ਪਹਿਨਦਾ ਹੈ ਅਤੇ ਕੋਈ ਆਪਣੀ ਹਿੰਦੂ ਪਰੰਪਰਾ ਦੀ ਪਾਲਣਾ ਕਰਦਿਆਂ ਚਿੱਟੇ ਕੱਪੜੇ ਪਾਉਂਦਾ ਹੈ। ਆਪੋ ਆਪਣੇ ਵਿਸ਼ਵਾਸ ਅਨੁਸਾਰ ਕੋਈ ਕਹਿੰਦਾ ਹੈ ਕਿ ਉਹ ḔਹਿੰਦੂḔ ਹੈ ਅਤੇ ਕੋਈ ਆਪਣੇ ਅਕੀਦੇ ਅਨੁਸਾਰ ਖੁਦ ਨੂੰ ਮੁਸਲਮਾਨ ਕਹਾਉਂਦਾ ਹੈ। ਇਸੇ ਤਰ੍ਹਾਂ ਆਪਣੇ ਆਪਣੇ ਵਿਸ਼ਵਾਸ ਅਨੁਸਾਰ ਕੋਈ ਸਵਰਗ ਦੀ ਇੱਛਾ ਕਰਦਾ ਹੈ ਅਤੇ ਕੋਈ ਬਹਿਸ਼ਤ ਲਈ ਦੁਆ ਕਰਦਾ ਹੈ।
ਗੁਰੂ ਸਾਹਿਬ ਉਸ ਅਕਾਲ ਪੁਰਖ ਨੂੰ ਪਾਉਣ ਦਾ ਰਸਤਾ ਦੱਸਦੇ ਹਨ ਕਿ ਜਿਸ ਮਨੁੱਖ ਨੇ ਉਸ ਅਕਾਲ ਪੁਰਖ ਦੇ ਹੁਕਮ ਨੂੰ ਪਛਾਣ ਲਿਆ ਉਸ ਨੇ ਹੀ ਉਸ ਦਾ ਭੇਦ ਪਾ ਲਿਆ ਹੈ। ਕਹਿਣ ਤੋਂ ਭਾਵ ਕਿ ਉਸ ਇੱਕ ਅਕਾਲ ਪੁਰਖ ਦਾ ਹੁਕਮ ਸਾਰੇ ਵਿਆਪਕ ਹੈ ਅਤੇ ਜੋ ਮਨੁੱਖ ਇਸ ਤੱਥ ਦੀ ਪਛਾਣ ਕਰ ਲੈਂਦਾ ਹੈ, ਉਸ ਨੂੰ ਪਰਮਾਤਮਾ ਦਾ ਭੇਦ ਪਤਾ ਲਗਦਾ ਹੈ ਕਿ ਉਹ ਇੱਕ ਹੀ ਹੈ ਅਤੇ ਹਰ ਥਾਂ, ਹਰ ਇੱਕ ਜੀਅ ਵਿਚ ਉਸ ਦੀ ਹੀ ਜੋਤਿ ਇਕਸਾਰ ਵਿਆਪਕ ਹੈ:
ਕੋਈ ਬੋਲੈ ਰਾਮ ਰਾਮ ਕੋਈ ਖੁਦਾਇ॥
ਕੋਈ ਸੇਵੈ ਗੁਸਾਈਆ ਕੋਈ ਅਲਾਹਿ॥੧॥
ਕਾਰਣ ਕਰਣ ਕਰੀਮ॥
ਕਿਰਪਾ ਧਾਰਿ ਰਹੀਮ॥੧॥ਰਹਾਉ॥
ਕੋਈ ਨਾਵੈ ਤੀਰਥਿ ਕੋਈ ਹਜ ਜਾਇ॥
ਕੋਈ ਕਰੈ ਪੂਜਾ ਕੋਈ ਸਿਰੁ ਨਿਵਾਇ॥੨॥
ਕੋਈ ਪੜੈ ਬੇਦ ਕੋਈ ਕਤੇਬ॥
ਕੋਈ ਓਢੈ ਨੀਲ ਕੋਈ ਸੁਪੇਦ॥੩॥
ਕੋਈ ਕਹੈ ਤੁਰਕੁ ਕੋਈ ਕਹੈ ਹਿੰਦੂ॥
ਕੋਈ ਬਾਛੈ ਭਿਸਤੁ ਕੋਈ ਸੁਰਗਿੰਦੂ॥੪॥
ਕਹੁ ਨਾਨਕ ਜਿਨਿ ਹੁਕਮੁ ਪਛਾਤਾ॥
ਪ੍ਰਭ ਸਾਹਿਬ ਕਾ ਤਿਨਿ ਭੇਦੁ ਜਾਤਾ॥੫॥੯॥ (ਪੰਨਾ ੮੮੫)
ਸਿੱਖ ਧਰਮ ਚਿੰਤਨ ਵਿਚ ਅਨੇਕਵਾਦ ਨੂੰ ਜਾਂ ਇਉਂ ਕਹਿ ਲਈਏ ਕਿ ḔਦੂਸਰੇḔ ਨੂੰ ਅਪਨਾਉਣ ਦੀ ਸਿੱਖਿਆ ਦਿੱਤੀ ਗਈ ਹੈ ਕਿ ਸਾਰੇ ਮਨੁੱਖ, ਨਸਲਾਂ, ਧਰਮ, ਖਿੱਤੇ, ਅਰਥਾਤ ਇਸ ਬ੍ਰਹਿਮੰਡੀ ਸਿਰਜਣਾ ਦਾ ਸੋਮਾ ਇੱਕ ਅਕਾਲ ਪੁਰਖ ਹੈ। ਇਸ ਲਈ ਕਿਸੇ ਵੀ ਕੌਮ, ਧਰਮ ਜਾਂ ਨਸਲ ਨਾਲ ਸਬੰਧਤ ਹੋਣ ਕਰਕੇ ਮਨੁੱਖ ਨੂੰ ਮਨੁੱਖ ਨਾਲ ਨਫ਼ਰਤ ਕਰਨ ਦੀ ਆਗਿਆ ਨਹੀਂ ਦਿੱਤੀ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਕਲਨ ਅਤੇ ਬਾਣੀ ਤੋਂ ਇਹ ਤੱਥ ਬਹੁਤ ਚੰਗੀ ਤਰ੍ਹਾਂ ਸਪੱਸ਼ਟ ਹੋ ਜਾਂਦਾ ਹੈ। ਉਪਰ ਦਿੱਤੇ ਸ਼ਬਦ ਵਿਚ ਹਿੰਦੂ ਅਤੇ ਮੁਸਲਿਮ ਧਰਮ ਦੇ ਹਵਾਲੇ ਨਾਲ ਇਸੇ ਸਿਧਾਂਤ ਨੂੰ ਦ੍ਰਿੜ ਕਰਾਇਆ ਹੈ। Ḕਅਕਾਲ ਉਸਤਤਿḔ ਵਿਚ ਵੀ ਵੱਖ ਵੱਖ ਧਰਮਾਂ, ਕੌਮਾਂ ਅਤੇ ਮੁਲਕਾਂ ਦੇ ਵਾਸੀਆਂ ਦੀ ਗੱਲ ਕੀਤੀ ਗਈ ਹੈ ਅਤੇ ਸਿੱਟਾ ਇਹੀ ਕੱਢਿਆ ਹੈ ਕਿ “ਏਕ ਹੀ ਸਰੂਪ ਸਬੈ ਏਕੈ ਜੋਤਿ ਜਾਨਬੋ।”
ਭਾਰਤ ਦੀਆਂ ਯੂਨੀਵਰਸਿਟੀਆਂ ਵਿਚ ਜਿਵੇਂ ਇੱਕ ਤੋਂ ਬਾਅਦ ਦੂਜੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਇਸ ਦੇ ਵਿਸਥਾਰ ਵਿਚ ਜਾਣ ਦੀ ਇਥੇ ਜ਼ਰੂਰਤ ਨਹੀਂ ਹੈ। ਪਾਠਕਾਂ ਨੇ 20 ਫਰਵਰੀ ਦੇ Ḕਪੰਜਾਬ ਟਾਈਮਜ਼Ḕ ਦੀ ਮੁੱਖ ਖਬਰ “ਮੋਦੀ ਸਰਕਾਰ ਦੀ Ḕਦੇਸ਼ ਭਗਤੀḔ ਸਵਾਲਾਂ ਵਿਚ ਘਿਰੀ”, ਦਲਜੀਤ ਅਮੀ ਦਾ ਲੇਖ Ḕਕਨੱ੍ਹਈਆ ਕੁਮਾਰ ਦਾ ਰੋਹਿਤ ਵੇਮੁਲਾ ਹੋਣ ਤੋਂ ਇਨਕਾਰḔ ਅਤੇ ਬੂਟਾ ਸਿੰਘ ਦਾ “ਹਿੰਦੂਤਵੀ ਫਾਸ਼ੀਵਾਦ ਅਤੇ ਜੇæ ਐਨæ ਯੂæ ਦੀ ਚੁਣੌਤੀḔ ਲੇਖ ਬਹੁਤ ਹੀ ਧਿਆਨ ਨਾਲ ਪੜ੍ਹੇ ਹੋਣਗੇ ਜਿਨ੍ਹਾਂ ਵਿਚ ਤੱਥਾਂ ਸਮੇਤ ਭਰਪੂਰ ਜਾਣਕਾਰੀ ਦਿੱਤੀ ਗਈ ਹੈ। ਮੁੱਖ ਸਵਾਲ Ḕਦੇਸ਼ ਭਗਤੀḔ ਜਾਂ Ḕਰਾਸ਼ਟਰਵਾਦḔ ਦਾ ਹੈ ਕਿ ਇਸ ਦਾ ਠੇਕਾ ਕਿਸ ਨੇ ਲਿਆ ਹੈ ਜਾਂ ਕੌਣ ਹਨ ਜੋ ਆਪਣੇ ਆਪ ਨੂੰ ਹੀ Ḕਦੇਸ਼ ਭਗਤੀḔ ਦੇ ਠੇਕਾਦਾਰ ਸਮਝਦੇ ਹਨ? ਸਰਕਾਰ ਦੀਆਂ ਨੀਤੀਆਂ ਜਾਂ ਆਪਣੇ ਵਿਚਾਰਾਂ ਦਾ ਵਿਰੋਧ ਕਰਨ ਵਾਲਿਆਂ ਨੂੰ Ḕਦੇਸ਼ ਧਰੋਹੀḔ ਸਮਝਦੇ ਹਨ?
ਪਿਛਲੇ ਲੇਖ ਵਿਚ ਨੀਡੋ ਤਾਨੀਆ ਦੇ ਹਵਾਲੇ ਨਾਲ ਗੱਲ ਕੀਤੀ ਸੀ ਕਿ ਉਸ ਦੇ ਕਤਲ ਤੋਂ ਬਾਅਦ ਟੀæਵੀæ ਚੈਨਲਾਂ ਵੱਲੋਂ ਜੋ ਬਹਿਸ ਛੇੜੀ ਗਈ, ਉਸ ਵਿਚ ਮੁੱਖ ਪ੍ਰਸ਼ਨ ਇਹ ਉਠਾਇਆ ਗਿਆ ਸੀ ਕਿ Ḕਹੂ ਇਜ਼ ਇੰਡੀਅਨ?Ḕ (ਭਾਰਤੀ ਕੌਣ ਹੈ?) ਇਸ ਦੀ ਪਰਿਭਾਸ਼ਾ ਕਿਵੇਂ ਅਤੇ ਕੀ ਕੀਤੀ ਜਾਵੇ? ਅਤੇ ਇਸ ਦਾ ਫੈਸਲਾ ਕਿਸ ਨੇ ਕਰਨਾ ਹੈ? ਇਸ ਦੇ ਨਾਲ ਹੀ ਪ੍ਰਸ਼ਨ ਇਹ ਵੀ ਬਣਦਾ ਹੈ ਕਿ ਕੀ ਇਸ ਦਾ ਫੈਸਲਾ ਹਿੰਦੂਤਵੀ ਤੱਤਾਂ ਨੇ ਕਰਨਾ ਹੈ? ਅਤੇ ਉਹ ਕੌਣ ਹੁੰਦੇ ਹਨ ਅਤੇ ਉਨ੍ਹਾਂ ਨੂੰ ਕਿਸ ਨੇ ਹੱਕ ਦਿੱਤਾ ਹੈ? ਹੈਦਰਾਬਾਦ ਯੂਨੀਵਰਸਿਟੀ ਵਿਚ ਰੋਹਿਤ ਵੇਮੁਲਾ ਦੇ ਸਬੰਧ ਵਿਚ ਕੇਂਦਰੀ ਮੰਤਰੀਆਂ ਦੇ ਰਵੱਈਏ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨੂੰ ਜਿਸ ਤਰ੍ਹਾਂ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਵਕੀਲਾਂ ਨੇ ਕੋਰਟ ਵਿਚ ਜਿਸ ਤਰ੍ਹਾਂ ਵਿਦਿਆਰਥੀਆਂ, ਅਧਿਆਪਕਾਂ ਅਤੇ ਪੱਤਰਕਾਰਾਂ ਨੂੰ ਸ਼ੱਰ੍ਹੇਆਮ ਕੁੱਟਿਆ ਹੈ, ਇਸ ਨਾਲ ਅਗਲਾ ਸਵਾਲ ਇਹ ਪੈਦਾ ਹੋ ਗਿਆ ਹੈ ਕਿ Ḕਦੇਸ਼ ਭਗਤḔ ਕੌਣ ਹੈ ਅਤੇ Ḕਦੇਸ਼ ਧਰੋਹੀḔ ਕੌਣ ਹੈ?
ਭਾਰਤੀ ਗਣਰਾਜ ਵਿਚ ਕੋਈ 29 ਪ੍ਰਾਂਤ ਹਨ, ਦਿੱਲੀ ਨੈਸ਼ਨਲ ਕੈਪੀਟਲ ਸਿਟੀ ਅਤੇ ਇਸ ਦੇ ਨਾਲ ਹੀ ਛੇ ਕੁ ਯੂਨੀਅਨ ਟੈਰੇਟਰੀਜ਼ ਅਰਥਾਤ ਕੇਂਦਰ ਸ਼ਾਸਤ ਪ੍ਰਦੇਸ ਹਨ। ਇਨ੍ਹਾਂ ਸਾਰਿਆਂ ਦੇ ਰੀਤੀ-ਰਿਵਾਜ, ਲੋਕ-ਪਰੰਪਰਾਵਾਂ, ਸਭਿਆਚਾਰ, ਪਹਿਰਾਵਾ- ਸਭ ਕੁਝ ਹੀ ਵਿਭਿੰਨ ਹੈ। ਹਰ ਪ੍ਰਾਂਤ ਦੀ ਬੋਲੀ ਜਾਣ ਵਾਲੀ ਭਾਸ਼ਾ ਵੀ ਅਲੱਗ ਅਲੱਗ ਹੈ। ਵਿਕੀਪੀਡੀਆ ਅਨੁਸਾਰ ਭਾਰਤ ਵਿਚ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਕਈ ਭਾਸ਼ਾ-ਪਰਿਵਾਰਾਂ ਨਾਲ ਸਬੰਧਤ ਹਨ ਜਿਵੇਂ ਭਾਰਤੀ-ਆਰੀਅਨ, ਭਾਰਤੀ-ਦਰਾਵੜੀਅਨ, ਐਸਟਰੋਏਸੀਐਟਕ, ਸੀਨੋ-ਤਿਬਤਨ, ਤਾਈ-ਕਦਾਈ ਅਤੇ ਮਹਾਨ ਅੰਡੇਮਾਨੀ ਭਾਸ਼ਾ ਪਰਿਵਾਰ। ਇਨ੍ਹਾਂ ਵਿਚੋਂ ਭਾਰਤੀ-ਆਰੀਅਨ ਪਰਿਵਾਰ ਦੀਆਂ ਬੋਲੀਆਂ ਸਭ ਤੋਂ ਵੱਧ ਲੋਕਾਂ ਵੱਲੋਂ ਬੋਲੀਆਂ ਜਾਂਦੀਆਂ ਹਨ। ਭਾਰਤੀ ਸੰਵਿਧਾਨ ਵਿਚ ਕਿਸੇ ਭਾਸ਼ਾ ਨੂੰ ਵੀ ਰਾਸ਼ਟਰੀ ਭਾਸ਼ਾ ਦਾ ਦਰਜਾ ਨਹੀਂ ਦਿੱਤਾ ਗਿਆ ਅਤੇ ਸਰਕਾਰੀ ਭਾਸ਼ਾ ਲਈ ਦੁਭਾਸ਼ੀ ਪਹੁੰਚ ਅਪਨਾਈ ਗਈ ਹੈ ਜਿਸ ਅਨੁਸਾਰ ਸਰਕਾਰੀ ਕੰਮਾਂ ਲਈ ਅੰਗਰੇਜ਼ੀ ਅਤੇ ਹਿੰਦੀ ਜੋ ਦੇਵਨਾਗਰੀ ਲਿੱਪੀ ਵਿਚ ਲਿਖੀ ਜਾਂਦੀ ਹੈ, ਦੋਵਾਂ ਭਾਸ਼ਾਵਾਂ ਦੀ ਵਰਤੋਂ ਹੁੰਦੀ ਹੈ। 22 ਭਾਸ਼ਾਵਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਸੂਚੀਵਧ ਕੀਤਾ ਗਿਆ ਅਤੇ ਮਾਨਤਾ ਦਿੱਤੀ ਗਈ ਹੈ। ਤਾਮਿਲ, ਸੰਸਕ੍ਰਿਤ, ਕਨੜ, ਤੈਲਗੂ, ਮਲਿਆਲਮ ਅਤੇ ਉੜੀਆ ਨੂੰ ਟਕਸਾਲੀ ਅਰਥਾਤ ਪੁਰਾਤਨ ਭਾਸ਼ਾ ਹੋਣ ਦਾ ਦਰਜਾ ਦਿੱਤਾ ਗਿਆ ਹੈ।
ਸੰਨ 2001 ਦੀ ਜਨਗਣਨਾ ਅਨੁਸਾਰ ਭਾਰਤ ਵਿਚ ਬੋਲੀਆਂ ਜਾਣ ਵਾਲੀਆਂ ਪ੍ਰਮੁੱਖ ਬੋਲੀਆਂ ਦੀ ਗਿਣਤੀ 122 ਹੈ, ਜਿਨ੍ਹਾਂ ਵਿਚੋਂ 30 ਬੋਲੀਆਂ ਅਜਿਹੀਆਂ ਹਨ ਜਿਨ੍ਹਾਂ ਨੂੰ ਇੱਕ ਮਿਲੀਅਨ ਤੋਂ ਵੱਧ ਲੋਕ ਬੋਲਦੇ ਹਨ। ਦੋ ਭਾਸ਼ਾਵਾਂ ਅਜਿਹੀਆਂ ਹਨ ਜੋ ਸੰਪਰਕ-ਬੋਲੀਆਂ ਰਹੀਆਂ ਹਨ ਜਿਨ੍ਹਾਂ ਨੇ ਬਹੁਤ ਅਹਿਮ ਫਰਜ਼ ਨਿਭਾਇਆ ਹੈ: ਫਾਰਸੀ ਅਰਥਾਤ ਪਰਸ਼ੀਅਨ ਜੋ ਮੁਸਲਿਮ ਰਾਜ ਸਮੇਂ ਕਈ ਸਦੀਆਂ ਲਈ ਅੰਗਰੇਜ਼ਾਂ ਦੇ ਆਉਣ ਤੱਕ ਸਰਕਾਰੀ ਭਾਸ਼ਾ ਰਹੀ ਅਤੇ ਅੰਗਰੇਜ਼ੀ ਜੋ ਅੰਗਰੇਜ਼ਾਂ ਦੇ ਆਉਣ ਨਾਲ ਕਾਲੋਨੀ ਰਾਜ ਵੇਲੇ ਸਰਕਾਰੀ ਭਾਸ਼ਾ ਬਣੀ। ਤੈਲਗੂ, ਤਾਮਿਲ, ਬੰਗਾਲੀ, ਮਰਾਠੀ, ਉਰਦੂ, ਗੁਜਰਾਤੀ, ਕੰਨੜ, ਮਲਿਆਲਮ, ਉੜੀਆ, ਪੰਜਾਬੀ ਅਤੇ ਅਸਾਮੀ ਪ੍ਰਸਿੱਧ ਭਾਸ਼ਾਵਾਂ ਹਨ। ਬੋਲੀਆਂ ਜਾਣ ਵਾਲੀਆਂ ਭਾਸ਼ਾ, ਸਭਿਆਚਾਰ, ਲੋਕ-ਪਰੰਪਰਾਵਾਂ ਅਤੇ ਵੱਖੋ ਵੱਖਰੇ ਪਹਿਰਾਵੇ ਦੇ ਨਾਲ ਨਾਲ ਹਿੰਦੁਸਤਾਨ ਇੱਕ ਬਹੁ-ਧਰਮੀ ਦੇਸ਼ ਵੀ ਹੈ।
ਭਾਰਤ ਵਿਚ ਪੈਦਾ ਹੋਣ ਵਾਲੀਆਂ ਧਾਰਮਿਕ ਪਰੰਪਰਾਵਾਂ ਵੀ ਦੋ ਕਿਸਮ ਦੀਆਂ ਹਨ- ਵੈਦਿਕ ਅਤੇ ਸ਼ਰਮਣਿਕ। ਵੇਦਾਂ ਵਿਚ ਆਸਥਾ ਰੱਖਣ ਵਾਲੇ ਧਰਮ, ਜਿਸ ਨੂੰ ਪਿੱਛੋਂ ਆ ਕੇ ਹਿੰਦੂ ਧਰਮ ਕਿਹਾ ਜਾਣ ਲੱਗਿਆ, ਦੀਆਂ ਅਨੇਕਾਂ ਸੰਪਰਦਾਵਾਂ ਅਤੇ ਫਿਰਕੇ ਹਨ। ਸ਼ਰਮਣਕ ਧਰਮ, ਜਿਹੜੇ ਵੇਦਾਂ ਵਿਚ ਆਸਥਾ ਨਹੀਂ ਰੱਖਦੇ ਅਤੇ ਜਿਨ੍ਹਾਂ ਨੂੰ ਨਾਸਤਿਕ ਧਰਮ ਵੀ ਕਿਹਾ ਜਾਂਦਾ ਹੈ, ਬੁੱਧ ਧਰਮ ਅਤੇ ਜੈਨ ਧਰਮ ਹਨ। ਇਨ੍ਹਾਂ ਸਾਰਿਆਂ ਤੋਂ ਬਹੁਤ ਬਾਅਦ ਅਰਥਾਤ ਪੰਦਰਵੀਂ ਸਦੀ ਵਿਚ ਜਿਸ ਧਰਮ ਦੀ ਨੀਂਹ ਗੁਰੂ ਨਾਨਕ ਸਾਹਿਬ ਨੇ ਰੱਖੀ ਅਤੇ 1699 ਦੀ ਵਿਸਾਖੀ ਨੂੰ ਖਾਲਸਾ ਸਾਜ ਕੇ ਦਸਵੇਂ ਗੁਰੂ ਗੋਬਿੰਦ ਸਿੰਘ ਨੇ ਇਸ ਨੂੰ ਅੰਤਿਮ ਰੂਪ ਦਿੱਤਾ, ਮੇਰੀ ਮੁਰਾਦ ਸਿੱਖ ਧਰਮ ਤੋਂ ਹੈ, ਵੀ ਇੱਕ ਗੈਰ-ਵੈਦਿਕ ਅਤੇ ਭਾਰਤ ਵਿਚ ਪੈਦਾ ਹੋਇਆ ਧਰਮ ਹੈ।
ਇਸ ਤੋਂ ਇਲਾਵਾ ਸਾਮੀ ਧਰਮ ਅਰਥਾਤ ਇਸਲਾਮ, ਜੋਰਾਸ਼ਟਰੀਅਨ ਅਰਥਾਤ ਪਾਰਸੀ, ਯਹੂਦੀ ਅਤੇ ਇਸਾਈ ਧਰਮ ਵੀ ਸਦੀਆਂ ਪਹਿਲਾਂ ਹਿੰਦੁਸਤਾਨ ਵਿਚ ਸਥਾਪਤ ਹੋ ਚੁੱਕੇ ਹਨ। ਇਸ ਕਿਸਮ ਦੇ ਅਨੇਕਵਾਦੀ ਸਭਿਆਚਾਰ, ਲੋਕ-ਪਰੰਪਰਾਵਾਂ, ਬੋਲੀਆਂ, ਪਹਿਰਾਵੇ ਅਤੇ ਬਹੁ-ਧਰਮੀ ਦੇਸ਼ ਦੇ ਬਾਸ਼ਿੰਦਿਆਂ ਨੂੰ ਕੀ ਕਿਸੇ ਇੱਕ ਵਿਚਾਰਧਾਰਾ, ਬੋਲੀ, ਪਹਿਰਾਵੇ, ਪਰੰਪਰਾ, ਧਾਰਮਿਕ ਵਿਸ਼ਵਾਸ ਆਦਿ ਨਾਲ ਸੰਤੁਸ਼ਟ ਕੀਤਾ ਜਾ ਸਕਦਾ ਹੈ? ਰੋਟੀ, ਕੱਪੜਾ, ਮਕਾਨ, ਵਿੱਦਿਆ, ਸਿਹਤ ਸੰਭਾਲ ਆਦਿ ਲੋਕਾਂ ਦੀਆਂ ਮੁਢਲੀਆਂ ਲੋੜਾਂ ਹਨ। ਇਨ੍ਹਾਂ ਲੋੜਾਂ ਨੂੰ ਬਿਨਾ ਕਿਸੇ ਵਿਤਕਰੇ ਦੇ ਪੂਰਾ ਕਰਨਾ ਅਤੇ ਉਨ੍ਹਾਂ ਦੇ ਮੁਢਲੇ ਮਾਨਵੀ ਹੱਕਾਂ ਦੀ ਰਾਖੀ ਕਰਨੀ ਸਰਕਾਰਾਂ ਦਾ ਫਰਜ਼ ਵੀ ਹੈ ਅਤੇ ਜਿੰਮੇਵਾਰੀ ਵੀ। ਜਿਹੜੀ ਸਰਕਾਰ ਇਨ੍ਹਾਂ ਲੋੜਾਂ ਨੂੰ ਪੂਰਿਆਂ ਨਹੀਂ ਕਰਦੀ ਅਤੇ ਜਿਸ ਕਰਕੇ ਲੋਕ ਆਪਣੇ ਹੱਕਾਂ ਦੀ ਅਵਾਜ਼ ਉਠਾਉਂਦੇ ਹਨ, ਉਹ ਸਰਕਾਰ ਦੀਆਂ ਨੀਤੀਆਂ ਦੀ ਮੁਖ਼ਾਲਫ਼ਤ ਹੈ, ਨਾ ਕਿ ਦੇਸ਼-ਧਰੋਹੀ। ਦੇਸ਼-ਧਰੋਹੀ ਤਾਂ ਉਹ ਹਨ ਜੋ ਲੋਕਾਂ ਦੇ ਖੂਨ-ਪਸੀਨੇ ਦੀ ਕਮਾਈ ‘ਤੇ ਪਲਦੇ ਹਨ, ਲੋਕਾਂ ਦਾ ਪੈਸਾ ਖਾਂਦੇ ਹਨ, ਚੋਰ-ਬਜ਼ਾਰੀਆਂ ਕਰਦੇ ਅਤੇ ਗਲਤ ਢੰਗਾਂ ਨਾਲ ਕਾਲਾ ਧਨ ਜਮ੍ਹਾਂ ਕਰਦੇ ਹਨ। ਅੱਜ ਕਿਉਂ ਗ਼ਰੀਬ ਹੋਰ ਗ਼ਰੀਬ ਅਤੇ ਅਮੀਰ ਹੋਰ ਅਮੀਰ ਹੋਈ ਜਾਂਦਾ ਹੈ?
Ḕਪੈਟਰਿਓਏਟਿਜ਼ਮḔ ਅਰਥਾਤ ਦੇਸ਼-ਭਗਤੀ ਹੈ ਕੀ? ਇਸ ਵਿਚ ਭਾਵੇਂ ਫਿਲਾਸਫਰਾਂ ਨੇ ਕਦੇ ਬਹੁਤੀ ਦਿਲਚਸਪੀ ਨਹੀਂ ਲਈ ਪਰ ਆਧੁਨਿਕ ਸਮਿਆਂ ਵਿਚ ਵੱਖ ਵੱਖ ਵਿਦਵਾਨਾਂ ਨੇ ਇਸ ‘ਤੇ ਵਿਚਾਰ-ਚਰਚਾ ਜ਼ਰੂਰ ਕੀਤੀ ਹੈ। ਅਜਿਹੇ ਹੀ ਵਿਚਾਰ ਅਨੁਸਾਰ ਇਸ ਦਾ ਇੱਕ ਅਰਥ ਕੀਤਾ ਜਾਂਦਾ ਹੈ: ਆਪਣੇ ਮੁਲਕ ਲਈ ਖਾਸ ਪ੍ਰੇਮ, ਮੁਲਕ ਨਾਲ ਨਿਜੀ ਇਕਰੂਪਤਾ ਦੀ ਭਾਵਨਾ, ਮੁਲਕ ਦੀ ਬਿਹਤਰੀ ਵਾਸਤੇ ਖਾਸ ਲਗਾਉ, ਦੇਸ਼ ਦੀ ਭਲਾਈ ਵਾਸਤੇ ਕੁਰਬਾਨ ਹੋਣ ਦਾ ਜਜ਼ਬਾ ਆਦਿ। ਇਸ ਅਨੁਸਾਰ ਕਿਹਾ ਜਾ ਸਕਦਾ ਹੈ ਕਿ ਦੇਸ਼-ਭਗਤੀ ਦੀ ਪਰਿਭਾਸ਼ਾ ਆਪਣੇ ਮੁਲਕ ਲਈ ਪ੍ਰੇਮ, ਨਿਜੀ ਇਕਰੂਪਤਾ ਅਤੇ ਆਪਣੇ ਹਮ-ਵਤਨੀਆਂ ਦੀ ਭਲਾਈ ਵਾਸਤੇ ਖਾਸ ਲਗਾਉ ਅਰਥਾਤ ਹਮ-ਵਤਨੀਆਂ ਜਾਂ ਵਤਨ ਦੀ ਬਿਹਤਰੀ ਲਈ ਮਰ ਮਿਟਣ ਦਾ ਜਜ਼ਬਾ। ਇਹ ਸਿਰਫ ਇੱਕ ਪਰਿਭਾਸ਼ਾ ਹੈ। ਜੋ ਹੋਰ ਵਿਚਾਰ-ਚਰਚਾ ਲਈ ਇੱਕ ਬੁਲਾਵਾ ਹੈ।
ਵੀਹਵੀਂ ਸਦੀ ਦੇ ਕੁੱਝ ਵਿਦਵਾਨਾਂ ਨੇ ਦੇਸ਼-ਭਗਤੀ ਅਤੇ ਰਾਸ਼ਟਰਵਾਦ ਵਿਚ ਫਰਕ ਕਰਦਿਆਂ ਦੇਸ਼-ਭਗਤੀ ਨੂੰ ਦੇਸ਼ ਵਾਸਤੇ ਪ੍ਰੇਮ ਦਾ ਮਹਿਜ਼ ਇੱਕ ਜਜ਼ਬਾ ਕਿਹਾ ਹੈ ਅਤੇ ਕੌਮਾਂ ਨੂੰ ਮਨੁੱਖਤਾ ਦੀਆਂ ਮੁੱਢਲੀਆਂ ਇਕਾਈਆਂ ਕਿਹਾ ਹੈ ਜਿਨ੍ਹਾਂ ਵਿਚ ਵਿਅਕਤੀ ਆਪਣੀ ਆਜ਼ਾਦੀ ਅਤੇ ਭਰਪੂਰਤਾ ਪ੍ਰਾਪਤ ਕਰ ਸਕਦਾ ਹੈ। ਇੱਕ ਹੋਰ ਵਿਚਾਰ ਅਨੁਸਾਰ ਦੇਸ਼-ਭਗਤੀ ਰੱਖਿਆਤਮਕ ਨਜ਼ਰੀਆ ਹੈ, ਜਿੱਥੇ ਮਨੁੱਖ ਰਹਿੰਦਾ ਹੈ, ਉਸ ਥਾਂ ਨੂੰ ਪਿਆਰ ਕਰਦਾ ਹੈ ਪਰ ਇਸ ਜਜ਼ਬੇ ਨੂੰ ਕਿਸੇ ‘ਤੇ ਥੋਪਦਾ ਨਹੀਂ। ਜਦ ਕਿ ਰਾਸ਼ਟਰਵਾਦ ਆਕਰਮਣਸ਼ੀਲ ਨਜ਼ਰੀਆ ਹੈ ਜੋ ਆਪਣੀ ਕੌਮ ਲਈ ਸ਼ਕਤੀ ਅਤੇ ਹੋਰ ਸ਼ਕਤੀ ਪ੍ਰਾਪਤ ਕਰਨ ਲਈ ਤੱਤਪਰ ਰਹਿੰਦਾ ਹੈ। ਇਹ ਆਮ ਤੌਰ ‘ਤੇ ਰਾਜਨੀਤਕ ਨਜ਼ਰੀਆ ਹੈ ਜਿਸ ‘ਤੇ ਚਰਚਾ ਚਲਦੀ ਰਹਿੰਦੀ ਹੈ ਅਤੇ ਵਿਦਵਾਨਾਂ ਅਨੁਸਾਰ ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਇਹ ਦੂਹਰਾ-ਮਿਆਰ ਹੈ ਜਿਸ ਵਿਚ “ਅਸ ਵਸ-ਦੈਮ ਅਰਥਾਤ ḔਸਾਨੂੰḔ ਦੇ ਉਲਟ ਉਨ੍ਹਾਂ ਨੂੰ” ਦੀ ਭਾਵਨਾ ਹੈ। ਮੁਲਕ ਅਤੇ ਕੌਮ ਪਹਿਲਾਂ ਇਕੱਠੇ ਚਲਾਏ ਜਾਂਦੇ ਹਨ, ਫਿਰ ਦੇਸ਼-ਭਗਤੀ ਅਤੇ ਰਾਸ਼ਟਰਵਾਦ ਦਾ ਫਰਕ ਇਨ੍ਹਾਂ ਸ਼ਰਤਾਂ ‘ਤੇ ਕਰ ਲਿਆ ਜਾਂਦਾ ਹੈ ਕਿ ਕਿਸੇ ਦਾ ਆਪਣੇ ਮੁਲਕ ਨਾਲ ਪ੍ਰੇਮ ਕਿੰਨਾ ਕੁ ਮਜ਼ਬੂਤ ਹੈ ਅਤੇ ਉਹ ਇਸ ਲਈ ਕਿੰਨੇ ਕੁ ਲਗਾਉ ਦਾ ਅਹਿਸਾਸ ਕਰਦਾ ਹੈ, ਉਸ ਦੀ ਮੁਲਕ ਨਾਲ ਸਮਰੂਪਤਾ ਕਿਸ ਹੱਦ ਤੱਕ ਹੈ। ਜਦੋਂ ਇਨ੍ਹਾਂ ਦਾ ਇਜ਼ਹਾਰ ਇੱਕ ਮੁਨਾਸਿਬ ਹੱਦ ਤੱਕ ਅਤੇ ਦੂਸਰਿਆਂ ਪ੍ਰਤੀ ਬਿਨਾਂ ਕਿਸੇ ਮੰਦੇ ਵਿਚਾਰਾਂ ਅਤੇ ਵੈਰ-ਭਾਵਨਾ ਵਾਲੀ ਕਾਰਵਾਈ ਦੇ ਹੁੰਦਾ ਹੈ, ਤਾਂ ਇਹ ਦੇਸ਼-ਭਗਤੀ ਹੈ, ਜਦੋਂ ਇਹ ਬੇਲਗਾਮ ਹੋ ਜਾਂਦਾ ਹੈ ਅਤੇ ਦੂਸਰਿਆਂ ਪ੍ਰਤੀ ਮੰਦਾ ਸੋਚਣ, ਮੰਦੇ ਅਮਲ ਦਾ ਕਾਰਨ ਬਣਦਾ ਹੈ, ਤਾਂ ਇਹ ਰਾਸ਼ਟਰਵਾਦ ਹੈ। ਇਸ ਨੂੰ ਸਧਾਰਨ ਸ਼ਬਦਾਂ ਵਿਚ ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਹੈ ਕਿ ਰਾਜਨੀਤਕ ਨਜ਼ਰੀਏ ਤੋਂ ਇਹ ਸਿਰਫ ਨਸਲੀ ਅਤੇ ਸਭਿਆਚਾਰਕ ਅਰਥਾਂ ਵਿਚ ḔਕੌਮḔ ਹੋਣਾ ਅਤੇ ਉਸ ਹੋਂਦ ਦਾ ਹੀ ਕਿਸੇ ਦੀ ḔਕੌਮḔ ਹੋਣਾ, ਇੱਕ ਖਾਸ ਹੋਂਦ ਨੂੰ ਹੀ ਮੰਨਣਾ। ਇਸ ਨੂੰ ਸਾਂਝੀ ਪਿਤਰਾਵਲੀ, ਸਾਂਝਾ ਇਤਿਹਾਸ ਅਤੇ ਸਭਿਆਚਾਰਕ ਲੱਛਣਾਂ ਦਾ ਇਕ ਸਮੂਹ ਹੋਣਾ ਵੀ ਕਿਹਾ ਜਾ ਸਕਦਾ ਹੈ। ਦੇਸ਼-ਭਗਤੀ ਦੇ ਮਾਮਲੇ ਵਿਚ ਇਹ ਹੋਂਦ ਦੇਸ਼ ਹੈ, ਮੁਲਕ ਹੈ ਅਤੇ ਰਾਸ਼ਟਰਵਾਦ ਦੇ ਮਾਮਲੇ ਵਿਚ ਇੱਕ ਖਾਸ ਹੋਂਦ ਹੀ ਕਿਸੇ ਦੀ ਕੌਮ ਹੈ ਅਰਥਾਤ ਨਸਲੀ ਅਤੇ ਸਭਿਆਚਾਰਕ ਅਰਥਾਂ ਦੇ ਰੂਪ ਵਿਚ ਜਿਸ ਦੀ ਉਪਰ ਵਿਆਖਿਆ ਕੀਤੀ ਹੈ ਭਾਵ ਦੇਸ਼-ਭਗਤੀ ਅਤੇ ਰਾਸ਼ਟਰਵਾਦ ਨੂੰ ਉਸੇ ਕਿਸਮ ਦੇ ਵਿਸ਼ਵਾਸਾਂ ਅਤੇ ਨਜ਼ਰੀਏ ਦਾ ਸਮੂਹ ਸਮਝਿਆ ਜਾਂਦਾ ਹੈ ਅਤੇ ਫਰਕ ਵਿਸ਼ਵਾਸਾਂ ਦੀ ਸ਼ਕਤੀ ਅਤੇ ਮੰਤਵਾਂ ਦਾ ਕੀਤਾ ਜਾਂਦਾ ਹੈ।
ਇਸ ਸੰਖੇਪ ਜਿਹੀ ਵਿਆਖਿਆ ਦੀ ਰੌਸ਼ਨੀ ਵਿਚ ਜੋ ਕੁਝ ਭਾਰਤ ਵਿਚ ਵੇਲੇ ਦੀ ਭਾਰਤੀ ਜਨਤਾ ਪਾਰਟੀ ਦੀ ਵਾਗਡੋਰ ਹੇਠਲੀ ਸਰਕਾਰ ਅਤੇ ਹਿੰਦੂਤਵੀ ਤੱਤਾਂ ਵੱਲੋਂ ਕੀਤਾ ਜਾ ਰਿਹਾ ਹੈ, ਉਸ ਨੂੰ ਵਿਚਾਰਿਆ ਜਾ ਸਕਦਾ ਹੈ। ਆਪਣੇ ਵਿਚਾਰ, ਆਪਣਾ ਸਭਿਆਚਾਰ, ਆਪਣਾ ਧਰਮ ਕਿਸੇ ‘ਤੇ ਥੋਪਣਾ Ḕਦੇਸ਼ ਪ੍ਰੇਮḔ ਨਹੀਂ ਹੈ। ਇਹ ਸੌੜੀ ਸਿਆਸਤ ਹੈ ਜੋ ਦੂਸਰਿਆਂ ਪ੍ਰਤੀ ਵੈਰ-ਭਾਵਨਾ ਅਤੇ ਵਿਰੋਧੀ ਨਜ਼ਰੀਏ ਦਾ ਇਜ਼ਹਾਰ ਹੈ।