ਗੁਲਜ਼ਾਰ ਸਿੰਘ ਸੰਧੂ
ਕੀ ਤੁਸੀਂ ਜਾਣਦੇ ਹੋ ਕਿ ਪੰਜਾਬੀਆਂ ਕੋਲ ਇੱਕ ਅਜਿਹੀ ਸ਼ਖ਼ਸੀਅਤ ਵੀ ਹੈ ਜਿਸ ਨੇ ਇੱਕ ਹਜ਼ਾਰ ਤੋਂ ਵਧ ਖੇਡ ਮੇਲੇ ਵੇਖੇ, ਦੋ ਸੌ ਤੋਂ ਵੱਧ ਖੇਡ ਮੇਲਿਆਂ ਦੀ ਕੁਮੈਂਟਰੀ ਕੀਤੀ ਤੇ ਦੋ ਕੁ ਸੌ ਖਿਡਾਰੀਆਂ ਦੇ ਰੇਖਾ ਚਿੱਤਰ ਲਿਖੇ ਅਤੇ ਲਗਭਗ ਸੌ ਮੇਲਿਆਂ ਦਾ ਰੈਫਰੀ ਰਿਹਾ ਹੈ। ਬੁੱਝਣ ਵਾਲਿਆਂ ਨੇ ਬੁੱਝ ਲਿਆ ਹੋਵੇਗਾ ਕਿ ਇਹ ਵਿਅਕਤੀ ਪੇਸ਼ੇ ਵਜੋਂ ਅਧਿਆਪਨ ਨੂੰ ਪ੍ਰਣਾਏ ਪ੍ਰਿੰਸੀਪਲ ਸਰਵਣ ਸਿੰਘ ਤੋਂ ਬਿਨਾਂ ਹੋਰ ਕੋਈ ਨਹੀਂ ਹੋ ਸਕਦਾ।
ਸਰਵਣ ਸਿੰਘ ਨੇ ਆਪਣਾ ਕਾਰਜਕਾਰੀ ਜੀਵਨ 1962 ਵਿਚ ਨਵੀਂ ਦਿੱਲੀ ਦੇ ਕਰੋਲ ਬਾਗ ਖੇਤਰ ਤੋਂ ਸ਼ੁਰੂ ਕੀਤਾ ਜਿਹੜਾ ਉਸ ਸਮੇਂ ਪੰਜਾਬੀ ਲੇਖਕਾਂ ਦਾ ਗੜ੍ਹ ਸੀ। ਪ੍ਰੀਤਮ ਸਿੰਘ ਸਫ਼ੀਰ, ਈਸ਼ਵਰ ਚਿੱਤਰਕਾਰ, ਤਾਰਾ ਸਿੰਘ ਕਾਮਲ, ਹਰਿਭਜਨ ਸਿੰਘ, ਦਰਸ਼ਨ ਸਿੰਘ (ਭਾਊ) ਤੇ ਰਣਧੀਰ ਸਿੰਘ ਜੋਸ਼ ਹੀ ਨਹੀਂ, ਅੰਮ੍ਰਿਤਾ ਪ੍ਰੀਤਮ, ਅਜੀਤ ਕੌਰ, ਗੁਰਵੇਲ ਪੰਨੂੰ, ਹਜ਼ਾਰਾ ਸਿੰਘ ਗੁਰਦਾਸਪੁਰੀ ਤੇ ਅਮਰ ਸਿੰਘ (ਕਬਰ ਪੁੱਟ) ਵੀ ਇੱਕ-ਅੱਧ ਮੀਲ ਏਧਰ-ਉਧਰ ਹੀ ਰਹਿੰਦੇ ਸਨ। ਸਰਵਣ ਸਿੰਘ ਦੀ ਲਿਖਣ ਕਲਾ ਨੂੰ ਬੂਰ ਪੈਣ ਦੇ ਦਿਨ ਉਹੀਓ ਸਨ।
ਉਸ ਦੇ ਰੇਖਾ ਚਿੱਤਰ ḔਆਰਸੀḔ ਮਾਸਕ ਵਿਚ ਛਪਣ ਨਾਲ ਉਸ ਦੀ ਸ਼ੈਲੀ ਦੀ ਏਨੀ ਸ਼ਲਾਘਾ ਹੋਈ ਕਿ ਉਹ ਦਿੱਲੀ ਤੋਂ ਢੁੱਡੀਕੇ (ਮੋਗਾ) ਤੇ ਮੁਕੰਦਪੁਰ (ਨਵਾਂਸ਼ਹਿਰ) ਅਤੇ ਜਾਂ ਫੇਰ ਬ੍ਰੈਂਪਟਨ (ਕੈਨੇਡਾ) ਜਾਣ ਤੋਂ ਪਿਛੋਂ ਵੀ ਖੇਡ ਸਾਹਿਤ ਦੇ ਧਨੀ ਵਜੋਂ ਹੀ ਜਾਣਿਆ ਜਾਂਦਾ ਹੈ। ਉਸ ਨੂੰ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਣ ਲਈ ਨਾ ਹੀ ਨਵੇਂ ਸ਼ਬਦ ਘੜਨੇ ਪਏ ਤੇ ਨਾ ਹੀ ਪਾਤਰ। ਉਹਦੇ ਕੋਲ ਮੌਲਿਕ ਖੇਡ ਸ਼ਬਦਾਵਲੀ ਦਾ ਜ਼ਖੀਰਾ ਹੈ ਅਤੇ ਖੇਡਣ ਵਾਲੇ ਉਸ ਦੇ ਜਾਣੂ ਵੀ ਹਨ ਤੇ ਉਸ ਦੀ ਰਚਨਾਕਾਰੀ ਦੇ ਮੱਦਾਹ ਵੀ। ਉਸ ਦੇ ਦੱਸਣ ਅਨੁਸਾਰ ਉਹ ਲਿਖਦੇ ਸਮੇਂ ਆਪਣੇ ਸ਼ਬਦਾਂ ਨੂੰ ਮੁਟਿਆਰ ਦੀਆਂ ਮੀਢੀਆਂ ਵਾਂਗ ਗੁੰਦ ਕੇ ਵਾਰਤਕ ਲਿਖਣ ਦਾ ਪਿੰਗਲ ਵਰਤ ਰਿਹਾ ਹੁੰਦਾ ਹੈ। ਅੱਜ ਦੇ ਦਿਨ ਉਸ ਦੀ ਲੇਖਣੀ ਤੋਂ ਪ੍ਰੇਰਿਤ ਹੋ ਕੇ 25-30 ਹੋਰ ਲੇਖਕ ਖੇਡਾਂ ਤੇ ਖਿਡਾਰੀਆਂ ਬਾਰੇ ਲਿਖ ਰਹੇ ਹਨ।
ਇਸ ਸ਼ੈਲੀ ਵਿਚ ਉਸ ਨੇ 30 ਪੁਸਤਕਾਂ ਲਿਖੀਆਂ ਤੇ ਛਪਵਾਈਆਂ ਜਿਨ੍ਹਾਂ ਵਿਚੋਂ 20 ਖੇਡਾਂ ਤੇ ਖਿਡਾਰੀਆਂ ਬਾਰੇ ਹਨ ਤੇ 10 ਸਫਰਨਾਮੇ, ਪਿੰਡ ਦੀ ਸੱਥ, ਅਨੁਵਾਦ, ਸੰਪਾਦਨ, ਜੀਵਨ ਜਾਂਚ, ਸਵੈ-ਜੀਵਨੀ ਤੇ ਸੱਭਿਆਚਾਰ ਨਾਲ ਸਬੰਧਤ। ਉਸ ਦਾ ਇਕੋ ਇਕ ਮੰਤਵ ਆਪਣੇ ਪਾਠਕਾਂ ਦਾ ਸਿਹਤਮੰਦ ਮਨੋਰੰਜਨ ਕਰਨਾ ਰਿਹਾ ਹੈ।
ਉਪਰੋਕਤ ਜਾਣਕਾਰੀ ਸਰਵਣ ਸਿੰਘ ਬਾਰੇ ਚੰਡੀਗੜ੍ਹ ਸਾਹਿਤ ਅਕਾਡਮੀ ਵੱਲੋਂ ਉਹਦੇ ਨਾਲ ਰਚਾਏ ਗਏ ਇਕ ਰੂਬਰੂ ਪ੍ਰੋਗਰਾਮ ਦਾ ਨਿਚੋੜ ਹੈ। ਉਥੇ ਇਹ ਗੱਲ ਵੀ ਸਾਹਮਣੇ ਆਈ ਕਿ ਇਸ ਨਿਵੇਕਲੇ ਵਾਰਤਕਕਾਰ ਨੂੰ ਕੇਂਦਰੀ ਤੇ ਸਾਹਿਤ ਅਕਾਦਮੀ ਅਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਕੋਈ ਸਨਮਾਨ ਨਹੀਂ ਦਿੱਤਾ ਗਿਆ। ਮੈਂ ਖੁਦ ਵੀ ਇਸ ਦਾ ਗੁਨਾਹਗਾਰ ਹਾਂ ਕਿਉਂਕਿ ਪਿਛਲੇ ਸਾਲਾਂ ਵਿਚ ਮੈਂ ਕਾਫੀ ਸਮਾਂ ਭਾਸ਼ਾ ਵਿਭਾਗ ਦਾ ਸਲਾਹਕਾਰ ਰਿਹਾ ਹਾਂ। ਸਰਵਣ ਸਿੰਘ ਦਾ ਨਾਂ ਵਿਦੇਸ਼ੀ ਸਾਹਿਤਕਾਰ ਸ਼੍ਰੇਣੀ ਵਿਚ ਵੀ ਵਿਚਾਰਿਆ ਜਾ ਸਕਦਾ ਸੀ ਤੇ ਗਿਆਨ ਸਾਹਿਤ ਪੁਰਸਕਾਰ ਲਈ ਵੀ ਜੋ ਅਸੀਂ ਇੱਕ ਆਲੋਚਕ ਨੂੰ ਵੀ ਦਿੱਤਾ ਸੀ। ਮੈਂ ਇਸ ਦਾ ਵੱਡਾ ਕਾਰਨ ਇਹੀਓ ਸਮਝਦਾ ਹਾਂ ਕਿ ਸਰਵਣ ਸਿੰਘ ਜਦੋਂ ਵੀ ਵਿਦੇਸ਼ ਤੋਂ ਆਉਂਦਾ ਹੈ ਤਾਂ ਅਮਨਦੀਪ ਮੈਮੋਰੀਅਲ ਕਾਲਜ, ਮੁਕੰਦਪੁਰ ਦੀਆਂ ਹੱਦਾਂ ਵਿਚ ਹੀ ਘਿਰਿਆ ਰਹਿੰਦਾ ਹੈ ਜਿਥੇ ਉਸ ਦਾ ਬੇਟਾ ਤੇ ਨੂੰਹ ਅਧਿਆਪਕ ਹਨ। ਵਰਨਾ ਕੋਈ ਕਾਰਨ ਨਹੀਂ ਸੀ ਕਿ ਉਹ ਹੁਣ ਤੱਕ ਅਣਗੌਲਿਆ ਰਹਿੰਦਾ।
ਸਰਵਣ ਸਿੰਘ ਦੀ ਸਮੁੱਚੀ ਸੋਚ ਤੇ ਰਚਨਾਕਾਰੀ ਵਿਚ ਸਾਦਗੀ, ਸੰਜਮ ਤੇ ਸੁਹਿਰਦਤਾ ਪ੍ਰਧਾਨ ਹੈ। ਇਹ ਵੀ ਇਸ ਦਾ ਕਾਰਨ ਹੋ ਸਕਦਾ ਹੈ। ਇਸ ਦਾ ਪ੍ਰਭਾਵ ਉਸ ਦੀ ਸ਼ਖਸੀਅਤ ਉਤੇ ਵੀ ਘੱਟ ਨਹੀਂ। ਨਹੀਂ ਤਾਂ ਇਹ ਕਿਵੇਂ ਹੋ ਸਕਦਾ ਸੀ ਕਿ ਉਹ ਕਲਮਕਾਰ ਜਿਸ ਦੀਆਂ ਗੱਲਾਂ ਸੁਣਨ ਲਈ ਚਾਰ ਦਰਜਨ ਵਿਦੇਸ਼ੀ ਸ਼ਹਿਰਾਂ ਦੇ ਵਸਨੀਕ ਉਸ ਨੂੰ ਹਵਾਈ ਟਿਕਟਾਂ ਭੇਜ ਕੇ ਸੱਦਦੇ ਰਹੇ ਹਨ, ਸਰਕਾਰ ਵੱਲੋਂ ਅਣਗੌਲਿਆ ਰਹਿ ਜਾਂਦਾ!
ਭਵਿੱਖ ਦਾ ਜੀਵਨ: ਸਮਾਰਟ ਥਿੰਗਜ਼ ਲੰਡਨ ਵਾਲਿਆਂ ਦਾ ਦਾਅਵਾ ਹੈ ਕਿ 2045 ਤੱਕ ਮਾਨਵ ਜਾਤੀ ਦੇ ਸਾਰੇ ਕੰਮ ਮਸ਼ੀਨੀ ਗੈਜਟ ਕਰਿਆ ਕਰੇਗਾ। ਰੱਬ ਦੇ ਬੰਦੇ ਕੋਲ ਕਰਨ ਲਈ ਉਕਾ ਵੀ ਕੋਈ ਕੰਮ ਨਹੀਂ ਹੋਵੇਗਾ। ਉਨ੍ਹਾਂ ਦਾ ਇਹ ਵੀ ਦਾਅਵਾ ਹੈ ਕਿ ਸੌ ਸਾਲ ਦੇ ਅੰਦਰ-ਅੰਦਰ ਸਮੁੰਦਰ ਦੇ ਥੱਲੇ 25 ਮੰਜ਼ਿਲਾਂ ਵਾਲੇ ਮਕਾਨ ਤੇ ਸ਼ਹਿਰ ਉਸਰਨ ਦੀ ਸੰਭਾਵਨਾ ਹੈ, ਜਿਨ੍ਹਾਂ ਵਿਚ ਖਾਣ ਲਈ ਰੋਟੀ ਤੇ ਪਹਿਨਣ ਲਈ ਵਸਤਰ ਬਟਨ ਦੱਬਿਆਂ ਵਸਨੀਕਾਂ ਦੇ ਹੱਥਾਂ ਵਿਚ ਹੋਣਗੇ। ਮੇਰੀ ਉਮਰ ਦੇ ਬੰਦਿਆਂ ਨੇ ਵਿਗਿਆਨਕ ਉਨਤੀ ਦੇ ਅਜਿਹੇ ਕ੍ਰਿਸ਼ਮੇ ਤੱਕੇ ਹਨ ਕਿ ਭਵਿੱਖ ਵਿਚ ਕੁਝ ਵੀ ਅਸੰਭਵ ਨਹੀਂ ਲੱਗਦਾ। ਅਸੀਂ ਤਾਂ ਕੁਦਰਤ ਦੇ ਇਸ ਲਈ ਧੰਨਵਾਦੀ ਹਾਂ ਕਿ ਅਸੀਂ ਵਰਤਮਾਨ ਯੁੱਗ ਦੇ ਵਾਸੀ ਹਾਂ। ਆਉਣ ਵਾਲੇ ਮਨੁੱਖ ਦੀਆਂ ਸਹੂਲਤਾਂ ਵਿਚੋਂ ਪੈਦਾ ਹੋਣ ਵਾਲੀਆਂ ਕਠਿਨਾਈਆਂ ਤੇ ਅਪਰਾਧਾਂ ਬਾਰੇ ਚਿਤਵ ਕੇ ਧੁਰ ਅੰਦਰ ਤੱਕ ਕਾਂਬਾ ਛਿੜ ਜਾਂਦਾ ਹੈ। ਅੱਲ੍ਹਾ ਖੈਰ ਕਰੇ!
ਗੁਰਦਿਆਲ, ਜਸਵਿੰਦਰ ਤੇ ਪਰਵਾਨਾ: ਇਸ ਵਾਰੀ ਕੇਂਦਰ ਦੀ ਸਾਹਿਤ ਅਕਾਡਮੀ ਵੱਲੋਂ ਗੁਰਦਿਆਲ ਸਿੰਘ ਜੈਤੋ ਦਾ ਫੈਲੋ ਚੁਣਿਆ ਜਾਣਾ, ਡਾæ ਜਸਵਿੰਦਰ ਸਿੰਘ ਨੂੰ ਉਸ ਦੇ ਨਾਵਲ Ḕਮਾਤ ਲੋਕḔ ਉਤੇ ਸਾਹਿਤਕ ਸਨਮਾਨ ਦੇਣਾ ਅਤੇ ਨਵਾਂ ਜ਼ਮਾਨਾ ਦੇ ਸਾਹਿਤ ਸੰਪਾਦਕ ਬਲਵੀਰ ਪਰਵਾਨਾ ਨੂੰ ਉਹਦੇ ਵੱਲੋਂ ਉੜੀਆ ਲੇਖਕ ਮਨੋਜ ਦਾਸ ਦੀਆਂ ਕਹਾਣੀਆਂ ਦੇ ਅਨੁਵਾਦ ਲਈ ਅਨੁਵਾਦ ਸਾਹਿਤ ਦੇ ਸਨਮਾਨ ਨਾਲ ਨਿਵਾਜਿਆ ਜਾਣਾ ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਬੜੇ ਮਾਣ ਦੀ ਗੱਲ ਹੈ। ਸਨਮਾਨਿਤ ਸੱਜਣਾਂ ਨੂੰ ਮੁਬਾਰਕਾਂ ਤੇ ਸਾਹਿਤ ਅਕਾਡਮੀ ਦਾ ਧੰਨਵਾਦ।
ਅੰਤਿਕਾ: (ਅਹਿਮਦ ਫਰਾਜ਼)
ਤੂ ਲੂਟ ਕਰ ਭੀ ਅਹਿਲੇ ਤਮੱਨਾ ਕੋ ਖੁਸ਼ ਨਹੀਂ,
ਮੈਂ ਲੂਟ ਕੇ ਭੀ ਵਫਾ ਕੇ ਇਨ੍ਹੀਂ ਕਾਤਲੋਂ ਮੇਂ ਹੂੰ।
ਬਦਲਾ ਨਾ ਮੇਰੇ ਬਾਅਦ ਭੀ ਮੋਜ਼ੂ ਏ ਗੁਫ਼ਤਗੂ,
ਮੈਂ ਜਾ ਚੁਕਾ ਹੂੰ ਫਿਰ ਭੀ ਤੇਰੀ ਮਹਿਫਿਲੋਂ ਮੇਂ ਹੂੰ।