ਗੁਰਦਿਆਲ ਬੱਲ ਦਾ ਲੇਖ ਤੇ ਹਿੰਸਾ ਦਾ ਵਰਤਾਰਾ

ਗੁਰਦਿਆਲ ਬੱਲ ਦੇ ਲੇਖ ‘ਗੁਰਮੀਤ ਪਿੰਕੀ ਦੀਆਂ ਚਿੰਘਾੜਾਂ ਦੇ ਪ੍ਰਸੰਗ’ ਦੀ ਵਡਿਆਈ ਹੈ ਕਿ ਇਹ ਪੰਜਾਬ ਵਿਚ ਹਿੰਸਾ ਦੇ ਵਰਤਾਰੇ ਦਾ ਵਰਣਨ ਹੀ ਨਹੀਂ ਕਰਦਾ, ਸਗੋਂ ਇਸ ਨੂੰ ਨਜਿੱਠਣ ਵਾਸਤੇ ਅਪ੍ਰੋਖ ਪ੍ਰੇਰਨਾ ਵੀ ਦਿੰਦਾ ਹੈ। ਇਹ ਪੀਲੀ ਪੱਤਰਕਾਰੀ ਦੀ ਭੜਕਾਹਟ ਅਤੇ ਯਥਾਰਥ ਤੋਂ ਟੁੱਟੀ ਅਕਾਦਮਿਕਤਾ ਦੀ ਲਫਾਜ਼ੀ ਤੋਂ ਮੁਕਤ ਹੈ।

ਗੁਰਦਿਆਲ ਖੁੱਲ੍ਹੀ ਅੱਖ ਨਾਲ ਇਸ ਵਰਤਾਰੇ ਵਿਚੋਂ ਲੰਘਿਆ ਹੈ; ਉਹਨੇ ਹਿੰਸਾ ਕਰਨ ਅਤੇ ਹਿੰਸਾ ਸਹਿਣ ਵਾਲਿਆਂ, ਦੋਹਾਂ ਅੰਦਰ ਉਹ ਕੁਝ ਵੇਖਿਆ ਹੈ ਜੋ ਉਨ੍ਹਾਂ ਖੁਦ ਨਹੀਂ ਵੇਖਿਆ ਹੋਣਾ। ਪੰਜਾਬ ਵਿਚ ਹਿੰਸਾ ਦੇ ਵਰਤਾਰੇ ਦਾ ਲੇਖਾ-ਜੋਖਾ ਕਰਨ ਵੇਲੇ ਇਸ ਲੇਖ ਨੂੰ ਅੱਖੋਂ ਪਰੋਖੇ ਕਰਨਾ ਔਖਾ ਹੋਵੇਗਾ।
ਹਿੰਸਾ ਦਾ ਵਰਤਾਰਾ ਬੱਲ ਨੂੰ ਦੁਖੀ ਕਰਦਾ ਹੈ। ਭੂਤਵਾੜੇ ਵਾਲੇ ਲਾਲੀ ਬਾਬਾ ਤੋਂ ਬਿਨਾਂ ਆਪਣੇ ਜਾਣੂਆਂ ਵਿਚੋਂ ਮੈਂ ਕਿਸੇ ਹੋਰ ਨੂੰ ਇੰਨਾ ਦੁਖੀ ਹੁੰਦਾ ਨਹੀਂ ਵੇਖਿਆ। ਬੱਲ ‘ਤੇ ਜ਼ਾਹਰੀ ਹਿੰਸਾ ਨਹੀਂ ਹੋਈ, ਪਰ ਉਹਨੇ ਦੂਜਿਆਂ ‘ਤੇ ਹੁੰਦੀ ਵੇਖੀ ਹੈ। ਹਿੰਸਾ ਹੁੰਦੀ ਵੇਖਣੀ, ਹਿੰਸਾ ਝੱਲਣ ਨਾਲੋਂ ਵੱਧ ਔਖੀ ਹੁੰਦੀ ਹੈ। ਦੁੱਖ ਅਸਹਿ ਹੁੰਦਾ ਹੈ ਤਾਂ ਝੱਲਣ ਵਾਲੇ ਦੀਆਂ ਅੱਖਾਂ ਮਿਚ ਜਾਂਦੀਆ ਹਨ। ਵੇਖਣ ਵਾਲੇ ਨੂੰ ਅੱਖ ਖੁੱਲ੍ਹੀ ਰੱਖਣੀ ਪੈਂਦੀ ਹੈ।
ਇਸ ਖੁੱਲ੍ਹੀ ਅੱਖ ਨਾਲ ਬੱਲ ਨੇ ਸੰਸਾਰ ਭਰ ਵਿਚ ਵਾਪਰੇ ਅਨੇਕਾਂ ਕਤਲੇਆਮ ਅਤੇ ਘੱਲੂਘਾਰੇ ਵਾਚੇ ਹਨ। ਇਹ ਉਹਦੇ ਅੰਦਰ ਵਾਰ-ਵਾਰ ਘਟਦੇ ਰਹਿੰਦੇ ਹਨ। ਉਹਦੀ ਸਿਮਰਤੀ ਇਨ੍ਹਾਂ ਬਿਰਤਾਂਤਾਂ ਨਾਲ ਭਰੀ ਪਈ ਹੈ। ਉਹ ਜਦੋਂ ਵੀ ਹਿੰਸਾ ਦੇ ਕਿਸੇ ਵਰਤਾਰੇ ਬਾਰੇ ਬੋਲਦਾ ਜਾਂ ਲਿਖਦਾ ਹੈ, ਤਾਂ ਇਹ ਬਿਰਤਾਂਤ ਆਪ ਮੁਹਾਰੇ ਉਹਦੇ ਸ਼ਬਦਾਂ ਵਿਚ ਪਰਵੇਸ਼ ਕਰ ਜਾਂਦੇ ਹਨ। ਇਹ ਜ਼ਰੂਰੀ ਵੀ ਹੈ; ਕਿਉਂਕਿ ਕੋਈ ਵਰਤਾਰਾ ਅਦੁਤੀ ਜਾਂ ਇਕੱਲਾ ਨਹੀਂ ਹੁੰਦਾ, ਇਹ ਦੂਜਿਆਂ ਨਾਲ ਜੁੜਿਆ ਹੁੰਦਾ ਹੈ। ਚਰਚਾ ਅਧੀਨ ਪੰਜਾਬ ਦਾ ਹਿੰਸਕ ਵਰਤਾਰਾ ਵੀ ਨਿਰੋਲ ਪੰਜਾਬੀ ਨਹੀਂ, ਇਹਦੀਆਂ ਘਟਨਾਵਾਂ ਪੰਜਾਬੀ ਹੋ ਸਕਦੀਆਂ ਹਨ, ਪਰ ਵਰਤਾਰੇ ਦੀ ਤੰਦ ਉਨ੍ਹਾਂ ਘੱਲੂਘਾਰਿਆਂ ਨਾਲ ਜੁੜੀ ਹੋਈ ਹੈ ਜਿਨ੍ਹਾਂ ਦੀਆਂ ਸਿਮਰਤੀਆਂ ਬੱਲ ਨੂੰ ਚੰਬੜੀਆਂ ਹੋਈਆਂ ਹਨ।
ਇਹ ਲੇਖ ਪੰਜਾਬੀ ਹਿੰਸਾ ਨੂੰ ਸੰਸਾਰ ਹਿੰਸਾ ਦੇ ਪ੍ਰਸੰਗ ਵਿਚ ਰੱਖ ਕੇ ਵੇਖਦਾ ਹੈ। ਬੱਲ ਦੇ ਆਲੋਚਕਾਂ ਨੂੰ ਸ਼ਾਇਦ ਇਹ ਵਿਧੀ ਬੇਲੋੜੀ ਲੱਗੇ, ਪਰ ਮੈਨੂੰ ਨਹੀਂ ਲਗਦੀ। ਮੈਨੂੰ ਖ਼ੁਸ਼ੀ ਹੈ ਕਿ ਸਾਡੇ ਕੋਲ ਗੁਰਦਿਆਲ ਬੱਲ ਵਰਗਾ ਬੰਦਾ ਹੈ ਜਿਹੜਾ ਜਨੂੰਨ ਦੀ ਹੱਦ ਤਕ ਇਉਂ ਸੋਚਦਾ ਹੈ। ਉਹਦੀ ਸਿਮਰਤੀ ‘ਤੇ ਹੈਰਾਨੀ ਹੁੰਦੀ ਹੈ। ਉਹ ਨਿੱਕੇ ਤੋਂ ਨਿੱਕੇ ਵੇਰਵੇ ਨੂੰ ਵੀ ਅਣਗੌਲਿਆਂ ਨਹੀਂ ਕਰਦਾ। ਮੈਂ ਉਸ ਦੌਰ ਵਿਚ ਪੰਜਾਬ ਵਿਚ ਨਹੀਂ ਸੀ, ਇਸ ਲੇਖ ਨੇ ਮੈਨੂੰ ਉਥੋਂ ਦੇ ਅਨੇਕਾਂ ਹਾਜ਼ਰ ਲੋਕਾਂ ਨਾਲੋਂ ਵਧ ਹਾਜ਼ਰ ਕਰ ਦਿਤਾ।
ਬੱਲ ਸਾਡੇ “ਸਭਿਆ” ਅਤੇ “ਵਿਕਸਿਤ” ਹੋਣ ‘ਤੇ ਕਿੰਤੂ ਕਰਦਾ ਹੈ, ਕਿਉਂਕਿ ਸਾਡੀ ਹਿੰਸਾ ਪਹਿਲਾਂ ਨਾਲੋਂ ਵਿਕਰਾਲ ਹੋ ਗਈ ਹੈ। ਸਭਿਅਤਾ ਅਤੇ ਵਿਕਾਸ ਦਾ ਇਹ ਮਾਪ ਦੰਡ ਮੈਨੂੰ ਵਧੇਰੇ ਪ੍ਰਮਾਣਿਕ ਲਗਦਾ ਹੈ। ਬੱਲ ਹਿੰਸਾ ਦੇ ਵਰਤਾਰੇ ਨੂੰ ਦਰਸਾਉਣ ਲਈ ਰਾਜਨੀਤੀ ਜਾਂ ਆਰਥਿਕਤਾ ਦੇ ਸਰੋਤ ਹੀ ਨਹੀਂ ਵਰਤਦਾ; ਸਾਹਿਤ, ਕਲਾ, ਮਿੱਥ ਦਾ ਸਹਾਰਾ ਵੀ ਲੈਂਦਾ ਹੈ। ਸ਼ਾਇਦ ਉਹ ਸੰਕੇਤ ਕਰਦਾ ਹੈ ਕਿ ਇਸ ਵਰਤਾਰੇ ਨਾਲ ਸਿੱਝਣ ਲਈ ਮਨੁੱਖੀ ਕਲਪਨਾ ਦੇ ਸਾਰੇ ਵਸੀਲਿਆਂ ਦੀ ਲੋੜ ਹੈ।
ਹਿੰਸਾ ਦੇ ਵਰਤਾਰੇ ਨੂੰ ਸਿੱਝਣ ਲਈ ਬੱਲ ਨੇ “ਮਨੁੱਖੀ ਹਮਦਰਦੀ” ਵੱਲ ਸੈਨਤ ਕੀਤੀ ਹੈ। ਮੈਨੂੰ ਇਸ ਲੇਖ ਵਿਚ ਇਹ ਸੈਨਤ ਸਭ ਤੋਂ ਮੁੱਲਵਾਨ ਲੱਗੀ ਹੈ। ਚੰਗਾ ਹੁੰਦਾ ਜੇ ਉਹ ਇਸ ਦਾ ਵਿਸਤਾਰ ਕਰਦਾ। ਉਹਦਾ ਵਿਸ਼ਵਾਸ ਹੈ ਕਿ ਮਨੁੱਖੀ ਹਮਦਰਦੀ ਬਿਨਾਂ ਹਿੰਸਾ ਵਿਰੁਧ ਸੰਘਰਸ਼ ਕਰਨ ਵਾਲੇ ਵੀ ਕਿਸੇ ਨੁਕਤੇ ‘ਤੇ ਜਾ ਕੇ ਹਿੰਸਕ ਬਣ ਸਕਦੇ ਹਨ। ਤਿਹਾਏ ਵੈਰੀ ਨੂੰ ਪਾਣੀ ਨਾ ਦੇਣ ਵਿਚ ਵੀ ਹਿੰਸਾ ਹੈ।
ਬੱਲ ਨੇ ਇਹ ਲੇਖ ਇਕ ਦਾਰਸ਼ਨਿਕ ਬਿੰਦੂ ਦੁਆਲੇ ਉਸਾਰਿਆ ਹੈ। ਤੁਸੀਂ ਲੇਖ ਦੇ ਉਸਾਰ ਨਾਲ ਮਤਭੇਦ ਰੱਖ ਸਕਦੇ ਹੋ, ਇਹਨੂੰ ਰੱਦ ਵੀ ਕਰ ਸਕਦੇ ਹੋ, ਪਰ ਉਸ ਬਿੰਦੂ ਨੂੰ ਨਕਾਰ ਨਹੀਂ ਸਕਦੇ। ਬੱਲ ਇਸ ਨੂੰ ਦੱਸਣ ਲਈ ਭੀਸ਼ਮ ਪਿਤਾਮਾ ਦਾ ਆਸਰਾ ਲੈਂਦਾ ਹੈ- “ਖ਼ੈਰ! ਜੰਗ ਖ਼ਤਮ ਹੋਈ। ਪਿਤਾਮਾ ਤੀਰਾਂ ਦੀ ਸੇਜ ‘ਤੇ ਪਿਆ ਪੁੱਛ ਰਿਹਾ ਹੈ ਕਿ ਉਸ ਦੇ ਬੱਚੇ ਰੁਦਰ-ਪ੍ਰਯਾਗ ਵੱਲ ਯਾਤਰਾ ‘ਤੇ ਚੜ੍ਹਨ ਤੋਂ ਪਹਿਲਾਂ ਇਹ ਤਾਂ ਦੱਸ ਜਾਵਣ ਕਿ ਵਿਚੋਂ ਨਿਕਲਿਆ ਕੀ?”
ਬੱਲ ਦਾ ਕਹਿਣਾ ਹੈ ਕਿ ਪੰਜਾਬ ਮਸਲੇ ਦੇ ਨਿਪਟਾਰੇ ਲਈ ਹੋਏ ਹਿੰਸਕ ਸੰਘਰਸ਼ ਤੋਂ ਪਹਿਲਾਂ ਉਸ ਦਾ ਪਾਕਿਸਤਾਨ, ਨਾਇਜੀਰੀਆ ਜਾਂ ਸੁਡਾਨ ਵਿਚ ਅਜੇ ਵੀ ਚੱਲ ਰਹੀ ਹਿੰਸਾ ਬਾਰੇ ਚਰਚਾ ਕਰਨ ਦਾ ਮਨ ਸੀ, ਪਰ ਸ੍ਰੀ ਲੰਕਾ ਵਿਚ ਹਿੰਸਾ ਵੱਖਰੀ ਪਛਾਣ ਦੇ ਨਾਂ ‘ਤੇ ਹੋਈ ਜਦੋਂ ਕਿ ਪੇਰੂ ਵਿਚ ਖੱਬੇ ਪੱਖੀ ਗੁਰੀਲੇ ਮਨੁੱਖੀ ਬਰਾਬਰੀ ਅਤੇ ਹਰ ਇਕ ਲਈ ਇਨਸਾਫ ਦੇ ਮਾਰਕਸਵਾਦੀ-ਮਾਓਵਾਦੀ ਸਿਧਾਂਤਾਂ ਰਾਹੀਂ ਧਰਤੀ ਉਪਰ ਕਾਹਲੀ ਨਾਲ ਸਵਰਗ ਉਤਾਰਨ ਲਈ ਹਥਿਆਰਬੰਦ ਸੰਗਰਾਮ ਕਰ ਰਹੇ ਸਨ। ਇਸੇ ਲਈ ਦੋਵਾਂ ਕੇਸਾਂ ਵਿਚ ਨਾਅਰਿਆਂ ਦੇ ਵਖਰੇਵੇਂ ਦੇ ਬਾਵਜੂਦ ‘ਵਿਕਰਾਲ ਹਿੰਸਾ’ ਦੇ ਨਤੀਜਿਆਂ ਨੂੰ ਉਭਾਰਨ ਲਈ ਇਨ੍ਹਾਂ ਥਾਂਵਾਂ ਨੂੰ ਚਰਚਾ ਅਧੀਨ ਲਿਆਂਦਾ। ਇਨ੍ਹਾਂ ਸੰਘਰਸ਼ਾਂ ਦੀ ਲੋਅ ਵਿਚ ਬੱਲ ਮਹਾਂਭਾਰਤ ਦੀ ਕਥਾ ਵਿਚੋਂ ਸੰਕੇਤ ਜੇ ਦਿੰਦਾ ਹੈ ਤਾਂ ਇਸ ਵਿਚ ਉਸ ਦੀ ਸੁਰ ਧੀਮੀ ਹੈ। ਕਿਸੇ ਨੂੰ ਕੋਈ ਮਿਹਣਾ ਨਹੀਂ ਹੈ, ਮਾਤਰ ਨਿਮਰ ਗੁਜ਼ਾਰਿਸ਼ ਹੈ।
ਬੱਲ ਦਾ ਲੇਖ ਪੜ੍ਹਦਿਆਂ ਮੈਨੂੰ ਆਪਣੇ ਪਿਆਰੇ ਪੰਜਾਬ, ਆਪਣੀਆਂ ਜੜ੍ਹਾਂ ਨਾਲ ਹੋਰ ਵੱਧ ਸ਼ਿੱਦਤ ਨਾਲ ਜੁੜਨ ਦੀ ਪ੍ਰੇਰਨਾ ਤਾਂ ਮਿਲੀ ਹੀ, ਸ੍ਰੀ ਲੰਕਾ ਦੇ ਸੰਤਾਪ ਬਾਰੇ ਜਾਣਨ-ਸਮਝਣ ਦੀ ਉਤਸੁਕਤਾ ਵੀ ਪੈਦਾ ਹੋਈ।
-ਨਵਤੇਜ ਭਾਰਤੀ
ਫੋਨ: 519-453-9467