‘ਪਿੰਕੀ ਦੀਆਂ ਚਿੰਘਾੜਾਂ’ ਲੇਖ ਲੜੀ ਛਾਪਣ ਲਈ ਮੁਬਾਰਕ

‘ਪੰਜਾਬ ਟਾਈਮਜ਼’ ਵਿਚ ‘ਗੁਰਮੀਤ ਪਿੰਕੀ ਦੀਆਂ ਚਿੰਘਾੜਾਂ’ ਪ੍ਰਸੰਗ ਵਾਲੀ ਗੁਰਦਿਆਲ ਸਿੰਘ ਬੱਲ ਦੀ ਲੇਖ ਲੜੀ ਧਿਆਨ ਨਾਲ ਪੜ੍ਹੀ ਹੈ। ਕਈ ਨਵੀਆਂ ਗੱਲਾਂ ਦਾ ਪਤਾ ਲੱਗਾ ਜਿਨ੍ਹਾਂ ਬਾਰੇ ਪਹਿਲਾਂ ਜਸਵੰਤ ਸਿੰਘ ਖਾਲੜਾ ਨਾਲ ਕੰਮ ਕਰਦਿਆਂ ਅਤੇ ਉਸ ਦਾ ਪਤਾ ਲਗਾਉਣ ਲਈ ਪੁਲਿਸ ਦੀ ਧੱਕੇਸ਼ਾਹੀ ਖਿਲਾਫ ਲੰਮੀ ਲੜਾਈ ਲੜਦਿਆਂ ਅਸੀਂ ਕਦੀ ਘੱਟ ਹੀ ਸੋਚਿਆ ਸੀ।

ਬੱਲ ਦੀ ਲੇਖ ਲੜੀ ਪੜ੍ਹਦਿਆਂ ਪ੍ਰਭਾਵ ਪੈਂਦਾ ਹੈ ਕਿ ਜਸਵੰਤ ਸਿੰਘ ਖਾਲੜਾ ਕਮਿਊਨਿਸਟਾਂ ਦਾ ਕੱਟੜ ਵਿਰੋਧੀ ਬਣ ਗਿਆ ਸੀ। ਉਹ ਪੁਲਿਸ ਵਧੀਕੀਆਂ ਦੇ ਵਿਰੁੱਧ ਸੀ ਅਤੇ ਇਲਾਕੇ ਦੇ ਕਮਿਊਨਿਸਟਾਂ ‘ਤੇ ਉਸ ਨੂੰ ਇਤਰਾਜ਼ ਸੀ ਕਿ ਉਨ੍ਹਾਂ ਨੂੰ ਸਟੇਟ ਦੇ ਨੰਗੇ-ਚਿੱਟੇ ਜ਼ੁਲਮਾਂ ਵਿਰੁਧ ਆਵਾਜ਼ ਉਠਾਉਣੀ ਚਾਹੀਦੀ ਸੀ ਜੋ ਕੰਮ ਉਹ ਕਰ ਨਹੀਂ ਸਕੇ ਸਨ।
ਕਮਿਊਨਿਸਟਾਂ ਨਾਲੋਂ ਉਸ ਨੇ ਨਿਜੀ ਸਬੰਧ ਕਦੀ ਵੀ ਤੋੜੇ ਨਹੀਂ ਸਨ ਅਤੇ ਉਨ੍ਹਾਂ ਨੂੰ ਕਦੀ ਨਫਰਤ ਵੀ ਨਹੀਂ ਕੀਤੀ ਸੀ ਸਗੋਂ ਆਪਣੇ ਵਲੋਂ ਅਖੀਰਲੇ ਦਿਨਾਂ ਤੱਕ ਉਨ੍ਹਾਂ ਨਾਲ ਸੰਵਾਦ ਰਚਾਉਂਦਾ ਰਿਹਾ ਸੀ।
ਲੇਖ ਲੜੀ ਵਿਚੋਂ ਸਾਨੂੰ ਸ੍ਰੀਲੰਕਾ ਅਤੇ ਪੇਰੂ ਦੇ ਸੰਘਰਸ਼ਾਂ ਬਾਰੇ ਬੜੀ ਜਾਣਕਾਰੀ ਮਿਲੀ ਹੈ। ਸੱਈਅਦ ਕੁਤਬ ਮੁਹੰਮਦ ਟਾਹਾ, ਕਰਮਜੀਤ ਸਿੰਘ ਅਤੇ ਪ੍ਰੋæ ਭੁਪਿੰਦਰ ਸਿੰਘ ਦੇ ਵਿਚਾਰਾਂ ਵਿਚ ਕਿਹੜੇ ਵਿਰੋਧ ਅਤੇ ਕਿਹੜੀਆਂ ਸਾਂਝਾਂ ਹਨ? ਇਸ ਬਾਰੇ ਸਾਨੂੰ ਪਤਾ ਨਹੀਂ ਲੱਗ ਸਕਿਆ। ਗੁਰਦਿਆਲ ਬੱਲ ਨੂੰ ਚਾਹੀਦਾ ਹੈ ਕਿ ਉਹ ਇਹ ਵੀ ਦੱਸੇ।
ਜਥੇਦਾਰ ਜੀਵਨ ਸਿੰਘ ਉਮਰਾਨੰਗਲ ਦੀ ਗੱਲਬਾਤ ਤੋਂ ਵੀ ਕਈ ਗੱਲਾਂ ਦਾ ਪਤਾ ਲੱਗਾ ਹੈ। ਇਹ ਵੀ ਕਿ ਪੰਜਾਬ ਵਿਚ ਹਿੰਦੂ ਭਾਈਚਾਰੇ ਦੇ ਲੋਕ ਮਰਦਮਸ਼ੁਮਾਰੀ ਵਿਚ ਮਾਂ ਬੋਲੀ ਨੂੰ ਮਾਂ ਬੋਲੀ ਲਿਖਵਾਉਣ ਤੋਂ ਡਰਦੇ ਕਿਉਂ ਸਨ? ਪਾਕਿਸਤਾਨ ਬਣਨ ਦੀਆਂ ਯਾਦਾਂ ਦਾ ਭੂਤ ਉਨ੍ਹਾਂ ਨੂੰ ਡਰਾਉਂਦਾ ਰਿਹਾ। ਅਕਾਲੀ ਨੇਤਾਵਾਂ ਦੀ ਘਾਟ ਇਹ ਰਹੀ ਕਿ ਉਹ ਹਿੰਦੂਆਂ ਦੇ ਮਨਾਂ ਵਿਚੋਂ ਡਰ ਕੱਢ ਨਾ ਸਕੇ ਅਤੇ ਸਾਂਝੀ ਪੰਜਾਬੀਅਤ ਦਾ ਪਲੇਟਫਾਰਮ ਉਸਾਰਨ ਵਿਚ ਨਾਕਾਮਯਾਬ ਰਹੇ। ਇਸ ਤਰ੍ਹਾਂ ਦੀ ਖੋਜ ਭਰਪੂਰ ਲੇਖ ਲੜੀ ਛਾਪਣ ਲਈ ਮੁਬਾਰਕ।
-ਰਜੀਵ ਸਿੰਘ, ਅੰਮ੍ਰਿਤਸਰ
ਫੋਨ: 91-94172-91387