ਖਾਲਸਾ ਕਾਲਜ ਤੇ ਖਾਲਸਾ ਯੂਨੀਵਰਸਿਟੀ ਵਿਵਾਦ

ਸਤਿਕਾਰਯੋਗ ਸੰਪਾਦਕ ਜੀਓ,
ਪ੍ਰਿੰæ ਤੇਜਾ ਸਿੰਘ ਨੇ ਆਪਣੀ ਸਵੈ-ਜੀਵਨੀ ‘ਆਰਸੀ’ ਵਿਚ ਅੰਗਰੇਜ਼ੀ ਰਾਜ ਵੇਲੇ, ਖਾਲਸਾ ਕਾਲਜ (ਅੰਮ੍ਰਿਤਸਰ) ਦੇ ਸਿੱਖ ਯੂਨੀਵਰਸਿਟੀ ਨਾ ਬਣ ਸਕਣ ਦੇ ਕਾਰਨ ਕਲਮਬੰਦ ਕੀਤੇ ਹਨ। ਪ੍ਰਿੰæ ਤੇਜਾ ਸਿੰਘ 1919-1923 ਦੇ ਸਾਲਾਂ ਦੌਰਾਨ ਖਾਲਸਾ ਕਾਲਜ ਵਿਚ ਅੰਗਰੇਜ਼ੀ, ਹਿਸਟਰੀ ਅਤੇ ਧਰਮ-ਵਿੱਦਿਆ ਦੇ ਬਤੌਰ ਪ੍ਰੋਫੈਸਰ ਕੰਮ ਕਰਦੇ ਸਨ।

ਮਹਾਤਮਾ ਗਾਂਧੀ ਦੀ ਨਾਮਿਲਵਰਤਣ ਲਹਿਰ ਵਿਚ ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ ਦੀ ਸੰਭਾਵੀ ਸ਼ਮੂਲੀਅਤ ਰੋਕਣ ਲਈ ਕੁਝ ਸਿੱਖ ਪ੍ਰੋਫੈਸਰਾਂ ਨੇ ਸਰਕਾਰ ਨੂੰ ਕਾਲਜ ਦੀ ਪ੍ਰਬੰਧਕੀ ਕੌਂਸਲ ਅਤੇ ਕਮੇਟੀ ਵਿਚੋਂ ਸਰਕਾਰੀ ਦਖਲ ਕੱਢ ਲੈਣ ਲਈ 5 ਨਵੰਬਰ 1920 ਦਾ ਅਲਟੀਮੇਟਮ ਦੇ ਦਿੱਤਾ ਸੀ। ਪਰ ਜਦੋਂ ਇਸ ਤਰੀਕ ਤੱਕ ਸਰਕਾਰ ਦੇ ਕੰਨ ‘ਤੇ ਜੂੰ ਨਾ ਸਰਕੀ ਤਾਂ 13 ਪ੍ਰੋਫੈਸਰਾਂ ਨੇ ਵਿਰੋਧ ‘ਚ ਅਸਤੀਫਾ ਦੇ ਦਿੱਤਾ। ਇਸ ਦੇ ਫਲਸਰੂਪ ਮਿਸਟਰ ਕਿੰਗ (ਕਮਿਸ਼ਨਰ) ਕਾਲਜ ਦੇ ਚੋਣਵੇਂ ਪ੍ਰੋਫੈਸਰਾਂ (ਪ੍ਰਿੰæ) ਤੇਜਾ ਸਿੰਘ, ਪ੍ਰੋæ ਹਰਕਿਸ਼ਨ ਸਿੰਘ ਬਾਵਾ ਅਤੇ ਪ੍ਰੋæ ਨਿਰੰਜਨ ਸਿੰਘ ਨੂੰ ਸੂਬੇ ਦੇ ਗਵਰਨਰ ਸਰ ਐਡਵਰਡ ਡਗਲਸ ਮੈਕਲੈਗਨ ਪਾਸ ਲਾਹੌਰ ਲੈ ਗਿਆ ਸੀ। ਲਾਹੌਰ ਵਾਲੀ ਮੀਟਿੰਗ ਵਿਚ ਅੰਗਰੇਜ਼ ਸਰਕਾਰ ਨੇ ਕਾਲਜ ਦੇ ਇਨ੍ਹਾਂ ਪ੍ਰੋਫੈਸਰਾਂ ਨੂੰ ਕਾਲਜ ਨੂੰ ਸਿੱਖ ਯੂਨੀਵਰਸਿਟੀ ਬਣਾਉਣ ਦਾ ਲਾਲਚ ਦਿੱਤਾ ਸੀ। ਪਰ ਇਨ੍ਹਾਂ ਸਾਰੇ ਪ੍ਰੋਫੈਸਰਾਂ ਦੀ ਪੁਰਜੋਰ ਮੰਗ ਇਹ ਸੀ ਕਿ ਕਾਲਜ ਦੀ ਪ੍ਰਬੰਧਕੀ ਕੌਂਸਲ ਵਿਚੋਂ ਸਰਕਾਰੀ ਮੈਂਬਰ ਕੱਢ ਦਿੱਤੇ ਜਾਣ ਅਤੇ ਉਨ੍ਹਾਂ ਦੀ ਥਾਂ ਸਾਰੇ ਦੇ ਸਾਰੇ ਸਿੱਖ ਮੈਂਬਰ ਚੁਣੇ ਜਾਣ। ਹੋਇਆ ਵੀ ਇਸੇ ਤਰ੍ਹਾਂ।
ਕਾਲਜ ਦੀ ਨੇਮਾਵਲੀ ਦੇ 31ਵੇਂ ਨੇਮ ਅਨੁਸਾਰ ਤਾਰਾਂ (ਟੇਲੀਗ੍ਰਾਮ) ਦੁਆਰਾ ਮੀਟਿੰਗਾਂ ਬੁਲਾ ਕੇ ਇਕੋ ਦਿਨ ਨੇਮਾਂ ਦਾ ਨਵਾਂ ਖਰੜਾ ਪਾਸ ਕੀਤਾ ਗਿਆ ਸੀ। ਇਸ ਖਰੜੇ ਅਨੁਸਾਰ, ਪ੍ਰਬੰਧਕੀ ਕੌਂਸਲ ਵਿਚ ਗਿਆਰਾਂ ਦੇ ਗਿਆਰਾਂ ਸਰਕਾਰੀ ਮੈਂਬਰ ਹਟਾ ਕੇ ਉਨ੍ਹਾਂ ਦੀ ਥਾਂ ਸਿੱਖ ਮੈਂਬਰ ਲਏ ਗਏ। ਇਨ੍ਹਾਂ ਮੈਂਬਰਾਂ ਵਿਚੋਂ ਕੁਝ ਨਾਂ- ਸ਼ ਸੁੰਦਰ ਸਿੰਘ ਮਜੀਠੀਆ, ਸ਼ ਤ੍ਰਿਲੋਚਨ ਸਿੰਘ, ਸ਼ ਹਰਬੰਸ ਸਿੰਘ ਅਟਾਰੀ ਅਤੇ ਸ਼ ਜੋਧ ਸਿੰਘ ਸਨ। ਇਨ੍ਹਾਂ ਸਿੱਖ ਪ੍ਰੋਫੈਸਰਾਂ ਨੇ ਕਾਲਜ ਦੇ ਪ੍ਰਬੰਧ ਵਿਚ ਸਿੱਧੇ ਅੰਗਰੇਜ਼ ਸਰਕਾਰ ਦੇ ਦਖਲ ਨੂੰ ਠੱਲ੍ਹ ਤਾਂ ਪਾ ਲਈ, ਪਰ ਸਰਕਾਰ ਦੀ ਸਿੱਖ ਯੂਨੀਵਰਸਿਟੀ ਬਣਾ ਕੇ ਦੇਣ ਦੀ ਤਜਵੀਜ਼ ਨੂੰ ਠੁਕਰਾ ਦਿੱਤਾ ਸੀ। ਪਰੰਤੂ ਇਨ੍ਹਾਂ ਦਿਨਾਂ ਵਿਚ ਇਸ ਕਾਲਜ ਨੂੰ ਖਾਲਸਾ ਯੂਨੀਵਰਸਿਟੀ ਬਣਾਉਣ ਦੀ ਤਜਵੀਜ਼ ਸਿਆਸਤ ਤੋਂ ਪ੍ਰੇਰਤ ਹੋਈ ਮਹਿਸੂਸ ਹੁੰਦੀ ਹੈ।
-ਕੁਲਦੀਪ ਸਿੰਘ
ਯੂਨੀਅਨ ਸਿਟੀ, ਕੈਲੀਫੋਰਨੀਆ।