ਖਡੂਰ ਸਾਹਿਬ ਜ਼ਿਮਨੀ ਚੋਣ ਦੇ ਨਤੀਜੇ ਅੰਦਾਜ਼ੇ ਮੁਤਾਬਕ ਹੀ ਆਏ ਹਨ। ਸੱਤਾਧਾਰੀ ਅਕਾਲੀ ਦਲ ਦਾ ਉਮੀਦਵਾਰ ਰਵਿੰਦਰ ਸਿੰਘ ਬ੍ਰਹਮਪੁਰਾ ਵੱਡੇ ਫਰਕ ਨਾਲ ਜੇਤੂ ਰਿਹਾ ਹੈ। ਇਸ ਜ਼ਿਮਨੀ ਚੋਣ ਦਾ ਕਾਂਗਰਸ ਨੇ ਬਾਈਕਾਟ ਕੀਤਾ ਹੋਇਆ ਸੀ ਅਤੇ ਆਮ ਆਦਮੀ ਪਾਰਟੀ, ਜੋ ਪਿਛਲੇ ਸਮੇਂ ਦੌਰਾਨ ਸੂਬੇ ਵਿਚ ਤਕੜੀ ਧਿਰ ਬਣ ਕੇ ਉਭਰੀ ਹੈ, ਨੇ ਇਹ ਚੋਣ ਨਾ ਲੜਨ ਦਾ ਐਲਾਨ ਕੀਤਾ ਹੋਇਆ ਸੀ। ਹਾਂ, ਆਮ ਆਦਮੀ ਪਾਰਟੀ ਦੇ ਨਾਰਾਜ਼ ਧੜੇ ਦੇ ਆਗੂ ਭਾਈ ਬਲਦੀਪ ਸਿੰਘ ਨੇ ਚੋਣ ਲੜਨ ਦਾ ਐਲਾਨ ਕੀਤਾ ਹੋਇਆ ਸੀ,
ਉਨ੍ਹਾਂ ਨੂੰ ਆਮ ਆਦਮੀ ਪਾਰਟੀ ਤੋਂ ਵੱਖ ਹੋ ਕੇ ‘ਸਵਰਾਜ ਅਭਿਆਨ’ ਚਲਾਉਣ ਵਾਲੇ ਧੜੇ ਦੀ ਹਮਾਇਤ ਹਾਸਲ ਸੀ, ਪਰ ਐਨ ਮੌਕੇ ‘ਤੇ ਉਨ੍ਹਾਂ ਦੇ ਕਾਗਜ਼ ਰੱਦ ਹੋ ਗਏ। ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਲਈ ਅਹਿਮ ਯੋਗਦਾਨ ਪਾਉਣ ਵਾਲੇ ਨੌਜਵਾਨ ਵਿਦਵਾਨ ਸੁਮੇਲ ਸਿੰਘ ਸਿੱਧੂ ਜ਼ੋਰ-ਸ਼ੋਰ ਨਾਲ ਇਸ ਚੋਣ ਮੈਦਾਨ ਵਿਚ ਕੁੱਦੇ ਸਨ। ਉਹ ਪੰਜਾਬ ਸਾਂਝੀਵਾਲਤਾ ਮੰਚ ਵੱਲੋਂ ਉਮੀਦਵਾਰ ਸਨ। ਇਹ ਮੰਚ ਉਨ੍ਹਾਂ ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ ਨੂੰ ਦਰਕਿਨਾਰ ਕਰਨ ਤੋਂ ਬਾਅਦ ਬਣਾਇਆ ਸੀ। ਇਸ ਚੋਣ ਵਿਚ ਅਕਾਲੀ ਦਲ ਦੇ ਉਮੀਦਵਾਰ ਨੂੰ ਛੱਡ ਕੇ ਹੋਰ ਕੋਈ ਵੀ ਉਮੀਦਵਾਰ ਖਾਸ ਵੋਟਾਂ ਹਾਸਲ ਕਰਨ ਵਿਚ ਨਾਕਾਮ ਰਿਹਾ ਹੈ। ਦੂਜੇ ਨੰਬਰ ਉਤੇ ਰਹੇ ਉਮੀਦਵਾਰ ਭੁਪਿੰਦਰ ਸਿੰਘ ਬਿੱਟੂ ਅਤੇ ਜੇਤੂ ਉਮੀਦਵਾਰ ਨੂੰ ਮਿਲੀਆਂ ਵੋਟਾਂ ਵਿਚਕਾਰ ਫਰਕ ਜ਼ਮੀਨ-ਅਸਮਾਨ ਜਿੰਨਾ ਹੈ। ਬਿੱਟੂ ਨੇ ਕਾਂਗਰਸ ਤੋਂ ਬਾਗੀ ਹੋ ਕੇ ਚੋਣ ਲੜੀ ਸੀ ਅਤੇ ਇਸ ਕਰ ਕੇ ਹੀ ਉਸ ਨੂੰ ਪਾਰਟੀ ਵਿਚੋਂ ਵੀ ਕੱਢ ਦਿੱਤਾ ਗਿਆ ਸੀ। ਇਸ ਚੋਣ ਮੈਦਾਨ ਵਿਚ ਕੁੱਲ 7 ਉਮੀਦਵਾਰ ਸਨ ਅਤੇ ਸੁਮੇਲ ਸਿੰਘ ਸਿੱਧੂ ਜਿਨ੍ਹਾਂ ਨੂੰ ਤਕੜਾ ਉਮੀਦਵਾਰ ਮੰਨਿਆ ਜਾ ਰਿਹਾ ਸੀ, ਸਮੇਤ ਪੰਜ ਉਮੀਦਵਾਰਾਂ ਦੀਆਂ ਜ਼ਮਾਨਤਾਂ ਰੱਦ ਹੋ ਗਈਆਂ ਹਨ। ਇਨ੍ਹਾਂ ਚੋਣਾਂ ਦਾ ਇਕ ਹੋਰ ਦਿਲਚਸਪ ਪਹਿਲੂ ਇਹ ਵੀ ਹੈ ਕਿ ਚੋਖੀ ਗਿਣਤੀ ਵਿਚ ਵੋਟਰਾਂ ਨੇ ‘ਨੋਟਾ’ (ਕੋਈ ਵੀ ਉਮੀਦਵਾਰ ਪਸੰਦ ਨਹੀਂ) ਵਾਲਾ ਬਟਨ ਦਬਾਇਆ। ‘ਨੋਟਾ’ ਇਸ ਚੋਣ ਵਿਚ ਤੀਜਾ ਸਥਾਨ ਲੈ ਗਿਆ ਹੈ।
ਅਕਾਲੀ ਦਲ ਲਈ ਇਹ ਨਤੀਜਾ ਰਤਾ ਕੁ ਤਸੱਲੀਬਖਸ਼ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਸ ਨੂੰ ਵਿਕਾਸ ਅਤੇ ਫਿਰਕੂ ਸਦਭਾਵਨਾ ਦੀ ਜਿੱਤ ਕਰਾਰ ਦਿੱਤਾ ਹੈ। ਦਰਅਸਲ, ਸੂਬੇ ਅੰਦਰ ਸੱਤਾਧਾਰੀ ਧਿਰ ਖਿਲਾਫ ਲੋਕ ਰੋਹ ਅਤੇ ਰੋਸ ਇਸ ਕਦਰ ਵਧ ਗਿਆ ਹੋਇਆ ਹੈ ਕਿ ਇਸ ਦੇ ਆਗੂਆਂ ਨੂੰ ਖੁਦ ਉਤੇ ਵੀ ਯਕੀਨ ਨਹੀਂ ਰਹਿ ਗਿਆ। ਉਂਜ, ਇਸ ਚੋਣ ਨਤੀਜੇ ਨੇ ਦੋ-ਚਾਰ ਗੱਲਾਂ ਐਨ ਨਿਤਾਰ ਦਿੱਤੀਆਂ ਹਨ। ਇਕ ਤਾਂ ਇਹ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਨੂੰ ਵੱਡੀ ਵੰਗਾਰ ਦਾ ਸਾਹਮਣਾ ਕਰਨਾ ਪਵੇਗਾ। ਦੂਜੇ, ਮੁਕਾਬਲਾ ਕੁੱਲ ਮਿਲਾ ਕੇ ਤਿੰਨ ਧਿਰਾਂ ਵਿਚਕਾਰ ਹੋਣ ਦੀ ਸੰਭਾਵਨਾ ਹੈ। ਤੀਜੇ, ਕਾਂਗਰਸ ਨੂੰ ਇਨ੍ਹਾਂ ਚੋਣਾਂ ਵਿਚ ਆਪਣੀ ਪੈਂਠ ਬਣਾਉਣ ਲਈ ਅਕਾਲੀ ਦਲ ਨੂੰ ਦਰਪੇਸ਼ ਵੰਗਾਰ ਤੋਂ ਵੀ ਵੱਡੀਆਂ ਵੰਗਾਰਾਂ ਪੈ ਗਈਆਂ ਹਨ। ਚੌਥੀ, ਆਮ ਆਦਮੀ ਪਾਰਟੀ ਤੋਂ ਨਾਰਾਜ਼ ਹੋਏ ਆਗੂਆਂ ਦੀ ਦਾਲ ਸ਼ਾਇਦ ਬਹੁਤੀ ਨਾ ਗਲੇ। ਬਿਨਾਂ ਸ਼ੱਕ, ਅਗਲੇ ਸਾਲ ਵਾਲੀਆਂ ਵਿਧਾਨ ਸਭਾ ਚੋਣਾਂ ਪੰਜਾਬ ਵਿਚ ਪਹਿਲਾਂ ਹੋਈਆਂ ਸਭ ਚੋਣਾਂ ਤੋਂ ਵੱਖਰੀਆਂ ਹੋਣਗੀਆਂ ਅਤੇ ਇਨ੍ਹਾਂ ਚੋਣ ਨਤੀਜਿਆਂ ਨੇ ਅਗਾਂਹ ਸੂਬੇ ਦਾ ਭਵਿੱਖ ਵੀ ਤੈਅ ਕਰਨਾ ਹੈ। ਇਸ ਵੇਲੇ ਸੂਬੇ ਦੇ ਲੋਕ ਬੇਵਸਾਹੀ ਵਾਲੇ ਦੌਰ ਵਿਚੋਂ ਲੰਘ ਰਹੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੀਆਂ ਘਟਨਾਵਾਂ ਨੇ ਸਭ, ਖਾਸ ਕਰ ਕੇ ਸਿੱਖਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ। ਨਤੀਜੇ ਵਜੋਂ ਸੱਤਾਧਾਰੀ ਅਕਾਲੀ ਦਲ ਖਿਲਾਫ ਵੱਡਾ ਲੋਕ ਰੋਹ ਉਠ ਖੜ੍ਹਾ ਹੋਇਆ। ਅਸਲ ਵਿਚ ਇਸ ਦਲ ਨੇ ਜਿਸ ਤਰ੍ਹਾਂ ਸਿੱਖ ਸੰਸਥਾਵਾਂ ਉਤੇ ਸਿੱਧਾ-ਅਸਿੱਧਾ ਕਬਜ਼ਾ ਕੀਤਾ ਹੋਇਆ ਹੈ, ਲੋਕ ਰੋਹ ਉਸ ਕਬਜ਼ੇ ਦੇ ਖਿਲਾਫ ਸੀ ਜਿਹੜਾ ਵੱਡੇ ਪੱਧਰ ਉਤੇ ਹੁਣ ਬਾਹਰ ਆਇਆ ਹੈ। ਇਸ ਦੇ ਨਾਲ ਹੀ ਸੂਬੇ ਵਿਚ ਨਸ਼ੇ, ਬੇਰੁਜ਼ਗਾਰੀ ਅਤੇ ਹੋਰ ਅਜਿਹੇ ਅਹਿਮ ਮਸਲਿਆਂ ਬਾਰੇ ਸੱਤਾ ਧਿਰ ਦੀ ਪਹੁੰਚ ਨੇ ਇਸ ਗੁੱਸੇ ਨੂੰ ਦੁੱਗਣਾ-ਚੌਗੁਣਾ ਕਰ ਦਿੱਤਾ। ਇਕ ਸਮਾਂ ਤਾਂ ਇਹ ਵੀ ਆ ਗਿਆ ਸੀ ਕਿ ਸੱਤਾ ਧਿਰ ਦੇ ਆਗੂਆਂ ਅਤੇ ਕਰਾਕੁਨਾਂ ਦਾ ਘਰਾਂ ਵਿਚੋਂ ਨਿਕਲਣਾ ਵੀ ਬੰਦ ਹੋ ਗਿਆ ਸੀ। ਇਹੀ ਨਹੀਂ, ਪਰਦੇਸਾਂ ਵਿਚ ਜੋ ਹਾਲ ਇਨ੍ਹਾਂ ਸੱਤਾਧਾਰੀ ਆਗੂਆਂ ਦਾ ਹੋਇਆ, ਉਸ ਨੇ ਇਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ ਸੀ। ਇਸੇ ਕਰ ਕੇ ਸੱਤਾਧਾਰੀਆਂ ਨੂੰ ਇਸ ਜਿੱਤ ਨੇ ਤਸੱਲੀ ਦਿੱਤੀ ਹੈ।
ਉਂਜ ਖਡੂਰ ਸਾਹਿਬ ਦੀ ਜ਼ਿਮਨੀ ਚੋਣ ਨਾਲ ਇਕ ਗੱਲ ਤਾਂ ਸਪਸ਼ਟ ਹੈ ਕਿ ਇਸ ਚੋਣ ਦੇ ਨਤੀਜਆਂ ਨੂੰ ਅਗਲੇ ਸਾਲ ਆ ਰਹੀਆਂ ਵਿਧਾਨ ਸਭਾ ਚੋਣਾਂ ਦਾ ਆਧਾਰ ਬਿਲਕੁੱਲ ਨਹੀਂ ਮੰਨਿਆ ਜਾ ਸਕਦਾ ਜਿਸ ਤਰ੍ਹਾਂ ਅਕਾਲੀ ਦਲ ਨਤੀਜਾ ਆਉਣ ਤੋਂ ਬਾਅਦ ਪ੍ਰਚਾਰ ਰਿਹਾ ਹੈ। ਇਸ ਚੋਣ ਲਈ ਕਿਸੇ ਵੀ ਧਿਰ ਅੰਦਰ ਕੋਈ ਉਤਸ਼ਾਹ ਨਹੀਂ ਸੀ। ਆਮ ਆਦਮੀ ਪਾਰਟੀ, ਕਾਂਗਰਸ, ਬਹੁਜਨ ਸਮਾਜ ਪਾਰਟੀ ਅਤੇ ਖੱਬੀਆਂ ਧਿਰਾਂ ਦੇ ਪਾਸੇ ਰਹਿਣ ਕਾਰਨ ਇਹ ਮੁਕਾਬਲਾ ਇਕਪਾਸੜ ਜਿਹਾ ਹੀ ਸੀ। ਵਿਧਾਨ ਸਭਾ ਚੋਣਾਂ ਨੂੰ ਅਜੇ ਤਕਰੀਬਨ ਸਾਲ ਪਿਆ ਹੈ, ਪਰ ਹੁਣ ਤੱਕ ਦੇ ਸਿਆਸੀ ਵਿਸ਼ਲੇਸ਼ਣ ਦੱਸਦੇ ਹਨ ਕਿ ਆਮ ਆਦਮੀ ਪਾਰਟੀ ਇਨ੍ਹਾਂ ਚੋਣਾਂ ਵਿਚ ਵੱਡੀ ਭੂਮਿਕਾ ਨਿਭਾਏਗੀ। ਪਹਿਲਾਂ-ਪਹਿਲ ਮੁੱਖ ਸਿਆਸੀ ਧਿਰਾਂ-ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ, ਇਸ ਪਾਰਟੀ ਨੂੰ ਪਾਣੀ ਦਾ ਬੁਲਬੁਲਾ ਦੱਸ ਰਹੀਆਂ ਸਨ, ਪਰ ਜਿਸ ਤਰ੍ਹਾਂ ਦਾ ਹੁੰਗਾਰਾ ਇਸ ਪਾਰਟੀ ਨੂੰ ਵੱਖ-ਵੱਖ ਤਬਕਿਆਂ ਤੋਂ ਮਿਲ ਰਿਹਾ ਹੈ, ਉਸ ਤੋਂ ਇਹੀ ਲੱਖਣ ਲਾਇਆ ਜਾ ਸਕਦਾ ਹੈ ਕਿ ਪੰਜਾਬ ਦੇ ਚੋਣ ਨਤੀਜਿਆਂ ਦੀ ਚੂਲ, ਇਹ ਪਾਰਟੀ ਬਣ ਸਕਦੀ ਹੈ। ਪੰਜਾਬ ਵਿਚ ਚਿਰਾਂ ਤੋਂ ਅਕਾਲੀ ਦਲ ਅਤੇ ਕਾਂਗਰਸ ਵਾਰੀ-ਵਾਰੀ ਸੱਤਾ ਹਾਸਲ ਕਰਦੇ ਰਹੇ ਹਨ। ਐਤਕੀਂ ਪਹਿਲੀ ਵਾਰ ਇਕ ਹੋਰ ਤਕੜੀ ਧਿਰ ਨੇ ਚੋਣ ਪਿੜ ਵਿਚ ਧਮਾਕੇਦਾਰ ਦਾਖਲਾ ਲਿਆ ਹੈ ਜਿਸ ਨਾਲ ਦੋਵਾਂ ਮੁੱਖ ਪਾਰਟੀਆਂ ਨੂੰ ਆਪਣੀਆਂ ਨੀਤੀਆਂ ਅਤੇ ਰਣਨੀਤੀਆਂ ਬਦਲਣ ਲਈ ਮਜਬੂਰ ਹੋਣਾ ਪੈ ਰਿਹਾ ਹੈ।