ਨਵੀਂ ਦਿੱਲੀ: ਨਹਿਰੂ ਯੂਨੀਵਰਸਿਟੀ (ਜੇæਐਨæਯੂæ) ਦੇ ਵਿਦਿਆਰਥੀ ਆਗੂ ਕਨ੍ਹੱਈਆ ਕੁਮਾਰ ਖਿਲਾਫ ਦੇਸ਼ ਧ੍ਰੋਹ ਦਾ ਕੇਸ ਦਰਜ ਕਰਨ ਪਿੱਛੋਂ ਇਹ ਮਸਲਾ ਭਖਿਆ ਹੋਇਆ ਹੈ। ਇਸ ਮਾਮਲੇ ਵਿਚ ਭਾਰਤ ਦੀ ਕੇਂਦਰੀ ਸੱਤਾ ‘ਤੇ ਕਾਬਜ਼ ਭਾਜਪਾ ਦੀ ‘ਦੇਸ਼ ਭਗਤੀ’ ਉਤੇ ਸਵਾਲ ਉੱਠ ਰਹੇ ਹਨ। ਇਸ ਵਿਦਿਆਰਥੀ ‘ਤੇ ਦੋਸ਼ ਲਾਇਆ ਗਿਆ ਹੈ ਕਿ ਉਸ ਨੇ ਯੂਨੀਵਰਸਿਟੀ ਵਿਚ ਅਫ਼ਜ਼ਲ ਗੁਰੂ ਨਾਲ ਸਬੰਧਤ ਸਮਾਗਮ ਵਿਚ ਦੇਸ਼ ਵਿਰੋਧੀ ਨਾਅਰੇ ਲਾਏ।
ਭਾਜਪਾ ਦੇ ਵਿਦਿਆਰਥੀ ਵਿੰਗ ਅਖਿਲ ਭਾਰਤੀਆ ਵਿਦਿਆਰਥੀ ਪ੍ਰੀਸ਼ਦ ਨੇ ਇਸ ਖਿਲਾਫ ਅੰਦੋਲਨ ਸ਼ੁਰੂ ਕਰ ਦਿੱਤਾ।
ਦਿੱਲੀ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਮਹੇਸ਼ ਗਿਰੀ ਅਤੇ ਵਿਦਿਆਰਥੀ ਪ੍ਰੀਸ਼ਦ ਦੀ ਸ਼ਿਕਾਇਤ ‘ਤੇ ਪੁਲਿਸ ਨੇ ਅਣਪਛਾਤੇ ਲੋਕਾਂ ਵਿਰੁੱਧ ਮਾਮਲਾ ਦਰਜ ਕਰ ਦਿੱਤਾ। ਇਸ ਪਿੱਛੋਂ ਪੁਲਿਸ ਨੇ ਫੁਰਤੀ ਵਿਖਾਉਂਦਿਆਂ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਕਨ੍ਹੱਈਆ ਕੁਮਾਰ ‘ਤੇ ਦੇਸ਼ ਧ੍ਰੋਹ ਤੇ ਅਪਰਾਧਕ ਸਾਜ਼ਿਸ਼ ਅਧੀਨ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਇਹ ਕਹਿ ਕੇ ਮਾਮਲਾ ਹੋਰ ਭਖਾ ਦਿੱਤਾ ਕਿ ਇਸ ਘਟਨਾਕ੍ਰਮ ਪਿੱਛੇ ਲਸ਼ਕਰ-ਏ-ਤੋਇਬਾ ਦੇ ਮੁਖੀ ਹਾਫਿਜ਼ ਸਈਦ ਦਾ ਹੱਥ ਹੈ। ਭਾਜਪਾ ਸਰਕਾਰ ਵੱਲੋਂ ਜਿਸ ਢੰਗ ਤੇ ਤੇਜ਼ੀ ਨਾਲ ਇਹ ਕਾਰਵਾਈ ਕੀਤੀ ਗਈ, ਉਸ ‘ਤੇ ਸਵਾਲ ਉੱਠ ਰਹੇ ਹਨ। ਕਨ੍ਹੱਈਆ ਕੁਮਾਰ ਦੀ ਗ੍ਰਿਫਤਾਰੀ ਸਮੇਂ ਵਕੀਲਾਂ ਦੇ ਇਕ ਗਰੁੱਪ ਅਤੇ ਕੁਝ ਹੋਰਾਂ ਵੱਲੋਂ ਵਿਦਿਆਰਥੀਆਂ ਤੇ ਮੀਡੀਆ ਨਾਲ ਸਬੰਧਤ ਲੋਕਾਂ ਦੀ ਪੁਲਿਸ ਸਾਹਮਣੇ ਕੀਤੀ ਕੁੱਟ-ਮਾਰ ਤੇ ਇਸ ਕਾਰੇ ਵਿਚ ਸ਼ਾਮਲ ਲੋਕਾਂ ਖਿਲਾਫ ਕਾਰਵਾਈ ਤੋਂ ਟਾਲਾ ਵੀ ਸਰਕਾਰ ਦੇ ਰਵੱਈਏ ‘ਤੇ ਸਵਾਲ ਚੁੱਕਦਾ ਹੈ। ਕੇਂਦਰੀ ਸੱਤਾ ਵਿਚ ਆਉਣ ਪਿੱਛੋਂ ਮੋਦੀ ਸਰਕਾਰ ਦਾ ਵਿਦਿਆਰਥੀਆਂ ਨਾਲ ਆਢਾ ਕੋਈ ਨਵੀਂ ਗੱਲ ਨਹੀਂ ਹੈ। ਇਸ ਤੋਂ ਪਹਿਲਾਂ ਭਾਰਤੀ ਫਿਲਮ ਤੇ ਟੈਲੀਵਿਜ਼ਨ ਇੰਸਟੀਚਿਊਟ ਵਿਚ ਨਿਯੁਕਤੀਆਂ ਨੂੰ ਲੈ ਕੇ ਮੋਦੀ ਸਰਕਾਰ ਵੱਲੋਂ ਕੀਤੀ ਧੱਕੇਸ਼ਾਹੀ ਦਾ ਮਸਲਾ ਅਜੇ ਤੱਕ ਠੰਢਾ ਨਹੀਂ ਹੋ ਸਕਿਆ। ਇਸ ਤੋਂ ਬਾਅਦ ਹੈਦਰਾਬਾਦ ਯੂਨੀਵਰਸਿਟੀ ਤੇ ਹੁਣ ਜੇæਐਨæਯੂæ ਵਿਵਾਦ ਭਖ ਪਿਆ।
ਭਾਜਪਾ ਸਰਕਾਰ ਅਤੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏæਬੀæਵੀæਪੀæ), ਵਿਦਿਆਰਥੀਆਂ ਦੀ ਇਸ ਕਾਰਵਾਈ ਨੂੰ ਦੇਸ਼ ਨਾਲ ਗੱਦਾਰੀ ਦੱਸ ਰਹੀ ਹੈ, ਹਲਾਂਕਿ ਜੰਮੂ ਕਸ਼ਮੀਰ ਜਿਥੇ ਪੀæਡੀæਪੀæ ਨਾਲ ਮਿਲ ਕੇ ਭਾਜਪਾ ਨੇ ਸਰਕਾਰ ਬਣਾਈ ਅਤੇ ਹੁਣ ਫਿਰ ਬਣਾ ਰਹੀ ਹੈ, ਦੇ ਸਮਾਗਮਾਂ ਵਿਚ ਅਜਿਹੇ ਵਿਚਾਰਾਂ ਦਾ ਪ੍ਰਗਟਾਵਾ ਕੋਈ ਲੁਕੀ ਗੱਲ ਨਹੀਂ। ਸਵਾਲ ਇਹ ਹੈ ਕਿ ਇਕੱਲੀ ਜੇæਐਨæਯੂæ ਅਜਿਹੇ ਸਮਾਗਮ ਨਾਲ ਨਿਸ਼ਾਨੇ ਉਤੇ ਕਿਉਂ ਆਈ? ਹਰ ਯੂਨੀਵਰਸਿਟੀ ਵਿਚ ਵੱਖ-ਵੱਖ ਵਿਚਾਰਾਂ ਨੂੰ ਮੰਨਣ ਤੇ ਪ੍ਰਚਾਰਨ ਵਾਲੇ ਗਰੁੱਪਾਂ ਦਾ ਪੁਰਾਣਾ ਇਤਿਹਾਸ ਹੈ ਤੇ ਇਸ ਵਾਰ ਕੁਝ ਵੱਖਰਾ ਨਹੀਂ ਹੋਇਆ। ਹੈਦਰਾਬਾਦ ਯੂਨੀਵਰਸਿਟੀ ਵਿਚ ਅੰਬੇਦਕਰ ਵਿਦਿਆਰਥੀ ਐਸੋਸੀਏਸ਼ਨ ਤੇ ਏæਬੀæਵੀæਪੀæ ਦੇ ਮਾਮੂਲੀ ਟਕਰਾਅ ਮੌਕੇ ਸਰਕਾਰ ਵੱਲੋਂ ਯੂਨੀਵਰਸਿਟੀ ਨੂੰ ਲਿਖੇ ਪੰਜ ਯਾਦ ਪੱਤਰ, ਸਕਾਲਰ ਰੋਹਿਤ ਵੇਮੁਲਾ ਦੀ ਖ਼ੁਦਕੁਸ਼ੀ ਅਤੇ ਹੁਣ ਜੇæਐਨæਯੂæ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਕਨ੍ਹੱਈਆ ਕੁਮਾਰ ਉਤੇ ਦੇਸ਼ ਧ੍ਰੋਹ ਦਾ ਇਲਜ਼ਾਮ ਲਗਾ ਕੇ ਪੁਲਿਸ ਹਿਰਾਸਤ ਵਿਚ ਭੇਜਣ ਦੀਆਂ ਘਟਨਾਵਾਂ ਸਾਬਤ ਕਰ ਰਹੀਆਂ ਹਨ ਕਿ ਕੇਂਦਰ ਸਰਕਾਰ ਇਨ੍ਹਾਂ ਉੱਚ ਵਿੱਦਿਅਕ ਸੰਸਥਾਵਾਂ ਦੇ ਰੋਜ਼ਮਰ੍ਹਾ ਕੰਮ-ਕਾਜ ਵਿਚ ਕਿਸ ਤਰ੍ਹਾਂ ਦਾ ਦਖਲ ਦੇ ਰਹੀ ਹੈ।
ਐਫ਼ਟੀæਆਈæਆਈæ ਪੂਨੇ ਤੋਂ ਅੰਬੇਦਕਰ-ਪੇਰਿਆਰ ਅਧਿਐਨ ਸਰਕਲ ਤੱਕ ਵਿਰੋਧ ਦੀਆਂ ਅਨੇਕ ਮਿਸਾਲਾਂ ਹਨ। ਗੁਜਰਾਤ ਦੇ ਹਾਰਦਿਕ ਪਟੇਲ ਵੱਲੋਂ ਭਾਜਪਾ ਨੂੰ ਦਿੱਤੀ ਚੁਣੌਤੀ ਵੀ ਉਸ ਦੇ ਖਿਲਾਫ ਦੇਸ਼ ਧ੍ਰੋਹ ਦੇ ਮੁਕੱਦਮੇ ਤੱਕ ਚਲੀ ਗਈ। ਦੇਸ਼ ਅੰਦਰ ਵਧ ਰਹੀ ਅਸਹਿਣਸ਼ੀਲਤਾ ਖਿਲਾਫ ਲੇਖਕਾਂ ਵੱਲੋਂ ਦਿੱਤੇ ਅਸਤੀਫਿਆਂ ਪਿਛਲੀ ਚਿੰਤਾ ਨੂੰ ਸਮਝਣ ਦੇ ਬਜਾਏ ਇਨ੍ਹਾਂ ਨੂੰ ਕਿਸੇ ਇਕ ਵਿਚਾਰਧਾਰਾ ਤੋਂ ਪ੍ਰੇਰਿਤ ਕਰਾਰ ਦੇ ਦਿੱਤਾ ਗਿਆ। ਇਹ ਸਭ ਘਟਨਾਵਾਂ ਸਾਬਤ ਕਰਦੀਆਂ ਹਨ ਕਿ ਨਰੇਂਦਰ ਮੋਦੀ ਤੇ ਉਨ੍ਹਾਂ ਦੇ ਸਹਿਯੋਗੀ ਦੇਸ਼ ਵਿਚ ਸਭ ਨੂੰ ਖਾਣ, ਪਹਿਨਣ ਤੇ ਵਿਚਾਰਾਂ ਦੇ ਪ੍ਰਗਟਾਵੇ ਦਾ ਆਪਣੇ ਵੱਲੋਂ ਤੈਅ ਕੀਤੇ ਨਿਯਮਾਂ ਵਿਚ ਸੂਤਰਬਧ ਕਰਨਾ ਲੋਚਦੇ ਹਨ। ਦੇਸ਼ ਭਗਤੀ ਦਾ ਆਪਣਾ ਹੀ ਰਾਗ ਸਿਖਾਉਣ ਦੀ ਏæਬੀæਵੀæਪੀæ ਤੇ ਇਸ ਦੇ ਵਿਚਾਰਵਾਨਾਂ ਦੀ ਪਹੁੰਚ ਬਾਕੀ ਸਭ ਨੂੰ ਦੇਸ਼ ਵਿਰੋਧੀ ਦੇ ਕਟਹਿਰੇ ਵਿਚ ਖੜ੍ਹਾ ਕਰਨ ਦੀ ਕੋਸ਼ਿਸ਼ ਵਿਚ ਰਹਿੰਦੀ ਹੈ। ਅਫ਼ਜ਼ਲ ਗੁਰੂ ਅਤੇ ਯਾਕੂਬ ਮੈਮਨ ਦੀ ਫਾਂਸੀ ਸਬੰਧੀ ਬਹੁਤ ਸਾਰੇ ਲੋਕ ਪਹਿਲਾਂ ਤੋਂ ਹੀ ਅਸਹਿਮਤੀ ਪ੍ਰਗਟ ਕਰ ਰਹੇ ਹਨ। ਇਹ ਫਾਂਸੀ ਦੀ ਸਜ਼ਾ ਨੂੰ ਖ਼ਤਮ ਕਰਨ ਦੀ ਦੁਨੀਆਂ ਭਰ ਵਿਚ ਚੱਲ ਰਹੀ ਲਹਿਰ ਦਾ ਹਿੱਸਾ ਹੈ।
_____________________________________
ਸੰਘਰਸ਼ ਨੂੰ ਕੌਮਾਂਤਰੀ ਪੱਧਰ ‘ਤੇ ਹਮਾਇਤ
ਨਵੀਂ ਦਿੱਲੀ: ਹਾਰਵਡ, ਕੈਂਬਰੇਜ, ਯੇਲ, ਕੋਲੰਬੀਆ ਸਣੇ ਦੁਨੀਆਂ ਦੀਆਂ 400 ਤੋਂ ਵੱਧ ਯੂਨੀਵਰਸਿਟੀਆਂ ਦੇ ਪ੍ਰੋਫੈਸਰਾਂ, ਵਿਦਿਆਰਥੀਆਂ ਨੇ ਜੇæਐਨæਯੂæ ਦੇ ਸੰਘਰਸ਼ ਦੀ ਹਮਾਇਤ ਕੀਤੀ ਹੈ। ਇਨ੍ਹਾਂ ਯੂਨੀਵਰਸਿਟੀ ਨੇ ਸਾਂਝਾ ਬਿਆਨ ਜਾਰੀ ਕਰ ਕੇ ਕਿਹਾ ਕਿ ਜੇæਐਨæਯੂæ ਲੋਕਤੰਤਰ, ਵਿਚਾਰਕ ਅਸਹਿਮਤੀ ਤੇ ਸਮਾਜਿਕ ਵਿਸ਼ਿਆਂ ਉਤੇ ਵਿਦਿਆ ਦਾ ਬਿਹਤਰੀਨ ਸੰਸਥਾਨ ਹੈ। ਭਾਰਤ ਵਿਚ ਵੀ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਤੇ ਹੋਰ ਸਿਆਸੀ ਪਾਰਟੀਆਂ ਦੇ ਆਗੂ ਮੈਦਾਨ ਵਿਚ ਉਤਰ ਆਏ। ਸੀæਪੀæਐਮæ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ, ਸੀæਪੀæਆਈæ ਦੇ ਸਕੱਤਰ ਡੀ ਰਾਜਾ ਤੇ ਜਨਤਾ ਦਲ (ਯੂ) ਦੇ ਤਰਜਮਾਨ ਕੇæਸੀæ ਤਿਆਗੀ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰ ਕੇ ਕਨ੍ਹੱਈਆ ਕੁਮਾਰ ਨੂੰ ਰਿਹਾਅ ਕਰਨ ਦੀ ਮੰਗ ਕੀਤੀ।