ਤਰਨ ਤਾਰਨ: ਖਡੂਰ ਸਾਹਿਬ ਦੀ ਜ਼ਿਮਨੀ ਚੋਣ ਦੇ ਨਤੀਜੇ ਨੇ, ਲੋਕਾਂ ਦੇ ਰੋਹ ਅਤੇ ਰੋਸ ਦੀ ਮਾਰ ਆਏ ਆਏ ਬਾਦਲਾਂ ਨੂੰ ਰਤਾ ਕੁ ਸਾਹ ਦਿਵਾ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੀ 14 ਫਰਵਰੀ ਨੂੰ ਹੋਈ ਜ਼ਿਮਨੀ ਚੋਣ, ਕੁੱਲ ਪਈਆਂ 1,07,341 ਵੋਟਾਂ ਵਿਚੋਂ 83,080 ਵੋਟਾਂ ਹਾਸਲ ਕਰ ਕੇ ਵੱਡੇ ਫਰਕ ਨਾਲ ਜਿੱਤ ਲਈ ਹੈ। ਇਸ ਜਿੱਤ ਨੂੰ ਅਕਾਲੀ ਦਲ ਜਿਥੇ 2017 ਦੀਆਂ ਵਿਧਾਨ ਸਭਾ ਚੋਣਾਂ ਨਾਲ ਜੋੜ ਰਿਹਾ ਹੈ,
ਉਥੇ ਕਾਂਗਰਸ ਤੇ ਆਮ ਆਦਮੀ ਪਾਰਟੀ ਸਮੇਤ ਦੂਜੀਆਂ ਧਿਰਾਂ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਚੋਣ ਮੈਦਾਨ ਵਿਚੋਂ ਗੈਰ ਹਾਜ਼ਰੀ ਸਦਕਾ ਅਕਾਲੀ ਦਲ ਜਿੱਤਿਆ ਹੈ।
ਜ਼ਿਮਨੀ ਚੋਣਾਂ ਵਿਚ ਸ਼ ਬ੍ਰਹਮਪੁਰਾ ਨੇ ਆਪਣੇ ਵਿਰੋਧੀ ਉਮੀਦਵਾਰ ਭੁਪਿੰਦਰ ਸਿੰਘ ਬਿੱਟੂ ਨੂੰ 65,664 ਵੋਟਾਂ ਦੇ ਫਰਕ ਨਾਲ ਹਰਾਇਆ। ਚੋਣ ਵਿਚ ਕੁੱਲ 1,09,593 ਵੋਟਾਂ ਪਈਆਂ ਸਨ ਜਿਸ ਵਿਚੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ 83,080 ਵੋਟਾਂ ਮਿਲੀਆਂ। ਬਹੁਜਨ ਸਮਾਜ ਪਾਰਟੀ (ਅੰਬੇਡਕਰ) ਦੇ ਪੂਰਨ ਸਿੰਘ ਸ਼ੇਖ ਨੂੰ 1815 ਵੋਟਾਂ, ਆਜ਼ਾਦ ਉਮੀਦਵਾਰ ਆਨੰਤਜੀਤ ਸਿੰਘ ਸੰਧੂ ਨੂੰ 1621 ਵੋਟਾਂ, ਆਜ਼ਾਦ ਉਮੀਦਵਾਰ ਸੁਖਦੇਵ ਸਿੰਘ ਖੋਸਲਾ ਨੂੰ 677 ਵੋਟਾਂ, ਆਜ਼ਾਦ ਉਮੀਦਵਾਰ ਡਾæ ਸੁਮੇਲ ਸਿੰਘ ਸਿੱਧੂ ਨੂੰ 2243 ਵੋਟਾਂ, ਆਜ਼ਾਦ ਉਮੀਦਵਾਰ ਹਰਜੀਤ ਸਿੰਘ ਨੂੰ 489 ਅਤੇ ਆਜ਼ਾਦ ਉਮੀਦਵਾਰ ਭੁਪਿੰਦਰ ਸਿੰਘ ਨੂੰ 17,416 ਵੋਟਾਂ ਪਈਆਂ। 2252 ਵੋਟਰਾਂ ਨੇ ‘ਨੋਟਾ’ ਵਾਲਾ ਬਟਨ ਦਬਾਇਆ। ਸੂਬੇ ਵਿਚ ਵਿਧਾਨ ਸਭਾ ਚੋਣਾਂ ਲਈ ਸਾਲ ਕੁ ਭਰ ਦਾ ਸਮਾਂ ਬਾਕੀ ਰਹਿ ਗਿਆ ਹੈ। 2017 ਦੀਆਂ ਚੋਣਾਂ ਤੋਂ ਪਹਿਲਾਂ ਇਹ ਚੋਣ ਇਸ ਕਰ ਕੇ ਵੀ ਮਹੱਤਵਪੂਰਨ ਸੀ ਕਿ ਸਿਆਸੀ ਪਾਰਟੀਆਂ ਇਸ ਵਿਚ ਕਿਸ ਤਰ੍ਹਾਂ ਦੀ ਕਾਰਗੁਜ਼ਾਰੀ ਦਿਖਾਉਂਦੀਆਂ ਹਨ, ਪਰ ਕਾਂਗਰਸ ਪਹਿਲਾਂ ਹੀ ਚੋਣ ਮੈਦਾਨ ਵਿਚੋਂ ਹਟ ਗਈ। ਕਾਂਗਰਸ ਤੋਂ ਇਲਾਵਾ ਆਮ ਆਦਮੀ ਪਾਰਟੀ (ਆਪ) ਤੇ ਕਮਿਊਨਿਸਟ ਗੁੱਟਾਂ ਵੱਲੋਂ ਵੀ ਭਾਗ ਨਾ ਲੈਣ ਦੇ ਐਲਾਨ ਤੇ ‘ਆਪ’ ਦੇ ਇਕ ਨਾਰਾਜ਼ ਧੜੇ ਦੇ ਉਮੀਦਵਾਰ ਭਾਈ ਬਲਦੀਪ ਸਿੰਘ ਦੇ ਕਾਗ਼ਜ਼ ਰੱਦ ਹੋਣ ਤੋਂ ਬਾਅਦ ਹਾਕਮ ਧਿਰ ਦੇ ਉਮੀਦਵਾਰ ਦੀ ਜਿੱਤ ਦੇ ਆਸਾਰ ਰੌਸ਼ਨ ਹੋ ਗਏ ਸਨ। ਕਾਂਗਰਸ ਤੇ ‘ਆਪ’ ਤੋਂ ਨਾਰਾਜ਼ ਦੋ ਵੱਖ-ਵੱਖ ਆਗੂਆਂ ਤੋਂ ਇਲਾਵਾ ਹੋਰ ਚਾਰ ਆਜ਼ਾਦ ਉਮੀਦਵਾਰ ਵੀ ਚੋਣ ਮੈਦਾਨ ਵਿਚ ਸਨ। ਸ਼੍ਰੋਮਣੀ ਅਕਾਲੀ ਦਲ ਕੁੱਲ ਪਈਆਂ ਵੋਟਾਂ ਦਾ ਲਗਪਗ 76 ਫ਼ੀਸਦੀ ਹਿੱਸਾ ਪ੍ਰਾਪਤ ਕਰਨ ਵਿਚ ਸਫਲ ਹੋ ਗਿਆ। ਬਿੱਟੂ ਨੂੰ ਛੱਡ ਕੇ ਬਾਕੀ ਸਾਰੇ ਉਮੀਦਵਾਰ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੇ। ਹੋਰ ਤਾਂ ਹੋਰ, ‘ਆਪ’ ਦੇ ਨਾਰਾਜ਼ ਆਗੂ ਸੁਮੇਲ ਸਿੱਧੂ ਨੂੰ ਪੂਰਾ ਜ਼ੋਰ ਲਾਉਣ ਦੇ ਬਾਵਜੂਦ ‘ਨੋਟਾ’ ਤੋਂ ਵੀ ਘੱਟ ਸਿਰਫ 2243 ਵੋਟਾਂ ਹੀ ਮਿਲੀਆਂ ਜਦੋਂਕਿ ਬਿਨਾਂ ਕਿਸੇ ਖਾਸ ਪ੍ਰਚਾਰ ਮੁਹਿੰਮ ਦੇ 2252 ਲੋਕਾਂ ਨੇ ਸਾਰੇ ਹੀ ਉਮੀਦਵਾਰਾਂ ਨੂੰ ਨਾਪਸੰਦ ਕਰਨ (ਨੋਟਾ) ਦੇ ਹੱਕ ਵਿਚ ਵੋਟ ਪਾਈ।