ਲਾਂਸ ਨਾਇਕ ਹਨਮਨਥੱਪਾ ਕੋਪਾਡ ਦੀ ਮੌਤ ਨਾਲ ਜੰਗ ਦੀ ਕਹਾਣੀ

ਨਵੀਂ ਦਿੱਲੀ: ਸਿਆਚਿਨ ਗਲੇਸ਼ੀਅਰ ਵਿਚ ਛੇ ਦਿਨ ਬਰਫ ਥੱਲੇ ਦੱਬੇ ਰਹਿਣ ਦੇ ਬਾਵਜੂਦ ਜ਼ਿੰਦਾ ਨਿਕਲੇ ਲਾਂਸ ਨਾਇਕ ਹਨਮਨਥੱਪਾ ਕੋਪਾਡ ਭਾਵੇਂ ਹੁਣ ਇਸ ਦੁਨੀਆਂ ਵਿਚ ਨਹੀਂ ਰਹੇ, ਪਰ ਉਨ੍ਹਾਂ ਦੀ ਮੌਤ ਨਾਲ ਛੇ ਦਿਨ ਲੜਾਈ ਲੋਕਾਂ ਦੀ ਜ਼ੁਬਾਨ ‘ਤੇ ਹੈ।

ਹਨਮਨਥੱਪਾ ਛੇ ਦਿਨ ਤੱਕ 25 ਫੁੱਟ ਡੂੰਘੀ ਬਰਫ ਦੇ ਥੱਲੇ ਦੱਬਿਆ ਰਿਹਾ ਸੀ। ਸਿਆਚਿਨ ਗਲੇਸ਼ੀਅਰ ਵਿਚ ਫੌਜੀ ਚੌਕੀ, ਜੋ 19,600 ਫੁੱਟ ਉਤੇ ਸਥਾਪਤ ਸੀ, ਬਰਫੀਲੇ ਤੂਫਾਨ ਵਿਚ ਘਿਰ ਗਈ ਸੀ। ਇਸ ਤੋਂ ਪਹਿਲਾਂ ਇਕ ਜੇæਸੀæਓæ ਸਮੇਤ 9 ਹੋਰ ਜਵਾਨਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ।
ਲਾਂਸ ਨਾਇਕ ਛੇ ਦੇ ਦਿਨਾਂ ਤੱਕ ਖਾਧੇ-ਪੀਤੇ ਤੇ ਆਕਸੀਜਨ ਬਿਨਾਂ ਬਚੇ ਰਹਿਣ ਦਾ ਕਾਰਨ ਕੁਦਰਤੀ ਤੌਰ ਉਤੇ ਉਸ ਦੇ ਆਲੇ ਦੁਆਲੇ ਬਰਫ ਦੀਆਂ ਉਸਰ ਗਈਆਂ ਕੰਧਾਂ ਨੂੰ ਦੱਸਿਆ ਗਿਆ ਹੈ। ਉਹ 50 ਤੋਂ 55 ਡਿਗਰੀ ਮਨਫੀ ਤਾਪਮਾਨ ਵਿਚ ਵੀ ਬਰਫੀਲੀਆਂ ਹਵਾਵਾਂ ਤੋਂ ਬਚਾਅ ਵਿਚ ਸਹਾਈ ਹੋਈਆਂ। ਇਸ ਤੋਂ ਇਲਾਵਾ ਉਸ ਦੇ ਪਾਏ ਵਿਸ਼ੇਸ਼ ਗਰਮ ਕੱਪੜੇ ਤੇ ਵਿਸ਼ੇਸ਼ ਬੂਟਾਂ ਨੇ ਵੀ ਉਸ ਨੂੰ ਸਰਦੀ ਤੋਂ ਬਚਾਅ ਕੇ ਰੱਖਿਆ।
ਦੱਸਣਯੋਗ ਹੈ ਕਿ ਸਿਆਚਿਨ ਗਲੇਸ਼ੀਅਰ ਵਿਚ 19,600 ਫੁੱਟ ਦੀ ਉਚਾਈ ‘ਤੇ ਬਣੀ ਚੌਕੀ ਬਰਫ਼ੀਲੇ ਤੂਫ਼ਾਨ ਵਿਚ ਤਬਾਹ ਹੋ ਗਈ ਸੀ ਤੇ ਉਸ ਸਮੇਤ 10 ਜਵਾਨ ਕਈ ਫੁੱਟ ਹੇਠਾਂ ਬਰਫ਼ ਵਿਚ ਦਬ ਗਏ ਸਨ। ਲਾਂਸ ਨਾਇਕ ਹਨਮਨਥੱਪਾ ਨੂੰ ਛੇ ਦਿਨਾਂ ਬਾਅਦ ਜਿਉਂਦਾ ਕੱਢ ਲਿਆ ਗਿਆ ਸੀ, ਪਰ ਉਹ ਬੇਸੁਰਤ ਸੀ ਅਤੇ ਉਸ ਦੇ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਲਾਂਸ ਨਾਇਕ ਹਨਮਨਥੱਪਾ ਕੋਪਾਡ ਮਦਰਾਸ ਰੈਜੀਮੈਂਟ ਦੀ 19ਵੀ ਬਟਾਲੀਅਨ ਵਿਚ ਤਾਇਨਾਤ ਸੀ। ਪਰਿਵਾਰ ਵਿਚ ਪਤਨੀ ਮਹਾਦੇਵੀ ਅਸ਼ੋਕ ਬਿਲੇਬਲ ਅਤੇ ਦੋ ਸਾਲ ਦੀ ਬੱਚੀ ਨੇਤਰਾ ਕੋਪਾਡ ਰਹਿ ਗਏ ਹਨ। ਕਰਨਾਟਕ ਦੇ ਧਾਰਵਾੜ ਜ਼ਿਲ੍ਹੇ ਦੇ ਪਿੰਡ ਬੇਤਾਦੂਰ ਦਾ ਵਸਨੀਕ ਕੋਪਾਡ 13 ਸਾਲ ਪਹਿਲਾਂ ਫ਼ੌਜ ਵਿਚ ਸ਼ਾਮਲ ਹੋਇਆ ਸੀ। ਉਸ ਦੇ ਦੇਹਾਂਤ ਦੀ ਖ਼ਬਰ ਜਿਵੇਂ ਹੀ ਆਈ ਤਾਂ ਪੂਰੇ ਮੁਲਕ ਵਿਚ ਸੋਗ ਦਾ ਮਾਹੌਲ ਬਣ ਗਿਆ। ਉਸ ਦੇ ਪਿੰਡ ਵਿਚ ਲੋਕ ਸੜਕਾਂ ‘ਤੇ ਆ ਗਏ ਤੇ ਭੁੱਬਾਂ ਮਾਰ ਕੇ ਰੋ ਪਏ।
___________________________________________
ਗਲੇਸ਼ੀਅਰ ‘ਚ 90 ਫੀਸਦੀ ਮੌਤਾਂ ਕੁਦਰਤੀ ਆਫਤਾਂ ਕਾਰਨ
ਨਵੀਂ ਦਿੱਲੀ: ਭਾਰਤੀ ਫੌਜ ਨੇ ਇਸ ਗਲੇਸ਼ੀਅਰ ਦੇ 3000 ਵਰਗ ਕਿਲੋਮੀਟਰ ਹਿੱਸੇ ਨੂੰ 1984 ਵਿਚ ਆਪਣੇ ਕਬਜ਼ੇ ਵਿਚ ਲਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਇਸ ਗਲੇਸ਼ੀਅਰ ‘ਤੇ 1000 ਜਾਨਾਂ ਜਾ ਚੁੱਕੀਆਂ ਹਨ। ਉਂਜ, ਇਹ ਵੀ ਵਿਡੰਬਨਾ ਹੈ ਕਿ ਇਨ੍ਹਾਂ ਇਕ ਹਜ਼ਾਰ ਜਾਨਾਂ ਵਿਚੋਂ ਮਹਿਜ਼ 10 ਫੀਸਦੀ ਪਾਕਿਸਤਾਨ ਨਾਲ ਗੋਲੀਬਾਰੀ ਵਿਚ ਗਈਆਂ ਹਨ। 90 ਫੀਸਦੀ ਮੌਤਾਂ ਮੌਸਮੀ ਹਾਲਾਤ ਨਾਲ ਜੁੜੀਆਂ ਦੁਰਘਟਨਾਵਾਂ ਵਿਚ ਹੋਈਆਂ ਹਨ। ਪਾਕਿਸਤਾਨੀ ਮੀਡੀਆ ਅਨੁਸਾਰ ਸਿਆਚਿਨ ਮੁਹਾਜ਼ ‘ਤੇ ਹੁਣ ਤੱਕ 1100 ਜਾਨਾਂ ਜਾ ਚੁੱਕੀਆਂ ਹਨ ਜਿਨ੍ਹਾਂ ਵਿਚੋਂ 900 ਮੌਸਮੀ ਦੁਸ਼ਵਾਰੀਆਂ ਦੀ ਭੇਟ ਚੜ੍ਹੀਆਂ। ਅਜੇ ਤਿੰਨ ਸਾਲ ਪਹਿਲਾਂ ਪਾਕਿਸਤਾਨੀ ਪਾਸੇ ਬਰਫੀਲੇ ਤੂਫਾਨ ਕਾਰਨ 112 ਫ਼ੌਜੀ ਬਰਫ ਹੇਠ ਦੱਬੇ ਗਏ ਸਨ।
_____________________________________________
ਪਾਕਿ ਵੱਲੋਂ ਸਿਆਚਿਨ ਤੋਂ ਫੌਜਾਂ ਪਿੱਛੇ ਹਟਾਉਣ ਦਾ ਸੱਦਾ
ਨਵੀਂ ਦਿੱਲੀ: ਲਾਂਸ ਨਾਇਕ ਹਨਮਨਥੱਪਾ ਕੋਪਾਡ ਦੇ ਦੇਹਾਂਤ ਤੋਂ ਬਾਅਦ ਪਾਕਿਸਤਾਨ ਦੇ ਹਾਈ ਕਮਿਸ਼ਨਰ ਅਬਦੁੱਲ ਬਾਸਿਤ ਨੇ ਕਿਹਾ ਹੈ ਕਿ ਸਿਆਚਿਨ ਮੁੱਦੇ ‘ਤੇ ਫੌਰੀ ਮਤਾ ਲਿਆ ਕੇ ਭਾਰਤ ਤੇ ਪਾਕਿਸਤਾਨ ਉਥੋਂ ਫੌਜਾਂ ਹਟਾਉਣ ਲਈ ਕੋਈ ਫੈਸਲਾ ਲੈਣ ਤਾਂ ਜੋ ਬਰਫ਼ੀਲੀ ਚੋਟੀ ‘ਤੇ ਹੋਰ ਜਾਨਾਂ ਅਜਾਈਂ ਨਾ ਜਾਣ। ਉਨ੍ਹਾਂ ਕਿਹਾ ਕਿ ਇਸ ਮਸਲੇ ਨੂੰ ਗੱਲਬਾਤ ਕਰ ਕੇ ਸ਼ਾਂਤੀ ਨਾਲ ਵਿਚਾਰਿਆ ਜਾਣਾ ਚਾਹੀਦਾ ਹੈ।