ਮੁੰਬਈ: ਪਾਕਿਸਤਾਨੀ ਮੂਲ ਦੇ ਅਮਰੀਕੀ ਅਤਿਵਾਦੀ ਡੇਵਿਡ ਕੋਲਮੈਨ ਹੈਡਲੀ ਨੇ ਮੁੰਬਈ ਦੀ ਵਿਸ਼ੇਸ਼ ਅਦਾਲਤ ਨੂੰ ਦੱਸਿਆ ਹੈ ਕਿ 2004 ਵਿਚ ਗੁਜਰਾਤ ਵਿਚ ਮੁਕਾਬਲੇ ਵਿਚ ਮਾਰੀ ਗਈ ਕਾਲਜ ਦੀ ਵਿਦਿਆਰਥਣ ਇਸ਼ਰਤ ਜਹਾਂ ਅਤਿਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੀ ਮੈਂਬਰ ਸੀ। ਅਮਰੀਕਾ ਤੋਂ ਵੀਡੀਓ ਕਾਰਨਫਰੰਸਿੰਗ ਰਾਹੀਂ ਦਿੱਤੀ ਗਵਾਹੀ ਵਿਚ ਹੈਡਲੀ ਨੇ ਮੁੰਬਈ ਦੇ ਮੁੰਬਰਾ ਇਲਾਕੇ ਦੀ ਵਸਨੀਕ 19 ਸਾਲ ਦੀ ਇਸ਼ਰਤ ਦਾ ਨਾਮ ਉਸ ਸਮੇਂ ਲਿਆ, ਜਦੋਂ ਵਿਸ਼ੇਸ਼ ਸਰਕਾਰੀ ਵਕੀਲ ਉੱਜਵਲ ਨਿਕਮ ਨੇ ਉਸ ਠੁੱਸ ਹੋ ਚੁੱਕੀ ਮੁਹਿੰਮ ਬਾਰੇ ਪੁੱਛਿਆ ਜਿਸ ਦਾ ਜ਼ਿਕਰ ਲਸ਼ਕਰ-ਏ-ਤੋਇਬਾ ਦੇ ਕਮਾਂਡਰ ਜ਼ਕੀ-ਉਰ-ਰਹਿਮਾਨ ਲਖਵੀ ਨੇ ਹੈਡਲੀ ਕੋਲ ਕੀਤਾ ਸੀ।
ਹੈਡਲੀ ਨੇ ਅਦਾਲਤ ਨੂੰ ਦੱਸਿਆ ਕਿ ਲਖਵੀ ਨੇ ਉਸ ਨੂੰ ਭਾਰਤ ਵਿਚ ਠੁੱਸ ਹੋ ਚੁੱਕੀ ਇਸ ਮੁਹਿੰਮ ਬਾਰੇ ਦੱਸਿਆ ਸੀ। ਇਸ ਮੁਹਿੰਮ ਦੀ ਅਗਵਾਈ ਲਸ਼ਕਰ ਦਾ ਮੈਂਬਰ ਮੁਜ਼ਮਿੱਲ ਬੱਟ ਕਰ ਰਿਹਾ ਸੀ ਤੇ ਇਸ ਵਿਚ ਅਤਿਵਾਦੀ ਸੰਗਠਨ ਦੀ ਇਕ ਮਹਿਲਾ ਮੈਂਬਰ ਮਾਰੀ ਗਈ ਸੀ। ਇਸ ਮੁਹਿੰਮ ਬਾਰੇ ਵਿਸਥਾਰ ਨਾਲ ਪੁੱਛਣ ‘ਤੇ ਹੈਡਲੀ ਨੇ ਕਿਹਾ, ‘ਲਸ਼ਕਰ-ਏ-ਤੋਇਬਾ ਇਕ ਮਹਿਲਾ ਬਰਾਂਚ ਸੀ ਜਿਸ ਦੀ ਅਗਵਾਈ ਅਬੂ ਆਇਮਨ ਦੀ ਮਾਂ ਕਰ ਰਹੀ ਸੀ। ਜ਼ਕੀ ਨੇ ਮੈਨੂੰ ਭਾਰਤ ਵਿਚ ਬੱਟ ਦੇ ਠੁੱਸ ਹੋ ਚੁੱਕੀ ਮੁਹਿੰਮ ਬਾਰੇ ਦੱਸਿਆ ਸੀ। ਇਹ ਪੁਲਿਸ ਨਾਲ ਕਿਸੇ ਮੁਕਾਬਲੇ ਦੀ ਗੱਲ ਸੀ। ਮੈਨੂੰ ਨਹੀਂ ਪਤਾ ਕਿ ਭਾਰਤ ਦੇ ਕਿਹੜੇ ਹਿੱਸੇ ਵਿਚ ਇਹ ਹੋਇਆ ਸੀ ਪਰ ਇਸ ਵਿਚ ਇਕ ਔਰਤ ਮਾਰੀ ਗਈ ਸੀ।
ਮੇਰੇ ਮੰਨਣਾ ਹੈ ਕਿ ਇਹ ਔਰਤ ਪਾਕਿਸਤਾਨੀ ਨਾ ਹੋ ਕੇ ਭਾਰਤੀ ਸੀ। ਇਹ ਔਰਤ ਲਸ਼ਕਰ ਦੀ ਮੈਂਬਰ ਸੀ।’ ਇਸ ਤੋਂ ਬਾਅਦ ਸਰਕਾਰੀ ਵਕੀਲ ਉੱਜਵਲ ਨਿਕਮ ਨੇ ਲਸ਼ਕਰ ਨਾਲ ਸਬੰਧਤ ਤਿੰਨ ਔਰਤਾਂ ਨੂਰ ਜਹਾਂ ਬੇਗ਼ਮ, ਇਸ਼ਰਤ ਜਹਾਂ ਤੇ ਮੁਮਤਾਜ਼ ਬੇਗ਼ਮ ਦੇ ਨਾਮ ਲਏ। ਉਨ੍ਹਾਂ ਵਿਚੋਂ ਹੈਡਲੀ ਨੇ ਇਸ਼ਰਤ ਜਹਾਂ ਦਾ ਨਾਮ ਲਿਆ। ਵਰਨਣਯੋਗ ਹੈ ਕਿ 15 ਜੂਨ 2004 ਵਿਚ ਅਹਿਮਦਾਬਾਦ ਦੇ ਬਾਹਰੀ ਇਲਾਕੇ ਵਿਚ ਗੁਜਰਾਤ ਪੁਲਿਸ ਨਾਲ ਹੋਏ ਮੁਕਾਬਲੇ ਵਿਚ ਇਸ਼ਰਤ, ਜਾਵੇਦ ਸ਼ੇਖ਼ ਉਰਫ਼ ਪ੍ਰਾਣੇਸ਼ ਪਿੱਲੇ, ਅਮਜ਼ਦਅਲੀ ਅਕਬਰਅਲੀ ਰਾਣਾ ਤੇ ਜੀਸ਼ਾਨ ਜੋਹਾ ਨਾਮ ਦੇ ਚਾਰ ਵਿਅਕਤੀ ਮਾਰੇ ਗਏ ਸਨ, ਜਿਸ ਸਮੇਂ ਮੁਕਾਬਲਾ ਹੋਇਆ ਸੀ ਉਸ ਵੇਲੇ ਨਰੇਂਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ ਤੇ ਦਾਅਵਾ ਕੀਤਾ ਗਿਆ ਸੀ ਕਿ ਇਹ ਅਤਿਵਾਦੀ ਉਨ੍ਹਾਂ ਨੂੰ ਮਾਰਨ ਲਈ ਆਏ ਸਨ। ਇਸ ਦੌਰਾਨ ਇਸ਼ਰਤ ਜਹਾਂ ਦੀ ਵਕੀਲ ਵਰਿੰਦਾ ਗਰੋਵਰ ਨੇ ਕਿਹਾ ਕਿ ਹੈਡਲੀ ਨੇ ਆਪਣੀ ਗਵਾਹੀ ਵਿਚ ਇਹੀ ਕਿਹਾ ਹੈ ਕਿ ਉਸ ਨੇ ਇਸ ਅਪਰੇਸ਼ਨ ਬਾਰੇ ਸਿਰਫ ਸੁਣਿਆ ਸੀ ਤੇ ਇਸ ਉਸ ਨੂੰ ਕਿਸੇ ਮਹਿਲਾ ਫਿਦਾਇਨ ਹਮਲਾਵਰ ਬਾਰੇ ਬਿਲਕੁਲ ਨਹੀਂ ਪਤਾ।
__________________________________________
ਪਾਕਿ ਵਲੋਂ ਹੈਡਲੀ ਦੀ ਗਵਾਹੀ ਝੂਠ ਦਾ ਪੁਲੰਦਾ ਕਰਾਰ
ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਗ੍ਰਹਿ ਮੰਤਰੀ ਰਹਿਮਾਨ ਮਲਿਕ ਨੇ 2008 ਮੁੰਬਈ ਹਮਲਿਆਂ ਦੇ ਮਾਮਲੇ ਵਿਚ ਡੇਵਿਡ ਹੈਡਲੀ ਦੀ ਗਵਾਹੀ ਨੂੰ ‘ਝੂਠ ਦਾ ਪੁਲੰਦਾ’ ਕਰਾਰ ਦਿੱਤਾ ਹੈ। ਉਨ੍ਹਾਂ ਭਾਰਤ ਉਤੇ ਦੋਸ਼ ਲਾਇਆ ਕਿ ਉਹ ਪਾਕਿਸਤਾਨੀ-ਅਮਰੀਕੀ ਅਤਿਵਾਦੀ ਦੇ ਮਨਘੜਤ ਇਕਬਾਲੀਆ ਬਿਆਨ ਦੇ ਆਧਾਰ ‘ਤੇ ਪਾਕਿਸਤਾਨ ਨੂੰ ਬਦਨਾਮ ਕਰਨ ਦਾ ਯਤਨ ਕਰ ਰਿਹਾ ਹੈ।
___________________________________
ਹੈਡਲੀ ਦੇ ਖੁਲਾਸੇ ਪਿੱਛੋਂ ਭਾਜਪਾ ਨੇ ਕਾਂਗਰਸ ਘੇਰੀ
ਨਵੀਂ ਦਿੱਲੀ: ਡੇਵਿਡ ਹੈਡਲੀ ਵੱਲੋਂ ਇਸ਼ਰਤ ਜਹਾਂ ਬਾਰੇ ਕੀਤੇ ਖੁਲਾਸੇ ਬਾਅਦ ਭਾਜਪਾ ਨੇ ਕਾਂਗਰਸ ਦੀ ਲੀਡਰਸ਼ਿਪ ਨੂੰ ਕਿਹਾ ਹੈ ਕਿ ਉਹ ਹੁਣ ਮੁਆਫੀ ਮੰਗੇ ਕਿਉਂਕਿ ਉਸ ਨੇ ਇਸ ਮੁਕਾਬਲੇ ਨੂੰ ਝੂਠਾ ਦੱਸ ਕੇ ਨਰੇਂਦਰ ਮੋਦੀ ਨੂੰ ਨਿਸ਼ਾਨਾ ਬਣਾਇਆ ਸੀ। ਪਾਰਟੀ ਨੇ ਕਿਹਾ ਕਿ ਜੇਕਰ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਵਿਚ ਮਾੜੀ-ਮੋਟੀ ਸ਼ਰਮ ਹੈ ਤਾਂ ਉਹ ਦੇਸ਼ ਤੋਂ ਮੁਆਫੀ ਮੰਗਣ।