ਫਤਹਿਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਰਬੱਤ ਖਾਲਸਾ ਜਥੇਬੰਦੀਆਂ ਵੱਲੋਂ ਗੁਰਦੁਆਰਾ ਫਤਹਿਗੜ੍ਹ ਸਾਹਿਬ ਵਿਚ ਜਰਨੈਲ ਸਿੰਘ ਭਿੰਡਰਾਂਵਾਲੇ ਦਾ 69ਵਾਂ ਜਨਮ ਦਿਨ ਮਨਾਉਂਦੇ ਹੋਏ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ। ਸਮਾਗਮ ਦੌਰਾਨ ਨੌਜਵਾਨਾਂ ਦੇ ਹੱਥਾਂ ਵਿਚ ਖਾਲਿਸਤਾਨ ਪੱਖੀ ਨਾਅਰਿਆਂ ਵਾਲੀਆਂ ਪੀਲੀਆਂ ਝੰਡੀਆਂ ਫੜੀਆਂ ਹੋਈਆਂ ਸਨ। ਇਸ ਮੌਕੇ ਭਿੰਡਰਾਂਵਾਲਾ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ।
ਸਮਾਗਮ ਦੌਰਾਨ ਵੱਡੀ ਗਿਣਤੀ ਜ਼ਿਲ੍ਹਾ ਪੁਲਿਸ ਤਾਇਨਾਤ ਰਹੀ ਤੇ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਬਾਹਰਲੇ ਜ਼ਿਲ੍ਹਿਆਂ ਤੋਂ ਵੀ ਪੁਲਿਸ ਸੱਦੀ ਗਈ। ਇਸ ਮੌਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖਿਲਾਫ਼ ਸੰਘਰਸ਼ ਦੌਰਾਨ ਜਖ਼ਮੀ ਹੋਏ ਵਿਅਕਤੀਆਂ ਦਾ ਵਿੱਤੀ ਰਕਮ ਨਾਲ ਸਨਮਾਨ ਕੀਤਾ ਗਿਆ। ਇਸ ਦੌਰਾਨ ਬੁਲਾਰਿਆਂ ਨੇ ਖਾਲਿਸਤਾਨ ਦੀ ਮੰਗ ਦੁਹਰਾਈ।
ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਆਪਣੀ ਤਕਰੀਰ ਵਿਚ ਇਸ ਗੱਲ ਉਤੇ ਜ਼ੋਰ ਦਿੱਤਾ ਖਾਲਿਸਤਾਨ ਸਟੇਟ ਵਿਚ ਸਭ ਕੌਮਾਂ ਹਿੰਦੂ, ਮੁਸਲਿਮ, ਇਸਾਈ, ਸਿੱਖ, ਰੰਘਰੇਟੇ ਆਦਿ ਨੂੰ ਆਪੋ-ਆਪਣੇ ਧਰਮ ਵਿਚ ਕਾਇਮ ਰਹਿੰਦੇ ਹੋਏ ਆਜ਼ਾਦੀ ਨਾਲ ਵਿਚਰਨ ਦੀ ਪੂਰੀ ਖੁੱਲ੍ਹ ਹੋਵੇਗੀ। ਇਸ ਮੌਕੇ ਉਨ੍ਹਾਂ ਨੇ ਸਿੱਖ ਕੌਮ ਨੂੰ ਅਖੌਤੀ ਬੁੱਧੀਜੀਵੀਆਂ, ਕੇਂਦਰ ਸਰਕਾਰ, ਪੰਜਾਬ ਸਰਕਾਰ, ਭਾਜਪਾ, ਕਾਂਗਰਸ ਆਦਿ ਨੂੰ ਸਿੱਖਾਂ ਦੇ ਦੁਸ਼ਮਣ ਦੱਸਦਿਆਂ ਕੌਮ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ।
ਉਨ੍ਹਾਂ ‘ਆਪ’ ਦੇ ਕੁਮਾਰ ਵਿਸ਼ਵਾਸ ਵੱਲੋਂ ਸਿੱਖਾਂ ਵਿਰੁੱਧ ਦਿੱਤੇ ਬਿਆਨਾਂ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਮਨ-ਸ਼ਾਂਤੀ ਕਾਇਮ ਹੈ, ਪਰ ਕੇਂਦਰ ਤੇ ਬਾਦਲ ਸਰਕਾਰ ਇਸ ਮਾਮਲੇ ਵਿਚ ਗੁੰਮਰਾਹ ਕਰ ਰਹੀ ਹੈ ਜਿਸ ਪਿੱਛੇ ਹਿੰਦੂਤਵ ਹੁਕਮਰਾਨਾਂ ਦੀ ਸਿੱਖ ਵਿਰੋਧੀ ਸੋਚ ਕੰਮ ਕਰ ਰਹੀ ਹੈ। ਇਕੱਠ ਵਿਚ ਪਾਰਟੀ ਤੇ ਹੋਰ ਜਥੇਬੰਦੀਆਂ ਵੱਲੋਂ ਸਰਬਸੰਮਤੀ ਨਾਲ ਅੱਠ ਮਤੇ ਪਾਸ ਕੀਤੇ ਗਏ। ਉਨ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਹਿਬਲ ਕਲਾਂ ਵਿਚ ਮਾਰੇ ਸਿੱਖ ਨੌਜਵਾਨਾਂ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ 27 ਫਰਵਰੀ ਨੂੰ ਬਰਗਾੜੀ ਤੋਂ ਲੈ ਕੇ ਫਰੀਦਕੋਟ ਤੱਕ ‘ਮਨੁੱਖੀ ਚੇਨ’ ਕਾਇਮ ਕਰਨ ਦੇ ਉਲੀਕੇ ਪ੍ਰੋਗਰਾਮ ਵਿਚ ਸੰਗਤ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ।
_____________________________________
ਦਮਦਮੀ ਟਕਸਾਲ ਨੇ ‘ਆਪ’ ਨੂੰ ਤਾੜਿਆ
ਅੰਮ੍ਰਿਤਸਰ: ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਆਮ ਆਦਮੀ ਪਾਰਟੀ ਸਮੇਤ ਹੋਰ ਲੀਡਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਖਿਲਾਫ਼ ਬਿਆਨਬਾਜ਼ੀ ਕਰਨ ਤੋਂ ਗੁਰੇਜ਼ ਕਰਨ। ਉਨ੍ਹਾਂ ਕਿਹਾ ਕਿ ਅਜਿਹੀ ਬਿਆਨਬਾਜ਼ੀ ਕਰਕੇ ਉਨ੍ਹਾਂ ਨੂੰ ਸੰਗਤਾਂ ਦੇ ਭਾਰੀ ਰੋਹ ਦਾ ਸਾਹਮਣਾ ਕਰਨਾ ਪਵੇਗਾ। ਦਮਦਮੀ ਟਕਸਾਲ ਮੁਖੀ ਨੇ ਕਿਹਾ ਕਿ ਜੇ ਕੋਈ ਰਾਜਸੀ ਪਾਰਟੀ ਪੰਜਾਬ ਦੇ ਹੱਕਾਂ ਹਿੱਤਾਂ ਤੇ ਸਿੱਖ ਕਾਜ ਦੀ ਗੱਲ ਕਰੇਗੀ ਤਾਂ ਉਸ ਦਾ ਸਵਾਗਤ ਹੈ। ਆਮ ਆਦਮੀ ਪਾਰਟੀ ਦਾ ਪੰਜਾਬ ਤੇ ਸਿੱਖ ਰਾਜ ਵਰਗੇ ਗੰਭੀਰ ਮੁੱਦਿਆਂ ਨਾਲ ਕੋਈ ਸਰੋਕਾਰ ਨਹੀਂ। ਉਹ ਗੁੰਮਰਾਹਕੁਨ ਤੇ ਗਲਤ ਬਿਆਨਬਾਜ਼ੀ ਰਾਹੀਂ ਰਾਜ ਦਾ ਮਾਹੌਲ ਖਰਾਬ ਕਰਕੇ ਸਿਆਸੀ ਲਾਹਾ ਲੈਣਾ ਚਾਹੁੰਦੀ ਹੈ। ਖਾਲਸਾ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਸਵਾਲ ਕੀਤਾ ਕਿ ਉਹ ਨਿਰੰਕਾਰੀ ਭਵਨ ਵਿਚ ਜਾਣ ਬਾਰੇ ਵੀ ਆਪਣੀ ਸਥਿਤੀ ਸਪਸ਼ਟ ਕਰਨ ਕਿਉਂਕਿ ਉਨ੍ਹਾਂ ਪਿਛਲੇ ਦਿਨੀਂ ਨਿਰੰਕਾਰੀਆਂ ਦੇ ਮੁਖੀ ਦੇ ਸਾਹਮਣੇ ਆਪਣੇ ਆਪ ਨੂੰ ਨਿਰੰਕਾਰੀ ਮਿਸ਼ਨ ਦਾ ਪੈਰੋਕਾਰ ਦੱਸਿਆ ਸੀ।
____________________________________
ਕੇਜਰੀਵਾਲ ਵੱਲੋਂ ਖਾਲਿਸਤਾਨੀਆਂ ਨਾਲ ਸਬੰਧਾਂ ਦੇ ਦੋਸ਼ ਰੱਦ
ਨਵੀਂ ਦਿੱਲੀ: ‘ਆਪ’ ਦੇ ਖਾਲਿਸਤਾਨੀਆਂ ਨਾਲ ਸਬੰਧ ਹੋਣ ਦੇ ਸੀਨੀਅਰ ਕਾਂਗਰਸੀ ਆਗੂ ਅਮਰਿੰਦਰ ਸਿੰਘ ਵੱਲੋਂ ਲਾਏ ਦੋਸ਼ਾਂ ਨੂੰ ਰੱਦ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਅਗਲੇ ਸਾਲ ਪੰਜਾਬ ਵਿਧਾਨ ਸਭਾ ਚੋਣਾਂ ਜਿੱਤੇਗੀ। ਉਨ੍ਹਾਂ ਕਿਹਾ ਕਿ ਅਮਰਿੰਦਰ ਨੇ ਹੀ ਸਾਡੀਆਂ ਤਸਵੀਰਾਂ ਨੂੰ ਭਿੰਡਰਾਂਵਾਲੇ ਨਾਲ ਜੋੜ ਕੇ ਪੋਸਟਰਾਂ ‘ਤੇ ਲਵਾਇਆ।