ਪੇਸ਼ੇਵਰ ਸਿਆਸਤ ਬਾਰੇ ਅਮਰੀਕੀਆਂ ਦੀ ਬੇਰੁਖ਼ੀ

ਵਾਸ਼ਿੰਗਟਨ: ਬਰਨੀ ਸੈਂਡਰਜ਼ ਨੇ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਲਈ ਨਿਊ ਹੈਂਪਸ਼ਾਇਰ ਵਿਚ ਕਰਵਾਈ ਡੈਮੋਕਰੈਟਿਕ ਪ੍ਰਾਇਮਰੀ ਵਿਚ ਹਿਲੇਰੀ ਕਲਿੰਟਨ ਨੂੰ ਹਰਾ ਕੇ ਇਕ ਵੱਡੀ ਜਿੱਤ ਹਾਸਲ ਕੀਤੀ ਹੈ। ਇਸ ਦੌਰਾਨ ਡੋਨਲਡ ਟਰੰਪ ਨੇ ਵ੍ਹਾਈਟ ਹਾਊਸ ਤੱਕ ਪੁੱਜਣ ਦੀ ਇਸ ਦੌੜ ਵਿਚ ਵੱਡੀ ਜਿੱਤ ਹਾਸਲ ਕਰਕੇ ਰਿਪਬਲਿਕ ਪਾਰਟੀ ਦੀ ਉਮੀਦਵਾਰੀ ਲਈ ਆਪਣਾ ਦਾਅਵਾ ਮਜ਼ਬੂਤ ਕਰ ਦਿੱਤਾ ਹੈ।

ਕਦੇ ਕਿਸੇ ਸਰਕਾਰੀ ਅਹੁਦੇ ‘ਤੇ ਨਾ ਬੈਠਣ ਵਾਲੇ ਅਰਬਪਤੀ ਤੇ ਰਿਐਲਿਟੀ ਟੀæਵੀæ ਸਟਾਰ ਟਰੰਪ ਤੇ ਸੈਂਡਰਸ ਨੇ ਜਦੋਂ ਆਪਣੇ ਪ੍ਰਚਾਰ ਦੀ ਸ਼ੁਰੂਆਤ ਕੀਤੀ ਸੀ ਤਦ ਉਨ੍ਹਾਂ ਨੂੰ ਲੰਬੀ ਦੂਰੀ ਦੇ ਘੋੜੇ ਮੰਨਿਆ ਜਾ ਰਿਹਾ ਸੀ। ਸੀæਐਨæਐਨæ ਨੇ ਕਿਹਾ ਕਿ ਇਨ੍ਹਾਂ ਦੀ ਜਿੱਤ ਪੇਸ਼ੇਵਰ ਨੇਤਾਵਾਂ ਤੋਂ ਲੋਕਾਂ ਦੀ ਬੇਰੁਖ਼ੀ ਝਲਕਦੀ ਹੈ।
ਨਿਊ ਹੈਂਪਸ਼ਾਇਰ ਪ੍ਰਾਇਮਰੀ ਵਿਚ ਹਿਲੇਰੀ ਦੀ ਹਾਰ ਹੈਰਾਨ ਕਰਨ ਵਾਲੀ ਹੈ ਕਿਉਂਕਿ ਤੋਂ ਠੀਕ ਅੱਠ ਸਾਲ ਪਹਿਲਾਂ ਉਹ ਇਸ ਰਾਜ ਵਿਚ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਖਿਲਾਫ਼ ਜਿੱਤੀ ਸੀ। ਕੁਝ ਹਫਤਿਆਂ ਤੱਕ ਉਹ ਸੈਂਡਰਸ ਤੋਂ ਅੱਗੇ ਸੀ। ਸੈਂਡਰਸ ਨੇ ਆਪਣੀ ਇਸ ਜਿੱਤ ਨੂੰ ਸਿਆਸੀ ਕ੍ਰਾਂਤੀ ਦੱਸਿਆ ਹੈ, ਜਦ ਕਿ ਹਾਰਨ ਵਾਲੀ ਹਿਲੇਰੀ ਨੇ ਕਿਹਾ ਕਿ ਉਹ ਪਿੱਛੇ ਨਹੀਂ ਹਟੇਗੀ। ਦੂਜੇ ਪਾਸੇ ਮੰਚ ‘ਤੇ ਟਰੰਪ ਚਿਹਰੇ ਉਤੇ ਮੁਸਕਰਾਹਟ ਲੈ ਕੇ ਆਏ।
ਉਨ੍ਹਾਂ ਕਿਹਾ, ‘ਅਸੀਂ ਅਮਰੀਕਾ ਨੂੰ ਇਕ ਵਾਰ ਫੇਰ ਮਹਾਨ ਬਣਾਉਣ ਵਾਲੇ ਹਾਂ।’ ਇਸ ਭਾਸ਼ਨ ਦੀ ਸ਼ੁਰੂਆਤ ਉਨ੍ਹਾਂ ਆਪਣੇ ਮਰਹੂਮ ਮਾਪਿਆਂ, ਵੱਡੇ ਭਰਾ ਤੇ ਪਰਿਵਾਰ ਦੇ ਹੋਰ ਜੀਆਂ ਦਾ ਸ਼ੁਕਰੀਆ ਅਦਾ ਕਰਦਿਆਂ ਕੀਤੀ। ਸਾਰੇ ਸਰਵੇਖਣਾਂ ਵਿਚ ਵੱਡੇ ਅੰਤਰ ਨਾਲ ਅੱਗੇ ਚੱਲ ਰਹੇ ਟਰੰਪ ਨੂੰ ਪਿਛਲੇ ਹਫਤੇ ਆਯੋਵਾ ਕਾਕਸ ਵਿਚ ਟੈਕਸਸ ਦੇ ਸੈਨੇਟਰ ਕਰੂਜ਼ ਪਾਸੋਂ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਵਰਮੋਂਟ ਦੇ 74 ਸਾਲਾ ਸੈਨੇਟਰ ਸੈਂਡਰਜ਼ ਨੂੰ ਨਿਊ ਹੈਂਪਸ਼ਾਇਰ ਵਿਚ ਹਿਲੇਰੀ ਵੱਲੋਂ ਹਾਰ ਮੰਨ ਲੈਣ ਬਾਅਦ ਜਿੱਤ ਮਿਲੀ। ਡੈਮੋਕਰੈਟਿਕ ਵੋਟਾਂ ਵਿਚੋਂ ਇਕ ਤਿਹਾਈ ਵੋਟਾਂ ਦੀ ਗਿਣਤੀ ਵਿਚ ਹੀ ਸੈਂਡਰਜ਼ ਨੂੰ 60 ਫੀਸਦੀ ਵੋਟਾਂ ਮਿਲ ਗਈਆਂ ਸਨ ਜਦ ਕਿ ਹਿਲੇਰੀ ਦੇ ਹਿੱਸੇ ਸਿਰਫ 38 ਫੀਸਦੀ ਵੋਟਾਂ ਆਈਆਂ ਸਨ। 69 ਸਾਲਾ ਟਰੰਪ ਦੂਜੇ ਸਥਾਨ ‘ਤੇ ਰਹੇ ਓਹਾਈਓ ਦੇ ਗਵਰਨਰ ਜਾਨ ਕਾਸਿਚ ਤੋਂ 50000 ਤੋਂ ਵੱਧ ਵੋਟਾਂ ਨਾਲ ਅੱਗੇ ਰਹੇ। ਰਿਪਬਲਿਕ ਮੈਂਬਰ ਤੇ ਟੈਕਸਸ ਦੇ ਸੈਨੇਟਰ ਟੈਡ ਕਰੂਜ਼, ਫਲੋਰੀਡਾ ਦੇ ਸਾਬਕਾ ਗਵਰਨਰ ਜੇਬ ਬੁਸ਼ ਤੇ ਫਲੋਰੀਡਾ ਦੇ ਸੈਨੇਟਰ ਮਾਰਕੋ ਰੂਬੀਆ ਕਾਫੀ ਪਛੜ ਗਏ।
________________________________________
ਗੈਰ ਕਾਨੂੰਨੀ ਪਰਵਾਸੀਆਂ ਬਾਰੇ ਟਰੰਪ ਸਖਤ
ਵਾਸ਼ਿੰਗਟਨ: ਆਪਣੇ ਚੀਨ ਵਿਰੋਧੀ ਰੁਖ਼ ਨੂੰ ਕਾਇਮ ਰੱਖਦਿਆਂ ਟਰੰਪ ਨੇ ਕਿਹਾ ਕਿ ਜੇ ਉਹ ਨਵੰਬਰ ਵਿਚ ਅਮਰੀਕੀ ਰਾਸ਼ਟਰਪਤੀ ਬਣ ਗਏ ਤਾਂ ਅਮਰੀਕੀਆਂ ਦੀਆਂ ਨੌਕਰੀਆਂ ਖੋਹਣ ਵਾਲੇ ਦੇਸ਼ਾਂ ਚੀਨ, ਜਪਾਨ ਤੇ ਮੈਕਸੀਕੋ ਤੋਂ ਨੌਕਰੀਆਂ ਵਾਪਸ ਲੈ ਕੇ ਆਉਣਗੇ। ਉਨ੍ਹਾਂ ਕਿਹਾ ਕਿ ਜਾਇਜ਼ ਢੰਗ ਨਾਲ ਅਮਰੀਕਾ ਆਉਣ ਵਾਲਿਆਂ ਦਾ ਸਵਾਗਤ ਕੀਤਾ ਜਾਵੇਗਾ ਪਰ ਨਾਜਾਇਜ਼ ਲੋਕਾਂ ਦਾ ਨਹੀਂ। ਉਨ੍ਹਾਂ ਕਿਹਾ ਕਿ ਮੈਕਸੀਕੋ ਦੀ ਸਰਹੱਦ ਨਾਲ ਇਕ ਕੰਧ ਖੜ੍ਹੀ ਕੀਤੀ ਜਾਵੇਗੀ।