ਨਵੀਂ ਦਿੱਲੀ : ਭਾਰਤ ਦੇ ਸਖਤ ਇਤਰਾਜ਼ ਦੇ ਬਾਵਜੂਦ ਓਬਾਮਾ ਪ੍ਰਸ਼ਾਸਨ ਨੇ ਪਾਕਿਸਤਾਨ ਨੂੰ ਅੱਠ ਲੜਾਕੂ ਜਹਾਜ਼ ਦੇਣ ਦੇ ਫੈਸਲੇ ਨੂੰ ਸਹੀ ਕਰਾਰ ਦਿੱਤਾ ਹੈ। ਅਮਰੀਕਾ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਦੇ ਅਤਿਵਾਦ ਵਿਰੋਧੀ ਅਭਿਆਨ ਲਈ ਇਹ ਬਹੁਤ ਜ਼ਰੂਰੀ ਹੈ। ਪਾਕਿਸਤਾਨ ਕਾਫੀ ਸਮੇਂ ਤੋਂ ਅਮਰੀਕਾ ਨਾਲ ਇਹ ਡੀਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਭਾਰਤ ਨੇ ਇਸ ‘ਤੇ ਸਖਤ ਵਿਰੋਧ ਜਤਾਇਆ ਸੀ।
ਅਮਰੀਕੀ ਵਿਦੇਸ਼ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ, “ਅਸੀਂ ਪਾਕਿਸਤਾਨ ਦੇ ਅਤਿਵਾਦ ਵਿਰੋਧੀ ਤੇ ਵੱਖਵਾਦੀਆਂ ਖ਼ਿਲਾਫ ਅਭਿਆਨ ‘ਚ ਮਦਦ ਕਰਨ ਲਈ ਅੱਠ ਐਫ-16 ਜਹਾਜ਼ ਵੇਚੇ ਜਾਣ ਦੇ ਪ੍ਰਸਤਾਵ ਦਾ ਸਮਰਥਨ ਕਰਦੇ ਹਾਂ। ਅਮਰੀਕਾ ਦੇ ਇਸ ਫੈਸਲੇ ਤੇ ਇਤਰਾਜ਼ ਜਤਾਉਂਦਿਆਂ ਭਾਰਤੀ ਵਿਦੇਸ਼ ਮੰਤਰਾਲੇ ਨੇ ਦਿੱਲੀ ਸਥਿਤ ਅਮਰੀਕੀ ਦੂਤਾਵਾਸ ਦੇ ਹਾਈ ਕਮਿਸ਼ਨ ਨੂੰ ਤਲਬ ਕੀਤਾ ਸੀ। ਐਫ-16 ਕਾਫੀ ਸ਼ਕਤੀਸ਼ਾਲੀ ਲੜਾਕੂ ਜਹਾਜ਼ ਮੰਨਿਆ ਜਾਂਦਾ ਹੈ ਤੇ ਇਸ ਦਾ ਨਿਰਮਾਣ ਅਮਰੀਕਾ ਨੇ 1973 ਵਿਚ ਕੀਤਾ ਸੀ। ਅਮਰੀਕਾ ਇਸ ਜਹਾਜ਼ ਦਾ ਇਸਤੇਮਾਲ ਇਰਾਕ ਜੰਗ ਦੌਰਾਨ ਕਰ ਚੁੱਕਾ ਹੈ। ਐਫ-16 ਲੜਾਕੂ ਜਹਾਜ਼ ਮਿਲਣ ਤੋਂ ਬਾਅਦ ਪਾਕਿਸਤਾਨ ਦੀ ਏਅਰ ਫੋਰਸ ਕਾਫੀ ਮਜ਼ਬੂਤ ਹੋ ਜਾਵੇਗੀ।
ਉਧਰ, ਅਮਰੀਕਾ ਵੱਲੋਂ ਐਫ-16 ਜੰਗੀ ਜਹਾਜ਼ ਵੇਚਣ ਦੇ ਫੈਸਲੇ ਉਪਰ ਭਾਰਤ ਦੇ ਪ੍ਰਤੀਕਰਮ ਤੋਂ ਪਾਕਿਸਤਾਨ ਹੈਰਾਨ ਤੇ ਨਿਰਾਸ਼ ਹੈ। ਪਾਕਿਸਤਾਨ ਨੇ ਕਿਹਾ ਹੈ ਕਿ ਭਾਰਤ ਰੱਖਿਆ ਸਾਜ਼ੋ ਸਾਮਾਨ ਦਾ ਸਭ ਤੋਂ ਵੱਡਾ ਦਰਾਮਦਕਾਰ ਹੈ ਤੇ ਉਸ ਦਾ ਹਥਿਆਰਾਂ ਤੇ ਅਸਲੇ ਦਾ ਭੰਡਾਰ ਬਹੁਤ ਵੱਡਾ ਹੈ। ਵਿਦੇਸ਼ ਦਫਤਰ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਅਸੀਂ ਭਾਰਤ ਸਰਕਾਰ ਦੇ ਪ੍ਰਤੀਕਰਮ ਤੋਂ ਨਿਰਾਸ਼ ਹਾਂ।
ਇਥੇ ਵਰਣਨਯੋਗ ਹੈ ਕਿ ਭਾਰਤ ਨੇ ਅਮਰੀਕਾ ਵੱਲੋਂ ਪਾਕਿਸਤਾਨ ਨੂੰ ਐਫ-16 ਜੰਗੀ ਜਹਾਜ਼ਾਂ ਸਮੇਤ ਹੋਰ ਫੌਜੀ ਸਹਾਇਤਾ ਦੇਣ ਉਪਰ ਚਿੰਤਾ ਪ੍ਰਗਟਾਈ ਸੀ ਤੇ ਕਿਹਾ ਸੀ ਕਿ ਪਾਕਿਸਤਾਨ ਇਸ ਦੀ ਵਰਤੋਂ ਭਾਰਤ ਵਿਰੋਧੀ ਸਰਗਰਮੀਆਂ ਲਈ ਕਰ ਸਕਦਾ ਹੈ। ਪਾਕਿਸਤਾਨ ਨੇ ਇਸ ਸੌਦੇ ਨੂੰ ਲੈ ਕੇ ਓਬਾਮਾ ਪ੍ਰਸ਼ਾਸਨ ਦੀ ਹਾਂ ਵਿਚ ਹਾਂ ਮਿਲਾਉਂਦੇ ਹੋਏ ਦੁਹਰਾਇਆ ਕਿ ਇਸ ਨਾਲ ਉਨ੍ਹਾਂ ਨੂੰ ਵਧਦੇ ਅਤਿਵਾਦ ਖਿਲਾਫ ਜ਼ਿਆਦਾ ਤਾਕਤ ਨਾਲ ਲੜਨ ਵਿਚ ਮਦਦ ਮਿਲੇਗੀ।
___________________________________
ਮਦਦ ਅਤਿਵਾਦ ਦੇ ਮੁਕਾਬਲੇ ਲਈ: ਅਮਰੀਕਾ
ਵਾਸ਼ਿੰਗਟਨ: ਅਮਰੀਕੀ ਸੰਸਦ ਮੈਂਬਰਾਂ ਵੱਲੋਂ ਇਸਲਾਮਾਬਾਦ ਨੂੰ 8 ਐਫ-16 ਲੜਾਕੂ ਜਹਾਜ਼ ਵੇਚੇ ਜਾਣ ਦੀ ਤਜਵੀਜ਼ ਰੋਕ ਲਾਉਣ ਦੀ ਅਪੀਲ ਦੇ ਦੌਰਾਨ ਓਬਾਮਾ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਪਾਕਿਸਤਾਨ ਨੂੰ ਅਮਰੀਕਾ ਵੱਲੋਂ ਦਿੱਤੀ ਜਾ ਰਹੀ ਸੁਰੱਖਿਆ ਮਦਦ ਉਸ ਦੇ ਅਤਿਵਾਦ ਵਿਰੋਧੀ ਮੁਹਿੰਮ ਵਿਚ ਯੋਗਦਾਨ ਦਿੰਦੀ ਹੈ।
ਵਿਦੇਸ਼ ਮੰਤਰਾਲੇ ਦੇ ਉਪ-ਬੁਲਾਰੇ ਮਾਰਕ ਟੋਨਰ ਨੇ ਕਿਹਾ, ‘ਸਾਡਾ ਮੰਨਣਾ ਹੈ ਕਿ ਪਾਕਿਸਤਾਨ ਨੂੰ ਅਮਰੀਕਾ ਵੱਲੋਂ ਦਿੱਤੀ ਜਾਣ ਵਾਲੀ ਸੁਰੱਖਿਆ ਮਦਦ ਦਰਅਸਲ ਉਨ੍ਹਾਂ ਦੇ ਅਤਿਵਾਦ ਵਿਰੋਧੀ ਲੜਾਈ ਵਿਚ ਸਹਿਯੋਗ ਕਰਦੀ ਹੈ?’ ਇਸ ਲਈ ਸਾਡਾ ਮੰਨਣਾ ਹੈ ਕਿ ਇਹ ਯੋਗਦਾਨ ਪਾਕਿਸਤਾਨ ਤੇ ਅਮਰੀਕਾ ਦੇ ਹਿੱਤ ਵਿਚ ਹੈ।