ਰੁਕ ਨਹੀਂ ਰਿਹਾ ਪਰਵਾਸੀ ਪੰਜਾਬੀਆਂ ਦੇ ਕਤਲਾਂ ਦਾ ਸਿਲਸਿਲਾ

ਚੰਡੀਗੜ੍ਹ: ਫਿਲਪੀਨਜ਼ ਦੀ ਰਾਜਧਾਨੀ ਮਨੀਲਾ ਨੇੜੇ ਜਲੰਧਰ ਜ਼ਿਲ੍ਹੇ ਦੇ ਭੈਣ-ਭਰਾ ਦੀ ਹੱਤਿਆ ਦੀ ਖਬਰ ਨੇ ਇਕ ਵਾਰ ਮੁੜ ਪਰਦੇਸਾਂ ਵਿਚ ਵਸਦੇ ਪੰਜਾਬੀਆਂ ਦੀ ਹੋਣੀ ਸਬੰਧੀ ਚਿੰਤਾ ਪੈਦਾ ਕਰ ਦਿੱਤੀ ਹੈ। ਉਸ ਮੁਲਕ ਵਿਚ ਪਿਛਲੇ ਤਿੰਨ ਮਹੀਨਿਆਂ ਦੌਰਾਨ ਤਕਰੀਬਨ ਅੱਠ ਪੰਜਾਬੀ ਇਸੇ ਤਰ੍ਹਾਂ ਭੇਤਭਰੀ ਹਾਲਤ ਵਿਚ ਮਾਰੇ ਜਾ ਚੁੱਕੇ ਹਨ। ਮਨੀਲਾ ਖੇਤਰ ਵਿਚ ਪੰਜਾਬੀਆਂ ਦੇ ਕਤਲਾਂ ਦਾ ਸਿਲਸਿਲਾ ਭਾਵੇਂ ਕਈ ਦਹਾਕਿਆਂ ਤੋਂ ਜਾਰੀ ਹੈ, ਪਰ ਪਿਛਲੇ ਦਹਾਕੇ ਤੋਂ ਇਸ ਰੁਝਾਨ ਵਿਚ ਇਕਦਮ ਤੇਜ਼ੀ ਆਈ ਹੈ।

ਭਾਵੇਂ ਤਕਰੀਬਨ ਸਾਲ ਪਹਿਲਾਂ ਐਨæਆਰæਆਈæ ਕਮਿਸ਼ਨ ਨੇ ਮਨੀਲਾ ਤੋਂ ਆ ਰਹੀਆਂ ਕਤਲਾਂ ਦੀਆਂ ਖਬਰਾਂ ਦਾ ਆਪਣੇ ਤੌਰ ‘ਤੇ ਨੋਟਿਸ ਲੈਂਦਿਆਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਲੋੜੀਂਦੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਸਨ, ਪਰ ਅਜੇ ਤੱਕ ਇਸ ਮਾਮਲੇ ਵਿਚ ਕੋਈ ਵੀ ਪ੍ਰਗਤੀ ਹੋਈ ਨਹੀਂ ਜਾਪਦੀ।
ਪੁਲਿਸ ਵੱਲੋਂ ਇਨ੍ਹਾਂ ਮੌਤਾਂ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਕੀਤੇ ਜਾਣ ਦੀ ਗੱਲ ਕਹਿ ਕੇ ਪੱਲਾ ਝਾੜ ਲਿਆ ਜਾਂਦਾ ਹੈ। ਇਨ੍ਹਾਂ ਘਟਨਾਵਾਂ ਕਰਕੇ ਇਥੇ ਵਸਦੇ ਪੰਜਾਬੀਆਂ ਵਿਚ ਅਸੁਰੱਖਿਆ ਦੀ ਭਾਵਨਾ ਵਧਦੀ ਜਾ ਰਹੀ ਹੈ। ਮਨੀਲਾ ਵਿਚ ਲਗਾਤਾਰ ਵਧ ਰਹੇ ਕਤਲਾਂ ਦੇ ਬਾਵਜੂਦ ਪੰਜਾਬੀਆਂ ਦਾ ਉਥੇ ਜਾਣ ਦਾ ਰੁਝਾਨ ਘਟਣ ਦਾ ਨਾਂ ਨਹੀਂ ਲੈ ਰਿਹਾ। ਸਿਰਫ ਕਾਨੂੰਨੀ ਹੀ ਨਹੀਂ ਬਲਕਿ ਗ਼ੈਰਕਾਨੂੰਨੀ ਢੰਗ ਨਾਲ ਜਾਨ ਖਤਰੇ ਵਿਚ ਪਾ ਕੇ ਵੀ ਖ਼ੁਸ਼ਹਾਲ ਮੰਨੇ ਜਾਂਦੇ ਸੂਬੇ ਪੰਜਾਬ ਦੇ ਨੌਜਵਾਨਾਂ ਦਾ ਫਿਲਪੀਨਜ਼ ਵਰਗੇ ਗਰੀਬ ਮੁਲਕਾਂ ਵੱਲ ਉਡਾਰੀ ਮਾਰਨਾ ਸਰਕਾਰ ਦੀਆਂ ਨੀਤੀਆਂ ਉਤੇ ਪ੍ਰਸ਼ਨ ਖੜ੍ਹੇ ਕਰ ਰਿਹਾ ਹੈ। ਦਰਅਸਲ, ਸੂਬੇ ਵਿਚ ਲਗਾਤਾਰ ਵਧ ਰਹੀ ਬੇਰੁਜ਼ਗਾਰੀ ਤੇ ਗਰੀਬੀ ਨੌਜਵਾਨਾਂ ਨੂੰ ਗ਼ੈਰਕਾਨੂੰਨੀ ਢੰਗ ਨਾਲ ਵੀ ਅਜਿਹੇ ਗਰੀਬ ਮੁਲਕਾਂ ਵਿਚ ਵੀ ਜਾਣ ਲਈ ਮਜਬੂਰ ਕਰ ਰਹੀ ਹੈ ਜਿਥੇ ਕਮਾਈ ਤਾਂ ਕੀ, ਜ਼ਿੰਦਗੀ ਵੀ ਮਹਿਫ਼ੂਜ਼ ਨਹੀਂ।
ਫਿਲਪੀਨਜ਼ ਸਮੇਤ ਵਿਸ਼ਵ ਦੇ ਬਾਕੀ ਹੋਰ ਮੁਲਕਾਂ ਵਿਚ ਪੰਜਾਬੀਆਂ ਦੇ ਵਧ ਰਹੇ ਗ਼ੈਰਕਾਨੂੰਨੀ ਪਰਵਾਸ ਅਤੇ ਉਥੇ ਹਰ ਸਮੇਂ ਉਨ੍ਹਾਂ ਦੀਆਂ ਜ਼ਿੰਦਗੀਆਂ ਉਪਰ ਮੰਡਰਾਅ ਰਹੇ ਖਤਰੇ ਦੇ ਬੱਦਲਾਂ ਦੀ ਜ਼ਿੰਮੇਵਾਰੀ ਤੋਂ ਸਰਕਾਰ ਭੱਜ ਨਹੀਂ ਸਕਦੀ। ਫਿਲਪੀਨਜ਼ ਵਿਚ ਪੰਜਾਬੀਆਂ ਦੇ ਕਤਲਾਂ ਪਿੱਛੇ ਭਾਵੇਂ ਉਥੇ ਰਹਿੰਦੇ ਪੰਜਾਬੀਆਂ ਦੇ ਆਪਸੀ ਕਾਰੋਬਾਰ ਹਿੱਤਾਂ ਦਾ ਟਕਰਾਉ ਦੱਸਿਆ ਜਾਂਦਾ ਹੈ, ਪਰ ਇਹ ਇਕੋ-ਇਕ ਕਾਰਨ ਨਹੀਂ ਹੈ। ਦਰਅਸਲ, ਕਤਲਾਂ ਦਾ ਕਾਰਨ ਉਥੇ ਰਹਿੰਦੇ ਪੰਜਾਬੀਆਂ ਦੀ ਅਣਸੁਖਾਵੀਂ ਆਰਥਿਕ ਸਥਿਤੀ ਤੇ ਗ਼ੈਰਕਾਨੂੰਨੀ ਢੰਗ ਨਾਲ ਜਾ ਕੇ ਉਥੇ ਰਹਿਣ ਵਾਲਿਆਂ ਦੇ ਸ਼ੋਸ਼ਣ ਨਾਲ ਵੀ ਜੁੜਿਆ ਹੋਇਆ ਹੈ।
_________________________________________________
ਮਾੜੇ ਹਾਲਾਤ ਦੇ ਬਾਵਜੂਦ ਖਾੜੀ ਦੇਸ਼ ਪਹਿਲੀ ਪਸੰਦ
ਚੰਡੀਗੜ੍ਹ: ਪਿਛਲੇ ਕੁਝ ਸਾਲਾਂ ਵਿਚ ਖਾੜੀ ਦੇਸ਼ਾਂ ਵਿਚ ਮਾੜੇ ਹਾਲਾਤ ਦੇ ਬਾਵਜੂਦ ਵੱਡੀ ਗਿਣਤੀ ਨੌਜਵਾਨਾਂ ਦਾ ਪਰਵਾਸ ਜਾਰੀ ਹੈ। ਇਨ੍ਹਾਂ ਮੁਲਕਾਂ ਵਿਚ ਜ਼ਿਆਦਾ ਨੌਜਵਾਨ ਮਜ਼ਦੂਰੀ ਲਈ ਜਾਂਦੇ ਹਨ, ਜਿਨ੍ਹਾਂ ਵਿਚੋਂ ਬਹੁਤੇ ਏਜੰਟਾਂ ਦੇ ਧੋਖੇ ਦਾ ਸ਼ਿਕਾਰ ਹੋ ਕੇ ਜੇਲ੍ਹਾਂ ਵਿਚ ਵੀ ਪੁੱਜ ਜਾਂਦੇ ਹਨ। ਇਸ ਸਮੇਂ ਸਾਊਦੀ ਅਰਬ ਵਿਚ 1276, ਕੁਵੈਤ ਵਿਚ 299, ਬਹਿਰੀਨ ਵਿਚ 123 ਤੇ ਓਮਾਨ ਵਿਚ 116 ਭਾਰਤੀ ਜੇਲ੍ਹਾਂ ਵਿਚ ਬੰਦ ਹਨ। ਇਰਾਕ ਸੰਕਟ ਦੇ ਬਾਵਜੂਦ ਪਿਛਲੇ ਇਕ ਸਾਲ ਵਿਚ ਪੰਜਾਬ ਵਿਚੋਂ 45,784 ਨੌਜਵਾਨ ਖਾੜੀ ਮੁਲਕਾਂ ਵਿਚ ਰੋਜ਼ੀ ਰੋਟੀ ਦੀ ਭਾਲ ਵਿਚ ਗਏ ਹਨ।
ਖਾੜੀ ਮੁਲਕਾਂ ਸਮੇਤ ਡੇਢ ਦਰਜਨ ਮੁਲਕਾਂ ਵਿਚ ਇਕ ਅਪਰੈਲ 2014 ਤੋਂ ਫਰਵਰੀ 2015 ਤੱਕ 7æ38 ਲੱਖ ਭਾਰਤੀ ਨੌਜਵਾਨ ਗਏ ਹਨ। ਇਨ੍ਹਾਂ ਵਿਚੋਂ ਬਹੁਤੇ ਨੌਜਵਾਨ ਅੰਡਰ ਮੈਟ੍ਰਿਕ ਹਨ। ਇਨ੍ਹਾਂ ਵਿਚੋਂ ਬਹੁਤਿਆਂ ਦੀ ਮੰਜ਼ਿਲ ਖਾੜੀ ਦੇ ਦੇਸ਼ ਹੀ ਬਣਦੇ ਹਨ ਕਿਉਂਕਿ ਇਨ੍ਹਾਂ ਕੋਲ ਪੱਛਮੀ ਮੁਲਕਾਂ ਵਿਚ ਜਾਣ ਲਈ ਲੋੜੀਂਦੇ ਵੱਡੇ ਵਿੱਤੀ ਸਾਧਨ ਨਹੀਂ ਹੁੰਦੇ ਤੇ ਅਕਸਰ ਲੋੜੀਂਦੀ ਪੇਸ਼ੇਵਰ ਤੇ ਵਿਦਿਅਕ ਯੋਗਤਾ ਦੀ ਵੀ ਘਾਟ ਹੁੰਦੀ ਹੈ। ਵਿਦੇਸ਼ ਗਏ ਬਹੁਤੇ ਭਾਰਤੀ ਤਾਂ ਆਪਣੀ ਜ਼ਿੰਦਗੀ ਹੀ ਗਵਾ ਲੈਂਦੇ ਹਨ। ਜਨਵਰੀ 2011 ਤੋਂ ਪਹਿਲੀ ਮਈ 2015 ਤੱਕ ਵਿਦੇਸ਼ੀ ਧਰਤੀ ਉਤੇ 26,781 ਭਾਰਤੀਆਂ ਦੀ ਮੌਤ ਹੋਈ। ਸਾਲ 2015 ਵਿਚ 1207 ਭਾਰਤੀਆਂ ਦੀ ਮੌਤ ਹੋਈ। ਪਿਛਲੇ ਚਾਰ ਸਾਲਾਂ ਵਿਚ ਇਕੱਲੇ ਇਰਾਕ ਵਿਚ 38 ਨੌਜਵਾਨਾਂ ਦੀ ਮੌਤ ਹੋਈ। ਇਸ ਸਮੇਂ ਦੌਰਾਨ ਸਾਊਦੀ ਅਰਬ ਵਿਚ 2705 ਮੌਤਾਂ ਹੋਈਆਂ। ਕੁਵੈਤ ਵਿਚ 1788 ਤੇ ਓਮਾਨ ਵਿਚ 1771 ਭਾਰਤੀ ਮਾਰੇ ਗਏ।