ਪੰਜਾਬ ‘ਚ ਕਲਾਕਾਰਾਂ ਸਹਾਰੇ ਸਿਆਸੀ ਬੇੜੇ ਪਾਰ ਲਾਉਣ ਦੀ ਦੌੜ

ਚੰਡੀਗੜ੍ਹ: ਪੰਜਾਬ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਗਾਇਕਾਂ, ਫਿਲਮੀ ਅਦਾਕਾਰਾਂ ਤੇ ਕਾਮੇਡੀਅਨਾਂ ਰਾਹੀਂ ਆਪਣੇ ਸਿਆਸੀ ਬੇੜੇ ਪਾਰ ਲਾਉਣ ਦੀ ਤਾਕ ਵਿਚ ਹਨ। ਪ੍ਰਸਿੱਧ ਕਾਮੇਡੀਅਨ ਤੇ ਫਿਲਮੀ ਅਦਾਕਾਰ ਗੁਰਪ੍ਰੀਤ ਘੁੱਗੀ ਵੱਲੋਂ ਆਮ ਆਦਮੀ ਪਾਰਟੀ (ਆਪ) ਵਿਚ ਸ਼ਾਮਲ ਹੋਣ ਤੋਂ ਬਾਅਦ ਸਿਆਸੀ ਪਿੜ ਵਿਚ ਕਲਾਕਾਰਾਂ ਦੀ ਤੇਜ਼ੀ ਨਾਲ ਵੱਧ ਰਹੀ ਆਮਦ ਬਾਰੇ ਇਕ ਵਾਰ ਫਿਰ ਚਰਚਾ ਛਿੜ ਗਈ ਹੈ।

ਪੰਜਾਬ ਕਾਂਗਰਸ ਵੱਲੋਂ ਗਾਇਕ ਬਲਕਾਰ ਸਿੱਧੂ ਨੂੰ ਪਾਰਟੀ ਵਿਚ ਸ਼ਾਮਲ ਕਰ ਕੇ ਵੱਡੇ ਦਾਅਵੇ ਕਰਨ ਤੋਂ ਬਾਅਦ ‘ਆਪ’ ਵੱਲੋਂ ਸ੍ਰੀ ਘੁੱਗੀ ਨੂੰ ਸ਼ਾਮਲ ਕਰ ਕੇ ਤਾਕਤਵਰ ਹੋਣ ਦੇ ਦਗਮਜ਼ੇ ਮਾਰਨ ਤੋਂ ਸਾਫ ਸੰਕੇਤ ਮਿਲਦੇ ਹਨ ਕਿ ਹੁਣ ਸਿਆਸੀ ਆਗੂ ਖੁਦ ਮੰਨਣ ਲਈ ਮਜਬੂਰ ਹਨ ਕਿ ਆਮ ਜਨਤਾ ਨੇਤਾਵਾਂ ਦੀਆਂ ਚੋਪੜੀਆਂ ਗੱਲਾਂ ਸੁਣਨ ਦੀ ਥਾਂ ਕਲਾਕਾਰਾਂ ਦੇ ਟੋਟਕੇ ਸੁਣਨ ਨੂੰ ਤਰਜੀਹ ਦਿੰਦੀ ਹੈ।
ਪੰਜਾਬ ਦੀ ਹਰੇਕ ਪਾਰਟੀ ਵੱਲੋਂ ਖਾਸ ਕਰ ਕੇ ਪੰਜਾਬੀ ਗਾਇਕਾਂ ਨੂੰ ਸਮੇਂ-ਸਮੇਂ ਸਿਰ ਸ਼ਾਮਲ ਕਰਨ ਦੇ ਯਤਨ ਕੀਤੇ ਜਾਂਦੇ ਰਹੇ ਹਨ। ਸਿਆਸਤ ਤੋਂ ਦੂਰ ਰਹਿਣ ਦੇ ਦਾਅਵੇ ਕਰਨ ਵਾਲੇ ਸੂਫ਼ੀ ਗਾਇਕ ਹੰਸ ਰਾਜ ਹੰਸ ਵੀ ਇਕ ਵਾਰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਕੇ ਬੈਕ ਗੇਅਰ ਲਾ ਚੁੱਕੇ ਹਨ। ਇਸ ਤੋਂ ਬਾਅਦ ਪ੍ਰਮੁੱਖ ਗਾਇਕ ਤੇ ਫਿਲਮੀ ਅਦਾਕਾਰ ਹਰਭਜਨ ਮਾਨ ਅਕਾਲੀ ਦਲ ਵਿਚ ਸ਼ਾਮਲ ਹੋ ਕੇ ਮੁਹਾਲੀ ਜ਼ਿਲ੍ਹੇ ਦੀ ਸਿਆਸਤ ਵਿਚ ਸਰਗਰਮ ਰਹੇ।
ਕਾਂਗਰਸ ਨੇ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਹਲਕਾ ਭਦੌੜ (ਬਰਨਾਲਾ) ਤੋਂ ਪੰਜਾਬੀ ਗਾਇਕ ਮੁਹੰਮਦ ਸਦੀਕ ਨੂੰ ਟਿਕਟ ਦਿੱਤੀ ਸੀ ਤੇ ਉਨ੍ਹਾਂ ਜਿੱਤ ਵੀ ਹਾਸਲ ਕੀਤੀ।
ਹੁਣ ਨਵੀਂ ਉਭਰੀ ਆਮ ਆਦਮੀ ਪਾਰਟੀ ਨੇ ਮੁੜ ਖਾਸ ਕਰ ਕੇ ਪੰਜਾਬ ਦੇ ਗਾਇਕਾਂ, ਕਾਮੇਡੀਅਨਾਂ ਅਤੇ ਸੰਗੀਤਕ ਹਸਤੀਆਂ ਨੂੰ ਆਪਣੇ ਨਾਲ ਤੋਰਨ ਦੀ ਮੁਹਿੰਮ ਚਲਾਈ ਹੈ। ਇਸ ਲੜੀ ਤਹਿਤ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ‘ਆਪ’ ਨੇ ਹਾਸਰਸ ਕਲਾਕਾਰ ਭਗਵੰਤ ਮਾਨ ਨੂੰ ਚੋਣ ਮੈਦਾਨ ਵਿਚ ਉਤਾਰਿਆ ਸੀ। ਭਗਵੰਤ ਮਾਨ ਵੱਲੋਂ ਰਿਕਾਰਡ ਜਿੱਤ ਹਾਸਲ ਕਰਨ ਤੋਂ ਬਾਅਦ ‘ਆਪ’ ਦੀ ਇਹ ਰਣਨੀਤੀ ਸਫਲ ਸਾਬਤ ਹੋਈ ਸੀ। ‘ਆਪ’ ਨੇ ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਮਾਡਲ ਗੁਲ ਪਨਾਗ ਨੂੰ ਮੈਦਾਨ ਵਿਚ ਉਤਾਰ ਕੇ ਇਸ ਹਲਕੇ ਵਿਚ ਆਮ ਆਦਮੀ ਪਾਰਟੀ ਦਾ ਨਵਾਂ ਇਤਿਹਾਸ ਰਚਿਆ ਹੈ। ਉਂਜ ‘ਆਪ’ ਨੇ ਗੁਲ ਤੋਂ ਪਹਿਲਾਂ ਮਰਹੂਮ ਕਾਮੇਡੀਅਨ ਜਸਪਾਲ ਭੱਟੀ ਦੀ ਕਲਾਕਾਰ ਪਤਨੀ ਸਵਿਤਾ ਭੱਟੀ ਨੂੰ ਟਿਕਟ ਦਿੱਤੀ ਸੀ, ਪਰ ਕਿਸੇ ਕਾਰਨ ਉਹ ਆਖਰੀ ਮੌਕੇ ਚੋਣ ਮੈਦਾਨ ਛੱਡ ਗਏ ਸਨ। ਲੋਕ ਸਭਾ ਚੋਣਾਂ ਦੌਰਾਨ ‘ਆਪ’ ਨੇ ਰਵਾਇਤੀ ਸੰਗੀਤ ਖੇਤਰ ਦੀ ਪ੍ਰਮੁੱਖ ਹਸਤੀ ਭਾਈ ਬਲਦੀਪ ਸਿੰਘ ਨੂੰ ਵੀ ਮੈਦਾਨ ਵਿਚ ਉਤਾਰਿਆ। ਭਾਵੇਂ ਭਾਈ ਬਲਦੀਪ ਸਿੰਘ ਹਾਰ ਗਏ ਸਨ, ਪਰ ਉਨ੍ਹਾਂ ਵੱਡੀ ਗਿਣਤੀ ਵੋਟਾਂ ਹਾਸਲ ਕੀਤੀਆਂ। ‘ਆਪ’ ਨੇ ਇਕ ਹੋਰ ਪੰਜਾਬੀ ਗਾਇਕ ਜੱਸੀ ਜਸਰਾਜ ਨੂੰ ਵੀ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜਾਈ ਸੀ ਪਰ ਉਹ ਬਹੁਤਾ ਸਫਲ ਨਹੀਂ ਹੋ ਸਕੇ।
ਪੰਜਾਬੀ ਗਾਇਕ ਰੱਬੀ ਸ਼ੇਰਗਿੱਲ ਵੀ ਪੰਜਾਬ ਦੀ ਸਿਆਸਤ ਵਿਚ ਸਰਗਰਮ ਨਜ਼ਰ ਆ ਰਹੇ ਹਨ। ਉਨ੍ਹਾਂ ਨੂੰ ਜਿਥੇ ਕਾਂਗਰਸ ਆਪਣੇ ਵੱਲ ਖਿੱਚ ਰਹੀ ਹੈ, ਉਥੇ ਉਹ ਖਡੂਰ ਸਾਹਿਬ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਸੁਮੇਲ ਸਿੰਘ ਸਿੱਧੂ ਦੀ ਹਮਾਇਤ ਵਿੱਚ ਸਰਗਰਮ ਹਨ।
ਪੰਜਾਬੀ ਗਾਇਕਾ ਮਿਸ ਪੂਜਾ ਪਿਛਲੇ ਸਮੇਂ ਦੌਰਾਨ ਬੜੇ ਉਤਸ਼ਾਹ ਨਾਲ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਈ ਸੀ, ਪਰ ਉਹ ਅੱਜ ਕੱਲ੍ਹ ਸਿਆਸੀ ਪਿੜ ‘ਤੇ ਨਜ਼ਰ ਨਹੀਂ ਆ ਰਹੀ। ਪੰਜਾਬੀ ਪੌਪ ਗਾਇਕ ਦਲੇਰ ਮਹਿੰਦੀ ਨੇ ਵੀ ਦਿੱਲੀ ਵਿਚ ਸ਼ੀਲਾ ਦੀਕਸ਼ਤ ਦੀ ਹਕੂਮਤ ਵੇਲੇ ਕਾਂਗਰਸ ਦਾ ਹੱਥ ਫੜਿਆ ਸੀ, ਪਰ ਉਹ ਵੀ ਸਿਆਸੀ ਤੌਰ ‘ਤੇ ਸਰਗਰਮ ਨਹੀਂ ਹੋ ਸਕੇ। ਸਿਆਸੀ ਹਲਕਿਆਂ ਅਨੁਸਾਰ ਸਾਲ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕਈ ਹੋਰ ਕਲਾਕਾਰ ਸਿਆਸੀ ਅਖਾੜੇ ਵਿਚ ਨਿੱਤਰ ਸਕਦੇ ਹਨ।
______________________________________________
ਜਿਨ੍ਹਾਂ ਨੂੰ ਸਿਆਸਤ ਰਾਸ ਨਾ ਆਈæææ
ਚੰਡੀਗੜ੍ਹ: ਪੰਜਾਬ ਦੀਆਂ ਸਿਆਸੀ ਧਿਰਾਂ ਵਿਚ ਭਾਵੇਂ ਕਲਾਕਾਰਾਂ ਨੂੰ ਪਾਰਟੀ ਨਾਲ ਜੋੜਨ ਦੀ ਹੋੜ ਲੱਗੀ ਹੋਈ ਹੈ, ਪਰ ਪਿਛਲੇ ਕੁਝ ਸਮੇਂ ਵਿਚ ਸਿਆਸਤ ਵਿਚ ਕੁੱਦੇ ਕਲਾਕਾਰਾਂ ਨੂੰ ਇਹ ਖੇਡ ਰਾਸ ਨਹੀਂ ਆਈ। ਸੂਫ਼ੀ ਗਾਇਕ ਹੰਸ ਰਾਜ ਹੰਸ ਵੀ ਇਕ ਵਾਰ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਕੇ ਬੈਕ ਗੇਅਰ ਲਾ ਚੁੱਕੇ ਹਨ। ਇਸ ਤੋਂ ਬਾਅਦ ਪ੍ਰਮੁੱਖ ਗਾਇਕ ਤੇ ਫਿਲਮੀ ਅਦਾਕਾਰ ਹਰਭਜਨ ਮਾਨ ਅਕਾਲੀ ਦਲ ਵਿਚ ਸ਼ਾਮਲ ਹੋ ਕੇ ਮੁਹਾਲੀ ਜ਼ਿਲ੍ਹੇ ਦੀ ਸਿਆਸਤ ਵਿਚ ਸਰਗਰਮ ਰਹੇ। ਮਰਹੂਮ ਕਾਮੇਡੀਅਨ ਜਸਪਾਲ ਭੱਟੀ ਦੀ ਕਲਾਕਾਰ ਪਤਨੀ ਸਵਿਤਾ ਭੱਟੀ ਨੂੰ ਟਿਕਟ ਦਿੱਤੀ ਸੀ, ਪਰ ਕਿਸੇ ਕਾਰਨ ਉਹ ਆਖਰੀ ਮੌਕੇ ਚੋਣ ਮੈਦਾਨ ਛੱਡ ਗਏ ਸਨ।
‘ਆਪ’ ਨੇ ਪੰਜਾਬੀ ਗਾਇਕ ਜੱਸੀ ਜਸਰਾਜ ਨੂੰ ਵੀ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜਾਈ ਸੀ, ਪਰ ਉਹ ਬਹੁਤਾ ਸਫਲ ਨਹੀਂ ਹੋ ਸਕੇ। ਪੰਜਾਬੀ ਗਾਇਕਾ ਮਿਸ ਪੂਜਾ ਪਿਛਲੇ ਸਮੇਂ ਦੌਰਾਨ ਬੜੇ ਉਤਸ਼ਾਹ ਨਾਲ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਈ ਸੀ, ਪਰ ਉਹ ਅੱਜ ਕੱਲ੍ਹ ਸਿਆਸੀ ਪਿੜ ‘ਤੇ ਨਜ਼ਰ ਨਹੀਂ ਆ ਰਹੀ। ਪੰਜਾਬੀ ਪੌਪ ਗਾਇਕ ਦਲੇਰ ਮਹਿੰਦੀ ਨੇ ਵੀ ਦਿੱਲੀ ਵਿਚ ਸ਼ੀਲਾ ਦੀਕਸ਼ਤ ਦੀ ਹਕੂਮਤ ਵੇਲੇ ਕਾਂਗਰਸ ਦਾ ਹੱਥ ਫੜਿਆ ਸੀ, ਪਰ ਉਹ ਵੀ ਸਿਆਸੀ ਤੌਰ ‘ਤੇ ਸਰਗਰਮ ਨਹੀਂ ਹੋ ਸਕੇ।