ਕਨ੍ਹੱਈਆ ਕੁਮਾਰ ਦਾ ਰੋਹਿਤ ਵੇਮੁਲਾ ਹੋਣ ਤੋਂ ਇਨਕਾਰ

ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਵਾਪਰੀ ਘਟਨਾ ਕੋਈ ਵਿਕੋਲਿਤਰੀ ਘਟਨਾ ਨਹੀਂ ਸੀ। ਇਹ ਅਸਲ ਵਿਚ ਆਰæਐਸ਼ਐਸ਼ ਵੱਲੋਂ ਸਿਖਿਆ ਦੇ ਭਗਵੇਂਕਰਨ ਦੀ ਲੜੀ ਦਾ ਹੀ ਹਿੱਸਾ ਹੈ। ਇਸ ਤੋਂ ਪਹਿਲਾਂ ਹੈਦਰਾਬਾਦ ਦੀ ਯੂਨੀਵਰਸਿਟੀ ਬਹਿਸ ਦਾ ਕੇਂਦਰ ਬਣੀ ਜਿਥੇ ਦਲਿਤ ਵਿਦਿਆਰਥੀ ਰੋਹਿਤ ਵੇਮੁਲਾ ਨੂੰ ਮਰਨ ਲਈ ਮਜਬੂਰ ਕੀਤਾ ਗਿਆ।

ਸਾਡੇ ਕਾਲਮਨਵੀਸ ਦਲਜੀਤ ਅਮੀ ਜੋ ਅੱਜ ਕੱਲ੍ਹ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਪੀæਐਚਡੀæ ਕਰ ਰਹੇ ਹਨ, ਨੇ ਇਸ ਮਸਲੇ ‘ਤੇ ਕੁਝ ਟਿੱਪਣੀਆਂ ਕੀਤੀਆਂ ਹਨ, ਜੋ ਪਾਠਕਾਂ ਨਾਲ ਸਾਂਝੀਆਂ ਕਰ ਰਹੇ ਹਾਂ। -ਸੰਪਾਦਕ

ਦਲਜੀਤ ਅਮੀ
ਫੋਨ: +91-97811-21873
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਵਿਦਿਆਰਥੀ ਕੌਂਸਲ ਦੇ ਪ੍ਰਧਾਨ ਕਨ੍ਹੱਈਆ ਕੁਮਾਰ ਦੀ ਦੇਸ਼ ਧ੍ਰੋਹ ਦੇ ਇਲਜ਼ਾਮ ਤਹਿਤ ਗ੍ਰਿਫ਼ਤਾਰੀ ਨਾਲ ਵਿਦਿਅਕ ਅਦਾਰਿਆਂ ਅਤੇ ਮੌਜੂਦਾ ਸਰਕਾਰ ਵਿਚਲੇ ਰਿਸ਼ਤੇ ਦਾ ਖ਼ਾਸਾ ਹੋਰ ਉਘੜ ਆਇਆ ਹੈ। ਇਹ ਯੂਨੀਵਰਸਿਟੀ ਆਪਣੀ ਵੰਨ-ਸੁਵੰਨੀ ਸਰਗਰਮੀ ਅਤੇ ਮਿਆਰੀ ਬਹਿਸਾਂ ਲਈ ਜਾਣੀ ਜਾਂਦੀ ਹੈ। ਇਸ ਨੇ ਹਰ ਦੌਰ ਦੀਆਂ ਸਰਕਾਰਾਂ ਨੂੰ ਔਖੇ ਸੁਆਲ ਪੁੱਛੇ ਹਨ ਅਤੇ ਉਨ੍ਹਾਂ ਸੁਆਲਾਂ ਨੂੰ ਵਿਦਿਅਕ ਅਦਾਰਿਆਂ ਤੋਂ ਜਨਤਕ ਮੰਚਾਂ ਅਤੇ ਸੱਤਾ ਦੇ ਗ਼ਲਿਆਰਿਆਂ ਤੱਕ ਪੁੱਜਦਾ ਕੀਤਾ ਹੈ। ਇਸ ਨੇ ਸਮਾਜਵਾਦ, ਬਰਾਬਰੀ ਅਤੇ ਸਮਾਜਿਕ ਇਨਸਾਫ਼ ਦੀਆਂ ਧਾਰਨਾਵਾਂ ਦੀ ਪਰਤ ਦਰ ਪਰਤ ਵਿਆਖਿਆ ਅਤੇ ਪੜਚੋਲ ਕੀਤੀ ਹੈ।
ਇਹ ਅਦਾਰਾ ਫ਼ਿਰਕੂ ਸਿਆਸਤ ਤੇ ਹਿੰਸਾ ਖਿਲਾਫ, ਮੁਨਾਫ਼ੇਖ਼ੋਰੀ ਤੇ ਜਾਤੀ-ਜਮਾਤੀ ਲੁੱਟ ਖਿਲਾਫ ਲੜਾਈ ਦਾ ਮੋਹਰੀ ਰਿਹਾ ਹੈ। ਇਸ ਦੀ ਖੁੱਲ੍ਹਦਿਲੀ ਅਤੇ ਖੁੱਲ੍ਹਨਜ਼ਰੀ, ਹਰ ਤਰ੍ਹਾਂ ਦੇ ਵਿਚਾਰ ਨੂੰ ਥਾਂ ਦਿੰਦੀ ਰਹੀ ਹੈ, ਹਰ ਵਿਚਾਰ ਉਤੇ ਸੁਆਲ ਕਰਨ ਦੀ ਗੁੰਜਾਇਸ਼ ਕਾਇਮ ਰੱਖਦੀ ਹੈ। ਇਹ ਹਰ ਤਰ੍ਹਾਂ ਦੇ ਫ਼ਲਸਫ਼ੇ ਦੇ ਚੌਖਟੇ ਵਿਚੋਂ ਸਮਾਜ ਨੂੰ ਵੇਖਣ, ਸਮਝਣ ਅਤੇ ਸੁਆਲ ਕਰਨ ਦਾ ਮੰਚ ਰਹੀ ਹੈ।
ਇਹ ਅਦਾਰਾ ਮੌਜੂਦਾ ਕੇਂਦਰ ਸਰਕਾਰ ਅਤੇ ਰਾਸ਼ਟਰੀ ਸਵੈਮਸੇਵਕ ਸੰਘ (ਆਰæਐਸ਼ਐਸ਼) ਨਾਲ ਜੁੜੀਆਂ ਜਥੇਬੰਦੀਆਂ ਦੇ ਨਿਸ਼ਾਨੇ ਉਤੇ ਰਿਹਾ ਹੈ ਜਿਨ੍ਹਾਂ ਹਰ ਮੌਕੇ ਇਸ ਅਦਾਰੇ ਨੂੰ ਦੇਸ਼ ਧ੍ਰੋਹੀਆਂ, ਅਤਿਵਾਦੀਆਂ, ਨਕਸਲਵਾਦੀਆਂ ਅਤੇ ਹਿੰਦੂ ਵਿਰੋਧੀਆਂ ਦਾ ਘੁਰਨਾ ਕਰਾਰ ਦਿੱਤਾ ਹੈ। ਦੂਜੇ ਪਾਸੇ ਵਿਦਿਅਕ ਅਦਾਰਿਆਂ ਵਿਚ ਆਪਣੀ ਵਿਚਾਰਧਾਰਾ ਦੇ ਬੰਦੇ, ਮੁਖੀਆਂ ਵਜੋਂ ਲਾਉਣ ਅਤੇ ਇਨ੍ਹਾਂ ਅਦਾਰਿਆਂ ਦਾ ਮੁਹਾਣ ਬਦਲਣ ਦੀ ਮਸ਼ਕ ਲਗਾਤਾਰ ਜਾਰੀ ਹੈ। ਇਹ ਮਸ਼ਕ ਫ਼ਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਦੇ ਨਿਰਦੇਸ਼ਕ ਦੀ ਨਾਮਜ਼ਦਗੀ ਤੋਂ ਖੋਜਾਰਥੀਆਂ ਦੇ ਵਜ਼ੀਫ਼ੇ ਖ਼ਤਮ ਕਰਨ ਅਤੇ ਖੋਜ ਅਦਾਰਿਆਂ ਦੇ ਮੁਖੀਆਂ ਦੀਆਂ ਨਾਮਜ਼ਦਗੀਆਂ ਜਾਂ ਬਰਖ਼ਾਸਤਗੀਆਂ ਵਿਚੋਂ ਝਲਕਦੀ ਹੈ। ਇਸੇ ਕੜੀ ਵਿਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਾ ਘਟਨਾਕ੍ਰਮ ਆਉਂਦਾ ਹੈ ਜਿਸ ਦੇ ਦੋ ਪੱਖ ਸਮਝਣੇ ਬਣਦੇ ਹਨ। ਇੱਕ ਪੱਖ ਤੱਥਮੁਖੀ ਤੇ ਦੂਜਾ ਧਾਰਨਾ ਮੁਖੀ ਹੈ। ਇਸ ਦੇ ਤੱਥਾਂ ਨੂੰ ਜਾਣਨਾ ਤਾਂ ਜ਼ਰੂਰੀ ਹੈ ਹੀ, ਇਸ ਪਿੱਛੇ ਸਰਗਰਮ ਸੋਚ ਨੂੰ ਸਮਝਣਾ ਵੀ ਲਾਜ਼ਮੀ ਹੈ।
ਅਫ਼ਜ਼ਲ ਗੁਰੂ ਦੀ ਫ਼ਾਂਸੀ ਦੇ ਤੀਜੇ ਸਾਲਾਨਾ ਦਿਨ ਉਤੇ ਕੁਝ ਵਿਦਿਆਰਥੀਆਂ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਵਰਮਤੀ ਢਾਬੇ ਉਤੇ ਸਮਾਗਮ ਦਾ ਸੱਦਾ ਦਿੱਤਾ ਜੋ ਯੂਨੀਵਰਸਿਟੀ ਦੀਆਂ ਅਹਿਮ ਥਾਂਵਾਂ ਉਤੇ ਚਿਪਕਾਇਆ ਗਿਆ। ਯੂਨੀਵਰਸਿਟੀ ਨੇ ਇਹ ਸਮਾਗਮ ਕਰਨ ਦੀ ਲਿਖਤੀ ਪ੍ਰਵਾਨਗੀ ਦਿੱਤੀ, ਪਰ ਸਮਾਗਮ ਤੋਂ ਅੱਧਾ ਘੰਟਾ ਪਹਿਲਾਂ ਐਸ਼ਐਮæਐਸ਼ ਰਾਹੀਂ ਇਹ ਰੱਦ ਕਰ ਦਿੱਤੀ। ਸੱਦਾ ਕਿਸੇ ਜਥੇਬੰਦੀ ਨੇ ਨਹੀਂ ਸੀ ਦਿੱਤਾ, ਸਗੋਂ ਸੱਦੇ ਉਤੇ ਨੌਂ ਵਿਦਿਆਰਥੀਆਂ ਦੇ ਨਾਂ ਸਨ। ਯੂਨੀਵਰਸਿਟੀ ਦੀ ਰਵਾਇਤ ਮੁਤਾਬਕ ਸਾਰੀਆਂ ਵਿਦਿਆਰਥੀ ਜਥੇਬੰਦੀਆਂ ਨੇ ਸਮਾਗਮ ਦੀ ਹਰ ਹਾਲਤ ਵਿਚ ਹਮਾਇਤ ਕਰਨ ਦਾ ਫ਼ੈਸਲਾ ਕੀਤਾ। ਇੱਕ ਪਾਸੇ ਭਾਜਪਾ ਦੀ ਵਿਦਿਆਰਥੀ ਜਥੇਬੰਦੀ ਅਖਿਲ ਭਾਰਤੀਆ ਵਿਦਿਆਰਥੀ ਪ੍ਰੀਸ਼ਦ (ਏæਬੀæਵੀæਪੀæ) ਇਸ ਸਮਾਗਮ ਦਾ ਵਿਰੋਧ ਕਰ ਰਹੀ ਸੀ, ਦੂਜੇ ਪਾਸੇ ਇਹ ਸਮਾਗਮ ਹੋ ਰਿਹਾ ਸੀ। ਦੋਵਾਂ ਨੂੰ ਇੱਕ-ਦੂਜੇ ਦੀ ਨਾਅਰੇਬਾਜ਼ੀ ਸੁਣ ਰਹੀ ਸੀ। ਜਦੋਂ ਸਮਾਗਮ ਤੋਂ ਬਾਅਦ ਜਲੂਸ ਸ਼ੁਰੂ ਹੋਇਆ ਤਾਂ ਏæਬੀæਵੀæਪੀæ ਨੇ ਇਸ ਨੂੰ ਰੋਕਣ ਦਾ ਯਤਨ ਕੀਤਾ। ਇਸ ਮੌਕੇ ਹੋਈ ਤਕਰਾਰ ਦੌਰਾਨ ਦੋਹਾਂ ਧਿਰਾਂ ਨੇ ਇੱਕ-ਦੂਜੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਥੇ ਕੁਝ ਤੱਥ ਅਹਿਮ ਹਨ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਕਨ੍ਹੱਈਆ ਕੁਮਾਰ ਇਸ ਸਮਾਗਮ ਵਿਚ ਨਾ ਪ੍ਰਬੰਧਕ ਸਨ, ਨਾ ਬੁਲਾਰੇ। ਉਹ ‘ਵਿਚਾਰ ਦੀ ਆਜ਼ਾਦੀ’ ਦੀ ਦਲੀਲ ਨਾਲ ਹਮਦਰਦ ਵਜੋਂ ਸਮਾਗਮ ਵਿਚ ਸ਼ਰੀਕ ਹੋਏ। ਉਨ੍ਹਾਂ ਦੀ ਵਿਦਿਆਰਥੀ ਜਥੇਬੰਦੀ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਹੈ ਜੋ ਭਾਰਤੀ ਇਤਿਹਾਸ ਦੀ ਸਭ ਤੋਂ ਪੁਰਾਣੀ ਵਿਦਿਆਰਥੀ ਜਥੇਬੰਦੀ ਹੈ। ਇਸ ਜਥੇਬੰਦੀ ਦੀ ਕੌਮੀ ਮੁਕਤੀ ਲਹਿਰ ਵਿਚ ਅਹਿਮ ਭੂਮਿਕਾ ਰਹੀ ਹੈ ਅਤੇ ਇਸ ਨੇ ਨਾਮੀ ਸਿਆਸੀ ਆਗੂ ਪੈਦਾ ਕੀਤੇ ਹਨ। ਇਹ ਭਾਰਤੀ ਕਮਿਊਨਿਸਟ ਪਾਰਟੀ (ਸੀæਪੀæਆਈæ) ਦਾ ਵਿਦਿਆਰਥੀ ਵਿੰਗ ਹੈ। ਸੀæਪੀæਆਈæ ਭਾਰਤੀ ਸੰਵਿਧਾਨ ਦੇ ਘੇਰੇ ਵਿਚ ਕੰਮ ਕਰਦੀ ਹੈ ਅਤੇ ਮੁਲਕ ਦੀ ਏਕਤਾ ਤੇ ਅਖੰਡਤਾ ਦੀ ਝੰਡਾ-ਬਰਦਾਰ ਹੈ। ਇਸੇ ਸੋਚ ਦਾ ਪ੍ਰਗਟਾਵਾ ਕਨ੍ਹੱਈਆ ਕੁਮਾਰ ਦੀ ਤਕਰੀਰ ਵਿਚ ਹੈ। ਇਹ ਤਕਰੀਰ ਨੌਂ ਤਰੀਕ ਨੂੰ ਕੀਤੇ ਰੋਸ ਮੁਜ਼ਾਹਰੇ ਵਿਚ ਕੀਤੀ ਗਈ ਸੀ। ਦਸ ਫਰਵਰੀ ਨੂੰ ਏæਬੀæਵੀæਪੀæ ਨੇ ਉਪ ਕੁਲਪਤੀ ਦੇ ਦਫ਼ਤਰ ਅੱਗੇ ਮੁਜ਼ਾਹਰਾ ਕਰ ਕੇ ਮੰਗ ਕੀਤੀ ਕਿ ਮੁਲਕ ਵਿਰੋਧੀ ਨਾਅਰੇ ਲਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਹੋਵੇ। ਬਾਕੀ ਵਿਦਿਆਰਥੀ ਯੂਨੀਅਨਾਂ ਨੇ ਭਾਜਪਾ ਦੀ ਸਰਪ੍ਰਸਤੀ ਵਿਚ ਯੂਨੀਵਰਸਿਟੀ ਦੇ ਮਾਹੌਲ ਨੂੰ ਖ਼ਰਾਬ ਕਰਨ ਖਿਲਾਫ ਮੁਜ਼ਾਹਰਾ ਕੀਤਾ ਜਿਥੇ ਕਨ੍ਹੱਈਆ ਕੁਮਾਰ ਨੇ ਤਕਰੀਰ ਕੀਤੀ; ਤੇ ਉਸ ਨੂੰ ਕੁਝ ਘੰਟਿਆਂ ਪਿਛੋਂ ਦੇਸ਼ ਧ੍ਰੋਹ ਦੇ ਦੋਸ਼ ਵਿਚ ਗ੍ਰਿਫ਼ਤਾਰ ਕਰ ਲਿਆ ਗਿਆ।
ਜਦੋਂ ਕਨ੍ਹੱਈਆ ਕੁਮਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਉਸ ਦੀ ਹਮਾਇਤ ਵਿਚ ਹਾਜ਼ਰ ਵਿਦਿਆਰਥੀਆਂ ਤੇ ਅਧਿਆਪਕਾਂ ਉਤੇ ਹਮਲਾ ਕੀਤਾ ਗਿਆ। ਪੱਤਰਕਾਰਾਂ ਨੂੰ ਵੀ ਹਮਲੇ ਦਾ ਸ਼ਿਕਾਰ ਬਣਾਇਆ ਗਿਆ। ਅਦਾਲਤ ਵਿਚ ਪਹਿਲਾਂ ਸਾਦਾ ਕੱਪੜੇ ਵਾਲਿਆਂ ਨੇ ਵਿਦਿਆਰਥੀਆਂ-ਅਧਿਆਪਕਾਂ ਨੂੰ ਧਮਕਾਇਆ, ਤੇ ਫਿਰ ਵਕੀਲਾਂ ਵਾਲੇ ਕੋਟਾਂ ਵਾਲਿਆਂ ਨੇ ਹਮਲਾ ਕੀਤਾ। ਹਮਲਵਰਾਂ ਦੀਆਂ ਭਾਜਪਾ ਦੇ ਮੰਤਰੀਆਂ ਅਤੇ ਹੋਰ ਆਗੂਆਂ ਨਾਲ ਤਸਵੀਰਾਂ ਅਖ਼ਬਾਰਾਂ ਵਿਚ ਛਪ ਚੁੱਕੀਆਂ ਹਨ, ਪਰ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ। 13 ਫਰਵਰੀ ਨੂੰ ਇੰਦਰਾ ਗਾਂਧੀ ਨੈਸ਼ਨਲ ਸੈਂਟਰ ਫਾਰ ਆਰਟਸ ਵਿਚ ਜਾ ਰਹੇ ਸੱਤ ਕਲਾਕਾਰਾਂ ਤੇ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਦੀ ਦਲੀਲ ਸੀ ਕਿ ਉਹ ‘ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਰਗੇ’ ਲੱਗਦੇ ਸਨ, ਕਿਉਂਕਿ ਉਨ੍ਹਾਂ ਨੇ ਲੰਮੀਆਂ ਦਾੜ੍ਹੀਆਂ ਰੱਖੀਆਂ ਹੋਈਆਂ ਸਨ ਅਤੇ ਮੋਢਿਆਂ ਉਤੇ ਝੋਲੇ ਪਾਏ ਹੋਏ ਸਨ।
ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਬਿਆਨ ਹੈ ਕਿ ਯੂਨੀਵਰਸਿਟੀ ਵਿਚ ਅਫ਼ਜ਼ਲ ਗੁਰੂ ਵਾਲੇ ਸਮਾਗਮ ਦੀ ਹਮਾਇਤ ਹਾਫ਼ਿਜ਼ ਸਈਦ ਨੇ ਕੀਤੀ ਹੈ। ਬਾਅਦ ਵਿਚ ਜਦੋਂ ਹਾਫ਼ਿਜ਼ ਦਾ ਬਿਆਨ ਆ ਗਿਆ ਤਾਂ ਗ੍ਰਹਿ ਮੰਤਰੀ ਪੱਲਾ ਝਾੜ ਗਏ। ਇਸੇ ਦੌਰਾਨ ਏæਬੀæਵੀæਪੀæ ਲਗਾਤਾਰ ਖੱਬੇਪੱਖੀ ਵਿਦਿਆਰਥੀ ਕਾਰਕੁਨਾਂ ਨੂੰ ਅਤਿਵਾਦੀ, ਨਕਸਲਵਾਦੀ ਅਤੇ ਜਹਾਦੀ ਕਰਾਰ ਦੇ ਰਹੀ ਹੈ। ਹੁਣ ਭਾਜਪਾਈ ਸਿਆਸਤ ਅਤੇ ਸਰਕਾਰ ਨੇ ਨਿਸ਼ਾਨਾ ਯੂਨੀਵਰਸਿਟੀ ਨੂੰ ਬਣਾ ਲਿਆ ਹੈ। ਉਹ ਇਸ ਅਦਾਰੇ ਦੀਆਂ ਜਮਹੂਰੀ ਰਵਾਇਤਾਂ ਵਾਲੇ ਮਾਹੌਲ ਨੂੰ ਬਦਲਣਾ ਚਾਹੁੰਦੇ ਹਨ।
ਇਹ ਘਟਨਾਕ੍ਰਮ ਕਿਸੇ ਵੀ ਹਵਾਲੇ ਨਾਲ ਵਾਪਰ ਸਕਦਾ ਸੀ। ਭਾਜਪਾਈ ਪਸੰਦੀਦਾ ਉਪ ਕੁਲਪਤੀ ਆਉਣ ਤੋਂ ਬਾਅਦ ਮੌਕੇ ਦੀ ਤਾੜ ਵਿਚ ਸਨ। ਇਸ ਤੋਂ ਪਹਿਲਾਂ ਕਈ ਮਿਸਾਲਾਂ ਸਾਹਮਣੇ ਆ ਚੁੱਕੀਆਂ ਹਨ ਕਿ ਉਨ੍ਹਾਂ ਦੀ ਵਿਦਿਆਰਥੀ ਜਥੇਬੰਦੀ ਦੀ ਹਰ ਸ਼ਿਕਾਇਤ ਨੂੰ ਅੰਤਿਮ ਸੱਚ ਮੰਨ ਕੇ ਕਾਰਵਾਈ ਕੀਤੀ ਜਾਂਦੀ ਹੈ। ਹੈਦਰਾਬਾਦ ਦੀ ਯੂਨੀਵਰਸਿਟੀ ਵਿਚ ਉਪ ਕੁਲਪਤੀ ਉਤੇ ਕੇਂਦਰੀ ਵਜ਼ੀਰਾਂ ਦਾ ਦਬਾਅ ਸਾਹਮਣੇ ਆ ਚੁੱਕਾ ਹੈ। ਰੋਹਿਤ ਵੇਮੁਲਾ ਦੀ ਖ਼ੁਦਕੁਸ਼ੀ ਤੋਂ ਬਾਅਦ ਇਹ ਮਾਮਲਾ ਭਾਜਪਾ ਦੇ ਕਾਬੂ ਤੋਂ ਬਾਹਰ ਹੋ ਗਿਆ। ਇਸੇ ਤਰ੍ਹਾਂ ਏæਬੀæਵੀæਪੀæ ਦੀ ਸ਼ਿਕਾਇਤ ਕਾਰਨ ਪੰਜਾਬ ਯੂਨੀਵਰਸਿਟੀ ਦੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਲਈ ਕਈ ਮਹੀਨੇ ਸੰਘਰਸ਼ ਕਰਨਾ ਪਿਆ।
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਉਪ ਕੁਲਪਤੀ ਜਗਦੀਸ਼ ਕੁਮਾਰ ਅਨੁਸਾਰ ਉਸ ਨੇ ਪੁਲਿਸ ਨੂੰ ‘ਲੋੜ ਮੁਤਾਬਕ ਅਤੇ ਜਦੋਂ ਢੁੱਕਵਾਂ ਸਮਝਿਆ’ ਤਾਂ ਅੰਦਰ ਆਉਣ ਦੀ ਇਜਾਜ਼ਤ ਦਿੱਤੀ। ਯੂਨੀਵਰਸਿਟੀ ਵਿਚ ਪੁਲਿਸ ਬਿਨਾਂ ਇਜਾਜ਼ਤ ਤੋਂ ਅੰਦਰ ਨਹੀਂ ਆ ਸਕਦੀ ਤੇ ਇਸ ਨੂੰ ਅਦਾਰੇ ਦੀ ਖ਼ੁਦਮੁਖ਼ਤਾਰੀ ਦਾ ਹਿੱਸਾ ਮੰਨਿਆ ਗਿਆ ਹੈ। ਐਮਰਜੈਂਸੀ ਦੌਰਾਨ ਪੁਲਿਸ ਦੀ ਦਖ਼ਲਅੰਦਾਜ਼ੀ ਦਾ ਇਸ ਅਦਾਰੇ ਵਿਚ ਜ਼ਬਰਦਸਤ ਵਿਰੋਧ ਹੋਇਆ ਸੀ ਅਤੇ ਇਥੇ ਹਰ ਮਸਲੇ ਨੂੰ ਸੰਵਾਦ ਰਾਹੀਂ ਸੁਲਝਾਉਣ ਦੀ ਰਵਾਇਤ ਰਹੀ ਹੈ। ਅਦਾਰੇ ਵਿਚ ਤਿੱਖੀਆਂ ਬਹਿਸਾਂ ਹੁੰਦੀਆਂ ਹਨ, ਇਸ ਦੇ ਬਾਵਜੂਦ ਇਹ ਸਭ ਤੋਂ ਅਮਨਪਸੰਦ ਥਾਂ ਮੰਨੀ ਜਾਂਦੀ ਹੈ। ਫਿਰ ਪੁਲਿਸ ਨੂੰ ਇਸ ਤਰ੍ਹਾਂ ਦੀ ਬੇ-ਸ਼ਰਤ ਇਜਾਜ਼ਤ ਦੇਣ ਦੇ ਕੀ ਮਾਅਨੇ ਹਨ? ਇਸੇ ਇਜਾਜ਼ਤ ਨਾਲ ਸਾਰੇ ਮੌਜੂਦਾ ਸਰਕਾਰ ਦੇ ਵਿਦਿਅਕ ਅਦਾਰਿਆਂ ਨਾਲ ਰਿਸ਼ਤੇ ਦੀਆਂ ਲੜੀਆਂ ਜੁੜਦੀਆਂ ਹਨ। ਭਾਜਪਾ ਦੀ ਵਿਦਿਆਰਥੀ ਜਥੇਬੰਦੀ ਲਗਾਤਾਰ ‘ਭਾਰਤੀ ਫ਼ੌਜ ਜ਼ਿੰਦਾਬਾਦ’ ਦੇ ਨਾਅਰੇ ਲਾਉਂਦੀ ਹੈ ਅਤੇ ਉਨ੍ਹਾਂ ਦਾ ਲਾਇਆ ਉਪ ਕੁਲਪਤੀ ਪੁਲਿਸ ਨੂੰ ਬੇ-ਸ਼ਰਤ ਦਖ਼ਲ ਦੀ ਇਜਾਜ਼ਤ ਦਿੰਦਾ ਹੈ। ਇਹ ਮੁਲਕ ਨੂੰ ਪੁਲਿਸ ਰਾਜ ਬਣਾਉਣਾ ਨਹੀਂ ਤਾਂ ਹੋਰ ਕੀ ਹੈ? ਇਹ ਖੁੱਲ੍ਹਨਜ਼ਰੀ ਦੀ ਨੁਮਾਇੰਦਗੀ ਕਰਨ ਵਾਲੇ ਅਦਾਰੇ ਉਤੇ ਤਾਨਾਸ਼ਾਹੀ ਹਮਲਾ ਨਹੀਂ ਤਾਂ ਹੋਰ ਕੀ ਹੈ? ਇਸ ਹਮਲੇ ਦਾ ਹਿੱਸਾ ਖੋਜਾਰਥੀਆਂ ਦੇ ਬੰਦ ਕੀਤੇ ਵਜ਼ੀਫ਼ਿਆਂ ਨਾਲ ਜੁੜਦਾ ਹੈ। ਇਨ੍ਹਾਂ ਵਜ਼ੀਫ਼ਿਆਂ ਨੇ ਮੁਲਕ ਦੇ ਗ਼ਰੀਬ-ਗ਼ੁਰਬੇ, ਕਬਾਇਲੀ-ਆਦਿਵਾਸੀ ਅਤੇ ਜਾਤੀ-ਜਮਾਤੀ ਪੌੜੀ ਦੇ ਹੇਠਲੇ ਡੰਡੇ ਉਤੇ ਬੈਠੇ ਬੰਦੇ ਨੂੰ ਖੁੱਲ੍ਹਨਜ਼ਰੀ ਵਾਲੇ ਅਦਾਰਿਆਂ ਵਿਚ ਪੜ੍ਹਨ ਅਤੇ ਵਿਗਸਣ ਦਾ ਮੌਕਾ ਦਿੱਤਾ ਹੈ। ਸਰਕਾਰੀ ਸਰਪ੍ਰਸਤੀ ਵਾਲਾ ਪੂੰਜੀਵਾਦ ਅਤੇ ਕੱਟੜਵਾਦ ਦਾ ਗੱਠਜੋੜ ਇਹ ਬਰਦਾਸ਼ਤ ਨਹੀਂ ਕਰ ਸਕਦਾ ਕਿ ਸਮਾਜਿਕ ਇਨਸਾਫ਼, ਖੁੱਲ੍ਹਨਜ਼ਰੀ ਅਤੇ ਖੁੱਲ੍ਹਦਿਲੀ ਵਾਲਾ ਸਮਾਜ ਉਸ ਦੀ ਸੋਚ ਅਤੇ ਕਾਰਗੁਜ਼ਾਰੀ ਉਤੇ ਸੁਆਲ ਕਰੇ। ਇਹ ਬਰਦਾਸ਼ਤ ਨਹੀਂ ਕਰ ਸਕਦਾ ਕਿ ਕੋਈ ਕਨ੍ਹੱਈਆ ਕੁਮਾਰ ਪੜ੍ਹ-ਲਿਖ ਕੇ ਬ੍ਰਾਹਮਣਵਾਦੀ ਸਭਿਆਚਾਰ ਦੇ ਖ਼ਾਤਮੇ ਦਾ ਸੁਫ਼ਨਾ ਦੇਖੇ ਅਤੇ ਉਸ ਦੀ ਪੂਰਤੀ ਲਈ ਸਾਂਝੇ ਉਪਰਾਲੇ ਦਾ ਹਿੱਸਾ ਬਣੇ। ਇਹ ਬਰਦਾਸ਼ਤ ਨਹੀਂ ਕਰ ਸਕਦਾ ਕਿ ਕੋਈ ਰੋਹਿਤ ਵੇਮੁਲਾ ਗ਼ੁਰਬਤ ਅਤੇ ਸਮਾਜਿਕ ਜ਼ਲਾਲਤ ਵਿਚੋਂ ਨਿਕਲ ਕੇ ‘ਠੇਸ ਦੇ ਅਹਿਸਾਸ ਤੋਂ ਬਚ ਕੇ ਪਿਆਰ’ ਕਰੇ।
ਇਨ੍ਹਾਂ ਹਾਲਾਤ ਵਿਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਉਤੇ ਹੋ ਰਹੇ ਹਮਲੇ ਦਾ ਖ਼ਾਸਾ ਪਛਾਣਨਾ ਜ਼ਰੂਰੀ ਹੈ। ਕੀ ਇਹ ਵਿਕਾਸ ਦੇ ਪਰਦੇ ਹੇਠ ਫ਼ਿਰਕੂ ਕੱਟੜਵਾਦ ਅਤੇ ਬੇਕਿਰਕ ਪੂੰਜੀਵਾਦ ਦਾ ਖੁੱਲ੍ਹਨਜ਼ਰੀ ਅਤੇ ਇਨਸਾਫ਼ਪਸੰਦੀ ਖ਼ਿਲਾਫ਼ ਫ਼ੌਜੀ ਹਮਲਾ ਨਹੀਂ ਹੈ? ਇਹ ਪੁੱਛਣਾ ਕੁਥਾਂ ਨਹੀਂ ਹੋਵੇਗਾ ਕਿ ਕੀ ਕਨ੍ਹੱਈਆ ਕੁਮਾਰ ਨੂੰ ‘ਇੱਕ ਵੋਟ, ਇੱਕ ਹਿੰਦਸਾ ਜਾਂ ਕੋਈ ਬੇਜਾਨ ਸ਼ੈਅ’ ਤੱਕ ਮਹਿਦੂਦ ਹੋਣ ਤੋਂ ਇਨਕਾਰ ਕਰਨ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ?