ਗੁਰਮੀਤ ਪਿੰਕੀ ਦੀਆਂ ‘ਚਿੰਘਾੜਾਂ’ ਦੇ ਪ੍ਰਸੰਗ-5

ਹਿੰਸਾ ਪ੍ਰਤੀ-ਹਿੰਸਾ ਅਤੇ ਸਿਆਸਤ ਦੀਆਂ ਸਿਮਰਤੀਆਂ
ਪੰਜਾਬ ਵਿਚ ਪਿਛਲੀ ਸਦੀ ਦੇ ਆਖਰੀ ਪਹਿਰ ਦੌਰਾਨ ਡੇਢ-ਦੋ ਦਹਾਕੇ ਝੁੱਲੀ ਹਿੰਸਾ, ਬੇਵਸਾਹੀ ਅਤੇ ਖੌਫ ਦੀ ਹਨ੍ਹੇਰੀ ਦੀਆਂ ਕਈ ਪਰਤਾਂ ਅਜੇ ਵੀ ਅਣਫੋਲੀਆਂ ਪਈਆਂ ਹਨ। ਉਨ੍ਹਾਂ ਵਕਤਾਂ ਬਾਰੇ ਕੋਈ ਨਾ ਕੋਈ ਕਹਾਣੀ, ਕਿਸੇ ਸੰਸਥਾ ਜਾਂ ਸ਼ਖਸ ਰਾਹੀਂ ਆਵਾਮ ਤੱਕ ਪੁੱਜ ਰਹੀ ਹੈ। ਬਦਨਾਮ ਪੁਲਿਸ ਕੈਟ ਗੁਰਮੀਤ ਸਿੰਘ ਪਿੰਕੀ ਨੇ ਆਪਣੇ ਆਕਾਵਾਂ ਦੀ ਬੇਰੁਖੀ ਤੋਂ ਖਫਾ ਹੋ ਕੇ ਉਸ ਦੌਰ ਬਾਰੇ ਕੁਝ ਸੱਚ ਸਾਹਮਣੇ ਲਿਆਉਣ ਦਾ ਦਾਅਵਾ ਕੀਤਾ ਹੈ। ਇਸ ਪ੍ਰਸੰਗ ਦੇ ਪਿਛੋਕੜ ਵਿਚ ਉਸ ਦੌਰ ਨਾਲ ਜੁੜੇ ਰਹੇ ਪੱਤਰਕਾਰ ਗੁਰਦਿਆਲ ਸਿੰਘ ਬੱਲ ਨੇ ਲੰਮਾ ਲੇਖ ਲਿਖਿਆ ਹੈ

ਜਿਸ ਵਿਚ ਉਸ ਵਕਤ ਵੱਖ-ਵੱਖ ਰੂਪ ਅਖਤਿਆਰ ਕਰ ਰਹੀਆਂ ਘਟਨਾਵਾਂ ਦੇ ਪੱਖ ਉਜਾਗਰ ਕਰਨ ਦਾ ਯਤਨ ਕੀਤਾ ਗਿਆ ਹੈ। ਇਨ੍ਹਾਂ ਪੱਖਾਂ ਬਾਰੇ ਕਿਸੇ ਦੀ ਵੀ ਸਹਿਮਤੀ ਜਾਂ ਅਸਹਿਮਤੀ ਹੋ ਸਕਦੀ ਹੈ, ਪਰ ਇਸ ਲਿਖਤ ਤੋਂ ਉਨ੍ਹਾਂ ਵਕਤਾਂ ਵਿਚ ਮੱਚੇ ਘਮਸਾਣ ਉਤੇ ਭਰਵੀਂ ਝਾਤ ਜ਼ਰੂਰ ਪਾਈ ਗਈ ਹੈ। ਐਤਕੀਂ ਪ੍ਰੋæ ਦਰਸ਼ਨ ਸਿੰਘ, ਮਲੋਏ ਕ੍ਰਿਸ਼ਨ ਧਰ ਅਤੇ ਕੁਝ ਹੋਰ ਪੁਸਤਕਾਂ ਦੇ ਹਵਾਲੇ ਨਾਲ ਸੱਤਾ ਦੀ ਸਿਆਸਤ ਅਤੇ ਮਨੁੱਖੀ ਮਨ ਦੀਆਂ ਕੁਝ ਪਰਤਾਂ ਫਰੋਲੀਆਂ ਗਈਆਂ ਹਨ। -ਸੰਪਾਦਕ

ਗੁਰਦਿਆਲ ਸਿੰਘ ਬੱਲ
ਫੋਨ: 647-982-6091
ਫਰੈਡਰਿਕ ਨੀਟਸ਼ੇ ਮਾਨਵ ਇਤਿਹਾਸ ਵਿਚ ਸਭ ਤੋਂ ਬਦਕਾਰ ਅਤੇ ਬਿਮਾਰ ਕਿਸਮ ਦਾ ਚਿੰਤਕ ਸੀ, ਪਰ ਕੁਝ ਗੱਲਾਂ ਉਹਨੇ ਪਤੇ ਦੀਆਂ ਵੀ ਕੀਤੀਆਂ ਹਨ। ਇਨ੍ਹਾਂ ਵਿਚੋਂ ਇੱਕ ਗੱਲ ਇਹ ਹੈ: “ਜਾਗਦੀਆਂ ਰੂਹਾਂ ਵਾਲੇ ਲੋਕ ਆਪਣੀ ਫ਼ਿਤਰਤ ਤੋਂ ਮਜਬੂਰ ਹਨ ਕਿ ਦਰਦ ਸਹਿਣ।” 35-40 ਵਰ੍ਹੇ ਪਹਿਲਾਂ ਕਰਮਜੀਤ ਸਿੰਘ ਨਾਲ ਆੜੀ ਚੰਡੀਗੜ੍ਹ ਦੇ ਸੈਕਟਰ 20 ਤੇ 21 ਵਾਲੇ ਮੋੜ ‘ਤੇ ਸਾਇਕਲ ‘ਤੇ ਜਾਂਦਿਆਂ ਸਹਿਵਨ ਉਸ ਦਾ ਇਹ ਮਹਾਂ-ਵਾਕ ਸੁਣਾਉਣ ਤੋਂ ਹੀ ਪਈ ਸੀ। ਇਸੇ ਪ੍ਰਸੰਗ ਦਾ ਬਿਰਤਾਂਤ ਇਸ ਵਾਰ ਚਰਚਾ ਅਧੀਨ ਹੈ।
ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਪ੍ਰੋæ ਦਰਸ਼ਨ ਸਿੰਘ ਦੀ ਯਾਦਾਂ ਦੀ ਪੁਸਤਕ Ḕਬੋਲਹਿ ਸਾਚੁ: ਜੀਵਨ ਦੀਆਂ ਆਪ-ਬੀਤੀਆਂ’ ਹਾਲ ਹੀ ਵਿਚ ਨੋਟਿਸ Ḕਚ ਆਈ ਹੈ। ਸਾਦਾ ਜਿਹੇ ਇਨਸਾਨ ਵੱਲੋਂ ਸਾਦਾ ਜਿਹੇ ਸ਼ਬਦਾਂ ਵਿਚ ਲਿਖੀ ਇਹ ਪੁਸਤਕ ਕੀਮਤੀ ਦਸਤਾਵੇਜ਼ ਹੈ। Ḕਪਦਵੀ ਤਿਆਗਣ ਦੀ ਕਹਾਣੀ’ ਸਿਰਲੇਖ ਹੇਠ ਉਨ੍ਹਾਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਸਾਂਝੀ ਸਿਆਸਤ ਦਾ ਜੋ ਨਕਸ਼ਾ ਖਿੱਚਿਆ ਹੈ, ਉਹ ਪੁਸਤਕ ਦਾ ਹਾਸਲ ਹੈ। ਇਸ ਵਿਚ ਲੇਖਕ ਨੇ Ḕਸੰਘਰਸ਼ ਵਿਚ ਸ਼ਾਮਿਲ ਨੌਜਵਾਨ ਸਿੰਘ’ ਸਿਰਲੇਖ ਹੇਠ ਭਾਈ ਸਰਬਜੀਤ ਸਿੰਘ ਬਾਠ ਵੱਲੋਂ ਉਨ੍ਹਾਂ ਨੂੰ ਲਿਖਿਆ ਪੱਤਰ ਸ਼ਾਮਿਲ ਕਰ ਕੇ ਨੇਕ ਕੰਮ ਕੀਤਾ ਹੈ। ਇਸ ਖਾੜਕੂ ਸਿੰਘ ਨਾਲ ਕਦੀ ਮੁਲਾਕਾਤ ਨਹੀਂ ਹੋਈ, ਪਰ ਉਸ ਦੇ ਮਿੱਤਰਾਂ, ਬਾਪ ਅਤੇ ਉਸ ਦੀ ਪਤਨੀ ਨੂੰ ਮਿਲ ਕੇ ਉਸ ਬਾਰੇ ਜੋ ਪਤਾ ਲੱਗਿਆ, ਉਸ ਨੂੰ ਚੇਤੇ ਕਰਦਿਆਂ ਉਸ ਦੀ ਆਸਥਾ ਪ੍ਰਤੀ ਸ਼ਰਧਾ ਦੇ ਭਾਵ ਆਪ-ਮੁਹਾਰੇ ਹੀ ਮਨ ਵਿਚ ਜਾਗਰਿਤ ਹੁੰਦੇ ਰਹੇ। ਕਿੰਨਾ ਦਰਦ ਸੀ ਉਸ ਇਨਸਾਨ ਦੀ ਆਤਮਾ ਵਿਚ, ਤੇ ਕਿਵੇਂ ਭੰਗ ਦੇ ਭਾਣੇ ਹੀ ਉਸ ਦੀ ਕੀਮਤੀ ਜ਼ਿੰਦਗਾਨੀ ਚਲੀ ਗਈ। ਭਾਈ ਬਾਠ ਦਾ ਪੱਤਰ ਪੜ੍ਹ ਕੇ ਉਸ ਦੀ ਵੇਦਨਾ ਨੂੰ ਚਿਤਾਰਦਿਆਂ ਆਦਮੀ ਦਾ ਤਰਾਹ ਨਿਕਲ ਜਾਂਦਾ ਹੈ।
ਇਸੇ ਤਰ੍ਹਾਂ Ḕਤਿਰਲੋਚਨ ਸਿੰਘ ਰਿਆਸਤੀ ਦਾ ਭਾਈ ਗੁਰਜੀਤ ਸਿੰਘ ਨੂੰ ਮਿਲਣਾ’ ਅਹਿਮ ਜਾਣਕਾਰੀ ਵਾਲਾ ਲੇਖ ਹੈ। ਰਿਆਸਤੀ ਸਹੀ ਅਰਥਾਂ ਵਿਚ ਮਲੰਗ ਅਤੇ ਦਰਵੇਸ਼ ਸਿਆਸਤਦਾਨ ਸਨ। ਇਹ ਉਹੀ ਆਦਮੀ ਸੀ ਜਿਸ ਨੂੰ ਡਾਢਾ ਰੰਜ਼ ਸੀ ਕਿ 1970 ਵਿਚ ਪ੍ਰਕਾਸ਼ ਸਿੰਘ ਬਾਦਲ ਨੇ ਇੰਦਰਾ ਗਾਂਧੀ ਦੀ ਸੁਹਿਰਦ ਰਮਜ਼ ਕਿਉਂ ਨਾ ਸਮਝੀ! ਅਸਲ ਵਿਚ ਬਾਦਲ ਅਤੇ ਟੌਹੜਾ ਕੇਂਦਰ ਨਾਲ ਕਿਸੇ ਵੀ ਸਮਝੌਤੇ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਣ ਦੇ ਨੇੜੇ ਨਹੀਂ ਫਟਕੇ। ਜ਼ਿੰਮੇਵਾਰੀ ਲੈਣ ਤੋਂ ਇਹ ਕਿੰਨਾ ਡਰਦੇ ਸਨ, ਇਸ ਦੀ ਸਿਖ਼ਰ ਜੇ ਪਾਠਕਾਂ ਨੇ ਵੇਖਣੀ ਹੈ ਤਾਂ ਉਹ ਮਰਹੂਮ ਪ੍ਰਧਾਨ ਮੰਤਰੀ ਦੇ ਮੁੱਖ ਸਲਾਹਕਾਰ ਆਰæਡੀæ ਪ੍ਰਧਾਨ ਦੀ ਪੁਸਤਕ Ḕਵਰਕਿੰਗ ਵਿੱਦ ਰਾਜੀਵ ਗਾਂਧੀ’ ਪੜ੍ਹਨ। ਰਾਜੀਵ ਗਾਂਧੀ ਸਮਝੌਤਾ ਬਾਦਲ ਨਾਲ ਕਰਨਾ ਚਾਹੁੰਦਾ ਸੀ, ਉਸ ਦੀ ਜਾਚੇ ਪੰਜਾਬ ਦੇ ਮੁੱਖ ਮੰਤਰੀ ਦੇ ਪਦ ਲਈ ਉਹ ਹੀ ਫਿਟ ਸਨ, ਤੇ ਇਸ ਦਿਸ਼ਾ ਵਿਚ ਉਨ੍ਹਾਂ ਟੱਕਰਾਂ ਕਿੰਝ ਮਾਰੀਆਂ, ਆਰæਡੀæ ਪ੍ਰਧਾਨ ਸਾਰੀ ਕਹਾਣੀ ਸਾਫ ਕਰ ਦਿੰਦਾ ਹੈ। ਬਾਦਲ ਅਤੇ ਟੌਹੜਾ ਦੋਵੇਂ ਚਾਹੁੰਦੇ ਸਨ ਕਿ ਸਮਝੌਤੇ ਦੀ ਜ਼ਿੰਮੇਵਾਰੀ ਕੋਈ ਸੰਤ ਹਰਚੰਦ ਸਿੰਘ ਵਰਗਾ ਉਠਾ ਲਵੇ ਅਤੇ ਉਹ ਇਹੋ ਕਹੀ ਜਾਣ ਕਿ “ਉਨ੍ਹਾਂ ਤਾਂ ਪਹਿਲਾਂ ਹੀ ਕਿਹਾ ਸੀ” ਅਤੇ ਉਸੇ ਰੌਲੇ-ਰੱਪੇ ਵਿਚ ਉਨ੍ਹਾਂ ਵਿਚੋਂ ਕਿਸੇ ਇੱਕ ਦੀ ਤਾਜਪੋਸ਼ੀ ਹੋ ਜਾਵੇ।
ਇਸ ਮਾਮਲੇ ਵਿਚ ਤਿਰਲੋਚਨ ਸਿੰਘ ਰਿਆਸਤੀ, ਟੌਹੜਾ ਅਤੇ ਬਾਦਲ ਦੇ ਮੁਕਾਬਲੇ 180 ਡਿਗਰੀ ਦੇ ਮੋੜ ‘ਤੇ ਉਲਟ ਦਿਸ਼ਾ ਵਿਚ ਖੜ੍ਹਾ ਸੀ। ਉਸ ਦੇ ਸਿਰ ਇੱਕੋ ਗੱਲ ਦਾ ਭੂਤ ਸਵਾਰ ਸੀ ਕਿ ਪੰਜਾਬ ਵਿਚੋਂ ਕਲੇਸ਼ ਕਿਵੇਂ ਮੁੱਕੇ! ਜਥੇਦਾਰ ਵਾਲੀ ਕਿਤਾਬ ਵਿਚ ਬੂਟਾ ਸਿੰਘ ਨੂੰ Ḕਦਰਖ਼ਤ ਸਿੰਘ’ ਲਿਖ ਕੇ ਉਸ ਦੀ ਸਿਰੇ ਦੀ Ḕਗੁਨਾਹਗਾਰ’ ਭੂਮਿਕਾ ਬਾਰੇ ਜਿਸ ਕਿਸਮ ਦੀ ਜਾਣਕਾਰੀ ਦਿੱਤੀ ਹੋਈ ਹੈ, ਉਹ ਮਲੋਏ ਕ੍ਰਿਸ਼ਨ ਧਰ ਦੀ ਪੁਸਤਕ Ḕਓਪਨ ਸੀਕਰੇਟਸ’ ਵਿਚ ਇਸ ਤੋਂ ਵੀ ਵੱਧ ਸਨਸਨੀਖੇਜ਼ ਹੈ।
ਆਈæਬੀ ਦੇ ਸਾਬਕਾ ਜਾਇੰਟ ਡਾਇਰੈਕਟਰ ਮਲੋਏ ਕ੍ਰਿਸ਼ਨ ਧਰ ਦੀ ਪੁਸਤਕ Ḕਓਪਨ ਸੀਕਰੇਟਸ’ ਭਾਰਤ ਦੀ ਪਿਛਲੀ ਅੱਧੀ ਸਦੀ ਦੀ ਦਿੱਲੀ ਦਰਬਾਰ ਤੇ ਪੰਜਾਬ ਦੀ ਅਤਿਅੰਤ ਘਾਤਕ ਪਾਵਰ ਪਾਲਿਟਿਕਸ ਅਤੇ ਇਸ ਦੇ ਪ੍ਰਤੀਕਰਮ ਵਜੋਂ ਉਠੀਆਂ ਖਾੜਕੂ ਰੋਸ ਲਹਿਰਾਂ ਦੇ ਤਰਕ ਨੂੰ ਸਮਝਣ ਵਿਚ ਸਹਾਈ ਹੁੰਦੀ ਹੈ। ਜਿਨ੍ਹਾਂ ਸੱਜਣਾਂ ਦੀ ਦਿਲਚਸਪੀ ਪੰਜਾਬ ਦੀ ਖਾੜਕੂ ਲਹਿਰ ਦੌਰਾਨ ਵਾਪਰੇ ਕੁਝ ਦੁਖਾਂਤਕ ਪੱਖਾਂ ਨੂੰ ਸਮਝਣ ਤੱਕ ਹੀ ਸੀਮਤ ਹੋਵੇ, ਉਨ੍ਹਾਂ ਨੂੰ Ḕਇਨਸਾਇਡ ਬਲੇਜ਼ਿੰਗ ਪੰਜਾਬ’ ਵਾਲਾ ਕਾਂਡ ਜ਼ਰੂਰ ਘੋਖਣਾ ਚਾਹੀਦਾ ਹੈ। ਪਤਾ ਲੱਗ ਜਾਵੇਗਾ ਕਿ ਅਜਿਹੀ ਰਾਜਨੀਤੀ ਕਿਤਨੀ ਬਦਰੰਗ ਹੋ ਸਕਦੀ ਹੈ ਅਤੇ ਉਸ ਵਿਚ Ḕਦਰੱਖ਼ਤ ਸਿੰਘ’ ਦੀ ਭੂਮਿਕਾ ਕਿੰਨੀ ਘ੍ਰਿਣਤ ਸੀ।
ਇਸ ਬਿਰਤਾਂਤ ਨੂੰ ਪੜ੍ਹਿਆਂ ਪਤਾ ਲੱਗਦਾ ਹੈ ਕਿ ਰਾਜੀਵ ਗਾਂਧੀ ਖਾੜਕੂਆਂ ਨਾਲ ਸਮਝੌਤੇ ਲਈ ਕਿਸ ਕਦਰ ਵਿਆਕੁਲ ਸੀ। Ḕਦਰੱਖਤ ਸਿੰਘ’ ਤੇ ਉਸ ਦਾ ਗੁਮਾਸ਼ਤਾ ਸੁਸ਼ੀਲ ਮੁਨੀ ਕਿਸ ਕਿਸਮ ਦੀਆਂ ਸਿਆਸੀ ਖੇਡਾਂ ਖੇਡ ਰਹੇ ਸਨ ਅਤੇ ਰਿਆਸਤੀ ਜੀ ਕਿਸ ਕਦਰ ਮਾਸੂਮ ਤੇ ਭੋਲੇ ਸਨ। ਉਹ ਸਿਆਸਤ ਦੀਆਂ ਇਨ੍ਹਾਂ ਮਾਰੂ ਚਾਲਾਂ ਦੀ ਫੇਟ ਵਿਚ ਕਿੰਝ ਆਏ, ਉਹ ਆਪ ਤਾਂ ਮਰੇ ਹੀ, ਅਗਲਿਆਂ ਨੇ ਸਬੂਤ ਖ਼ਤਮ ਕਰਨ ਲਈ ਉਨ੍ਹਾਂ ਦੇ ਡਰਾਇਵਰ ਮੰਗਲ ਸਿੰਘ ਨੂੰ ਵੀ ਕਾਰ ਸਮੇਤ ਜਲਾ ਦਿੱਤਾ। ਰਿਆਸਤੀ ਜੀ ਦੇ ਸਾਦੇ ਸੁਭਾਅ, ਸਾਦਗੀ ਜਾਂ ਅਨਾੜੀਪਣ ਦੀ ਇੰਤਹਾ ਦੀ ਗਵਾਹੀ Ḕਬੋਲਹਿ ਸਾਚੁ’ ਵਿਚ ਪ੍ਰੋæ ਦਰਸ਼ਨ ਸਿੰਘ ਖਾਲਸਾ ਨੇ ਪੁਸਤਕ ਦੇ ਪੰਨਾ 66 ਉਪਰ ਲਿਖੀ ਹੈ: “ਬਠਿੰਡਾ ਵਿਖੇ ਫ਼ੈਡਰੈਸ਼ਨ ਦੇ ਸਾਬਕਾ ਪ੍ਰਧਾਨ ਭਾਈ ਹਰਵਿੰਦਰ ਸਿੰਘ ਖਾਲਸਾ ਦੇ ਵਿਆਹ ਸਮਾਗਮ ਵਿਚ ਹਾਜ਼ਰੀ ਲਵਾਉਣ ਪਿੱਛੋਂ ਉਹ ਆਪਣੀ ਕਾਰ ਵਿਚ ਬੈਠ ਕੇ ਨਿਕਲੇ ਤਾਂ ਰਿਆਸਤੀ ਜੀ ਨੇ ਆਪਣੀ ਕਾਰ ਮਗਰ ਲਗਾ ਕੇ ਥੋੜ੍ਹੀ ਦੂਰ ਜਾਂਦਿਆਂ ਹੀ ਸੜਕ ‘ਤੇ ਉਨ੍ਹਾਂ ਨੂੰ ਰੋਕ ਲਿਆ। ਇਕ ਪਾਸੇ ਦਰੱਖ਼ਤ ਹੇਠ ਲਿਜਾ ਕੇ ਕਹਿਣ ਲੱਗੇ: Ḕਜਿਸ ਕਰ ਕੇ (ਕੇਂਦਰ ਨਾਲ) ਗੱਲਬਾਤ ‘ਚ ਵਿਘਨ ਪਿਆ ਹੈ, ਉਸ ਨੂੰ ਮਿਲਣ ਚੱਲਿਆਂ ਹਾਂ, ਮੇਰੀ ਗੱਡੀ ਵਿਚ ਵੇਖ ਲਓ, ਭਾਈ ਗੁਰਜੀਤ ਸਿੰਘ ਦਾ ਮਾਮਾ ਮੇਰੇ ਨਾਲ ਜਾ ਰਿਹਾ ਹੈ, ਤਾਂ ਕਿ ਜਿਸ ਰਾਹੀਂ ਫ਼ੈਸਲਾ ਹੋਣਾ ਹੈ, ਉਹ ਬੂਟਾ ਸਿੰਘ ਦੀ ਥਾਵੇਂ ਰਾਜੀਵ ਗਾਂਧੀ ਦੇ ਕੈਂਪ ਵਿਚ ਕੰਮ ਕਰੇḔ। ਕੁਝ ਸਮੇਂ ਬਾਅਦ ਹੀ ਤਿਰਲੋਚਨ ਸਿੰਘ ਰਿਆਸਤੀ ਇਸੇ ਜੋੜ-ਤੋੜ ਦੀ ਸਿਆਸਤ ਵਿਚ ਮਾਰਿਆ ਗਿਆ।”
ਇਸੇ ਪ੍ਰਥਾਏ ਮਲੋਏ ਕ੍ਰਿਸ਼ਨ ਧਰ ਦੇ ਬਿਰਤਾਂਤ ਅਨੁਸਾਰ, ਅਵਤਾਰ ਸਿੰਘ ਬ੍ਰਹਮਾ ਤੇ ਗੁਰਜੀਤ ਸਿੰਘ ਸਮੇਤ ਖਾੜਕੂਆਂ ਨੂੰ ਉਸ ਨੇ ਖੁਦ ਨਵੀਂ ਦਿੱਲੀ ਸ਼ੁਸੀਲ ਮੁਨੀ ਦੀ ਕੋਠੀ ਵਿਚ ਗੱਲਬਾਤ ਲਈ ਪੁੱਜਦਾ ਤਾਂ ਕੀਤਾ, ਪਰ Ḕਦਰੱਖਤ ਸਿੰਘ’ ਦੀਆਂ ਚਾਲਾਂ ਕਾਰਨ ਸਾਰਥਕ ਸਿੱਟਾ ਨਾ ਨਿਕਲਿਆ। Ḕਦਰੱਖਤ ਸਿੰਘ’ ਆਪਣੀ Ḕਅਸਲ ਔਕਾਤ’ ਭੁੱਲ ਕੇ ਖਾੜਕੂਆਂ ਨਾਲ ਖੁਦ ਗੱਲ ਕਰਨ ‘ਤੇ ਜ਼ੋਰ ਦੇਈ ਜਾਂਦਾ ਸੀ ਜਿਸ ਲਈ ਖਾੜਕੂ ਆਗੂ ਰਾਜ਼ੀ ਨਹੀਂ ਸਨ। ਗੱਲ ਵਿਚਾਲੇ ਰਹਿ ਗਈ ਤਾਂ ਉਸ ਨੇ ਜਾਣ-ਬੁੱਝ ਕੇ ਆਪਣੇ Ḕਰੰਘਰੇਟਾ ਦਲḔ ਨਾਂ ਦੇ ਰੂਪੋਸ਼ ਗਰੋਹ ਦੇ ਮੈਂਬਰਾਂ ਰਾਹੀਂ ਭਾਈ ਗੁਰਜੀਤ ਸਿੰਘ ਦੇ ਦਿੱਲੀ ਗੱਲਬਾਤ ਲਈ ਆਉਣ ਦੀ ਖ਼ਬਰ ਖਾੜਕੂ ਸਫ਼ਾਂ ਵਿਚ ਲੀਕ ਕਰਵਾ ਦਿੱਤੀ। ਭਾਈ ਗੁਰਜੀਤ ਸਿੰਘ ਦੀ ਹਾਲਤ ਪਤਲੀ ਹੋ ਗਈ। ਮਲੋਏ ਕ੍ਰਿਸ਼ਨ ਧਰ ਅਨੁਸਾਰ, ਉਨ੍ਹਾਂ ਨੂੰ Ḕਦਰੱਖਤ ਸਿੰਘ’ ਦੀ ਮਨਸੂਬਾਬੰਦੀ ਦਾ ਤਾਂ ਪਤਾ ਲੱਗਿਆ ਨਾ, ਉਨ੍ਹਾਂ ਨੇ ਸਾਰਾ ਗੁੱਸਾ ਰਿਆਸਤੀ ਜੀ ‘ਤੇ ਕੱਢ ਦਿੱਤਾ। Ḕਬੋਲਹਿ ਸਾਚੁ’ ਅੰਦਰ ਪ੍ਰੋæ ਦਰਸ਼ਨ ਸਿੰਘ ਵੱਲੋਂ Ḕਬਾਦਲ ਨੂੰ ਸਿਧਾਂਤਕ ਮਦਦ’ ਵਾਲਾ ਬਿਰਤਾਂਤ ਵੀ ਅਕਾਲੀ ਦਲ ਅਤੇ ਅਕਾਲ ਤਖ਼ਤ ਸਾਹਿਬ ਦੀ ਸਿਆਸਤ ਦੀਆਂ ਤੰਦਾਂ ਨੂੰ ਸਮਝਣ ਵਿਚ ਸਹਾਈ ਹੋ ਸਕਦਾ ਹੈ।
000
1978 ਦੀ ਵਿਸਾਖੀ ਵਾਲੇ ਦਿਨ ਵਾਪਰਿਆ ਨਿਰੰਕਾਰੀ ਕਾਂਡ ਪੰਜਾਬ ਦੀ ਅਜੋਕੇ ਸਮਿਆਂ ਦੀ ਸਿਆਸਤ, ਖਾਸ ਕਰ ਕੇ ਅਕਾਲੀ ਪਾਵਰ ਪਾਲਿਟਿਕਸ ਦੇ ਨਿਕਾਸ ਅਤੇ ਵਿਕਾਸ ਦੇ ਸੰਬੰਧ ਵਿਚ Ḕਵਾਟਰਸ਼ੈੱਡ’ ਸੀ। ਇਸ ਵਹਿਣ ਦੇ ਕਿਨਾਰਿਆਂ ਵਿਚੋਂ ਇਕ ਦਾਅ ‘ਤੇ ਟੌਹੜਾ ਅਤੇ ਦੂਸਰੇ ਦਾਅ ‘ਤੇ ਉਸੇ ਤਰ੍ਹਾਂ ਜਚ ਕੇ ਜਥੇਦਾਰ ਜੀਵਨ ਸਿੰਘ ਉਮਰਾ ਨੰਗਲ ਡਟੇ ਖੜ੍ਹੇ ਸਨ। ਦੋਵੇਂ ਹੀ ਮਾਸਟਰ ਤਾਰਾ ਸਿੰਘ ਤੋਂ ਬਾਅਦ ਸੰਤ ਫਤਹਿ ਸਿੰਘ ਦੀ ਅਗਵਾਈ ਹੇਠ ਜੇਤੂ ਹੋ ਕੇ ਨਿਕਲੇ ਸ਼੍ਰੋਮਣੀ ਦਲ ਦੇ ਧੁਰੇ ਸਨ। ਟੌਹੜਾ ਵਿਅਕਤੀਗਤ ਤੌਰ Ḕਤੇ ਨਿੱਘੇ ਇਨਸਾਨ ਸਨ। ਆਪਣੇ ਨੇੜੂਆਂ ਅਤੇ ਪਰਿਵਾਰਾਂ ਤੱਕ ਦੇ ਲੋਕਾਂ ਦਾ ਉਨ੍ਹਾਂ ਨੂੰ ਫਿਕਰ ਰਹਿੰਦਾ ਸੀ। ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬੇਦਾਗ ਸੀ, ਪਰ ਸਵਾਲ ਤਾਂ ਇਹ ਹੈ ਕਿ ਹਰੇ ਇਨਕਲਾਬ ਤੋਂ ਤੁਰੰਤ ਬਾਅਦ ਲੰਮੀ ਪੱਤਝੜ ਦੀ ਜੱਦ ਵਿਚ ਆਏ ਬਦਨਸੀਬ ਇਤਿਹਾਸਕ ਦੌਰ ਦੇ ਆਖ਼ਰ ਉਹ ਕਿਹੜੇ ਤਕਾਜ਼ੇ ਸਨ ਜਿਨ੍ਹਾਂ ਕਰ ਕੇ ਅਜਿਹਾ ਵਧੀਆ ਇਨਸਾਨ ਅਤੇ ਰਾਜਸੀ ਆਗੂ ਕਦਮ-ਕਦਮ Ḕਤੇ ਆਪਣੀ ਨਾਕਾਰਾਤਮਿਕ ਰਾਜਨੀਤੀ ਤੋਂ ਪਾਰ ਨਾ ਪਾ ਸਕਿਆ?
ਇਸ ਬਿਰਤਾਂਤ ਤੋਂ ਬਾਅਦ ਕਰਮਜੀਤ ਸਿੰਘ ਦਾ Ḕਵਧਾਈਆਂ!Ḕ ਵਾਲਾ ਕਾਲਮ ਰਾਹ ਮੱਲ ਖਲੋਤਾ ਹੈ। ਉਨ੍ਹਾਂ ਦੇ ਇਨ੍ਹਾਂ ਭਾਵਾਂ ਨੂੰ ਸਮਝਣ ਲਈ ਰੈਡੀਕਲ ਇਸਲਾਮ ਦੇ 20ਵੀਂ ਸਦੀ ਦੇ ਲੇਖਕ ਸਈਅਦ ਕੁਤਬ ਦਾ ਖਿਆਲ ਆ ਜਾਂਦਾ ਹੈ। ਉਸ Ḕਮਾਈਲ ਸਟੋਨਜ਼: ਸੋਸ਼ਲ ਜਸਟਿਸ ਇਨ ਇਸਲਾਮ’ ਅਤੇ ਫਿਰ ਪਵਿੱਤਰ ਕੁਰਾਨ ‘ਤੇ ਤਬਸਰਾ ਕਰਦਿਆਂ Ḕਇੰਨ ਦਿ ਸ਼ੇਡ ਆਫ਼ ਕੁਰਾਨ’ ਸਿਰਲੇਖ ਹੇਠ ਕਈ ਜਿਲਦਾਂ ਦੀ ਰਚਨਾ ਕੀਤੀ। ਸਈਅਦ ਕੁਤਬ ਦੀਆਂ ਰਚਨਾਵਾਂ ਦੀ ਸਪਿਰਿਟ ਉਹੀ ਹੈ ਜੋ ਕਰਮਜੀਤ ਸਿੰਘ ਦੇ ਪੰਜ ਪਿਆਰਿਆਂ ਜਾਂ ਸਿੱਖ ਸੰਗਤਾਂ ਨੂੰ Ḕਵਧਾਈਆਂ!Ḕ ਵਾਲੇ ਕਾਲਮ ਦੀ ਹੈ। ਉਘੇ ਵਿਦਵਾਨ ਲਿਊਕ ਲੋਬੋਡਾ ਨੇ ਨਵੀਂ ਮੁਸਲਮਾਨ ਪੀੜ੍ਹੀ ਉਪਰ ਸਈਅਦ ਕੁਤਬ ਦੇ ਚਿੰਤਨ ਦੇ ਅਸਰਾਂ ਦੀ ਨਿਸ਼ਾਨਦੇਹੀ ਕਰਦਿਆਂ Ḕਦਿ ਥਾਟ ਆਫ਼ ਸਈਅਦ ਕੁਤਬ’ ਲੇਖ ਦਸ ਕੁ ਵਰ੍ਹੇ ਪਹਿਲਾਂ ਲਿਖਿਆ ਸੀ। ਇਸ ਲੇਖ ਦੀ ਅੰਤਿਕਾ ਜ਼ਰਾ ਵੇਖੋ: “ਸਈਅਦ ਕੁਤਬ ਨੇ ਆਪਣੇ ਜੀਵਨ ਅਤੇ ਚਿੰਤਨ ਨਾਲ ਆਧੁਨਿਕ ਰੈਡੀਕਲ ਇਸਲਾਮ ਦਾ ਮਾਡਲ ਪ੍ਰਸਤੁਤ ਕੀਤਾ। ਇਸ ਵਿਚ ਕੋਈ ਸੰਦੇਹ ਨਹੀਂ ਕਿ ਉਸ ਦੀ ਕਹਿਣੀ ਅਤੇ ਕਥਨੀ ‘ਚ ਜ਼ਰਾ ਵੀ ਪਾੜਾ ਨਹੀਂ ਸੀ। ਉਹ ਜੇਲ੍ਹ ਦੀ ਨਜ਼ਰਬੰਦੀ ‘ਚ ਵੀ ਇਸਲਾਮ ਬਾਰੇ ਆਪਣੇ ਵਿਜ਼ਨ ਦਾ ਪ੍ਰਚਾਰ ਕਰੀ ਗਿਆ ਅਤੇ ਆਪਣੀ ਅਕੀਦਤ ਲਈ ਜਾਨ ਦੇ ਦਿੱਤੀ। ਪੱਛਮੀ ਸਭਿਅਤਾ ਨੂੰ ਉਸ ਨੂੰ ਸਮਝਣਾ, ਖ਼ਾਸ ਕਰ ਕੇ ਉਸ ਦੀ ਜ਼ੁਰਅਤ ਤੇ ਉਸ ਦੇ ਚਿਹਰੇ ਨੂੰ ਪੜ੍ਹਨਾ ਪੈਣਾ ਹੈ ਜਿਸ ਨਾਲ ਉਸ ਨੇ ਕਰਨਲ ਨਾਸਰ ਦੀ ਅਦਾਲਤ ਵੱਲੋਂ ਮੌਤ ਦੀ ਸਜ਼ਾ ਦਾ ਸਾਹਮਣਾ ਕੀਤਾ। (ਅਖੇ) ਉਸ ਦੀ ਉਸ ਮੁਸਕਾਨ ਵਿਚ ਹੀ ਰੈਡੀਕਲ ਇਸਲਾਮ ਦਾ ਖ਼ਤਰਾ ਨਿਹਤ ਹੈ।”
ਇਸੇ ਲੜੀ ਵਿਚ ਪ੍ਰੋæ ਭੁਪਿੰਦਰ ਸਿੰਘ ਦਾ ਲੇਖ Ḕਰਾਜ ਕਰੇਗਾ ਖ਼ਾਲਸਾ’ ਮੁੱਲਵਾਨ ਹੈ ਅਤੇ ਐਨ ਉਨ੍ਹਾਂ ਵਾਲੀ ਸਪਿਰਿਟ ਵਿਚ ਹੀ 20ਵੀਂ ਸਦੀ ਦੇ ਮਹਾਨ ਸੂਡਾਨੀ ਮੁਸਲਿਮ ਚਿੰਤਕ ਮਹਿਮੂਦ ਮੁਹੰਮਦ ਟਾਹਾ ਦਾ ਗ੍ਰੰਥ Ḕਦਿ ਕੁਰਾਨ, ਮੁਸਤਫਾ ਮਹਿਮੂਦ ਐਂਡ ਮਾਡਰਨ ਅੰਡਰਸਟੈਂਡਿੰਗ’ ਹੈ ਜੋ ਸਈਅਦ ਕੁਤਬ ਦੀ ਸਪਿਰਿਟ ਦੇ ਜਮ੍ਹਾਂ ਹੀ ਉਲਟ ਹੈ। ਸਈਅਦ ਕੁਤਬ ਨੂੰ ਮੁਸਲਿਮ ਬ੍ਰਦਰਹੁੱਡ ਦਾ ਰੂਹਾਨੀ ਰਹਿਨੁਮਾ ਹੋਣ ਕਰ ਕੇ ਕਰਨਲ ਨਾਸਰ ਦੀ ਸਰਕਾਰ ਨੇ ਫਾਹੇ ਲਗਾਇਆ ਜਦੋਂ ਕਿ ਉਸ ਤੋਂ 20 ਵਰ੍ਹੇ ਬਾਅਦ ਮੁਹੰਮਦ ਟਾਹਾ ਨੂੰ 18 ਜਨਵਰੀ, 1985 ਦੇ ਦਿਨ ਸੂਡਾਨ ਦੀ ਰਾਜਧਾਨੀ ਖਰਤੂਮ ਦੀ ਕਤਲਗਾਹ ਵਿਚ ਕਰਨਲ ਨਾਸਰ ਦੇ ਪੈਰੋਕਾਰ ਯਾਸਰ ਅਲ-ਨਿਮੇਰੀ ਵੱਲੋਂ ਮੁਸਲਿਮ ਬ੍ਰਦਰਹੁੱਡ ਦੇ ਅਹਿਲਕਾਰਾਂ ਦੇ ਸਖਤ ਦਬਾਅ ਹੇਠਾਂ ਫਾਹੇ ਲਟਕਾਇਆ ਗਿਆ। ਵਿਚਾਰਾਂ ਦੇ ਪਾੜੇ ਦੇ ਮਾਮਲੇ ਵਿਚ ਸਈਅਦ ਕੁਤਬ ਅਤੇ ਮੁਹੰਮਦ ਟਾਹਾ 180 ਡਿਗਰੀ ਦੇ ਵਿਰੋਧੀ ਸਿਰਿਆਂ Ḕਤੇ ਖੜ੍ਹੇ ਹਨ, ਪਰ ਆਪਣੇ ਅਕੀਦਿਆਂ ਲਈ ਮੌਜੇ-ਸ਼ਹਾਦਤ ਦੇ ਸਿਲਸਿਲੇ ਵਿਚ ਦੋਵਾਂ ਚਿੰਤਕਾਂ ਵਿਚ ਕਿੰਨੀ ਸਮਤਾ ਹੈ! ਜੂਡਿਥ ਮਿੱਲਰ ਨਾਂ ਦੀ ਜਗਤ ਪ੍ਰਸਿੱਧ ਪੱਛਮੀ ਜਰਨਲਿਸਟ ਦੀ ਗਵਾਹੀ ਜ਼ਰਾ ਦੇਖੋ ਜਿਸ ਨੇ ਮੁਸਲਿਮ ਜਗਤ ਅੰਦਰ ਰੈਡੀਕਲ ਇਸਲਾਮੀ ਲਹਿਰਾਂ ਬਾਰੇ ਆਪਣੀ ਕਿਤਾਬ Ḕਗੌਡ ਹੈਜ਼ ਨਾਈਨਟੀ ਨੇਮਸḔ ਦੀ ਸ਼ੁਰੂਆਤ ਖਰਤੂਮ ਵਿਚ ਮੁਹੰਮਦ ਟਾਹਾ ਦੀ ਸ਼ਹਾਦਤ ਦੇ ਵਰਣਨ ਨਾਲ ਕੀਤੀ ਹੈ:
“ਜੱਲਾਦ ਸਵੇਰੇ-ਸਵੇਰੇ ਉਤਰੀ ਖਰਤੂਮ ਦੀ ਜੇਲ੍ਹ ਅੰਦਰ ਸੂਫੀ ਦਰਵੇਸ਼ ਮੁਹੰਮਦ ਟਾਹਾ ਨੂੰ ਲਿਆ ਰਹੇ ਹਨ। ਦਰਵੇਸ਼ ਦੀ ਉਮਰ 76 ਸਾਲ ਹੈ। ਉਸ ਦੀਆਂ ਮਸ਼ਕਾਂ ਕੱਸੀਆਂ ਹੋਈਆਂ ਹਨ। ਉਸ ਨੂੰ ਫਾਂਸੀ ਦੇ ਫੰਦੇ ਵੱਲ ਲਿਜਾਂਦੇ ਮੁਸਲਿਮ ਬ੍ਰਦਰਹੁੱਡ ਦੇ ਸਮੱਰਥਕਾਂ ਦੀਆਂ ਭੀੜਾਂ Ḕਅਲ੍ਹਾ ਹੂ ਅਕਬਰ’ ਦੇ ਨਾਅਰਿਆਂ ਨਾਲ ਅਸਮਾਨ ਗੂੰਜਾ ਦਿੰਦੀਆਂ ਹਨ। ਮੁਹੰਮਦ ਟਾਹਾ ਦੇ ਚਿਹਰੇ Ḕਤੇ ਨੂਰ ਹੈ, ਰਹਿਮ ਹੈ ਅਤੇ ਉਹ ਮਿਹਰ ਭਰੀਆਂ ਨਿਗਾਹਾਂ ਨਾਲ ਬਦਕਿਸਮਤ ਖਲਕਤ ਨੂੰ ਨਿਹਾਰਦਾ ਹੈ, ਪਰ ਉਸ ਦੀਆਂ ਅੱਖਾਂ ਵਿਚ ਵਿਦਰੋਹ ਹੈ, ਦ੍ਰਿੜਤਾ ਹੈ ਅਤੇ ਮੌਤ ਦੇ ਕਿਸੇ ਵੀ ਕਿਸਮ ਦੇ ਡਰ-ਭਉ ਦਾ ਕਿਧਰੇ ਨਾਮੋ-ਨਿਸ਼ਾਨ ਨਹੀਂ ਹੈ।”
ਅਸਲ ਵਿਚ ਇਹ ਚਰਚ, ਸਟੇਟ ਜਾਂ ਇਨਸਾਨ ਦੀ ਅਜ਼ਮਤ ਦੇ ਸਬੰਧਾਂ ਦਾ ਉਹੋ ਮਸਲਾ ਹੈ ਜਿਸ ਦਾ ਨਿਬੇੜਾ ਕਰਨ ਲਈ ਫਿਓਦਰ ਦਾਸਤੋਵਸਕੀ Ḕਦਿ ਬ੍ਰਦਰਜ਼ ਕਾਰਮਾਜ਼ੋਵ’ ਨਾਂ ਦੇ 1000 ਪੰਨਿਆਂ Ḕਤੇ ਫੈਲੇ ਨਾਵਲ ਵਿਚ ਪੂਰਾ ਤਾਣ ਲਗਾਉਣ ਦੇ ਬਾਵਜੂਦ ਬੁਰੀ ਤਰ੍ਹਾਂ ਅਸਫਲ ਹੁੰਦਾ ਹੈ। ḔਅਸਲਫਤਾḔ ਦੇ ਬਾਵਜੂਦ ਪਾਤਰਾਂ ਦੇ ਤਰਕ-ਵਿਤਰਕ ਅਤੇ ਬਿਰਤਾਂਤ ਦੀਆਂ ਰੂਹ ਨੂੰ ਧੁਰ ਅੰਦਰ ਤੱਕ ਕੰਡਿਆ ਦੇਣ ਵਾਲੀ ਸ਼ਾਨ ਤੋਂ ਕੋਈ ਇਨਕਾਰ ਨਹੀਂ ਹੈ। ਇਸ ਦੇ ਮੁਕਾਬਲੇ ਪ੍ਰੋæ ਭੁਪਿੰਦਰ ਸਿੰਘ ਆਪਣੇ ਥੀਸਿਜ਼ ਦੇ ਮਹਿਜ਼ 15-20 ਪੰਨਿਆਂ ਵਿਚ ਅਜਿਹੇ ਸਸ਼ਕਤ, ਪਾਰਦਰਸ਼ੀ ਅਤੇ ਸਾਦਾ ਸ਼ਬਦਾਂ ਵਿਚ ਆਪਣੀ ਦਲੀਲ ਜਿਵੇਂ ਖੜ੍ਹੀ ਕਰਦੇ ਹਨ, ਪੜ੍ਹਦਿਆਂ ਆਦਮੀ ਧੰਨ ਹੋ ਜਾਂਦਾ ਹੈ। ਇਥੇ ਪ੍ਰੋæ ਭੁਪਿੰਦਰ ਸਿੰਘ ਦੇ ਵਿਚਾਰਾਂ ਦਾ ਜ਼ਿਕਰ ਕਰਦਿਆਂ ਇਕ ਹੋਰ ਸਿੱਖ ਚਿੰਤਕ ਅਜਮੇਰ ਸਿੰਘ ਦੀਆਂ ਪੁਸਤਕਾਂ ਦੀ ਚਰਚਾ ਵੀ ਕੁਥਾਂ ਨਹੀਂ ਹੋਵੇਗੀ। ਅਜਮੇਰ ਸਿੰਘ ਆਪਣੀਆਂ ਸਮੁੱਚੀਆਂ ਪੁਸਤਕਾਂ, ਖਾਸ ਕਰ ਕੇ Ḕਗ਼ਦਰੀ ਬਾਬੇ ਕੌਣ ਸਨ?’ ਦੇ ਪੰਨਾ 134 ਤੋਂ 140 ਉਪਰ ਬਾਬਿਆਂ ਦੀ ਕੁਰਬਾਨੀ ਦੀ ਅਲੋਕਾਰ ਵਿਲੱਖਣਤਾ ਨੂੰ ਸਮਝਣ ਦੀ ਕੋਸ਼ਿਸ਼ ਕਰਦਿਆਂ ਪ੍ਰੋæ ਪੂਰਨ ਸਿੰਘ ਦੀ Ḕਸਿੱਖੀ ਦੀ ਆਤਮਾ’ ਨਾਂ ਦੀ ਸ਼ਾਹਕਾਰ ਰਚਨਾ ਵਿਚੋਂ ਹਵਾਲੇ, ਕਰਮਜੀਤ ਸਿੰਘ ਅਤੇ ਸਈਅਦ ਕੁਤਬ ਵਾਲੇ ਉਤਸ਼ਾਹ ਨਾਲ ਹੀ ਦਿੰਦਾ ਹੈ; (ਮਸਲਨ) ਪ੍ਰੋæ ਪੂਰਨ ਸਿੰਘ ਦੇ ਸ਼ਬਦਾਂ ਵਿਚ “ਗੁਰੂ ਜੀ ਨੇ ਸੁਤੰਤਰਤਾ ਨੂੰ ਪ੍ਰੇਮ ਕਰਨ ਦੀ ਸਿੱਖਿਆ ਸਾਡੇ ਹਿਰਦਿਆਂ ਅੰਦਰ ਇਸ ਤਰ੍ਹਾਂ ਅੰਕਿਤ ਕਰ ਦਿੱਤੀ ਕਿ ਆਤਮਿਕ ਗੁਲਾਮੀ ਨਾਲੋਂ ਮਰ ਜਾਣਾ ਅਤੇ ਆਪਣਾ ਅੰਤ ਕਰ ਲੈਣਾ ਵਧੇਰੇ ਚੰਗਾ ਹੈ। ਸਿੱਖਾਂ ਦੀ ਆਤਮਾ ਵਿਚ ਸੁਤੰਤਰਤਾ ਦੀ ਪ੍ਰਾਪਤੀ ਲਈ ਜਗਦੀ ਇਹ ਜੋਤ ਜੋ ਸਦਾ ਸੁਤੰਤਰਤਾ ਨੂੰ ਪ੍ਰੇਮ ਕਰਦੀ ਹੈ, ਬੜੀ ਜੋਖਮ ਭਰੀ ਹੈ। ਇਹ ਸਦਾ ਅਨਿਆਂ ਕਰਨ ਵਾਲੇ ਰਾਜਿਆਂ-ਮਹਾਰਾਜਿਆਂ ਤੇ ਤਾਨਾਸ਼ਾਹ ਹਾਕਮਾਂ ਵਿਰੁੱਧ ਸੰਘਰਸ਼ ਕਰਦੀ ਰਹੀ ਹੈ ਤੇ ਸਦਾ ਇਨ੍ਹਾਂ ਵਿਰੁੱਧ ਸੰਗਰਾਮ ਕਰਦੀ ਰਹੇਗੀ।” ਅਜਮੇਰ ਸਿੰਘ ਨੂੰ ਆਧੁਨਿਕਵਾਦੀ ਪੱਛਮੀ ਨਜ਼ਰੀਏ ‘ਤੇ ਇਤਰਾਜ਼ ਇਹ ਹੈ ਕਿ ਇਹ Ḕਆਤਮਿਕ ਪੱਖ ਨੂੰ ਨਜ਼ਰ ਅੰਦਾਜ਼ ਕਰ ਕੇ ਪਦਾਰਥਿਕ ਪੱਖਾਂ ਉਪਰ ਵਧੇਰੇ ਬਲ ਦਿੰਦਾ ਹੈḔ। ਉਸ ਦਾ ਦਾਅਵਾ ਹੈ ਕਿ ਇਸੇ ਕਰ ਕੇ ਅਜਿਹੀ ਦ੍ਰਿਸ਼ਟੀ ਜਿਥੇ ਧਰਮ ਅਤੇ ਭਾਈਚਾਰੇ ਦੀ ਸਥਾਪਨਾ ਦੇ ਘਟਨਾਕ੍ਰਮ ਨੂੰ ਹੀ ਨਹੀਂ ਸਮਝ ਸਕਦੀ, ਇਸ ਦੀ ਵਿਆਖਿਆ ਇਤਿਹਾਸਕ ਪਰਿਪੇਖ ਵਿਚ ਸੰਭਵ ਨਹੀਂ ਹੈ। ਪ੍ਰੋæ ਹਰਿੰਦਰ ਸਿੰਘ ਮਹਿਬੂਬ ਦੇ ਦੱਸਣ ਅਨੁਸਾਰ, “ਗੁਰੂ ਇਤਿਹਾਸ ਕਿਸੇ ਬਾਹਰੀ ਕਾਰਨ ਦੇ ਅਧੀਨ ਨਹੀਂ, ਸਗੋਂ ਉਸ ਨੂੰ ਕਾਲ ਵਿਚ ਨੁਹਾਰ ਦੇਣ ਵਾਲੀ ਸ਼ਕਤੀ ਦਾ ਨਿਯਮ ਸੂਖਮ, ਅਰੂਪ ਅਤੇ ਬਹੁ-ਪਸਾਰੀ ਹੈ।”
ਇਸਲਾਮ ਅਤੇ ਇਸਾਈਅਤ ਨਾਲੋਂ ਸਿੱਖ ਧਰਮ ਦੀ ਵਿਲੱਖਣਤਾ ਦਰਸਾਉਣ ਲਈ ਪੰਨਾ 135 ‘ਤੇ ਪ੍ਰੋæ ਪੂਰਨ ਸਿੰਘ ਦਾ ਇੱਕ ਹੋਰ ਅਹਿਮ ਕਥਨ ਜ਼ਰਾ ਵੇਖੋ: “ਸਿੱਖ ਜਨਸਮੂਹ ਇੱਕੋ ਵੇਲੇ ਬ੍ਰਾਹਮਣ ਮੱਤ ਦੇ ਇੱਕਵਾਦੀ ਚੌਧਰਵਾਦੀ ਦ੍ਰਿਸ਼ਟੀਕੋਣ ਤੋਂ, ਅਤੇ ਮੁਸਲਮਾਨਾਂ ਦੇ ਕੱਟੜ ਸ਼ਰਾ ਦੇ ਕਾਨੂੰਨਾਂ ਧਰਮ ਸ਼ਾਸਤਰੀ ਮਾਨਤਾਵਾਂ ਤੋਂ ਨਿਰਲੇਪ ਹੈ। ਮੁਸਲਮਾਨਾਂ ਅੰਦਰ ਦੂਸਰਿਆਂ ਉਤੇ ਭੌਤਿਕ ਰੂਪ ਵਿਚ ਜਿੱਤ ਹਾਸਲ ਕਰਨ, ਉਨ੍ਹਾਂ ਉਪਰ ਰਾਜ ਕਰਨ ਦੀ, ਤੇ ਬ੍ਰਾਹਮਣਾਂ ਅੰਦਰ ਦੂਸਰਿਆਂ ਦੇ ਮਨ ਉਤੇ ਦਿਗ਼ਵਿਜੈ ਹਾਸਲ ਕਰਨ ਦੀ ਭੁੱਖ ਹਮੇਸ਼ਾ ਬਣੀ ਰਹੀ ਹੈ।”
ਪ੍ਰੋæ ਪੂਰਨ ਸਿੰਘ ਦੇ ਇਸੇ ਦਾਅਵੇ ਨੂੰ ਡਾæ ਗਰੁਭਗਤ ਸਿੰਘ ਆਪਣੇ ਲੇਖਾਂ ਵਿਚ ਤਾ-ਉਮਰ ਦੁਹਰਾਉਂਦੇ ਰਹੇ। ਕੋਈ ਇਤਫ਼ਾਕ ਨਹੀਂ ਹੈ ਕਿ ਅਜਮੇਰ ਸਿੰਘ ਨੇ Ḕਸਿੱਖਾਂ ਦੀ ਸਿਧਾਂਤਕ ਘੇਰਾਬੰਦੀ’ ਕਿਤਾਬ Ḕਸਿੱਖ ਧਰਮ ਦੀ ਮੌਲਿਕਤਾ ਤੇ ਵਿਲੱਖਣਤਾ’ ਉਜਾਗ਼ਰ ਕਰਨ ਵਾਲੇ ਦੋ ਦਰਵੇਸ਼ ਵਿਦਵਾਨਾਂ ਪ੍ਰੋæ ਹਰਿੰਦਰ ਸਿੰਘ ਮਹਿਬੂਬ ਅਤੇ ਗੁਰਭਗਤ ਸਿੰਘ ਨੂੰ ਹੀ ਸਮਰਪਿਤ ਕੀਤੀ ਹੋਈ ਹੈ। ਹਿੰਦੂ ਮੱਤ, ਇਸਾਈਅਤ ਜਾਂ ਇਸਲਾਮ ਦੀਆਂ ਵਿਆਖਿਆਵਾਂ ਇਹ ਸੱਜਣ ਜੋ ਦੱਸੀ ਜਾਂਦੇ ਹਨ, ਇਨ੍ਹਾਂ ਤੋਂ ਇਲਾਵਾ ਹੋਰ ਬੇਸ਼ੁਮਾਰ ਕਿੰਨੀਆਂ ਵਿਆਖਿਆਵਾਂ ਹਨ, ਸਭ ਨੂੰ ਪਤਾ ਹੈ। ਗੁਰੂ ਨਾਨਕ ਦੇ ਮਹਾਵਾਕਾਂ ਦੇ ਅਰਥਾਂ ਜਾਂ ਟਕਸਾਲੀ ਵਿਆਖਿਆ ‘ਤੇ ਇਨ੍ਹਾਂ ਦੀ ਇਜਾਰੇਦਾਰੀ ਕਿਵੇਂ ਹੈ, ਜਾਂ ਪੰਜਾਬ ਦੇ ਮਹਿਬੂਬ ਸ਼ਾਇਰ ਪਾਸ਼ ਨੂੰ ਆਪਣੀਆਂ ਸਭਿਆਚਾਰਕ ਜੜ੍ਹਾਂ ਤੋਂ ਟੁੱਟਾ ਹੋਇਆ ਕਹਿ ਕੇ ਉਸ ਵਿਰੁੱਧ ਫ਼ਤਵਾ ਜਾਰੀ ਕਰਨ ਦਾ ਹੱਕ ਇਨ੍ਹਾਂ ਕਿਥੋਂ ਲਿਆ ਹੈ?
ਪੰਨਾ 98-99 ਉਪਰ ਅਜਮੇਰ ਸਿੰਘ ਪ੍ਰੋæ ਹਰੀਸ਼ ਪੁਰੀ ਵੱਲੋਂ ਬਾਬਾ ਸੋਹਣ ਸਿੰਘ ਭਕਨਾ ਨਾਲ ਰਿਕਾਰਡ ਕੀਤੀ ਇੰਟਰਵਿਊ ਦੀ ਸਾਰਥਿਕਤਾ ‘ਤੇ ਕਿੰਤੂ ਉਠਾਉਂਦਾ ਹੈ ਅਤੇ ਕਿਸੇ ਵੀ ਟੈਕਸਟ ਨੂੰ ਸਹੀ ਪਰਿਪੇਖ ਵਿਚ ਸਮਝਣ ਅਤੇ ਡੀ-ਕੋਡ ਕਰਨ ਦੀ ਜਾਚ ਸਿਖਾਉਂਦਾ ਹੈ, ਪਰ ਪੰਨਾ 135 ਉਪਰ ਸ਼ਹੀਦ ਭਗਤ ਸਿੰਘ ਦੀ ਅਕੀਦਤ ਦੀ ਆਲੋਚਨਾ ਕਰਦਿਆਂ ਮੂਲੋਂ ਹੀ ਭੁੱਲ ਜਾਂਦਾ ਹੈ ਕਿ ਭਗਤ ਸਿੰਘ ਜੋ ਗੱਲਾਂ ਕਹਿ ਰਿਹਾ ਹੈ, ਉਹ ਆਖਰ ਕਿਉਂ ਕਹਿ ਰਿਹਾ ਸੀ ਅਤੇ ਉਸ ਦੇ ਉਸ ਅਹਿਮ ਪ੍ਰਵਚਨ ਦਾ ਪ੍ਰਸੰਗ ਆਖਿਰ ਕੀ ਸੀ?
ਇਤਿਹਾਸਕਾਰੀ ਬਾਰੇ ਆਪਣੇ ਵਿਚਾਰਾਂ ਦੀ ਵਜਾਹਤ ਲਈ ਅਜਮੇਰ ਸਿੰਘ 20ਵੀਂ ਸਦੀ ਦੇ ਮਹਾਨ ਇਤਿਹਾਸਕਾਰ ਈæਐੱਚæ ਕਾਰ ਦੇ ਕਥਨਾਂ ਦੇ ਹਵਾਲੇ ਦਿੰਦਾ ਹੈ। ਕਾਰ ਨੇ ਆਪਣੇ ਕੈਰੀਅਰ ਦੇ ਸਿਖਾਂਦਰੂ ਵਰ੍ਹਿਆਂ ਦੌਰਾਨ ਪਹਿਲਾਂ ਮਾਈਕਲ ਬਾਕੂਨਿਨ ਅਤੇ ਫਿਰ Ḕਦਿ ਰੁਮਾਂਟਿਕ ਐਗ਼ਜ਼ਾਇਲਜ਼’ ਵਿਚ ਅਲੈਗਜੈਂਡਰ ਹਰਜਨ ਬਾਰੇ ਜੋ ਬਿਰਤਾਂਤ ਲਿਖੇ, ਉਹ ਕਲਾਸਿਕ ਹਨ, ਦਿਲਚਸਪ ਵੀ ਹਨ, ਪਰ ਉਸ ਦਾ ਅਸਲ ਮਿਸ਼ਨ ਤਾਂ ਰੂਸੀ ਇਨਕਲਾਬ ਅਤੇ ਸਮਾਜਵਾਦੀ ਨਿਜ਼ਾਮ ਦੀ ਉਸਾਰੀ ਦੇ ਪ੍ਰਾਜੈਕਟ ਨੂੰ ਸਮਝਣ ਅਤੇ ਸਹੀ ਢੰਗ ਨਾਲ ਪਰਿਭਾਸ਼ਿਤ ਕਰਨ ਦਾ ਸੀ ਜੋ ਉਸ ਨੇ ਕਈ ਜਿਲਦਾਂ ਵਿਚ ਬੇਹੱਦ ਸੁਹਿਰਦਤਾ ਅਤੇ ਲਗਨ ਨਾਲ ਕੀਤਾ। ਇਹ ਗੱਲ ਵੱਖਰੀ ਹੈ ਕਿ ਉਸ ਦੀ ਇਹ ਪਰਿਭਾਸ਼ਾ ਵੀ ਸਹੀ ਨਹੀਂ ਸੀ।
ਗ਼ਦਰੀ ਬਾਬੇ ਸਿੱਖ ਸਨ, ਸਿੱਖ ਗੁਰੂ ਸਹਿਬਾਨ ਤੇ ਆਪਣੇ ਵਿਰਸੇ ਵਿਚੋਂ ਉਨ੍ਹਾਂ ਪ੍ਰੇਰਨਾ ਲਈ, ਇਸ ‘ਤੇ ਕੀ ਰੌਲਾ ਹੈ? ਰੌਲਾ ਤਾਂ ਇਹ ਹੈ ਕਿ ਅਜਮੇਰ ਸਿੰਘ ਆਪਣੇ ਥੀਸਿਜ਼ ਨੂੰ ਸਹੀ ਸਾਬਿਤ ਕਰਨ ਦੇ ਜੋਸ਼ ਵਿਚ ਬਾਬਾ ਗੁਰਮੁੱਖ ਸਿੰਘ ਦੀ ਵਿਚਾਰਧਾਰਾ ਬਾਰੇ ਸ਼ਰੇਆਮ ਗ਼ਲਤ ਬਿਆਨੀ ਕਰੀ ਜਾਂਦਾ ਹੈ, ਹਾਲਾਂਕਿ ਬਾਬਾ ਜੀ ਨੂੰ ਉਹ ਮਸਾਂ ਇੱਕ-ਅੱਧੀ ਵਾਰ ਹੀ ਮਿਲਿਆ ਹੋਣਾ ਹੈ। ਬਾਬਾ ਜੀ ਦਿਲਚਸਪ ਸ਼ਖਸੀਅਤ ਦੇ ਮਾਲਿਕ ਸਨ। ਅਜਮੇਰ ਸਿੰਘ ਨੂੰ ਇਹ ਪਤਾ ਹੀ ਨਹੀਂ ਕਿ ਉਹ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਨੂੰ ਸਦਾ Ḕਝਿਓਰ’ ਹੀ ਕਹਿੰਦੇ ਸਨ, ਪਰ ਜਿਸ ਕਿਸਮ ਦੇ ਸਿੱਖੀ ਜਜ਼ਬੇ ਦੀ ਗੱਲ ਉਨ੍ਹਾਂ ਨੂੰ ਮੂਲ ਆਧਾਰ ਬਣਾ ਕੇ ਅਜਮੇਰ ਸਿੰਘ ਕਰੀ ਜਾਂਦਾ ਹੈ, ਉਹ ਤਾਂ ਸਗੋਂ ਬੜੇ ਅੱਖੜ ਅੰਦਾਜ਼ ਵਿਚ ਇਸ ਦੇ ਵਿਰੋਧੀ ਸਨ। ਬਾਬਾ ਜੀ ਦੀ ਅਜਿਹੀ ਸ਼ਖਸੀਅਤ ਦੀ ਗਵਾਹੀ ਜਲੰਧਰ ਸ਼ਹਿਰ ਅੰਦਰ ਅੱਜ ਵੀ ਇੱਕ ਨਹੀਂ, ਅਨੇਕ ਸੱਜਣ ਦੇ ਸਕਦੇ ਹਨ। ਉਨ੍ਹਾਂ ਦੇ ਵਿਚਾਰ ਖੁਦ ਉਨ੍ਹਾਂ ਦੀ ਸੰਪਾਦਨਾ ਹੇਠ ਕਈ ਵਰ੍ਹੇ ਛਪਦੇ ਰਹੇ ਮਾਸਕ ਪੱਤਰ ਵਿਚ ਵੀ ਪੜ੍ਹੇ ਜਾ ਸਕਦੇ ਹਨ।
ਅਜਮੇਰ ਸਿੰਘ ਵਾਰ-ਵਾਰ ਦੱਸਦਾ ਹੈ ਕਿ ਗ਼ਦਰੀ ਬਾਬੇ ਬਹੁਤੇ ਜੱਟ ਸਿੱਖ ਸਨ, ਬੱਸ ਦੋ-ਚਾਰ ਹੀ ਬ੍ਰਾਹਮਣ ਸਨ। ਉਹ ਇਹ ਵੀ ਦੱਸਦਾ ਹੈ ਕਿ ਇਨਸਾਨ ਦੀ ਆਨ ਅਤੇ ਸ਼ਾਨ ਦੀ ਬਹਾਲੀ ਲਈ, ਉਨ੍ਹਾਂ ਦਾ ਲਾਸਾਨੀ ਵਿਦਰੋਹ ਸਿੱਖ ਇਤਿਹਾਸਕ ਵਿਰਸੇ ਦਾ ਪ੍ਰਤੀਫ਼ਲ ਸੀ। ਅਜਮੇਰ ਸਿੰਘ ਦਾ ਇਹ ਦਾਅਵਾ ਠੀਕ ਹੈ, ਰੌਲਾ ਇਹ ਹੈ ਕਿ ਕਿਸੇ ਪ੍ਰਸੰਗ-ਵਿਸ਼ੇਸ਼ ਵਿਚ ਮੰਨਿਆ ਕਿ ਉਸ ਮਹਾਨ ਲਹਿਰ ਵਿਚ ਬਹੁ-ਗਿਣਤੀ ਜੱਟ ਸਿੱਖ ਹੀ ਆ ਗਏ, ਪਰ ਮੁਕਤੀ ਦੇ ਅਜਿਹੇ ਸੰਗਰਾਮ ਵੀਅਤਨਾਮ, ਪੇਰੂ, ਕੋਲੰਬੀਆ, ਅਲਜ਼ੀਰੀਆ ਅਤੇ ਸ੍ਰੀ ਲੰਕਾ ਨੇ ਵੀ ਤਾਂ ਲੜੇ ਹਨ! ਇਨਸਾਨੀ ਸੁਤੰਤਰਤਾ ਤੇ ਸਵੈਮਾਣ ਦੀ ਬਹਾਲੀ ਲਈ ਲੜੀਆਂ ਇਨ੍ਹਾਂ ਲਹਿਰਾਂ ਦੇ ਆਗੂਆਂ ਦੇ ਪ੍ਰੇਰਨਾ ਸੋਮੇ ਆਸਤਿਕ ਨਹੀਂ, ਬਲਕਿ ਸੈਕੂਲਰ ਅਤੇ ਨਾਸਤਿਕ ਸਨ। ਕੁਰਬਾਨੀ ਦਾ ਜਜ਼ਬਾ ਸਿੱਖ ਵਿਰਸੇ ਵਿਚੋਂ ਆਉਂਦਾ ਹੈ, ਠੀਕ ਹੈ; ਪਰ ਇਹ ਸੈਕੂਲਰ ਹਿੰਦੂ ਤਾਮਿਲ ਵਿਰਸੇ ਵਿਚੋਂ ਉਸ ਤੋਂ ਵੀ ਵੱਧ ਆਉਂਦਾ ਹੈ। ਸਵਾਲ ਹੈ ਕਿ ਵਿਰਸੇ ਨੂੰ ਕੋਈ ਪਰਿਭਾਸ਼ਿਤ ਕਿਵੇਂ ਕਰਦਾ ਹੈ, ਸਮਕਾਲੀ ਲੋੜਾਂ ਜਾਂ ਜ਼ਰੂਰਤਾਂ ਨਾਲ ਉਨ੍ਹਾਂ ਨੂੰ ਜੋੜਦਾ ਕਿਵੇਂ ਹੈ!
ਪੰਜਾਬ ਦੇ ਬੱਚੇ-ਬੱਚੇ ਨੂੰ ਪਤਾ ਹੈ ਕਿ ਗਦਰੀ ਬਾਬੇ ਸਿੱਖ ਸਨ, ਅੰਮ੍ਰਿਤਧਾਰੀ ਸਨ, ਗੁਰਬਾਣੀ ਉਨ੍ਹਾਂ ਦੀ ਪ੍ਰੇਰਨਾ ਦਾ ਮੂਲ ਸ੍ਰੋਤ ਸੀ ਅਤੇ ਉਨ੍ਹਾਂ ਨੇ ਆਪਣੀ ਮੁਹਿੰਮ ਗੁਰੂ ਘਰਾਂ ਵਿਚੋਂ ਸ਼ੁਰੂ ਕੀਤੀ। ਉਨ੍ਹਾਂ ਕਿਰਤੀ (ਕਮਿਊਨਿਸਟ) ਪਾਰਟੀ ਬਣਾਈ ਅਤੇ ਉਹ ਭਾਰਤੀ ਕਮਿਊਨਿਸਟ ਪਾਰਟੀ ਵਿਚ ਕਦੇ ਵੀ ਨਾ ਰਲੇ। ਉਹ ਉਨ੍ਹਾਂ ਵਕਤਾਂ ਦੇ ਅਕਾਲੀ ਨੇਤਾਵਾਂ ਦੇ ਨੇੜੇ ਰਹੇ। ਇਹ ਸਭ ਗੱਲਾਂ ਠੀਕ ਹਨ, ਪਰ ਵੱਡੀ ਗੱਲ ਇਹ ਹੈ ਕਿ 1926 ਦੇ ਗੁਰਦੁਆਰਾ ਐਕਟ ਪਿੱਛੋਂ ਜੋ ਅਕਾਲੀ ਦਲ ਹੋਂਦ ਵਿਚ ਆਇਆ, ਤੇ ਜਿਸ ਕਿਸਮ ਦੀ ਇਸ ਨੇ ਰਾਜਨੀਤੀ ਕੀਤੀ, ਉਨ੍ਹਾਂ ਉਦੇਸ਼ਾਂ ਨਾਲ ਗਦਰੀ ਬਾਬਿਆਂ ਦਾ ਕੋਈ ਲੈਣਾ-ਦੇਣਾ ਨਹੀਂ ਸੀ। ਸੋ, ਕਮਿਊਨਿਸਟਾਂ ਦੀ ਰਾਜਨੀਤੀ ਦਾ ਵਿਰੋਧ ਕਰੋ, ਸੁਆਗਤ ਹੈ, ਪਰ ਅਜਿਹਾ ਕਰਦਿਆਂ ਖਾਹ-ਮਖਾਹ ਬਜ਼ੁਰਗ ਬਾਬਿਆਂ ਦੀ ਵਿਚਾਰਧਾਰਾ ਨੂੰ ਹੋਰ ਰੰਗ ਵਿਚ ਰੰਗਣ ਦੀ ਕੀ ਜ਼ਰੂਰਤ ਹੈ?
ਸਿੱਖ ਗੁਰੂਆਂ ਦੀ ਬਾਣੀ ਦੇ ਜਿਨ੍ਹਾਂ ਸਰੋਕਾਰਾਂ ਨੂੰ ਅਮਲ ਵਿਚ ਉਤਾਰਨ ਦਾ ਖੁਆਬ ਗਦਰੀ ਬਾਬਿਆਂ ਨੇ ਲਿਆ ਸੀ, ਉਸ ਦੇ ਵਾਰਿਸ ਪ੍ਰੋæ ਕਿਸ਼ਨ ਸਿੰਘ, ਪ੍ਰੋæ ਰਣਧੀਰ ਸਿੰਘ, ਡਾæ ਰਵਿੰਦਰ ਰਵੀ ਅਤੇ ਅਵਤਾਰ ਪਾਸ਼ ਸਨ, ਤੇ ਜਾਂ ਫਿਰ ਨਿਸਚੇ ਹੀ ਪ੍ਰੋæ ਭੁਪਿੰਦਰ ਸਿੰਘ ਵਰਗੇ ਲੋਕ ਹਨ। ਫਿਰ ਅਜਮੇਰ ਸਿੰਘ ਆਪਣੇ ਭਾਸ਼ਣਾਂ ਅਤੇ ਲਿਖਤ-ਪ੍ਰਵਚਨਾਂ ਵਿਚ ਗੱਲ ਤਾਂ ਲਗਾਤਾਰ ਦੂਸਰੇ ਦੇ ਦੂਸਰੇਪਣ, ਭਿੰਨਤਾ ਅਤੇ ਵਖਰੇਵੇਂ ਦੇ ਸਤਿਕਾਰ ਦੀ ਕਰਦਾ ਹੈ, ਪਰ ਨਿਰੰਤਰ ਇਲਹਾਮੀ ਸੁਰ, ਜਿਸ ਵਿਚ ਵਿਚਾਰਾਂ ਦੇ ਵਖਰੇਵੇਂ ਲਈ ਕੋਈ ਥਾਂ ਹੀ ਨਹੀਂ, ਇੱਕ ਪਲ ਲਈ ਵੀ ਲਈ ਉਸ ਦਾ ਖਹਿੜਾ ਨਹੀਂ ਛੱਡਦੀ।
ਸਵਾਲ ਹੁਣ ਇਹ ਹੈ ਕਿ ਪ੍ਰੋæ ਪੂਰਨ ਸਿੰਘ ਜਾਂ ਸਈਅਦ ਕੁਤਬ ਜਿਸ ਕਿਸਮ ਦੇ ਸਵੈ-ਮੁਖਤਾਰ ਇਨਸਾਨ ਦੀ ਕਾਮਨਾ ਕਰਦੇ ਹਨ, ਉਸ ਖ਼ੁਆਬ ਨੂੰ ਅਮਲ ਵਿਚ ਤਰਜਮਇਆ ਕਿਵੇਂ ਜਾਵੇ? ਜਿਸ ਅੰਦਾਜ਼ ਵਿਚ ਰੈਡੀਕਲ ਇਸਲਾਮ ਦੇ ਜਹਾਦੀਆਂ ਨੇ ਕਾਰਵਾਈ ਪਾਈ ਹੈ, ਉਹ ਸਭ ਦੇ ਸਾਹਮਣੇ ਹੈ। ਆਧੁਨਿਕ ਵਿਗਿਆਨ ਜਾਂ ਪੱਛਮੀ ਸਭਿਅਤਾ ਦਾ ਸਈਅਦ ਕੁਤਬ ਜਿਸ ਤਰ੍ਹਾਂ ਦਾ ਕ੍ਰਿਟੀਕ ਦਿੰਦਾ ਹੈ, ਉਹ ਕੱਖ ਵੀ ਨਹੀਂ। ਵਿਗਿਆਨ ਦੇ ਖੇਤਰ ਵਿਚ ਤਰੱਕੀ ਪੱਛਮ ਨੇ ਨਹੀਂ ਕੀਤੀ, ਸਗੋਂ ਬੰਦੇ ਨੇ ਕੀਤੀ ਹੈ। ਧਰਤੀ ‘ਤੇ ਇਨਸਾਨ ਦੀ ਹਨ੍ਹੇਰੀ ਵਧ ਇਤਨੀ ਗਈ ਹੈ ਕਿ ਲੋੜਾਂ ਦੀ ਪੂਰਤੀ ਲਈ ਪਰਮਾਣੂ ਤਾਕਤ ਤੋਂ ਬਿਨਾਂ ਦੱਸੋ ਭਲਾ ਚਾਰਾ ਹੀ ਕੀ ਹੈ? ਕਾਰਲਾਈਲ, ਜਾਹਨ ਰਸਕਿਨ ਜਾਂ ਮਹਾਤਮਾ ਗਾਂਧੀ, ਅਸੀਂ ਸਾਰੇ ਹੀ ਵੇਖੇ ਹਨ। ਗੱਡਿਆਂ ਦੇ ਗੱਡੇ ਗ੍ਰੰਥ ਰਚ-ਰਚ ਕੇ ਆਧੁਨਿਕ ਵਿਗਿਆਨਕ ਸਭਿਅਤਾ ਦੇ ਅਵਗੁਣ ਜੋ ਗਿਣਾਏ ਹਨ, ਸਾਨੂੰ ਇਹ ਹਮਾਕਤ ਕਰਨ ਲਈ ਬਖ਼ਸ਼ ਦਿੱਤਾ ਜਾਵੇ, ਪਰ ਉਹ ਤਾਂ ਸੁਧੀਆਂ ਹੀ ਗੱਪਾਂ ਹਨ। ਉਂਝ ਇਸ ਵਿਚ ਕੋਈ ਸ਼ੱਕ ਨਹੀਂ ਕਿ ਬੰਦਾ ਬੰਦਿਆਈ ਦੇ ਰਾਹ ‘ਤੇ ਨਾ ਪਿਆ, ਤਾਂ ਪਰਲੋ ਦਾ ਦਿਵਸ ਨਿਸ਼ਚੇ ਹੀ ਦੂਰ ਨਹੀਂ; ਇਹ ਬਹੁਤ ਨੇੜੇ ਹੈ।
(ਚਲਦਾ)