ਹੇਡਲੀ ਬਹਾਨੇ ਭਾਰਤੀ ਲੀਡਰ ਆਪਣਾ ਨੱਕ ਵੱਢਣ ਲੱਗੇ

-ਜਤਿੰਦਰ ਪਨੂੰ
ਗੱਲ ਅਸੀਂ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਵਿਚਾਲੇ ਖੁੱਭੇ ਹੋਏ ਦਹਿਸ਼ਤਗਰਦੀ ਦੇ ਕਿੱਲ ਦੀ ਕਰਨੀ ਹੈ, ਪਰ ਸ਼ੁਰੂਆਤ ਪੰਜਾਬ ਦੇ ਕਾਂਗਰਸੀ ਆਗੂਆਂ ਦੀ ਇੱਕ ਮਿਸਾਲ ਤੋਂ ਕਰਨੀ ਪੈ ਰਹੀ ਹੈ। ਜਦੋਂ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦਾ ਰਾਜ ਸੀ, ਦੋ ਕਾਂਗਰਸੀ ਆਗੂ ਆਪੋ ਵਿਚ ਰੋਜ਼ ਲੜਦੇ ਸਨ। ਰਾਣਾ ਗੁਰਜੀਤ ਸਿੰਘ ਤੇ ਸੁਖਪਾਲ ਸਿੰਘ ਖਹਿਰਾ ਵੱਲੋਂ ਇੱਕ ਦੂਸਰੇ ਉਤੇ ਦੂਸ਼ਣਬਾਜ਼ੀ ਨਿੱਤ ਦਾ ਕੰਮ ਸੀ। ਇੱਕ ਦਿਨ ਅਕਾਲੀ ਦਲ ਦੇ ਮੁਖੀ ਪ੍ਰਕਾਸ਼ ਸਿੰਘ ਬਾਦਲ ਨੇ ਸਿਆਸੀ ਫਾਇਰ ਖੋਲ੍ਹ ਦਿੱਤਾ। ਬਹੁਤ ਸਾਰੇ ਕਾਂਗਰਸੀ ਆਗੂਆਂ ਉਤੇ ਦੋਸ਼ ਲਾਏ ਅਤੇ ਇਹ ਦੋਵੇਂ ਵੀ ਹਮਲੇ ਦੀ ਮਾਰ ਹੇਠ ਆ ਗਏ।

ਕੈਪਟਨ ਅਮਰਿੰਦਰ ਸਿੰਘ ਦੇ ਕਹਿਣ ਉਤੇ ਦੋਵਾਂ ਨੇ ਬਾਦਲ ਅਕਾਲੀ ਦਲ ਦਾ ਜਵਾਬ ਦੇਣ ਲਈ ਜਲੰਧਰ ਵਿਚ ਇਕੱਠੀ ਪ੍ਰੈਸ ਕਾਨਫਰੰਸ ਰੱਖ ਲਈ, ਜਿਸ ਵਿਚ ਦੋਵੇਂ ਜਣੇ ਇੱਕੋ ਜਿਹੀ ਸੁਰ ਵਿਚ ਬਾਦਲ ਵੱਲੋਂ ਲਾਏ ਗਏ ਦੋਸ਼ਾਂ ਦਾ ਜਵਾਬ ਦੇਣ ਲੱਗੇ। ਅਚਾਨਕ ਇੱਕ ਪੱਤਰਕਾਰ ਨੇ ਸੁਖਪਾਲ ਸਿੰਘ ਨੂੰ ਸਵਾਲ ਪੁੱਛ ਲਿਆ ਕਿ ਤੁਸੀਂ ਰਾਣਾ ਗੁਰਜੀਤ ਸਿੰਘ ਵਿਰੁਧ ਦੋਸ਼ ਲਾਉਂਦੇ ਰਹੇ ਹੋ, ਹੁਣ ਜਦੋਂ ਤੁਸੀਂ ਦੋਵੇਂ ਇਕੱਠੇ ਬੈਠੇ ਹੋ, ਇਸ ਵੇਲੇ ਉਨ੍ਹਾਂ ਦੋਸ਼ਾਂ ਨੂੰ ਤੁਸੀਂ ਸੱਚੇ ਕਹੋਗੇ ਜਾਂ ਵਾਪਸ ਲਵੋਗੇ? ਸੁਖਪਾਲ ਸਿੰਘ ਝੱਟ ਬੋਲ ਪਿਆ, ‘ਮੈਂ ਸਾਰੇ ਦੋਸ਼ ਸੱਚੇ ਲਾਏ ਸਨ।’ ਰਾਣਾ ਗੁਰਜੀਤ ਸਿੰਘ ਭੜਕ ਕੇ ਪੈ ਗਿਆ, ‘ਜੇ ਮੇਰੇ ਖਿਲਾਫ ਤੂੰ ਦੋਸ਼ ਲਾਈ ਜਾਣੇ ਹਨ ਤਾਂ ਮੇਰੇ ਨਾਲ ਏਥੇ ਕਾਹਦੇ ਲਈ ਬੈਠਾ ਹੈਂ?’ ਨਤੀਜਾ ਇਹ ਨਿਕਲਿਆ ਕਿ ਬਾਦਲ ਦਾ ਜਵਾਬ ਦੇਣ ਬੈਠੇ ਦੋਵੇਂ ਜਣੇ ਅਗਲੇ ਦਿਨ ਦੇ ਮੀਡੀਏ ਲਈ ਕਾਂਗਰਸ ਪਾਰਟੀ ਦੇ ਪਾਟਕ ਦੀਆਂ ਖਬਰਾਂ ਬਣਾ ਕੇ ਤੁਰਦੇ ਬਣੇ।
ਹੁਣ ਅਸੀਂ ਇਹੋ ਖੇਹ ਉਡਦੀ ਉਦੋਂ ਵੇਖੀ, ਜਦੋਂ ਅਮਰੀਕਾ ਦੀ ਜੇਲ੍ਹ ਵਿਚ ਬੰਦ ਕੀਤੇ ਹੋਏ ਡੇਵਿਡ ਕੋਲਮੈਨ ਹੈਡਲੀ ਵੱਲੋਂ ਮੁੰਬਈ ਵਿਚ ਵਿਸ਼ੇਸ਼ ਅਦਾਲਤ ਮੂਹਰੇ ਵੀਡੀਓ ਕਾਨਫਰੰਸ ਰਾਹੀਂ ਗਵਾਹੀ ਲਿਖਾਉਣ ਦੀ ਕਾਰਵਾਈ ਚੱਲ ਰਹੀ ਹੈ। ਜਿਸ ਨੇ ਕਦੀ ਖੀਰ ਉਤੇ ਖੇਹ ਪੈਂਦੀ ਨਹੀਂ ਵੇਖੀ, ਉਹ ਇਸ ਮੁਕੱਦਮੇ ਦੀ ਕਾਰਵਾਈ ਅਤੇ ਇਸ ਨੂੰ ਲੈ ਕੇ ਕਾਂਗਰਸੀਆਂ ਤੇ ਭਾਜਪਾਈਆਂ ਦੀ ਬਦਤਮੀਜ਼ ਖਹਿਬੜ ਵਿਚੋਂ ਵੇਖ ਸਕਦਾ ਹੈ।
ਪਾਕਿਸਤਾਨ ਸਰਕਾਰ ਦੀ ਵਿਦੇਸ਼ ਸੇਵਾ ਦੇ ਇੱਕ ਅਫਸਰ ਦਾ ਅਮਰੀਕਨ ਔਰਤ ਦੇ ਪੇਟੋਂ ਜੰਮਿਆ ਪੁੱਤਰ ਦਾਊਦ ਗਿਲਾਨੀ ਹੁਣ ਅਮਰੀਕੀ ਨਾਗਰਿਕ ਹੈ। ਉਸ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ ਐਸ ਆਈ ਵੱਲੋਂ ਗਿਣੇ-ਮਿਥੇ ਢੰਗ ਨਾਲ ਅਮਰੀਕਾ ਭੇਜ ਕੇ ਉਥੇ ਡਰੱਗ ਇਨਫੋਰਸਮੈਂਟ ਏਜੰਸੀ ਦਾ ਟਾਊਟ ਬਣਵਾਇਆ ਗਿਆ ਸੀ। ਜਦੋਂ ਉਸ ਨੇ ਨਸ਼ੀਲੇ ਪਦਾਰਥਾਂ ਦੇ ਕੁਝ ਤਸਕਰ ਫੜਾ ਕੇ ਉਸ ਏਜੰਸੀ ਦਾ ਭਰੋਸਾ ਜਿੱਤ ਲਿਆ ਤਾਂ ਉਸੇ ਅਮਰੀਕੀ ਏਜੰਸੀ ਦੀ ਮਦਦ ਨਾਲ ਅਮਰੀਕੀ ਨਾਗਰਿਕਤਾ ਲੈ ਲਈ ਤੇ ਧਰਮ ਵੀ ਬਦਲਣ ਦਾ ਚਲਿੱਤਰ ਕਰ ਲਿਆ। ਮੁਸਲਿਮ ਨਾਂ ਦਾਊਦ ਗਿਲਾਨੀ ਛੱਡ ਕੇ ਈਸਾਈ ਧਰਮ ਦਾ ਡੇਵਿਡ ਕੋਲਮੈਨ ਹੈਡਲੀ ਬਣਨ ਵਾਸਤੇ ਹੈਡਲੀ ਵਾਲਾ ਨਾਂ ਉਸ ਨੇ ਆਪਣੀ ਅਮਰੀਕਨ ਮਾਂ ਦੇ ਪੇਕਿਆਂ ਦਾ ਚੁਣਿਆ, ਜਿਸ ਨੂੰ ਮਿਲਦਾ ਤੱਕ ਨਹੀਂ ਸੀ। ਕੁੰਜ ਬਦਲ ਕੇ ਕ੍ਰਿਸਚੀਅਨ ਬਣੇ ਦਾਊਦ ਗਿਲਾਨੀ ਉਰਫ ਡੇਵਿਡ ਹੈਡਲੀ ਨੂੰ ਫਿਰ ਪਾਕਿਸਤਾਨੀ ਖੁਫੀਆ ਏਜੰਸੀ ਭਾਰਤ ਵਿਰੁਧ ਵਰਤਦੀ ਰਹੀ ਤੇ ਮੁੰਬਈ ਦਾ ਜਿਹੜਾ ਸਭ ਤੋਂ ਵੱਡਾ ਦਹਿਸ਼ਤਗਰਦ ਕਾਂਡ ਹੋਇਆ, ਉਸ ਦੀ ਚੋਰ-ਘੋੜੀ ਇਹੋ ਬੰਦਾ ਬਣਿਆ ਸੀ। ਲਾਹੌਰੀਆਂ ਦੇ ਇਸ ਸ਼ਬਦ ‘ਚੋਰ-ਘੋੜੀ’ ਦਾ ਅਰਥ ਉਹ ਆਦਮੀ ਹੁੰਦਾ ਹੈ, ਜਿਹੜਾ ਚੋਰੀ ਤੋਂ ਪਹਿਲਾਂ ਉਸ ਟਿਕਾਣੇ ਦਾ ਚੱਕਰ ਲਾ ਕੇ ਉਥੇ ਜਾਣ ਤੇ ਲੋੜ ਪਈ ਤੋਂ ਭੱਜਣ ਦੇ ਰਾਹਾਂ ਦੀ ਨਿਸ਼ਾਨਦੇਹੀ ਕਰਦਾ ਹੈ। ਮੁੰਬਈ ਕਾਂਡ ਤੋਂ ਪਹਿਲਾਂ ਹੈਡਲੀ ਨੇ ਇਹੋ ਜ਼ਿਮੇਵਾਰੀ ਨਿਭਾਈ ਤੇ ਕਈ ਅਹਿਮ ਥਾਂਵਾਂ ਉਤੇ ਚੁੱਪ-ਚੁਪੀਤੇ ਅੱਠ ਚੱਕਰ ਲਾ ਕੇ ਗਿਆ ਸੀ।
ਜਦੋਂ ਅਮਰੀਕਾ ਵਾਲਿਆਂ ਨੇ ਉਸ ਨੂੰ ਫੜਿਆ, ਉਥੇ ਇਸ ਨੇ ਆਪਣੇ ਹੋਰ ਗੁਨਾਹਾਂ ਦਾ ਇਕਬਾਲ ਕਰਨ ਮੌਕੇ ਮੁੰਬਈ ਕਾਂਡ ਦੀ ਕਹਾਣੀ ਵੀ ਦੱਸ ਦਿੱਤੀ। ਅਮਰੀਕੀ ਜਾਂਚ ਏਜੰਸੀਆਂ ਨੇ ਭਾਰਤ ਦੀ ਮਦਦ ਕਰਨ ਲਈ ਮੁੰਬਈ ਦਾ ਖੁਰਾ ਲੱਭਣ ਵਾਸਤੇ ਇਹ ਕੰਮ ਨਹੀਂ ਕੀਤਾ ਸੀ, ਸਗੋਂ ਇਸ ਲਈ ਕੀਤਾ ਸੀ ਕਿ ਮਰਨ ਵਾਲੇ 166 ਲੋਕਾਂ ਵਿਚ ਛੇ ਜਣੇ ਉਨ੍ਹਾਂ ਦੇ ਨਾਗਰਿਕ ਸਨ ਤੇ ਉਨ੍ਹਾਂ ਦੇ ਭਾਈਵਾਲ ਦੇਸ਼ਾਂ ਵਿਚੋਂ ਤਿੰਨ ਜਣੇ ਜਰਮਨੀ ਦੇ, ਦੋ-ਦੋ ਜਣੇ ਪੰਜ ਹੋਰ ਦੇਸ਼ਾਂ- ਆਸਟਰੇਲੀਆ, ਕੈਨੇਡਾ, ਇਸਰਾਈਲ, ਫਰਾਂਸ ਤੇ ਇਟਲੀ ਦੇ ਅਤੇ ਬਾਕੀ ਨੌਂ ਹੋਰ ਦੇਸ਼ਾਂ ਦੇ ਸਨ। ਅਮਰੀਕਾ ਦੇ ਕੇਸ ਵਿਚ ਜਦੋਂ ਡੇਵਿਡ ਕੋਲਮੈਨ ਹੈਡਲੀ ਦੀ ਗਵਾਹੀ ਹੋਈ ਤਾਂ ਭਾਰਤੀ ਏਜੰਸੀਆਂ ਆਪਣੇ ਮੁੰਬਈ ਦੇ ਕੇਸ ਲਈ ਉਸ ਦੀ ਹਵਾਲਗੀ ਦੀ ਉਹ ਮੰਗ ਕਰਨ ਲੱਗ ਪਈਆਂ, ਜਿਹੜੀ ਉਸ ਦੇ ਅਮਰੀਕਨ ਨਾਗਰਿਕ ਹੋਣ ਦੇ ਕਾਰਨ ਕਦੀ ਮੰਨੀ ਨਹੀਂ ਜਾਣੀ ਸੀ। ਹੁਣ ਆ ਕੇ ਸਿਰਫ ਵੀਡੀਓ ਕਾਨਫਰੰਸਿੰਗ ਦੀ ਗੱਲ ਮੰਨੀ ਜਾ ਸਕੀ ਹੈ, ਪਰ ਜਦੋਂ ਇਸ ਨਾਲ ਉਸ ਦੀ ਗਵਾਹੀ ਸ਼ੁਰੂ ਹੋਈ ਹੈ ਤਾਂ ਭਾਰਤ ਦਾ ਵਕਾਲਤੀ ਅਮਲਾ ਤੇ ਰਾਜਸੀ ਆਗੂ ਇਹੋ ਜਿਹੀ ਛਿੰਝ ਪਾ ਬੈਠੇ ਹਨ ਕਿ ਜਿਨ੍ਹਾਂ ਦੁਸ਼ਮਣਾਂ ਦੇ ਖਿਲਾਫ ਗਵਾਹੀ ਕਰਵਾਉਣੀ ਸੀ, ਉਹ ਭਾਰਤੀ ਭੰਡਾਂ ਦਾ ਤਮਾਸ਼ਾ ਵੇਖ ਕੇ ਹੱਸ ਰਹੇ ਹੋਣਗੇ।
ਪੁਰਾਣੀ ਕਹਾਵਤ ਹੈ ਕਿ ‘ਚੋਰ ਚੋਰੀ ਕਰਨੀ ਛੱਡ ਜਾਵੇ ਤਾਂ ਹੇਰਾਫੇਰੀ ਕਰਨੀ ਫੇਰ ਵੀ ਨਹੀਂ ਛੱਡਦਾ’। ਬਹੁਤ ਚੁਸਤ ਡੇਵਿਡ ਹੈਡਲੀ ਜਿਵੇਂ ਕਦੇ ਸਾਜ਼ਿਸ਼ ਨੂੰ ਸਿਰੇ ਚਾੜ੍ਹਨ ਲਈ ਧਰਮ ਬਦਲ ਕੇ ਈਸਾਈ ਹੋਣ ਦਾ ਸਾਂਗ ਰਚ ਲੈਂਦਾ ਰਿਹਾ ਤੇ ਕਦੀ ਮੁੰਬਈ ਦੇ ਮੰਦਰ ਵਿਚ ਜਾਣ ਲਈ ਮੌਲੀ ਅੱਟੀ ਗੁੱਟ ਉਤੇ ਬੰਨ੍ਹ ਤੁਰਿਆ ਸੀ, ਇਸ ਵੇਲੇ ਵੀ ਭਾਰਤ ਨੂੰ ਉਲਝਾਉਣ ਲਈ ਉਹ ਚਾਰ ਗੱਲਾਂ ਮਨੋਂ ਜੋੜ ਕੇ ਕਹਿ ਸਕਦਾ ਹੈ। ਇਹ ਗੱਲਾਂ ਸਾਜ਼ਿਸ਼ ਦੀ ਨੀਤ ਨਾਲ ਉਹ ਕਹਿ ਦੇਵੇ ਤਾਂ ਉਨ੍ਹਾਂ ਦਾ ਕੋਈ ਸਬੂਤ ਨਹੀਂ ਮੰਗਿਆ ਜਾਣਾ। ਉਸ ਨੂੰ ਜਦੋਂ ਮੁੰਬਈ ਕਾਂਡ ਦੀ ਗਵਾਹੀ ਦੇਣ ਲਈ ਵੀਡੀਓ ਕਾਨਫਰੰਸ ਰਾਹੀਂ ਪੇਸ਼ ਕੀਤਾ ਗਿਆ ਤਾਂ ਏਧਰ-ਓਧਰ ਦੀ ਵਾਧੂ ਅਲਫ-ਲੈਲਾ ਛੇੜਨੀ ਨਹੀਂ ਸੀ ਚਾਹੀਦੀ। ਵਕੀਲ ਉਜਵਲ ਨਿਕਮ ਨੇ ਮੌਕੇ ਦੀ ਰਾਜ ਕਰਦੀ ਧਿਰ ਦੇ ਵਕੀਲ ਵਾਂਗ ਉਹ ਕਹਾਣੀ ਛੇੜ ਲਈ, ਜਿਹੜੀ ਮੁੰਬਈ ਕਾਂਡ ਤੋਂ ਕਈ ਸਾਲ ਪਹਿਲਾਂ ਵਾਪਰੇ ਇੱਕ ਪੁਲਿਸ ਮੁਕਾਬਲੇ ਨਾਲ ਜੁੜਦੀ ਸੀ। ਸਾਰੇ ਜਾਣਦੇ ਹਨ ਕਿ ਰਾਜਸੀ ਖਹਿਬਾਜ਼ੀ ਵਿਚ ਉਸ ਵਕਤ ਕੇਂਦਰ ਵਿਚ ਰਾਜ ਕਰਦੀ ਕਾਂਗਰਸ ਪਾਰਟੀ ਅਤੇ ਗੁਜਰਾਤ ਦਾ ਮੁੱਖ ਮੰਤਰੀ ਨਰਿੰਦਰ ਮੋਦੀ ਇੱਕ ਦੂਸਰੇ ਦੇ ਖਿਲਾਫ ਹਰ ਹੱਦ ਉਲੰਘਦੇ ਰਹੇ ਸਨ। ਕਈ ਕੇਸਾਂ ਵਿਚ ਰਾਹ ਤੋਂ ਵਲਾਵਾਂ ਪਾ ਕੇ ਮੋਦੀ ਨੂੰ ਫਸਾਉਣ ਲਈ ਯਤਨ ਕੀਤਾ ਗਿਆ ਸੀ ਤਾਂ ਮੋਦੀ ਟੀਮ ਵੀ ਗੁਜਰਾਤ ਵਿਚ ਹੋਣ ਵਾਲੇ ਹਰ ਪਾਪ ਨੂੰ ਕਾਂਗਰਸ ਦਾ ਝੂਠਾ ਪ੍ਰਾਪੇਗੰਡਾ ਕਹਿੰਦੀ ਰਹੀ ਸੀ। ਹੁਣ ਜੇ ਪਰਦੇ ਖੁੱਲ੍ਹਣ ਲੱਗ ਪਏ ਤਾਂ ਦੋਵਾਂ ਦੇ ਖੁੱਲ੍ਹ ਸਕਦੇ ਹਨ। ਇਹੋ ਜਿਹਾ ਕੰਮ ਕਿਸੇ ਹੋਰ ਵਕਤ ਲਈ ਛੱਡਿਆ ਜਾ ਸਕਦਾ ਸੀ ਤੇ ਹੈਡਲੀ ਨੂੰ ਜਿਸ ਮਕਸਦ ਲਈ ਪੇਸ਼ ਕੀਤਾ ਗਿਆ ਸੀ, ਉਹੋ ਕਰਨਾ ਚਾਹੀਦਾ ਸੀ। ਹੈਡਲੀ ਦੇ ਹੱਥੋਂ ਕਬਰਾਂ ਵਿਚੋਂ ਇਸ਼ਰਤ ਜਹਾਂ ਦੇ ਮੁਕਾਬਲੇ ਵਾਲਾ ਮੁੱਦਾ ਪੁੱਟਵਾ ਕੇ ਠੀਕ ਨਹੀਂ ਕੀਤਾ ਗਿਆ।
ਇਸ ਕੁਚੱਜ ਜਾਂ ਇੱਕ ਸੋਚੀ-ਸਮਝੀ ਸ਼ਰਾਰਤ ਦੇ ਬਾਅਦ ਮੀਡੀਆ ਵਿਚ ਹੋਈਆਂ ਬਹੁਤ ਸਾਰੀਆਂ ਬਹਿਸਾਂ ਅਸੀਂ ਸੁਣੀਆਂ ਹਨ। ਇੱਕ ਬਹਿਸ ਵਿਚ ਭਾਜਪਾ ਦਾ ਇੱਕ ਬੁਲਾਰਾ ਇਹ ਦਲੀਲ ਬੜੇ ਜ਼ੋਰ ਨਾਲ ਦੇਣ ਲੱਗ ਪਿਆ ਕਿ ਜੇ ਅਮਰੀਕਾ ਵਾਲੇ ਸਾਡੇ ਕਹੇ ਉਤੇ ਹੈਡਲੀ ਦੀ ਗਵਾਹੀ ਦਿਵਾਉਣਾ ਮੰਨੇ ਹਨ ਤਾਂ ਇਹ ਖਿਆਲ ਵੀ ਰੱਖਣਗੇ ਕਿ ਹੈਡਲੀ ਗਲਤ ਗੱਲ ਕਰ ਕੇ ਭਾਰਤ ਨੂੰ ਗੁੰਮਰਾਹ ਨਾ ਕਰੇ। ਬੜੀ ਫਜ਼ੂਲ ਦਲੀਲ ਹੈ। ਜਿਸ ਦੇਸ਼ ਕੋਲੋਂ ਆਸ ਰੱਖੀ ਜਾ ਰਹੀ ਹੈ, ਉਸ ਦੇਸ਼ ਵਾਲਿਆਂ ਨੂੰ ਮੁੰਬਈ ਦਹਿਸ਼ਤਗਰਦ ਕਾਂਡ ਵਾਪਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਹੈਡਲੀ ਉਤੇ ਸ਼ੱਕ ਹੋ ਗਿਆ ਸੀ ਕਿ ਉਹ ਇਸ ਦਾ ਅਸਲ ਦੋਸ਼ੀ ਹੈ, ਪਰ ਉਨ੍ਹਾਂ ਫੜਿਆ ਨਹੀਂ ਸੀ। ਫੜਿਆ ਉਦੋਂ, ਜਦੋਂ ਉਹ ਇੱਕ ਹੋਰ ਵੱਡੀ ਵਾਰਦਾਤ ਦੀ ਚੋਰ-ਘੋੜੀ ਬਣਨ ਲਈ ਡੈਨਮਾਰਕ ਦੀ ਰਾਜਧਾਨੀ ਕੋਪਨਹੇਗਨ ਵਿਚ ਵੀ ਜਾ ਵੜਿਆ ਸੀ। ਉਥੇ ਨਵਾਂ ਕਹਿਰ ਵਰਤਾਉਣ ਲੱਗਾ ਵੇਖ ਕੇ ਅਮਰੀਕਾ ਦੀਆਂ ਏਜੰਸੀਆਂ ਨੇ ਉਸ ਨੂੰ ਘੇਰ ਲਿਆ ਸੀ।
ਕੋਪਨਹੇਗਨ ਦੇ ਇੱਕ ਅਖਬਾਰ ਨੇ ਮੁਹੰਮਦ ਸਾਹਿਬ ਬਾਰੇ ਕੁਝ ਇਹੋ ਜਿਹੇ ਚਿੱਤਰ ਬਣਾਏ ਅਤੇ ਛਾਪੇ ਹੋਏ ਸਨ, ਜਿੱਦਾਂ ਦੇ ਚਿੱਤਰ ਛਾਪਣ ਕਰ ਕੇ ਕੁਝ ਸਮਾਂ ਬਾਅਦ ਪੈਰਿਸ ਦੇ ਅਖਬਾਰ ਸ਼ਾਰਲੀ ਹੈਬਦੋ ਉਤੇ ਅਤਿਵਾਦੀਆਂ ਨੇ ਹਮਲਾ ਕੀਤਾ ਸੀ। ਡੇਵਿਡ ਹੈਡਲੀ ਨੇ ਕੋਪਨਹੇਗਨ ਦੇ ਉਸ ਅਖਬਾਰ ਦੇ ਦਫਤਰ ਦਾ ਚੱਕਰ ਆਈ ਐਸ ਆਈ ਵਾਲੇ ਉਨ੍ਹਾਂ ਅਧਿਕਾਰੀਆਂ ਤੇ ਲਸ਼ਕਰੇ ਤੋਇਬਾ ਦੇ ਸਰਗਣਿਆਂ ਦੇ ਕਹਿਣ ਉਤੇ ਲਾਇਆ, ਜਿਨ੍ਹਾਂ ਨੇ ਉਸ ਤੋਂ ਮੁੰਬਈ ਕਾਂਡ ਦਾ ਕੰਮ ਕਰਵਾਇਆ ਸੀ। ਇੱਕ ਗੇੜੇ ਵਿਚ ਉਹ ਉਸ ਅਖਬਾਰ ਵਿਚ ਜਾ ਆਇਆ ਤੇ ਦੂਸਰੇ ਗੇੜੇ ਵਿਚ ਰੇਲ ਗੱਡੀ ਵਿਚ ਸਫਰ ਕਰਦੇ ਹੋਏ ਨੇ ਡੈਨਮਾਰਕ ਦੇ ਇੱਕ ਫੌਜੀ ਟਿਕਾਣੇ ਦੀਆਂ ਬੈਰਕਾਂ ਦੀ ਵੀਡੀਓ ਬਣਾ ਲਈ। ਇਹ ਦੋਵੇਂ ਗੱਲਾਂ ਜਦੋਂ ਅਮਰੀਕੀ ਏਜੰਸੀਆਂ ਨੂੰ ਪਤਾ ਲੱਗੀਆਂ ਤਾਂ ਉਨ੍ਹਾਂ ਧੌਣ ਤੋਂ ਫੜ ਲਿਆ। ਅਮਰੀਕਾ ਦੀ ਆਪਣੀ ਲੋੜ ਸੀ ਕਿ ਇਸ ਬੰਦੇ ਨੂੰ ਖੁੱਲ੍ਹਾ ਨਹੀਂ ਛੱਡਣਾ ਚਾਹੀਦਾ, ਉਨ੍ਹਾਂ ਨੇ ਫੜ ਲਿਆ, ਇਹ ਕੋਈ ਭਾਰਤ ਦੇ ਭਲੇ ਲਈ ਕੀਤੀ ਗਈ ਗ੍ਰਿਫਤਾਰੀ ਨਹੀਂ ਸੀ। ਭਾਰਤ ਦੇ ਅਧਿਕਾਰੀ ਉਦੋਂ ਵੀ ਫੋਕੀ ਆਸ ਕਰਦੇ ਸਨ ਤੇ ਹੁਣ ਵੀ ਇਹ ਝਾਕ ਰੱਖਣੀ ਗਲਤ ਹੈ ਕਿ ਡੇਵਿਡ ਹੈਡਲੀ ਨੂੰ ਅਮਰੀਕਾ ਕਿਸੇ ਤਰ੍ਹਾਂ ਦੀ ਗਲਤ ਬਿਆਨੀ ਨਹੀਂ ਕਰਨ ਦੇਵੇਗਾ।
ਪਾਕਿਸਤਾਨੀ ਖੁਫੀਆ ਏਜੰਸੀ ਤੇ ਲਸ਼ਕਰੇ ਤੋਇਬਾ ਦੀ ਸਾਰੀ ਧਾੜ ਜਦੋਂ ਇਸ ਵਾਰ ਡੇਵਿਡ ਹੈਡਲੀ ਉਰਫ ਦਾਊਦ ਗਿਲਾਨੀ ਦੀ ਵੀਡੀਓ ਗਵਾਹੀ ਨਾਲ ਬੁਰੀ ਤਰ੍ਹਾਂ ਫਸੇ ਹੋਏ ਮਹਿਸੂਸ ਕਰਦੇ ਸਨ ਤੇ ਉਸ ਦੇ ਕੀਤੇ ਖੁਲਾਸਿਆਂ ਦਾ ਕੋਈ ਜਵਾਬ ਨਹੀਂ ਸਨ ਦੇ ਸਕਦੇ, ਉਨ੍ਹਾਂ ਦਾ ਕੰਮ ਭਾਰਤ ਦੇ ਲੀਡਰਾਂ ਨੇ ਸੁਖਾਲਾ ਕਰ ਦਿੱਤਾ। ਵਕੀਲ ਉਜਵਲ ਨਿਕਮ ਨੇ ਕਿਸੇ ਦੇ ਕਹਿਣ ਉਤੇ ਜਾਂ ਆਪਣੇ ਦਿਮਾਗੀ ਵਾਵਰੋਲੇ ਵਿਚ ਮੁੰਬਈ ਕਾਂਡ ਤੋਂ ਕਈ ਸਾਲ ਪਹਿਲਾਂ ਵਾਪਰੇ ਇਸ਼ਰਤ ਜਹਾਂ ਦੇ ਪੁਲਿਸ ਮੁਕਾਬਲੇ ਦਾ ਉਹ ਕਿੱਸਾ ਛੇੜ ਲਿਆ, ਜਿਸ ਦੇ ਲਈ ਕਾਂਗਰਸ ਤੇ ਭਾਜਪਾ ਕਦੇ ਵੀ ਇੱਕ-ਸੁਰ ਨਹੀਂ ਸਨ ਹੋ ਸਕਦੀਆਂ। ਹੈਡਲੀ ਦੇ ਬਿਆਨ ਨਾਲ ਭਾਜਪਾ ਨੇ ਕਾਂਗਰਸ ਉਤੇ ਫਾਇਰ ਖੋਲ੍ਹ ਦਿੱਤਾ ਤੇ ਉਨ੍ਹਾਂ ਨੇ ਅੱਗੋਂ ਹੈਡਲੀ ਨੂੰ ਝੂਠਾ ਕਹਿਣ ਦਾ ਉਹ ਕੰਮ ਸ਼ੁਰੂ ਕਰ ਦਿੱਤਾ, ਜਿਹੜਾ ਪਿਛਲੇ ਦਿਨਾਂ ਵਿਚ ਪਾਕਿਸਤਾਨ ਦੇ ਸਿਆਸੀ ਆਗੂ, ਖੁਫੀਆ ਏਜੰਸੀ ਦੇ ਅਧਿਕਾਰੀ ਤੇ ਲਸ਼ਕਰੇ-ਤੋਇਬਾ ਦੇ ਸਰਗਣੇ ਕਰਦੇ ਪਏ ਸਨ। ਸਿੱਟਾ ਇਹ ਨਿਕਲਿਆ ਕਿ ਸਾਰੀ ਖੇਡ ਨਾ ਸਿਰਫ ਖਰਾਬ ਕਰ ਲਈ, ਬਲਕਿ ਆਪਣੇ ਦੁਸ਼ਮਣ ਨੂੰ ਆਪਣਾ ਮਜ਼ਾਕ ਉਡਾਉਣ ਦਾ ਉਹ ਮੌਕਾ ਵੀ ਦੇ ਦਿੱਤਾ, ਜਿਹੜਾ ਉਨ੍ਹਾਂ ਲੋਕਾਂ ਨੇ ਆਪਣੇ ਮਨ ਵਿਚ ਉਦੋਂ ਤੱਕ ਕਦੇ ਸੋਚਿਆ ਹੀ ਨਹੀਂ ਹੋਣਾ।
ਫਿਰ ਇੱਕ ਵਾਰ ਚੇਤਾ ਕਰੀਏ ਕੈਪਟਨ ਅਮਰਿੰਦਰ ਸਿੰਘ ਦੇ ਦੋ ਸਾਥੀਆਂ ਸੁਖਪਾਲ ਸਿੰਘ ਖਹਿਰਾ ਤੇ ਰਾਣਾ ਗੁਰਜੀਤ ਸਿੰਘ ਦੀ ‘ਸਾਂਝੀ’ ਪ੍ਰੈਸ ਕਾਨਫਰੰਸ ਦਾ, ਜਿਸ ਨੇ ਸਾਰੀ ਸਾਂਝ ਦਾ ਜਲੂਸ ਕੱਢ ਦਿੱਤਾ ਸੀ। ਜਦੋਂ ਪਾਕਿਸਤਾਨ ਦਾ ਹਰ ਆਗੂ ਇਸ ਵੇਲੇ ਆਪਣੀ ਖੁਫੀਆ ਏਜੰਸੀ ਦੀ ਢਾਲ ਬਣਿਆ ਖੜਾ ਹੈ, ਭਾਰਤ ਦੇ ਲੀਡਰਾਂ ਨੇ ਆਪਣਾ ਨੱਕ ਆਪੇ ਵੱਢਣ ਦਾ ਉਹ ਕੰਮ ਕਰ ਲਿਆ ਹੈ, ਜਿਸ ਤੋਂ ਉਨ੍ਹਾਂ ਨੂੰ ਨਹੀਂ, ਦੇਸ਼ ਦੇ ਲੋਕਾਂ ਨੂੰ ਸ਼ਰਮ ਆਉਂਦੀ ਹੈ।