ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਕੋਈ ਯਕੀਨ ਕਰੇ ਚਾਹੇ ਨਾ, ਪਰ ਇਨ੍ਹਾਂ ਦੋਹਾਂ ਕਹਾਣੀਆਂ ਦੇ ਪਾਤਰ ਅਤੇ ਉਨ੍ਹਾਂ ਦੇ ਕਾਰ-ਵਿਹਾਰ ਮੈਂ ਨੇੜਿਓਂ ਦੇਖੇ ਹੋਏ ਹਨ; ਇਸ ਕਰ ਕੇ ਮੈਂ ਯਕੀਨ ਨਾਲ ਲਿਖ ਰਿਹਾ ਹਾਂ ਕਿ ਮਨੋਰੰਜਨ ਦੇ ਨਾਲ-ਨਾਲ ਪਾਠਕਾਂ ਦੀ ਰੂਹ ਵੀ ਜ਼ਰੂਰ ਝੰਜੋੜੀ ਜਾਏਗੀ। ਉਹ ਹੈਰਤ ਨਾਲ ਸੋਚਣਗੇ ਕਿ ਸਾਡੇ ਸਮਾਜ ਵਿਚ ਹਾਲੇ ਵੀ ਅਜਿਹਾ ਕੁਝ ਵਾਪਰ ਰਿਹਾ ਹੈ। ਅਸੀਂ, ਸਾਡੇ ਸਾਕ-ਸਬੰਧੀ ਜਾਂ ਸਾਡੇ ਜਾਣੂ-ਪਛਾਣੂ ਅਜਿਹੇ ਲੋਕਾਂ ਦੇ ਅੜਿੱਕੇ ਆ ਕੇ ਉਨ੍ਹਾਂ ਦੇ ਤੋਰੀ ਫੁਲਕੇ ਦਾ ਜੁਗਾੜ ਬਣ ਰਹੇ ਨੇ। ਇਹ ਵੀ ਨਹੀਂ ਕਿ ਇਹ ਕੋਈ ਬਾਬੇ ਆਦਮ ਵੇਲੇ ਦੀਆਂ ਬੀਤੀਆਂ ਕਹਾਣੀਆਂ ਹਨ
ਅਤੇ ਇਹ ਵੀ ਮੇਰਾ ਦਾਅਵਾ ਹੈ ਕਿ ਕੁਝ ਕੁ ਨਾਂਵਾਂ-ਥਾਂਵਾਂ ਨੂੰ ਬਦਲਣ ਤੋਂ ਇਲਾਵਾ ਇਸ ਲਿਖਤ ਵਿਚ ਕਲਪਨਾ ਦੇ ਘੋੜਿਆਂ ਨੂੰ ਬਹੁਤਾ ਭੱਜਣ ਨਹੀਂ ਦਿੱਤਾ ਗਿਆ ਜਾਂ ਇੰਜ ਕਹਿ ਲਓ ਕਿ ਆਟੇ ਵਿਚ ਸਵਾਦ ਮੁਤਾਬਕ ਹੀ ਲੂਣ ਪਾਇਆ ਹੈ, ਲੂਣ ਵਿਚ ਆਟਾ ਨਹੀਂ।
ਪਹਿਲੇ ਕਿੱਸੇ ਦਾ ਪਲਾਟ ਆਮ ਪੇਂਡੂ ਕਿਰਸਾਨੀ ਪਰਿਵਾਰ ਹੈ। ਗੁਜ਼ਾਰੇ ਜੋਗੀ ਖੇਤੀਬਾੜੀ ਕਰ ਰਹੇ ਪਰਿਵਾਰ ਨੇ ਵੱਡੇ ਲੜਕੇ ਨੂੰ ਰੀਝ ਨਾਲ ਪੜ੍ਹਾਉਣਾ ਜਾਰੀ ਰੱਖਿਆ, ਪਰ ਛੋਟੇ ਨੂੰ ਨੌਵੀਂ ਵਿਚੋਂ ਫੇਲ੍ਹ ਹੋ ਜਾਣ ਬਾਅਦ ਸਕੂਲੇ ਨਹੀਂ ਭੇਜਿਆ। ਬਾਪ ਨੇ ਖੇਤੀਬਾੜੀ ਦੇ ਧੰਦੇ ਵਿਚ ਛੋਟੇ ਨੂੰ ਸਾਥੀ ਬਣਾ ਲਿਆ। ਸਕੂਲੋਂ ਜੀਅ ਚੁਰਾਉਣ ਵਾਲਾ ਉਹ ਮੁੰਡਾ ਵੀ ਬੱਧਾ-ਰੁੱਧਾ ਨਹੀਂ, ਸਗੋਂ ਸਕੂਲ ਦਾ ‘ਖਹਿੜਾ ਛੁੱਟਣ’ ਦੀ ਖੁਸ਼ੀ ਵਿਚ ਜੀਅ-ਜਾਨ ਨਾਲ ਬਾਪ ਦਾ ਹੱਥ ਵਟਾਉਣ ਲੱਗਾ। ਬਾਪ ਤੇ ਪੁੱਤ ਦੋਵੇਂ ਰਾਜ਼ੀ।
‘ਡਾਕਟਰ ਸਾਹਬ’ ਬਣਿਆ ਦੇਖਣ ਦੀ ਰੀਝ ਨਾਲ, ਮਾਂ-ਬਾਪ ਵੱਡੇ ਮੁੰਡੇ ਨੂੰ ਬੀæਐਸਸੀæ ਦੀ ਪੜ੍ਹਾਈ ਕਰਵਾ ਰਹੇ ਸਨ। ਪੜ੍ਹਨ ਨੂੰ ਮੁੰਡਾ ਭਾਵੇਂ ਕਾਫੀ ਹੁਸ਼ਿਆਰ ਸੀ, ਪਰ ਘਰ ਦਾ ਮਾਹੌਲ ਤੇ ਮਾਇਕ ਤੰਗੀ-ਤੁਰਸ਼ੀ ਉਸ ਦੀ ਔਖੀ ਪੜ੍ਹਾਈ ਵਿਚ ਅੜਿੱਕਾ ਬਣਨ ਲੱਗੀ। ਉਸਾਰੂ ਦਿਮਾਗ ਵਾਲੇ ਮੁੰਡੇ ਨੇ ਇਸ ਦਾ ਵੀ ਹੱਲ ਕੱਢ ਲਿਆ। ਆਪਣੇ ਪਿੰਡ ਤੋਂ ਸੱਤ-ਅੱਠ ਮੀਲ ਦੀ ਵਿੱਥ ‘ਤੇ ਵੱਡੀ ਵਸੋਂ ਵਾਲੇ ਇਕ ਪਿੰਡ ਵਿਚ ਕਲਿਨਿਕ ਚਲਾ ਰਹੇ ਆਰæਐਮæਪੀæ (ਡਾਕਟਰ) ਨਾਲ ਅਟੀ-ਸਟੀ ਲਾ ਲਈ। ਕਾਲਜੋਂ ਆ ਕੇ ਤੇ ਛੁੱਟੀ ਵਾਲੇ ਦਿਨ ਪਾਹੜੂ ਮੁੰਡਾ ਉਸ ਡਾਕਟਰ ਕੋਲ ਚਲਾ ਜਾਂਦਾ। ਦਿਨਾਂ ਵਿਚ ਹੀ ਮੁੰਡੇ ਨੇ ਟੀਕਾ ਲਾਉਣਾ ਵੀ ਸਿੱਖ ਲਿਆ ਤੇ ਹੋਰ ਦਵਾ-ਦਾਰੂ ਦਾ ਭੇਤ ਵੀ ਪਾ ਲਿਆ। ਪਹਿਲਾਂ-ਪਹਿਲ ਮਰੀਜ਼ ਉਸ ਨੂੰ ‘ਕੰਪੋਡਰ’ ਕਹਿੰਦੇ ਰਹੇ, ਥੋੜ੍ਹੇ ਅਰਸੇ ਬਾਅਦ ਹੀ ਉਹ ‘ਛੋਟਾ ਡਾਕਟਰ ਸਾਹਬ’ ਬਣ ਗਿਆ।
ਕਲਿਨਿਕ ਉਤੇ ਜਾਣਾ ਤਾਂ ਸ਼ੁਰੂ ਕੀਤਾ ਸੀ ਉਸ ਨੇ ਆਪਣੇ ਜੇਬ੍ਹ ਖਰਚੇ ਲਈ, ਪਰ ਹੌਲੀ-ਹੌਲੀ ਉਸ ਨੂੰ ਪੈਸੇ ਦਾ ਲਾਲਚ ਪੈ ਗਿਆ। ਇਹ ਲਾਲਚ ਇਸ ਕਦਰ ਵਧ ਗਿਆ ਕਿ ਉਸ ਦੀ ਪੜ੍ਹਾਈ ਦਾ ਨੁਕਸਾਨ ਹੋਣ ਲੱਗਾ। ਇਸੇ ਕਾਰਨ ਉਹ ਦੂਜੇ ਸਾਲ ਵਿਚ ਫੇਲ੍ਹ ਵੀ ਹੋ ਗਿਆ। ਫੇਲ੍ਹ ਹੋਣ ਕਾਰਨ ਉਸ ਦਾ ਮਨ ਪੜ੍ਹਾਈ ਪੱਖੋਂ ਉਚਾਟ ਹੋ ਗਿਆ। ਉਧਰ, ਘਰਦਿਆਂ ਨੂੰ ਵੀ ਰੋਜ਼ਾਨਾ ਨਕਦ ਪੈਸੇ ਆਉਂਦੇ ਚੰਗੇ ਲਗਦੇ ਸਨ, ਮੁੰਡੇ ਨੂੰ ਤਾਂ ਲੱਗਣੇ ਹੀ ਸਨ। ਗੱਲ ਕੀ, ਉਹ ‘ਫੁੱਲ ਟਾਈਮ’ ਡਾਕਟਰ ਬਣ ਗਿਆ।
ਕੋਈ ਐਸਾ ਸਬੱਬ ਬਣਿਆ ਕਿ ਆਰæਐਮæਪੀæ ਵਿਦੇਸ਼ ਚਲਾ ਗਿਆ ਤੇ ਜਾਂਦਾ ਹੋਇਆ ਉਹ ਆਪਣੇ ਕਲਿਨਿਕ ਦਾ ਮਾਲਕ ਬਨਾਮ ‘ਵੱਡਾ ਡਾਕਟਰ’ ਉਸ ਮੁੰਡੇ ਨੂੰ ਬਣਾ ਗਿਆ। ਇਕ ਦਿਨ ਕੀ ਹੋਇਆ, ਕਲਿਨਿਕ ਜਾਂਦੇ ਵਕਤ ਡਾਕਟਰ ਮੁੰਡੇ ਦਾ ਸਕੂਟਰ ਸਲਿੱਪ ਕਰ ਗਿਆ ਤੇ ਉਸ ਦੇ ਕਾਫੀ ਸੱਟਾਂ ਲੱਗੀਆਂ, ਲੱਤਾਂ-ਬਾਹਾਂ ‘ਤੇ ਪਲਸਤਰ ਲੱਗ ਗਏ। ਬੈੱਡ ‘ਤੇ ਪਏ ਡਾਕਟਰ ਨੇ ਸੋਚਿਆ ਕਿ ਜੇ ਕਲਿਨਿਕ ਬੰਦ ਰਿਹਾ ਤਾਂ ‘ਗਾਹਕ’ ਕਿਸੇ ਹੋਰ ਡਾਕਟਰ ਦੇ ਜਾਣ ਲੱਗ ਪੈਣਗੇ। ਉਸ ਨੇ ਇਸ ਚਿੰਤਾ ਵਿਚ ਆਪਣੇ ਛੋਟੇ ਭਰਾ ਨੂੰ ਸਮਝਾ ਕੇ ਕਲਿਨਿਕ ਭੇਜਣਾ ਸ਼ੁਰੂ ਕਰ ਦਿੱਤਾ।
ਛੋਟਾ ਮੁੰਡਾ ਭਾਵੇਂ ਖੇਤੀਬਾੜੀ ਦੇ ਕੰਮ ਨੇ ਮਧੋਲਿਆ ਪਿਆ ਸੀ, ਪਰ ਚੁਸਤ-ਚਲਾਕ ਤੇ ਸਰੀਰਕ ਪੱਖੋਂ ਵੀ ਕਾਫੀ ਹੁੰਦੜ-ਹੇਲ ਸੀ। ਗੱਲੀਂ-ਬਾਤੀਂ ਤੇਜ਼, ਪਰ ਜ਼ੁਬਾਨ ਦਾ ਮਿੱਠਾ ਛੋਟਾ ਮੁੰਡਾ ਇਕ ਦੋ ਦਿਨ ਤਾਂ ਆਉਂਦੇ ਮਰੀਜ਼ਾਂ ਨੂੰ ‘ਸੁੱਕੇ’ ਹੀ ਮੋੜੀ ਗਿਆ ਕਿ ਡਾਕਟਰ ਠੀਕ ਨਹੀਂ ਹਾਲੇ, ਪਰ ਹੌਲੀ-ਹੌਲੀ ਉਸ ਨੇ ਆਪਣੇ ਭਰਾ ਦੀਆਂ ਦੱਸੀਆਂ ‘ਜੁਗਤਾਂ’ ਵਰਤਦਿਆਂ ਮਰੀਜ਼ ‘ਦੇਖਣੇ’ ਸ਼ੁਰੂ ਕਰ ਦਿੱਤੇ।
ਉਹੀ ਗੱਲ ਹੋਈ! ਸ਼ੇਖ ਸਾਅਦੀ ਨੇ ਲਿਖਿਆ ਹੋਇਐ ਕਿ ਕੌੜਾ ਬੋਲਣ ਵਾਲੇ ਦਾ ਸ਼ਹਿਦ ਵੀ ਨਹੀਂ ਵਿਕਦਾ, ਤੇ ਜਿਹਦੇ ਕੋਲ ਸ਼ਹਿਦ ਹੋਵੇ, ਉਸ ਕੋਲ ਕੀੜੀਆਂ ਆਪੇ ਹੀ ਆ ਜਾਂਦੀਆਂ ਹਨ। ਮਰੀਜ਼ ‘ਨਵੇਂ ਡਾਕਟਰ’ ਦਾ ‘ਹੱਥ ਜਸ’ ਦੇਖ ਕੇ ਇੰਨੇ ਖੁਸ਼ ਹੋਏ ਕਿ ਹੱਸ-ਹੱਸ ਕਿਹਾ ਕਰਨ, ‘ਜੀ ਪਹਿਲੇ ਡਾਕਟਰ ਸਾਹਬ ਤਾਂ ਮੂੰਹ ਵਿਚ ਹੀ ‘ਗੁਣ-ਗੁਣ’ ਜਿਹਾ ਕਰਦੇ ਰਹਿੰਦੇ ਸਨ, ਐਸ ਡਾਕਟਰ ਦੀਆਂ ਤਾਂ ਗੱਲਾਂ ਹੀ ਅੱਧਾ ਦੁੱਖ ਦੂਰ ਕਰ ਦਿੰਦੀਆਂ ਹਨ’।
ਸਾਰੀ ਜ਼ਮੀਨ ਠੇਕੇ-ਵਟਾਈ ‘ਤੇ ਦੇ ਕੇ ਪਿੰਡ ਵਿਚ ਚਿੱਟੇ ਕੱਪੜੇ ਪਾਈ ‘ਲੰਬੜਦਾਰੀ’ ਕਰਦਾ ਫਿਰਦਾ ਉਨ੍ਹਾਂ ‘ਦੋਹਾਂ ਡਾਕਟਰਾਂ’ ਦਾ ਪਿਉ ਲੋਕਾਂ ਨੂੰ ਹੁੱਬ-ਹੁੱਬ ਦੱਸਦਾ, “ਫਲਾਣੇ ਪਿੰਡ ਚੱਲਦੇ ਸਾਡੇ ‘ਹਸਪਤਾਲ’ ਵਿਚ ਮਰੀਜ਼ਾਂ ਦੀਆਂ ‘ਲੈਨਾਂ’ ਲੱਗੀਆਂ ਰਹਿੰਦੀਆਂ ਨੇ!”
ਕਿੱਸਾ ਨੰਬਰ ਦੋ ਦਾ ਪਹਿਲਾ ਪਾਤਰ ਵੀ ਪੇਂਡੂ ਕਿਸਾਨ ਹੀ ਹੈ ਜੋ ਖੇਤੀਬਾੜੀ ਭਾਈਆਂ ਨੂੰ ਸੌਂਪ ਕੇ ਆਸਟਰੇਲੀਆ ਚਲਾ ਗਿਆ। ਸੁਭਾਅ ਸਭ ਦਾ ਆਪੋ ਆਪਣਾ ਈ ਹੁੰਦਾ ਹੈ। ਉਹ ਦੇਸੀ ਬੰਦਾ ਭਾਵੇਂ ਕਈ ਸਾਲ ਵਿਦੇਸ਼ ਰਿਹਾ, ਪਰ ਬੱਧਾ-ਰੁੱਧਾ। ਜਦ ਉਸ ਦੇ ਮੁੰਡੇ-ਕੁੜੀਆਂ ਵਿਦੇਸ਼ ਵਿਚ ਹੀ ਸੈੱਟ ਹੋ ਗਏ ਤਾਂ ਉਸ ਨੇ ਆਪਣੀ ਪਤਨੀ ਨਾਲ ਪੰਜਾਬ ਜਾ ਕੇ ਰਹਿਣ ਲਈ ਆਖਣਾ ਸ਼ੁਰੂ ਕਰ ਦਿੱਤਾ। ਪਤਨੀ ਐਸੀ ਬਦਲ ਚੁੱਕੀ ਸੀ ਕਿ ਉਹ ਨੱਕ-ਬੁੱਲ੍ਹ ਵੱਟਦਿਆਂ ‘ਇੰਡੀਆ ਡਰਟੀ’ ਕਿਹਾ ਕਰੇ। ਪਤੀ-ਪਤਨੀ ਦਾ ਵਾਦ-ਵਿਵਾਦ ਇਥੋਂ ਤੱਕ ਵਧ ਗਿਆ ਕਿ ਗੱਲ ਤਲਾਕ ਤੱਕ ਪਹੁੰਚ ਗਈ। ਗੱਲ ਮੁੱਕੀ, ਪਤੀ ਸ੍ਰੀਮਾਨ ‘ਭਰਿਆ ਮੇਲਾ’ ਛੱਡ ਕੇ ਆਪਣੇ ਦੇਸ਼ ਪਰਤ ਆਇਆ।
ਕਈ ਸਾਲ ਵਿਦੇਸ਼ ਵਿਚ ਬਿਤਾਏ ਹੋਣ ਕਰ ਕੇ ਉਹ ਦੇਹ-ਰੱਖ ਜਿਹਾ ਬਣ ਹੀ ਚੁੱਕਾ ਸੀ, ਸੋ ਖੇਤੀਬਾੜੀ ਦੇ ਧੰਦੇ ਨੂੰ ਉਸ ਹੱਥ ਨਾ ਪਾਇਆ। ਵਿਹਲਾ ਵੀ ਕੋਈ ਕਿੰਨਾ ਕੁ ਚਿਰ ਘੁੰਮ ਸਕਦਾ ਹੈ! ਕੋਈ ਨਾ ਕੋਈ ਸ਼ੁਗਲ ਤਾਂ ਚਾਹੀਦਾ ਹੀ ਸੀ। ਸੋ, ਉਸ ਨੇ ਸੋਚ-ਵਿਚਾਰ ਕੇ ‘ਸੰਤ ਬਣਨ’ ਦਾ ਫੈਸਲਾ ਕਰ ਲਿਆ। ਅਸਲ ਵਿਚ ਕੋਈ ਸੰਤਗਿਰੀ ਅਪਨਾਉਣ ਦਾ ਫੈਸਲਾ ਤਾਂ ਕਰੇ, ਉਸ ਨੂੰ ‘ਬਣਾਉਣ’ ਦੀ ‘ਸੇਵਾ’ ਤਾਂ ਸਾਡੇ ਅੰਧ-ਵਿਸ਼ਵਾਸੀ ਭੈਣ-ਭਰਾ ਆਪੇ ਹੀ ਕਰ ਦਿੰਦੇ ਨੇ! ਸੋ, ਉਸ ਨੇ ਬੱਸ ਪਜਾਮਾ ਉਤਾਰ ਕੇ ਲੱਤਾਂ ਨੰਗੀਆਂ ਕੀਤੀਆਂ ਤੇ ਨੋਕਦਾਰ ਪੱਗ ਦਾ ਸਟਾਈਲ ਬਦਲ ਕੇ ਗੋਲ ਕਰ ਲਿਆ। ਇਹ ਸਰੂਪ ਦੇਖਦਿਆਂ ਹੀ ਸੰਗਤਾਂ ਨੇ ਉਸ ਨੂੰ ‘ਆਸਟਰੇਲੀਆ ਵਾਲੇ ਸੰਤ’ ਬਣਾ ਦਿੱਤਾ। ਲਾਇਆ ਤਾਂ ਉਸ ਨੇ ਝਕਦੇ-ਝਕਦੇ ਨੇ ਤੁੱਕਾ ਹੀ ਸੀ, ਪਰ ਉਹ ਛੂਕਦਾ ‘ਤੀਰ’ ਬਣ ਗਿਆ।
ਕੁਝ ਮਹੀਨਿਆਂ ਵਿਚ ਹੀ ਉਸ ਦਾ ‘ਡੇਰਾ’ ਤਾਮੀਰ ਹੋ ਗਿਆ ਤੇ ਉਥੇ ਉਹ ਸਭ ਕੁਝ ਹੋਣ ਲੱਗ ਪਿਆ ਜੋ ਨਿਖੱਟੂਆਂ ਦੇ ਆਮ ਡੇਰਿਆਂ ਵਿਚ ਹੁੰਦਾ ਹੈ। ਕੋਤਰੀਆਂ ਚਲਾਉਣ ਦੇ ਨਾਲ-ਨਾਲ ‘ਜਪੁ-ਤਪੁ ਸਮਾਗਮ’ ਦਾ ਅਡੰਬਰ ਚੱਲ ਪਿਆ। ਆਪ ਦੀ ਅਰਧਾਂਗਣੀ ਅਧਵਾਟੇ ਛੱਡ ਆਉਣ ਵਾਲਾ ‘ਮਹਾਂ ਪੁਰਖ’ ਦੂਜਿਆਂ ਨੂੰ ‘ਬਾਂਹ ਜਿਨ੍ਹਾਂ ਦੀ ਪਕੜੀਐ, ਸਿਰ ਦੀਜੈ ਬਾਂਹ ਨਾ ਛੋੜੀਐ’ ਦੀ ਸਿੱਖਿਆ ਦੇਣ ਲੱਗ ਪਿਆ। ਹੌਲੀ-ਹੌਲੀ ਇਹ ਡੇਰਾ ‘ਵਿਸ਼ਾਲ’ ਬਣਦਾ ਗਿਆ ਤੇ ਸਿਆਸੀ ਲੋਕਾਂ ਲਈ ਵੋਟਾਂ ਦਾ ਭੰਡਾਰ ਵੀ ਸਾਬਤ ਹੋਣ ਲੱਗਾ।