ਡਾæ ਗੁਰਨਾਮ ਕੌਰ ਕੈਨੇਡਾ
ਪਿਛਲੇ ਹਫਤੇ ਦੇ ‘ਪੰਜਾਬ ਟਾਈਮਜ਼’ ਵਿਚ ਜਤਿੰਦਰ ਪੰਨੂ ਦਾ ਲੇਖ ‘ਨਸਲਵਾਦ ਦਾਰੋਣਾ ਤੇ ਸਾਡੀ ਨਸਲਵਾਦੀ ਮਾਨਸਿਕਤਾ’ ਪੜ੍ਹਿਆ, ਜਿਸ ਵਿਚ ਉਸ ਨੇ ਹੁਣੇ ਹੁਣੇ ਬੰਗਲੌਰ ਵਿਚ ਇੱਕ ਤਨਜਾਨੀਅਨ ਵਿਦਿਆਰਥਣ ਨਾਲ ਭੀੜ ਨੇ ਜੋ ਕੁਝ ਕੀਤਾ, ਉਸ ਦਾ ਲੇਖਾ-ਜੋਖਾ ਕਰਦਿਆਂ ਭਾਰਤੀਆਂ ਦੀ ਨਸਲਵਾਦੀ ਮਾਨਸਿਕਤਾ ‘ਤੇ ਰੋਸ਼ਨੀ ਪਾਈ ਹੈ। ਜਤਿੰਦਰ ਪੰਨੂ ਨੇ ਬਿਲਕੁਲ ਠੀਕ ਕਿਹਾ ਹੈ ਕਿ ਇਹ ਸਿਰਫ ਬਾਹਰੋਂ ਆਏ ਲੋਕਾਂ ਨਾਲ ਹੀ ਨਹੀਂ ਵਾਪਰਦਾ ਬਲਕਿ ਇੱਕ ਪ੍ਰਾਂਤ ਤੋਂ ਦੂਸਰੇ ਪ੍ਰਾਂਤ ਵਿਚ ਗਏ ਲੋਕਾਂ ਨਾਲ ਵੀ ਵਾਪਰਦਾ ਹੈ ਜਿਸ ਤੋਂ ਸਾਡੀ ਨਸਲਵਾਦੀ ਮਾਨਸਿਕਤਾ ਜੱਗ ਜਾਹਰ ਹੁੰਦੀ ਹੈ।
ਯੂæ ਐਨæ ਓæ ਦੀ ਕਨਵੈਨਸ਼ਨ ਦੇ ਆਰਟੀਕਲ ਇਕ ਵਿਚ ‘ਰੇਸ਼ੀਅਲ ਡਿਸਕਰਿਮੀਨੇਸ਼ਨ’ ਅਰਥਾਤ ਨਸਲਵਾਦੀ ਵਿਤਕਰੇ ਦੀ ਪਰਿਭਾਸ਼ਾ ਇੰਜ ਕੀਤੀ ਗਈ ਹੈ, “…ਨਸਲ, ਰੰਗ, ਵੰਸ਼ਕ੍ਰਮ, ਕੌਮੀ ਜਾਂ ਜਨਮ-ਜਾਤੀ-ਭਾਈਚਾਰਕ (ਐਥਨਿਕ) ਵਿਭਿੰਨਤਾ, ਅਲਿਹਦਗੀ, ਪਾਬੰਦੀ ਜਾਂ ਤਰਜੀਹ, ਜਿਸ ਦਾ ਮਨੋਰਥ ਜਾਂ ਅਸਰ ਮਾਨਤਾ, ਖੁਸ਼ੀ ਜਾਂ ਅਭਿਆਸ ਨੂੰ ਨਿਸਫਲ ਕਰਨ ਜਾਂ ਖਰਾਬ ਕਰਨ ਦਾ ਹੋਵੇ, ਬਰਾਬਰ ਦੇ ਪੱਧਰ ‘ਤੇ, ਰਾਜਨੀਤਕ, ਆਰਥਕ, ਸਮਾਜਕ, ਸਭਿਆਚਾਰਕ ਜਾਂ ਕਿਸੇ ਵੀ ਹੋਰ ਜਨਤਕ ਖੇਤਰ ਵਿਚ ਮਨੁੱਖੀ ਅਧਿਕਾਰਾਂ ਅਤੇ ਮੌਲਿਕ ਆਜ਼ਾਦੀ ਨੂੰ ਨਿਸਫਲ ਕਰਨਾ ਜਾਂ ਵਿਗਾੜਨਾ (23)। ਵਿਰਾਸਤ ਨੂੰ ਸ਼ਾਮਲ ਕਰਨ ਦਾ ਅਰਥ ਹੈ ਖਾਸ ਕਰਕੇ ਜਾਤ ਜਾਂ ਹੋਰ ਵਿਰਾਸਤੀ ਰੁਤਬੇ ਕਰਕੇ ਵਿਤਕਰੇ ਨੂੰ ਹਦੂਦ ਵਿਚ ਲਿਆਉਣਾ।”
29 ਜਨਵਰੀ 2014 ਨੂੰ ਅਰੁਣਾਂਚਲ ਪ੍ਰਦੇਸ਼ ਤੋਂ ਇੱਕ 19 ਸਾਲਾ ਵਿਦਿਆਰਥੀ ਨੀਡੋ ਤਾਨੀਆ ਨੂੰ ਦਿੱਲੀ ਦੇ ਲਾਜਪਤ ਨਗਰ ਵਿਚ ਕੁੱਟ ਕੁੱਟ ਕੇ ਇਸ ਲਈ ਮਾਰ ਦਿੱਤਾ ਗਿਆ ਕਿ ਉਸ ਦੇ ਅਰੁਣਾਂਚਲ ਪ੍ਰਦੇਸ਼ ਤੋਂ ਹੋਣ ਕਰਕੇ ਉਸ ਦੀ ਦਿੱਖ ਵੱਖਰੀ ਸੀ। ਪਹਿਲਾਂ ਆਵਾਜ਼ੇ ਕੱਸੇ ਗਏ, ਜਦੋਂ ਉਸ ਨੇ ਗੁੱਸੇ ਵਿਚ ਆ ਕੇ ਇੱਕ ਖਿੜਕੀ ਦਾ ਸ਼ੀਸ਼ਾ ਤੋੜ ਦਿੱਤਾ ਤਾਂ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਕੁੱਟਣ ਵਿਚ ਸ਼ਾਮਲ ਸਿਰਫ ਉਹ ਹੀ ਨਹੀਂ ਸਨ ਜਿਨ੍ਹਾਂ ਦਾ ਨੁਕਸਾਨ ਹੋਇਆ ਸੀ ਜਾਂ ਜਿਨ੍ਹਾਂ ਉਸ ਨਾਲ ਗਾਲੀ-ਗਲੋਚ ਕੀਤਾ ਸੀ ਬਲਕਿ ਭਾਰਤੀ ਮਾਨਸਿਕਤਾ ਅਨੁਸਾਰ ਤਮਾਸ਼ਬੀਨ ਭੀੜ ਵੀ ਸ਼ਾਮਲ ਹੁੰਦੀ ਗਈ।
ਇਹ ਕੋਈ ਇਕੱਲਾ ਇਕਹਿਰਾ ਵਾਕਿਆ ਨਹੀਂ ਸੀ। ਇਸ ਤੋਂ ਪਹਿਲਾਂ ਵੀ ਉਤਰ-ਪੂਰਬੀ ਪ੍ਰਾਂਤਾਂ ਤੋਂ ਦਿੱਲੀ ਪੜ੍ਹਨ ਆਏ ਵਿਦਿਆਰਥੀਆਂ ਨਾਲ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਹਨ। ਇਸ ਤੋਂ ਬਾਅਦ ਇੱਕ ਟੀæ ਵੀæ ਚੈਨਲ ‘ਤੇ ਇੱਕ ਬਹਿਸ ਦਾ ਪ੍ਰਬੰਧ ਕੀਤਾ ਗਿਆ ਕਿ ਕੀ ਭਾਰਤੀ ਸਿਰਫ ਉਤਰ-ਪੂਰਬੀ ਪ੍ਰਾਂਤਾਂ ਦੇ ਵਸਨੀਕਾਂ ਨਾਲ ਹੀ ਅਜਿਹਾ ਸਲੂਕ ਕਰਦੇ ਹਨ ਜਾਂ ਹੋਰ ਰਾਜਾਂ ਦੇ ਵਸਨੀਕਾਂ ਨਾਲ ਵੀ ਇਸੇ ਤਰ੍ਹਾਂ ਦਾ ਸਲੂਕ ਹੁੰਦਾ ਹੈ ਤੇ ਕੀ ਅਸੀਂ ਨਸਲਵਾਦੀ ਹਾਂ?
ਇਸ ਬਹਿਸ ਵਿਚ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਸ਼ਿਵ ਸੈਨਾ ਦੇ ਨੁਮਾਇੰਦਿਆਂ ਦੇ ਨਾਲ ਨਾਲ ਸਰਗਰਮ ਲੇਖਕ, ਕਾਲਮਨਵੀਸ, ਮਨੀਪਾਲ ਯੂਨੀਵਰਸਿਟੀ ਦਾ ਪ੍ਰੋਫੈਸਰ, ਪੱਤਰਕਾਰ, ਦਿੱਲੀ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਦੀ ਖੋਜਾਰਥਣ ਅਤੇ ਆਮ ਵਿਦਿਆਰਥੀਆਂ ਨੇ ਹਿੱਸਾ ਲਿਆ। ਬਹਿਸ ਵਿਚ ਇਹ ਗੱਲ ਤਾਂ ਉਭਰ ਕੇ ਸਾਹਮਣੇ ਆਈ ਹੀ ਕਿ ਉਤਰ-ਪੂਰਬੀ ਰਾਜਾਂ ਤੋਂ ਆਉਂਦੇ ਵਿਦਿਆਰਥੀਆਂ ‘ਤੇ ਉਨ੍ਹਾਂ ਦੇ ਮੁਹਾਂਦਰੇ ਕਾਰਨ ਆਮ ਹੀ ਆਵਾਜ਼ੇ ਕੱਸੇ ਜਾਂਦੇ ਹਨ ਅਤੇ ਗਾਲੀ-ਗਲੋਚ ਦੇ ਨਾਲ ਨਾਲ ਹੋਰ ਵੀ ਭੱਦੀ ਕਿਸਮ ਦਾ ਵਰਤਾਉ ਕੀਤਾ ਜਾਂਦਾ ਹੈ। ਮੁੰਡੇ-ਕੁੜੀਆਂ ਲਈ ਰਾਹ ਜਾਂਦਿਆਂ ਵੀ ਆਮ ਹੀ “ਸਾਲਾ ਚਿੰਕੀ” ਅਤੇ ਇਸ ਕਿਸਮ ਦੀ ਹੋਰ ਭੱਦੀ ਭਾਸ਼ਾ ਵਰਤੀ ਜਾਂਦੀ ਹੈ। ਇਸ ਦੇ ਨਾਲ ਹੀ ਇਹ ਨੁਕਤਾ ਵੀ ਸਾਹਮਣੇ ਆਇਆ ਕਿ ਅਜਿਹੀ ਸਮੱਸਿਆ ਦਾ ਸਾਹਮਣਾ ਹੋਰ ਰਾਜਾਂ ਦੇ ਲੋਕਾਂ ਨੂੰ ਵੀ ਇੱਕ-ਦੂਜੇ ਰਾਜ ਵਿਚ ਜਾਣ ‘ਤੇ ਕਰਨਾ ਪੈਂਦਾ ਹੈ, ਜਿਸ ਦਾ ਜ਼ਿਕਰ ਪੰਜਾਬ ਦੇ ਸਬੰਧ ਵਿਚ ਜਤਿੰਦਰ ਪੰਨੂ ਨੇ ਵੀ ਪਰਵਾਸੀ ਕਾਮਿਆਂ ਦੇ ਹਵਾਲੇ ਨਾਲ ਕੀਤਾ ਹੈ। ਸਾਰੀ ਬਹਿਸ ਦਾ ਮੁੱਖ ਸਿੱਟਾ ਇਹ ਸੀ ਕਿ ਭਾਰਤੀ ਲੋਕਾਂ ਵਿਚ ‘ਦੂਸਰੇ’ ਨੂੰ ਅਪਨਾਉਣ ਅਤੇ ਸਹਿਣ ਕਰਨ ਦੀ ਰੁਚੀ ਨਹੀਂ ਹੈ। ਇਸ ਵਿਚ ਮਹਾਰਾਸ਼ਟਰ ਵਿਚ ਉਤਰੀ ਭਾਰਤ ਅਤੇ ਦੱਖਣ ਦੇ ਦੂਸਰੇ ਰਾਜਾਂ ਤੋਂ ਆਉਣ ਵਾਲੇ ਲੋਕਾਂ ਅਤੇ ਉਤਰੀ ਭਾਰਤ ਵਿਚ ਦੱਖਣੀ ਭਾਰਤ ਦੇ ਲੋਕਾਂ ਪ੍ਰਤੀ ਰਵੱਈਏ ਦੀ ਚਰਚਾ ਵੀ ਕੀਤੀ ਗਈ। ਪ੍ਰੋਫੈਸਰ ਦਾ ਕਹਿਣਾ ਸੀ ਕਿ ਇਸ ਦਾ ਕਾਰਨ ਆਰਥਕ ਤੌਰ ‘ਤੇ ਪੱਛੜੇ ਹੋਣਾ ਹੈ ਪਰ ਇਸ ਨੁਕਤੇ ਨੂੰ ਮਿਸਾਲਾਂ ਰਾਹੀਂ ਨਕਾਰ ਦਿੱਤਾ ਗਿਆ। ਸ਼ਿਵ ਸੈਨਾ ਦੇ ਪ੍ਰਤੀਨਿਧ ਦਾ ਕਹਿਣਾ ਸੀ ਕਿ ਮਹਾਰਾਸ਼ਟਰ ਦੇ ਲੋਕ ਸਮਝਦੇ ਹਨ ਕਿ ਦੂਸਰੇ ਲੋਕਾਂ ਕਾਰਨ ਉਨ੍ਹਾਂ ਦੀਆਂ ਨੌਕਰੀਆਂ ਖੁਸਦੀਆਂ ਹਨ। ਇਸ ਨੂੰ ਵੀ ਕੋਈ ਪਾਇਦਾਰ ਕਾਰਨ ਨਹੀਂ ਮੰਨਿਆ ਗਿਆ ਨਸਲੀ ਨਫਰਤ ਜਾਂ ਵਿਤਕਰੇ ਦਾ ਅਤੇ ਇਹ ਵੀ ਨਕਾਰ ਦਿੱਤਾ ਗਿਆ।
ਭਾਜਪਾ ਦਾ ਨੁਮਾਇੰਦਾ ਇਹ ਮੰਨਣ ਲਈ ਤਿਆਰ ਨਹੀਂ ਸੀ ਕਿ ਹਿੰਦੁਸਤਾਨੀ ‘ਨਸਲਵਾਦੀ ਮਾਨਸਿਕਤਾ’ ਦੇ ਸ਼ਿਕਾਰ ਹਨ। ਉਹ ਇੱਕੋ ਗੱਲ ਵਾਰ ਵਾਰ ਕਹੀ ਜਾ ਰਿਹਾ ਸੀ ਕਿ ਇੱਕ ਸਾਂਝਾ ਹਿੰਦੁਸਤਾਨੀ ਸਭਿਆਚਾਰ ਹੈ, ਸਾਡੀ ਪੁਰਾਣੀ ਪਰੰਪਰਾ ਹੈ ਜਿਸ ਨੂੰ ਅਪਨਾਉਣ ਨਾਲ ਇਹ ਅਹਿਸਾਸ ਹੋਵੇ ਕਿ ਅਸੀਂ ‘ਹਿੰਦੁਸਤਾਨੀ’ ਹਾਂ। ਇਸ ‘ਤੇ ਪ੍ਰਸ਼ਨ ਇਹ ਉਠਾਇਆ ਗਿਆ ਕਿ ਇਸ ਦਾ ਫੈਸਲਾ ਕਿਵੇਂ ਅਤੇ ਕੌਣ ਕਰੇਗਾ ਕਿ “ਹੂ ਇਜ਼ ਇੰਡੀਅਨ” (ਭਾਰਤੀ ਕੌਣ ਹੈ)?
ਉਤਰ-ਪੂਰਬੀ ਭਾਰਤ ਤੋਂ ਹਿੱਸਾ ਲੈਣ ਵਾਲਿਆਂ ਦਾ ਪ੍ਰਸ਼ਨ ਸੀ ਕਿ ਕੀ ਉਹ ਆਪਣਾ ਅਰੁਣਾਂਚਲ, ਨਾਗਾਲੈਂਡ ਜਾਂ ਮਨੀਪੁਰੀ ਪਹਿਰਾਵਾ ਤਿਆਗ ਦੇਣ ਤਾਂ ਹੀ ਉਹ ਭਾਰਤੀ ਅਖਵਾਉਣਗੇ? ਕੀ ਉਹ ਆਪਣੀ ਪਰੰਪਰਾ, ਰਸਮੋ-ਰਿਵਾਜ, ਸਭਿਆਚਾਰ ਅਤੇ ਬੋਲੀ ਤਿਆਗ ਦੇਣ, ਫਿਰ ਹੀ ਉਹ ਹਿੰਦੁਸਤਾਨੀ ਹੋ ਸਕਣਗੇ? ਤੇ ਉਹ ਕਿਉਂ ਛੱਡਣ? ਭਾਜਪਾ ਦਾ ਨੁਮਾਇੰਦਾ ਵਾਰ ਵਾਰ ਇੱਕੋ ਗੱਲ ਕਹੀ ਜਾ ਰਿਹਾ ਸੀ ਕਿ ਦੋ ਨਸਲਾਂ ਅਰਥਾਤ ਦਰਾਵੜ ਤੇ ਆਰੀਅਨ ਦਾ ਸਿਧਾਂਤ ਅੰਗਰੇਜਾਂ ਦੀ ਦੇਣ ਹੈ, ਉਹ ਚਲੇ ਗਏ ਪਰ ਸਾਡੇ ਵਿਚ ਵੰਡੀਆਂ ਪਾ ਗਏ। ਉਸ ਦਾ ਕਹਿਣਾ ਸੀ ਕਿ ਭੂਮੱਧ ਰੇਖਾ ਦੇ ਨੇੜੇ ਹੋਣ ਕਰਕੇ ਦੱਖਣੀ ਭਾਰਤੀ ਸਾਂਵਲੇ ਰੰਗ ਦੇ ਹਨ। ਕਹਿੰਦਾ, ਭਾਰਤੀ ਤਾਂ ਬੜੇ ਸਹਿਣਸ਼ੀਲ ਹਨ। ਸਦੀਆਂ ਪਹਿਲਾਂ ਆਪਣੇ ਮੁਲਕਾਂ ਤੋਂ ਨਸਲਵਾਦ ਦਾ ਸ਼ਿਕਾਰ ਹੋ ਕੇ ਪਾਰਸੀ ਅਤੇ ਯਹੂਦੀ ਆਏ ਸੀ ਜੋ ਗੋਆ ਅਤੇ ਮੁੰਬਈ ਵਿਚ ਵਸ ਗਏ। ਉਨ੍ਹਾਂ ਦਾ ਰੰਗ ਗੋਰਾ ਸੀ ਜੋ ਗੋਆ-ਮੁੰਬਈ ਦੇ ਲੋਕਾਂ ਦਾ ਨਹੀਂ ਸੀ। ਪਰ ਉਨ੍ਹਾਂ ਨੂੰ ਹੁਣ ਇਥੇ ਕੋਈ ਸਮੱਸਿਆ ਨਹੀਂ ਹੈ।
ਜ਼ਾਹਿਰ ਹੈ, ਉਸ ਦੇ ਤਰਕ ਨਾਲ ਕੋਈ ਵੀ ਸਹਿਮਤ ਨਹੀਂ ਸੀ। ਸਹਿਮਤ ਹੋਇਆ ਵੀ ਕਿਵੇਂ ਜਾ ਸਕਦਾ ਹੈ? ਸਾਡਾ ਨਸਲਵਾਦ ਧਰਮ, ਬੋਲੀ, ਰੰਗ, ਜਾਤ- ਹਰ ਚੀਜ਼ ਵਿਚ ਸ਼ਾਮਲ ਹੈ। ਭਾਰਤੀ ਸਮਾਜ ਦੀ ਵਰਣ ਆਧਾਰਤ ਵੰਡ ਅੰਗਰੇਜ਼ਾਂ ਨੇ ਨਹੀਂ ਸੀ ਕੀਤੀ। ਇਹ ਹਿੰਦੂ ਸ਼ਾਸਤਰਾਂ ਦੀ ਰਚਨਾ ਕਰਨ ਵਾਲਿਆਂ ਨੇ ਕੀਤੀ ਸੀ, ਜਿਸ ਦੀ ਚਰਚਾ ਪਹਿਲਾਂ ਵੀ ਕਈ ਵਾਰ ਹੋ ਚੁੱਕੀ ਹੈ। ਜਿਸ ਸਮਾਜ ਦੀ ਬੁਨਿਆਦ ਹੀ ਨਸਲਵਾਦ ‘ਤੇ ਟਿਕੀ ਹੋਈ ਹੋਵੇ, ਉਸ ਬਾਰੇ ਇਹ ਕਿਵੇਂ ਕਿਹਾ ਜਾ ਸਕਦਾ ਹੈ ਕਿ ਉਹ ਨਸਲਵਾਦੀ ਨਹੀਂ ਹਨ? ਇਥੇ ਇਸ ਦੇ ਵਿਸਥਾਰ ਵਿਚ ਜਾਣ ਦੀ ਜ਼ਰੂਰਤ ਨਹੀਂ ਹੈ।
ਫਿਲਮਸਾਜ਼ ਕਰਣ ਜੌਹਰ ਨੇ ਵੀ ਉਸੇ ਕਿਸਮ ਦਾ ਬਿਆਨ ਦਿੱਤਾ ਹੈ ਜਿਹੋ ਜਿਹਾ ਕੁਝ ਸਮਾਂ ਪਹਿਲਾਂ ਅਦਾਕਾਰ ਆਮਿਰ ਖਾਨ ਨੇ ਦਿੱਤਾ ਸੀ। ਦੋਵਾਂ ਹਸਤੀਆਂ ਦੀ ਭਾਰਤੀ ਸਿਨੇਮਾ ਵਿਚ ਆਪੋ-ਆਪਣੀ ਅਹਿਮ ਥਾਂ ਹੈ। ਆਮਿਰ ਖਾਨ ਪਿਉ-ਦਾਦੇ ਤੋਂ ਆਪਣੇ ਜਮਾਂਦਰੂ ਹੱਕ ਨਾਲ ਇਸ ਮੁਲਕ ਦਾ ਹਿੱਸਾ ਹੈ ਪਰ ‘ਗੈਰ-ਹਿੰਦੂ’ ਹੋਣ ਕਰਕੇ ਸਮੇਤ ਅਨੁਪਮ ਖੇਰ ਵਰਗੇ ਹਿੰਦੂਤਵੀ ਤੱਤਾਂ ਦੇ, ਸਭ ਹੱਥ ਧੋ ਕੇ ਉਸ ਦੇ ਪਿੱਛੇ ਪੈ ਗਏ ਅਤੇ ਉਸ ਨੂੰ ਹਿੰਦੁਸਤਾਨ ਛੱਡ ਕੇ ਚਲੇ ਜਾਣ ਦੀਆਂ ਧਮਕੀਆਂ ਤੱਕ ਦੇਣ ਲੱਗ ਪਏ। ਕਰਣ ਜੌਹਰ ਕਿਉਂਕਿ ‘ਮੇਨ ਸਟਰੀਮ’ ਹਿੰਦੂ ਧਰਮ ਨਾਲ ਸਬੰਧਤ ਹੈ, ਇਸ ਲਈ ਉਸ ਦੇ ਬਿਆਨ ‘ਤੇ ਆਮਿਰ ਖਾਨ ਵਾਂਗ ਪ੍ਰਤੀਕਰਮ ਨਹੀਂ ਹੋਇਆ। ਉਰਦੂ ਦੀ ਆਮ ਸਿੱਖਿਆ ਇਸ ਲਈ ਬੰਦ ਕਰ ਦਿੱਤੀ ਗਈ ਕਿ ਇਸ ਦਾ ਸਬੰਧ ਮੁਸਲਮਾਨਾਂ ਨਾਲ ਜੋੜ ਦਿੱਤਾ ਗਿਆ। ਭਾਸ਼ਾ ਦਾ ਸਬੰਧ ਧਰਮ ਨਾਲ ਨਹੀਂ ਹੁੰਦਾ, ਇਲਾਕੇ ਨਾਲ ਹੁੰਦਾ ਹੈ। ਇੱਕ ਇਲਾਕੇ ਜਾਂ ਰਾਜ ਦੇ ਲੋਕਾਂ ਦੀ ਬੋਲੀ ਇੱਕ ਹੁੰਦੀ ਹੈ। ਪੰਜਾਬ ਵਿਚ ਵੱਸਣ ਵਾਲੇ ਹਿੰਦੂ, ਸਿੱਖਾਂ ਅਤੇ ਮੁਸਲਮਾਨਾਂ- ਸਭ ਦੀ ਬੋਲੀ ਪੰਜਾਬੀ ਹੈ ਪਰ ਇਸ ਨੂੰ ਮਹਿਜ ਸਿੱਖਾਂ ਨਾਲ ਜੋੜ ਦਿੱਤਾ ਗਿਆ ਕਿ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਅਤੇ ਲਿਖਤ ਗੁਰਮੁਖੀ ਲਿਪੀ ਵਿਚ ਹੈ। ਪੰਜਾਬ ਦੀ ਮਹਾਸ਼ਾ ਪ੍ਰੈਸ ਨੇ ਹਮੇਸ਼ਾ ਪੰਜਾਬੀ ਦਾ ਵਿਰੋਧ ਕੀਤਾ ਅਤੇ ਜਲੰਧਰ, ਲੁਧਿਆਣੇ ਵਰਗੇ ਪੰਜਾਬ ਦੇ ਸ਼ਹਿਰਾਂ ਦੇ ਜੰਮਪਲ ਹਿੰਦੂਆਂ ਨੂੰ ਆਪਣੀ ਬੋਲੀ ਹਿੰਦੀ ਲਿਖਵਾਉਣ ਲਈ ਉਕਸਾਇਆ। ਕੱਟੜ ਹਿੰਦੂਤਵੀ ਤੱਤਾਂ ਨੇ ਪੰਜਾਬ ਦੀ ਹਰ ਜਾਇਜ਼ ਮੰਗ ਦਾ ਵਿਰੋਧ ਕੀਤਾ। ਜਿਹੜੇ ਲੋਕ ਆਪਣੀ ਮਾਂ ਨੂੰ ਮਾਂ ਮੰਨਣੋਂ ਹੀ ਮੁੱਕਰ ਜਾਣ, ਉਹ ਨਸਲਵਾਦੀ ਨਹੀਂ ਤਾਂ ਕੀ ਨੇ?
ਪੰਜਾਬ ਦੀ ਵੰਡ ਹੋਈ ਅਤੇ ਹਰਿਆਣਾ, ਹਿਮਾਚਲ ਹੋਂਦ ਵਿਚ ਆਏ। ਹਰਿਆਣੇ ਦੇ ਕੁਝ ਇਲਾਕੇ ਨਿਰੋਲ ਪੰਜਾਬੀ ਬੋਲਣ ਵਾਲੇ ਹਨ ਅਤੇ ਬਾਕੀ ਵੀ ਪੰਜਾਬੀ ਦੇ ਜ਼ਿਆਦਾ ਨੇੜੇ ਹਨ ਪਰ ਹਰਿਆਣਾ ਬਣਨ ‘ਤੇ ਪੰਜਾਬੀ ਨੂੰ ਉਸ ਦੀ ਦੂਸਰੀ ਭਾਸ਼ਾ ਦਾ ਦਰਜ਼ਾ ਦੇਣਾ ਮੁਨਾਸਿਬ ਨਹੀਂ ਸੀ ਸਮਝਿਆ ਗਿਆ।
ਵੋਟਾਂ ਦੀ ਰਾਜਨੀਤੀ ਨੇ ਭਾਰਤੀਆਂ ਦੀ ਨਸਲਵਾਦੀ ਮਾਨਸਿਕਤਾ ਨੂੰ ਹੋਰ ਪੱਕਿਆਂ ਕੀਤਾ ਹੈ। ਇੰਦਰਾ ਗਾਂਧੀ ਦੀ ਮੌਤ ‘ਤੇ ਜੋ ਕੁਝ ਪੰਜਾਬ ਤੋਂ ਬਾਹਰ ਸਿੱਖਾਂ ਨਾਲ ਵਾਪਰਿਆ, ਉਹ ਜੇ ਨਸਲਵਾਦ ਨਹੀਂ ਸੀ ਤਾਂ ਹੋਰ ਕੀ ਸੀ? ਸਾਡੀ ਪੁਲਿਸ ਅਤੇ ਰਾਜਤੰਤਰ ਨੇ ਵੀ ਨਸਲਵਾਦ ਦਾ ਪੂਰਨ ਪ੍ਰਗਟਾਵਾ ਕੀਤਾ। ਦਲਿਤਾਂ ਨਾਲ ਅੱਜ ਵੀ ਅਣਮਨੁੱਖੀ ਵਿਹਾਰ ਕੀਤਾ ਜਾਂਦਾ ਹੈ। ਸਿਰਫ ਆਮ ਲੋਕਾਂ ਵੱਲੋਂ ਹੀ ਨਹੀਂ, ਬਲਕਿ ਪੜ੍ਹੇ-ਲਿਖੇ ਯੂਨੀਵਰਸਿਟੀ-ਕਾਲਜਾਂ ਦੇ ਪ੍ਰੋਫੈਸਰ, ਪ੍ਰਿੰਸੀਪਲ, ਵਾਈਸ ਚਾਂਸਲਰ ਸਭ ਇਸ ਨਸਲਵਾਦੀ ਮਾਨਸਿਕਤਾ ਨਾਲ ਲਬਰੇਜ਼ ਹਨ।
ਭਾਜਪਾ ਦੇ ਨੁਮਾਇੰਦੇ ਨੇ ਸਦੀਆਂ ਪਹਿਲਾਂ ਆਏ ਪਾਰਸੀਆਂ ਅਤੇ ਯਹੂਦੀਆਂ ਦੀ ਗੱਲ ਕੀਤੀ ਹੈ ਕਿ ਉਹ ਭਾਰਤੀ ਸਮਾਜ ਦਾ ਸਤਿਕਾਰ ਯੋਗ ਹਿੱਸਾ ਹਨ। ਬਾਹਰੋਂ ਆਏ ਉਨ੍ਹਾਂ ਵਰਗੇ ਪਰਵਾਸੀਆਂ ਦੀ ਹੀ ਇੱਕ ਹੋਰ ਮਿਸਾਲ ਕਾਇਮ ਹੈ। ਜ਼ਰਾ ਉਸ ਨੂੰ ਵੀ ਵੇਖ ਲੈਣਾ, ਜਿਸ ਦਾ ਸ਼ਾਇਦ ਬਹੁਤਿਆਂ ਨੂੰ ਪਤਾ ਵੀ ਨਾ ਹੋਵੇ। ਹੈਦਰਾਬਾਦ ਤੋਂ ਕਰੀਬ ਅੱਠ ਕੁ ਸੌ ਕਿਲੋਮੀਟਰ ਦੀ ਦੂਰੀ ‘ਤੇ ਕਰਨਾਟਕ ਦੇ ਜੰਗਲਾਂ ਵਿਚ ਛੋਟੇ ਛੋਟੇ ਪਿੰਡ ਵਸਾ ਕੇ ਪੰਜਾਹ ਕੁ ਹਜ਼ਾਰ ਸਿੱਡੀਜ ਅਫਰੀਕਨ ਕਬੀਲੇ ਦੇ ਲੋਕ ਭਾਰਤ ਵਿਚ ਵਸੇ ਹੋਏ ਹਨ ਜਿਨ੍ਹਾਂ ਦੇ ਪੁਰਖਿਆਂ ਨੂੰ ਸ਼ਾਇਦ ਗੁਲਾਮਾਂ ਦੇ ਵਪਾਰ ਦੇ ਸਮਿਆਂ ਵਿਚ ਅਰਬਾਂ ਅਤੇ ਅੰਗਰੇਜਾਂ ਵੱਲੋਂ ਇੱਥੇ ਲਿਆਂਦਾ ਗਿਆ ਸੀ। ਇਹ ਕਰਨਾਟਕ ਦੇ ਜੰਗਲਾਂ ਵਿਚ ਕਟੋਲੀ, ਧਰਾਂਗਾਧਾਰਾ ਆਦਿ ਪਿੰਡਾਂ ਵਿਚ ਵਸੇ ਹੋਏ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁਰਖਿਆਂ ਦਾ ਸਬੰਧ ਆਮ ਤੌਰ ‘ਤੇ ਕਾਂਗੋ ਅਤੇ ਕੇਨੀਆ ਨਾਲ ਮੰਨਿਆ ਜਾਂਦਾ ਹੈ। ਉਹ ਛੋਟੀ ਮੋਟੀ ਮਜ਼ਦੂਰੀ ਅਤੇ ਖੇਤੀ ਤੋਂ ਆਪਣਾ ਗੁਜ਼ਾਰਾ ਕਰਦੇ ਹਨ। ਸੋਸ਼ਲ ਮੀਡੀਆ ‘ਤੇ ਨਸ਼ਰ ਕੀਤੇ ਗਏ ਉਨ੍ਹਾਂ ਦੇ ਵਾਰਤਾਲਾਪ ਅਨੁਸਾਰ ਉਹ ਆਮ ਭਾਰਤੀ ਸਮਾਜ ਤੋਂ ਅਲੱਗ ਅਤੇ ਦੂਰ ਗਰੀਬੀ ਵਿਚ ਬਿਨਾਂ ਆਧੁਨਿਕ ਸਹੂਲਤਾਂ ਦੇ ਜੀਵਨ ਬਸਰ ਕਰ ਰਹੇ ਹਨ। ਜਦੋਂ ਉਹ ਸਿੱਖਿਆ ਲਈ ਜਾਂ ਹੋਰ ਕਿਸੇ ਵੀ ਸਬੰਧ ਵਿਚ ਦੂਸਰੇ ਭਾਰਤੀਆਂ ਦੇ ਸੰਪਰਕ ਵਿਚ ਆਉਂਦੇ ਹਨ ਤਾਂ ਉਨ੍ਹਾਂ ਨਾਲ ਦਲਿਤਾਂ ਵਾਲਾ ਹੀ ਸਲੂਕ ਕੀਤਾ ਜਾਂਦਾ ਹੈ। ਇਸ ਦਾ ਕਾਰਨ ਇਹ ਹੀ ਨਜ਼ਰ ਆਉਂਦਾ ਹੈ ਕਿ ਉਹ ਪਾਰਸੀਆਂ ਅਤੇ ਯਹੂਦੀਆਂ ਵਾਂਗ ਗੋਰੇ ਰੰਗ ਦੇ ਨਹੀਂ ਹਨ। ਭਾਜਪਾ ਨੁਮਾਇੰਦੇ ਦਾ ਇਹ ਕਹਿਣਾ ਕਿ ਭਾਰਤੀ ਸਮਾਜ ਦੀ ਵੰਡ ਦਰਾਵੜ ਅਤੇ ਆਰੀਅਨ ਨਸਲੀ ਵਖਰੇਵੇਂ ਅਨੁਸਾਰ ਨਹੀਂ ਹੋਈ, ਸਰਾਸਰ ਗਲਤ ਹੈ ਜਦ ਕਿ ਹਿੰਦੂ ਸ਼ਾਸਤਰਾਂ ਵਿਚ ਇਸ ਦਾ ਸਪੱਸ਼ਟ ਉਲੇਖ ਮਿਲਦਾ ਹੈ।
ਮੈਨੂੰ ਦੋ ਵਾਰ ਤਾਮਿਲਨਾਡੂ ਦੀਆਂ ਦੋ ਯੂਨੀਵਰਸਿਟੀਆਂ ਚੇਨੱਈ ਅਤੇ ਮਦੁਰਾਏ ਵਿਚ ਜਾਣ ਦਾ ਮੌਕਾ ਮਿਲਿਆ। ਚੇਨੱਈ ਦਾ ਤਾਂ ਸਿਰਫ ਆਲਾ-ਦੁਆਲਾ ਅਤੇ ਬੀਚ ਹੀ ਦੇਖਿਆ ਪਰ 2004 ਵਿਚ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਾ ਵਰ੍ਹਾ ਮਨਾਇਆ ਗਿਆ ਤਾਂ ਮਦੁਰਾਏ ਯੂਨੀਵਰਸਿਟੀ ਵਿਚ ਸਥਾਪਤ ਗੁਰੂ ਨਾਨਕ ਚੇਅਰ ਵੱਲੋਂ ਕੀਤੇ ਗਏ ਸੈਮੀਨਾਰ ਸਮੇਂ ਧੁਰ ਰਾਮੇਸ਼ਵਰਮ ਤੱਕ ਤਾਮਿਲਨਾਡੂ ਦੇ ਕਈ ਮੰਦਰਾਂ ਨੂੰ ਦੇਖਣ ਦਾ ਮੌਕਾ ਮਿਲਿਆ। ਜੋ ਖਾਸ ਗੱਲ ਨਜ਼ਰ ਆਈ, ਉਹ ਸੀ, ਆਮ ਦੱਖਣੀ ਲੋਕਾਂ ਦਾ ਰੰਗ ਸਾਂਵਲਾ ਹੈ ਪਰ ਵੱਡੇ ਵੱਡੇ ਸਭ ਮੰਦਰਾਂ ਦੇ ਪੁਜਾਰੀ, ਸਮੇਤ ਰਾਮੇਸ਼ਵਰਮ ਦੇ ਕਾਫੀ ਗੋਰੇ ਰੰਗ ਦੇ ਹਨ। ਇਸ ਤੱਥ ਨੇ ਮੇਰੇ ਅੰਦਰ ਪ੍ਰਸ਼ਨ ਪੈਦਾ ਕੀਤੇ ਅਤੇ ਸ਼ਾਇਦ ਪੰਜਾਬ ਦੀਆਂ ਯੂਨੀਵਰਸਿਟੀਆਂ ਤੋਂ ਗਏ ਹੋਰ ਪ੍ਰੋਫੈਸਰਾਂ ਦੇ ਮਨ ਵਿਚ ਵੀ ਆਏ ਹੋਣ। ਰਾਮੇਸ਼ਵਰਮ ਤੋਂ ਵਾਪਸੀ ‘ਤੇ ਮੈਂ ਸਾਡੇ ਗਰੁਪ ਨਾਲ ਗਏ ਇੱਕ ਪ੍ਰੋਫੈਸਰ ਤੋਂ ਝਕਦਿਆਂ ਝਕਦਿਆਂ ਪੁੱਛ ਹੀ ਲਿਆ ਕਿ ਇਸ ਦੀ ਕੀ ਵਜ੍ਹਾ ਹੈ ਕਿ ਹਰ ਵੱਡੇ ਮੰਦਰ ਦਾ ਪੁਜਾਰੀ ਗੋਰੇ ਰੰਗ ਦਾ ਹੈ? (ਤਾਮਿਲਨਾਡੂ ਵਿਚ ਕਿਲਿਆਂ ਵਰਗੇ ਵੱਡੇ ਵੱਡੇ ਮੰਦਰ ਉਸਰੇ ਹੋਏ ਹਨ ਅਤੇ ਉਨ੍ਹਾਂ ਦੀ ਉਸਾਰੀ ਕਮਾਲ ਦੀ ਹੈ)। ਉਸ ਪ੍ਰੋਫੈਸਰ ਦਾ ਕਹਿਣਾ ਸੀ ਕਿ ਜਦੋਂ ਆਰੀਆ ਦੱਖਣ ਵਿਚ ਆਏ ਤਾਂ ਉਹ ਆਪਣੇ ‘ਬ੍ਰਾਹਮਣ’ ਪੁਜਾਰੀਆਂ ਨੂੰ ਵੀ ਨਾਲ ਲੈ ਕੇ ਆਏ, ਇਸ ਲਈ ਇਹ ਗੋਰੇ ਰੰਗ ਦੇ ਹਨ। (ਉਨ੍ਹਾਂ ਦਾ ਕਿੱਤਾ ਪੁਸ਼ਤੈਨੀ ਹੈ)। ਸਵਾਲ ਹੈ ਕਿ ਕੀ ਉਹ ਪੁਜਾਰੀ ਭੂਮੱਧ ਰੇਖਾ ਦੇ ਨੇੜੇ ਨਹੀਂ ਰਹਿੰਦੇ?
ਨਾਇਜੀਰੀਆ, ਕਾਂਗੋ ਅਤੇ ਹੋਰ ਅਫਰੀਕਨ ਮੁਲਕਾਂ ਤੋਂ ਬਹੁਤ ਸਾਰੇ ਵਿਦਿਆਰਥੀ ਦਿੱਲੀ ਅਤੇ ਦੂਸਰੇ ਵੱਡੇ ਸ਼ਹਿਰਾਂ ਵਿਚ ਪੜ੍ਹਨ ਆਉਂਦੇ ਹਨ। ਬਹੁਤ ਸਾਰਿਆਂ ਦੇ ਬਿਆਨ ਤੁਸੀਂ ਇੰਟਰਨੈਟ ‘ਤੇ ਦੇਖ ਸਕਦੇ ਹੋ। ਸਭ ਦੇ ਤਜਰਬੇ ਇਹੀ ਦੱਸਦੇ ਹਨ ਕਿ ਉਨ੍ਹਾਂ ਨੂੰ ਆਮ ਲੋਕਾਂ ਵੱਲੋਂ ਗਲੀਆਂ ਵਿਚ ਹੀ ਨਹੀਂ ਬਲਕਿ ਵਿੱਦਿਅਕ ਅਦਾਰਿਆਂ, ਬੈਂਕਾਂ ਅਤੇ ਹੋਰ ਜਨਤਕ ਥਾਂਵਾਂ ‘ਤੇ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਕ ਪੀæਐਚæਡੀ ਡਾਕਟਰ, ਜੋ ਦਿੱਲੀ ਯੂਨੀਵਰਸਿਟੀ ਵਿਚ ਪੜ੍ਹਿਆ ਹੈ, ਨੇ ਲਿਖਿਆ ਹੈ ਕਿ ਉਸ ਦਾ ਸਾਥੀ ਅਤੇ ਦੋਸਤ ‘ਗੋਰਾ’ ਹੈ, ਜਿਸ ਨੂੰ ਜੇ ਉਹ ਇਕੱਠੇ ਕਿਸੇ ਕੰਮ ਜਾਣ ਤਾਂ ਅਧਿਕਾਰੀ ਕੁਰਸੀ ਤੱਕ ਛੱਡ ਦਿੰਦੇ ਹਨ ਪਰ ਉਸ ਨੂੰ ਕੁਰਸੀ ਛੱਡਣੀ ਤਾਂ ਇੱਕ ਪਾਸੇ ਬਲਕਿ ਨਫ਼ਰਤ ਨਾਲ ਦੇਖਦੇ ਹਨ। ਕਰੀਬ ਸਾਰਿਆਂ ਨੇ ਹੀ ਭੱਦੀ ਭਾਸ਼ਾ ਵਰਤੀ ਜਾਣ ਅਤੇ ਕਿਰਾਏ ‘ਤੇ ਮਕਾਨ ਨਾ ਮਿਲਣ ਦਾ ਜ਼ਿਕਰ ਕੀਤਾ ਹੈ। ਇੱਕ ਅਫਰੀਕਨ ਜੋ ਮੁੰਬਈ ਦਾ ਵਾਸੀ ਹੈ ਅਤੇ ਜਿਸ ਨੇ ਭਾਰਤੀ ਕੁੜੀ ਨਾਲ ਵਿਆਹ ਕਰਵਾਇਆ ਹੈ, ਦਾ ਕਹਿਣਾ ਹੈ ਕਿ ਉਸ ਨੂੰ ਆਪਣੀ ਪਤਨੀ ਕਾਰਨ ਮਕਾਨ ਲੱਭਣ ਦੀ ਦਿੱਕਤ ਨਹੀਂ ਆਉਂਦੀ ਪਰ ਹੋਰ ਕਈ ਕੁਝ ਸਹਿਣਾ ਪੈਂਦਾ ਹੈ। ਉਸ ਦੀ ਪਤਨੀ ਦਾ ਕਹਿਣਾ ਸੀ ਕਿ ਮੇਰੇ ਪਰਿਵਾਰ ਨੂੰ ਮੇਰੇ ਵਿਆਹ ਦੀ ਕੋਈ ਸਮੱਸਿਆ ਨਹੀਂ ਪਰ ਰਿਸ਼ਤੇਦਾਰਾਂ ਨੂੰ ਹੈ। ਆਮ ਲੋਕ ਮੇਰੇ ਨਾਲ ਮੇਰੇ ਪਤੀ ਨੂੰ ਦੇਖ ਕੇ ਇਉਂ ਸਮਝਦੇ ਹਨ ਜਿਵੇਂ ਮੈਂ ਕਿਸੇ ਬਹੁਤ ਹੀ ਘਟੀਆ ਖਾਨਦਾਨ ਤੋਂ ਹੋਵਾਂ, ਇੱਥੋਂ ਤੱਕ ਕਿ ਸ਼ਾਇਦ ‘ਪੇਸ਼ਾ’ ਕਰਨ ਵਾਲੀ ਹੋਵਾਂ। ਇਹ ਹੈ ‘ਮੇਰਾ ਭਾਰਤ ਮਹਾਨ!’