ਨਲਾਇਕ ਪੁੱਤ ਤੇ ਖ਼ਤਰਨਾਕ ਸ਼ਹਿਰੀ

ਐਮਰਜੈਂਸੀ ਅਤੇ ‘ਕੱਖ-ਕਾਨਾਂ’ ਦੀ ਵਾਰੀ-11
‘ਐਮਰਜੈਂਸੀ ਤੇ ਕੱਖ-ਕਾਨਾਂ ਦੀ ਵਾਰੀ’ ਲੇਖ ਲੜੀ ਵਿਚ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਐਮਰਜੈਂਸੀ ਨਾਲ ਜੁੜੀਆਂ ਯਾਦਾਂ ਦਾ ਵਰਕਾ ਫਰੋਲਿਆ ਹੈ। ਉਹ ਅਜਿਹਾ ਵਕਤ ਸੀ ਜਦੋਂ ਵਿਰੋਧ ਦੀ ਹਰ ਆਵਾਜ਼ ਨੂੰ ਬੰਦ ਕਰਨ ਦਾ ਹੀਲਾ ਕੇਂਦਰ ਸਰਕਾਰ ਨੇ ਕੀਤਾ ਸੀ। ਬਹੁਤ ਸਾਰੇ ਆਗੂਆਂ, ਪੱਤਰਕਾਰਾਂ, ਲੇਖਕਾਂ ਤੇ ਬੁੱਧੀਜੀਵੀਆਂ ਉਤੇ ਵੱਖ-ਵੱਖ ਕੇਸ ਪਾ ਕੇ ਉਨ੍ਹਾਂ ਨੂੰ ਜੇਲ੍ਹਾਂ ਅੰਦਰ ਡੱਕ ਦਿੱਤਾ ਗਿਆ। ਵਰਿਆਮ ਸਿੰਘ ਸੰਧੂ ਨੇ ਇਸ ਲੰਮੀ ਲੇਖ ਲੜੀ ਵਿਚ ਇਸ ਜੇਲ੍ਹ ਯਾਤਰਾ ਦੇ ਹਵਾਲੇ ਨਾਲ ਆਪਣੇ ਸਮਾਜ ਅਤੇ ਸਿਸਟਮ ਬਾਰੇ ਸਾਰਥਕ ਟਿੱਪਣੀਆਂ ਕੀਤੀਆਂ ਹਨ।

ਇਨ੍ਹਾਂ ਟਿੱਪਣੀਆਂ ਵਿਚ ਬਤੌਰ ਲੇਖਕ ਉਨ੍ਹਾਂ ਅਵਾਮ ਦੇ ਸਰੋਕਾਰ ਸਾਂਝੇ ਕੀਤੇ ਹਨ। ਐਤਕੀਂ ‘ਨਲਾਇਕ ਪੁੱਤ ਤੇ ਖ਼ਤਰਨਾਕ ਸ਼ਹਿਰੀ’ ਵਿਚ ਲੇਖਕ ਨੇ ਆਮ ਲੋਕਾਂ ਦੀ ਜੁਝਾਰੂ ਜਿਊੜਿਆਂ ਪ੍ਰਤੀ ਪੇਤਲੀ ਸਮਝ ਦੀਆਂ ਬਾਤਾਂ ਪਾਈਆਂ ਹਨ। -ਸੰਪਾਦਕ

ਵਰਿਆਮ ਸਿੰਘ ਸੰਧੂ
ਫੋਨ: 416-918-5212
ਮੇਰੀ ਪਹਿਲੀ ਬੱਚੀ ਅਜੇ ਕੁਝ ਕੁ ਦਿਨਾਂ ਦੀ ਹੀ ਸੀ ਜਦੋਂ ਮੈਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਛਿਲੇ ਦੇ ਦਿਨਾਂ ਵਿਚ ਹੀ ਮੇਰੀ ਪਤਨੀ ਨੂੰ ਮੇਰੇ ਪਿੱਛੇ ਰੁਲਦੀ ਵੇਖ ਕੇ, ਮੇਰੇ ਰੋਕਣ ਦੇ ਬਾਵਜੂਦ, ਮੇਰੇ ਰਿਸ਼ਤੇ ‘ਚ ਲੱਗਦੇ ਭਰਾ ਅਜਾਇਬ ਸਿੰਘ ਸੰਧੂ ਨੇ ਮੇਰੀ ਭਾਰੀ ਜ਼ਮਾਨਤ ਦਿਵਾ ਕੇ ਮੈਨੂੰ ਛੁਡਾ ਲਿਆ। ਬਾਹਰ ਆਉਣ ਤੋਂ ਬਾਅਦ ਉਹੋ ਗੱਲ ਹੋਈ ਜਿਸ ਦਾ ਮੈਨੂੰ ਪਹਿਲਾਂ ਹੀ ਅੰਦੇਸ਼ਾ ਸੀ। ਰਿਹਾਈ ਤੋਂ ਬਾਅਦ ਉਸੇ ਮੁਕੱਦਮੇ ਦੀ ਤਰੀਕ ਭੁਗਤਣ ਗਏ ਨੂੰ ਹੀ ਮੈਨੂੰ ਪੱਟੀ ਕਚਹਿਰੀਆਂ ਵਿਚੋਂ ਮੁੜ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਵਾਰੀ ਪੁਲਿਸ ਬਿਆਸ ਥਾਣੇ ਦੀ ਸੀ। ਕਚਹਿਰੀਆਂ ਪਿੱਛੇ ਸਫ਼ੈਦਿਆਂ ਓਹਲੇ ਖਲੋਤੇ ਟਰੱਕ ਵਿਚ ਬਿਠਾ ਕੇ ਪੁਲਿਸ ਵਾਲੇ ਮੈਨੂੰ ਬਿਆਸ ਲੈ ਗਏ। ਮੇਰੇ ‘ਤੇ ‘ਡੀ ਆਈ ਆਰ’ ਲਾ ਕੇ ਇੰਟੈਰੋਗੇਸ਼ਨ ਸੈਂਟਰ ਭੇਜ ਦਿੱਤਾ।
ਇੰਟੈਰੋਗੇਸ਼ਨ ਸੈਂਟਰ ਤੋਂ ਮੁਕਤ ਹੋ ਕੇ ਅੰਮ੍ਰਿਤਸਰ ਦੀ ਸੈਂਟਰਲ ਜੇਲ੍ਹ ਵਿਚ ਪੁੱਜਦਿਆਂ ਹੀ ਜੇਲ੍ਹ ਵਿਚ ਬੰਦ ਮੇਰੇ ਹਮਦਰਦਾਂ ਨੂੰ ਮੇਰੀ ਆਮਦ ਦਾ ਪਤਾ ਲੱਗ ਗਿਆ ਸੀ। ਉਹ ਜੇਲ੍ਹ ਵਿਚ ਬਣੇ ਆਪਣੇ ਰਸੂਖ਼ ਸਦਕਾ ਤੁਰਤ ਮੈਨੂੰ ਜੇਲ੍ਹ ਦੇ ਚੱਕਰ ‘ਤੇ ਮਿਲਣ ਲਈ ਆਣ ਪਹੁੰਚੇ। ਉਨ੍ਹਾਂ ਵਿਚ ਸਾਡੇ ਇਲਾਕੇ ਦੇ ਮੇਰੇ ਜਾਣੂ ਕੁਝ ਇਨਕਲਾਬੀ ਕਾਰਕੁਨ ਵੀ ਸਨ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਕੁਝ ਜਾਣੂ ਸਾਥੀ ਵੀ। ਇੰਟੈਰੋਗੇਸ਼ਨ ਸੈਂਟਰ ਵਿਚੋਂ ਆਇਆ ਹੋਣ ਕਾਰਨ ਸਭ ਮੇਰੀ ਸਿਹਤ ਬਾਰੇ ਫ਼ਿਕਰਮੰਦ ਸਨ।
ਮੇਰੇ ਨਾਲ ਹੀ ਪਹਿਲੇ ਮੁਕੱਦਮੇ ਵਿਚ ਗ੍ਰਿਫ਼ਤਾਰ ਕੀਤੇ ਗਏ ਰਘਬੀਰ ਨੂੰ ਵੀ ਸਬ-ਜੇਲ੍ਹ ਪੱਟੀ ਤੋਂ ਇੱਥੇ ਤਬਦੀਲ ਕਰ ਦਿੱਤਾ ਗਿਆ ਸੀ।
“ਮੈਂ ਪਹਿਲਾਂ ਹੀ ਕਹਿੰਦਾ ਸਾਂ ਕਿ ਭਾ ਜੀ ਦਾ ਸਰੀਰ ਤਾਂ ਅੱਗੇ ਹੀ ਮਲੂਕੜਾ ਜਿਹਾ!” ਰਘਬੀਰ ਨੇ ਕਿਹਾ।
ਮਿਲਣ ਆਉਣ ਵਾਲਿਆਂ ਵਿਚ ਬਿਜਲੀ ਬੋਰਡ ਵਾਲਾ ਬਲਬੀਰ ਵੀ ਸੀ ਜਿਸ ਦੀ ‘ਕਿਰਪਾ ਨਾਲ’ ਮੈਂ ਉਨ੍ਹਾਂ ਦੇ ਰੂ-ਬ-ਰੂ ਖਲੋਤਾ ਸਾਂ। ਬਲਬੀਰ ਨੇ ਮੈਨੂੰ ਜੱਫੀ ਪਾਉਂਦਿਆਂ ਹੌਲੀ ਜਿਹੀ ਮੇਰੇ ਕੰਨ ਵਿਚ ਖੁਸਰ-ਫੁਸਰ ਕੀਤੀ, “ਭਾ ਜੀ, ਮੈਨੂੰ ਬੜੀ ਨਮੋਸ਼ੀ ਹੋ ਰਹੀ ਏ। ਏਨਾ ਕੁ ਤਾਂ ਮੈਨੂੰ ਮਾਰੀ ਦਿਆਂ ਦੱਸਣਾ ਪੈ ਗਿਆ। ਮੈਨੂੰ ਬੜਾ ਅਫ਼ਸੋਸ ਹੈ।” ਉਹ ਸ਼ਰਮਿੰਦਾ ਸੀ ਕਿ ਮੈਨੂੰ ਉਸ ਦੇ ਬਿਆਨਾਂ ਕਾਰਨ ਹੀ ‘ਕੁੰਭੀ ਨਰਕ’ ਵਿਚੋਂ ਲੰਘਣਾ ਪਿਆ ਸੀ।
“ਭਰਾਵਾ! ਤੇਰੀ ਤਾਂ ਸਗੋਂ ਮਿਹਰਬਾਨੀ ਏ ਕਿ ਤੂੰ ਮੈਨੂੰ ਆਪਣੇ ਵੱਲੋਂ ਦਿੱਤੇ ਬਿਆਨਾਂ ਬਾਰੇ ਪਹਿਲਾਂ ਦੱਸ ਦਿੱਤਾ। ਤੇਰੇ ਬਿਆਨਾਂ ਦੀ ਪੂਛ ਫੜ ਕੇ ਤਾਂ ਸਗੋਂ ਮੈਂ ਨਿਸਬਤਨ ਅਸਾਨੀ ਨਾਲ ਭਵ-ਸਾਗਰ ਪਾਰ ਕਰ ਆਇਆਂ। ਨਹੀਂ ਤਾਂ ਪਤਾ ਨਹੀਂ ਅਗਲੇ ਮੇਰਾ ਕੀ ਹਾਲ ਕਰਦੇ।” ਮੈਂ ਉਹਨੂੰ ਮੋਹ ਨਾਲ ਗਲਵੱਕੜੀ ਵਿਚ ਘੁੱਟ ਲਿਆ ਤੇ ਇੰਟੈਰੋਗੇਸ਼ਨ ਸੈਂਟਰ ਅੰਦਰਲੇ ਨਰਕ ਦੀ ਕਹਾਣੀ ਦਾ ਬਿਆਨ ਅਗਲੀ ਮਿਲਣੀ ਤੱਕ ਮੁਲਤਵੀ ਕਰ ਦਿੱਤਾ।
ਉਸ ਦਿਨ ਜੇਲ੍ਹ ਵਿਚ ਆਏ ਨਵੇਂ ਹਵਾਲਾਤੀਆਂ ਨੂੰ, ਉਨ੍ਹਾਂ ਦੇ ਵੇਰਵੇ ਜੇਲ੍ਹ-ਰਿਕਾਰਡ ਵਿਚ ਦਰਜ ਕਰਨ ਤੋਂ ਬਾਅਦ ਰਾਤ ਨੂੰ ਅਲੱਗ ਠਹਿਰਾਇਆ ਗਿਆ। ਪੰਦਰਾਂ-ਵੀਹ ਆਦਮੀ ਹੋਣਗੇ। ਆਪਸ ਵਿਚ ਕੋਈ ਵੀ ਸਾਂਝ ਨਾ ਹੋਣ ਦੇ ਬਾਵਜੂਦ ਉਹ ਗੱਲਾਂ ਕਰਨ ਲੱਗੇ। ਮੈਂ ਕੰਬਲ ਉਤੇ ਲੈ ਕੇ ਲੰਮਾ ਪੈ ਗਿਆ।
ਅਚਨਚੇਤ ਮੇਰਾ ਧਿਆਨ ਇਕ ਦ੍ਰਿਸ਼ ਵੱਲ ਪਰਤਿਆ। ਮੈਂ ਦੋ ਪੁਲਸੀਆਂ ਨਾਲ ਆਪਣੇ ਪਿੰਡ ਦੇ ਬਾਜ਼ਾਰ ਵਿਚੋਂ ਲੰਘ ਰਿਹਾ ਸਾਂ। ਦੁਕਾਨਾਂ ਵਿਚ ਬੈਠੇ ਦੁਕਾਨਦਾਰ ਅਤੇ ਗਾਹਕ ਮੇਰੇ ਵੱਲ ਹੈਰਾਨੀ ਭਰੀਆਂ ਨਜ਼ਰਾਂ ਨਾਲ ਵੇਖ ਰਹੇ ਸਨ। ਉਨ੍ਹਾਂ ਦੀਆਂ ਨਜ਼ਰਾਂ ਵਿਚਲੇ ਸਵਾਲ ਪੜ੍ਹ ਕੇ ਮੈਂ ਪਰੇਸ਼ਾਨ ਹੋ ਗਿਆ ਸਾਂ।
ਕਿਸੇ ਨੂੰ ਪੁਲਿਸ ਵੱਲੋਂ ਫੜ ਕੇ ਲੈ ਜਾਣਾ ਸਾਡੇ ਸਮਾਜ ਵਿਚ ਚੰਗਾ ਨਹੀਂ ਸਮਝਿਆ ਜਾਂਦਾ। ਖ਼ਾਨਦਾਨੀ ਵਡਿਆਈ ਦਾ ਜ਼ਿਕਰ ਕਰਨ ਵਾਲੇ ਲੋਕ ਅਕਸਰ ਮਾਣ ਨਾਲ ਦੱਸਦੇ ਹਨ ਕਿ ਉਨ੍ਹਾਂ ਦੇ ਟੱਬਰ ਦੇ ਕਿਸੇ ਜੀਅ ਨੇ ਅੱਜ ਤੱਕ ਥਾਣੇ ਦਾ ‘ਮੂੰਹ’ ਨਹੀਂ ਵੇਖਿਆ। ਮੈਨੂੰ ਪੁਲਸੀਆਂ ਨਾਲ ਜਾਂਦਾ ਵੇਖ ਕੇ ਕੀ ਮੇਰੇ ਪਿੰਡ ਦੇ ਲੋਕ ਮੈਨੂੰ ਤੇ ਮੇਰੀਆਂ ਗਤੀਵਿਧੀਆਂ ਨੂੰ ਆਮ ਲੋਕਾਂ ਦੀ ਨਜ਼ਰ ਨਾਲ ਹੀ ਵੇਖ ਰਹੇ ਸਨ ਜਾਂ ਕੁਝ ਨਖੇੜ ਕੇ ਵੇਖਦੇ ਸਨ! ਮੋਗਾ ਐਜੀਟੇਸ਼ਨ ਵਿਚ ਗ੍ਰਿਫ਼ਤਾਰ ਹੋਣ ਤੋਂ ਬਾਅਦ ਜਦੋਂ ਬਾਹਰ ਆਉਣ ਤੋਂ ਕੁਝ ਦਿਨਾਂ ਬਾਅਦ ਹੀ ਮੇਰੇ ਪਿਤਾ ਦੀ ਮੌਤ ਹੋ ਗਈ ਸੀ ਤਾਂ ਮੇਰੀ ਭੈਣ ਦੀ ਕਿਸੇ ਸਹੇਲੀ ਨੇ ਉਸ ਨਾਲ ਪਿਤਾ ਦੀ ਮੌਤ ਦਾ ਅਫ਼ਸੋਸ ਕਰਦਿਆਂ ਕਿਹਾ ਸੀ, “ਵੇਖ ਲੈ ਭੈਣੇਂ ਕੁਦਰਤ ਦੇ ਰੰਗ! ਇਹ ਕੋਈ ਉਮਰ ਸੀ ਚਾਚੇ ਦੇ ਜਾਣ ਦੀ। ਉਹਦੇ ਪਿੱਛੋਂ ਵਿਚਾਰੇ ਛੋਟੇ ਵੀਰ ਦੇ ਸਿਰ ‘ਤੇ ਸਾਰੇ ਟੱਬਰ ਦਾ ਭਾਰ ਪੈ ਗਿਆ। ਵੱਡਾ ਵੀਰ ਤਾਂ ਮੈਂ ਸੁਣਿਐਂ, ਉਂਜ ਈ ਨਲਾਇਕ ਨਿਕਲਿਆ।”
ਇਹ ‘ਵੱਡਾ ਵੀਰ’ ਮੈਂ ਹੀ ਸਾਂ।
ਫਿਰ ਮੈਨੂੰ ਮੇਰੇ ਪਿੰਡ ਦਾ ਸੀ ਪੀ ਆਈ ਦਾ ਮੁਲਾਜ਼ਮ ਆਗੂ ਬੋਲਦਾ ਸੁਣਿਆਂ ਜਿਹੜਾ ਮੇਰੇ ਨਾਲ ਮੁਲਾਕਾਤ ਕਰਨ ਆਉਂਦੇ ਮੇਰੇ ਸਨੇਹੀਆਂ ਨੂੰ ਕਹਿ ਰਿਹਾ ਸੀ, “ਤੁਸੀਂ ਉਹਨੂੰ ਮਿਲਣ ਤਾਂ ਚੱਲੇ ਓ ਪਰ ਉਹ ਤਾਂ ਨਿਰੀ ਛੂਤ ਦੀ ਬਿਮਾਰੀ ਏ। ਅਗਲੇ ਉਹਨੂੰ ਮਿਲਣ ਵਾਲਿਆਂ ਦਾ ਰਿਕਾਰਡ ਰੱਖਦੇ ਨੇ ਤੇ ਰੋਜ਼ ਦੇ ਰੋਜ਼ ਉਤੇ ਘੱਲਦੇ ਨੇ। ਉਹਦੇ ਨਾਲ ਲੱਗ ਕੇ ਕੱਲ੍ਹ ਨੂੰ ਤੁਸੀਂ ਵੀ ਫਸ ਸਕਦੇ ਓ।”
ਪਤਾ ਨਾ ਲੱਗਾ ਕਦੋਂ ਮੇਰੀ ਸੋਚ ਤਿਲਕ ਕੇ ਡੇਢ ਦਹਾਕਾ ਪਿੱਛੇ ਪਰਤ ਗਈ। ਮੈਂ ਦਸਵੀਂ ਦਾ ਇਮਤਿਹਾਨ ਦੇ ਕੇ ਹਟਿਆ ਸਾਂ। ਇਹ 1961 ਦਾ ਸਾਲ ਸੀ। ਇਨ੍ਹਾਂ ਦਿਨਾਂ ਵਿਚ ਨਾਨਕ ਸਿੰਘ ਦਾ ਨਵਾਂ ਛਪਿਆ ਨਾਵਲ ‘ਇੱਕ ਮਿਆਨ ਦੋ ਤਲਵਾਰਾਂ’ ਪੜ੍ਹ ਕੇ ਹਟਿਆ ਤਾਂ ਮੇਰਾ ਸਿਰ ਮਾਣ ਨਾਲ ਉਚਾ ਹੋ ਗਿਆ ਕਿ ਦੇਸ਼ ਦੀ ਆਜ਼ਾਦੀ ਲਈ ਚੱਲੀ ‘ਗ਼ਦਰ ਲਹਿਰ’ ਵਿਚ ਮੇਰੇ ਪਿੰਡ ‘ਸੁਰ ਸਿੰਘ’ ਦਾ ਨੁਮਾਇਆ ਹਿੱਸਾ ਸੀ। ਇਸ ਪਿੰਡ ਨੂੰ ‘ਗ਼ਦਰੀਆਂ ਦੀ ਰਾਜਧਾਨੀ’ ਕਹਿ ਕੇ ਵਡਿਆਇਆ ਜਾਂਦਾ ਸੀ। ਇਸ ਪਿੰਡ ਦੇ ਦਰਜਨ ਤੋਂ ਉਤੇ ਦੇਸ਼ ਭਗਤਾਂ ਨੂੰ ਉਮਰ ਕੈਦ, ਕਾਲੇ ਪਾਣੀ ਤੇ ਜਾਇਦਾਦ ਜ਼ਬਤੀ ਦੀ ਸਜ਼ਾ ਹੋਈ ਸੀ। ਜਗਤ ਸਿੰਘ ਤੇ ਪ੍ਰੇਮ ਸਿੰਘ, ਦੋ ਦੇਸ਼ ਭਗਤਾਂ ਨੂੰ ਫ਼ਾਂਸੀ ਦੀ ਸਜ਼ਾ ਹੋਈ ਸੀ। ਜਗਤ ਸਿੰਘ ਪਹਿਲੇ ਲਾਹੌਰ ਸਾਜ਼ਿਸ਼ ਕੇਸ ਵਿਚ ਕਰਤਾਰ ਸਿੰਘ ਸਰਾਭੇ ਸਮੇਤ ਫਾਂਸੀ ਲੱਗਣ ਵਾਲੇ ਸੱਤ ਸ਼ਹੀਦਾਂ ਵਿਚੋਂ ਇੱਕ ਸੀ, ਪਰ ਹੈਰਾਨੀ ਦੀ ਗੱਲ ਸੀ ਕਿ ਮੇਰੇ ਪਿੰਡ ਵਿਚ ਇਸ ਲਹਿਰ ਨਾਲ ਜੁੜੇ ਸੂਰਬੀਰਾਂ ਦੀਆਂ ਕੁਰਬਾਨੀਆਂ ਦਾ ਕਦੀ ਕਿਸੇ ਨੇ ਜ਼ਿਕਰ ਹੀ ਨਾ ਕੀਤਾ। ਇਹ ਤਾਂ ਪਿੱਛੋਂ ਮੇਰੇ ਪੁਣ-ਛਾਣ ਕਰਨ ‘ਤੇ ਪਤਾ ਲੱਗਾ ਕਿ ਸ਼ਹੀਦ ਪ੍ਰੇਮ ਸਿੰਘ ਤਾਂ ਸਾਡੀ ਆਪਣੀ ਪੱਤੀ ਦਾ ਹੀ ਸੀ ਤੇ ਸਾਡੀ ਦੂਰ ਦੀ ਰਿਸ਼ਤੇਦਾਰੀ ਵਿਚੋਂ ਵੀ ਸੀ। ਕਾਮਾਗਾਟਾ ਮਾਰੂ ਜਹਾਜ਼ ਦਾ ਗ੍ਰੰਥੀ ਸੁੱਚਾ ਸਿੰਘ ਤਾਂ ਉਦੋਂ ਤੱਕ ਜਿਉਂਦਾ ਵੀ ਸੀ ਤੇ ਬਜਬਜ ਘਾਟ ‘ਤੇ ਚੱਲੀ ਗੋਲੀ ਦਾ ਨਿਸ਼ਾਨ ਉਸ ਦੀ ਲੱਤ ‘ਤੇ ਲਿਸ਼ਕਦਾ ਉਸ ਦੀ ਬਹਾਦਰੀ ਤੇ ਕੁਰਬਾਨੀ ਦੀ ਗਵਾਹੀ ਦੇ ਰਿਹਾ ਸੀ।
ਨਾਵਲ ਪੜ੍ਹ ਕੇ ਜਦੋਂ ਮੈਂ ਆਪਣੇ ਬਾਬੇ ਨੂੰ ਜਗਤ ਸਿੰਘ ਹੁਰਾਂ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ ਸੀ, “ਆਹੋ, ਜਗਤ ਸੁੰਹ ਹੁਣੀਂ ਕਨੇਡਾ ਵੱਲੋਂ ਆਏ ਸਨ। ਏਥੇ ਆ ਕੇ ਉਨ੍ਹਾਂ ਨੇ ਡਾਕੇ-ਡੂਕੇ ਮਾਰੇ ਤੇ ਫਿਰ ਫੜੇ ਜਾਣ ‘ਤੇ ਫਾਹੇ ਲੱਗ ਗਏ ਸਨ।”
ਲੰਮੇ ਪਿਆਂ ਮੇਰੇ ਬੁੱਲ੍ਹਾਂ ‘ਤੇ ਮੁਸਕਾਨ ਤੈਰ ਆਈ। ‘ਇਤਿਹਾਸ ਦੇ ਮਾਲਕਾਂ’ ਨੇ ਜੇ ਉਨ੍ਹਾਂ ਸ਼ਹੀਦਾਂ ਨੂੰ ਮਹਿਜ਼ ‘ਡਾਕੂ’ ਬਣਾ ਦਿੱਤਾ ਸੀ ਤਾਂ ਮੈਂ ਕੀਹਦਾ ਪਾਣੀ-ਹਾਰ ਸਾਂ! ਮੇਰਾ ‘ਨਲਾਇਕ’ ਸਮਝੇ ਜਾਣਾ ਜਾਂ ‘ਛੂਤ ਦੀ ਬਿਮਾਰੀ’ ਆਖੇ ਜਾਣਾ ਕਿਹੜੀ ਵੱਡੀ ਗੱਲ ਸੀ!
000
ਆਪਣੇ ਆਪ ‘ਚੋਂ ਬਾਹਰ ਨਿਕਲਿਆ ਤਾਂ ਮੇਰੇ ਕੰਨਾਂ ਵਿਚ ਆਵਾਜ਼ ਪਈ। ਨਾਲ ਦੇ ਹਵਾਲਾਤੀਆਂ ‘ਚੋਂ ਇਕ ਜਣਾ ਕਹਿ ਰਿਹਾ ਸੀ- “ਤੁਸੀਂ ਵੇਖ ਲੌ, ਜਦੋਂ ਭਾਈ ਮਤੀ ਦਾਸ ਦੇ ਸਿਰ ‘ਤੇ ਅਗਲਿਆਂ ਆਰਾ ਫੇਰਨਾ ਸ਼ੁਰੂ ਕੀਤਾ, ਤਾਂ ਉਸ ਨੇ ਜਪੁਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ। ਉਹ ਆਰਾ ਫੇਰੀ ਜਾਣ ਤੇ ਉਹ ਪਾਠ ਕਰੀ ਜਾਵੇ। ਉਧਰੋਂ ਸਰੀਰ ਦੇ ਦੋ ਟੋਟੇ ਹੋਏ ਤੇ ਉਧਰੋਂ ‘ਕੇਤੀ ਛੁੱਟੀ ਨਾਲ’ ਪਾਠ ਦੀ ਸਮਾਪਤੀ ਹੋ ਗਈ।”
ਉਹ ਗੱਲ ਖ਼ਤਮ ਕਰ ਕੇ ਹਟਿਆ ਤਾਂ ਕਿਸੇ ਨੇ ਸਵਾਲ ਕੀਤਾ, “ਲੈ ਬਈ; ਮੈਂ ਸੋਚਣ ਡਿਹਾ ਸਾਂ ਪਰ ਮੈਨੂੰ ਸਮਝ ਨਹੀਂ ਆਉਂਦੀ, ਜਦੋਂ ਆਰੇ ਨਾਲ ਪਹਿਲਾਂ ਉਹਦਾ ਸਿਰ ਚੀਰਿਆ ਗਿਆ ਤਾਂ ਜ਼ਬਾਨ ਵੀ ਚੀਰੀ ਗਈ ਹੋਊ, ਫਿਰ ਉਹ ਪਾਠ ਕਿਵੇਂ ਕਰੀ ਗਿਆ?”
ਇਕ ਪਲ ਦੀ ਖ਼ਾਮੋਸ਼ੀ ਵਿਚ ਅਗਲਿਆਂ ਜਾਚ ਲਿਆ ਕਿ ਸਵਾਲ ਪੁੱਛਣ ਵਾਲਾ ਸ਼ਰਾਰਤ ਨਹੀਂ ਸੀ ਕਰ ਰਿਹਾ, ਸਗੋਂ ਜਗਿਆਸਾ ਵੱਸ ਹੀ ਜਾਣਨਾ ਚਾਹ ਰਿਹਾ ਸੀ। ਕਿਸੇ ਹੋਰ ਨੇ ਵੀ ਕਿਹਾ, “ਗੱਲ ਤਾਂ ਠੀਕ ਏ! ਸੋਚਣ ਵਾਲੀ।”
“ਭਾਈ ਕਰਨੀ ਤੇ ਕੁਰਬਾਨੀ ਵਾਲੇ ਸਭ ਕੁਝ ਕਰ ਸਕਦੇ ਨੇ।” ਕਥਾ ਵਾਚਕ ਨੇ ਤਸੱਲੀ ਦਿੰਦਿਆਂ ਹੋਰ ਕਥਾ ਛੋਹ ਲਈ।
ਮੈਂ ਪਹਿਲੀਆਂ ਜੇਲ੍ਹ-ਬੰਦੀਆਂ ਵਿਚ ਵੀ ਨੋਟ ਕੀਤਾ ਸੀ ਕਿ ਜੇਲ੍ਹ ਵਿਚ ਆ ਕੇ ਸਾਰਿਆਂ ਦੀ ਭਗਤੀ-ਭਾਵਨਾ ਕੁਝ ਵਧੇਰੇ ਹੀ ਜਾਗ੍ਰਿਤ ਹੋ ਉਠਦੀ ਹੈ। ਇੰਜ ਕਰ ਕੇ ਉਹ ਆਪਣੇ ਆਪ ਨੂੰ ਧਰਵਾਸ ਦਿੰਦੇ ਹਨ ਤੇ ਇਤਿਹਾਸ ਦੀਆਂ ਬਾਤਾਂ ਪਾ ਕੇ ਦੁੱਖ ‘ਚੋਂ ਪਾਰ ਹੋਣ ਦਾ ਆਸਰਾ ਭਾਲਦੇ ਹਨ। ਸੰਕਟ ਅਤੇ ਦੁੱਖ ਦੀਆਂ ਘੜੀਆਂ ਵਿਚ ਤੁਹਾਡਾ ਇਤਿਹਾਸ ਤੁਹਾਡਾ ਕਿਵੇਂ ਆਸਰਾ ਬਣਦਾ ਹੈ, ਇਹ ਮੈਂ ਪਿਛਲੇ ਦਿਨੀਂ ਹੰਢਾ ਕੇ ਵੇਖ ਲਿਆ ਸੀ ਜਦੋਂ ਇੰਟੈਰੋਗੇਸ਼ਨ ਸੈਂਟਰ ਦੀਆਂ ਜ਼ਿਆਦਤੀਆਂ ਸਹਿਣ ਲਈ ਮੈਂ ਭਾਈ ਤਾਰੂ ਸਿੰਘ, ਭਾਈ ਮਨੀ ਸਿੰਘ ਆਦਿ ਦੀ ਸਹਿਣ-ਸ਼ਕਤੀ ਨੂੰ ਚਿਤਵ ਕੇ ਆਪਣੇ ਆਪ ਨੂੰ ਢਾਰਸ ਦਿੱਤੀ ਸੀ ਤੇ ਵਾਪਰਨ ਵਾਲੀ ਹੋਣੀ ਲਈ ਤਿਆਰ ਕੀਤਾ ਸੀ।
ਅਗਲੀ ਸਵੇਰ ‘ਮੁਲਾਹਜ਼ੇ’ ਤੋਂ ਬਾਅਦ ਮੈਨੂੰ ਆਪਣੇ ਸਾਥੀਆਂ ਵਾਲੀ ਬੈਰਕ ਵਿਚ ਹੀ ਭੇਜ ਦਿੱਤਾ ਗਿਆ। ਇਹ ਉਹੋ ਹੀ ਬੈਰਕ ਨੰਬਰ ‘ਇੱਕ’ ਸੀ ਜਿਸ ਵਿਚ ਮੋਗਾ ਐਜੀਟੇਸ਼ਨ ਮੌਕੇ ਮੈਂ ਕੁਝ ਸਾਲ ਪਹਿਲਾਂ ਰਹਿ ਕੇ ਗਿਆ ਸਾਂ। ਇਥੇ ਆ ਕੇ ਸਭ ਤੋਂ ਪਹਿਲਾ ਕੰਮ ਆਪਣੀ ਪਤਨੀ ਨੂੰ ਸੁਨੇਹਾ ਭਿਜਵਾਉਣ ਦਾ ਕੀਤਾ ਕਿ ਮੈਂ ਸੈਂਟਰਲ ਜੇਲ੍ਹ ਅੰਮ੍ਰਿਤਸਰ ਵਿਚ ‘ਸੁੱਖੀ-ਸਾਂਦੀ’ ਪਹੁੰਚ ਗਿਆ ਹਾਂ। ਮੇਰੇ ਘਰਦਿਆਂ ਨੂੰ ਮੇਰੇ ਮਰੇ ਜਾਂ ਜਿਉਂਦੇ ਹੋਣ ਦੀ ਕੋਈ ਉਘ-ਸੁੱਘ ਨਹੀਂ ਸੀ। ਮੇਰੀ ਪਤਨੀ ਹੁਣ ਤਕ ਆਪਣੀ ਸਮਰੱਥਾ ਮੁਤਾਬਕ ਮੇਰਾ ਪਤਾ ਲਾਉਣ ਲਈ ਇੱਧਰ-ਉਧਰ ਟੱਕਰਾਂ ਮਾਰ ਚੁੱਕੀ ਸੀ। ਇਹ ਵੀ ਸੋਚ ਚੁੱਕੀ ਸੀ ਕਿ ਕਿਤੇ ਮੈਨੂੰ ਮਾਰ-ਖ਼ਪਾ ਹੀ ਨਾ ਦਿੱਤਾ ਹੋਵੇ!
ਜਦੋਂ ਜੇਲ੍ਹ ਵਿਚ ਜਾ ਕੇ ਉਹਨੂੰ ਸੁਨੇਹਾ ਭੇਜਿਆ ਤਾਂ ਉਹ ਬੀਬੀ ਨੂੰ ਨਾਲ ਲੈ ਕੇ ਉਡਦੀ ਹੋਈ ਮੇਰੀ ਮੁਲਾਕਾਤ ਨੂੰ ਪਹੁੰਚੀ। ਮੈਨੂੰ ਜਿਉਂਦਾ-ਜਾਗਦਾ ਵੇਖ ਕੇ ਉਹਨੂੰ ਇੱਕ ਵਾਰ ਤਾਂ ਸਾਰੇ ਗ਼ਮ ਭੁੱਲ ਗਏ ਜਾਪੇ; ਮੁਰਦਾ ਜਿਸਮ ਵਿਚ ਜਾਨ ਪੈ ਗਈ ਸੀ। ਉਸ ਨੇ ਹਾਲਾਤ ਨਾਲ ਸਿੱਝਣ ਲਈ ਆਪਣੇ ਆਪ ਨੂੰ ਤਿਆਰ ਕਰ ਲਿਆ ਹੋਇਆ ਸੀ। ਮੇਰੇ ਜੇਲ੍ਹ ਵਿਚ ਹੋਣ ਦਾ ਦੁੱਖ-ਦਰਦ ਵੀ, ਪਹਿਲੀ ਗ੍ਰਿਫ਼ਤਾਰੀ ਦੀ ਨਿਸਬਤ, ਹੁਣ ਕੁਝ ਘਟ ਗਿਆ ਸੀ। ਉਸ ਦੁੱਖ ਨਾਲੋਂ ਮੇਰੇ ਜਿਉਂਦੇ ਤੇ ਰਾਜ਼ੀ-ਖ਼ੁਸ਼ੀ ਮਿਲ ਪੈਣ ਦੀ ਤਸੱਲੀ ਵਧੇਰੇ ਸੀ। ਮੈਂ ਉਸ ਦੀ ‘ਸ਼ੇਰਨੀ’ ਬਣਨ ਲਈ ਪਿੱਠ ਥਾਪੜੀ।
ਇਹ ਤਾਂ ਹੁਣ ਨਿਸਚਿਤ ਸੀ ਕਿ ਮੈਂ ਉਨਾ ਚਿਰ ਬਾਹਰ ਨਹੀਂ ਸਾਂ ਜਾ ਸਕਦਾ ਜਿੰਨਾ ਚਿਰ ਮੇਰੇ ਮੁਕੱਦਮੇ ਦਾ ਫ਼ੈਸਲਾ ਨਹੀਂ ਹੁੰਦਾ; ਐਮਰਜੈਂਸੀ ਖ਼ਤਮ ਨਹੀਂ ਹੁੰਦੀ ਜਾਂ ਸਰਕਾਰ ਆਪ ਹੀ ਕੇਸ ਵਾਪਸ ਲੈਣ ਤੇ ਮੈਨੂੰ ਛੱਡਣ ਦਾ ਫ਼ੈਸਲਾ ਨਹੀਂ ਕਰਦੀ। ਐਮਰਜੈਂਸੀ ਚੁੱਕੇ ਜਾਣ ਜਾਂ ਸਰਕਾਰ ਵੱਲੋਂ ਮੈਨੂੰ ਛੱਡਣ ਦਾ ਫ਼ੈਸਲਾ ਛੇਤੀ ਲਏ ਜਾਣ ਦੀ ਕਿਸੇ ਨੂੰ ਕੋਈ ਆਸ ਨਹੀਂ ਸੀ। ਮੈਂ ਰਜਵੰਤ ਨੂੰ ਤਕੜੀ ਹੋ ਕੇ ਇਸ ਹੋਣੀ ਦਾ ਮੁਕਾਬਲਾ ਕਰਨ ਲਈ ਕਿਹਾ ਅਤੇ ਆਪ ਵੀ ਅਗਲੇ ਦਿਨ ਜੇਲ੍ਹ ਵਿਚ ਕੱਟਣ ਲਈ ਮਾਨਸਿਕ ਤੌਰ ‘ਤੇ ਤਿਆਰ ਹੋ ਗਿਆ।
ਰਜਵੰਤ ਕੋਲੋਂ ਪਤਾ ਲੱਗਣ ‘ਤੇ ਅਗਲੇ ਦਿਨ ਅਜਾਇਬ ਸਿੰਘ ਸੰਧੂ ਤੇ ਉਸ ਦੀ ਪਤਨੀ ਵੀ ਮੁਲਾਕਾਤ ਲਈ ਆ ਗਏ। ਅਜਾਇਬ ਸਿੰਘ ਕਹਿੰਦਾ, “ਆਪਾਂ ਜ਼ਰਾ ਜੇਲ੍ਹ ਸੁਪਰਡੈਂਟ ਨੂੰ ਮਿਲ ਕੇ ਜਾਣੈਂ। ਉਹ ਕਹਿੰਦਾ ਸੀ ਕਿ ਤੈਨੂੰ ਜ਼ਰੂਰ ਮਿਲਾਵਾਂ।”
ਉਸ ਨੇ ਆਪਣੇ ਰਸੂਖ਼ ਨਾਲ ਇੱਥੇ ਵੀ ਪਛਾਣ ਕੱਢ ਲਈ ਸੀ। ਜੇਲ੍ਹ ਸੁਪਰਡੈਂਟ ਨੇ ਮੈਨੂੰ ਪੈਰਾਂ ਤੋਂ ਸਿਰ ਤਕ ਜਾਚਦਿਆਂ ਕਿਹਾ, “ਮੈਂ ਤਾਂ ਇਹ ਵੇਖਣ ਲਈ ਬੁਲਾਇਆ ਸੀ ਕਿ ਕਿਸ ਬੰਦੇ ਤੋਂ ‘ਸਰਕਾਰ ਨੂੰ ਇੰਨਾ ਖ਼ਤਰਾ ਹੈ!’æææ ਤਾਂ ਇਹ ਹੈ ਉਹ ਪਤਲਾ ਤੇ ਮਲੂਕੜਾ ਜਿਹਾ ਬੰਦਾ ਜਿਸ ਦੇ ਪਿੱਛੇ ਸਰਕਾਰ ਇੰਨੇ ਜ਼ੋਰ ਨਾਲ ਪਈ ਹੋਈ ਏ।”
ਮੈਂ ਉਸ ਦੇ ਬੋਲਾਂ ਵਿਚਲੇ ਵਿਅੰਗ ਜਾਂ ਹਮਦਰਦੀ ਦਾ ਨਿਖੇੜਾ ਨਾ ਕਰ ਸਕਿਆ।
000