ਹਠ-ਧਰਮੀ

ਇੰਗਲੈਂਡ ਵੱਸਦੇ ਉਰਦੂ ਕਹਾਣੀਕਾਰ ਅਲੀ ਬਾਕਰ ਦੀ ਲਿਖੀ ‘ਹਠ-ਧਰਮੀ’ ਜਿਹੀ ਕਹਾਣੀ ਬਾਰੇ ਇਹ ਗੱਲ ਪੱਕੀ ਹੈ ਕਿ ਅਜਿਹੀ ਕਹਾਣੀ ਇੰਗਲੈਂਡ ਵਿਚ ਰਹਿ ਕੇ ਹੀ ਲਿਖੀ ਜਾ ਸਕਦੀ ਹੈ। ਲੇਖਕ ਨੇ ਦੋ ਵਿਰੋਧੀ ਧਾਰਾਵਾਂ ਦੇ ਵਿਚਾਰ, ਇਕ ਲੜੀ ਅੰਦਰ ਪਰੋ ਦਿੱਤੇ ਹਨ। ਇਸ ਵਿਚ ਹਾਕਮ ਅਤੇ ਆਵਾਮ ਦੇ ਰਿਸ਼ਤੇ ਦੀ ਕਥਾ ਹੈ ਜਿਹੜੀ ਸਮਾਨਾਂਤਰ ਰੇਖਾਵਾਂ ਵਰਗੀ ਹੋਣ ਦੇ ਬਾਵਜੂਦ ਕਿਤੇ ਨਾ ਕਿਤੇ ਆਪਸ ਵਿਚ ਟਕਰਾਅ ਜਾਂਦੀ ਹੈ।

ਇਹ ਅਸਲ ਵਿਚ ਮਨੁੱਖੀ ਰਿਸ਼ਤਿਆਂ ਦੇ ਸੱਚ ਦੀ ਕਹਾਣੀ ਹੈ ਅਤੇ ਇਸ ਸੱਚ ਦੀ ਕੀਮਤ ਸਦਾ ਇਕ ਧਿਰ ਨੂੰ ਹੀ ਤਾਰਨੀ ਪੈਂਦੀ ਹੈ। -ਸੰਪਾਦਕ

ਅਲੀ ਬਾਕਰ

ਇੰਗਲਿਸ਼ਤਾਨ ਵਿਚ ਕੋਈ ਖਾਣੇ ਲਈ ਬੁਲਾਏ ਤਾਂ ਪ੍ਰਾਹੁਣਾ ਤੋਹਫਾ ਜ਼ਰੂਰ ਲਿਜਾਂਦਾ ਹੈ। ਬਹੁਤੇ ਲੋਕ ਫੁੱਲਾਂ ਨੂੰ ਤਰਜੀਹ ਦਿੰਦੇ ਹਨ ਕਿਉਂਕਿ ਇਹ ਸਾਰੇ ਹੀ ਅੰਗਰੇਜ਼ਾਂ ਨੂੰ ਪਸੰਦ ਹੁੰਦੇ ਹਨ। ਇਨ੍ਹਾਂ ਦੇ ਆਪਣੇ ਛੋਟੇ-ਛੋਟੇ ਬਗ਼ੀਚੇ ਹੁੰਦੇ ਹਨ ਜਿਥੇ ਉਹ ਚਾਅ ਨਾਲ ਰੰਗ-ਬਿਰੰਗੇ ਫੁੱਲਾਂ ਦੇ ਬੂਟ ਲਾਉਂਦੇ ਹਨ।
ਉਸ ਸ਼ਾਮ ਮੈਂ ਪੀਲੇ ਡੈਫੋਡਿਲ ਫੁੱਲਾਂ ਦਾ ਗੁਲਦਸਤਾ ਲੈ ਕੇ ਕਰਨਲ ਹਾਰਡੀ ਦੀ ਕੋਠੀ ਦੇ ਵਿਹੜੇ ਅੰਦਰ ਪੈਰ ਪਾਇਆ ਤਾਂ ਉਥੇ ਹਰ ਪਾਸੇ ਡੈਫੋਡਿਲ ਫੁੱਲ ਹੀ ਨਜ਼ਰੀਂ ਪਏ। ਇਹ ਘਸਮੈਲੀ ਹੋ ਰਹੀ ਸ਼ਾਮ ਨੂੰ ਬਹਾਰ ਦਾ ਨਜ਼ਾਰਾ ਪੇਸ਼ ਕਰ ਰਹੇ ਸਨ। ਕਿੰਨਾ ਚੰਗਾ ਹੁੰਦਾ ਜੇ ਮੈਂ ਕੋਈ ਹੋਰ ਫੁੱਲ ਲੈ ਆਉਂਦਾ, ਪਰ ਹੁਣ ਤਾਂ ਦੇਰ ਹੋ ਚੁੱਕੀ ਸੀ। ਕਰਨਲ ਸਾਹਿਬ ਬੜੇ ਨਿੱਘ ਨਾਲ ਮਿਲੇ। ਮੈਂ ਉਨ੍ਹਾਂ ਦੀ ਪਤਨੀ ਨੂੰ ਫੁੱਲ ਪੇਸ਼ ਕੀਤੇ। ਇਹ ਬਹੁਤ ਨਿੱਘੀ ਤੇ ਮਿਣਸਾਰ ਜੋੜੀ ਸੀ। ਕੁਝ ਜੋੜੇ ਬੁੱਢੇ ਹੋ ਕੇ ਜ਼ਿਆਦਾ ਸੋਹਣੇ ਲੱਗਣ ਲੱਗ ਪੈਂਦੇ ਹਨ। ਜਵਾਨੀ ਵਾਲਾ ਸੁਹੱਪਣ ਤਾਂ ਕੋਈ ਫਰੇਬ ਹੁੰਦਾ ਹੈ, ਪਰ ਬੁਢੇਪੇ ਦਾ ਸੁਹੱਪਣ ਕਰਮਾਂ ਵਾਲਿਆਂ ਨੂੰ ਨਸੀਬ ਹੁੰਦਾ ਹੈ। ਇਸ ਦੇ ਲਈ ਖਾਸ ਸੰਘਰਸ਼ ਕਰਨਾ ਪੈਂਦਾ ਹੈ।
ਕਰਨਲ ਸਾਹਿਬ ਦਾ ਡਰਾਇੰਗ ਰੂਮ ਕਈ ਹਿੰਦੁਸਤਾਨੀ ਵਸਤਾਂ ਨਾਲ ਸਜਿਆ ਹੋਇਆ ਸੀ। ਕਟਾਰਾਂ, ਤਲਵਾਰਾਂ, ਮੁਗ਼ਲ ਤੇ ਰਾਜਪੂਤਾਨਾ ਕਲਾ ਵਾਲੀਆਂ ਤਸਵੀਰਾਂ ਨਜ਼ਰ ਆਉਂਦੀਆਂ ਸਨ। ਇਨ੍ਹਾਂ ਵਿਚ ਮਹਾਤਮਾ ਬੁੱਧ ਦੀ ਬੜੀ ਖ਼ੂਬਸੂਰਤ ਮੂਰਤੀ ਵੀ ਸੀ। ਬੁੱਧ ਦੇ ਚਿਹਰੇ ‘ਤੇ ਅੰਤਾਂ ਦਾ ਨੂਰ ਬਰਸ ਰਿਹਾ ਸੀ। ਕੋਨੇ ਵਿਚ ਲੱਕੜ ਦੀ ਅਲਮਾਰੀ ਵਿਚ ਹਿੰਦੁਸਤਾਨ ਬਾਰੇ ਕਿਤਾਬਾਂ ਪਈਆਂ ਸਨ। ਇੰਨੀਆਂ ਜ਼ਿਆਦਾ ਅਤੇ ਸ਼ਾਨਦਾਰ ਵਸਤਾਂ ਤਾਂ ਹਿੰਦੁਸਤਾਨ ਵਿਚ ਵੀ ਕਿਸੇ ਦੇ ਡਰਾਇੰਗ ਰੂਮ ਵਿਚ ਨਹੀਂ ਸਨ ਦੇਖੀਆਂ।
ਅਸੀਂ ਗੱਲੀਂ ਲੱਗ ਗਏ। ਉਨ੍ਹਾਂ ਨਾਲ ਗੱਲਾਂ ਕਰਨਾ ਬੜਾ ਚੰਗਾ ਲੱਗਿਆ ਸੀ। ਅਸਲ ਵਿਚ ਸਾਡਾ ਅਤੀਤ ਸਾਂਝਾ ਸੀ। ਫਰਕ ਸਿਰਫ ਇਹ ਸੀ ਕਿ ਉਹ ਹੁਕਮਰਾਨ ਰਹੇ ਸਨ ਤੇ ਮੈਂ ਹੁਕਮ ਮੰਨਣ ਵਾਲੇ ਤਬਕੇ ਵਿਚੋਂ ਸਾਂ। ਮੈਂ ਉਨ੍ਹਾਂ ਦੀ ਜ਼ਿੰਦਗੀ ਦੇ ਤਜਰਬਿਆਂ ਬਾਰੇ ਨਿੱਕੀਆਂ-ਨਿੱਕੀਆਂ ਗੱਲਾਂ ਪੁੱਛਦਾ ਰਿਹਾ ਤੇ ਚੌੜੇ-ਚੱਘੇ ਕੱਦ-ਕਾਠ ਵਾਲੇ ਕਰਨਲ ਹਾਰਡੀ ਤੇ ਸੁਹੱਪਣ ਬਖੇਰਦੀ ਉਨ੍ਹਾਂ ਦੀ ਪਤਨੀ ਵਿਸਥਾਰ ਨਾਲ ਆਪਣੇ ਅਤੀਤ ਦੀਆਂ ਤੰਦਾਂ ਖੋਲ੍ਹਦੇ ਰਹੇ। ਦੋਹਾਂ ਦੇ ਖ਼ਾਨਦਾਨ ਦੀਆਂ ਕਈ ਪੁਸ਼ਤਾਂ ਹਿੰਦੁਸਤਾਨ ਵਿਚ ਬਰਤਾਨਵੀ ਫੌਜ ਦੇ ਉਚੇ ਅਹੁਦਿਆਂ ‘ਤੇ ਰਹੀਆਂ ਸਨ। ਦੋਵਾਂ ਨੂੰ ਪੜ੍ਹਾਈ ਖਾਤਰ ਹਿੰਦੁਸਤਾਨ ਤੋਂ ਇੰਗਲਿਸਤਾਨ ਭੇਜਿਆ ਗਿਆ ਸੀ। ਉਂਜ ਉਨ੍ਹਾਂ ਦੀ ਪਲੇਠੀ ਮੁਲਾਕਾਤ ਸ੍ਰੀਨਗਰ ਵਿਚ ਹੋਈ ਸੀ। ਉਹ ਚਸ਼ਮਾ-ਸ਼ਾਹੀ ਦੇਖਣ ਗਏ ਹੋਏ ਸਨ। ਕਸ਼ਮੀਰ ਦੇ ਦਿਲਕਸ਼ ਤੇ ਹੁਸੀਨ ਮਾਹੌਲ ਵਿਚ ਹੀ ਉਨ੍ਹਾਂ ਦੀ ਮੁਹੱਬਤ ਪ੍ਰਵਾਨ ਚੜ੍ਹੀ। ਨਵੀਂ ਦਿੱਲੀ ਦੇ ਗਿਰਜੇ ਵਿਚ ਸ਼ਾਦੀ ਹੋਈ। ਸ਼ਿਮਲੇ ਵਿਚ ਉਨ੍ਹਾਂ ਹਨੀਮੂਨ ਮਨਾਇਆ। ਹੈਦਰਾਬਾਦ ਵਿਚ ਉਨ੍ਹਾਂ ਦੇ ਘਰ ਪੁੱਤਰ ਡੇਵਿਡ ਹੋਇਆ। ਉਸ ਨੂੰ ਹੁਣ ਉਹ ਜੰਗੀ ਲਾਟ ਸਾਹਬ ਕਹਿ ਕੇ ਬੁਲਾਉਂਦੇ ਸਨ। ਮੇਰੀ ਫਰਮਾਇਸ਼ ‘ਤੇ ਮਿਸਿਜ਼ ਹਾਰਡੀ ਐਲਬਮ ਲੈ ਆਈ ਤੇ ਮੈਂ ਤੀਹ-ਚਾਲੀ ਵਰ੍ਹੇ ਪਹਿਲਾਂ ਦੇ ਹਿੰਦੁਸਤਾਨ ਨੂੰ ਉਸ ਸਮੇਂ ਦੇ ਹਾਕਮਾਂ ਦੀ ਨਿਗ੍ਹਾ ਨਾਲ ਦੇਖਣ ਲੱਗਿਆ। ਉਹੀ ਜਾਣੇ-ਪਛਾਣੇ ਲੋਕ, ਉਹੀ ਆਮ ਜਿਹਾ ਲਿਬਾਸ, ਉਹੀ ਮੰਦਰ ਤੇ ਉਹੀ ਮਸੀਤਾਂ, ਉਹੀ ਕਿਲ੍ਹੇ ਤੇ ਮਹਿਲ। ਹਿੰਦੁਸਤਾਨ ਦੇ ਹੁਕਮਰਾਨ ਬਦਲ ਚੁੱਕੇ ਸਨ, ਪਰ ਮੁਲਕ ਉਹੀ ਸੀ ਅਤੇ ਲੋਕ ਵੀ ਉਹੀ ਸਨ। ਤਸਵੀਰਾਂ ਦੇਖਦਾ ਮੈਂ ਸੋਚ ਰਿਹਾ ਸਾਂ ਕਿ ਕੁਝ ਵੀ ਤਾਂ ਨਹੀਂ ਬਦਲਿਆ, ਫਿਰ ਵੀ ਕਿੰਨਾ ਕੁਝ ਬਦਲ ਗਿਆ ਹੈ। ਅੰਗਰੇਜ਼ ਬਦਲ ਗਏ ਹਨ। ਮੈਂ ਹਿੰਦੁਸਤਾਨੀ ਬਦਲ ਗਿਆ ਹਾਂ।
ਉਦੋਂ ਹੀ ਤੀਹਾਂ-ਬੱਤੀਆਂ ਸਾਲਾਂ ਦਾ ਜਵਾਨ ਆਇਆ। ਉਸ ਦੀ ਦਾੜ੍ਹੀ ਵਧੀ ਹੋਈ ਅਤੇ ਵਾਲ ਲੰਮੇ ਸਨ। ਮੈਨੂੰ ਉਸ ਨਾਲ ਮਿਲਾਇਆ ਗਿਆ। ਇਹ ਡੇਵਿਡ ਸੀ।
“ਜੰਗੀ ਲਾਟ ਸਾਹਬ?” ਮੈਂ ਮੁਸਕਰਾਉਂਦਿਆਂ ਡੇਵਿਡ ਤੋਂ ਪੁੱਛਿਆ।
“ਓਹæææ ਇਹ ਲੋਕ ਫਿਰ ਆਪਣੇ ਅਤੀਤ ਦੀ ਕਿਤਾਬ ਖੋਲ੍ਹ ਕੇ ਬੈਠ ਗਏ!” ਡੇਵਿਡ ਨੇ ਰਤਾ ਝਿਜਕ ਨਾਲ ਕਿਹਾ, “ਮੁਆਫ਼ ਕਰਨਾ, ਮੇਰੇ ਮਾਤਾ-ਪਿਤਾ ਸ਼ਾਇਦ ਭੁੱਲ ਹੀ ਨਹੀਂ ਸਕਦੇ ਕਿ ਹਿੰਦੁਸਤਾਨ ਵਿਚ ਉਨ੍ਹਾਂ ਦੀ ਜ਼ਿੰਦਗੀ ਕਿੰਨੇ ਠਾਠਾਂ ਵਾਲੀ ਸੀ। ਉਥੇ ਰਹਿ ਕੇ ਇਹ ਵੀ ਹਿੰਦੁਸਤਾਨੀਆਂ ਵਾਂਗ ਭਾਵੁਕ ਹੋ ਗਏ ਹਨ।”
“ਕਿਉਂ ਜੰਗੀ ਲਾਟ ਸਾਹਬ, ਤੁਹਾਨੂੰ ਹਿੰਦੁਸਤਾਨ ਯਾਦ ਨਹੀਂ ਆਉਂਦਾ?” ਮੈਂ ਡੇਵਿਡ ਨੂੰ ਪੁੱਛਿਆ।
“ਮੈਂ ਬਹੁਤ ਛੋਟਾ ਸਾਂ। ਬਚਪਨ ਦੀਆਂ ਧੁੰਦਲੀਆਂ ਜਿਹੀਆਂ ਯਾਦਾਂ ਮੇਰੇ ਦਿਮਾਗ਼ ਵਿਚ ਸਨ ਤੇ ਮੰਮੀ-ਡੈਡੀ ਤੋਂ ਹਿੰਦੁਸਤਾਨ ਦਾ ਜ਼ਿਕਰ ਇੰਨੀ ਵਾਰ ਸੁਣਿਆ ਹੈ ਕਿ ਲੱਗਦੈ ਜਿਵੇਂ ਉਥੋਂ ਦੇ ਠਾਠ-ਬਾਠ ਦਾ ਕਾਫੀ ਅਨੰਦ ਮੈਨੂੰ ਵੀ ਮਿਲਿਆ ਹੈ। ਵੈਸੇ ਵੀ ਬਹੁਤੇ ਅੰਗਰੇਜ਼ ਸਿਰਫ ਸੁਣੀਆਂ-ਸੁਣਾਈਆਂ ਦੇ ਆਧਾਰ ‘ਤੇ ਹੀ ਹਿੰਦੁਸਤਾਨ ਨੂੰ ਆਪਣੀ ਮਲਕੀਅਤ ਸਮਝਦੇ ਹਨ।” ਡੇਵਿਡ ਦੇ ਲਹਿਜੇ ਤੋਂ ਲੱਗਿਆ ਜਿਵੇਂ ਉਸ ਨੂੰ ਉਨ੍ਹਾਂ ਅੰਗਰੇਜ਼ਾਂ ਨਾਲ ਕੋਈ ਔਖ ਹੈ ਜਿਹੜੇ ਇੱਦਾਂ ਦੀ ਸੋਚ ਰੱਖਦੇ ਸਨ।
“ਤੁਸੀਂ ਡੇਵਿਡ ਦੀਆਂ ਗੱਲਾਂ ਉਪਰ ਬਿਲਕੁਲ ਧਿਆਨ ਨਾ ਦੇਣਾ।” ਕਰਨਲ ਹਾਰਡੀ ਨੇ ਆਖਿਆ, “ਅੱਜ ਕਲ੍ਹ ਦੇ ਨੌਜਵਾਨ ਤਾਂ ਹਰ ਗੱਲ ਦਾ ਵਿਰੋਧ ਕਰਨ ਲੱਗ ਪਏ ਹਨ।”
“ਤੁਸੀਂ ਹਿੰਦੁਸਤਾਨੀ ਜਿਹੜੇ ਇੰਗਲਿਸਤਾਨ ਵਿਚ ਨਵੇਂ-ਨਵੇਂ ਆਏ ਹੋ, ਸਮਝਦੇ ਹੋ ਕਿ ਇਥੇ ਰਹਿਣ ਵਿਚ ਸਿਰਫ ਤੁਹਾਨੂੰ ਹੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ? ਸੱਚ ਪੁੱਛੋ ਤਾਂ ਅਸਲ ਮੁਸੀਬਤ ਤਾਂ ਮੇਰੇ ਮਾਤਾ-ਪਿਤਾ ਵਰਗਿਆਂ ਨੂੰ ਝੱਲਣੀ ਪੈਂਦੀ ਹੈ ਜਿਹੜੇ ਹਿੰਦੁਸਤਾਨ ਦਾ ਠਾਠ-ਬਾਠ ਭੁਲਾ ਨਹੀਂ ਸਕਦੇ ਤੇ ਬਦਲੇ ਹੋਏ ਇੰਗਲਿਸਤਾਨ ਦੇ ਹਾਲਾਤ ਨਾਲ ਸਮਝੌਤਾ ਨਹੀਂ ਕਰ ਸਕਦੇ। ਤੁਸੀਂ ਅੱਜ ਨਹੀਂ ਤਾਂ ਕੱਲ੍ਹ ਆਪਣੇ ਮੁਲਕ ਵਾਪਸ ਚਲੇ ਜਾਓਗੇ, ਪਰ ਇਹ ਤਾਂ ਇਥੇ ਹੀ ਰਹਿਣਗੇ ਅਤੇ ਆਪਣੇ ਨੌਕਰਾਂ ਨੂੰ ਯਾਦ ਕਰਦੇ ਰਹਿਣਗੇ। ਉਹ ਐਸ਼ ਹੁਣ ਇਨ੍ਹਾਂ ਨੂੰ ਕਦੀ ਨਸੀਬ ਨਹੀਂ ਹੋਵੇਗੀ।” ਡੇਵਿਡ ਦੀ ਆਵਾਜ਼ ਕੁਸੈਲੀ ਹੋ ਗਈ ਸੀ। ਫਿਰ ਉਹ ਆਪਣੀ ਮਾਂ ਵੱਲ ਘੁੰਮ ਕੇ ਬੋਲਿਆ, “ਮੰਮੀ, ਮੈਨੂੰ ਨਹੀਂ ਸੀ ਪਤਾ ਕਿ ਅੱਜ ਸ਼ਾਮ ਪ੍ਰਾਹੁਣੇ ਆਉਣੇ ਸਨ। ਮੈਂ ਜ਼ਰਾ ਬਾਹਰ ਜਾ ਰਿਹਾਂ।” ਉਹ ਮਿਸਿਜ਼ ਹਾਰਡੀ ਦਾ ਜਵਾਬ ਉਡੀਕੇ ਬਿਨਾਂ ਮੇਰੇ ਨਾਲ ਹੱਥ ਮਿਲਾ ਕੇ ਚਲਾ ਗਿਆ। ਕਾਫੀ ਦੇਰ ਤਕ ਅਸੀਂ ਤਿੰਨੇ ਚੁੱਪ ਬੈਠੇ ਰਹੇ। ਆਪੋ-ਆਪਣੀਆਂ ਸੋਚਾਂ ਵਿਚ ਗੁੰਮ।
“ਜੰਗੀ ਲਾਟ ਸਾਹਿਬ ਤੁਹਾਡੇ ਇਕਲੌਤੇ ਬੇਟੇ ਹਨ?” ਮੈਂ ਕਰਨਲ ਸਾਹਿਬ ਨੂੰ ਪੁੱਛਿਆ।
“ਸਾਡੀ ਬੇਟੀ ਵੀ ਹੈ ਮਰੀਅਮ। ਉਹ ਡੇਵਿਡ ਤੋਂ ਤਿੰਨ ਸਾਲ ਛੋਟੀ ਹੈ।” ਜਵਾਬ ਮਿਸਿਜ਼ ਹਾਰਡੀ ਨੇ ਦਿੱਤਾ। ਫਿਰ ਇਹ ਕਹਿੰਦਿਆਂ ਹੌਲੀ-ਹੌਲੀ ਤੁਰਦੀ ਕਮਰੇ ਵਿਚੋਂ ਬਾਹਰ ਹੋ ਗਈ, “ਮਰੀਅਮ ਪੈਰਿਸ ਵਿਚ ਹੈ ਤੇ ਕਾਮਯਾਬ ਮਾਡਲ ਹੈ। ਮੈਂ ਹੁਣੇ ਉਹਦੀਆਂ ਤਸਵੀਰਾਂ ਦਿਖਾਉਂਦੀ ਹਾਂ।”
“ਡੇਵਿਡ ਵਾਕਈ ਸੱਚ ਕਹਿੰਦੈ, ਜ਼ਿੰਦਗੀ ਦਾ ਬਿਹਤਰੀਨ ਹਿੱਸਾ ਹਿੰਦੁਸਤਾਨ ਵਿਚ ਲੰਘਿਆ।” ਕਰਨਲ ਹਾਰਡੀ ਸ਼ਾਇਦ ਮੈਨੂੰ ਕਹਿ ਰਹੇ ਸਨ ਜਾਂ ਆਪਣੇ ਆਪ ਹੀ ਨਾਲ ਗੱਲਾਂ ਕਰਨ ਲੱਗ ਪਏ ਸਨ। ਉਨ੍ਹਾਂ ਦੀ ਨਿਗ੍ਹਾ ਸਾਹਮਣੇ ਕੰਧ ਉਤੇ ਸਜਾਈਆਂ ਤਲਵਾਰਾਂ ਵਿਚਕਾਰ ਲਟਕੀ ਕਾਲੀ ਢਾਲ ‘ਤੇ ਟਿਕੀ ਹੋਈ ਸੀ।
“ਹਿੰਦੁਸਤਾਨ ਬਰਤਾਨਵੀ ਤਾਜ ਵਿਚ ਵੱਡੇ ਜਗਮਗਾਉਂਦੇ ਹੀਰੇ ਵਾਂਗ ਸੀ।” ਇਹ ਕਹਿ ਕੇ ਉਨ੍ਹਾਂ ਕੋਲ ਪਏ ਮੇਜ਼ ਦੇ ਦਰਾਜ਼ ਵਿਚੋਂ ਲਾਲ ਮਖ਼ਮਲ ਵਿਚ ਮੜ੍ਹਿਆ ਡੱਬਾ ਕੱਢਿਆ ਤੇ ਸੋਨੇ ਦਾ ਕੜਾ ਦਿਖਾਉਣ ਲੱਗੇ। ਮੈਂ ਕੜਾ ਫੜਿਆ, ਅੱਠ ਦਸ ਤੋਲੇ ਦਾ ਜ਼ਰੂਰ ਹੋਵੇਗਾ। ਸੋਹਣੀ-ਸੁਥਰੀ ਮੀਨਾਕਾਰੀ ਕੀਤੀ ਹੋਈ ਸੀ। ਕਰਨਲ ਸਾਹਿਬ ਨੇ ਕੜੇ ਦਾ ਇਤਿਹਾਸ ਦੱਸਿਆ ਤਾਂ ਮੇਰਾ ਮਨ ਭਾਰ ਗਿਆ। ਆਖ਼ਰੀ ਮੁਗ਼ਲ ਬਾਦਸ਼ਾਹ ਬਹਾਦੁਰ ਸ਼ਾਹ ਜ਼ਫਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਮੁਗ਼ਲ ਸ਼ਹਿਜ਼ਾਦੀਆਂ ਨੂੰ ਹਮਾਯੂੰ ਦੇ ਮਕਬਰੇ ਵਿਚ ਕੈਦ ਕਰ ਦਿੱਤਾ ਗਿਆ। ਇਹ ਕੜਾ ਕਰਨਲ ਸਾਹਿਬ ਦੇ ਕਿਸੇ ਰਿਸ਼ਤੇਦਾਰ ਨੇ ਕਿਸੇ ਬੇਵਸ ਸ਼ਹਿਜ਼ਾਦੀ ਦੀ ਵੀਣੀ ਤੋਂ ਲਾਹਿਆ ਸੀ।
ਉਦੋਂ ਹੀ ਮਿਸਿਜ਼ ਹਾਰਡੀ ਆਪਣੀ ਬੇਟੀ ਮਰੀਅਮ ਦੀਆਂ ਤਸਵੀਰਾਂ ਲੈ ਕੇ ਕਮਰੇ ਵਿਚ ਆ ਗਈ। ਮੈਂ ਕੜਾ ਵਾਪਸ ਉਸੇ ਕੇਸ ਵਿਚ ਰੱਖ ਦਿੱਤਾ ਤੇ ਮਰੀਅਮ ਦੀਆਂ ਰੰਗੀਨ ਤਸਵੀਰਾਂ ਦੇਖਣ ਲੱਗਿਆ। ਸੂਰਤ ਬੜੀ ਪਿਆਰੀ ਸੀ। ਵਾਲ ਕਾਲੇ, ਅੱਖਾਂ ਜਿਵੇਂ ਸ਼ਹਿਦ ਦੀਆਂ ਬੂੰਦਾਂ ਜੋ ਸੂਰਜ ਦੀ ਰੌਸ਼ਨੀ ਵਿਚ ਲਿਸ਼ਕ ਰਹੀਆਂ ਹੋਣ। ਅਜੀਬ ਜਿਹੀ ਮਿਠਾਸ ਸੀ ਇਨ੍ਹਾਂ ਅੰਦਰ। ਮਰੀਅਮ ਦਾ ਕੱਦ-ਕਾਠ ਤੇ ਦਿੱਖ ਰੋਅਬਦਾਰ ਸੀ। ਜਾਪਦਾ ਸੀ ਜਿਵੇਂ ਕੋਈ ਸ਼ਹਿਜ਼ਾਦੀ ਤਾਜਪੋਸ਼ੀ ਲਈ ਤਿਆਰ-ਬਰ-ਤਿਆਰ ਖੜ੍ਹੀ ਹੋਵੇ। ਮੇਰੇ ਦਿਲ ਦੇ ਕਿਸੇ ਖੂੰਜੇ ਤੋਂ ਆਵਾਜ਼ ਆਉਂਦੀ ਮਹਿਸੂਸ ਹੋਈ- ‘ਜੇ ਮਰੀਅਮ ਲੰਡਨ ਵਿਚ ਹੁੰਦੀ ਤਾਂ ਕਿੰਨਾ ਚੰਗਾ ਹੁੰਦਾ।’ ਉਦੋਂ ਹੀ ਮੈਂ ਬੁੱਢੇ ਅੰਗਰੇਜ਼ ਮੇਜ਼ਬਾਨ ਵੱਲ ਡਰਦਿਆਂ-ਡਰਦਿਆਂ ਦੇਖਿਆ ਕਿ ਕਿਤੇ ਉਨ੍ਹਾਂ ਨੇ ਮੇਰੇ ਦਿਲ ਦੀ ਆਵਾਜ਼ ਤਾਂ ਨਹੀਂ ਸੁਣ ਲਈ!
“ਸੋਨੇ ਦਾ ਇਹ ਕੜਾ ਮਰੀਅਮ ਦੀ ਵੀਣੀ ‘ਤੇ ਕਿੰਨਾ ਖੂਬਸੂਰਤ ਲੱਗੇਗਾ?” ਮੈਂ ਕਰਨਲ ਹਾਰਡੀ ਨੂੰ ਕਿਹਾ।
“ਨਹੀਂ, ਬਿਲਕੁੱਲ ਨਹੀਂ।” ਕਰਨਲ ਹਾਰਡੀ ਨੇ ਤੁਰੰਤ ਜਵਾਬ ਦਿੱਤਾ, “ਅਸੀਂ ਪਹਿਲਾਂ ਹੀ ਅਜਿਹਾ ਕੜਾ ਗੁਆ ਚੁੱਕੇ ਹਾਂ। ਸ੍ਰੀਨਗਰ ਵਿਚ ਸਾਡੇ ਨੌਕਰ ਨੇ ਚੋਰੀ ਕਰ ਲਿਆ ਸੀ।” ਕਰਨਲ ਸਾਹਿਬ ਜਿਵੇਂ ਉਸ ਘਟਨਾ ਦੀ ਪੂਰੀ ਤਫ਼ਸੀਲ ਸੁਣਾਉਣ ਲਈ ਭੂਮਿਕਾ ਬੰਨ੍ਹਣ ਲੱਗੇ। ਉਨ੍ਹਾਂ ਦਾ ਚਿਹਰਾ ਭਖਣ ਲੱਗ ਪਿਆ।
“ਹੁਣ ਜਾਣ ਵੀ ਦਿਓ ਉਸ ਕਿੱਸੇ ਨੂੰ।” ਮਿਸਿਜ਼ ਹਾਰਡੀ ਨੇ ਕਿਹਾ, ਪਰ ਉਹ ਗੁੱਸੇ ਵਿਚ ਲਗਦੇ ਸਨ।
“ਕਸ਼ਮੀਰ ਵਿਚ ਸਾਡਾ ਇਕ ਮੁਲਾਜ਼ਮ ਹੁੰਦਾ ਸੀ ਵਹੀਦ ਖ਼ਾਨ। ਉਹਨੇ ਕੜਾ ਚੁਰਾ ਲਿਆ ਸੀ। ਜਦੋਂ ਸਾਨੂੰ ਚੋਰੀ ਦਾ ਪਤਾ ਲੱਗਿਆ, ਵਹੀਦ ਖ਼ਾਨ ਭੱਜ ਚੁੱਕਿਆ ਸੀ। ਫਿਰ ਪੁਲਿਸ ਨੇ ਉਹਨੂੰ ਕਿਸੇ ਪਿੰਡ ਵਿਚੋਂ ਜਾ ਫੜਿਆ ਸੀ ਤੇ ਖ਼ੂਬ ਕੁਟਾਪਾ ਚਾੜ੍ਹਿਆ, ਪਰ ਕੜਾ ਨਾ ਮਿਲਿਆ। ਅੱਜ ਅਠਾਈਆਂ ਸਾਲਾਂ ਬਾਅਦ ਵੀ ਉਹ ਕੜਾ ਗੁਆਚਣ ਦਾ ਗਮ ਹੈ। ਤੁਹਾਡੇ ਮੁਲਕ ਵਿਚ ਨੌਕਰਾਂ ਉਤੇ ਭਰੋਸਾ ਨਹੀਂ ਕਰਨਾ ਚਾਹੀਦਾ। ਬੜੇ ਹੀ ਬੇਈਮਾਨ, ਚੋਰ, ਲੁਟੇਰੇ, ਠੱਗ ਹੁੰਦੇ ਨੇ।”
ਜਜ਼ਬਾਤ ਤੇ ਗੁੱਸੇ ਕਾਰਨ ਕਰਨਲ ਸਾਹਿਬ ਦਾ ਚਿਹਰਾ ਲਾਲ ਹੋਇਆ ਪਿਆ ਸੀ। ਮੈਂ ਮਨ ਹੀ ਮਨ ਸੋਚਣ ਲੱਗਾ, ਉਸ ਬੇਵਸ ਮੁਗ਼ਲ ਸ਼ਹਿਜ਼ਾਦੀ ਨੇ ਕਰਨਲ ਸਾਹਿਬ ਦੇ ਉਸ ਰਿਸ਼ਤੇਦਾਰ ਬਾਰੇ ਕੀ ਸੋਚਿਆ ਹੋਵੇਗਾ ਜਿਸ ਨੇ ਉਸ ਦੀ ਵੀਣੀ ਤੋਂ ਕੜੇ ਲੁਹਾਏ ਹੋਣਗੇ? ਉਹ ਵਿਚਾਰੀ ਕਿਸੇ ਕੋਲ ਆਪਣੇ ਦਿਲ ਦੀ ਭੜਾਸ ਵੀ ਨਹੀਂ ਕੱਢ ਸਕੀ ਹੋਣੀ।
ਖਾਣਾ ਅਸੀਂ ਤਿੰਨਾਂ ਨੇ ਬਿਲਕੁਲ ਚੁੱਪ-ਚਾਪ ਮੁਕਾਇਆ। ਮੇਰੇ ਮਨ ਉਪਰ ਉਦਾਸੀ ਛਾਈ ਹੋਈ ਸੀ। ਤੁਰਨ ਵੇਲੇ ਮੈਂ ਕਰਨਲ ਹਾਰਡੀ ਨੂੰ ਕਿਹਾ ਕਿ ਚੋਰ ਹਰ ਮੁਲਕ ਵਿਚ ਹੁੰਦੇ ਹਨ, ਇੰਗਲਿਸਤਾਨ ਦੀਆਂ ਜੇਲ੍ਹਾਂ ਵਿਚ ਜਿਹੜੇ ਕੈਦੀ ਭਰੇ ਪਏ ਹਨ, ਉਹ ਕੋਈ ਫਰਿਸ਼ਤੇ ਨਹੀਂ। ਫਿਰ ਮੈਂ ਮਿਸਿਜ਼ ਹਾਰਡੀ ਨੂੰ ਕਿਹਾ, “ਕਾਸ਼! ਕਿਸੇ ਦਿਨ ਤੁਸੀਂ ਇਹ ਫ਼ੈਸਲਾ ਕਰ ਲਓ ਕਿ ਇਹ ਕੜਾ ਹਿੰਦੁਸਤਾਨ ਦੀ ਹਕੂਮਤ ਨੂੰ ਵਾਪਸ ਕਰ ਦੇਣਾ ਚਾਹੀਦਾ ਹੈ, ਜਾਂ ਫਿਰ ਕਿਸੇ ਦਿਨ ਮੈਂ ਇਸ ਕਾਬਲ ਹੋ ਜਾਵਾਂ ਕਿ ਤੁਹਾਨੂੰ ਅੱਠ-ਦਸ ਤੋਲੇ ਦਾ ਕੜਾ ਦੇ ਸਕਾਂ ਤਾਂ ਕਿ ਤੁਸੀਂ ਵਹੀਦਾ ਖ਼ਾਨ ਦੀ ਚੋਰੀ ਕਾਰਨ ਸਾਰੇ ਹਿੰਦੁਸਤਾਨੀਆਂ ਬਾਰੇ ਗ਼ਲਤ ਰਾਏ ਤਿਆਗ ਸਕੋ। ਅਸੀਂ ਜਿਹੜੇ ਆਪਣੀ ਰੋਜ਼ੀ-ਰੋਟੀ ਖਾਤਰ ਉਦੋਂ ਹਿੰਦੁਸਤਾਨ ਵਿਚ ਤੁਹਾਡੀ ਨੌਕਰੀ ਕਰਦੇ ਸਾਂ, ਅੱਜ ਇੰਗਲਿਸਤਾਨ ਵਿਚ ਫਿਰ ਆਪਣੀ ਮਿਹਨਤ ਵੇਚਣ ਆ ਵੜਦੇ ਹਾਂ।”
ਉਸ ਰਾਤ ਜਦੋਂ ਘਰ ਪਰਤ ਰਿਹਾ ਸਾਂ ਤਾਂ ਬਾਹਰ ਹਨੇਰੇ ਵਿਚ ਡੈਫੋਡਿਲ ਦੇ ਫੁੱਲਾਂ ਦਾ ਪੀਲਾ ਰੰਗ ਵੀ ਲੋਪ ਹੋ ਚੁੱਕਿਆ ਸੀ। ਹਨ੍ਹੇਰਾ ਹਰ ਚੀਜ਼ ਦੀ ਖ਼ੂਬਸੂਰਤੀ ਨੂੰ ਡਸ ਲੈਂਦਾ ਹੈ।
000
ਦੂਜੇ ਦਿਨ ਸਵੇਰੇ-ਸਵੇਰੇ ਮਿਸਿਜ਼ ਹਾਰਡੀ ਦਾ ਫ਼ੋਨ ਆਇਆ ਕਿ ਮੈਂ ਉਸੇ ਦਿਨ ਉਨ੍ਹਾਂ ਨੂੰ ਮਿਲਾਂ। ਉਹ ਬੋਲੀ, “ਮੇਰੇ ਪਤੀ ਲੰਡਨ ਤੋਂ ਬਾਹਰ ਗਏ ਹੋਏ ਹਨ, ਤੂੰ ਜ਼ਰੂਰ ਆਵੀਂ। ਜ਼ਰੂਰੀ ਗੱਲਾਂ ਕਰਨੀਆਂ ਨੇ।”
ਦੁਪਹਿਰੇ ਮੈਂ ਮਿਸਿਜ਼ ਹਾਰਡੀ ਨੂੰ ਮਿਲਿਆ।
ਮੈਨੂੰ ਦੇਖਦਿਆਂ ਹੀ ਉਨ੍ਹਾਂ ਕਿਹਾ, “ਕੱਲ੍ਹ ਰਾਤ ਜਦ ਤੂੰ ਗਿਆ ਸੈਂ, ਖਾਸਾ ਉਦਾਸ ਸੈਂ ਤੂੰ, ਇਸ ਲਈ ਸਾਰੀ ਰਾਤ ਮੈਨੂੰ ਵੀ ਨੀਂਦ ਨਹੀਂ ਆਈ। ਮੈਂ ਤੈਨੂੰ ਅਜਿਹੀ ਗੱਲ ਦੱਸਣਾ ਚਾਹੁੰਦੀ ਆਂ ਜਿਹੜੀ ਅੱਜ ਤਕ ਮੈਂ ਕਿਸੇ ਨਾਲ ਸਾਂਝੀ ਨਹੀਂ ਕੀਤੀ। ਡੇਵਿਡ ਤੇ ਮਰੀਅਮ ਨਾਲ ਵੀ ਨਹੀਂ। ਉਹ ਦੂਜਾ ਕੜਾ ਵਹੀਦ ਖ਼ਾਨ ਨੇ ਨਹੀਂ ਸੀ ਚੁਰਾਇਆ।”
“ਪਰ ਇਹ ਤਾਂ ਸਰਾਸਰ ਜ਼ਿਆਦਤੀ ਹੋਈ ਨਾ।” ਮੈਂ ਮਿਸਿਜ਼ ਹਾਰਡੀ ਨੂੰ ਕਿਹਾ।
“ਹਾਂ, ਜ਼ਿਆਦਤੀ ਤਾਂ ਹੈ, ਪਰ ਕਦੀ-ਕਦੀ ਅਸੀਂ ਸਾਰੇ ਹੀ ਜ਼ਿਆਦਤੀਆਂ ਕਰਦੇ ਆਂ। ਮੈਂ ਇਹ ਨਹੀਂ ਕਹਿ ਰਹੀ ਕਿ ਇਹ ਕੋਈ ਚੰਗੀ ਗੱਲ ਏ। ਹੋਇਆ ਇਹ ਸੀ ਕਿ ਜਦੋਂ ਅਸੀਂ ਹੈਦਰਾਬਾਦ ਤੋਂ ਕਸ਼ਮੀਰ ਆ ਗਏ ਸਾਂ, ਡੇਵਿਡ ਛੋਟਾ ਜਿਹਾ ਸੀ। ਝੀਲ ਕਿਨਾਰੇ ਸਾਡਾ ਮਕਾਨ ਸੀ। ਅਸੀਂ ਅੰਗਰੇਜ਼ ਅਫ਼ਸਰ ਬਸ ਆਪਸ ਵਿਚ ਹੀ ਮਿਲਦੇ-ਜੁਲਦੇ ਸਾਂ। ਹਰ ਵੇਲੇ ਉਹੀ ਪੋਲੋ ਤੇ ਬ੍ਰਿਜ, ਜਿੰਨ ਤੇ ਟਾਂਗ, ਵਿਸਕੀ ਤੇ ਸੋਢਾ, ਡਿਨਰ ਜੈਕਟ ਤੇ ਈਵਨਿੰਗ ਡਰੈੱਸ। ਹਿੰਦੁਸਤਾਨ ਵਿਚ ਸਿਆਸੀ ਹਾਲਾਤ ਬੜੀ ਤੇਜ਼ੀ ਨਾਲ ਬਦਲ ਰਹੇ ਸਨ, ਪਰ ਅਸੀਂ ਵੱਖਰੀ ਦੁਨੀਆਂ ਵਸਾਈ ਹੋਈ ਸੀ, ਬਿਲਕੁੱਲ ਨਕਲੀ, ਬਨਾਵਟੀ ਤੇ ਓਪਰੀ ਜਿਹੀ। ਮੈਨੂੰ ਉਸ ਮਾਹੌਲ ਵਿਚ ਬੜੀ ਉਕਤਾਹਟ ਮਹਿਸੂਸ ਹੁੰਦੀ। ਅਜੀਬ ਜਿਹੀ ਘੁਟਨ ਦਾ ਅਹਿਸਾਸ ਹੁੰਦਾ। ਮੈਂ ਰੋਜ਼ ਦੇਰ ਤਕ ਘੋੜ-ਸਵਾਰੀ ਕਰਦੀ, ਝੀਲ ਵਿਚ ਤੈਰਦੀ, ਦੂਰ-ਦੂਰ ਤਕ ਟਹਿਲਣ ਤੁਰੀ ਰਹਿੰਦੀ, ਪਰ ਮਨ ਨੂੰ ਸ਼ਾਂਤੀ ਨਾ ਮਿਲਦੀ। ਇਕ ਦਿਨ ਕੋਠੀ ਵਾਪਸ ਪਹੁੰਚ ਕੇ ਘੋੜੇ ਤੋਂ ਉਤਰ ਰਹੀ ਸਾਂ ਤੇ ਵਹੀਦ ਖ਼ਾਨ ਨੇ ਮੇਰੀ ਮਦਦ ਕੀਤੀ। ਵਹੀਦ ਖ਼ਾਨ ਸਾਡੇ ਘਰ ਕਈ ਸਾਲ ਤੋਂ ਮੁਲਾਜ਼ਮ ਸੀ। ਬੜਾ ਲੰਮਾ-ਝੰਮਾ ਖ਼ੂਬਸੂਰਤ ਪਠਾਣ ਸੀ, ਪਰ ਉਸ ਦਿਨ ਘੋੜੇ ਤੋਂ ਉਤਰਦਿਆਂ ਪਹਿਲੀ ਵਾਰੀ ਵਹੀਦ ਖ਼ਾਨ ਦੇ ਇੰਨਾ ਨਜ਼ਦੀਕ ਆਈ ਸਾਂ। ਉਸ ਦੇ ਹੱਥ ਬੜੇ ਮਜ਼ਬੂਤ ਸਨ ਤੇ ਉਸ ਦੇ ਜਿਸਮ ਵਿਚੋਂ ਪਸੀਨੇ ਦੀ ਬੂ ਆ ਰਹੀ ਸੀ। ਉਹ ਉਸ ਦਿਨ ਸਾਡੇ ਆਤਿਸ਼ਦਾਨ ਲਈ ਲੱਕੜਾਂ ਪਾੜ ਰਿਹਾ ਸੀ। ਸ਼ਾਇਦ ਜ਼ਿੰਦਗੀ ਵਿਚ ਪਹਿਲੀ ਵਾਰ ਮੈਂ ਕਿਸੇ ਮਿਹਨਤੀ ਇਨਸਾਨ ਦੇ ਪਸੀਨੇ ਦੀ ਮਹਿਕ ਮਹਿਸੂਸ ਕੀਤੀ ਸੀ। ਫਿਰ ਉਹ ਮਹਿਕ ਮੇਰਾ ਪਿੱਛਾ ਕਰਨ ਲੱਗ ਪਈ। ਘਰ ਦੀ ਤਨਹਾਈ ਤੇ ਕਾਕਟੇਲ ਪਾਰਟੀਆਂ ਦੀ ਭੀੜ ਵਿਚ। ਹਰ ਥਾਂ, ਹਰ ਸਮੇਂ। ਹੌਲੀ-ਹੌਲੀ ਮੈਂ ਵਹੀਦ ਖ਼ਾਨ ਦੇ ਨੇੜੇ ਹੁੰਦੀ ਗਈ। ਉਸ ਦੀ ਛਾਤੀ ਚੌੜੀ ਸੀ, ਵਾਲ ਸ਼ਾਹ ਕਾਲੇ ਸਨ ਤੇ ਅੱਖਾਂ ਸ਼ਹਿਦ ਵਰਗੀਆਂ ਸਨ। ਆਵਾਜ਼ ਵਿਚ ਕਸ਼ਮੀਰੀ ਝੀਲ ਦੇ ਕੰਢੇ ਉਗੇ ਰੁੱਖਾਂ ਵਿਚੋਂ ਸ਼ਾਮ ਵੇਲੇ ਲੰਘਦੀ ਹਵਾ ਵਰਗੀ ਹੂਕ ਸੀ।”
“ਮਰੀਅਮ ਦੀਆਂ ਅੱਖਾਂ ਵਿਚ ਵੀ ਤਾਂ ਸ਼ਾਇਦ ਸ਼ਹਿਦ ਵਰਗੀ ਮਿਠਾਸ ਹੈ?” ਮੈਂ ਮਿਸਿਜ਼ ਹਾਰਡੀ ਨੂੰ ਸੁਣਾ ਕੇ ਬੁੜ-ਬੁੜਾਇਆ। ਮੈਨੂੰ ਤਸਵੀਰਾਂ ਯਾਦ ਆ ਰਹੀਆਂ ਸਨ। ਮਰੀਅਮ ਦੇ ਹੁਸਨ ਨੂੰ ਭੁੱਲਣਾ ਆਸਾਨ ਨਹੀਂ ਸੀ।
“ਹਾਂ, ਮਰੀਅਮ ਵਹੀਦ ਖ਼ਾਨ ਦੀ ਬੇਟੀ ਹੈ। ਉਸ ਦੇ ਖ਼ੂਨ ਵਿਚ ਪਠਾਣ ਤੇ ਅੰਗਰੇਜ਼ ਦਾ ਖ਼ੂਨ ਹੈ। ਮੁਹੱਬਤ ਕਰਨ ਵਾਲੇ ਦੋ ਦਿਲਾਂ ਦੀ ਧੜਕਣ ਹੈ। ਇਸੇ ਲਈ ਮਰੀਅਮ ਹਮੇਸ਼ਾ ਘਰ ਤੋਂ ਦੂਰ ਰਹੀ। ਕਰਨਲ ਸਾਹਿਬ ਨੂੰ ਇਕ ਦਿਨ ਮੇਰੀ ਅਤੇ ਵਹੀਦ ਖ਼ਾਨ ਦੀ ਦੋਸਤੀ ਦਾ ਪਤਾ ਲੱਗ ਗਿਆ। ਉਹ ਗੁੱਸੇ ਵਿਚ ਪਿਸਤੌਲ ਲੈ ਕੇ ਵਹੀਦ ਖ਼ਾਨ ਪਿੱਛੇ ਭੱਜੇ। ਵਹੀਦ ਖ਼ਾਨ ਨਾਲ ਦੇ ਕਿਸੇ ਪਿੰਡ ਵਿਚ ਜਾ ਲੁਕਿਆ। ਦੂਜੇ ਦਿਨ ਕਰਨਲ ਸਾਹਿਬ ਨੇ ਉਸ ਪਿੱਛੇ ਪੁਲਿਸ ਲਾ ਦਿੱਤੀ ਅਤੇ ਚੋਰੀ ਦੇ ਇਲਜ਼ਾਮ ਵਿਚ ਉਸ ਨੂੰ ਫੜਾ ਦਿੱਤਾ। ਉਹ ਆਪਣੀ ਬਦਨਾਮੀ ਨਹੀਂ ਸਨ ਚਾਹੁੰਦੇ, ਉਹ ਨਹੀਂ ਚਾਹੁੰਦੇ ਸਨ ਕਿ ਅੰਗਰੇਜ਼ ਅਫ਼ਸਰ ਦੀ ਪਤਨੀ ਅਤੇ ਹਿੰਦੁਸਤਾਨੀ ਨੌਕਰ ਦੇ ਇਸ਼ਕ ਦੀ ਚਰਚਾ ਹੋਵੇ।”
“ਫਿਰ ਦੂਜੇ ਕੜੇ ਦਾ ਕੀ ਬਣਿਆ?” ਮੈਂ ਪੁੱਛਿਆ।
“ਦੂਜਾ ਕੜਾ ਸੀ ਹੀ ਨਹੀਂ। ਕਰਨਲ ਸਾਹਿਬ ਦੇ ਖ਼ਾਨਦਾਨ ਦੇ ਹੱਥ ਸਿਰਫ ਇਕ ਕੜਾ ਹੀ ਆਇਆ ਸੀ।”
“ਇੰਨੇ ਵਰ੍ਹੇ ਤੁਸੀਂ ਲੋਕ ਆਪਣੇ ਦੋਸਤਾਂ ਸਾਹਮਣੇ ਹਿੰਦੁਸਤਾਨੀ ਨੌਕਰਾਂ ਨੂੰ ਬੇਈਮਾਨ ਤੇ ਚੋਰ ਦੱਸਦੇ ਰਹੇ, ਮੇਰਾ ਖ਼ਿਆਲ ਏ, ਡੇਵਿਡ ਤੇ ਮਰੀਅਮ ਵੀ ਇਹੀ ਸਮਝਦੇ ਹੋਣਗੇ?”
“ਹਾਂ।” ਮਿਸਿਜ਼ ਹਾਰਡੀ ਦੀ ਆਵਾਜ਼ ਉਦਾਸ ਸੀ। “ਮੈਨੂੰ ਇਸ ਦਾ ਸਦਾ ਅਫ਼ਸੋਸ ਰਿਹਾ, ਪਰ ਕਦੀ ਹਿੰਮਤ ਨਹੀਂ ਹੋਈ ਕਿ ਸੱਚੀ ਗੱਲ ਕਿਸੇ ਨੂੰ ਦੱਸਾਂ। ਇਸ ਕਰ ਕੇ ਅੱਜ ਤੈਨੂੰ ਉਚੇਚੇ ਤੌਰ ‘ਤੇ ਬੁਲਾਇਆ ਹੈ ਤਾਂ ਕਿ ਦੱਸ ਸਕਾਂ ਕਿ ਅੰਗਰੇਜ਼ਾਂ ਵਿਚ ਵੀ ਇਨਸਾਨੀ ਕਮਜ਼ੋਰੀਆਂ ਹੁੰਦੀਆਂ ਨੇ। ਈਰਖਾ ਦੀ ਅੱਗ ਵਿਚ ਅਸੀਂ ਵੀ ਭੁੱਜਦੇ ਆਂ। ਅਸੀਂ ਵੀ ਜਾਣਦੇ-ਬੁੱਝਦੇ ਹੋਏ ਝੂਠ ਬੋਲਦੇ ਰਹਿੰਦੇ ਆਂ। ਹਾਰ ਮੰਨਣ ਦੀ ਬਜਾਏ ਅਸੀਂ ਵੀ ਹਠ-ਧਰਮੀ ਬਣ ਬੈਠਦੇ ਆਂ ਤੇ ਸਭ ਤੋਂ ਵੱਡੀ ਗੱਲ ਇਹ ਕਿ ਅਸੀਂ ਕਿਸੇ ਹਿੰਦੁਸਤਾਨੀ ਨਾਲ ਮੁਹੱਬਤ ਕਰਦੇ ਹਾਂ ਤਾਂ ਉਸ ਦਾ ਵੀ ਕੋਈ ਹੱਦ-ਬੰਨਾ ਨਹੀਂ ਹੁੰਦਾ, ਭਾਵੇਂ ਕਦੀ-ਕਦੀ ਮਜਬੂਰੀਆਂ ਸਾਨੂੰ ਇਸ ਦਾ ਖੁੱਲ੍ਹਮ-ਖੁੱਲ੍ਹਾ ਇਕਰਾਰ ਕਰਨ ਤੋਂ ਰੋਕ ਲੈਂਦੀਆਂ ਹਨ। ਆਪਣੇ ਮਹਿਬੂਬ ਤੋਂ ਵਿਛੜਨ ਦੇ ਅਠਾਈ ਸਾਲ ਬਾਅਦ ਵੀ ਉਸ ਦੇ ਪਸੀਨੇ ਦੀ ਮਹਿਕ ਨੂੰ ਨਹੀਂ ਭੁੱਲ ਸਕਦੇ।” ਮਿਸਿਜ਼ ਹਾਰਡੀ ਦੀਆਂ ਨੀਲੀਆਂ ਅੱਖਾਂ ਵਿਚੋਂ ਅੱਥਰੂ ਕਿਰਨ ਲੱਗ ਪਏ। “ਕਾਸ਼! ਮੈਂ ਇਹ ਸਭ ਵਹੀਦ ਖ਼ਾਨ ਨੂੰ ਕਹਿ ਸਕਦੀ!”
ਬਾਅਦ ਦੁਪਹਿਰ ਜਦ ਮੈਂ ਬਾਹਰ ਨਿਕਲਿਆ ਸਾਂ ਤਾਂ ਡੈਫੋਡਿਲ ਦੇ ਪੀਲੇ ਫੁੱਲ ਕੋਸੀ-ਕੋਸੀ ਧੁੱਪ ਵਿਚ ਝੂਮ ਰਹੇ ਸਨ। ਮੈਂ ਸੋਚ ਰਿਹਾ ਸਾਂ ਕਿ ਜੇ ਹਿੰਦੁਸਤਾਨ ਵਿਚ ਮੈਨੂੰ ਕਦੀ ਵਹੀਦ ਖ਼ਾਨ ਮਿਲਿਆ ਤਾਂ ਉਸ ਨੂੰ ਦੱਸਾਂਗਾ ਕਿ ਲੰਡਨ ਵਿਚ ਇਕ ਅੰਗਰੇਜ਼ ਔਰਤ ਜਿਹੜੀ ਕਦੀ ਡਾਢੀ ਹੁਸੀਨ ਹੁੰਦੀ ਹੋਵੇਗੀ, ਅੱਜ ਇੰਨੇ ਵਰ੍ਹਿਆਂ ਬਾਅਦ ਵੀ ਉਸ ਨੂੰ ਯਾਦ ਕਰਦੀ ਹੈ। ਉਨ੍ਹਾਂ ਪਲਾਂ ਨੂੰ ਯਾਦ ਕਰਦੀ ਹੈ ਜਿਹੜੇ ਕਸ਼ਮੀਰ ਦੀਆਂ ਹੁਸੀਨ ਵਾਦੀਆਂ ਵਿਚ ਉਨ੍ਹਾਂ ਨੇ ਇਕੱਠਿਆਂ ਬਿਤਾਏ ਸਨ, ਪਰ ਵਹੀਦ ਖ਼ਾਨ ਨੂੰ ਮੈਂ ਇਹ ਨਹੀਂ ਦੱਸ ਸਕਾਂਗਾ ਕਿ ਉਸ ਦੀ ਖ਼ੂਬਸੂਰਤ ਧੀ ਮਰੀਅਮ ਪੈਰਿਸ ਵਿਚ ਮਾਡਲ ਹੈ, ਨਿੱਤ ਨਵੇਂ ਪੋਜਾਂ ਵਿਚ ਆਪਣੇ ਜਿਸਮ ਦੀ ਨੁਮਾਇਸ਼ ਕਰਦੀ ਹੈ। ਇਹ ਸੁਣ ਕੇ ਸ਼ਾਇਦ ਬੁੱਢੇ ਵਹੀਦ ਖ਼ਾਨ ਨੂੰ ਦੁੱਖ ਹੋਵੇਗਾ।