ਐਸ ਅਸ਼ੋਕ ਭੌਰਾ
ਦੁਨੀਆਂ ਦੇ ਬਹੁਗਿਣਤੀ ਲੋਕ ਸੋਚਦੇ ਨੇ ਕਿ ਸ਼ਾਇਦ ਉਹੀ ਉਖੜੇ ਹੋਏ ਹਨ ਪਰ ਸੱਚ ਇਹ ਹੈ ਕਿ ਪੈਰ ਕਿਸੇ ਦੇ ਵੀ ਨਹੀਂ ਲੱਗੇ ਹੋਏ। ਥੁੜਾਂ ਸਾਰਿਆਂ ਦੀ ਜ਼ਿੰਦਗੀ ਵਿਚ ਨੇ, ਪਰ ਦੁੱਖ ਇਸ ਗੱਲ ਦਾ ਹੈ ਕਿ ਗਿਣਤੀ-ਮਿਣਤੀ ਅਸੀਂ ਹੁਣ ਸਿਰਫ ਊਣਤਾਈਆਂ ਦੀ ਹੀ ਕਰ ਰਹੇ ਹਾਂ। ਸਰਦੂਲ ਸਿਕੰਦਰ ਦਾ ਪੰਜਾਬੀ ਗਾਇਕੀ ਵਿਚ ਪ੍ਰਵੇਸ਼ ਧੰਨਭਾਗ ਸੀ ਤੇ ਇਹ ਵੀ ਸੱਚ ਹੈ ਕਿ ਸਰਦੂਲ ਵਰਗਾ ਵਿਰਾਸਤੀ ਸੰਗੀਤਕ ਘਰਾਣੇ ਦਾ ਗਵੱਈਆ ਸਭ ਤੋਂ ਸੁਰੀਲਾ ਹੈ। ਉਂਜ ਇਹ ਕਹਿਣ ‘ਤੇ ਦੁੱਖ ਮੈਨੂੰ ਵੀ ਲੱਗਦਾ ਹੈ ਕਿ ਪੰਜਾਬੀ ਗਾਇਕੀ ਦੇ ਪੱਲੇ ‘ਚ ਉਹ ਕੁਝ ਨਹੀਂ ਪੈ ਸਕਿਆ ਜਿਸ ਦੀ ਉਮੀਦ ਅਸੀਂ ਸਰਦੂਲ ਸਿਕੰਦਰ ਤੋਂ ਕਰਦੇ ਰਹੇ ਹਾਂ। ਤੇ ਹੁਣ ਸਥਿਤੀ ਇਹ ਹੈ ਕਿ ਵਕਤ ਹੱਥੋਂ ਨਿਕਲਦਾ ਜਾ ਰਿਹਾ ਹੈ।
ਪੱਖਪਾਤੀ ਕਹੋ ਜਾਂ ਕੁਝ ਹੋਰ, ਇਹ ਗੱਲ ਕਹਿਣ ਵਿਚ ਮੈਂ ਝਿਜਕ ਨਹੀਂ ਮਹਿਸੂਸ ਕਰਦਾ ਕਿ ਸਰਦੂਲ ਮੇਰਾ ਜਿਗਰੀ ਯਾਰ, ਪਿਆਰਾ ਗਾਇਕ ਤੇ ਇਸ ਕਰਕੇ ਹੁਣ ਤੱਕ ਮੈਨੂੰ ਆਪਣਾ ਆਪਣਾ ਹੀ ਲੱਗਦਾ ਹੈ ਕਿ ਸਾਡੇ ਸੰਘਰਸ਼ ਦੀਆਂ ਪੌੜੀਆਂ ਦੇ ਪੌਡੇ ਕਈ ਥਾਂ ਇੱਕੋ ਹੀ ਰਹੇ ਹਨ।
ਖੰਨਾ ਨੇੜੇ ਪਿੰਡ ਖੇੜੀ ਨੌਧ ਸਿੰਘ, ਉਥੋਂ ਦੇ ਮੀਰ ਆਲਮ ਸਾਗਰ ਮਸਤਾਨਾ ਦੇ ਤਿੰਨ ਪੁੱਤਰ-ਗਮਦੂਰ ਸਿੰਘ, ਭਰਪੂਰ ਅਲੀ ਅਤੇ ਸਰਦੂਲ ਜੋ ਪਹਿਲਾਂ ਸੀ ਤਾਂ ਅਮਨ, ਭੂਰਾ ਅਤੇ ‘ਦੂਲੀ’ ਪਰ ਇਨ੍ਹਾਂ ‘ਚ ਆਪਣੇ ਕੰਠ ਦੇ ਰਸ ਤੇ ਮੁਕੱਦਰਾਂ ਕਰਕੇ ‘ਦੂਲੀ’ ਫਿਰ ‘ਸਰਦੂਲ ਸਿਕੰਦਰ’ ਬਣ ਗਿਆ ਤੇ ਮੈਨੂੰ ਉਸ ਨੂੰ ‘ਸੁਰਾਂ ਦਾ ਬਾਦਸ਼ਾਹ ਸਿਕੰਦਰ’ ਕਹਿਣ ਵਿਚ ਕੋਈ ਉਜਰ ਵੀ ਨਹੀਂ। ਸਾਲ 1982 ਦੇ ਨੇੜੇ-ਤੇੜੇ ਸਰਦੂਲ ਨਾਲ ਮੇਰੀ ਪਹਿਲੀ ਸਾਂਝ ਉਦੋਂ ਪਈ ਜਦੋਂ ਉਹ ਵੀ ਮੇਰੇ ਤੇ ਹੋਰਨਾਂ ਪੰਜਾਬੀਆਂ ਵਾਂਗ ਕੁਲਦੀਪ ਮਾਣਕ ਦਾ ਉਪਾਸ਼ਕ ਸੀ। ਉਨ੍ਹਾਂ ਦਿਨਾਂ ‘ਚ ਅੱਲੜ੍ਹ ਉਮਰੇ ਵੀ ਮੇਰੀ ਤੇ ਮਾਣਕ ਦੀ ਪੱਕੀ ਯਾਰੀ ਸੀ। ਸਰਦੂਲ ਉਦੋਂ ਪੱਗ ਬੰਨ੍ਹਦਾ ਸੀ ਤੇ ਚਿੱਟੀ ਪੱਗ ਪੱਕੇ ਰੰਗ ‘ਤੇ ਸੋਹਣੀ ਵੀ ਬਹੁਤ ਲੱਗਦੀ ਸੀ। ਫਿਰ ਉਹ ਮਾਣਕ ਨਾਲ ਪੇਟੀ ਵਜਾਉਂਦਾ ਰਿਹਾ, ਮਾਣਕ ਨਾਲ ਵਿਦੇਸ਼ੀ ਟੂਰ ਕਰਦਾ ਰਿਹਾ, ਫਿਰ ਇਕੱਲਾ ਗਾਉਣ ਲੱਗ ਪਿਆ। ਗਾਉਂਦੇ ਗਾਉਂਦੇ ਦਾ ਨੂਰੀ ਨਾਲ ਸੈਟ ਬਣ ਗਿਆ ਤੇ ਦੋ ਮਹਾਨ ਸੁਰਾਂ ਦਾ ਸੰਗਮ ਹੋ ਗਿਆ। ‘ਕਬੂਲ ਕਬੂਲ ਕਬੂਲ’ ਕਹਿ ਕੇ ਦੋਵਾਂ ਨੇ ਨਿਕਾਹ ਕਰ ਲਿਆ ਤੇ ਇਓਂ ਪੰਜਾਬੀ ਗਾਇਕੀ ਦੇ ਗੰਧਲੇ ਮਾਹੌਲ ਵਿਚ, ਤੱਤੀਆਂ ਹਵਾਵਾਂ ਦੇ ਮੌਸਮ ਵਿਚ ਜਿਸ ਤਰ੍ਹਾਂ ਦੇ ਸੀਤ ਬੁੱਲੇ ਇਸ ਜੋੜੀ ਤੋਂ ਆਉਣ ਦੀ ਆਸ ਸੀ, ਪਤਾ ਨਹੀਂ ਇਨ੍ਹਾਂ ਵਿਚ ਕੀ ‘ਊਣਤਾਈਆਂ’ ਰਹਿ ਗਈਆਂ ਕਿ ਬੁੱਲੇ ਤਾਂ ਆਏ, ਆਏ ਵੀ ਠੰਡੇ ਠਾਰ ਪਰ ਰਫਤਾਰ ਮੱਧਮ ਪੈ ਗਈ। ਕਾਲਜ ਪੜ੍ਹਦਿਆਂ ਮੈਂ ਸਰਦੂਲ ਸਿਕੰਦਰ ਦਾ ਉਦੋਂ ਪ੍ਰਸ਼ੰਸਕ ਬਣ ਗਿਆ ਸੀ ਜਦੋਂ ਉਹਦਾ ਗੀਤ 1981 ਵਿਚ ਇਨਰੀਕੋ ਕੰਪਨੀ ਨੇ ਜਾਰੀ ਕੀਤਾ ਸੀ, ਇਕ ‘ਸੁਪਰ ਸੈਵਨ’ ਤਵੇ ਵਿਚ, ‘ਮੈਨੂੰ ਵੀ ਮਿਰਜ਼ੇ ਯਾਰ ਦੇ ਨਾਲ ਹੀ ਦਫਨਾ ਦਿਓ’।
ਉਦੋਂ ਲੱਗਾ ਸੀ ਕਿ ਪੰਜਾਬੀ ਸੰਗੀਤ ਦੇ ਖੇਤਰ ਵਿਚ ਇਕ ਸੁਰੀਲੀ ਸੁਰ ਦੀ ਮੋਹਲੇਧਾਰ ਵਰਖਾ ਹੋਵੇਗੀ। ਫਿਰ ਸਾਡਾ ਮੇਲ ਲਗਾਤਾਰ ਮਾਣਕ ਦੇ ਦਫਤਰ, ਮਾਣਕ ਦੇ ਥਰੀਕੇ ਘਰ ਅਤੇ ਅਖਾੜਿਆਂ ਵਿਚ ਹੁੰਦਾ ਰਿਹਾ। ਇਤਫਾਕ ਦੀ ਗੱਲ ਵੇਖੋ ਕਿ 1983 ਵਿਚ ਕੁਲਦੀਪ ਮਾਣਕ ਨਾਲ ਸਾਡਾ ਇਕ ਸਾਂਝਾ ਪ੍ਰੋਗਰਾਮ ਵੈਸ਼ਨੋ ਦੇਵੀ ਮਾਤਾ ਦੇ ਦਰਸ਼ਨਾਂ ਲਈ ਜਾਣ ਦਾ ਬਣਿਆ। ਸਰਦੂਲ ਸਿਕੰਦਰ ਨੇ ਵੀ ਨਾਲ ਜਾਣ ਦੀ ਇੱਛਾ ਜ਼ਾਹਿਰ ਕੀਤੀ। ਅਕਤੂਬਰ ਮਹੀਨੇ ਦੀ ਗੱਲ ਹੋਵੇਗੀ, ਉਦੋਂ ਮੈਂ ਕਾਲਜ ਪੜ੍ਹਾਉਣ ਲੱਗ ਪਿਆ ਸਾਂ, ਸਿੱਧਾ ਕਾਲਜ ਤੋਂ ਲੁਧਿਆਣੇ ਦਫਤਰ ਪਹੁੰਚਿਆ, ਮਾਣਕ ਪ੍ਰੋਗਰਾਮ ‘ਤੇ ਗਿਆ ਹੋਇਆ ਸੀ। ਇਥੇ ਹੀ ਸਰਦੂਲ ਸਿਕੰਦਰ ਵੀ ਪਿੰਡ ਖੇੜੀ ਨੌਧ ਸਿੰਘ ਤੋਂ ਆ ਗਿਆ। ਉਹਦੇ ਕੋਲ ਨਿੱਕਾ ਜਿਹਾ ਬਰੀਫਕੇਸ ਸੀ ਜਿਸ ਦਾ ਇਕ ਪਾਸੇ ਦਾ ਲੌਕ ਟੁੱਟਿਆ ਹੋਇਆ ਸੀ ਤੇ ਇਸ ਪਾਸੇ ਨੂੰ ਬੈਂਤ ਦੀ ਰੱਸੀ ਪਾਈ ਹੋਈ ਸੀ। ਮਾਣਕ ਪ੍ਰੋਗਰਾਮ ਤੋਂ ਦੇਰੀ ਨਾਲ ਆਇਆ। ਮੈਨੂੰ ਪ੍ਰੀਤਮ ਬਰਾੜ ਬੁਲਾਉਣ ਆਇਆ ਕਿ ਉਸਤਾਦ ਜੀ ਥੱਲੇ ਬੁਲਾ ਰਹੇ ਨੇ। ਮੈਂ ਥੱਲੇ ਆ ਕੇ ਕਿਹਾ ਕਿ ਸਰਦੂਲ ਸਿਕੰਦਰ ਵੀ ਆਇਆ ਹੋਇਆ ਹੈ। ਮਾਣਕ ਆਪਣੇ ਟਿੱਚਰੀ ਸੁਭਾਅ ਮੁਤਾਬਿਕ ਗੋਲ ਮਸ਼ਕਰੀ ਸੱਚੀਂ ਹੀ ਕਰ ਗਿਆ, ‘ਇਹਨੂੰ ਸੌਂ ਲੈਣ ਦੇ ਦਫਤਰ ਹੀ, ਮੈਨੂੰ ਮੀਰ ਆਲਮਾਂ ਦਾ ਪਤੈ, ਇਹ ਨਹਾ ਕੇ ਵੀ ਨਹੀਂ ਆਇਆ ਹੋਣਾ’। ਮੈਨੂੰ ਦੁੱਖ ਤਾਂ ਲੱਗਾ ਪਰ ਬੋਲ ਕੁਝ ਨਾ ਸਕਿਆ ਤੇ ਮੈਂ ਮਾਣਕ ਦੇ ਨਾਲ ਹੀ ਥਰੀਕੇ ਚਲਾ ਗਿਆ।
ਸਵੇਰੇ ਤੜਕੇ ਕਾਲੀ ਅੰਬੈਸਡਰ ਕਾਰ ਵਿਚ ਉਸੇ ਦਫਤਰ ਆਏ, ਮਾਣਕ ਕਹਿਣ ਲੱਗਾ, ‘ਜਾਹ ਸਰਦੂਲ ਨੂੰ ਬੁਲਾ ਲਿਆ’। ਹੈਰਾਨੀ ਇਹ ਸੀ ਕਿ ਪੱਗ ਦਾ ਸਿਰਹਾਣਾ ਬਣਾ ਕੇ ਦਰੀ ਹੀ ਉਪਰ ਲੈ ਕੇ ਉਹ ਸੁੱਤਾ ਪਿਆ ਸੀ। ਪਰ ਪਹਿਲੀ ਵਾਰੀ ਉਹਦੀ ਫੁਰਤੀ ਵੇਖੀ ਸੀ ਜਦੋਂ ਉਹ ਪੰਦਰਾਂ ਮਿੰਟਾਂ ਵਿਚ ਹੀ ਤਿਆਰ ਹੋ ਕੇ ਗੱਡੀ ਵਿਚ ਆਣ ਬੈਠਾ ਅਤੇ ਅਸੀਂ ਵੈਸ਼ਨੋ ਦੇਵੀ ਲਈ ਚੱਲ ਪਏ। ਖੈਰ! ਇਹ ਯਾਤਰਾ ਤਾਂ ਮੁਕੰਮਲ ਹੋ ਗਈ ਪਰ ਉਹ ਦਿਨ ਤੇ ਸਰਦੂਲ ਦੇ ਬਾਦਸ਼ਾਹੀਆਂ ਵਾਲੇ ਦਿਨ ਵੀ ਵੇਖੇ। ਫਿਰ ਰੱਜ ਕੇ ਮਾਣਕ ਦੀਆਂ ਸਿਫਤਾਂ ਕਰਨ ਵਾਲਾ ਸਰਦੂਲ ਮਾਣਕ ਦੀ ਆਲੋਚਨਾ ਕਰਦਾ ਵੀ ਸੁਣਿਆ। ਉਹ ਮੈਨੂੰ ਚਿੜਾਉਣ ਲਈ ਮਾਣਕ ਦੀ ਜਾਣ ਬੁੱਝ ਕੇ ਵਿਰੋਧਤਾ ਵੀ ਕਰ ਦਿੰਦਾ। ਇਨ੍ਹਾਂ ਦੇ ਇਕ ਦੂਜੇ ਵੱਲ ਪਿੱਠ ਘੁਮਾਉਣ ਦੀ ਇਹ ਉਦਾਹਰਣ ਮੇਰੀ ਜ਼ਿੰਦਗੀ ਵਿਚੋਂ ਮਨਫੀ ਨਹੀਂ ਹੋਏਗੀ ਕਿ ਮਾਣਕ ਤੇ ਸਰਦੂਲ ਮੇਰੇ ਵਿਆਹ ਦੀ ਬਰਾਤ ਵਿਚ ਸ਼ਾਮਿਲ ਹੋਏ, ਦੋਹਾਂ ਨੇ ਗਾਇਆ ਪਰ ਆਪਸ ਵਿਚ ਬੋਲੇ ਤੱਕ ਨਹੀਂ। ਹਾਲਾਂਕਿ ਸਰਦੂਲ ਤੇ ਮਾਣਕ ਫਿਰ ਕਈ ਵਾਰ ਦੁੱਖ-ਸੁੱਖ ਸਾਂਝਾ ਕਰਦੇ ਵੀ ਵੇਖੇ।
‘ਰੋਡਵੇਜ਼ ਦੀ ਲਾਰੀ’ ਨੂੰ ਜਦੋਂ ਉਸ ਨੇ ਹਰੀਸ਼ ਜੈਨ ਦੀ ਕੰਪਨੀ ‘ਸਟਾਰ’ ਲਈ ਚਰਨਜੀਤ ਆਹੂਜਾ ਦੇ ਸੰਗੀਤ ਹੇਠ 7-8 ਆਵਾਜ਼ਾਂ ਤੇ ਅੰਦਾਜ਼ਾਂ ਵਿਚ ਗਾਇਆ ਤਾਂ ਸਾਨੂੰ ਆਸ ਤਾਂ ਸੀ ਕਿ ਗੱਲ ਬਣ ਜਾਏਗੀ ਪਰ ਏਨੀ ਗੱਲ ਬਣ ਜਾਏਗੀ ਕਿ ਸਰਦੂਲ ਇਕ ਗੀਤ ਨਾਲ ਹੀ ਏਨਾ ਸਥਾਪਿਤ ਹੋ ਜਾਏਗਾ! ਇਹ ਉਮੀਦ ਘੱਟ ਹੀ ਸੀ। ਦੂਰਦਰਸ਼ਨ ਜਲੰਧਰ ਨੇ ‘ਰੋਡਵੇਜ਼ ਦੀ ਲਾਰੀ’ ਨੂੰ ਹਿੱਟ ਕਰਨ ਵਿਚ ਸਭ ਤੋਂ ਵੱਡੀ ਭੂਮਿਕਾ ਨਿਭਾਈ। ਸੁਰਿੰਦਰ ਸ਼ਿੰਦੇ ਦੀ ‘ਜਿਊਣਾ ਮੌੜ’ ਵਾਲੀ ਚਿੱਟੀ ਅੰਬੈਸਡਰ ਕਾਰ ਚਰਨਜੀਤ ਆਹੂਜਾ ਨੇ 14,000 ਵਿਚ ਖਰੀਦੀ ਸੀ ਤੇ ਇਹ ਫਿਰ ਸਰਦੂਲ ਸਿਕੰਦਰ ਕੋਲ 8500 ਰੁਪਏ ਦੀ ਵਿਕ ਕੇ ਖੰਨੇ ਆ ਗਈ। ਹਵਾਲਾ ਦਿਆਂਗਾ ਕਿ ਇਹ ਕਾਰ ਸਰਦੂਲ ਸਿਕੰਦਰ ਨੇ ਹਾਲੇ ਤੱਕ ਸੰਘਰਸ਼ ਦੇ ਦਿਨਾਂ ਵਾਲੀ ਜ਼ਿੰਦਗੀ ਦੀ ਇਕ ਕੀਮਤੀ ਯਾਦ ਵਜੋਂ ਆਪਣੇ ਘਰ ਅੰਦਰ ਸਾਂਭ ਕੇ ਰੱਖੀ ਹੋਈ ਹੈ।
ਇਕ ਹੋਰ ਦਿਲਚਸਪ ਵਾਕਿਆ ‘ਰੋਡਵੇਜ਼ ਦੀ ਲਾਰੀ’ ਵੇਲੇ ਦਾ ਦੱਸਾਂਗਾ। ਇਸੇ ਅੰਬੈਸਡਰ ਕਾਰ ਵਿਚ ਜਦੋਂ ਦਿੱਲੀ ਤੋਂ ਖੇੜੀ ਨੌਧ ਸਿੰਘ ਅਸੀਂ ਪਹੁੰਚੇ ਤਾਂ ਸਰਦੂਲ ਨੇ ਆਪਣੇ ਘਰ ‘ਚ ਦੋ ਖਣ ਦੀ ਬੈਠਕ ਦੇ ਮੂਹਰਲੇ ਗੇਟ ‘ਚ ਫੋਟੋਆਂ ਵਾਲੇ ਫਰੇਮ ਵਿਚੋਂ ਸ਼ੀਸ਼ਾ ਕੱਢ ਕੇ ਉਪਰ ‘ਆਲ੍ਹਣਾ ਸਰਦੂਲ ਸਿਕੰਦਰ’ ਲਿਖ ਕੇ ਫਿੱਟ ਕੀਤਾ, ਪਿੱਛੇ ਉਹਦੀ ਭਾਸ਼ਾ ਮੁਤਾਬਿਕ ‘ਲਾਟੂ’ ਲਾਇਆ ‘ਤੇ ਇਹ ਕਾਰਜ ਰਾਤੋ ਰਾਤ ਕਰਨ ਲਈ ਅਸੀਂ ਕਈ ਘੰਟੇ ਲੱਗੇ ਰਹੇ। ਇਹ ਵੀ ਦੱਸ ਦਿਆਂ, ਫਿਰ ਇਸੇ ਹੀ ਬੈਠਕ ਵਿਚ ‘ਲਵ ਮੈਰਿਜ ਕਰਾਉਣ ਦਾ ਰਿਵਾਜ ਹੋ ਗਿਆ’ ਐਲਬਮ ਦੇ ਗੀਤ ਸੁਣੇ ਜੋ ਖੇੜੀ ਦੇ ‘ਦੂਲੀ’ ਨੂੰ ਸਰਦੂਲ ਤੇ ਫਿਰ ‘ਸਰਦੂਲ ਸਿਕੰਦਰ’ ਬਣਾਉਣ ਵਿਚ ਕਾਮਯਾਬ ਹੋ ਗਏ। ਇਹ ਗੱਲ ਉਨ੍ਹਾਂ ਦਿਨਾਂ ਦੀ ਹੈ ਜਦੋਂ ਸਰਦੂਲ ਦੇ ਘਰ ਵਿਚ, ਜ਼ਿਹਨ ਵਿਚ, ਸਟੇਜਾਂ ‘ਤੇ, ਮਿੱਤਰਾਂ ਦੀ ਮਹਿਫਿਲ ‘ਚ ਚਰਨਜੀਤ ਆਹੂਜਾ ਤੋਂ ਸਿਵਾ ਕਿਸੇ ਦਾ ਜ਼ਿਕਰ ਨਹੀਂ ਹੁੰਦਾ ਸੀ। ਫਿਰ ਸਰਦੂਲ ਖੰਨੇ ਆ ਗਿਆ। ਫਿਰ ਗਾਇਕੀ ਦੀਆਂ ਬੁਲੰਦੀਆਂ ਦੀਆਂ ਆਤਿਸ਼ਬਾਜ਼ੀਆਂ ਅਸਮਾਨੀ ਪਟਾਕੇ ਚਲਾਉਣ ਲੱਗ ਪਈਆਂ। ਕਿਰਾਏ ਦੀਆਂ ਕੋਠੀਆਂ ਤੋਂ ਹੁੰਦਾ ਹੋਇਆ ਸਰਦੂਲ ਇਕ ਵੱਡੇ ਮਹਿਲ ‘ਚ ਵਾਕਿਆ ਹੀ ਬਾਦਸ਼ਾਹਾਂ ਵਾਂਗ ਰਹਿਣ ਦੇ ਯੋਗ ਬਣ ਗਿਆ।
ਜਿਨ੍ਹਾਂ ਦਿਨਾਂ ਵਿਚ ‘ਮਾਝੇ ਮਾਲਵੇ ਦੁਆਬੇ ਦੀਆਂ ਜੱਟੀਆਂ’ ਦੂਰਦਰਸ਼ਨ ਨੇ ਹਿੱਟ ਕੀਤਾ, ਉਸ ਤੋਂ ਪਹਿਲਾਂ ਮੈਂ ਸਰਦੂਲ ਲਈ ਇਕ ਯਤਨ ਕਰਦਾ ਸੀ, ਦਿੱਲੀ ਦੀ ਇਕ ਗਾਇਕਾ ਨਾਲ ਡਿਊਟਰ ਵਜੋਂ ਸੈਟ ਬਣਾਉਣ ਦਾ। ਉਸ ਪਰਿਵਾਰ ਨਾਲ ਮੇਰੇ ਚੰਗੇ ਤਾਲੁਕਾਤ ਸਨ ਪਰ ਮੇਰੀ ਪੇਸ਼ਕਸ਼ ਨੂੰ ਉਸ ਕੁੜੀ ਦੇ ਬਾਪੂ ਨੇ ਇਹ ਕਹਿ ਕੇ ਠੁਕਰਾ ਦਿੱਤਾ, ‘ਅਸ਼ੋਕ ਇੰਨਾ ਜ਼ੁਲਮ ਤਾਂ ਨਾ ਕਰ, ਘੋੜੇ ਤਾਂ ਦੋ ਕੰਮ ਦੇ ਹੋ ਸਕਦੇ ਨੇ ਪਰ ਚਿੱਟੇ ਤੇ ਕਾਲੇ ਦੀ ‘ਕੱਠਿਆਂ ਦੀ ਦੌੜ ਨਾ ਲੁਆ’। ਖੂਬਸੂਰਤੀ ਦਾ ਅੜਿੱਕਾ ਬਣਨ ਕਰਕੇ ਗੱਲ ਇਹ ਬਣ ਨਾ ਸਕੀ। ਇਤਫਾਕ ਇਹ ਸੀ, ਦੀਦਾਰ ਸੰਧੂ ਨਾਲੋਂ ਅਮਰ ਨੂਰੀ ਦਾ ਸੈਟ ਟੁੱਟ ਗਿਆ ਤੇ ਇੱਕੋ ਵੇਲੇ ਚਰਨਜੀਤ ਆਹੂਜਾ ਨੇ ਸਰਦੂਲ ਦੀ ਇਕ ਐਲਬਮ ‘ਮਾਝੇ ਮਾਲਵੇ ਦੁਆਬੇ ਦੀਆਂ ਜੱਟੀਆਂ’ ਅਤੇ ਦੂਜੀ ਅਮਰ ਨੂਰੀ ਨਾਲ ‘ਰੀਲ੍ਹਾਂ ਦੀ ਦੁਕਾਨ’ ਨਾਮ ਹੇਠ ਡਿਊਟ ਗੀਤਾਂ ਦੀ ਰਿਕਾਰਡਿੰਗ ਕੀਤੀ। ‘ਸੋਨੋਟੋਨ’ ਰਿਕਾਰਡਿੰਗ ਕੰਪਨੀ ਨੂੰ ਪੰਜਾਬੀ ਸੰਗੀਤ ਮੰਡੀ ਵਿਚ ਬਰੇਕ ਦਿਵਾਉਣ ਵਾਲੀਆਂ ਇਹ ਦੋ ਕੈਸਿਟਾਂ ਸਨ ਤੇ ਇਸੇ ਹੀ ਕੰਪਨੀ ਨੇ ਬਾਅਦ ਵਿਚ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦੀਆਂ ਧਾਰਮਿਕ ਕੈਸਟਾਂ ਵੀ ਰਿਕਾਰਡ ਕੀਤੀਆਂ। ਹੈਰਾਨ ਹੋਵੋਗੇ ਕਿ ਵਾਲੀਏ ਦੀ ਪੰਜਾਬੀ ਫਿਲਮ ‘ਰੱਬ ਤੋਂ ਡਰ ਸੱਜਣਾਂ’ ਵਿਚ ਜਦੋਂ ਸਰਦੂਲ ਨੇ ‘ਰੋਡਵੇਜ਼ ਦੀ ਲਾਰੀ’ ਗਾਈ ਤਾਂ ਆਪਣੀਆਂ ਚਿੱਠੀਆਂ ਵਿਚ ਸਰਦੂਲ ਮੈਨੂੰ ਡਰਾਇੰਗ ਵਾਹ ਵਾਹ ਕੇ ਦੱਸਦਾ ਹੁੰਦਾ ਸੀ ਕਿ ‘ਅਜੀਤ’ ਦੇ ਫਿਲਮ ਅੰਕ ਵਿਚ ਮੇਰੀ ਫੋਟੋ ਏਦਾਂ ਏਦਾਂ ਲਾਉਣੀ ਹੈ, ਇਹ ਲਿਖਣਾ ਹੈ ਕਿ ਸਰਦੂਲ ਸਿਕੰਦਰ ਹੁਣ ਫਿਲਮਾਂ ‘ਚ। ਖੈਰ! ਸੰਘਰਸ਼ ਦੇ ਦਿਨਾਂ ਵਿਚ ਏਦਾਂ ਦੀਆਂ ਘਟਨਾਵਾਂ ਬਹੁਤਿਆਂ ਦੀ ਜ਼ਿੰਦਗੀ ਵਿਚ ਵਾਪਰਦੀਆਂ ਹੀ ਹੁੰਦੀਆਂ ਹਨ।
ਅਮਰ ਨੂਰੀ ਨਾਲ ਸੈਟ ਬਣਨ ਤੋਂ ਪਹਿਲਾਂ ਉਹ ਮੇਰੇ ‘ਤੇ ਭਰੋਸਾ ਕਰਦਿਆਂ ਕਹਿੰਦਾ ਹੁੰਦਾ ਸੀ, ‘ਨੂਰੀ ਦੇ ਬਾਪੂ ਨਾਲ ਮੇਰੀ ਗੱਲ ਚੱਲ ਰਹੀ ਹੈ, ਪਰ ਇਹ ਗੱਲ ਕਿਸੇ ਨੂੰ ਦੱਸੀਂ ਨਾ’ ਤੇ ‘ਦੱਸੀਂ ਨਾ’ ਵਾਲੀ ਗੱਲ ਮੈਂ ਇਕ ਹੋਰ ਵੀ ਦਸ ਦੇਨਾਂ। ਸਰਦੂਲ ਸਿਕੰਦਰ, ਕੁਲਦੀਪ ਮਾਣਕ, ਮੁਹੰਮਦ ਸਦੀਕ, ਦਿਲਸ਼ਾਦ ਅਖਤਰ, ਨਜ਼ੀਰ ਮੁਹੰਮਦ ਘਰਾਣੇ ਦੇ ਗਵੱਈਏ ਨੇ। ਬਾਬੇ ਮਰਦਾਨੇ ਦੀ ਕੁੱਲ ਵਿਚੋਂ ‘ਮੀਰ ਆਲਮ’। ਜਦੋਂ ਅਮਰ ਨੂਰੀ ਨਾਲ ਲੁੱਡੀਆਂ ਪਾਉਂਦੀ ਪਿਆਰ ਦੀ ਕਹਾਣੀ ਦੀ ਬਾਤ ਸਰਦੂਲ ਦੇ ਘਰ ਪੁੱਜਣ ਲੱਗੀ ਤਾਂ ਸੱਚ ਹੈ ਕਿ ਉਸ ਮਹਾਨ ਮਾਂ ਲੀਲਾਵਤੀ, ਜਿਸ ਨੇ ਸਰਦੂਲ ਵਰਗਾ ਪੁੱਤ ਜੰਮਿਆ, ਦੇ ਵੱਡੇ ਪੁੱਤ ਗਮਦੂਰ ਤੇ ਭਰਪੂਰ ਇਸ ਵਿਆਹ ਦਾ ਇਹ ਆਖ ਕੇ ਵਿਰੋਧ ਕਰਦੇ ਸਨ ਕਿ ਅਸੀਂ ਤਾਂ ਮੀਰ ਆਲਮ ਹਾਂ ਪਰ ਰੌਸ਼ਨ ਸਾਗਰ ਦੀ ਪੁੱਤਰੀ ਨੂਰੀ ‘ਮੀਰ ਆਲਮਾਂ’ ਦੀ ਕੁੜੀ ਨਹੀਂ। ਪਰ ਫਿਰ ਵੀ ਹਾਲਾਤ ਐਸੇ ਬਣੇ ਕਿ ਰੌਸ਼ਨ ਸਾਗਰ ਨੇ ਨਾ ਚਾਹੁੰਦਿਆਂ ਵੀ ਨੂਰੀ ਦਾ ਪੱਲਾ ਸਰਦੂਲ ਦੇ ਹੱਥ ਫੜਾ ਹੀ ਦਿੱਤਾ। ਕਰਮਾ, ਨੂਰ ਤੇ ਤਾਰੀ ਤਿੰਨੇ ਸਰਦੂਲ ਦੇ ਗਰੁਪ ‘ਚ ਕੋਰਸ ਬੋਲਣ ਵਾਲੇ, ਸਾਜ਼ ਵਜਾਉਣ ਵਾਲੇ ਆਪਣੀ ਭੈਣ ਨਾਲ ਜਾਣ ਵਾਲੇ ਸਰਦੂਲ ਦੇ ‘ਬ੍ਰਦਰ ਇਨ ਲਾਅ’ ਬਣ ਗਏ। ਇਹ ਸਰਦੂਲ ਦੀ ਕਹਾਣੀ ਮੇਰੇ ਨਾਲ ਹੀ ਕਈ ਥਾਂ ਸਾਂਝੀ ਹੈ।
ਸਰਦੂਲ ਮੇਰਾ ਭਰਾ ਵੀ ਹੈ, ਮੇਰਾ ਯਾਰ ਵੀ ਹੈ, ਉਹ ਮੇਰੇ ਦੁੱਖ-ਸੁੱਖ ਵਿਚ ਵੀ ਖੜਦਾ ਰਿਹਾ ਹੈ। ਉਹ ਸਨਮਾਨ ‘ਚ ਮੈਨੂੰ ਕਾਰ ਦੁਆਉਣ ਵਾਲਿਆਂ ‘ਚ ਪਰਮਿੰਦਰ ਸੰਧੂ ਨਾਲ ਸਭ ਤੋਂ ਮੋਹਰੀ ਸੀ। ਟਿੱਚਰਾਂ ਕਰਨ ਵਿਚ ਸਰਦੂਲ ਮੈਨੂੰ ਬਹੁਤ ਵਾਰ ਮੂਹਰੇ ਲਾਈ ਰੱਖਦਾ ਸੀ, ਉਹ ਮੇਰੇ ਨਾਲ ਘੋਲ-ਮਥੋਲਾ ਹੁੰਦਾ ਰਿਹਾ ਪਰ ਅਸੀਂ ਦੂਰ ਰਹਿ ਕੇ ਵੀ ਨੇੜੇ ਰਹੇ। ਇਸ ਕਰਕੇ ਵੀ ਕਿ ਜਦੋਂ ਮੈਂ ਸਰਕਾਰੀ ਨੌਕਰੀ ਕਰਨ ਲੱਗਾ ਤਾਂ ਖੰਨੇ ਦੇ ਇਕ ਸ਼ੋਅਰੂਮ ‘ਚ ਜਾ ਕੇ ਉਹਨੇ ਮੈਨੂੰ ਕਈ ਸੂਟ ਸੁਆ ਕੇ ਦਿੱਤੇ ਕਿ ਸਾਡਾ ਭਰਾ ਹੁਣ ਏਦਾਂ ਦੇ ਕੱਪੜੇ ਪਾਇਆ ਕਰੇਗਾ ਕਿਉਂਕਿ ਲੇਖਕ ਤੇ ਪੱਤਰਕਾਰ ਤਾਂ ਸੀ ਹੀ ਪਰ ਹੁਣ ਅਧਿਆਪਕ ਵੀ ਬਣ ਗਿਆ ਹੈ।
ਮੈਨੂੰ ਇਹ ਕਹਿਣ ਵਿਚ ਕੋਈ ਝਿਜਕ ਵੀ ਨਹੀਂ ਕਿ ਪੰਜਾਬੀ ਗਾਇਕੀ ਦਾ ਦੌਰ ਅੱਜਕੱਲ ਬਹੁਤਾ ਕਰਕੇ ਸਵਾਰਥੀਆਂ ਦੀ ਭੀੜ, ਬੇਸੁਰਿਆਂ ਤੇ ਬੇਗੁਰਿਆਂ ਦਾ ਕਾਫਲਾ ਅਤੇ ਨਾ-ਸ਼ੁਕਰਿਆਂ ਦਾ ਵੱਗ ਬਣ ਗਿਆ ਹੈ। ਉਹ ਮੇਰੇ ਵਿਆਹ ਦਾ ਪ੍ਰਮੁੱਖ ਆਰਗੇਨਾਈਜ਼ਰ ਸੀ। ਮੇਰੇ ਵਿਆਹ ਵਾਲੇ ਦਿਨ ਮੇਰਾ ਲਿਖਿਆ ਗੀਤ ਉਹਨੇ ਪਹਿਲੀ ਵਾਰ ਮੇਰੇ ਵਿਆਹ ਦੇ ਅਖਾੜੇ ‘ਤੇ ਗਾਇਆ ਸੀ, ‘ਬਿਸ਼ਨ ਕੌਰੇ ਭਾਬੀਏ ਨੀ ਸਾਨੂੰ ਗਿੱਧੇ ਵਿਚ ਨੱਚਣਾ ਸਿਖਾ ਦੇ’ ਅਤੇ ਸਹੁਰਿਆਂ ਦਾ ਪਿੰਡ ਮਖਸੂਸਪੁਰ ਹੋਣ ਕਰਕੇ ਦੇਬੀ ਦਾ ਦੋਗਾਣਾ ਗੀਤ ‘ਨੱਚ ਸਾਲੀਏ ਨੀ ਮੇਰੇ ਵੀਰ ਦੇ ਵਿਆਹ ‘ਚ, ਤੇਰੇ ਸਿਰ ਤੋਂ ਵਾਰ ਦਊਂ ਵਾਲੀਆਂ’ ਗਾਇਆ। ਮੁੜਦੀ ਡੋਲੀ ਨਾਲ ਸਰਦੂਲ ਤੇ ਨੂਰੀ ਰੱਜ ਕੇ ਨੱਚੇ। ਮੇਰੀ ਬਰਾਤ ਨਾਲ ਦੁਪਹਿਰ ਦੇ ਖਾਣੇ ‘ਤੇ ਸਰਦੂਲ ਤਾਂ ਨ੍ਹੀਂ ਨੱਚਿਆ ਕਿਉਂਕਿ ਕੁਲਦੀਪ ਮਾਣਕ ਨੱਚਣ ਲੱਗ ਪਿਆ ਸੀ। ਪਰ ਨਾਰਾਜ਼ਗੀਆਂ ਦੀ ਇਹ ਖਿੱਚੋਤਾਣ ਸਿਰਫ ਮੈਂ ਜਾਣਦਾ ਹਾਂ।
ਤਿੰਨਾਂ ਭਰਾਵਾਂ ਨੂੰ ਜਿਨ੍ਹਾਂ ਨੇ ਜਲੰਧਰ ਦੂਰਦਰਸ਼ਨ ਤੋਂ ਇਕੱਠਿਆਂ ਗਾਉਂਦਿਆਂ ਵੇਖਿਆ ਤੇ ਸੁਣਿਆ ਹੈ, ਉਹ ਤਸਦੀਕ ਕਰਦੇ ਰਹਿਣਗੇ ਕਿ ਮੀਰ ਆਲਮ ਘਰਾਣਾ ਸੰਗੀਤ ਦੀ ਸਭ ਤੋਂ ਵੱਡੀ ਵਿਰਾਸਤ ਹੈ ਅਤੇ ਰਹੇਗਾ। ‘ਕਾਲੇ ਕੀਤੇ ਜਹਾਨ ‘ਤੇ ਕਿਉਂ ਪੈਦਾ ਰੱਬਾ ਸਾਨੂੰ ਨ੍ਹੀਂ ਸੋਹਣੇ ਪਸੰਦ ਕਰਦੇ’ ਤਿੰਨਾਂ ਭਰਾਵਾਂ ਨੇ ਰੱਬ ਨੂੰ ਸਭ ਤੋਂ ਵੱਧ ਇਸ ਕਰਕੇ ਉਲਾਂਭਾ ਦਿੱਤਾ ਕਿ ਜੇ ਉਨ੍ਹਾਂ ਨੂੰ ਕੰਠ ਸੁਰਾਂ ‘ਚ ਪੱਕੇ ਦਿੱਤੇ ਤਾਂ ਰੰਗ ਪੱਕੇ ਦੇਣ ਵਿਚ ਵੀ ਰੱਬ ਨੇ ਕੋਈ ਕਸਰ ਨਹੀਂ ਛੱਡੀ। ਪਰ ਅਮਰ ਨੂਰੀ ਵਰਗੀ ਖੂਬਸੂਰਤ ਕੁੜੀ ਨਾਲ ਵਿਆਹ ਕਰਾਉਣਾ ਸਰਦੂਲ ਦੇ ਸੁਰੀਲੇਪਨ ਦੀ ਯੋਗਤਾ ਸੀ।
ਸਰਦੂਲ ਸਿਕੰਦਰ ‘ਚ ਸਾਰੇ ਹੀ ਗੁਣ ਨੇ ਪਰ ਜਿਸ ਅਵਗੁਣ ਨੂੰ ਮੈਂ ਮੰਨਦਾਂ ਤੇ ਉਹ ਸਵੀਕਾਰ ਕਰਦਾ ਹੈ, ਉਹ ਹੈ ਕਿ ਉਹ ਘੌਲੀ, ਆਲਸੀ ਅਤੇ ਕਈ ਮਾਮਲਿਆਂ ਵਿਚ ਸੁਸਤ ਬੰਦਾ ਹੈ, ਉਹ ਹਾਲੇ ਤੱਕ ਵੀ ਸਵੱਖਤੇ ਉਠਣ ਦੀ ਆਦਤ ਨਹੀਂ ਪਾ ਸਕਿਆ। ਸੁਣਦੇ ਇਹ ਵੀ ਹਾਂ ਕਿ ਉਹਨੂੰ ਡਾਇਬਟੀਜ਼ ਨੇ ਵੀ ਘੇਰ ਲਿਆ ਹੈ, ਪਰ ਮਿੱਠਾ ਗਾਉਣ ਵਾਲਿਆਂ ਨੂੰ ਮਿੱਠੇ ਦੀ ਅਲਾਮਤ ਚਿੰਬੜੇ, ਇਹ ਘੱਟ ਹੀ ਹੁੰਦਾ ਹੈ। ਜੇ ਉਹ ਸੁਸਤ ਨਾ ਹੁੰਦਾ ਤਾਂ ਜਿਨ੍ਹਾਂ ਨਾਲ ਉਹਦਾ ਸਿਹਤਮੰਦ ਸੰਗੀਤ ਮੁਕਾਬਲਾ ਰਿਹਾ ਹੈ, ਉਨ੍ਹਾਂ ਤੋਂ ਸਰਦੂਲ ਨੂੰ ਪਛੜਿਆ ਤਾਂ ਮੈਂ ਨਹੀਂ ਕਹਾਂਗਾ ਪਰ ਰਾਜਨੀਤਕ ਵਿਉਂਤਬੰਦੀਆਂ ਨਾਲ ਜੇ ਉਹ ਅੱਗੇ ਗਏ ਹਨ ਤਾਂ ਇਹ ਸਰਦੂਲ ਦੀ ਸੁਸਤੀ ਦਾ ਨਤੀਜਾ ਸੀ। ਵਰਨਾ ਇਹ ਗੱਲ ਸੱਚ ਸੀ ਕਿ ਸਰਦੂਲ ਕਿਸੇ ਨੂੰ ਨੇੜੇ ਨਾ ਲੱਗਣ ਦਿੰਦਾ ਤੇ ਜੋ ਕੁਝ ਵਾਹਿਗੁਰੂ ਨੇ ਉਹਦੇ ਗਲੇ ਵਿਚ ਫਿੱਟ ਕੀਤਾ ਹੈ, ਉਹ ਕਿਸੇ ਕੋਲ ਵੀ ਨਹੀਂ ਹੈ, ਤੇ ਚੀਕ ਮਾਰ ਕੇ ਮੈਂ ਇਹ ਵੀ ਕਹਾਂਗਾ ਕਿ ਇਸ ਦਾ ਲਾਭ ਜਿੰਨਾ ਸਰਦੂਲ ਨੂੰ ਮਿਲਣਾ ਚਾਹੀਦਾ ਸੀ, ਨਹੀਂ ਮਿਲ ਸਕਿਆ।
ਮੈਂ ਸਰਦੂਲ ਨੂੰ ਭਾਜੀ ਬਰਜਿੰਦਰ ਸਿੰਘ ਦੇ ਨੇੜੇ ਲਿਆਉਣ ਦੇ ਬੜੇ ਯਤਨ ਕੀਤੇ। ਇਕ ਪ੍ਰੋਗਰਾਮ ਲਈ ਭਾਜੀ ਨੇ ਮੈਨੂੰ ਸਰਦੂਲ ਨੂੰ ਬੁਲਾਉਣ ਲਈ ਕਿਹਾ ਪਰ ਦੋ ਹਫਤਿਆਂ ਤੱਕ ਸਰਦੂਲ ਨੇ ਕੋਈ ਲੜ ਸਿਰਾ ਨਾ ਫੜਾਇਆ। ਮੈਂ ਜਸਪਿੰਦਰ ਨਰੂਲਾ ਨੂੰ ਕਿਹਾ, ਉਹ ਵਿਹਲੀ ਨਹੀਂ ਸੀ। ਸ੍ਰੀ ਅਨੰਦਪੁਰ ਸਾਹਿਬ ਇਹ ਪ੍ਰੋਗਰਾਮ ਫਿਰ ਮਨਮੋਹਨ ਵਾਰਿਸ ਨੇ ਕੀਤਾ। ਭਾਜੀ ਬਰਜਿੰਦਰ ਸਿੰਘ ਤੋਂ ਇਹ ਦੂਰੀ ਪਈ ਜਾਂ ਨਹੀਂ, ਇਹ ਤਾਂ ਮੈਂ ਨਹੀਂ ਕਹਿ ਸਕਦਾ ਪਰ ਇਹ ਨੇੜਤਾ ਨਾ ਹੋਣ ਦਾ ਸਰਦੂਲ ਨੂੰ ਨੁਕਸਾਨ ਜ਼ਰੂਰ ਹੋਇਆ। ਇਤਫਾਕ ਇਹ ਵੀ ਹੈ ਕਿ ਨੂਰੀ ਤੇ ਸਰਦੂਲ ਨੂੰ ਸਭ ਤੋਂ ਵੱਧ ਵਾਰ ਮੈਂ ਭਾਜੀ ਬਰਜਿੰਦਰ ਸਿੰਘ ਨੂੰ ਮਿਲਾਇਆ ਤੇ ਜਿਸ ਦਿਨ ਤੱਤਕਾਲੀਨ ‘ਅਜੀਤ’ ਦੇ ਸਮਾਚਾਰ ਸੰਪਾਦਕ ਰਜਿੰਦਰ ਰਾਜਨ ਦੇ ਬੇਟੇ ਦੇ ਵਿਆਹ ‘ਤੇ ਸਰਦੂਲ-ਨੂਰੀ ਸਮੇਤ ਮੈਂ ਕਈ ਗਾਇਕਾਂ ਨੂੰ ਲੈ ਕੇ ਗਿਆਂ, ਉਸੇ ਸ਼ਾਮ ਨੂੰ ਅਸੀਂ ਹੰਸ ਰਾਜ ਹੰਸ ਦੇ ਪਿੰਡ ਸ਼ਫੀਪੁਰ ਗਏ ਸੀ। ਹੰਸ ਨੇ ਰਾਤ ਵੇਲੇ ਉਹ ਥਾਂ ਦਿਖਾਈ ਸੀ ਜਿਥੇ ਹੁਣ ਵਾਲਾ ਘਰ ਬਣਾਉਣ ਦੀਆਂ ਨੀਹਾਂ ਪੁੱਟਣ ਲਈ ਕਲੀ ਪਾਈ ਹੋਈ ਸੀ। ਫਿਰ ਇਸੇ ਘਰ ਨੂੰ ਵੇਖਣ ਲਈ ਮੈਂ ਸਰਦੂਲ, ਨੂਰੀ ਤੇ ਰੌਸ਼ਨ ਸਾਗਰ ਦੁਬਾਰਾ ਵੀ ਗਏ ਸਾਂ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਜਲੰਧਰ ਦੂਰਦਰਸ਼ਨ ਨੇ ਸਰਦੂਲ ਨੂੰ ਪ੍ਰਸਿੱਧ ਗਵੱਈਆ ਬਣਾਉਣ ਵਿਚ ਬੜੀ ਵੱਡੀ ਭੂਮਿਕਾ ਨਿਭਾਈ ਹੈ। ਹਰਜੀਤ ਵੀ ਇਹ ਕਹੇਗਾ ਕਿ ਸਰਦੂਲ ਸੁਸਤ ਨਾ ਹੁੰਦਾ ਤਾਂ ਪੰਜਾਬੀ ਗਾਇਕੀ ਵਿਚ ਬਹੁਤ ਕੁਝ ਚੁਸਤੀ ਨਾਲ ਵਾਪਰ ਜਾਣਾ ਸੀ। 2007 ਵਿਚ ਜਦੋਂ ਮੈਂ ਜਲੰਧਰ ਦੂਰਦਰਸ਼ਨ ਲਈ ‘ਛਣਕਾਟਾ ਪੈਂਦਾ ਗਲੀ ਗਲੀ’ ਬਣਾਇਆ ਤਾਂ ਬਲਕਾਰ ਸਿੱਧੂ ਅਤੇ ਰਾਜ ਬਰਾੜ ਦੇ ਭੱਜ ਜਾਣ ਤੋਂ ਬਾਅਦ ਸਰਦੂਲ ਤੇ ਨੂਰੀ ਨੇ ‘ਜੇ ਬੁੱਲੀਆਂ ‘ਤੇ ਚੀਰ ਆ ਗਿਆ ਸਾਨੂੰ ਦਈਂ ਨਾ ਉਲਾਂਭਾ ਮੁਟਿਆਰੇ’, ‘ਚੀਰੇ ਵਾਲਿਆ ਗੱਭਰੂਆ’ ਰਾਤੋ ਰਾਤ ਲਾਲ ਕਮਲ ਦੇ ਮਿਊਜ਼ਿਕ ਵਿਚ ਗਾ ਕੇ ਮੇਰੀ ਅਤੇ ਮੇਰੇ ਪ੍ਰੋਗਰਾਮ ਦੀ ਸ਼ਾਨ ਬਣਾ ਦਿੱਤੀ ਸੀ। ਜਿਨ੍ਹਾਂ ਨੇ ‘ਸੌਰੀ ਰੌਂਗ ਨੰਬਰ’ ਪ੍ਰਦੀਪ ਭੰਡਾਰੀ ਦੇ ਨਿਰਦੇਸ਼ਨ ਹੇਠ ਇਕ ਫਿਲਮ ਵਾਂਗ ਚੱਲਦਾ ਗੀਤ ਜਲੰਧਰ ਦੂਰਦਰਸ਼ਨ ਤੋਂ ਵੇਖਿਆ ਹੈ, ਉਨ੍ਹਾਂ ਨੂੰ ਪਤਾ ਹੈ ਕਿ ਗੀਤਾਂ ਦੀਆਂ ਫਿਲਮਾਂ ਏਦਾਂ ਵੀ ਬਣਾਈਆਂ ਜਾ ਸਕਦੀਆਂ ਨੇ। ਪਰ ਇਹਦੇ ਨਾਲ ਬਾਕੀ ਗਾਇਕ ਉਲਰੇ ਬਹੁਤ ਅਤੇ ਇਥੋਂ ਹੀ, ਸੱਚ ਸੀ ਕਿ ਭਾਰਤ ਸਰਕਾਰ ਨੂੰ ਰੈਵਿਨਿਊ ਇਕੱਠਾ ਕਰਨ ਲਈ ਵਰਾਇਟੀ ਪ੍ਰੋਗਰਾਮ ਪੈਸੇ ਲੈ ਕੇ ਗਵਾਉਣ ਦੀ ਪਰੰਪਰਾ ਜਲੰਧਰ ਦੂਰਦਰਸ਼ਨ ਕੇਂਦਰ ਤੋਂ ਸ਼ੁਰੂ ਕਰਨੀ ਪਈ।
ਸਰਦੂਲ ਨੇ ਕੀ ਗਾਇਆ ਹੈ? ਇਹ ਮੇਰੇ ਦੱਸਣ ਦੀ ਲੋੜ ਨਹੀਂ ਕਿਉਂਕਿ ਉਹਦੇ ਸੋਲੋ, ਦੋਗਾਣੇ ਅਤੇ ਫਿਲਮੀ ਗੀਤ ਸੁਰ ਤੇ ਗਾਇਕੀ ਨੂੰ ਪਿਆਰ ਕਰਨ ਵਾਲਿਆਂ ਦੇ ਲਬਾਂ ‘ਤੇ ਹਨ, ਜਿਊਂਦੇ ਰਹਿਣਗੇ ਪਰ ਆਪਣੇ ਮਿੱਤਰ ਦੀ ਗੱਲ ਕਰਦਿਆਂ ਮੈਂ ਇਹ ਕਹਿੰਦਾ ਰਹਾਂਗਾ ਕਿ ਸਰਦੂਲ ਪੰਦਰਾਂ ਕਲਾਂ ਸੰਪੂਰਨ ਹੈ, ਸਰਬ ਕਲਾ ਨਾ ਵੀ ਹੋਵੇ, ਸਮਰੱਥ ਕਲਾਕਾਰ ਹੈ ਤੇ ਉਹ ਪੰਜਾਬੀ ਗਾਇਕੀ ਦਾ ‘ਸਿਕੰਦਰ’ ਹੀ ਰਹੇਗਾ, ਜਿਥੋਂ ਉਹ ਪਛੜਿਆ ਹੈ, ਉਹਦਾ ਉਹਦੇ ਨਾਲੋਂ ਮੈਨੂੰ ਜ਼ਿਆਦਾ ਦੁੱਖ ਇਸ ਕਰਕੇ ਰਹੇਗਾ ਕਿ ਅਸੀਂ ਸੰਘਰਸ਼ ਦੀ ਰੋਟੀ ਵੰਡ ਕੇ ਖਾਧੀ ਹੈ, ਸਾਡੇ ਵਿਚ ਗਰੀਬੀ ਦੀ ਸਮਾਨਤਾ ਇੱਕੋ ਜਿਹੀ ਹੈ ਤੇ ਕਈ ਜੈਕਾਰੇ ਅਸੀਂ ‘ਕੱਠਿਆਂ ਨੇ ਛੱਡੇ ਨੇ। ਉਹਦੇ ਦੋ ਬੇਟੇ ਅਲਾਪ ਤੇ ਸਾਰੰਗ ਗਵੱਈਏ ਬਣਨ ਦੀ ਯੋਗਤਾ ਤਾਂ ਰੱਖਣਗੇ ਹੀ ਕਿਉਂਕਿ ‘ਮੀਰ ਆਲਮ’ ਘਰਾਣੇ ‘ਚੋਂ ਹਨ, ਉਨ੍ਹਾਂ ਦੀਆਂ ਰਗਾਂ ‘ਚ ਸੁਰੀਲੀਆਂ ਸੁਰਾਂ ਦਾ ਖੂਨ ਵਹਿੰਦਾ ਹੈ ਪਰ ਪੰਜਾਬੀ ਗਾਇਕੀ ਦੇ ਵਰਤਮਾਨ ਹਾਲਾਤ ‘ਚ ਸੰਘਰਸ਼ ਤੇ ਪੈਂਡੇ ਖਿੱਲਰੇ ਬਹੁਤ ਪਏ ਨੇ।
ਜਿਸ ਚਰਨਜੀਤ ਆਹੂਜਾ ਨੂੰ ਸਰਦੂਲ ਤੇ ਨੂਰੀ ‘ਗੁਰੂ ਜੀ ਗੁਰੂ ਜੀ’ ਕਹਿੰਦੇ ਨਹੀਂ ਥੱਕਦੇ ਸਨ, ਅੱਜਕਲ ਕਹਿੰਦੇ ਨੇ ਕਿ ਨਹੀਂ ਇਹ ਮੈਨੂੰ ਵੀ ਨਹੀਂ ਪਤਾ।
ਸਰਦੂਲ ਉਹ ਗਵੱਈਆ ਹੈ ਜਿਹੜਾ ਸ਼ੀਸ਼ੇ ਮੂਹਰੇ ਖੜਾ ਹੋਵੇ ਤਾਂ ਸ਼ੀਸ਼ਾ ਤਾਂ ਕੀ ਸ਼ੀਸ਼ੇ ਵਿਚਲਾ ਪਾਣੀ ਵੀ ਸਰਦੂਲ ਨੂੰ ਗਲ ਲਾ ਕੇ ਘੁੱਟ ਕੇ ਫੜਨ ਲਈ ਕਾਹਲਾ ਹੁੰਦਾ ਹੈ ਤੇ ਰਹੇਗਾ।
ਮਾਣ ਕਰਾਂਗਾ ਕਿ ਸਰਦੂਲ ਨਾਲ ਮੈਂ ਢਾਈ ਦਹਾਕੇ ਗਹਿਗੱਚ ਹੋ ਕੇ ਗੁਜ਼ਾਰੇ ਨੇ ਤੇ ਅਸੀਂ ਕਦੇ ਵੀ ਵਿਟਰੇ ਨਹੀਂ। ਅੱਜਕੱਲ ਉਹ ‘ਜੈਕਾਰਾ ਸ਼ੇਰਾਂ ਵਾਲੀ ਦਾ, ਜੈਕਰਾ ਜੋਤਾਂ ਵਾਲੀ ਦਾ, ਉਚਿਆਂ ਪਹਾੜਾਂ ਵਾਲੀਏ ਤੇਰੀ ਸਦਾ ਹੀ ਜੈ’ ਯਾਨਿ ਜਗਰਾਤੇ ਕਰਕੇ ਚੰਗੀ ਰੋਟੀ ਖਾ ਰਿਹਾ ਹੈ।