ਕੂਕਾ ਲਹਿਰ ਦੇ ਬਾਨੀ ਰਾਮ ਸਿੰਘ (3 ਫਰਵਰੀ 1816-29 ਨਵੰਬਰ 1885) ਦੀ ਦੂਜੀ ਜਨਮ ਸ਼ਤਾਬਦੀ ਮੌਕੇ ਕਾਮਰੇਡ ਸੋਹਣ ਸਿੰਘ ਜੋਸ਼ ਦਾ ਲਿਖਿਆ ਇਹ ਲੇਖ ਛਾਪਿਆ ਜਾ ਰਿਹਾ ਹੈ। ਇਸ ਵਿਚ ਕੂਕਾ ਲਹਿਰ ਦੇ ਪਿਛੋਕੜ ਤੇ ਉਸ ਵੇਲੇ ਪੰਜਾਬ ਦੇ ਹਾਲਾਤ ਉਤੇ ਝਾਤੀ ਮਾਰੀ ਗਈ ਹੈ। ਉਸ ਵੇਲੇ ਬ੍ਰਿਟਿਸ਼ ਹਾਕਮ, ਕੂਕਾ ਲਹਿਰ ਦੀ ਵਧ ਰਹੀ ਸ਼ਕਤੀ ਤੋਂ ਇੰਨੇ ਜ਼ਿਆਦਾ ਡਰ ਗਏ ਕਿ ਇਸ ਨੂੰ ਕੁਚਲਣ ਦੀਆਂ ਤਰਕੀਬਾਂ ਘੜਨ ਲੱਗੇ।
ਉਨ੍ਹਾਂ ਨੂੰ ਸਾਫ ਦਿਸ ਰਿਹਾ ਸੀ ਕਿ ਇਸ ਲਹਿਰ ਦਾ ਮੁਹਾਵਰਾ ਭਾਵੇਂ ਧਾਰਮਿਕ ਹੈ, ਪਰ ਇਹ ਲਹਿਰ ਆਵਾਮ ਅੰਦਰ ਰਾਜਸੀ ਆਜ਼ਾਦੀ ਦਾ ਪੈਗਾਮ ਲਿਆ ਰਹੀ ਹੈ। -ਸੰਪਾਦਕ
ਸੋਹਣ ਸਿੰਘ ਜੋਸ਼
ਕੂਕਾ ਲਹਿਰ ਉਸ ਵੇਲੇ ਵਜੂਦ ਵਿਚ ਆਈ, ਜਦੋਂ ਪੰਜਾਬ ਰਾਜਸੀ ਤੇ ਸਭਿਆਚਾਰਕ ਤੌਰ ‘ਤੇ ਬਿਲਕੁਲ ਬੇਹਿਸ ਤੇ ਬੇਹਰਕਤ ਹੋ ਚੁੱਕਾ ਸੀ; ਅੰਗਰੇਜ਼ਾਂ ਦੀ ਰਾਜਸੀ, ਸਭਿਆਚਾਰਕ ਤੇ ਫੌਜੀ ਗੁਲਾਮੀ ਪੂਰੀ ਤਰ੍ਹਾਂ ਕਬੂਲ ਕਰ ਚੁੱਕਾ ਸੀ ਅਤੇ ਪੰਜਾਬ ਦੀ ਰਾਜਾਸ਼ਾਹੀ ਤੇ ਜਾਗੀਰਦਾਰੀ ਨੇ ਪੰਜਾਬੀ (ਤੇ ਖਾਸ ਕਰ ਸਿੱਖ) ਜਨਤਾ ਨੂੰ ਆਪਣੇ ਸੁਆਰਥਾਂ ਖਾਤਰ ਸ਼ਿਕੰਜੇ ਵਿਚ ਜਕੜ ਲਿਆ ਸੀ। ਸਿੱਖ ਆਪਣੇ ਗੁਰੂਆਂ ਦੇ ਉਘੇ ਅਸੂਲਾਂ ਨੂੰ ਵਿਸਾਰ ਚੁੱਕੇ ਸਨ ਅਤੇ ਜ਼ੁਲਮ ਤੇ ਗੁਲਾਮੀ ਖਿਲਾਫ ਲੜਨ ਦੀ ਥਾਂ ਅੰਗਰੇਜ਼ ਰਾਜ ਦੇ ਗੋਲੇ ਤੇ ਰੱਖਿਅਕ ਬਣ ਗਏ ਸਨ।
1848-49 ਵਿਚ ਸਿੱਖ ਰਾਜ ਦਾ ਭੋਗ ਪੈ ਗਿਆ। ਅੰਗਰੇਜ਼ ਹਾਕਮਾਂ ਦੀਆਂ ਕੁਟਿਲ ਨੀਤੀਆਂ ਤੇ ਸ਼ਤਰੰਜੀ ਚਾਲਾਂ ਨੇ ਪੰਜਾਬ ਉਤੇ ਕਬਜ਼ਾ ਕਰ ਲਿਆ। ਰਾਜ ਖੁੱਸਿਆ ਵੇਖ ਅਤੇ ਤਾਕਤ ਦਾ ਚਿੰਨ੍ਹ ਤਲਵਾਰ ਖੋਹੀ ਜਾਣ ‘ਤੇ ਸਿੱਖ ਸਰਦਾਰਾਂ ਨੇ ਭੁੱਬਾਂ ਮਾਰੀਆਂ ਤੇ ਬੇਦਿਲ ਹੋ ਕੇ ਜਿਹੜੇ ਬਚੇ ਰਹੇ ਘਰਾਂ ਨੂੰ ਚਲੇ ਗਏ। ਇਕ ਸਰਦਾਰ ਮਹਾਰਾਜ ਸਿੰਘ ਸੀ ਜਿਸ ਨੇ ਅੰਗਰੇਜ਼ ਰਾਜ ਦੀ ਆਪਣੇ ਬਹਾਦਰ ਸਾਥੀਆਂ ਸਮੇਤ ਕੋਈ ਈਨ ਤੇ ਗੁਲਾਮੀ ਨਾ ਮੰਨੀ ਅਤੇ ਅੰਤਲੇ ਸੁਆਸਾਂ ਤੱਕ ਲੜਦਾ ਰਿਹਾ।
1857 ਵਿਚ ਗਦਰ, ਯਾਨਿ ਹਿੰਦੁਸਤਾਨ ਦੀ ਆਜ਼ਾਦੀ ਦੀ ਪਹਿਲੀ ਜੰਗ ਦਾ ਅਰੰਭ ਹੋ ਗਿਆ। ਸਿੱਖ ਰਾਜ ਨੂੰ ਖੁਸਿਆਂ ਅਜੇ ਸੱਤ ਕੁ ਸਾਲ ਹੀ ਗੁਜ਼ਰੇ ਸਨ। ਕੰਵਰ ਦਲੀਪ ਸਿੰਘ ਨੂੰ ਖੋਹ-ਖੜਨ ਅਤੇ ਰਾਣੀ ਜਿੰਦਾਂ ਨੂੰ ਜਲਾਵਤਨ ਕਰਨ ਦੇ ਜ਼ਖਮ ਅਜੇ ਅੱਲ੍ਹੇ ਸਨ। ਸਿਕਸ਼ਤ ਖਾ ਜਾਣ ਪਿੱਛੋਂ ਜੋ ਜ਼ੁਲਮ ਅੰਗਰੇਜ਼ਾਂ ਨੇ ਪੰਜਾਬ ਦੇ ਸੂਰਬੀਰ ਪੁੱਤਰਾਂ ‘ਤੇ ਢਾਏ ਸਨ, ਉਹ ਅਜੇ ਭੁੱਲੇ ਨਹੀਂ ਸਨ। ਇਨ੍ਹਾਂ ਜ਼ੁਲਮਾਂ ਦਾ ਹਿਸਾਬ ਚੁਕਾਉਣ ਦਾ ਗਦਰ ਨੇ ਸੋਹਣਾ ਮੌਕਾ ਮੁਹੱਈਆ ਕੀਤਾ ਸੀ, ਪਰ ਇਸ ਤੋਂ ਫਾਇਦਾ ਨਾ ਉਠਾਇਆ ਗਿਆ। ਲੀਡਰਸ਼ਿਪ ਰਾਜਿਆਂ ਤੇ ਜਗੀਰਦਾਰਾਂ ਦੇ ਹੱਥ ਵਿਚ ਸੀ। ਉਨ੍ਹਾਂ ਨੂੰ ਆਪਣੇ ਸੁਆਰਥਾਂ ਨਾਲ ਪਿਆਰ ਸੀ, ਆਜ਼ਾਦੀ ਨਾਲ ਨਹੀਂ। ਉਨ੍ਹਾਂ ਨੇ ਗਦਰੀਆਂ ਦੇ ਇਸ ਸੰਗਰਾਮ ਵਿਚ ਸ਼ਾਮਲ ਹੋਣ ਦੀਆਂ ਸਭ ਪੇਸ਼ਕਸ਼ਾਂ ਠੁਕਰਾ ਦਿੱਤੀਆਂ, ਡਟ ਕੇ ਅੰਗਰੇਜ਼ਾਂ ਦਾ ਸਾਥ ਦਿੱਤਾ ਅਤੇ ਹਿੰਦੁਸਤਾਨ ਨੂੰ ਗੁਲਾਮੀ ਦੇ ਮਜ਼ਬੂਤ ਸ਼ਿਕੰਜੇ ਵਿਚ ਕੱਸ ਕੇ ਜਕੜ ਦਿੱਤਾ। ਇੱਕੜ-ਦੁੱਕੜ ਪੰਜਾਬੀ ਫੌਜਾਂ ਵਿਚ ਬਗਾਵਤਾਂ ਹੋਈਆਂ। ਬਾਗੀ ਸੂਰਬੀਰਾਂ ਨੂੰ ਬੇਕਿਰਕੀ ਨਾਲ ਗੋਲੀਆਂ ਦਾ ਸ਼ਿਕਾਰ ਬਣਾ ਕੇ ਕੁਚਲ ਦਿੱਤਾ ਗਿਆ। ਉਹ ਸ਼ਹੀਦ ਹੋ ਗਏ, ਪਰ ਉਨ੍ਹਾਂ ਨੇ ਅਗਲੀਆਂ ਸੰਤਾਨਾਂ ਦੇ ਪੰਜਾਬ ਦੇ ਮੱਥੇ ‘ਤੇ ਇਤਿਹਾਸ ਵੱਲੋਂ ਬਿਲਕੁਲ ਹੀ ਕਾਲਖ ਮਲੇ ਜਾਣ ਤੋਂ ਬਚਾ ਲਿਆ।
ਅੰਗਰੇਜ਼ ਹਾਕਮਾਂ ਨੇ ਆਪਣੀਆਂ ਲਿਖਤਾਂ ਵਿਚ ਵਾਰ-ਵਾਰ ਇਹ ਗੱਲ ਲਿਖੀ ਹੈ ਕਿ ਜੇ ਗਦਰ ਦੇ ਦਿਨਾਂ ਵਿਚ ਅੰਗਰੇਜ਼ ਨੂੰ ਪੰਜਾਬ ਨਾ ਬਹੁੜਦਾ ਤਾਂ ਉਨ੍ਹਾਂ ਲਈ ਹਿੰਦੁਸਤਾਨ ਵਿਚ ਕੋਈ ਥਾਂ ਨਹੀਂ ਸੀ। ਦਿੱਲੀ ਘੇਰੀ ਜਾ ਰਹੀ ਸੀ, ਅੰਗਰੇਜ਼ ਰਾਜ ਦਾ ਸਿੰਘਾਸਣ ਡਾਵਾਂ-ਡੋਲ ਹੋ ਚੁੱਕਾ ਸੀ। ਸਿੱਖਾਂ ਨੂੰ ਮੁਗਲ ਰਾਜ ਦੇ ਜ਼ੁਲਮ ਦੱਸ ਕੇ, ਮੁਸਲਮਾਨਾਂ ਨੂੰ ਸਿੱਖਾਂ ਖਿਲਾਫ ਚੁੱਕ ਕੇ ਅਤੇ ਰਾਜਿਆਂ ਨੂੰ ਹੱਥਾਂ ਵਿਚ ਲੈ ਕੇ ਆਜ਼ਾਦੀ ਦੀ ਇਸ ਪਹਿਲੀ ਜੰਗ ਨੂੰ ਕੁਚਲ ਦਿੱਤਾ ਗਿਆ ਅਤੇ ਅੰਗਰੇਜ਼ ਰਾਜ ਜਾਂਦਾ-ਜਾਂਦਾ ਬਹਾਲ ਹੋ ਗਿਆ।
ਗਦਰ ਪਿੱਛੋਂ ਅੰਗਰੇਜ਼ ਅਫਸਰ ਹੋਰ ਸਾਵਧਾਨ ਹੋ ਗਏ। ਉਨ੍ਹਾਂ ਆਪਣੇ ਰਾਜ ਨੂੰ ਮਜ਼ਬੂਤ ਕਰਨ ਲਈ ਸਾਰੇ ਹੋਰ ਜ਼ਰੂਰੀ ਸਾਧਨ ਜੁਟਾ ਲਏ। ਫੌਜ, ਪੁਲਿਸ, ਨੌਕਰਸ਼ਾਹੀ, ਅਦਾਲਤਾਂ, ਜੇਲ੍ਹਾਂ ਦਾ ਭਾਰਤ ਵਿਚ ਜਾਲ ਤਾਣ ਦਿੱਤਾ ਗਿਆ। ਸੀæਆਈæਡੀæ ਤੇ ਜਾਸੂਸੀ ਦੇ ਮਹਿਕਮੇ ਨੂੰ ਹੋਰ ਤਕੜਾ ਤੇ ਵਿਸ਼ਾਲ ਕਰ ਲਿਆ ਗਿਆ। ਪੰਜਾਬ ਵਿਚ ਸਦੀਵੀ ਕਰਫਿਊ, ਮਾਰਸ਼ਲ ਲਾਅ ਜਿਹੇ ਕਾਨੂੰਨਾਂ ਦਾ ਰਾਜ ਕਾਇਮ ਕਰ ਦਿੱਤਾ। ਜਮਹੂਰੀ ਤੇ ਸ਼ਹਿਰੀ ਆਜ਼ਾਦੀਆਂ ਖਤਮ ਕਰ ਦਿੱਤੀਆਂ ਗਈਆਂ। ਆਉਂਦੀ-ਜਾਂਦੀ ਡਾਕ ਖੋਲ੍ਹ-ਖੋਲ੍ਹ ਕੇ ਪੜ੍ਹੀ ਜਾਣ ਲੱਗ ਪਈ। ਉਤੋਂ ਐਲਾਨ ਇਹ ਕੀਤੇ ਗਏ ਕਿ ਹਕੂਮਤ ਕਿਸੇ ਦੇ ਮਜ਼ਹਬ ਵਿਚ ਕੋਈ ਦਖਲ ਨਹੀਂ ਦੇਵੇਗੀ, ਪਰ ਕੂਕਾ ਅਤੇ ਅਕਾਲੀ ਤਹਿਰੀਕਾਂ ਨੇ ਸਾਬਤ ਕੀਤਾ ਕਿ ਇਹੋ ਜਿਹੇ ਐਲਾਨਾਂ ਦਾ ਮਤਲਬ ਮਜ਼ਹਬ ਵਿਚ ਦਖਲ ਨਾ ਦੇਣਾ ਨਹੀਂ ਸੀ, ਸਗੋਂ ਦਖਲ ਦੇਣਾ ਸੀ।
ਇਹ ਸਨ ਹਾਲਾਤ ਜਦੋਂ ਗੁਰੂ ਰਾਮ ਸਿੰਘ ਜੀ ਪੰਜਾਬ ਨੂੰ ਜਗਾਉਣ ਤੇ ਸਾਵਧਾਨ ਕਰਨ ਲਈ ਆਪਣਾ ਸੰਦੇਸ਼ ਲੈ ਕੇ ਮੈਦਾਨ ਵਿਚ ਉਤਰੇ। ਮੈਂ ਇਸ ਲੇਖ ਵਿਚ ਕੂਕਾ ਲਹਿਰ ਦੇ ਸਿਰਫ ਰਾਜਸੀ ਪਹਿਲੂ ‘ਤੇ ਹੀ ਵਿਚਾਰ ਕਰਾਂਗਾ, ਧਾਰਮਿਕ ਪਹਿਲੂ ‘ਤੇ ਨਹੀਂ, ਪਰ ਇਹ ਹਕੀਕਤ ਯਾਦ ਰੱਖਣੀ ਚਾਹੀਦੀ ਹੈ ਕਿ ਬੀਤੇ ਇਤਿਹਾਸ ਵਿਚ ਧਾਰਮਿਕ ਲਹਿਰਾਂ ਹੀ ਵਧ-ਫੁੱਲ ਕੇ ਪਿੱਛੋਂ ਇਨਕਲਾਬੀ ਰੂਪ ਧਾਰਨ ਕਰ ਲੈਂਦੀਆਂ ਰਹੀਆਂ ਹਨ ਅਤੇ ਨਵੇਂ ਰਾਜ ਪ੍ਰਬੰਧ ਵਾਸਤੇ ਲੜਨ ਤੇ ਕਾਇਮ ਕਰਨ ਦਾ ਹਥਿਆਰ ਬਣ ਜਾਂਦੀਆਂ ਹਨ। ਕਾਰਨ ਇਹ ਹੈ ਕਿ ਬੀਤੇ ਸਮੇਂ ਵਿਚ ਆਮ ਲੋਕ ਧਾਰਮਿਕ ਮੁਹਾਵਰੇ, ਸਿੱਖਿਆ ਅਤੇ ਪ੍ਰਵਚਨਾਂ ਨੂੰ ਸਮਝ ਕੇ ਇਕੱਠੇ ਤੇ ਜਥੇਬੰਦ ਹੋ ਸਕਦੇ ਹਨ, ਰਾਜਸੀ ਸਿਧਾਂਤਾਂ ਦੀਆਂ ਗੂੜ੍ਹ ਗੱਲਾਂ ਰਾਹੀਂ ਨਹੀਂ। ਉਂਜ ਵੀ ਰਾਜਸੀ ਵਿਕਾਸ ਦੀ ਪੱਧਰ, ਅਜੇ ਬੜੀ ਪਛੜੀ ਹੋਈ ਸੀ ਅਤੇ ਧਰਮ ਦਰੜ-ਫਰੜ ਲੋਕਾਂ ਦੀ ਨਿਜਾਤ ਦਾ ਪੈਗਾਮ ਲੈ ਕੇ ਹੀ ਆਉਂਦਾ ਰਿਹਾ ਹੈ।
ਮਹਾਰਾਜ ਰਾਮ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿਚ ਰਹਿ ਚੁੱਕੇ ਸਨ। ਉਨ੍ਹਾਂ ਨੇ ਸਿੱਖ ਰਾਜ ਦੀ ਝਲਕ, ਮਟਕ ਵੇਖੀ ਤੇ ਮਾਣੀ ਸੀ ਅਤੇ ਉਹ ਜਥੇਬੰਦੀ ਦੀ ਸ਼ਕਤੀ ਤੇ ਡਸਿਪਲਿਨ (ਬੰਧੇਜ) ਦੇ ਗੁਣਾਂ ਨੂੰ ਵੇਖ ਜਾਣ ਚੁੱਕੇ ਸਨ। ਇਹੋ ਕਾਰਨ ਹੈ ਕਿ ਉਨ੍ਹਾਂ ਨੇ ਥੋੜ੍ਹੇ ਜਿਹੇ ਸਾਲਾਂ ਵਿਚ ਹੀ ਨਾਮਧਾਰੀਆਂ ਨੂੰ ਮਜ਼ਬੂਤ ਜਥੇਬੰਦੀ ਤੇ ਡਸਿਪਲਿਨ ਵਿਚ ਢਾਲ ਬੰਨ੍ਹ ਲਿਆ ਅਤੇ ‘ਸਿਰੁ ਧਰਿ ਤਲੀ ਗਲੀ ਮੇਰੀ ਆਉ’ ਜਾਂ ‘ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ’ ਦਾ ਪ੍ਰਣ ਲੈਣ ਵਾਲੇ ਸਿਰ-ਲੱਥਾਂ ਦੀ ਫੌਜ ਤਿਆਰ ਕਰ ਲਈ।
ਅੰਗਰੇਜ਼, ਵਿਦਿਆ ਤੇ ਇਤਿਹਾਸ ਦੀ ਜਾਣਕਾਰੀ ਵਿਚ ਸਾਡੇ ਨਾਲੋਂ ਬਹੁਤ ਅੱਗੇ ਸਨ। ਉਹ ਜਾਣਦੇ ਸਨ ਕਿ ਕੈਥੋਲਿਕ ਤੇ ਪਿੱਛੋਂ ਪਰੋਟੈਸਟੈਂਟ ਲਹਿਰਾਂ ਭਾਵੇਂ ਸ਼ੁਰੂ-ਸ਼ੁਰੂ ਵਿਚ ਧਾਰਮਿਕ ਜਾਮਾ ਪਹਿਨ ਕੇ ਆਈਆਂ ਸਨ, ਪਰ ਪਿੱਛੋਂ ਰਾਜਨੀਤਕ ਸ਼ਕਲ ਧਾਰਨ ਕਰ ਗਈਆਂ ਸਨ। ਪੰਜਾਬ ਵਿਚ ਉਨ੍ਹਾਂ ਨੂੰ ਆਪਣੇ ਰਾਜ ਦਾ ਹਰ ਵੇਲੇ ਧੁੜਕੂ ਲੱਗਾ ਰਹਿੰਦਾ ਸੀ। ਹੋਰ ਤਾਂ ਹੋਰ ਉਨ੍ਹਾਂ ਨੂੰ ਪੰਜਾਬ ਵਿਚ ਖਾਸ ਕਰ ਆਪਣੇ ਅਨਿੰਨ ਵਫਾਦਾਰ ਭਗਤਾਂ ਉਤੇ ਵੀ ਗੈਰ-ਵਫ਼ਾਦਾਰ ਹੋਣ ਦਾ ਸ਼ੱਕ ਰਹਿੰਦਾ ਸੀ; ਕਿਉਂਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਇਨ੍ਹਾਂ ਨੂੰ ਆਪਣਾ ਸਿੱਖ ਰਾਜ ਭੁੱਲਣ ਨਹੀਂ ਲੱਗਾ। ਇਨ੍ਹਾਂ ਨੂੰ ਮੁੜ ਰਾਜ ਬਹਾਲ ਕਾਇਮ ਕਰਨ ਦੀ ਲਾਲਸਾ ਪੈਦਾ ਹੁੰਦੀ ਰਹੇਗੀ।
ਇਸ ਲਈ ਹਰ ਲਹਿਰ ਉਤੇ ਭਾਵੇਂ ਉਹ ਧਾਰਮਿਕ ਹੋਵੇ ਜਾਂ ਸਭਿਆਚਾਰਕ, ਵਿਦਿਅਕ ਹੋਵੇ ਜਾਂ ਆਰਥਿਕ, ਕਰੜੀ ਨਿਗਰਾਨੀ ਰੱਖੋ; ਉਸ ਵਿਚ ਆਪਣੇ ਜਾਸੂਸ ਘੁਸੇੜੋ, ਉਸ ਦੀਆਂ ਖੁਫ਼ੀਆ ਕਾਰਵਾਈਆਂ ਦੀਆਂ ਰਿਪੋਰਟਾਂ ਹਾਸਲ ਕਰੋ ਅਤੇ ਉਸ ਵਿਚੋਂ ਰਤਾ-ਮਾਸਾ ਵੀ ਗੈਰ-ਵਫਾਦਾਰੀ ਦੀ ਗੰਧ ਆਵੇ, ਤਾਂ ਉਸ ਨੂੰ ਉਗਮਣ ਨਾ ਦਿਓ, ਸ਼ੁਰੂ ਵਿਚ ਹੀ ਕੁਚਲ ਦਿਓ।
ਗੁਰੂ ਰਾਮ ਸਿੰਘ ਜੀ ਨੇ ਜਿਹੜੀ ਕੁਰਬਾਨੀ-ਪੁੰਜ ਜਥੇਬੰਦੀ ਬਣਾਈ, ਉਸ ਦੇ ਤਿੰਨ ਅੰਗ ਰਾਜਸੀ ਤੌਰ ‘ਤੇ ਖਾਸ ਧਿਆਨਯੋਗ ਹਨ:
1) ਪੰਜਾਬ ਨੂੰ ਜਥੇਬੰਦ ਕਰਨ ਲਈ ਸੂਬਿਆਂ ਦੀ ਕਾਇਮੀ।
2) ਆਤਮ-ਨਿਰਭਰਤਾ ਦਾ ਪ੍ਰੋਗਰਾਮ।
3) ਸਤਿਗੁਰੂ, ਨਾਮਧਾਰੀ ਸਿੱਖਾਂ ਵੱਲੋਂ, ਸ਼ਬਦ ‘ਪਾਤਸ਼ਾਹ’ ਨਾਲ ਜੋੜ ਦੇਣਾ।
ਉਤੇ ਦੱਸੇ ਕਾਰਨਾਂ ਕਰ ਕੇ ਬ੍ਰਿਟਿਸ਼ ਹਾਕਮ ਪਹਿਲੋਂ ਹੀ ਪੰਜਾਬ ਵਿਚ ਕਿਸੇ ਕਿਸਮ ਦਾ ਸੰਗਠਨ ਨਹੀਂ ਬਣਨ ਦੇਣਾ ਚਾਹੁੰਦੇ ਸਨ, ਪਰ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਹੀ ਗੁਰੂ ਦਿਆਂ ਸੂਬਿਆਂ ਤੇ ਨਾਇਬ ਸੂਬਿਆਂ ਨੇ ਸਿੱਖਾਂ ਦੀ ਜਥੇਬੰਦੀ ਦਾ ਕੰਮ ਅਰੰਭ ਕਰ ਦਿੱਤਾ ਅਤੇ ਦੋ-ਤਿੰਨ ਸਾਲਾਂ ਵਿਚ ਲੱਖਾਂ ਸਿਰ-ਲੱਥ ਨਾਮਧਾਰੀ ਜਥੇਬੰਦੀ ਦੀ ਮਜ਼ਬੂਤ ਲੜੀ ਵਿਚ ਪਰੋ ਦਿੱਤੇ। ਸੂਬਿਆਂ ਨੇ ਉਹ ਚਮਤਕਾਰ ਵਿਖਾਇਆ ਕਿ ਬ੍ਰਿਟਿਸ਼ ਹਾਕਮ ਉਨ੍ਹਾਂ ਦੀ ਜਥੇਬੰਦਕ ਯੋਗਤਾ ‘ਤੇ ਹੈਰਾਨ-ਪ੍ਰੇਸ਼ਾਨ ਹੋ ਗਏ। ਉਹ ਨਾਮਧਾਰੀ ਸੂਬਿਆਂ ਤੇ ਸਿੱਖਾਂ ਨੂੰ ਆਪਣੇ ਰਾਜ ਲਈ ਵੱਡਾ ਖਤਰਾ ਮਹਿਸੂਸ ਕਰਨ ਤੇ ਸਮਝਣ ਲੱਗ ਪਏ। ਗੁਰੂ ਦੇ ਸੱਦੇ ‘ਤੇ ਇਹ ਸਿੱਖ ਕਿਸੇ ਵੇਲੇ ਵੀ ਸਿਰ ਦੇਣ ਲਈ ਤਿਆਰ ਸਨ।
ਆਤਮ-ਨਿਰਭਰਤਾ ਦਾ ਪ੍ਰੋਗਰਾਮ ਤਾਂ ਬ੍ਰਿਟਿਸ਼ ਰਾਜ ਦੇ ਸੱਤੀਂ ਕੱਪੜੀਂ ਅੱਗ ਲਾਉਣ ਵਾਲਾ ਸੀ। ਨਾਮਧਾਰੀਆਂ ਲਈ ਹੁਕਮ ਸੀ ਕਿ ਘਰ ਦੇ ਕੱਤੇ ਕੱਪੜੇ ਬਣਾ ਕੇ ਪਹਿਨੋ, ਅੰਗਰੇਜ਼ੀ ਮਾਲ ਦਾ ਬਾਈਕਾਟ ਕਰੋ, ਆਪਣੇ ਝਗੜੇ ਪੰਚਾਇਤਾਂ ਵਿਚ ਨਿਪਟਾਓ, ਅਦਾਲਤਾਂ ਵਿਚ ਨਾ ਜਾਓ, ਬੱਚੇ ਸਰਕਾਰੀ ਸਕੂਲਾਂ ਵਿਚ ਨਾ ਪੜ੍ਹਾਓ, ਸਰਕਾਰੀ ਡਾਕਖਾਨਿਆਂ ਤੇ ਤਾਰ ਘਰਾਂ ਨੂੰ ਵਰਤਣਾ ਛੱਡ ਦਿਓ, ਸ਼ਰਾਬ ਨਾ ਪੀਓ ਅਤੇ ਸਾਦੀ ਜ਼ਿੰਦਗੀ ਜੀਵੋ। ਆਤਮ-ਨਿਰਭਰਤਾ ਦਾ ਇਹ ਪ੍ਰੋਗਰਾਮ ਅੰਗਰੇਜ਼ਾਂ ਦੀ ਰਾਜ ਮਸ਼ੀਨਰੀ ਨੂੰ ਚੈਲੰਜ ਸੀ। ਇਹ ਪ੍ਰੋਗਰਾਮ ਐਲਾਨ ਕਰਦਾ ਸੀ ਕਿ ਨਾਮਧਾਰੀ ਸਿੱਖ, ਅੰਗਰੇਜ਼ਾਂ ਦੇ ਗੁਲਾਮੀ ਪ੍ਰਬੰਧ ਤੋਂ ਬਗੈਰ ਵੀ ਜ਼ਿੰਦਗੀ ਗੁਜ਼ਾਰ ਸਕਦੇ ਹਨ। ਚਿੱਠੀ ਪੱਤਰ ਦਾ ਆਪਣਾ ਪ੍ਰਬੰਧ ਕਰਨ ਦੇ ਅਰਥ ਇਹ ਸਨ ਕਿ ਗੌਰਮਿੰਟ ਨੂੰ ਆਪਣੀਆਂ ਖੁਫ਼ੀਆ ਕਾਰਵਾਈਆਂ ਤੋਂ ਜਾਣੂ ਨਾ ਹੋਣ ਦਿੱਤਾ ਜਾਵੇ। ਇਹ ਇਕ ਤਰ੍ਹਾਂ ਨਾਲ ਅੰਗਰੇਜ਼ ਰਾਜ ਨਾਲ ਮਿਲਵਰਤਣ ਨਾ ਕਰਨ ਦੀ ਖੁੱਲ੍ਹੀ ਵਿਉਂਤ ਸੀ ਜਿਹੜੀ ਮਹਾਤਮਾ ਗਾਂਧੀ ਦੀ ਨਾ-ਮਿਲਵਰਤਣ ਤੋਂ ਵੱਧ ਜਾਂ ਘੱਟ ਪੰਜਾਹ ਸਾਲ ਪਹਿਲੋਂ ਗੁਰੂ ਰਾਮ ਸਿੰਘ ਨੇ ਵਜੂਦ ਵਿਚ ਲਿਆਂਦੀ ਸੀ।
ਤੀਜਾ ਅੰਗ ‘ਸਤਿਗੁਰੂ ਪਾਤਸ਼ਾਹ’ ਸੀ। ਅੰਗਰੇਜ਼ ਦੇ ਸ਼ਬਦਕੋਸ਼ ਵਿਚ ਪਾਤਸ਼ਾਹ ਦਾ ਅਰਥ ਸੀ- ਮਹਾਰਾਣੀ ਵਿਕਟੋਰੀਆ ਜਾਂ ਉਸ ਦੇ ਖਾਨਦਾਨ ਵਿਚੋਂ ਹੋਰ ਕੋਈ ਕਿੰਗ ਐਡਵਰਡ ਵਗੈਰਾ। ਗੁਲਾਮ ਹਿੰਦੁਸਤਾਨ ਵਿਚ ਕਿਸੇ ਗੁਰੂ ਜਾਂ ਆਗੂ ਨਾਲ ‘ਪਾਤਸ਼ਾਹ’ ਸ਼ਬਦ ਜੋੜਨਾ ਅੰਗਰੇਜ਼ ਰਾਜ ਵਿਰੁਧ ਬਗਾਵਤ ਕਰਨ ਦੇ ਸਮਾਨ ਗਰਦਾਨਿਆ ਜਾਂਦਾ ਸੀ। ਇਸ ਲਈ ਗੁਰੂ ਰਾਮ ਸਿੰਘ ਜੀ ਦੇ ਨਾਮ ਨਾਲ ਸ਼ਰਧਾਲੂਆਂ ਵੱਲੋਂ ‘ਪਾਤਸ਼ਾਹ’ ਸ਼ਬਦ ਜੋੜਨਾ ਅੰਗਰੇਜ਼ ਹਾਕਮਾਂ ਦੀ ਨਜ਼ਰ ਵਿਚ ਕੂਕਾ ਤਹਿਰੀਕ ਨੂੰ ਬਾਗੀ ਠਹਿਰਾਉਂਦਾ ਸੀ। ਅੰਗਰੇਜ਼ ਹਾਕਮ ਇਹ ਸਮਝਣ ਦੀ ਸਮਰੱਥਾ ਨਹੀਂ ਸਨ ਰੱਖਦੇ, ਜਾਂ ਇਹ ਨਹੀਂ ਸਨ ਸਮਝਣਾ ਚਾਹੁੰਦੇ ਕਿ ਗੁਰੂ ਰਾਮ ਸਿੰਘ ਸ਼ਰਧਾਲੂ ਸਿੱਖਾਂ ਦੇ ਦਿਲਾਂ ਵਿਚ ਰੂਹਾਨੀ ਪਾਤਸ਼ਾਹ ਹਨ।
ਇਸ ਲਈ ਅੰਗਰੇਜ਼ ਹਾਕਮਾਂ ਨੇ ਨਾਮਧਾਰੀਆਂ ਦੇ ਇਸ ਪ੍ਰੋਗਰਾਮ ਨੂੰ ਆਪਣੀ ਸਰਕਾਰ ਖਿਲਾਫ਼ ਸਮਾਨੰਤਰ (ਪੈਰਲਲ) ਸਰਕਾਰ ਸਮਝਿਆ ਅਤੇ ਇਸ ਨਾਲ ਬਾਗੀਆਂ ਵਾਲਾ ਸਲੂਕ ਕੀਤਾ। ਅੰਗਰੇਜ਼ ਆਪਣੇ ਰਾਜ ਨੂੰ ਭਾਰਤ ਵਿਚ ਸਦੀਵੀ ਕਾਇਮ ਰੱਖਣ ਦੇ ਸੁਪਨੇ ਲੈ ਰਹੇ ਸਨ। ਉਹ ਪੰਜਾਬ ਵਿਚ ਜਾਂ ਹੋਰਥੇ ਕੋਈ ਤਹਿਰੀਕ ਨਹੀਂ ਸੀ ਉਠਣ ਦੇਣਾ ਚਾਹੁੰਦੇ, ਜਿਹੜੀ ਕੱਲ੍ਹ ਜਾਂ ਪਰਸੋਂ ਨੂੰ ਉਨ੍ਹਾਂ ਦੇ ਰਾਜ ਵਿਰੁਧ ਲੋਹਾ ਲੈਣ ਦੇ ਯੋਗ ਹੋ ਸਕੇ। ਉਨ੍ਹਾਂ ਦੇ ਜਾਸੂਸ ਪੰਜਾਬੀ ਲੋਕਾਂ ਦੀ ਨਿੱਕੀ-ਨਿੱਕੀ ਗੱਲ ਦੀ ਰਿਪੋਰਟ ਦਿੰਦੇ ਸਨ। ਸਿੱਖਾਂ ਦਾ ਰਾਜ ਖੋਹਣ ਤੇ ਉਨ੍ਹਾਂ ਨਾਲ ਦਗਾ ਕਰਨ ਕਰ ਕੇ ਅੰਗਰੇਜ਼ ਹਾਕਮ ਆਪਣੇ ਰਾਜ ਲਈ ਸਿੱਖਾਂ ਤੋਂ ਵੱਡਾ ਖਤਰਾ ਸੂਬਿਆਂ ਤੇ ਨਾਇਬ ਸੂਬਿਆਂ ਦੀਆਂ ਥਾਂ-ਥਾਂ ਜਥੇਬੰਦਕ ਕਾਰਵਾਈਆਂ ਅਤੇ ਨਾਮਧਾਰੀ ਸੰਸਥਾ ਦੇ ਨਾ-ਮਿਲਵਰਤਨੀ ਪ੍ਰੋਗਰਾਮ ਨੇ ਅੰਗਰੇਜ਼ ਰਾਜ ਦੇ ਕਰਤਿਆਂ-ਧਰਤਿਆਂ ਨੂੰ ਇਕਦਮ ਚੌਕੰਨੇ ਤੇ ਸਾਵਧਾਨ ਕਰ ਦਿੱਤਾ ਅਤੇ ਉਨ੍ਹਾਂ ਨੇ ਇਸ ਤਹਿਰੀਕ ਨੂੰ ਕੁਚਲਣ ਲਈ ਰੱਸੇ ਵੱਟਣੇ ਸ਼ੁਰੂ ਕਰ ਦਿੱਤੇ।
ਇਸ ਪ੍ਰਸੰਗ ਵਿਚ ਅੰਗਰੇਜ਼ ਹਾਕਮਾਂ ਨੂੰ ਦੋ ਖਤਰਨਾਕ ਖਬਰਾਂ ਹੋਰ ਮਿਲੀਆਂ। ਇਕ ਇਹ ਕਿ ਕੂਕੇ ਨੇਪਾਲ ਤੇ ਕਸ਼ਮੀਰ ਦੀਆਂ ਫੌਜਾਂ ਵਿਚ ਭਰਤੀ ਹੋ ਰਹੇ ਹਨ ਅਤੇ ਜੰਗੀ ਹਥਿਆਰਾਂ ਦੀ ਵਰਤੋਂ ਵਿਚ ਨਿਪੁੰਨਤਾ ਹਾਸਲ ਕਰ ਰਹੇ ਹਨ। ਦੂਜਾ ਇਹ ਕਿ ਉਹ ਰੂਸ ਦੇ ਜ਼ਾਰ ਨਾਲ ਆਂਢ-ਸਾਂਢ ਕਰ ਰਹੇ ਹਨ। ਖੁਦ ਅੰਗਰੇਜ਼ ਹਾਕਮਾਂ ਨੇ ਹਿੰਦੁਸਤਾਨ ਭਰ ਵਿਚ ਚਿਰਾਂ ਤੋਂ ਇਹ ਪ੍ਰਚਾਰ ਕੀਤਾ ਹੋਇਆ ਸੀ ਕਿ ਹਿੰਦੁਸਤਾਨ ਨੂੰ ਰੂਸ ਤੋਂ ਖਤਰਾ ਹੈ। ਰੂਸ ਦਾ ਜ਼ਾਰ ਬੜਾ ਖੂੰਖਾਰ ਤੇ ਜ਼ਾਲਮ ਬਾਦਸ਼ਾਹ ਹੈ। ਉਹ ਹਿੰਦੁਸਤਾਨ ‘ਤੇ ਹਮਲਾ ਕਰਨ ਹੀ ਵਾਲਾ ਹੈ। ਅੰਗਰੇਜ਼ ਹਾਕਮ ਹਿੰਦੁਸਤਾਨ ਨੂੰ ਉਸ ਦੇ ਜ਼ਾਲਮ ਪੰਜੇ ਤੋਂ ਬਚਾ ਕੇ ਰੱਖਣਾ ਚਾਹੁੰਦੇ ਹਨ, ਵਗੈਰਾ-ਵਗੈਰਾ। ਇਸ ਲਈ ਮਲੇਛ ਫਰੰਗੀਆਂ ਦੇ ਹੱਥ ਵਿਚ ਕੂਕਿਆਂ ਵਿਰੁਧ ਦੋ ਜ਼ਬਰਦਸਤ ਹਥਿਆਰ ਹੋਰ ਆ ਗਏ। ਇਸ ਤਹਿਰੀਕ ‘ਤੇ ਵਾਰ ਕਰਨ ਲਈ ਤਿਆਰੀਆਂ ਵਜੋਂ ਬੁੱਚੜਾਂ ਦੇ ਕਤਲ ਕੀਤੇ ਜਾਣ ਨੇ ਉਨ੍ਹਾਂ ਨੂੰ ਵਾਰ ਕਰਨ ਦਾ ਮੌਕਾ ਮੁਹੱਈਆ ਕਰ ਦਿੱਤਾ।
ਬ੍ਰਿਟਿਸ਼ ਹਾਕਮਾਂ ਵੱਲੋਂ ਕੂਕਾ ਲਹਿਰ ‘ਤੇ ਵਾਰ ਕਰਨ ਦਾ ਅਸਲ ਕਾਰਨ ਨਾਮਧਾਰੀਆਂ ਦੀ ਵਧ ਰਹੀ ਸ਼ਕਤੀ ਅਤੇ ਜਥੇਬੰਦਕ ਡਸਿਪਲਿਨ ਸੀ। ਥੋੜ੍ਹੇ ਸਾਲਾਂ ਵਿਚ ਹੀ ਲੱਖਾਂ ਦੀ ਗਿਣਤੀ ਵਿਚ ਕੂਕਾ ਪੰਥ ਵਿਚ ਸ਼ਾਮਲ ਹੋ ਗਏ ਸਨ। ਉਨ੍ਹਾਂ ਦਾ ਗੁਰੂ ਗਰੀਬ ਸ਼੍ਰੇਣੀ ਵਿਚ ਪੈਦਾ ਹੋਇਆ ਸੀ ਅਤੇ ਗਰੀਬ ਤੇ ਦਲਿਤ ਸ਼੍ਰੇਣੀਆਂ ਦੀ ਰੂਹਾਨੀ ਤੇ ਰਾਜਸੀ ਆਜ਼ਾਦੀ ਦਾ ਪੈਗਾਮ ਲੈ ਕੇ ਆਇਆ ਸੀ। ਉਸ ਦੇ ਅੰਗਰੇਜ਼ ਰਾਜ ਨਾਲ ਨਾ-ਮਿਲਵਰਤਨ ਦੇ ਪ੍ਰੋਗਰਾਮ ਨੇ ਆਮ ਪੰਜਾਬੀਆਂ ਦੇ ਦਿਲਾਂ ਵਿਚ ਆਜ਼ਾਦੀ ਨੂੰ ਬਹਾਲ ਕਰਨ ਦੇ ਜਜ਼ਬੇ ਉਭਾਰੇ ਸਨ। ਪੰਜਾਬੀ ਗੈਰਤ ਤੇ ਅਣਖ ਨੂੰ ਪੈਰਾਂ ‘ਤੇ ਖਲੋਣ ਲਈ ਟੁੰਬਿਆ ਸੀ ਅਤੇ ਪੰਜਾਬ ਦੇ ਲੋਕਾਂ ਅੰਦਰ ਨਵੀਂ ਅਣਖੀਲੀ ਮਰਦਾਨਗੀ ਦੀ ਰੂਹ ਭਰੀ ਜਿਸ ਕਾਰਨ ਨਾਮਧਾਰੀ ਸ਼ੇਰ, ਹਥੇਲੀਆਂ ‘ਤੇ ਸਿਰ ਰੱਖ ਕੇ ਅੰਗਰੇਜ਼ ਰਾਜ ਖਿਲਾਫ਼ ਜੂਝਣ ਲਈ ਸੀਨਾ ਤਾਣ ਕੇ ਖਲੋ ਗਏ ਸਨ।
ਅੰਗਰੇਜ਼ ਅਫਸਰਾਂ ਦੀਆਂ ਖੁਫ਼ੀਆ ਰਿਪੋਰਟਾਂ ਉਤਲੀ ਸਥਿਤੀ ਦੀ ਤਸਦੀਕ ਕਰਦੀਆਂ ਹਨ। ਉਹ ਸਾਫ ਸ਼ਬਦਾਂ ਵਿਚ ਕਹਿੰਦੀਆਂ ਹਨ ਕਿ ‘ਇਹ ਲਹਿਰ ਰਾਜਸੀ ਹੈ, ਖਾਲਸ ਧਾਰਮਿਕ ਨਹੀਂ।’ ਗੁਰੂ ਰਾਮ ਸਿੰਘ ਐਸੀ ਸੰਸਥਾ ਦਾ ਆਗੂ ਹੈ ਜੋ ਖਾਲਸਾ ਰਾਜ ਨੂੰ ਸੁਰਜੀਤ ਕਰਨ ਦੀ ਆਸ ਵਿਚ ਅੰਗਰੇਜ਼ ਰਾਜ ਨੂੰ ਦੁਸ਼ਮਣ ਮਹਿਸੂਸ ਕਰਦਾ ਹੈ। ਗੁਰੂ ਰਾਮ ਸਿੰਘ ਪਾਤਸ਼ਾਹ ਦਾ ਰਸੂਖ ਲਗਾਤਾਰ ਵਧ ਰਿਹਾ ਸੀ। ਜੇ ਇਸ ਤਹਿਰੀਕ ਦੇ ਛੇਤੀ ਤੋਂ ਛੇਤੀ ਮੱਕੂ ਬੰਨ੍ਹਣ ਦਾ ਬੰਦੋਬਸਤ ਨਾ ਕੀਤਾ ਗਿਆ ਤਾਂ ਫਸਾਦ ਦੀ ਬੁਨਿਆਦ ‘ਤੇ ਖੜ੍ਹੀ ਕੀਤੀ ਗਈ ਇਹ ਲਹਿਰ ਆਉਣ ਵਾਲੇ ਸਮੇਂ ਵਿਚ ਬੜੇ ਖਤਰਿਆਂ ਤੇ ਤੋੜ-ਫੋੜ ਵਾਲੀਆਂ ਘਟਨਾਵਾਂ ਦੀ ਜਨਮਦਾਤਾ ਬਣ ਸਕਦੀ ਹੈ।
ਅੰਗਰੇਜ਼ ਅਫਸਰ ਅਸਲ ਵਿਚ ਕੋਈ ਬਹਾਨਾ ਲੱਭਦੇ ਸਨ ਜਿਸ ਨੂੰ ਵਰਤ ਕੇ ਇਸ ਲਹਿਰ ਨੂੰ ਰਾਜ ਮਸ਼ੀਨਰੀ ਦੇ ਬੇਕਿਰਕ ਤੇ ਵਹਿਸ਼ੀਆਨਾ ਤਸ਼ੱਦਦ ਨਾਲ ਕੁਚਲ ਦਿੱਤਾ ਜਾਏ। ਜਿਹੋ ਜਿਹਾ ਕਿ ਉਨ੍ਹਾਂ ਨੇ 1857 ਦੇ ਗਦਰੀਆਂ ਨੂੰ ਕੁਚਲਣ ਲਈ ਇਸਤੇਮਾਲ ਕੀਤਾ ਸੀ। ਰਾਏਕੋਟ ਦੇ ਬੁੱਚੜਾਂ ਦੇ ਕਤਲ ਨੇ ਅੰਗਰੇਜ਼ ਹਾਕਮਾਂ ਨੂੰ ਉਹ ਬਹਾਨਾ ਮੁਹੱਈਆ ਕਰ ਦਿੱਤਾ ਅਤੇ ਜਿਸ ਖੂੰਖਾਰ ਦਰਿੰਦਗੀ ਦਾ ਮੁਜ਼ਾਹਰਾ ਉਨ੍ਹਾਂ ਮਲੇਰਕੋਟਲਾ ਵਿਚ ਕੂਕਿਆਂ ਨੂੰ ਤੋਪਾਂ ਨਾਲ ਉਡਾਣ ਦਾ ਕੀਤਾ, ਉਸ ਦੀ ਮਿਸਾਲ ਗਦਰ ਦੌਰਾਨ ਕੀਤੇ ਗਏ ਜ਼ੁਲਮਾਂ ਵਿਚੋਂ ਹੀ ਮਿਲਦੀ ਹੈ, ਹੋਰ ਕਿਤੇ ਇਤਿਹਾਸ ਵਿਚ ਨਹੀਂ ਮਿਲਦੀ।
ਅੰਗਰੇਜ਼ ਹਾਕਮਾਂ ਦਾ ਮਕਸਦ ਉਸ ਵੇਲੇ ਸਿਰਫ ਕੂਕਾ ਲਹਿਰ ਨੂੰ ਜੜ੍ਹਾਂ ਤੋਂ ਪੁੱਟਣਾ ਨਹੀਂ ਸੀ, ਇਹ ਵੀ ਸੀ ਕਿ ਪੰਜਾਬ ਵਿਚ ਅੱਗਿਉਂ ਸਰਕਾਰ ਵਿਰੋਧੀ ਕੋਈ ਵੀ ਤਹਿਰੀਕ ਸਿਰ ਨਾ ਉਠਾ ਸਕੇ। ਇਤਿਹਾਸ ਗਵਾਹ ਹੈ ਕਿ ਸਰਕਾਰਾਂ ਦੇ ਇਹੋ ਜਿਹੇ ਮਕਸਦ ਨਾ ਕਦੇ ਪਿੱਛੇ ਸਫਲ ਹੋਏ ਹਨ ਅਤੇ ਨਾ ਕਦੇ ਅੱਗੇ ਹੋਣਗੇ। ਸਰਕਾਰਾਂ ਨੇ ਬੰਦੂਕਾਂ ਤੋਪਾਂ ਦੇ ਭਰੋਸੇ ਜਨਤਾ ਦੇ ਜਥੇਬੰਦਕ ਸੰਗਰਾਮਾਂ ਨੂੰ ਹਮੇਸ਼ਾ ਘੱਟ ਤੋਲਿਆ ਹੈ ਅਤੇ ਇਸ ਗਲਤੀ ਦਾ ਮੁੱਲ ਆਪਣੇ ਬਿਸਤਰੇ ਗੋਲ ਕਰਨ ਵਿਚ ਤਾਰਿਆ ਹੈ।
ਕੂਕਾ ਲਹਿਰ ਵਕਤੀ ਤੌਰ ‘ਤੇ ਕੁਚਲ ਦਿੱਤੀ ਗਈ, ਪਰ ਜਿਸ ਬਹਾਦਰੀ ਨਾਲ ਕੂਕਿਆਂ ਨੇ ਆਪਣੇ ਸਿਰ ਦਿੱਤੇ ਸਨ, ਉਹ ਬਹਾਦਰੀ ਨਵੀਆਂ ਰਾਜਸੀ ਲਹਿਰਾਂ ਦਾ ਉਤਸ਼ਾਹਜਨਕ ਝੰਡਾ ਬਣਾ ਗਈ। ਗੁਰੂ ਰਾਮ ਸਿੰਘ ਦੇਸ਼ ਦੀ ਆਜ਼ਾਦੀ ਦਾ ਪ੍ਰੇਰਨਾ ਸ਼ੀਲ ਚਿੰਨ੍ਹ ਬਣ ਗਿਆ। ਸਦੀਵੀ ਰਾਜ ਕਰਨ ਦੇ ਖਾਬ ਲੈਣ ਵਾਲੇ ਅੰਗਰੇਜ਼ ਹਾਕਮਾਂ ਨੂੰ ਬੋਰੀਆ ਬਿਸਤਰਾ ਵਲੇਟ ਕੇ ਹਿੰਦੁਸਤਾਨ ਵਿਚੋਂ ਜਾਣਾ ਪਿਆ ਅਤੇ ਭਾਰਤ ਆਜ਼ਾਦ ਹੋ ਗਿਆ। ਇਹ ਹੈ ਕੂਕਾ ਬਗਾਵਤ ਦੀ ਇਤਿਹਾਸਕ ਮਹਾਨਤਾ। ਗਦਰ ਦੇ ਕੁਚਲੇ ਜਾਣ ਪਿੱਛੋਂ ਇਹ ਪਹਿਲੀ ਤਹਿਰੀਕ ਸੀ ਜਿਹੜੀ ਦੇਸ਼ ਦੀ ਆਜ਼ਾਦੀ ਲਈ ਉਠੀ।
ਵੱਡੇ ਆਦਮੀ ਕਿਸੇ ਇਕ ਫਿਰਕੇ ਜਾਂ ਕੌਮ ਦੇ ਨਹੀਂ ਹੁੰਦੇ। ਉਹ ਸਭ ਫਿਰਕਿਆਂ, ਸਭ ਕੌਮਾਂ ਦੇ ਸਾਂਝੇ ਹੁੰਦੇ ਹਨ। ਉਨ੍ਹਾਂ ਦੇ ਮੁੱਖ ਵਾਕ ਸਭ ਲੋਕਾਂ ਦੀ ਸਾਂਝੀ ਪੂੰਜੀ ਹੁੰਦੇ ਹਨ ਅਤੇ ਹਰ ਆਦਮੀ, ਫਿਰਕਾ, ਨਸਲ, ਕੌਮ ਅਤੇ ਰੰਗ ਉਨ੍ਹਾਂ ਦੇ ਉਚ ਖਿਆਲਾਂ ਤੋਂ ਲਾਭ ਉਠਾ ਸਕਦਾ ਹੈ। ਬਜ਼ੁਰਗਾਂ ਦੇ ਸ਼ੁਭ ਬਚਨ ਮੁਲਕ ਅਤੇ ਵਕਤ ਦੀ ਕੈਦ ਤੋਂ ਉਚੇ ਹੁੰਦੇ ਹਨ, ਤੰਗ ਖਿਆਲੀ ਕਰ ਕੇ, ਜਾਂ ਕੱਟੜਪੰਥੀ ਹੋਣ ਕਰ ਕੇ ਉਨ੍ਹਾਂ ਤੋਂ ਜੇ ਕੋਈ ਆਦਮੀ ਲਾਭ ਨਹੀਂ ਉਠਾਉਂਦਾ ਤਾਂ ਉਸ ਆਦਮੀ ਦਾ ਕਸੂਰ ਹੈ, ਸ਼ੁਭ ਬਚਨਾਂ ਦਾ ਕਸੂਰ ਨਹੀਂ। ਉਹ ਤਾਂ ਹਰ ਵੇਲੇ ਹਨੇਰੇ ਰਾਹ ਨੂੰ ਚਾਨਣਾ ਕਰਨ ਲਈ ਉਡੀਕ ਰਹੇ ਹਨ।
ਇਹੋ ਜਿਹੇ ਬਜ਼ੁਰਗਾਂ ਵਿਚੋਂ ਬਾਬਾ ਰਾਮ ਸਿੰਘ ਅਦੁੱਤੀ ਪੁਰਸ਼ ਸਨ। ਉਨ੍ਹਾਂ ਨੇ ਗਰੀਬਾਂ ਦੀ ਰੱਖਿਆ ਲਈ ਬੜੀਆਂ ਕੁਰਬਾਨੀਆਂ ਕੀਤੀਆਂ। ਜਿੱਥੇ ਵੀ ਜ਼ੁਲਮ ਹੁੰਦਾ, ਜ਼ੁਲਮ ਵਿਰੁਧ ਡਟ ਕੇ ਖਲੋ ਜਾਂਦੇ ਸਨ। ਜ਼ੁਲਮ ਹੁੰਦੇ ਵੇਖ ਕੇ ਉਹ ਜਰ ਨਹੀਂ ਸਕਦੇ ਸਨ। ਉਹ ਸੰਸਾਰ ਵਿਚ ਠੰਢ ਵਰਤਾਉਣਾ ਚਾਹੁੰਦੇ ਸਨ, ਜਿਹੜਾ ਭਰੱਪਣ ਅਤੇ ਏਕਤਾ ‘ਤੇ ਉਸਰਿਆ ਹੋਵੇ। ਨਾਮਧਾਰੀ ਪੰਥ ਅੱਜ ਕੁਰਬਾਨੀ, ਸਾਦਗੀ ਅਤੇ ਭਰੱਪਣ ਦਾ ਨਮੂਨਾ ਹੈ। ਸਭ ਦਸਾਂ ਨਹੁੰਆਂ ਦੀ ਕਮਾਈ ਕਰਦੇ ਹਨ ਅਤੇ ਸਭ ਵੰਡ ਛਕਦੇ ਹਨ। ਸਭਨਾਂ ਦੀ ਸ਼ਰਧਾ ਪ੍ਰੇਮ ਵੇਖ ਕੇ ਸਿਰ ਝੁਕ ਜਾਂਦਾ ਹੈ।