ਸਿਆਚਿਨ ਗਲੇਸ਼ੀਅਰ: ਬੰਜਰ ਜਮੀਨ ਲਈ ਵੱਸਦੇ ਘਰਾਂ ਦੀ ਬਲੀ ਕਿਉਂ?

-ਨਵਚੇਤਨ
ਕਿਸੇ ਮਰ ਰਹੇ ਬੰਦੇ ਦੀ ਖਾਹਿਸ਼ ਜੀਉਣ ਤੋਂ ਵੱਡੀ ਕੀ ਹੋ ਸਕਦੀ ਹੈ? ਤੇ ਮਰਨ ਤੋਂ ਪਹਿਲਾਂ ਹੀ ਜਮੀਨ ‘ਚ ਦੱਬੇ ਜਾਣਾ ਕਿੰਨਾ ਕੁ ਭਿਆਨਕ ਜਾਂ ਦਰਦਨਾਕ ਹੋ ਸਕਦਾ ਹੈ? ਜਰਾ ਅਜਿਹੀ ਹਾਲਤ ਵਿਚਾਰੋ ਜਿਥੇ ਬੰਦਾ ਜ਼ਮੀਨ-ਦੋਜ਼ ਆਪਣੀ ਹੀ ਮੌਤ ਦੀ ਉਡੀਕ ਕਰ ਰਿਹਾ ਹੋਵੇ, ਸਿਰਫ ਅਹਿਸਾਸ ਹੀ ਤੁਹਾਡੀ ਰੀੜ ਦੀ ਹੱਡੀ ‘ਚ ਕੰਬਣੀ ਛੇੜ ਦੇਣ ਲਈ ਕਾਫੀ ਹੈ। ਇਹ ਸਵਾਲ ਸਿਆਚਿਨ ਗਲੇਸ਼ੀਅਰ ‘ਚ 10 ਫੌਜੀ ਜਵਾਨਾਂ ਦੇ ਜਿਉਂਦੇ ਜੀਅ ਦੱਬੇ ਜਾਣ ਦੀ ਹੌਲਨਾਕ ਖਬਰ ਦੀ ਪਿਠਭੂਮੀ ‘ਚ ਹੋਰ ਵੀ ਅਹਿਮ ਹੋ ਜਾਂਦੇ ਹਨ।

ਇਸ ਤਰ੍ਹਾਂ ਦੇ ਹਾਦਸਿਆਂ ਤੋਂ ਬਾਅਦ ਮੌਤ ਏਨੀ ਯਕੀਨੀ ਹੈ ਤੇ ਜੀਂਦੇ ਰਹਿਣ ਦੀ ਆਸ ਏਨੀ ਘੱਟ ਕਿ ਲਾਸ਼ਾਂ ਮਿਲਣ ਤੋਂ ਪਹਿਲਾਂ ਹੀ ਇਨ੍ਹਾਂ ਫੌਜੀਆਂ ਨੂੰ ਸ਼ਹੀਦ ਗਰਦਾਨ ਦਿੱਤਾ ਗਿਆ ਹੈ।
ਇਸ ਖੇਤਰ ‘ਤੇ ਪਿਛਲੇ ਤੀਹ ਸਾਲ ਦੀ ਲੜਾਈ ਦਾ ਤਜਰਬਾ ਫੌਜ ਨੂੰ ਇਹ ਸੰਤੁਸ਼ਟ ਕਰਨ ਲਈ ਕਾਫੀ ਹੈ ਕਿ ਕਿਸੇ ਦੀ ਜਿਉਂਦੇ ਰਹਿਣ ਦੀ ਤਾਂ ਛੱਡੋ ਸ਼ਾਇਦ ਅੰਤਿਮ ਰਸਮਾਂ ਲਈ ਲਾਸ਼ ਮਿਲਣ ਦੀ ਗੁੰਜਾਇਸ਼ ਵੀ ਬਹੁਤ ਘੱਟ ਹੈ। ਜਵਾਨਾਂ ਦੀ ਬਹਾਦਰੀ ਦੇ ਕਿੱਸੇ ਹਨ, ਪਰਿਵਾਰਾਂ ਲਈ ਧਰਵਾਸ ਦੇ ਲਫਜ਼ ਹਨ ਤੇ ਤੁਰ ਗਿਆਂ ਲਈ ਸਰਕਾਰੀ ਸਨਮਾਨ ਤੇ ਸਲੂਟ ਹਨ। ਇਹ ਸਭ ਕੁਝ ਕਰ ਕੇ ਸਰਕਾਰਾਂ ਆਪਣੀ ਜਿੰæਮੇਵਾਰੀ ਤੋਂ ਮੁਕਤ ਹੋ ਜਾਂਦੀਆਂ ਹਨ। ਇਹ ਰਸਮੀ ਜਿਹਾ ਸ਼ਾਇਦ ਬੇਵਕਤ ਤੁਰ ਗਿਆਂ ਦੇ ਖੱਪੇ ਨੂੰ ਪੂਰਨ ਲਈ ਥੋੜਾ ਬਹੁਤ ਸਹਾਈ ਹੋਵੇ, ਪਰ ਇਸ ਸਭ ਕਾਸੇ ‘ਚ ਬੰਦੇ ਦੀ ਕੁਦਰਤ ਨਾਲ ਆਪ ਵਿਹਾਜੀ ਲੜਾਈ ਦਾ ਸਵਾਲ ਸ਼ਾਇਦ ਪਿਛੇ ਛੁਟ ਜਾਂਦਾ ਹੈ।
ਸਿਆਚਿਨ ਗਲੇਸ਼ੀਅਰ 6000 ਮੀਟਰ ਦੀ ਉਚਾਈ ‘ਤੇ ਦੁਨੀਆਂ ਦਾ ਸਭ ਤੋਂ ਉਚਾ ਮੈਦਾਨ-ਏ-ਜੰਗ ਹੈ, ਇੱਕ ਬੰਨੇ ਬਰਫ਼ ਦੇ ਪਹਾੜਾਂ ਨਾਲ ਲੱਦਿਆ ਉਹ ਇਲਾਕਾ ਹੈ ਜਿਸ ਨੂੰ ਸਿਆਸੀ ਜੁਗਰਾਫੀਏ ‘ਚ ਪਾਕਿਸਤਾਨੀ ਕਬਜੇ ਹੇਠਲਾ ਕਸ਼ਮੀਰ ਕਿਹਾ ਜਾਂਦਾ ਹੈ ਤੇ ਦੂਜੇ ਬੰਨੇ ਚੀਨ ਦੇ ਕਬਜੇ ਹੇਠਲਾ ਉਹ ਇਲਾਕਾ ਹੈ ਜੋ ਪਾਕਿਸਤਾਨ ਨੇ ਆਪਣੇ ਕਬਜੇ ਵਾਲੇ ਹਿੱਸੇ ਵਿਚੋਂ ਲਾਹ ਉਸ ਨੂੰ ਦਿੱਤਾ ਸੀ। ਇਸ ਇਲਾਕੇ ‘ਚ ਕੋਈ ਇਨਸਾਨੀ ਵੱਸੋਂ ਨਹੀਂ, ਸਿਵਾਏ ਬਰਫ ਦੀ ਰਾਖੀ ਕਰਦੀਆਂ ਫੌਜਾਂ ਦੇ। ਬਰਫ ਨਾਲ ਲੱਦੀਆਂ ਚੋਟੀਆਂ ਏਨੀਆਂ ਦੁਸ਼ਵਾਰ ਹਨ ਕਿ ਇਨਸਾਨੀ ਬਸਰ ਦੀ ਵੀ ਕੋਈ ਗੁੰਜਾਇਸ਼ ਨਹੀਂ। ਗਲੇਸ਼ੀਅਰ ਦੇ ਪੈਰਾਂ ਵਿਚ ਵਸਦੇ ਲੋਕਾਂ ‘ਚ ਇੱਕ ਕਹਾਵਤ ਹੈ ਕਿ ਇਹ ਰਾਹ ਇੰਨੇ ਦੁਰਗਮ ਹਨ ਕਿ ਜਾਂ ਤਾਂ ਕੋਈ ਬਹੁਤ ਹੀ ਮੁਹੱਬਤੀ ਦੋਸਤ ਇਨ੍ਹਾਂ ਰਾਹਾਂ ਨੂੰ ਤੈਅ ਕਰਨ ਦਾ ਹੀਆ ਕਰ ਸਕਦਾ ਹੈ ਤੇ ਜਾਂ ਬਹੁਤ ਹੀ ਕੱਟੜ ਦੁਸ਼ਮਣ! ਪਰ ਫੌਜ ਦੀਆਂ ਨਜ਼ਰਾਂ ‘ਚ ਇਹ ਰਣਨੀਤਕ ਨਜ਼ਰੀਏ ਤੋਂ ਬੜਾ ਅਹਿਮ ਖੇਤਰ ਹੈ। ਸੋ ਇਸ ‘ਤੇ ਕਬਜਾ ਬੜਾ ਜਰੂਰੀ ਹੈ, ਇਸ ਦੇ ਹੱਕ ‘ਚ ਫੌਜ ਇਹ ਦਲੀਲ ਵੀ ਦਿੰਦੀ ਹੈ ਕੇ ਜੇ ਭਾਰਤੀ ਫੌਜ ਇਸ ‘ਤੇ ਕਬਜਾ ਨਾ ਕਰਦੀ ਤਾਂ ਪਾਕਿਸਤਾਨ ਇਸ ‘ਤੇ ਜਰੂਰ ਹੀ ਕਬਜਾ ਕਰ ਲੈਂਦਾ। ਇਸ ਮਸਲੇ ਦੀ ਸ਼ੁਰੂਆਤ ਕਿਤੇ ਨਾ ਕਿਤੇ ਲਾਈਨ ਆਫ ਕੰਟਰੋਲ ਦੀ ਗੈਰ ਨਿਸ਼ਾਨਦੇਹੀ ਨਾਲ ਵੀ ਜੁੜੀ ਹੋਈ ਹੈ, ਜੋ ਸਿਰਫ ਕਸ਼ਮੀਰ ਦੀ ਸਰਹੱਦ ਦੀ ਨਿਸ਼ਾਨਦੇਹੀ ਉਥੋਂ ਤੱਕ ਹੀ ਕਰਦੀ ਹੈ ਜਿਥੋਂ ਤਕ ਇਨਸਾਨੀ ਵੱਸੋਂ ਹੈ, ਉਸ ਵੇਲੇ ਦੇ ਹਾਕਮਾਂ ਨੂੰ ਇਹ ਸ਼ਾਇਦ ਚਿੱਤ-ਚੇਤਾ ਵੀ ਨਹੀਂ ਹੋਵੇਗਾ ਕਿ ਇਨਸਾਨੀ ਹਵਸ ਏਨੀ ਵਧ ਜਾਏਗੀ ਕਿ ਸਿਰਫ ਤੇ ਸਿਰਫ ਬਰਫਾਂ ਨਾਲ ਲੱਦੇ ਪਹਾੜ ਵੀ ਉਸ ਦੀ ਜੱਦ ਤੋਂ ਬਾਹਰ ਨਹੀਂ ਹੋਣਗੇ। ਇਹੀ ਕਾਰਨ ਹੈ ਕਿ ਇੱਕ ਖਾਸ ਥਾਂ ਤੋਂ ਅਗਲਾ ਖੇਤਰ ਕਾਗਜ਼ਾਂ ‘ਚ ਕਿਸੇ ਵੀ ਮੁਲਕ ਦੀ ਮਲਕੀਅਤ ਨਹੀਂ ਜੋ ਦੋਹਾਂ ਧਿਰਾਂ ਲਈ ਉਸ ‘ਤੇ ਆਪੋ-ਆਪਣਾ ਦਾਅਵਾ ਜਤਾਉਣ ਲਈ ਕਾਫੀ ਹੈ।
ਗਲੇਸ਼ੀਅਰ ਦੀਆਂ ਹਾਲਤਾਂ ਇਨਸਾਨੀ ਵੱਸੋਂ ਦੇ ਏਨੀਆਂ ਗੈਰ-ਅਨੁਕੂਲ ਹਨ ਕਿ ਇਸ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਕਿਸੇ ਵੀ ਇਨਸਾਨ ਲਈ ਆਪਣੇ ਆਪ ਨੂੰ 5400 ਮੀਟਰ ਤੋਂ ਵਧ ਉਚਾਈ ‘ਤੇ ਹਾਲਾਤ ਦੇ ਅਨੁਕੂਲ ਢਾਲ ਸਕਣਾ ਬੇਹਦ ਮੁਸ਼ਕਿਲ ਹੈ ਤੇ ਗਲੇਸ਼ੀਅਰ ‘ਤੇ ਔਸਤਨ ਉਚਾਈ 6000 ਮੀਟਰ ਹੈ ਜਿਥੇ ਇਨਸਾਨੀ ਜੀਵਨ ਲਈ ਉਪਲਬਧ ਆਕਸੀਜਨ ਮੈਦਾਨਾਂ ਦੇ ਮੁਕਾਬਲੇ ਸਿਰਫ 10 ਫੀਸਦੀ ਹੈ। ਠੰਡ ਦਾ ਆਲਮ ਇਹ ਹੈ ਕਿ ਤਾਪਮਾਨ ਮਨਫੀ 60 ਡਿਗਰੀ ਤੋਂ ਵੀ ਘਟ ਚਲਾ ਜਾਂਦਾ ਹੈ ਤੇ ਏਨੇ ਘੱਟ ਤਾਪਮਾਨ ‘ਚ ਜੇ ਤੁਹਾਡੀ ਨੰਗੀ ਚਮੜੀ ਜੇ ਕਿਸੇ ਲੋਹੇ ਨੂੰ ਛੂਹ ਵੀ ਗਈ ਤਾਂ ਨਤੀਜਾ ਫਰੋਸਟਬਾਈਟ ‘ਚ ਨਿਕਲਦਾ ਹੈ ਜਿਥੇ ਤੁਹਡੇ ਅੰਗ ਨੂੰ ਕੱਟੇ ਬਿਨਾਂ ਕੋਈ ਚਾਰਾ ਨਹੀਂ। ਆਮ ਤੌਰ ‘ਤੇ ਫੌਜੀ ਦਾ ਭਾਰ ਦੋ-ਤਿੰਨ ਮਹੀਨਿਆਂ ਦੇ ਵਕਫੇ ‘ਚ ਪੰਜ ਤੋਂ ਦਸ ਕਿੱਲੋ ਘਟ ਜਾਂਦਾ ਹੈ ਕਿਉਂਕਿ ਬੇਹੱਦ ਠੰਡੇ ਇਲਾਕਿਆਂ ‘ਚ ਸਰੀਰ ਨੂੰ ਮੈਦਾਨੀ ਇਲਾਕਿਆਂ ਨਾਲੋਂ ਵਖਰੀ ਅਤੇ ਵਧ ਖੁਰਾਕ ਚਾਹੀਦੀ ਹੈ। ਏਨਾ ਹੀ ਨਹੀਂ ਫੌਜੀਆਂ ਦੀ ਰਿਹਾਇਸ਼ ਨੂੰ ਗਰਮ ਕਰਨ ਲਈ ਵਰਤੀ ਜਾਂਦੀ ਬੁਖਾਰੀ ‘ਚ ਵੀ ਬਰਫ਼ ਜੰਮ ਜਾਂਦੀ ਹੈ-ਇਹੀ ਕਾਰਨ ਹੈ ਕਿ ਫੌਜੀਆਂ ਦੀ ਗਲੇਸ਼ੀਅਰ ‘ਚ ਪੋਸਟਿੰਗ ਦੀ ਇੱਕ ਨਿਸਚਿਤ ਮਿਆਦ ਹੈ। ਇਨਸਾਨ ਇਨ੍ਹਾਂ ਹਾਲਾਤ ‘ਚ ਕੁਝ ਖਾਸ ਸਮਾਂ ਹੀ ਜੀਂਦਾ ਰਹਿ ਸਕਦਾ ਹੈ। ਗਸ਼ਤ ‘ਤੇ ਗਏ ਫੌਜੀਆਂ ਦੇ ਪੈਰਾਂ ਥੱਲੇ ਵਿਛੀ ਗਲੇਸ਼ੀਅਰ ਦੀ ਚਾਦਰ ਕਦੇ ਵੀ ਪਿਘਲ ਕੇ ਸੈਂਕੜੇ ਮੀਟਰ ਡੂੰਘਾ ਦਫਨ ਕਰ ਸਕਦੀ ਹੈ, ਜਿਥੇ ਉਨ੍ਹਾਂ ਦੇ ਖਾਸ ਕਿਸਮ ਦੇ ਕੱਪੜਿਆਂ ਦਾ ਨਿਘ ਉਨ੍ਹਾਂ ਨੂੰ ਕੁਝ ਦਿਨਾਂ ਤੱਕ ਜੀਂਦਾ ਰੱਖਦਾ ਹੈ, ਪਰ ਸਿਰਫ ਕੁਝ ਕੁ ਦਿਨਾਂ ਤੱਕ, ਜਿਵੇਂ ਬੰਦਾ ਆਪਣੇ ਆਪ ਨੂੰ ਆਖਰੀ ਸਲਾਮ ਕਹਿਣ ਲਈ ਖੁਰ ਰਿਹਾ ਹੋਵੇ। ਇਸ ਤੋਂ ਦਰਦਨਾਕ ਮੌਤ ਕੀ ਹੋ ਸਕਦੀ ਹੈ?
ਇਸ ਕਰੋਪੀ ਦਾ ਡੂੰਘਾ ਸਬੰਧ ਬੰਦੇ ਦਾ ਕੁਦਰਤ ਨਾਲ ਇਖਤਲਾਫ ਵੀ ਹੈ, ਕੁਝ ਨਿਰਪੱਖ ਏਜੰਸੀਆਂ ਮੁਤਾਬਕ ਸਿਰਫ ਤੇ ਸਿਰਫ ਹਿੰਦੁਸਤਾਨ ਵਾਲੇ ਬੰਨੇ ਹੀ ਘੱਟੋ ਘੱਟ ਇਕ ਟਨ ਇਨਸਾਨੀ ਕੂੜਾ ਗਲੇਸ਼ੀਅਰ ਦਾ ਹਿੱਸਾ ਬਣਦਾ ਹੈ ਅਤੇ ਕਿਉਂਕਿ ਇਹ ਕੂੜਾ ਬਹੁਤ ਠੰਡ ਹੋਣ ਕਾਰਨ ਆਪਣੇ ਆਪ ਖੁਰਦਾ ਨਹੀਂ। ਇਸ ‘ਚੋਂ ਨਿਕਲੇ ਕੈਮੀਕਲ ਬਰਫ ‘ਚ ਮਿਲ ਕੇ ਇਸ ਦੀ ਬਰਫਾਨੀ ਚਾਦਰ ਦੇ ਭੂ ਸਖਲਨ ‘ਚ ਹੋਰ ਇਜਾਫ਼ਾ ਕਰਦੇ ਹਨ। ਮਸ਼ੀਨੀ ਹਥਿਆਰਾਂ ਵੱਲੋਂ ਪੈਦਾ ਕੀਤੀ ਜਾਂਦੀ ਗਰਮੀ ਅਤੇ ਬਰਫ਼ ਪਿਘਲਾਉਣ ਲਈ ਵਰਤੇ ਜਾਂਦੇ ਕੈਮੀਕਲ ਬੰਦੇ ਦੇ ਕੁਦਰਤ ਨਾਲ ਖਿਲਵਾੜ ਦੀ ਅਗਲੀ ਕੜੀ ਹਨ। ਇਹ ਸਭ ਕੁਝ ਅਤੇ ਜਨਰਲ ਗਲੋਬਲ ਵਾਰਮਿੰਗ ਦੇ ਪ੍ਰਭਾਵ ਹੇਠ ਗਲੇਸ਼ੀਅਰ ਲਗਾਤਾਰ ਸਿਮਟ ਰਹੇ ਹਨ। ਆਮ ਅੰਦਾਜ਼ਾ ਹੈ ਕਿ ਇਸ ਸਿਮਟਣ ਦੀ ਦਰ ਹਰ ਸਾਲ 110 ਮੀਟਰ ਹੈ ਤੇ ਆਉਣ ਵਾਲੇ ਵੀਹ ਸਾਲਾਂ ‘ਚ ਇਹ ਗਲੇਸ਼ੀਅਰ ਆਪਣੇ ਹੁਣ ਦੇ ਆਕਾਰ ਦੇ ਸਿਰਫ ਪੰਜਵੇਂ ਹਿੱਸੇ ਤਕ ਸਿਮਟ ਸਕਦੇ ਹਨ।
ਜਦੋਂ ਦਾ ਸਿਆਚਿਨ ਦਾ ਝਗੜਾ ਸ਼ੁਰੂ ਹੋਇਆ ਹੈ, ਉਦੋਂ ਤੋਂ ਹੁਣ ਤੱਕ ਦੇ 30-32 ਵਰ੍ਹਿਆਂ ‘ਚ ਕੋਈ 1000 ਇਨਸਾਨੀ ਜਾਨਾਂ ਇਸ ਲੜਾਈ ਦੀ ਭੇਟ ਚੜ੍ਹ ਚੁੱਕੀਆਂ ਹਨ। ਸਰਕਾਰੀ ਕਾਗਜ਼ਾਂ ‘ਚ ਦੱਸੇ ਜਾਂਦੇ ਦੁਸ਼ਮਣ ਵਾਲੇ ਪਾਸੇ ਹੋਈਆਂ ਮੌਤਾਂ ਦੀ ਗਿਣਤੀ ਵੀ ਘੱਟੋ ਘੱਟ ਏਨੀ ਜਰੂਰ ਹੋਵੇਗੀ। ਦੋ ਕੁ ਸਾਲ ਪਹਿਲਾਂ ਪਾਕਿਸਤਾਨ ਵਾਲੇ ਪਾਸੇ ਕੋਈ 130 ਲੋਕ ਇਸ ਤਰ੍ਹਾਂ ਹੀ ਬਰਫੀਲੇ ਤੂਫ਼ਾਨ ਦੀ ਭੇਟ ਚੜ੍ਹ ਜਿਉਂਦੇ ਜੀਅ ਹੀ ਸਪੁਰਦ-ਏ-ਖਾਕ ਹੋ ਗਾਏ ਸਨ। ਕੀ ਇਹ ਤ੍ਰਾਸਦੀ ਨਹੀਂ ਕਿ ਇਨ੍ਹਾਂ ਮੌਤਾਂ ‘ਚ ਅਸਲ ਦੁਸ਼ਮਣ ਨਾਲ ਹੋਈਆਂ ਝੜਪਾਂ ‘ਚ ਮੌਤਾਂ ਦੀ ਗਿਣਤੀ ਸ਼ਾਇਦ 10 ਫੀਸਦੀ ਵੀ ਨਹੀਂ! ਦੋਵਾਂ ਪਾਸਿਆਂ ਤੋਂ ਅਫਸੋਸ ਦੇ ਰਸਮੀ ਪ੍ਰਗਟਾਵੇ ਤੇ ਮਦਦ ਦੀ ਹਰ ਸੰਭਵ ਕੋਸ਼ਿਸ਼ ਦੀਆਂ ਪੇਸ਼ਕਸ਼ਾਂ ਤਾਂ ਹਰ ਹਾਦਸੇ ਤੋਂ ਬਾਅਦ ਰਵਾਇਤ ਹੀ ਬਣ ਗਈ ਹੈ ਪ੍ਰੰਤੂ ਦੋਵਾਂ ਧਿਰਾਂ ਵੱਲੋਂ ਇਸ ਬਾਰੇ ਕਿਸੇ ਵੀ ਸਮਝੌਤੇ ਦੀਆਂ ਕੋਸ਼ਿਸ਼ਾਂ ਕਦੇ ਸਿਆਸੀ ਉਪਰਾਮਤਾ ਦੀ ਭੇਟ ਚੜ੍ਹ ਗਈਆਂ ਤੇ ਕਦੇ ਫੌਜੀ ਰਣਨੀਤੀ ਦੇ।
ਕਾਰਗਿਲ ਦੀ ਲੜਾਈ ਤੇ ਉਸ ਤੋਂ ਬਾਅਦ ਭਾਰਤ-ਪਾਕਿਸਤਾਨ ਰਿਸ਼ਤਿਆਂ ਵਿਚਲੀ ਖੱਟਾਸ ਨੇ ਵੀ ਇਸ ਮਸਲੇ ਦੇ ਹੱਲ ਲਈ ਕੋਈ ਸਾਬਤ ਪੇਸ਼ਕਦਮੀ ਨਹੀਂ ਹੋਣ ਦਿੱਤੀ ਤੇ ਦੋਵੇਂ ਧਿਰਾਂ ਲੜ ਰਹੀਆਂ ਹਨ, ਸਿਰਫ ਬਰਫ ਲਈ। ਉਸ ਬਰਫ ਦੀ ਚਾਦਰ ਲਈ ਜਿਸ ਉਤੇ ਸਰਹੱਦ ਦੀ ਨਿਸ਼ਾਨਦੇਹੀ ਵੀ ਇੱਕ ਅਸੰਭਵ ਜਿਹਾ ਕੰਮ ਹੈ ਤੇ ਜੋ ਪਲਕ ਝਪਕਦੇ ਹੀ ਸੈਂਕੜੇ ਇਨਸਾਨੀ ਜਾਨਾਂ ਨੂੰ ਨਿਗਲ ਲੈਂਦੀ ਹੈ, ਬਿਨਾਂ ਇਸ ਵਿਤਕਰੇ ਦੇ ਕਿ ਉਹ ਭਾਰਤੀ ਹੈ ਜਾਂ ਪਾਕਿਸਤਾਨੀ। ਮੁਲਕਾਂ ਲਈ ਦੁਸ਼ਮਣ ਤੋਂ ਰਾਖੀ ਲਈ ਫੌਜੀਆਂ ਦੀ ਗਿਣਤੀ ਸਿਰਫ ਹਿੰਦਸਿਆਂ ‘ਚ ਹੁੰਦੀ ਹੈ ਤੇ ਇਸ ਦੀ ਪਰਿਭਾਸ਼ਾ ‘ਚ ਇਨਸਾਨੀ ਜਜ਼ਬਾਤ ਜਾਂ ਜ਼ਿੰਦਗੀ ਦੀ ਕੀਮਤ ਸ਼ਾਇਦ ਬਹੁਤ ਵੱਡੀ ਨਹੀਂ ਹੁੰਦੀ, ਪਰ ਜੇ ਦੋਵਾਂ ਧਿਰਾਂ ਨੇ ਇੱਕ ਦੂਸਰੇ ਨਾਲ ਦੁਸ਼ਮਣੀ ਨਿਭਾਉਣ ਲਈ ਕੁਦਰਤ ਨੂੰ ਸਾਂਝਾ ਦੁਸ਼ਮਣ ਮਿਥ ਲਿਆ ਹੋਵੇ, ਉਹ ਕੁਦਰਤ ਜੋ ਬੰਦੇ ਦੀ ਪਾਲਣਹਾਰ ਵੀ ਹੈ ਤੇ ਆਖਰੀ ਪਨਾਹ ਵੀ, ਤਾਂ ਉਸ ਦਾ ਕੀ ਇਲਾਜ?
ਦਾਨਿਸ਼ਮੰਦ ਤਾਂ ਇਹ ਵੀ ਆਖਦੇ ਹਨ ਕਿ ਕੁਦਰਤ ਟੁੱਟਦੇ ਪੱਤਿਆਂ ਦੇ ਕਣ ਕਣ ਨੂੰ ਜੋੜ ਕੇ ਫੁੱਲ ਪੱਤੀਆਂ ਬਣਾ ਕੇ ਉਗਾਉਂਦੀ ਹੈ। ਸਿਆਚਿਨ ਦਾ ਮਤਲਬ ਸਥਾਨਕ ਜੁਬਾਨ ‘ਚ ਗੁਲਾਬਾਂ ਦੀ ਵਾਦੀ ਹੁੰਦਾ ਹੈ। ਹਾਲਾਂਕਿ ਉਥੇ ਕੋਈ ਗੁਲਾਬ ਨਹੀਂ ਉਗਦੇ, ਸਿਰਫ ਬਰਫ ਨਾਲ ਲੱਦੀ ਬੰਜਰ ਜਮੀਨ ਹੈ ਤੇ ਕਿਸੇ ਬੰਜਰ ਜਮੀਨ ਲਈ ਹੱਸਦੇ-ਵੱਸਦੇ ਘਰਾਂ ਦੇ ਪੁੱਤਾਂ ਦੀ ਬਲੀ ਕਿਉਂ ਜਰੂਰੀ ਹੈ?