ਲਿੱਟੇ ਦੀ ਲੜਾਈ ਤੇ ਭਾਰਤ

ਸ੍ਰੀ ਲੰਕਾ ਦਾ ਚੀਤਾ ਪ੍ਰਭਾਕਰਨ-6
ਸ੍ਰੀ ਲੰਕਾ ਵਿਚ ਤਾਮਿਲਾਂ ਅਤੇ ਸਿੰਘਲੀਆਂ (ਆਮ ਪ੍ਰਚਲਿਤ ਸ਼ਬਦ ਸਿਨਹਾਲੀ) ਵਿਚਕਾਰ ਤਣਾਉ ਵਿਚੋਂ ਜਿਹੜੀ ਸਿਆਸਤ 20ਵੀਂ ਸਦੀ ਦੀ ਅਖੀਰਲੀ ਚੌਥਾਈ ਦੌਰਾਨ ਸਾਹਮਣੇ ਆਈ, ਉਸ ਦਾ ਸਿਖਰ ਸੀ ‘ਲਿੱਟੇ’ (æਠਠਓ- ਲਿਬਰੇਸ਼ਨ ਟਾਈਗਰਜ਼ ਆਫ ਤਾਮਿਲ ਈਲਮ)। ਇਸ ਜਥੇਬੰਦੀ ਨੇ ਵੇਲੂਪਿੱਲੇ ਪ੍ਰਭਾਕਰਨ ਦੀ ਅਗਵਾਈ ਹੇਠ ਗੁਰੀਲਾ ਜੰਗ ਦਾ ਨਿਵੇਕਲਾ ਰੰਗ ਤਾਂ ਦਿਖਾਇਆ ਹੀ, ਸ੍ਰੀ ਲੰਕਾ ਦੇ ਤਾਮਿਲਾਂ ਦਾ ਮਸਲਾ ਸੰਸਾਰ ਪੱਧਰ ਉਤੇ ਲੈ ਆਂਦਾ। ਸੰਸਾਰ ਅੰਦਰ ਜੂਝ ਰਹੀਆਂ ਹੋਰ ਕੌਮੀਅਤਾਂ ਵਾਂਗ ਸ੍ਰੀ ਲੰਕਾ ਦੇ ਤਾਮਿਲਾਂ ਦੀ ਕਹਾਣੀ ਪੜ੍ਹਨ-ਸੁਣਨ ਵਾਲੀ ਹੈ।

ਉਘੇ ਬਿਊਰੋਕਰੈਟ ਐਮæਆਰæ ਨਰਾਇਣ ਸਵਾਮੀ ਨੇ ਇਸ ਬਾਬਤ ਡੂੰਘੀ ਖੋਜ ਪਿਛੋਂ ਕਿਤਾਬ ਲਿਖੀ ਹੈ-‘ਇਨਸਾਈਡ ਐਨ ਇਲੂਸਿਵ ਮਾਈਂਡ: ਪ੍ਰਭਾਕਰਨ’। ਨਰਾਇਣ ਸਵਾਮੀ ਨੇ ਪ੍ਰਭਾਕਰਨ ਦੇ ਬਹਾਨੇ ਤਾਮਿਲ ਮਸਲੇ ਦੀ ਕਈ ਤਹਿਆਂ ਫਰੋਲੀਆਂ ਹਨ। ਪ੍ਰੋæ ਹਰਪਾਲ ਸਿੰਘ ਪੰਨੂ ਨੇ ਇਸ ਕਿਤਾਬ ਦੇ ਚੌਖਟੇ ਅੰਦਰ ਰਹਿੰਦਿਆਂ ਪ੍ਰਭਾਕਰਨ ਅਤੇ ਲਿੱਟੇ ਬਾਰੇ ਲੰਮਾ ਲੇਖ ਲਿਖਿਆ ਹੈ। ਇਸ ਲੇਖ ਵਿਚ ਉਨ੍ਹਾਂ ਤਾਮਿਲਾਂ ਦੀ ਸਿਆਸਤ ਅਤੇ ਸੰਸਾਰ ਸਿਆਸਤ ਵਿਚ ਇਨ੍ਹਾਂ ਦੀ ਹੋਣੀ ਬਾਰੇ ਕੁਝ ਗੱਲਾਂ ਸਪਸ਼ਟ ਰੂਪ ਵਿਚ ਉਭਾਰਨ ਦਾ ਯਤਨ ਕੀਤਾ ਹੈ। ਪਿਛਲੀਆਂ ਕਿਸ਼ਤਾਂ ਵਿਚ ਤਾਮਿਲ ਸਿਆਸਤ ਦੇ ਪਿਛੋਕੜ, ਪ੍ਰਭਾਕਰਨ ਦੇ ਘਰ ਤੋਂ ਜੰਗਲ ਵੱਲ ਸਫਰ ਅਤੇ ਭਾਰਤ ਦੀ ਪਹੁੰਚ ਬਾਰੇ ਕੁਝ ਖੁਲਾਸਾ ਕੀਤਾ ਗਿਆ ਸੀ। ਐਤਕੀਂ ਆਖਰੀ ਕਿਸ਼ਤ ਵਿਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਅਤੇ ਪ੍ਰਭਾਕਰਨ ਦੀ ਮੌਤ ਬਾਰੇ ਚਰਚਾ ਹੈ। -ਸੰਪਾਦਕ

ਹਰਪਾਲ ਸਿੰਘ ਪੰਨੂ
ਫੋਨ: +91-94642-51454
ਔਰਤਾਂ ਦੇ ਖਾੜਕੂ ਗਰੋਹ ਦਾ ਪਿੱਛਾ ਕਰਦੀ-ਕਰਦੀ ਭਾਰਤੀ ਫੌਜ ਡੂੰਘੇ ਜੰਗਲ ਅੰਦਰ ਚਲੀ ਗਈ। ਪ੍ਰਭਾਕਰਨ ਦਾ ਘਰ ਲੱਭ ਗਿਆ। ਖਾਣ-ਪੀਣ ਦਾ ਸਾਮਾਨ ਪਿਆ ਸੀ, ਮੇਜ਼ ਕੁਰਸੀਆਂ ਸਨ। ਮੀਲ ਲੰਮੀ ਸੁਰੰਗ ਵਿਚੋਂ ਲੰਘ ਕੇ ਪ੍ਰਭਾਕਰਨ ਜੰਗਲ ਵਿਚ ਇੰਨੀ ਦੂਰ ਨਿਕਲ ਗਿਆ ਜਿਥੇ ਬੰਦੇ ਨੇ ਕੀ ਪੁੱਜਣਾ, ਸੂਰਜ ਦੀ ਕਿਰਨ ਨਹੀਂ ਸੀ ਪੁੱਜਦੀ। ਫੌਜ ਜੰਗਲ ਕੱਟ-ਕੱਟ ਅੱਗੇ ਵਧਦੀ ਗਈ ਤਾਂ ਕਮਾਲ ਦੇਖਿਆ। ਜ਼ਮੀਨ ਦੇ ਹੇਠਾਂ ਪੂਰਾ ਹਸਪਤਾਲ ਲੱਭ ਗਿਆ, ਜ਼ਖਮੀ ਖਾੜਕੂਆਂ ਦੇ ਇਲਾਜ ਵਾਸਤੇ ਸੁਰੱਖਿਅਤ ਥਾਂ।
ਫਰਵਰੀ 1989 ਵਿਚ ਸੰਸਦ ਦੀ ਚੋਣ ਆ ਗਈ। ਜੈਵਰਧਨੇ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ। ਜਿਹੜੇ ਦੋ ਉਮੀਦਵਾਰ ਇਕ-ਦੂਜੇ ਖਿਲਾਫ ਚੋਣ ਲੜਨ ਲੱਗੇ, ਦੋਵਾਂ ਨੇ ਐਲਾਨ ਕੀਤਾ ਕਿ ਜਿੱਤਣ ਦੀ ਸੂਰਤ ਵਿਚ ਉਹ ਭਾਰਤੀ ਫੌਜ ਨੂੰ ਲੰਕਾ ਤੋਂ ਬਾਹਰ ਕਰਨਗੇ। ਪ੍ਰਭਾਕਰਨ ਲਈ ਇਹ ਖੁਸ਼ਖਬਰੀ ਸੀ। ਰਣਸਿੰਘ ਪ੍ਰੇਮਦਾਸਾ ਚੋਣ ਜਿੱਤ ਗਿਆ। ਉਸ ਨੇ ਭਾਰਤ ਨੂੰ ਅਲਟੀਮੇਟ ਦੇ ਦਿੱਤਾ ਕਿ 31 ਜੁਲਾਈ ਤੱਕ ਫੌਜ ਵਾਪਸ ਬੁਲਾਉ। ਭਾਰਤ ਅੱਖਾਂ ਦਿਖਾਉਣ ਲੱਗਾ ਤਾਂ ਪ੍ਰੇਮਦਾਸਾ ਨੂੰ ਲਿੱਟੇ ਦੀ ਜਰੂਰਤ ਪੈ ਗਈ। ਲਿੱਟੇ ਨੂੰ ਹਥਿਆਰ ਦੇਣੇ ਪੈਣਗੇ, ਇਸ ਸੂਰਤ ਵਿਚ ਉਸ ਦੇ ਸਿੰਘਲੀ ਵੋਟਰ ਨਾਰਾਜ਼ ਹੋ ਸਕਦੇ ਨੇ। ਜਦੋਂ ਫੌਜ ਦਾ ਗੋਲੀ-ਸਿੱਕਾ ਪ੍ਰਭਾਕਰਨ ਕੋਲ ਜਾਣ ਲੱਗਾ; ਲੰਕਾ ਦੇ ਜਰਨੈਲ, ਰਾਸ਼ਟਰਪਤੀ ਨਾਲ ਸਖਤ ਨਾਰਾਜ਼ ਹੋ ਗਏ, ਪਰ ਰਾਸ਼ਟਰਪਤੀ ਨੇ ਕਿਹਾ- ਭਾਰਤੀ ਫੌਜ ਨੂੰ ਕੱਢਣ ਦਾ ਹੋਰ ਰਸਤਾ ਦੱਸੋ ਕੀ ਹੈ? ਭਾਰਤੀ ਫੌਜੀ ਮਰਨਗੇ ਜਾਂ ਲਿੱਟੇ ਖਾੜਕੂ, ਆਪਣਾ ਕੀ ਜਾਂਦੈ?
ਤਮਿਲਾਂ ਦਾ ਸਿਆਸੀ ਨੇਤਾ ਅੰਮ੍ਰਿਤ ਲਿੰਗਮ ਬਿਆਨ ‘ਤੇ ਬਿਆਨ ਦੇਣ ਲੱਗਾ ਕਿ ਜਦੋਂ ਤੱਕ ਤਮਿਲਾਂ ਦਾ ਭਵਿਖ ਸੁਰੱਖਿਅਤ ਨਹੀਂ, ਭਾਰਤੀ ਫੌਜ ਲੰਕਾ ਵਿਚੋਂ ਨਹੀਂ ਜਾਣੀ ਚਾਹੀਦੀ। ਪ੍ਰਭਾਕਰਨ ਨੇ ਉਸ ਦੀ ਕੋਠੀ ਤਿੰਨ ਖਾੜਕੂ ਭੇਜ ਕੇ ਕਤਲ ਕਰਵਾ ਦਿੱਤਾ। ਪੁਲਿਸ ਨੇ ਤਿੰਨੇ ਖਾੜਕੂ ਮਾਰ ਦਿੱਤੇ। ਪ੍ਰਭਾਕਰਨ ਨੇ ਬਿਆਨ ਦਿੱਤਾ- ਇਹ ਤਿੰਨੇ ਲਿੱਟੇ ਵਿਚੋਂ ਕੱਢ ਦਿੱਤੇ ਗਏ ਸਨ, ਕਿਉਂਕਿ ਭਾਰਤੀ ਫੌਜ ਨਾਲ ਰਲ ਗਏ ਸਨ। ਇਹ ਕਤਲ ਸਾਡਾ ਕੰਮ ਨਹੀਂ। ਗੱਲ ਖਤਮ।
ਨਵੰਬਰ 1989 ਦੀਆਂ ਚੋਣਾਂ ਵਿਚ ਰਾਜੀਵ ਗਾਂਧੀ ਅਤੇ ਉਸ ਦੀ ਪਾਰਟੀ ਹਾਰ ਗਏ। ਨਵੀਂ ਸਰਕਾਰ ਨੇ ਐਲਾਨ ਕਰ ਦਿੱਤਾ ਕਿ 31 ਦਸੰਬਰ ਤੱਕ ਭਾਰਤੀ ਫੌਜ ਲੰਕਾ ਵਿਚੋਂ ਨਿਕਲ ਜਾਏਗੀ। ਇਹ ਤਰੀਕ ਬਾਅਦ ਵਿਚ 31 ਮਾਰਚ 1990 ਤੱਕ ਵਧਾਈ ਗਈ, ਤੇ 24 ਮਾਰਚ ਨੂੰ ਲੰਕਾ ਵਿਚੋਂ ਆਖਰੀ ਭਾਰਤੀ ਸਿਪਾਹੀ ਨਿਕਲ ਗਿਆ। ਭਾਰਤੀ ਫੌਜ ਵਲੋਂ ਖਾਲੀ ਕੀਤਾ ਇਕ-ਇਕ ਇੰਚ ਲਿੱਟੇ ਦੇ ਕਬਜ਼ੇ ਹੇਠ ਆ ਗਿਆ। ਭਾਰਤੀ ਫੌਜ ਕੋਲ ਸ਼ੇਖੀ ਮਾਰਨ ਵਾਲੀ ਕੋਈ ਪ੍ਰਾਪਤੀ ਨਹੀਂ। ਲਿੱਟੇ ਦੇ ਜਰਨੈਲ ਸੋਚਦੇ ਸਨ, ਇੰਡੀ ਵੱਡੀ ਫੌਜ ਨਾਲ ਟਾਕਰਾ ਨਹੀਂ ਹੋ ਸਕਦਾ, ਪ੍ਰਭਾਕਰਨ ਨੇ ਕਰ ਕੇ ਦਿਖਾਇਆ। ਉਸ ਨੇ ਐਲਾਨ ਕੀਤਾ ਸੀ- ਆਖਰੀ ਫੌਜੀ ਜਦੋਂ ਤੱਕ ਭਾਰਤ ਨਹੀਂ ਪੁੱਜਦਾ, ਮੂੰਹ ਨਹੀਂ ਦਿਖਾਵਾਂਗਾ। ਪਹਿਲੀ ਅਪਰੈਲ 1990 ਨੂੰ ਉਸ ਨੇ ਪ੍ਰੈੱਸ ਮਿਲਣੀ ਕੀਤੀ। ਚਿਹਰੇ ਉਪਰ ਮੁਸਕਾਨ। ਆਪਣੇ ਕਮਾਂਡਰ ਦੀ ਹਾਜ਼ਰੀ ਵਿਚ, ਲਿਖਿਆ ਬਿਆਨ ਪੜ੍ਹਿਆ- ਤਮਿਲਾਂ ਦੀ ਜੜ੍ਹ ਉਖਾੜਨ ਆਈ ਭਾਰਤੀ ਫੌਜ ਨੂੰ ਉਖਾੜ ਦਿੱਤਾ। ਅਸੀਂ ਇਤਿਹਾਸਕ ਯੁੱਧ ਲੜਿਆ। ਲੋਕਾਂ ਦੇ ਦਿਲ ਅੰਦਰ ਮਘਦੀ ਆਜ਼ਾਦੀ ਦੀ ਕਿਰਨ ਫੌਜਾਂ ਨਹੀਂ ਦਬਾ ਸਕਦੀਆਂ, ਸਾਡੇ ਸਿਪਾਹੀਆਂ ਅਤੇ ਲੋਕਾਂ ਨੇ ਸਾਬਤ ਕਰ ਦਿੱਤਾ। ਸਾਡੀ ਲੜਾਈ ਬਾਕੀ ਕੌਮਾਂ ਵਾਸਤੇ ਮਿਸਾਲ ਬਣੇਗੀ। ਸਾਡੇ ਅਨਜਾਣ ਲੋਕਾਂ ਨੇ ਇਕ ਸਬਕ ਵੀ ਸਿਖਿਆ, ਬਿਗਾਨਾ ਮੁਲਕ ਤੁਹਾਨੂੰ ਆਜ਼ਾਦੀ ਦਾ ਤੋਹਫਾ ਦੇ ਕੇ ਨਹੀਂ ਜਾਏਗਾ। ਭਾਰਤ ਸਾਡਾ ਦੁਸ਼ਮਣ ਨਹੀਂ, ਬਸ ਸਾਡੇ ਕੰਮਾਂ ਵਿਚ ਵਿਘਨ ਨਾ ਪਾਏ। ਭਾਰਤੀਆਂ ਨੇ ਹਜ਼ਾਰਾਂ ਤਮਿਲ ਮਾਰੇ, ਸਾਨੂੰ ਦੁਖ ਹੈ। ਮੇਰੇ ਉਪਰ 250 ਕਿਲੋ ਦੇ ਬੰਬ ਸੁੱਟੇ, ਮੇਰੇ ਐਨ ਨਜ਼ਦੀਕ ਆ ਆ ਫਟੇ। ਜਦੋਂ ਸਾਨੂੰ ਵਧੀਕ ਮਾਰ ਪੈਂਦੀ, ਅਸੀਂ ਵੀਅਤਨਾਮੀਆਂ ਨੂੰ ਯਾਦ ਕਰ ਲੈਂਦੇ। ਭਾਰਤੀ ਫੌਜ ਇਥੋਂ ਕੱਢਣ ਵਾਸਤੇ ਸਾਨੂੰ ਪ੍ਰੇਮਦਾਸਾ ਸਰਕਾਰ ਦੀ ਲੋੜ ਪਈ, ਅਸੀਂ ਸਰਕਾਰ ਦੀ ਵਰਤੋਂ ਕੀਤੀ। ਸਰਕਾਰ ਸਾਨੂੰ ਨਹੀਂ ਵਰਤ ਸਕਦੀ।
ਪ੍ਰਭਾਕਰਨ ਦੀ ਹਮਾਇਤ ਨਾਲ 12 ਸੰਸਦ ਮੈਂਬਰ ਜਿੱਤੇ ਸਨ। ਉਨ੍ਹਾਂ ਨਾਲ ਕੋਲੰਬੋ ਮੀਟਿੰਗ ਵਿਚ ਕਿਹਾ- ਤੁਸੀਂ ਪ੍ਰੇਮਦਾਸਾ ਦੇ ਚੇਲੇ ਹੋ ਗਏ, ਤੁਹਾਨੂੰ ਭਾਰਤੀ ਫੌਜ ਚੰਗੀ ਲੱਗਣ ਲੱਗੀ। ਇਹ ਬਾਡੀਗਾਰਡ ਤੁਸੀਂ ਮੈਥੋਂ ਬਚਾਅ ਕਰਨ ਵਾਸਤੇ ਰੱਖੇ ਨੇ? ਤਮਿਲਾਂ ਦੇ ਹਿਤ ਭੁਲ ਜਾਉਗੇ ਤਾਂ ਬਚ ਜਾਉਗੇ? ਮੈਂ ਤੁਹਾਨੂੰ ਦੱਸਿਆ ਸੀ, ਇਕ ਸੰਸਦ ਮੈਂਬਰ ‘ਰਾਅ’ ਦਾ ਏਜੰਟ ਹੋ ਗਿਐ, ਉਸ ਦਾ ਕੀ ਕੀਤਾ ਤੁਸੀਂ? ਸੰਸਦੀ ਨੇਤਾ ਬਾਲਾਕੁਮਾਰ ਕੁਝ ਕਹਿਣ ਲਈ ਉਠਿਆ, ਪ੍ਰਭਾਕਰਨ ਨੇ ਬਿਠਾ ਦਿੱਤਾ ਤੇ ਕਿਹਾ- ਅੰਮ੍ਰਿਤ ਲਿੰਗਮ ਨੂੰ ਕਤਲ ਕਰਨ ਦਾ ਹੁਕਮ ਮੈਂ ਦਿੱਤਾ ਸੀ।
ਇਸ ਪਿੱਛੋਂ ਉਸ ਨੇ ਪੌਣਾ ਘੰਟਾ ਰਾਸ਼ਟਰਪਤੀ ਪ੍ਰੇਮਦਾਸਾ ਨਾਲ ਮੀਟਿੰਗ ਕੀਤੀ ਤੇ ਵਾਪਸ ਜਾਫਨਾ ਆ ਗਿਆ। ਉਸ ਦਾ ਨਾ ਕੋਈ ਵਿਰੋਧੀ ਬੰਦਾ ਰਿਹਾ, ਨਾ ਵਿਰੋਧੀ ਗੁੱਟ; ਵਿਰੋਧੀ ਜਾਂ ਤਾਂ ਉਸ ਦੀ ਹਮਾਇਤ ਵਿਚ ਆ ਗਏ ਜਾਂ ਭਾਰਤ ਵਿਚ ਚਲੇ ਗਏ। ਜਿਸ ਗਰੁੱਪ ਨੇ ਭਾਰਤੀ ਫੌਜ ਵਾਹਣੀ ਪਾਈ ਰੱਖੀ, ਉਸ ਅੱਗੇ ਲੰਕਾ ਦੀ ਫੌਜ ਦੀ ਕੀ ਔਕਾਤ? ਪ੍ਰੇਮਦਾਸਾ ਸਿੰਘਲੀਆਂ ਅਤੇ ਫੌਜੀ ਕਮਾਂਡਰਾਂ ਵਿਚ ਹਤਾਸ਼ ਘਿਰਿਆ ਬੈਠਾ ਸੀ ਜੋ ਚੀਤੇ ਦੀ ਸਵਾਰੀ ਕਰ ਬੈਠਾ, ਪਰ ਚੀਤਾ ਉਸ ਦੇ ਕਾਬੂ ਵਿਚ ਨਹੀਂ। ਲੰਕਾ ਦੀ ਫੌਜ ਹੌਲੀ-ਹੌਲੀ ਜਾਫਨਾ ਵੱਲ ਪਰਤਣ ਲੱਗੀ, ਨਾਲ ਹੀ ਪ੍ਰਭਾਕਰਨ ਤੇ ਸਰਕਾਰ ਵਿਚ ਕੁੜਿੱਤਣ ਵਧਣ ਲੱਗੀ।
ਜੂਨ 1990 ਵਿਚ ਕੋਈ ਮਾਮੂਲੀ ਅਫਵਾਹ ਫੈਲੀ, ਦਰਜੀ ਅਤੇ ਤਮਿਲ ਔਰਤ ਦਾ ਝਗੜਾ ਪੁਲਿਸ ਤੱਕ ਅਪੜ ਗਿਆ। ਪ੍ਰਭਾਕਰਨ ਨੇ ਪੁਲਿਸ ਨੂੰ ਹੁਕਮ ਦਿੱਤਾ- ਆਤਮ ਸਮਰਪਣ ਕਰੋ। ਛੇ ਸੌ ਸਿਪਾਹੀਆਂ ਨੇ ਇਸ ਆਸ ਨਾਲ ਸਮਰਪਣ ਕਰ ਦਿੱਤਾ ਕਿ ਕੀ ਕਹਿਣਾ ਹੈ, ਪ੍ਰੇਮਦਾਸਾ ਛੁਡਾ ਲਏਗਾ। ਬਹੁਤੇ ਸਿੰਘਲੀ ਸਨ। ਸਾਰੇ ਗੋਲੀਆਂ ਨਾਲ ਉਡਾ ਦਿੱਤੇ। ਦਸ ਜੂਨ ਦੀ ਇਸ ਘਟਨਾ ਨਾਲ ਹਾਹਾਕਾਰ ਮੱਚ ਗਈ। ਪ੍ਰੇਮਦਾਸਾ ਵਾਸਤੇ ਫੌਜ ਨੂੰ ਹਰੀ ਝੰਡੀ ਦੇਣ ਤੋਂ ਇਲਾਵਾ ਕੀ ਚਾਰਾ ਸੀ ? ਫੌਜੀ ਆਮ ਤਮਿਲਾਂ ਨੂੰ ਕਤਲ ਕਰਦੇ, ਬਦਲੇ ਵਿਚ ਲਿੱਟੇ ਆਮ ਸਿੰਘਲੀਆਂ ਨੂੰ ਕਤਲ ਕਰਦੇ। ਆਦਮਖੋਰ ਹਵਾ ਫਿਰ ਵਗ ਪਈ। ਰੱਖਿਆ ਮੰਤਰੀ ਵਿਜੈਰਤਨ ਦਾ ਬਿਆਨ ਆਇਆ- ਮੈਂ ਕਾਤਲਾਂ ਨੂੰ ਸਬਕ ਸਿਖਾਵਾਂਗਾ। ਮਾਰਚ 1991 ਵਿਚ ਇਹ ਮੰਤਰੀ ਕਾਰ ਵਿਚ ਜਾ ਰਿਹਾ ਸੀ, ਬੰਬ ਨਾਲ ਗਾਰਦ ਸਣੇ ਉਡਾ ਦਿੱਤਾ।
16ਵੀਂ ਸਦੀ ਦੇ ਡੱਚ ਕਿਲ੍ਹੇ ਵਿਚ ਫੌਜੀ ਹੈਡਕੁਆਰਟਰ ਸੀ। ਲਿੱਟੇ ਨੇ ਘੇਰ ਲਿਆ, 107 ਦਿਨ ਤੱਕ ਘੇਰਾ ਪਿਆ ਰਿਹਾ। ਆਖਰ ਸਮਝੌਤਾ ਹੋਇਆ ਕਿ ਹੈਲੀਕਾਪਟਰ ਘਿਰੇ ਹੋਏ ਫੌਜੀਆਂ ਨੂੰ ਲਿਜਾਣਗੇ। ਸਾਰੇ ਫੌਜੀ ਕੱਢ ਲਏ। ਖਾਲੀ ਕਿਲ੍ਹੇ ‘ਤੇ ਲਿੱਟੇ ਦਾ ਕਬਜ਼ਾ ਹੋ ਗਿਆ। ਪੁਰਾਣਾ ਇਤਿਹਾਸਕ ਕਿਲ੍ਹਾ ਇੱਟ-ਇੱਟ ਕਰ ਕੇ ਖਲਾਰ ਦਿੱਤਾ, ਨਾਮੋ-ਨਿਸ਼ਾਨ ਮਿਟਾ ਦਿੱਤਾ।
ਬਿਜਲੀ ਤੇ ਟੈਲੀਫੋਨ ਬੰਦ, ਪੈਟਰੋਲ ਪੰਪ ਬੰਦ, ਮਛੇਰਿਆਂ ਦੀ ਹਿਲਜੁਲ ਬੰਦ। ਪੂਰਾ ਦੇਸ ਖਲੋ ਗਿਆ। ਹਰ ਚੀਜ਼ ਦੀ ਥੋੜ ਹੋ ਗਈ। ਸਰਕਾਰ ਨੇ ਸਿਵਲ ਸਿੰਘਲੀਆਂ ਅਤੇ ਮੁਸਲਮਾਨਾਂ ਵਿਚ ਹਥਿਆਰ ਵੰਡ ਦਿੱਤੇ। ਤਮਿਲਾਂ ਕੋਲ ਆਪਣੇ ਹਥਿਆਰ ਬਥੇਰੇ ਸਨ। ਲਿੱਟੇ ਨੇ ਮੁਸਲਮਾਨਾਂ ਨੂੰ ਹੁਕਮ ਦੇ ਦਿੱਤਾ ਕਿ ਦੋ ਘੰਟਿਆਂ ਅੰਦਰ ਜਾਫਨਾ ਵਿਚੋਂ ਚਲੇ ਜਾਓ। ਤਨ ਦੇ ਕੱਪੜਿਆਂ ਤੋਂ ਬਿਨਾਂ ਕੁਝ ਨਾ ਲਿਜਾ ਸਕੇ। ਬਚਿਆ ਮਾਲ ਲਿੱਟੇ ਦੀ ਪ੍ਰਾਪਰਟੀ ਹੋ ਗਿਆ।
ਭਾਰਤ ਵਿਚ ਮਿਲੀ-ਜੁਲੀ ਕੰਮ ਚਲਾਊ ਸਰਕਾਰ ਡੰਗ ਟਪਾ ਰਹੀ ਸੀ। ਰਾਜੀਵ ਗਾਂਧੀ ਦਾ ਸਿਤਾਰਾ ਮੁੜ ਚਮਕਣ ਲੱਗਾ। ਉਹ ਰੈਲੀ ਬਾਅਦ ਰੈਲੀ ਕਰ ਰਿਹਾ ਸੀ, ਭਵਿੱਖ ਦੇ ਪ੍ਰਧਾਨ ਮੰਤਰੀ ਵਾਂਗ ਵਿਚਰ ਰਿਹਾ ਸੀ। ਇਕ ਭਾਸ਼ਣ ਵਿਚ ਉਸ ਨੇ ਕਿਹਾ- ਭਾਰਤ-ਲੰਕਾ ਸਮਝੌਤੇ ਤਹਿਤ ਲੰਕਾ ਵਿਚ ਫੌਜ ਭੇਜਣੀ ਸਹੀ ਫੈਸਲਾ ਸੀ। ਲੋੜ ਪੈਣ ‘ਤੇ ਭਵਿਖ ਵਿਚ ਵੀ ਅਸੀਂ ਲੰਕਾ ਦੀ ਮਦਦ ਕਰਾਂਗੇ। ਪ੍ਰਭਾਕਰਨ ਨੂੰ ਖਤਰੇ ਦੀ ਦੁਰਗੰਧ ਮਹਿਸੂਸ ਹੋਈ। ਉਸ ਨੇ ਆਪਣਾ ਖੁਫੀਆ ਵਿੰਗ ਦਾ ਮੁਖੀ ਪੋਟੂ ਅੱਮਾਨ ਸੱਦ ਲਿਆ। ਸਲਾਹ-ਮਸ਼ਵਰੇ ਹੋਏ।
ਸਤੰਬਰ 1990, ਭਾਰਤੀ ਧਰਤੀ ਕਿਨਾਰੇ ਲੱਗੀ ਕਿਸ਼ਤੀ ਵਿਚੋਂ ਛੇ ਲੰਕਾ ਵਾਸੀ ਉਤਰੇ। ਕਿਸੇ ਨੇ ਧਿਆਨ ਨਹੀਂ ਦਿੱਤਾ। ਲੰਕਾ ਸ਼ਰਨਾਰਥੀ ਹਜ਼ਾਰਾਂ ਦੀ ਗਿਣਤੀ ਵਿਚ ਆ ਚੁੱਕੇ ਸਨ। ਦਸੰਬਰ 1990 ਵਿਚ ਭਾਰਤੀ ਖੁਫੀਆ ਵਿੰਗ ਨੇ ਇਕ ਫੋਨ ਰਿਕਾਰਡ ਕੀਤਾ ਜਿਸ ਤੋਂ ਪਤਾ ਲੱਗਾ ਕਿ ਲਿੱਟੇ ਆਪਣਾ ਖੁਫੀਆ ਵਿੰਗ ਮਦਰਾਸ ਖੋਲ੍ਹ ਰਿਹਾ ਹੈ। ਰਿਪੋਰਟ ਦਿੱਲੀ ਚਲੀ ਗਈ। ਕੇਂਦਰ ਨੇ ਤਮਿਲਨਾਡੂ ਦੀ ਡੀæਐਮæਕੇæ ਸਰਕਾਰ ਭੰਗ ਕਰ ਦਿੱਤੀ ਕਿ ਕਾਨੂੰਨ ਵਿਵਸਥਾ ਠੀਕ ਨਹੀਂ।
ਸ਼ਰਨਾਰਥੀਆਂ ਵਿਚ 25 ਸਾਲ ਦੀ ਕੁੜੀ ਧਾਨੂ ਵੀ ਆਈ ਸੀ ਜਿਸ ਨੇ ਆਤਮਘਾਤੀ ਬੰਬ ਵਜੋਂ ਸਿਖਲਾਈ ਲਈ ਹੋਈ ਸੀ। ਭਾਰਤੀ ਖੁਫੀਆ ਵਿੰਗ ਨੇ ਦਿੱਲੀ ਦਫਤਰ ਦੂਜਾ ਸੰਦੇਸ਼ ਭੇਜਿਆ- ਖਤਰਨਾਕ ਲਿੱਟੇ ਦਸਤਾ ਮਦਰਾਸ ਪੁੱਜ ਚੁੱਕਾ ਹੈ। ਸੁਨੇਹਾ ਫਾਈਲ ਵਿਚ ਲੱਗ ਗਿਆ, ਕਿਸੇ ਨੇ ਧਿਆਨ ਨਾ ਦਿੱਤਾ। ਭਾਰਤੀ ਸੰਸਦ ਦੀਆਂ ਚੋਣਾਂ ਦਾ ਐਲਾਨ ਹੋ ਗਿਆ। ਰਾਜੀਵ ਗਾਂਧੀ ਤੋਂ ਪਹਿਲਾਂ ਤਤਕਾਲੀ ਪ੍ਰਧਾਨ ਮੰਤਰੀ ਵੀæਪੀæ ਸਿੰਘ ਨੇ ਮਦਰਾਸ ਦਾ ਦੌਰਾ ਰੱਖ ਲਿਆ। ਲਿੱਟੇ ਨੇ ਸੋਚਿਆ- ਆਤਮਘਾਤੀ ਬੰਬ ਦੀ ਕਾਰਜਸ਼ੈਲੀ ਵਿਚ ਕੋਈ ਨੁਕਸ ਨਾ ਰਹੇ, ਪਹਿਲੋਂ ਵੀæਪੀæ ਸਿੰਘ ਨਾਲ ਰਿਹਰਸਲ ਕੀਤੀ ਜਾਵੇ। ਧਾਨੂ ਦੇ ਲੱਕ ਦੁਆਲੇ ਬੰਬ ਪੇਟੀ ਬੰਨ੍ਹ ਕੇ ਵੀæਪੀæ ਸਿੰਘ ਦੇ ਚਰਨੀਂ ਹੱਥ ਲਾਉਣ ਵਾਸਤੇ ਭੇਜੀ ਗਈ। ਵੀਡੀਓ ਰਿਕਾਰਡਿੰਗ ਦਾ ਪ੍ਰਬੰਧ ਸੀ। ਵੀæਪੀæ ਸਿੰਘ ਚੋਣ ਰੈਲੀ ਵਿਚ ਭਾਸ਼ਣ ਕਰਨ ਮਗਰੋਂ ਵਾਪਸੀ ਲਈ ਤੁਰਿਆ ਤਾਂ ਧਾਨੂ ਨੇ ਤੇਜ਼ੀ ਨਾਲ ਅੱਗੇ ਵਧ ਕੇ ਉਸ ਦੇ ਚਰਨ ਛੁਹ ਲਏ। ਸਕੀਮ ਮੁਤਾਬਕ ਸਭ ਠੀਕ ਹੋਇਆ।
ਖਬਰ ਛਪੀ ਕਿ 21 ਮਈ 1991 ਨੂੰ ਰਾਜੀਵ ਗਾਂਧੀ ਮਦਰਾਸ ਦੇ ਨਜ਼ਦੀਕ ਚੋਣ ਰੈਲੀ ਵਿਚ ਭਾਸ਼ਣ ਦੇਣਗੇ। ਵੀਹ ਮਈ ਨੂੰ ਕਾਤਲ ਦਸਤੇ ਨੇ ਮਦਰਾਸ ਦੇ ਥਿਏਟਰ ਵਿਚ ਤਮਿਲ ਫਿਲਮ ਦੇਖੀ। ਅਗਲੀ ਸ਼ਾਮ ਰਾਜੀਵ ਗਾਂਧੀ ਨੂੰ ਮਿਲਣ ਲਈ ਬੱਸ ਵਿਚ ਜਾ ਬੈਠੇ। ਹਰੀ ਬਾਬੂ ਨਾਮ ਦਾ ਵੀਡੀਓ ਕੈਮਰਾਮੈਨ ਨਾਲ ਲੈ ਲਿਆ ਜਿਸ ਨੂੰ ਵਾਰਦਾਤ ਦਾ ਕੋਈ ਪਤਾ ਨਹੀਂ ਸੀ, ਕਿਰਾਏ ‘ਤੇ ਕੀਤਾ ਸੀ। ਸੰਦਲ ਦਾ ਹਾਰ ਖਰੀਦਿਆ ਜੋ ਧਾਨੂ ਰਾਜੀਵ ਦੇ ਗਲ ਪਹਿਨਾਏਗੀ। ਧਾਨੂ ਨੇ ਸਲਵਾਰ ਕਮੀਜ ਪਹਿਨੀ, ਕਿਉਂਕਿ ਇਸ ਨਾਲ ਲੱਕ ਦੀ ਪੇਟੀ ਦਿਸਦੀ ਨਹੀਂ। ਸਿਰ ‘ਤੇ ਦੁਪੱਟਾ।
ਇਕ ਪੁਲਿਸ ਮੁਲਾਜ਼ਮ ਔਰਤ ਨੇ ਧਾਨੂ ਨੂੰ ਪੁੱਛਿਆ- ਤੁਸੀਂ ਕੌਣ ਹੋ? ਕੈਮਰਾਮੈਨ ਨੇੜੇ ਖਲੋਤਾ ਬੋਲਿਆ- ਜਦੋਂ ਹਾਰ ਪਹਿਨਾਏਗੀ, ਮੈਂ ਫੋਟੋ ਖਿੱਚਾਂਗਾ। ਪੁਲਿਸ ਮੁਲਾਜ਼ਮ ਨੇ ਕਿਹਾ- ਗਾਂਧੀ ਜੀ ਲੇਟ ਆਉਣਗੇ, ਹਾਲੇ ਸਰੋਤਿਆਂ ਵਿਚ ਬੈਠੋ। ਬੈਠ ਗਏ। ਰਾਤੀਂ ਦਸ ਵਜੇ ਰਾਜੀਵ ਗਾਂਧੀ ਪੁੱਜਾ, ਜੈਆਂ ਸ਼ੁਰੂ ਹੋ ਗਈਆਂ। ਧਾਨੂ ਹਾਰ ਲੈ ਕੇ ਅੱਗੇ ਵਧੀ, ਪੁਲਿਸ ਵਾਲੀ ਔਰਤ ਨੇ ਫਿਰ ਰੋਕੀ, ਪਰ ਰਾਜੀਵ ਨੇ ਕਿਹਾ- ਆਉਣ ਦਿਉ। ਇਸੇ ਪਲ ਦਾ ਇੰਤਜ਼ਾਰ ਸੀ। ਰਾਜੀਵ ਦੇ ਗਲ ਵਿਚ ਹਾਰ ਪਾ ਕੇ ਚਰਨ ਛੁਹਣ ਲਈ ਝੁਕੀ, ਝੁਕਣ ਸਾਰ ਸਵਿਚ ਦੱਬ ਦਿੱਤਾ। ਲਾਲ, ਸੁਨਹਿਰੀ ਅੱਗ ਦਾ ਗੋਲਾ ਉਠਿਆ ਤੇ ਕਾਂਬਾ ਛੇੜਦਾ ਧਮਾਕਾ। ਰਾਜੀਵ, ਧਾਨੂ, ਕੈਮਰਾਮੈਨ ਸਮੇਤ 16 ਬੰਦੇ ਉਡ ਗਏ। ਸਾਲ 1984 ਤੋਂ 1989 ਤੱਕ ਪ੍ਰਧਾਨ ਮੰਤਰੀ, ਆਪਣੇ ਨਾਨਾ ਜਵਾਹਰ ਲਾਲ, ਮਾਂ ਇੰਦਰਾ ਗਾਂਧੀ ਤੋਂ ਬਾਅਦ ਭਾਰਤ ਦੇ ਇਸ ਖਾਨਦਾਨ ਦਾ ਤੀਜਾ ਪ੍ਰਧਾਨ ਮੰਤਰੀ ਬੋਟੀ-ਬੋਟੀ ਖਿਲਰ ਗਿਆ। ਸਫੈਦ ਪੀæਟੀæ ਬੂਟਾਂ ਤੋਂ ਉਸ ਦੀ ਸ਼ਨਾਖਤ ਹੋ ਸਕੀ। ਭਾਰਤ ਨਹੀਂ, ਦੁਨੀਆਂ ਸੁੰਨ ਹੋ ਗਈ। ਕੈਮਰਾਮੈਨ ਉਡ ਗਿਆ, ਉਸ ਦਾ ਕੈਮਰਾ, ਕੈਮਰੇ ਅੰਦਰਲੀਆਂ ਤਸਵੀਰਾਂ ਦਾ ਕੁਝ ਨਹੀਂ ਵਿਗੜਿਆ। ਲਿੱਟੇ ਦੀ ਕਾਤਲ ਟੀਮ ਸਾਫ ਦਿਸ ਰਹੀ ਸੀ। ਹੁਣ ਭਾਰਤੀ ਖੁਫੀਆ ਵਿੰਗ ਨੇ ਫਾਈਲਾਂ ਪੜ੍ਹੀਆਂ। ਇਨ੍ਹਾਂ ਵੱਲ ਪਹਿਲਾਂ ਧਿਆਨ ਦੇਣਾ ਚਾਹੀਦਾ ਸੀ। ਸ਼ਿਵਰਾਮ ਅਤੇ ਕੁੜੀ ਸੁਭਾ, ਕਾਤਲ ਨਾਲ ਫਿਰਦੇ ਕੈਮਰੇ ਵਿਚ ਦਿਸ ਰਹੇ ਸਨ, ਵਾਪਸ ਲੰਕਾ ਪਰਤਣ ਵਿਚ ਨਾ-ਕਾਮਯਾਬ ਰਹੇ, ਛੁਪਣਗਾਹ ਉਪਰ ਪੁਲਿਸ ਨੇ ਛਾਪਾ ਮਾਰਿਆ, ਸਾਇਨਾਈਡ ਨਿਗਲ ਦੋਵੇਂ ਮਰ ਗਏ। ਭਾਰਤੀਆਂ ਨੂੰ ਲੰਕਾ ਦੇ ਤਮਿਲ ਬੁਰੇ ਲੱਗਣ ਲੱਗੇ।
ਪੜਤਾਲੀਆ ਕਮਿਸ਼ਨ ਨੇ ਕੁਲ 41 ਬੰਦਿਆ ਦੀ ਸ਼ਨਾਖਤ ਕੀਤੀ ਜਿਹੜੇ ਇਸ ਘਟਨਾ ਵਿਚ ਕਿਸੇ ਨਾ ਕਿਸੇ ਰੂਪ ਵਿਚ ਸ਼ਾਮਲ ਰਹੇ। ਇਨ੍ਹਾਂ ਵਿਚੋਂ 12 ਨੇ ਖੁਦਕਸ਼ੀਆਂ ਕੀਤੀਆਂ। ਤਿੰਨ ਨੂੰ ਛੱਡ ਕੇ ਬਾਕੀ ਫੜੇ ਗਏ। ਤਿੰਨ ਵਿਚ ਪ੍ਰਭਾਕਰਨ, ਪੋਟੂ ਅੱਮਾਨ ਤੇ ਕੁੜੀ ਅਕੀਲਾ ਸਨ। ਮਈ 1992 ਵਿਚ ਭਾਰਤ ਨੇ ਲਿੱਟੇ ਉਪਰ ਪਾਬੰਦੀ ਆਇਦ ਕਰ ਦਿੱਤੀ। ਰਾਜੀਵ ਗਾਂਧੀ ਦੇ ਕਤਲ ਬਾਰੇ ਪ੍ਰਭਾਕਰਨ ਨੇ ਇਕ ਵੀ ਸ਼ਬਦ ਜ਼ਬਾਨ ਤੋਂ ਨਹੀਂ ਕੱਢਿਆ।
ਪ੍ਰਭਾਕਰਨ ਨੇ ਆਤਮਘਾਤੀ ਦਸਤੇ ਦਾ ਨਾਮ ਬਲੈਕ ਟਾਈਗਰਜ਼ ਰੱਖਿਆ। ਬੀæਬੀæਸੀæ ਦੇ ਪੱਤਰਕਾਰ ਨੂੰ ਇਸ ਦਸਤੇ ਬਾਰੇ ਪ੍ਰਭਾਕਰਨ ਨੇ ਦੱਸਿਆ- ਮੌਤ ਆਸਾਨ ਚੀਜ਼ ਨਹੀਂ। ਪਹਿਲੋਂ ਆਪਣੀਆਂ ਵਾਸਨਾਵਾਂ ਉਪਰ ਕਾਬੂ ਪਾਉਣਾ ਪੈਂਦੇ। ਆਪਣਾ ਮਨ ਜਿਤਿਆ ਗਿਆ ਤਾਂ ਜੀਵਨ ਤੇ ਮੌਤ ਜਿੱਤੇ ਗਏ। ਜੇ ਵਰਕਰ ਨੂੰ ਯਕੀਨ ਹੈ ਕਿ ਸਾਡਾ ਨੇਤਾ ਖੁਦਕਸ਼ੀ ਕਰਨ ਤੋਂ ਨਹੀਂ ਝਿਜਕਦਾ, ਤਾਂ ਉਸ ਅੰਦਰ ਆਤਮ ਵਿਸ਼ਵਾਸ ਜਾਗਦਾ ਹੈ। ਉਹ ਮੌਤ ਦਾ ਛਿਣ ਉਡੀਕਦਾ ਹੈ।
ਭਾਰਤ ਦੀ ਹਮਦਰਦੀ ਜਾਂਦੀ ਰਹੀ ਤਾਂ ਕੀ! ਅਮਰੀਕਾ, ਇੰਗਲੈਂਡ, ਫਰਾਂਸ, ਨਾਰਵੇ, ਜਰਮਨੀ, ਸਵੀਡਨ ਤੇ ਕੈਨੇਡਾ ਵਿਚ ਤਮਿਲ ਹਮਦਰਦ ਬੈਠੇ ਸਨ। ਟੋਰਾਂਟੋ ਦਾ ਤਾਂ ਨਾਮ ਹੀ ਮਿਨੀ ਜਾਫਨਾ ਪੈ ਗਿਆ ਸੀ। ਕੌਮਾਂਤਰੀ ਤਬਕੇ ਨੇ ਜਦੋਂ ਦੇਖਿਆ, ਖੂਨ ਖਰਾਬਾ ਹੱਦੋਂ ਵਧ ਗਿਆ ਹੈ, ਸਵੀਡਨ ਤੇ ਨਾਰਵੇ ਨੇ ਵਿਚੋਲਗੀ ਦੀ ਪੇਸ਼ਕਸ਼ ਕੀਤੀ। ਪ੍ਰਭਾਕਰਨ ਦਾ ਬਿਆਨ ਆਇਆ- ਸਿੰਘਲੀ ਸਾਡੇ ਭਰਾ ਨੇ, ਸੁਤੰਤਰ ਕੌਮ ਨੇ, ਅਸੀਂ ਉਨ੍ਹਾਂ ਦਾ ਆਦਰ ਕਰਦੇ ਹਾਂ ਤੇ ਬਦਲੇ ਵਿਚ ਚਾਹੁੰਦੇ ਹਾਂ ਕਿ ਉਹ ਸਾਨੂੰ ਸੁਤੰਤਰ ਕੌਮ ਮੰਨ ਕੇ ਸਾਡਾ ਆਦਰ ਕਰਨ। ਅਸੀਂ ਗੱਲਬਾਤ ਵਾਸਤੇ ਹਮੇਸ਼ਾ ਤਿਆਰ ਹਾਂ। ਸਿੰਘਲੀ ਸਾਡੇ ਦੁਸ਼ਮਣ ਨਹੀਂ ਹਨ।
ਨਵੰਬਰ ਵਿਚ ਲਿੱਟੇ ਦਾ ਸਮੁੰਦਰੀ ਜਹਾਜ਼ ਲੰਕਾ ਦੀ ਫੌਜ ਨੇ ਫੜ ਗਿਆ ਜਿਸ ਵਿਚ 20 ਹਜ਼ਾਰ ਲਿਟਰ ਡੀਜ਼ਲ, 13 ਹਜ਼ਾਰ ਲਿਟਰ ਪੈਟਰੋਲ, 5 ਹਜ਼ਾਰ ਆਡੀਓ ਕੈਸਟਾਂ, ਵੀਡੀਓ ਰਿਕਾਰਡਰ, ਟੀæਵੀæ ਸੈੱਟ ਸਨ। ਟਰਾਂਸਮਿਟਰ, ਵਰਦੀਆਂ, ਬੰਦੂਕਾਂ ਗਰਨੇਡ, ਗੋਲੀ ਬਾਰੂਦ, ਬਹੁਤ ਕੁਝ। ਬਦਲੇ ਵਿਚ ਲਿੱਟੇ ਨੇ ਪਹਿਲਾਂ ਲੈਫਟੀਨੈਂਟ ਜਨਰਲ ਉਤਰੀ ਕਮਾਂਡ ਡੈਨਜ਼ਿਲ ਮਾਰਿਆ, ਫਿਰ ਆਤਮਘਾਤੀ ਬੰਬਰ ਨੇ ਨੇਵੀ ਚੀਫ ਵਾਈਸ ਐਡਮਿਰਲ ਫਰਨਾਂਡੋ ਉਡਾ ਦਿੱਤਾ। ਫੌਜੀ ਭਰਤੀ ਘਟਦੀ ਗਈ, ਫੌਜੀ ਹਥਿਆਰਾਂ ਸਣੇ ਭਗੌੜੇ ਹੋਣ ਲੱਗੇ, ਪੂਰੀ ਫੌਜ ਸਤਿਆਹੀਣ ਹੋ ਗਈ। ਨਾ ਲਿੱਟੇ ਹਾਰੇ, ਨਾ ਲੜਾਈ ਮੁੱਕੇ। ਪ੍ਰਭਾਕਰਨ ਦਾ ਬਿਆਨ ਛਪਿਆ- ਦੁਨੀਆਂ ਵਿਚ ਅੱਜ ਇਤਿਹਾਸ ਸਾਨੂੰ ਰਸਤਾ ਦਿਖਾਏਗਾ, ਸੱਚ ਸਾਡੀ ਗਵਾਹੀ ਦਏਗਾ। ਸਾਲ 1993 ਦੇ ਅਖੀਰ ਤਕ ਲਿਟੇ ਦੀ ਫੌਜ ਦਸ ਹਜ਼ਾਰ ਹੋ ਗਈ ਜਿਸ ਵਿਚ ਤੀਜਾ ਹਿੱਸਾ ਕੁੜੀਆਂ ਸਨ। ਸੋਲਾਂ ਸਾਲ ਤੋਂ ਘੱਟ ਉਮਰ ਦੇ ਸਿਪਾਹੀਆਂ ਦਾ ਬੱਚਾ ਬ੍ਰਿਗੇਡ ਵੱਖਰਾ ਸੀ। ਦੁਨੀਆਂ ਵਿਚ ਫੈਲੇ ਤਮਿਲ ਪੈਸੇ ਭੇਜ ਰਹੇ ਸਨ, ਹਰ ਇਕ ਨੂੰ ਵਿਸ਼ਵਾਸ ਸੀ ਕਿ ਧਨ ਦੀ ਦੁਰਵਰਤੋਂ ਨਹੀਂ ਹੋ ਰਹੀ।
ਲਿੱਟੇ ਕੋਲ ਹੋਰ ਸਭ ਕੁਝ ਸੀ, ਲੰਕਾ ਏਅਰਫੋਰਸ ਦੇ ਬਰਾਬਰ ਜਹਾਜ਼ ਨਹੀਂ ਸਨ। ਜਹਾਜ਼ ਨਹੀਂ, ਨਾ ਸਹੀ; ਜਹਾਜ਼ ਡੇਗਣ ਵਾਲਾ ਸਾਮਾਨ ਬਥੇਰਾ। ਸੀ-ਟਾਈਗਰਜ਼ ਨੇਵੀ ਮਜ਼ਬੂਤ ਸੀ। ਜਾਫਨਾ ਵਿਚ ਲਿੱਟੇ ਦੀ ਸਰਕਾਰ ਚੱਲ ਰਹੀ ਸੀ ਜਿਸ ਨੂੰ ਦੁਨੀਆਂ ਨੇ ਅਜੇ ਮਾਨਤਾ ਨਹੀਂ ਦਿੱਤੀ। 24 ਅਪਰੈਲ 1993 ਨੂੰ ਆਕਸਫੋਰਡ ਵਿਚ ਪੜ੍ਹੇ ਵਜ਼ੀਰ ਲਲਿਤ ਦਾ ਕੋਲੰਬੋ ਵਿਚ ਕਤਲ ਹੋ ਗਿਆ। ਲਲਿਤ ਦੇ ਸਾਥੀਆਂ ਨੇ ਕਿਹਾ- ਲਿੱਟੇ ਦੀ ਨਹੀਂ, ਰਾਸ਼ਟਰਪਤੀ ਪ੍ਰੇਮਦਾਸਾ ਦੀ ਕਰਤੂਤ ਹੈ।
21 ਸਾਲ ਦੇ ਬਾਬੂ ਨਾਮ ਦੇ ਤਮਿਲ ਨੇ ਵੱਡਾ ਕਾਰਾ ਕਰ ਦਿੱਤਾ, ਸਾਲ 1991 ਵਿਚ ਉਸ ਨੇ ਰਾਸ਼ਟਰਪਤੀ ਭਵਨ ਨਜ਼ਦੀਕ ਗਰੋਸਰੀ ਦੀ ਦੁਕਾਨ ਖੋਲ੍ਹੀ। ਤਮਿਲ ਅਤੇ ਸਿੰਘਲੀ ਦੋਵੇਂ ਭਾਸ਼ਾਵਾਂ ਬੋਲਦਾ ਸਿੱਧਾ-ਸਾਦਾ ਬੰਦਾ ਲਗਦਾ। ਪ੍ਰੇਮਦਾਸਾ ਦੇ ਭਵਨ ਦਾ ਸਟਾਫ ਲੋੜੀਂਦੀਆਂ ਵਸਤਾਂ ਬਾਬੂ ਦੀ ਦੁਕਾਨ ਤੋਂ ਖਰੀਦਦਾ। ਬਾਬੂ ਜਾਣ ਗਿਆ, ਇਥੇ ਸ਼ਰਾਬ ਅਤੇ ਕੁੜੀਆਂ ਦਾ ਕਾਰੋਬਾਰ ਵੀ ਚੱਲਦੈ; ਬਾਬੂ ਉਹ ਵੀ ਕਰਨ ਲੱਗਾ। ਭਵਨ ਦੇ ਅੰਦਰ-ਬਾਹਰ ਆਉਣ-ਜਾਣ ਆਮ ਹੋ ਗਿਆ। ਰਾਸ਼ਟਰਪਤੀ ਦੀ ਕਾਨਵਾਈ ਨਾਲ ਪੰਜ ਵਾਰੀ ਇਧਰ-ਉਧਰ ਘੁੰਮਿਆ, ਉਸ ਦੇ ਪਿੰਡ ਵਿਚਲੇ ਘਰ ਵੀ ਹੋ ਆਇਆ। ਖੁਦ ਨਾ ਸ਼ਰਾਬ ਪੀਂਦਾ ਸੀ, ਨਾ ਬੀੜੀ। ਕੌਣ ਜਾਣੇ ਉਹ ਲਿੱਟੇ ਦੇ ਖੁਫੀਆ ਵਿੰਗ ਦਾ ਖਾਸ ਮੈਂਬਰ ਸੀ। ਉਸ ਦੇ ਤਿੰਨ ਟਰੱਕ ਕੋਲੰਬੋ ਤੋਂ ਜਾਫਨਾ ਚੱਲਦੇ ਸਨ।
ਪਹਿਲੀ ਮਈ 1993 ਨੂੰ ਸਰਕਾਰ ਵਲੋਂ ਮਜ਼ਦੂਰ ਦਿਵਸ ਮਨਾਇਆ ਜਾ ਰਿਹਾ ਸੀ। ਰਾਸ਼ਟਰਪਤੀ ਭਵਨ ਅੱਗਿਉਂ ਮਜ਼ਦੂਰਾਂ ਦਾ ਕਾਰਵਾਂ ਲੰਘ ਰਿਹਾ ਸੀ, ਰਾਸ਼ਟਰਪਤੀ ਰਣਸਿੰਘ ਪ੍ਰੇਮਦਾਸਾ ਇਸ ਕਾਰਵਾਂ ਤੋਂ ਸ਼ੁਭ ਇੱਛਾਵਾਂ ਲੈ ਰਿਹਾ ਸੀ। ਬਾਬੂ ਪ੍ਰੇਮਦਾਸਾ ਵੱਲ ਚੱਲ ਪਿਆ; ਸਭ ਜਾਣਦੇ ਸਨ, ਕਿਸੇ ਨਾ ਰੋਕਿਆ। ਐਨ ਨਜ਼ਦੀਕ ਜਾ ਕੇ ਬਟਣ ਨੱਪ ਦਿੱਤਾ। ਰਾਸ਼ਟਰਪਤੀ, ਬਾਬੂ ਅਤੇ ਦਰਜਨ ਹੋਰ ਉਵੇਂ ਉਡ ਗਏ ਜਿਵੇਂ ਰਾਜੀਵ ਗਾਂਧੀ ਉਡਿਆ ਸੀ। ਪ੍ਰੇਮਦਾਸਾ ਰਾਜੀਵ ਨੂੰ ਪ੍ਰੇਮ ਕਰਦਾ ਸੀ।
ਪ੍ਰੇਮਦਾਸਾ ਤੋਂ ਬਾਅਦ ਚੰਦ੍ਰਿਕਾ ਰਾਸ਼ਟਰਪਤੀ ਚੁਣੀ ਗਈ ਜਿਸ ਨੇ ਲਿੱਟੇ ਨਾਲ ਸੰਵਾਦ ਰਚਾਇਆ, ਪਰ ਸਫਲ ਨਾ ਹੋਈ। ਜਨਵਰੀ 31, 1996 ਨੂੰ ਕੋਲੰਬੋ ਦੇ ਬਜ਼ਾਰਾਂ ਵਿਚੋਂ ਹੁੰਦਾ ਹੋਇਆ ਭਾਰਾ ਟਰੱਕ ਸ਼ਹਿਰ ਦੇ ਐਨ ਵਿਚਕਾਰ ਰਾਸ਼ਟਰਪਤੀ ਭਵਨ ਦੇ ਨੇੜੇ ਵਰਲਡ ਟਰੇਡ ਸੈਂਟਰ ਸਾਹਮਣੇ ਜਾ ਖਲੋਤਾ। ਰਸਤੇ ਵਿਚ ਬਥੇਰੇ ਨਾਕੇ ਆਏ, ਕਿਸੇ ਨੇ ਤਲਾਸ਼ੀ ਲਈ ਨਾ ਰੋਕਿਆ। ਇਸ ਟਰੱਕ ਨੇ ਇਮਾਰਤ ਵਿਚ ਜ਼ੋਰ ਦੀ ਟੱਕਰ ਮਾਰੀ। ਡਰਾਈਵਰ, ਟਰੱਕ ਤੇ ਬਿਲਡਿੰਗ, ਸਭ ਉਡ ਗਏ। ਨਾਲ ਦੀਆਂ ਇਮਾਰਤਾਂ ਨੂੰ ਅੱਗ ਲੱਗ ਲਈ। ਲਿਫਟਾਂ ਰੁਕ ਗਈਆਂ। ਸਰਕਾਰੀ ਖਬਰ ਅਨੁਸਾਰ 60 ਮੌਤਾਂ ਹੋਈਆਂ ਤੇ 1500 ਜ਼ਕਮੀ, ਪਰ ਲੋਕ ਦੱਸਦੇ ਹਨ, ਮੌਤਾਂ ਦੀ ਗਿਣਤੀ ਬਹੁਤ ਵਧੀਕ ਸੀ।
ਦੂਜਾ ਹਮਲਾ ਲਿੱਟੇ ਨੇ ਮੁਲੇਵੂ ਕਸਬੇ ਵਿਚ ਫੌਜੀ ਅੱਡੇ ਉਪਰ ਕੀਤਾ ਜਿਥੇ 1200 ਸਿਪਾਹੀ ਤੇ ਅਫਸਰ ਸਨ। ਇਕ ਸਿਪਾਹੀ ਜਿਸ ਨੇ ਨਾਰੀਅਲ ਦੇ ਦਰਖਤ ‘ਤੇ ਚੜ੍ਹ ਕੇ ਜਾਨ ਬਚਾਈ, ਨੇ ਦੱਸਿਆ- ਇਕ ਵੀ ਫੌਜੀ ਨਹੀਂ ਛੱਡਿਆ। ਪੂਰੀ ਸੈਨਾ ਖਤਮ। ਢਾਈ ਸਾਲਾਂ ਵਿਚ ਇੰਨੇ ਫੌਜੀ ਤਾਂ ਭਾਰਤੀ ਸੈਨਾ ਦੇ ਨਹੀਂ ਸਨ ਮਰੇ। ਦੁਨੀਆਂ ਸੁੰਨ ਹੋ ਗਈ।
ਉਹ ਕੇਵਲ ਲੜਾਕਾ ਨਹੀਂ, ਕੂਟਨੀਤਕ ਵੀ ਸੀ। ਲੰਕਾ ਵਿਰੁੱਧ ਜੰਗ ਲੜਨ ਲਈ ਭਾਰਤੀ ਫੌਜ ਦਾ ਸੁਆਗਤ ਕੀਤਾ, ਭਾਰਤੀ ਫੌਜ ਇਰਾਦਿਆਂ ‘ਤੇ ਖਰੀ ਨਾ ਉਤਰੀ ਤਾਂ ਲੰਕਾ ਸਰਕਾਰ ਨਾਲ ਮਿਲ ਕੇ ਭਾਰਤੀਆਂ ਨੂੰ ਕੱਢ ਦਿੱਤਾ। ਉਸ ਉਪਰ ਸਵਾਲ ਕੀਤਾ ਗਿਆ- ਲੰਕਾ ਸਰਕਾਰ ਨੂੰ ਦੁਸ਼ਮਣ ਕਿਹਾ ਕਰਦਾ ਸੀ, ਹੁਣ ਉਸ ਨਾਲ ਕਿਉਂ ਮਿਲ ਗਿਆ? ਉਸ ਨੇ ਕਿਹਾ- ਮਾਓ-ਜ਼ੇ ਤੁੰਗ ਜਾਪਾਨੀਆਂ ਨੂੰ ਚੀਨ ਵਿਚੋਂ ਕੱਢਣ ਵਾਸਤੇ ਆਪਣੇ ਦੁਸ਼ਮਣ ਚੰਕਾਈ ਸ਼ੱਕ ਨਾਲ ਰਲ ਗਿਆ ਸੀ। ਜਦੋਂ ਭਾਰਤੀ ਫੌਜ ਨਿਕਲ ਗਈ, ਫਿਰ ਲੰਕਾ ਸਰਕਾਰ ਵਿਰੁੱਧ ਲੜਨ ਲੱਗਾ।
ਭਾਰਤੀ ਸਰਕਾਰਾਂ ਰਾਜੀਵ ਗਾਂਧੀ ਦੇ ਕਤਲ ਨੂੰ ਭੁਲਾ ਨਾ ਸਕੀਆਂ। ਲੰਕਾ ਸਰਕਾਰ ਤੋਂ ਨਿਰੰਤਰ ਮੰਗ ਹੁੰਦੀ ਰਹੀ ਕਿ ਪ੍ਰਭਾਕਰਨ ਨੂੰ ਭਾਰਤ ਹਵਾਲੇ ਕਰੋ, ਜਿਵੇਂ ਪ੍ਰਭਾਕਰਨ ਲੰਕਾ ਸਰਕਾਰ ਨੇ ਫੜ ਰੱਖਿਆ ਹੋਵੇ। 2002 ਤੱਕ ਪ੍ਰਭਾਕਰਨ ਦੀ ਮੁਹਿੰਮ ਕਾਰਨ 60 ਹਜ਼ਾਰ ਕਤਲ ਹੋ ਚੁੱਕੇ ਸਨ ਜਿਨ੍ਹਾਂ ਵਿਚ 17 ਹਜ਼ਾਰ ਲਿੱਟੇ ਦੇ ਸਿਪਾਹੀ ਹਨ।
ਇਕ ਵਾਰ ਰੱਖਿਆ ਮੰਤਰਾਲੇ ਨੇ ਐਲਾਨ ਕਰ ਦਿੱਤਾ ਸੀ ਕਿ ਤਿੰਨ ਮਹੀਨਿਆਂ ਅੰਦਰ ਉਸ ਨੂੰ ਜ਼ਿੰਦਾ ਜਾਂ ਮੁਰਦਾ ਫੜ ਲਿਆ ਜਾਵੇਗਾ। ਨੇਵੀ, ਏਅਰਫੋਰਸ ਅਤੇ ਆਰਮੀ ਦੇ 30 ਹਜ਼ਾਰ ਸੈਨਿਕ ਉਸ ਨੂੰ ਫੜਨ ਲਈ ਜੰਗਲ ਛਾਣਨ ਵਾਸਤੇ ਨਿਕਲ ਤੁਰੇ। ਲਿੱਟੇ ਖਾੜਕੂਆਂ ਨੇ ਉਨ੍ਹਾਂ ਦਾ ਉਹ ਧੂੰਆਂ ਕੱਢਿਆ ਕਿ ਸਾਲ ਬਾਅਦ ਭੁੱਲ ਗਏ, ਕਿਸੇ ਨੂੰ ਫੜਨਾ ਸੀ। ਕਦੀ-ਕਦਾਈਂ ਉਸ ਦਾ ਟਿਕਾਣਾ ਫੌਜੀ ਟੁਕੜੀ ਤੋਂ ਕੇਵਲ 50 ਗਜ਼ ਦੂਰ ਰਹਿ ਜਾਂਦਾ। ਗੋਲੇ ਉਸ ਦੇ ਇੰਨੇ ਨੇੜਿਓਂ ਲੰਘਦੇ ਕਿ ਕੱਪੜੇ ਤੇ ਸਰੀਰ ਵਿਚ ਤਰੰਗਾਂ ਛੇੜ ਜਾਂਦੇ।
ਅਠਾਰਾਂ ਯੋਧਿਆਂ ਸਣੇ ਉਹ ਬਚ ਕੇ ਨਿਕਲ ਰਿਹਾ ਸੀ ਕਿ 19 ਮਈ 2009 ਨੂੰ ਸਵੇਰ ਸਾਰ ਘਿਰ ਗਿਆ। ਗੋਲੀ ਮੱਥੇ ਵਿਚ ਲੱਗ ਕੇ ਪਾਰ ਹੋ ਗਈ। ਗਲ ਵਿਚ ਸਾਈਨਾਈਡ ਕੈਪਸੂਲ ਹੋਣ ਦੇ ਬਾਵਜੂਦ ਆਪਣੇ ਸਾਥੀਆਂ ਨੂੰ ਕਹਿ ਰੱਖਿਆ ਸੀ ਕਿ ਘੇਰਾ ਪੈਣ ‘ਤੇ ਜੇ ਮੈਂ ਕਿਸੇ ਕਾਰਨ ਖੁਦਕਸ਼ੀ ਨਾ ਕਰ ਸਕਾਂ, ਤਾਂ ਸਿਰ ਵਿਚ ਗੋਲੀ ਦਾਗਣੀ, ਜਿਉਂਦਿਆਂ ਸਰਕਾਰ ਦੇ ਕਾਬੂ ਨਹੀਂ ਆਉਣਾ।
(ਸਮਾਪਤ)