ਕੁਲਦੀਪ ਕੌਰ
ਫਿਲਮਸਾਜ਼ ਗੁਲਜ਼ਾਰ ਦੇ ਅੰਦਰਲਾ ਬੱਚਾ ਉਨ੍ਹਾਂ ਦੁਆਰਾ ਨਿਰਦੇਸ਼ਤ ਹਰ ਫਿਲਮ ਵਿਚ ਮੌਜੂਦ ਹੈ। ਜਿੱਥੇ ਭਾਰਤੀ ਸਿਨੇਮਾ ਵਿਚ ਬੱਚਿਆਂ ਨੂੰ ਸਿਰਫ ਸਾਈਡ ਕਿਰਦਾਰ ਦੇ ਤੌਰ ‘ਤੇ ਫਿਲਮਾਇਆ ਜਾਂਦਾ ਹੈ, ਗੁਲਜ਼ਾਰ ਦੀ ਫਿਲਮ ‘ਪ੍ਰੀਚੈ’ ਬੱਚਿਆਂ ਦੀਆਂ ਮਨੋਵਿਗਿਆਨਕ ਗੁੰਝਲਾਂ ਨਾਲ ਸਬੰਧਿਤ ਸੀ। ਰਾਜਕੁਮਾਰ ਮੈਤਰਾ ਦੇ ਬੰਗਲਾ ਨਾਵਲ ‘ਰੰਗੀਨ ਉਤਰਨੇਂ’ ਉਤੇ ਆਧਾਰਿਤ ਇਹ ਫਿਲਮ ਬਹੁਤ ਹੱਦ ਤੱਕ 1965 ਵਿਚ ਰਿਲੀਜ਼ ਹੋਈ ਅਮਰੀਕਨ ਫਿਲਮ ‘ਦੀ ਸਾਊਂਡ ਆਫ ਮਿਊਜ਼ਿਕ’ ਨਾਲ ਮਿਲਦੀ-ਜੁਲਦੀ ਹੈ। ਫਿਲਮ ਵਿਚ ਦਵੰਦ ਦਾ ਕਾਰਨ ਅਤੇ ਹੱਲ ਸੰਗੀਤ ਹੈ।
ਅਦਾਕਾਰ ਪ੍ਰਾਣ ਰਿਟਾਇਰ ਹੋ ਚੁੱਕੇ ਕਰਨਲ ਦੀ ਭੂਮਿਕਾ ਵਿਚ ਹੈ ਜਿਸ ਨੂੰ ਸੰਗੀਤ ਤੋਂ ਚਿੜ ਹੈ। ਸੰਗੀਤ ਕਾਰਨ ਹੀ ਉਸ ਦਾ ਆਪਣੇ ਪੁੱਤਰ ਨਾਲ ਕਲੇਸ਼ ਸੀ। ਉਸ ਅਨੁਸਾਰ ਸੰਗੀਤ ਬੰਦੇ ਨੂੰ ਲਾਪਰਵਾਹੀ ਅਤੇ ਮਨਮਰਜ਼ੀ ਦੇ ਰਸਤੇ ਤੋਰਦਾ ਹੈ ਜਿਸ ਨਾਲ ਜ਼ਿੰਦਗੀ ਵਿਚ ਅਸਫਲਤਾ ਲਾਜ਼ਿਮੀ ਹੈ। ਪੁੱਤਰ ਅਤੇ ਨੂੰਹ ਦੀ ਦੁੱਖਦਾਈ ਮੌਤ ਉਸ ਨੂੰ ਹੋਰ ਵੀ ਪੱਥਰ ਬਣਾ ਦਿੰਦੀ ਹੈ। ਉਪਰੋਂ ਆਪਣੇ ਪੰਜ ਪੋਤੇ-ਪੋਤੀਆਂ ਦੀ ਜ਼ਿੰਮੇਵਾਰੀ ਆਣ ਪੈਂਦੀ ਹੈ। ਉਹ ਇਸ ਵਾਰ ਬੱਚਿਆਂ ਨੂੰ ਅਨੁਸ਼ਾਸਨਹੀਣ ਬਣਨ ਦਾ ਕੋਈ ਮੌਕਾ ਨਹੀਂ ਦੇਣਾ ਚਾਹੁੰਦਾ। ਇਸ ਲਈ ਉਹ ਅਜਿਹੇ ਅਧਿਆਪਕ ਦੀ ਤਲਾਸ਼ ਵਿਚ ਹੈ ਜੋ ਬੱਚਿਆਂ ਨੂੰ ਛਾਂਗ-ਤਰਾਸ਼ ਕੇ ਰੱਖੇ ਅਤੇ ਸੰਗੀਤ ਤੇ ਕਲਾ ਵਰਗੇ ‘ਫਾਲਤੂ’ ਫਿਤੂਰਾਂ ਤੋਂ ਬਚਾ ਕੇ ਰੱਖੇ।
ਰਵੀ (ਜਤਿੰਦਰ) ਇੰਟਰਵਿਊ ਦੇਣ ਆਉਂਦਾ ਹੈ। ਕਰਨਲ ਦੇ ਵਤੀਰੇ ‘ਤੇ ਬਸਤੀਵਾਦੀ ਚਰਬਾ ਹਾਵੀ ਹੈ। ਉਸ ਲਈ ਪੈਸਾ, ਸਫਲਤਾ, ਰੁਤਬਾ ਅਤੇ ਹੈਂਕੜ ਬੰਦੇ ਦੀ ਅਣਖ ਦੀਆਂ ਨਿਸ਼ਾਨੀਆਂ ਹਨ। ਉਸ ਨੂੰ ਜ਼ਿੰਦਗੀ ਦਾ ਲੁਤਫ ਲੈਂਦੇ, ਹੱਸਦੇ-ਖੇਡਦੇ, ਸ਼ਰਾਰਤਾਂ ਕਰਦੇ ਬੱਚਿਆਂ ਨਾਲ ਖਿਝ ਹੈ। ਬੱਚੇ ਉਸ ਦੀ ਹਾਜ਼ਰੀ ਵਿਚ ਅਣਜਾਣੇ ਡਰ ਨਾਲ ਭੈਅਭੀਤ ਰਹਿੰਦੇ ਹਨ। ਉਂਜ ਉਨ੍ਹਾਂ ਵੀ ਆਪਣੀਆਂ ਸ਼ਰਾਰਤਾਂ ਰਾਹੀਂ ਕਰਨਲ ਖਿਲਾਫ ਜੰਗ ਐਲਾਨੀ ਹੋਈ ਹੈ। ਉਹ ਘਰ ਦੇ ਸਾਰੇ ਮੈਂਬਰਾਂ, ਖਾਸ ਕਰ ਕੇ ਕਰਨਲ ਦੀ ਭੈਣ ਦਾ ਨੱਕ ਵਿਚ ਦਮ ਕਰੀ ਰੱਖਦੇ ਹਨ। ਉਨ੍ਹਾਂ ਦੀ ਅਗਵਾਈ ਕਰਨਲ ਦੀ ਵੱਡੀ ਪੋਤਰੀ ਰਮਾ (ਜਯਾ ਭਾਦੁੜੀ) ਕਰਦੀ ਹੈ। ਪਹਿਲਾਂ-ਪਹਿਲ ਉਹ ਰਵੀ ਨੂੰ ਵੀ ਆਪਣੇ ਤਰੀਕੇ ਨਾਲ ਭਜਾਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਰਵੀ ਇਹ ਸਾਰੀਆਂ ਬਦਤਮੀਜ਼ੀਆਂ ਹੱਸ ਕੇ ਟਾਲ ਦਿੰਦਾ ਹੈ। ਉਹ ਬੱਚਿਆਂ ਦੁਆਰਾ ਕੀਤੀਆਂ ਕਾਰਵਾਈਆਂ ਪਿੱਛੇ ਕੰਮ ਕਰਦੇ ਮਨੋਵਿਗਿਆਨ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ। ਉਸ ਨੂੰ ਜਲਦੀ ਹੀ ਕਰਨਲ ਅਤੇ ਬੱਚਿਆਂ ਵਿਚ ਖੜ੍ਹੀ ਦੀਵਾਰ ਦੀ ਸਮਝ ਆ ਜਾਂਦੀ ਹੈ। ਉਹ ਇਸ ਦੀਵਾਰ ਨੂੰ ਨੇਸਤਾਨਬੂਦ ਕਰਨ ਦਾ ਤਹੱਈਆ ਕਰਦਾ ਹੈ। ਉਹ ਬੱਚਿਆਂ ਨੂੰ ਘਰ ਦੀਆਂ ਤੰਗ ਵਲਗਣਾਂ ਤੋਂ ਕੱਢ ਕੇ ਕੁਦਰਤ ਦੇ ਨਜ਼ਦੀਕ ਲੈ ਕੇ ਜਾਂਦਾ ਹੈ, ਉਨ੍ਹਾਂ ਨੂੰ ਕੁਦਰਤ ਨਾਲ ਸੰਵਾਦ ਕਰਨ ਦੀ ਜਾਚ ਸਿਖਾਉਂਦਾ ਹੈ। ਇਸ ਸੰਵਾਦ ਰਾਹੀਂ ਹੌਲੀ-ਹੌਲੀ ਦਾਦੇ ਅਤੇ ਪੋਤੇ-ਪੋਤੀਆਂ ਦੇ ਰਿਸ਼ਤੇ ਵਿਚਲੀ ਕੁੜੱਤਣ ਦੀਆਂ ਗੰਢਾਂ ਖੁੱਲ੍ਹਣ ਲੱਗਦੀਆਂ ਹਨ। ਕਰਨਲ ਦੀ ਪੋਤੀ ਰਵੀ ਨਾਲ ਆਪਸੀ ਭਰੋਸੇ ਅਤੇ ਮੋਹ ਦਾ ਰਿਸ਼ਤਾ ਬਣਾ ਲੈਂਦੀ ਹੈ। ਇਸ ਦਾ ਅਹਿਸਾਸ ਰਵੀ ਨੂੰ ਵਾਪਸ ਸ਼ਹਿਰ ਪਹੁੰਚ ਕੇ ਹੁੰਦਾ ਹੈ। ਉਧਰ, ਕਰਨਲ ਨੂੰ ਵੀ ਸਮਝ ਆ ਜਾਂਦੀ ਹੈ ਕਿ ਰਿਸ਼ਤਿਆਂ ਤੋਂ ਸੱਖਣੀ ਜ਼ਿੰਦਗੀ ਅਤੇ ਸੰਗੀਤ ਤੋਂ ਸੁੰਨਾ ਘਰ ਸ਼ਮਸ਼ਾਨ ਦੀ ਨਿਆਂਈ ਹੁੰਦੇ ਹਨ। ਹੁਣ ਰਵੀ ਉਸ ਲਈ ਅਜਿਹੇ ਫਰਿਸ਼ਤੇ ਵਾਂਗ ਹੈ ਜਿਸ ਨੇ ਉਸ ਅਤੇ ਬੱਚਿਆਂ ਦੇ ਦਿਲਾਂ ਨੂੰ ਇੱਕ ਤਾਰ ਵਿਚ ਪਰੋ ਦਿੱਤਾ ਹੋਵੇ। ਉਹ ਰਵੀ ਦਾ ਵਿਆਹ ਰਮਾ ਨਾਲ ਕਰਨ ਦਾ ਫੈਸਲਾ ਕਰ ਕੇ ਨਵਾਂ ਰਿਸ਼ਤਾ ਸਿਰਜਦਾ ਹੈ।
ਸੰਗੀਤਕਾਰ ਆਰæਡੀæ ਬਰਮਨ ਵੱਲੋਂ ਤਿਆਰ ਇਸ ਫਿਲਮ ਦਾ ਸੰਗੀਤ ਆਪਣੀ ਫਲਸਫਾਨਾ ਪਹੁੰਚ ਕਾਰਨ ਜਾਣਿਆ ਜਾਂਦਾ ਹੈ। ਫਿਲਮ ਦੇ ਗਾਣੇ ‘ਮੁਸਾਫਿਰ ਹੂੰ ਯਾਰੋ, ਨਾ ਘਰ ਹੈ ਨਾ ਟਿਕਾਣਾæææ ਮੁਝੇ ਚਲਤੇ ਜਾਨਾ ਹੈ’ ਬੜੇ ਡੂੰਘੇ ਹਨ। ਇਸ ਵਿਚ ਜ਼ਿੰਦਗੀ ਦਾ ਮੁਕੰਮਲ ਦਰਸ਼ਨ ਪਿਆ ਹੈ। ਇਸੇ ਤਰਾਂ੍ਹ ਫਿਲਮ ਦਾ ਇੱਕ ਹੋਰ ਗਾਣਾ ‘ਬੀਤੀ ਨਾ ਬਿਤਾਈ ਰੈਨਾæææ ਬਿਰਹਾ ਕੀ ਜਾਈ ਰੈਨਾæææ ਭੀਗੀ ਹੂਈ ਅੱਖੀਉਂ ਨੇ ਲਾਖ ਬੁਝਾਈ ਰੈਨਾ’ ਦਰਸ਼ਕ ਨੂੰ ਇੱਕੋ ਸਮੇਂ ਗਮ ਦੀਆਂ ਪਰਤਾਂ ਦੇ ਰੂ-ਬ-ਰੂ ਕਰਵਾਉਂਦਾ ਹੈ। ‘ਸਾਰੇ ਕੇ ਸਾਰੇ ਗਮੋਂ ਕੋ ਲੇਕਰ ਗਾਤੇ ਚਲੇ’ ਗਾਣਾ ਬੱਚਿਆਂ ਲਈ ਲਿਖਿਆ ਗਿਆ, ਪਰ ਇਸ ਦਾ ਜਾਦੂ ਹਰ ਵਰਗ ਦੇ ਦਰਸ਼ਕਾਂ ਨੂੰ ਆਪਣੇ ਰੰਗ ਵਿਚ ਰੰਗ ਲੈਂਦਾ ਹੈ।