-ਗੁਲਜ਼ਾਰ ਸਿੰਘ ਸੰਧੂ
ਜੁਗਨੀ ਸ਼ਬਦ ਕਦੋਂ ਤੇ ਕਿਵੇਂ ਹੋਂਦ ਵਿਚ ਆਇਆ, ਇਸ ਦੇ ਬਾਰੇ ਅਨੇਕ ਰਾਵਾਂ ਹਨ। ਪਰ ਇਹ ਗੱਲ ਸਾਰੇ ਹੀ ਮੰਨਦੇ ਹਨ ਕਿ ਜੁਗਨੀ ਟਿਕਣ ਵਾਲੀ ਸ਼ੈਅ ਨਹੀਂ। ਅੱਜ ਪਟਿਆਲੇ ਹੈ ਤਾਂ ਕੱਲ੍ਹ ਲੁਦੇਹਾਣੇ ਤੇ ਪਰਸੋਂ ਅੰਮ੍ਰਿਤਸਰ। ਗੁਰਬਚਨ ਸਿੰਘ ਵਿਰਦੀ ਨੇ ਸਿੰਧ ਘਾਟੀ ਤੋਂ ਲੈ ਕੇ ਵਿਸ਼ਵੀਕਰਨ ਤੱਕ ਛੜੱਪੇ ਮਾਰਦੇ ਰੰਗਾਂ ਰੰਗ ਲੇਖਾਂ ਦੇ ਸੰਗ੍ਰਿਹ ਨੂੰ ਜੁਗਨੀ ਦੇ ਲੜ ਲਾਇਆ ਹੈ।
ਇਨ੍ਹਾਂ ਲੇਖਾਂ ਵਿਚ ਪੁਰਾਤਨ ਤੇ ਅਜੋਕੇ ਮਨੁੱਖ ਦੇ ਰਸਮੋ-ਰਿਵਾਜ, ਕਰਮ ਕਾਂਡ, ਜੀਵਨ ਸ਼ੈਲੀ, ਰਿਸ਼ਤੇਦਾਰੀਆਂ ਤੋਂ ਲੈ ਕੇ ਆਰਥਿਕਤਾ, ਧਰਮ ਤੇ ਇੱਛਾ ਸ਼ਕਤੀ ਵਿਚ ਲਿਪਟੀਆਂ ਯਾਦਗਾਰਾਂ, ਕੈਲੰਡਰ ਤੇ ਤੀਰਥ-ਸਥਾਨ ਇੱਕ ਦੂਜੇ ਦੀ ਉਂਗਲੀ ਫੜੇ ਬਿਨਾਂ ਆਪੋ ਆਪਣੀ ਵਿੱਥਿਆ ਦਸਦੇ ਜਾਪਦੇ ਹਨ। ਕਿਸੇ ਸਭਿਆਚਾਰ ਜੁਗਨੀ ਵਾਂਗ।
ਲੇਖਕ ਦੀ ਜੁਗਨੀ ਨੇ ਸੂਰਜੀ ਸਾਲ ਦੀ ਵਿਆਖਿਆ ਕਰਨ ਸਮੇਂ ਸੂਰਜ ਦੁਆਲੇ ਧਰਤੀ ਘੁੰਮਣ ਦੇ ਸਮੇਂ ਨੂੰ 365 ਦਿਨ ਛੇ ਘੰਟੇ ਤੇ ਬਾਰਾਂ ਮਿੰਟ ਦਾ ਮੰਨਿਆ ਹੈ। ਇਥੇ ਮਨੁੱਖ ਦੇ ਅੱਖ ਝਪਕਣ ਨੂੰ ਆਧਾਰ ਬਣਾ ਕੇ ਉਸ ਵਕਫੇ ਨੂੰ ਇਕ ਨਿਮਖ, 15 ਨਿਮੱਖ ਨੂੰ ਇੱਕ ਚਸਾ, 15 ਜਸਾ ਨੂੰ ਇੱਕ ਮਸਾ, 60 ਮਸਾ ਨੂੰ ਇੱਕ ਪਲ, 60 ਪਲ ਨੂੰ ਇੱਕ ਘੜੀ, 7½ ਘੜੀ ਨੂੰ ਇੱਕ ਪਹਿਰ ਤੇ 8 ਪਹਿਰ ਦੇ ਸਮੂਹ ਨੂੰ ਦਿਨ ਅਤੇ ਰਾਤ ਭਾਵ 24 ਘੰਟੇ ਕਿਹਾ ਹੈ।
ਇਹ ਜੁਗਨੀ Ḕਜੇ ਗੱਲ ਯਾਦ ਨਹੀਂ ਰਹਿੰਦੀ ਤਾਂ ਚੁੰਨੀ ਜਾਂ ਰੁਮਾਲ ਨੂੰ ਗੰਢ ਬੰਨ੍ਹ ਲਓ’ ਤੋਂ ਲੈ ਕੇ ਗੰਢ ਦੇ ਹੁਣ ਤੱਕ ਦੇ ਸਫਰ ਉਤੇ ਚਾਨਣਾ ਪਾਉਂਦੀ ਹੈ। ਇਹ ਵੀ ਕਿ ਸਾਡੇ ਵੱਡੇ-ਵਡੇਰੇ ਬੱਚੇ ਦੀ ਉਮਰ ਚੇਤੇ ਰੱਖਣ ਲਈ ਹਰ ਬੱਚੇ ਵਾਸਤੇ ਵੱਖਰੇ ਰੰਗ ਦਾ ਮੋਟਾ ਧਾਗਾ ਕਿੱਲੀ ਨਾਲ ਬੰਨ੍ਹ ਕੇ ਹਰ ਵਰ੍ਹੇ ਉਸ ਨੂੰ ਗੰਢ ਮਾਰ ਦਿੰਦੇ, ਜਿਸ ਨੂੰ ਉਨ੍ਹਾਂ ਨੇ ਵਰ੍ਹੇਗੰਢ ਕਿਹਾ। ਸਹਿਜੇ-ਸਹਿਜੇ ਵਿਆਹ ਸ਼ਾਦੀ ਦੀ ਮਿਤੀ ਪੱਕੀ ਕਰਨ ਵਾਲੀ ਰਸਮ ਨੂੰ ਵੀ ਗੰਢ ਜਾਂ ਗੱਠ ਭੇਜਣਾ ਕਿਹਾ ਜਾਣ ਲੱਗਿਆ। ਤਰੀਕ ਤੇ ਮਹੀਨੇ ਦਾ ਨਿਖੇੜ ਕਰਨ ਵਾਸਤੇ ਦੋ ਰੰਗਾਂ ਦੇ ਗੰਢ ਲੱਗੇ ਧਾਗੇ ਭੇਜੇ ਜਾਂਦੇ। ਹਲਦੀ ਨਾਲ ਰੰਗਿਆ ਪੀਲਾ ਧਾਗਾ ਮਹੀਨੇ ਦਾ ਤੇ ਮੌਲੀ ਵਾਲਾ ਧਾਗਾ ਮਿਤੀ/ਤਾਰੀਖ ਦਾ ਚਿੰਨ੍ਹ। ਜੇ ਸਾਲ ਦਾ ਪਹਿਲਾ ਮਹੀਨਾ ਚੇਤਰ ਹੈ ਤਾਂ ਤਿੰਨ ਕੱਤਕ ਦੇ ਵਿਆਹ ਲਈ ਪੀਲੇ ਧਾਗੇ ਨੂੰ ਅੱਠ ਗੰਢਾਂ ਦਿੱਤੀਆਂ ਜਾਂਦੀਆਂ ਤੇ ਮੌਲੀ ਦੇ ਧਾਗੇ ਨੂੰ ਤਿੰਨ ਗੰਢਾਂ ਭਾਵ ਅੱਠਵੇਂ ਮਹੀਨੇ ਦੀ ਤਿੰਨ ਤਰੀਕ।
ਇਥੋਂ ਤੱਕ ਕਿ ਦਿਨ ਤੇ ਰਾਤ ਬਾਰੇ ਪੱਕੇ ਹੋਣ ਲਈ ਕਈ ਸਿਆਣੇ ਘਰ ਦੀ ਕਿਸੇ ਕਿੱਲੀ ਨਾਲ ਮੋਟਾ ਧਾਗਾ ਬੰਨ੍ਹ ਕੇ ਰੱਖਦੇ ਤੇ ਉਸ ਨੂੰ ਰਾਤ ਪੈਣ ਸਮੇਂ ਇੱਕ ਗੰਢ ਮਾਰ ਦਿੰਦੇ। ਮਹੀਨੇ ਦੇ ਖਾਤਮੇ ਉਤੇ ਸਭ ਗੰਢਾਂ ਖੋਲ੍ਹ ਕੇ ਮੁੜ ਉਹੀਓ ਕਰਮ ਸ਼ੁਰੂ ਕਰ ਲੈਂਦੇ ਤੇ ਇਸ ਨੂੰ ਇੱਕ ਮਹੀਨੇ ਦਾ ਕੈਲੰਡਰ ਸਮਝਦੇ। ਹੁਣ ਇਨ੍ਹਾਂ ਧਾਗਿਆਂ ਦਾ ਮਹੱਤਵ ਏਨਾ ਵੱਧ ਗਿਆ ਹੈ ਕਿ ਧਾਰਮਿਕ ਸਥਾਨਾਂ ਉਤੇ ਮੰਨਤਾਂ ਪੂਰੀਆਂ ਕਰਨ ਲਈ ਵੀ ਰੰਗ ਬਿਰੰਗੇ ਧਾਗੇ ਬੰਨ੍ਹੇ ਜਾਂਦੇ ਹਨ।
ਵਿਰਦੀ ਦੀ ਜੁਗਨੀ ਬਹੁਤ ਜਲਦੀ ਦਸਦੀ ਤੇ ਦਿਖਾਉਂਦੀ ਹੈ। ਇਸ ਦੇ ਛੜੱਪਿਆਂ ਦੀ ਪੈੜ ਨੱਪਣੀ ਸੌਖੀ ਤਾਂ ਨਹੀਂ ਪਰ ਨੱਪਣ ਵਾਲੀ ਹੈ। 90 ਪੰਨਿਆਂ ਵਿਚ ਦੁੱਗਣੇ ਪੰਨਿਆਂ ਜਿੰਨੀ ਸਮੱਗਰੀ। ਮੁੱਲ ਕੇਵਲ 150 ਰੁਪਏ। ਮਿਲਣ ਦਾ ਪਤਾ ਯੂਨੀਸਟਾਰ ਬੁਕਸ, ਮੋਹਾਲੀ/ਚੰਡੀਗੜ੍ਹ।
ਡਾæ ਬਲਦੇਵ ਸਿੰਘ ਦਾ ਸਨਮਾਨ: ਮੇਰੀ ਸਰਕਾਰੀ ਨੌਕਰੀ ਦਾ ਸਬੰਧ ਕੇਂਦਰ ਦੇ ਖੇਤੀ ਤੇ ਪਿੰਡ ਵਿਕਾਸ ਮੰਤਰਾਲੇ ਨਾਲ ਰਿਹਾ, ਪਰ ਜਿਥੋਂ ਤੱਕ ਮੇਰੀ ਨੇੜਤਾ ਦਾ ਸਬੰਧ ਹੈ, ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਲਾਏ ਦੋ ਸਾਲਾਂ ਸਦਕਾ ਹੀ ਹੈ। ਇਸ ਦੇ ਵਰਤਮਾਨ ਵਾਈਸ ਚਾਂਸਲਰ ਡਾæ ਬਲਦੇਵ ਸਿੰਘ ਢਿੱਲੋਂ ਨੂੰ ਮੈਂ ਵਧੇਰੇ ਕਰਕੇ ਮੱਕੀ ਦੇ ਪਲਾਂਟ ਬਰੀਡਰ ਵਜੋਂ ਜਾਣਦਾ ਸਾਂ ਤੇ ਜਾਂ ਫੇਰ ਇੰਡੀਅਨ ਕਾਊਂਸਲ ਆਫ ਐਗਰੀਕਲਚਰਲ ਰਿਸਰਚ ਦੇ ਅਸਿਸਟੈਂਟ ਡਾਇਰੈਕਟਰ ਜਨਰਲ ਵਜੋਂ। ਏਸ ਲਈ ਮੈਨੂੰ ਖੇਤੀਬਾੜੀ ਤੇ ਪਿੰਡ ਵਿਕਾਸ ਦੇ ਰਾਹ ਤੋਰਨ ਵਾਲੀ ਇਹੀਓ ਸੰਸਥਾ ਸੀ ਜਿਸ ਵਿਚ ਮੈਂ 1956 ਤੋਂ 1958 ਤੱਕ ਉਪ ਸੰਪਾਦਕ ਰਿਹਾ।
ਡਾæ ਢਿੱਲੋਂ ਦੀ ਯੋਗਤਾ ਕਿਸੇ ਪੁਸ਼ਟੀ ਦੀ ਮੁਹਤਾਜ ਨਹੀਂ। ਸਰਕਾਰ ਨੇ ਉਸ ਨੂੰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਵਾਗਡੋਰ ਦੂਜੀ ਵਾਰ ਫੜਾਈ ਹੈ। ਉਂਜ ਤਾਂ ਡਾæ ਢਿੱਲੋਂ ਦਾ ਮੈਕਸੀਕੋ ਸਥਿਤ ਅੰਤਰਰਾਸ਼ਟਰੀ ਮੱਕੀ ਤੇ ਕਣਕ ਸੁਧਾਰ ਕੇਂਦਰ ਵਾਲਾ ਯੋਗਦਾਨ ਵੀ ਭੁੱਲਣ ਵਾਲਾ ਨਹੀਂ ਪਰ ਸੱਤ ਫਰਵਰੀ ਨੂੰ ਪੰਜਾਬ ਸਾਇੰਸ ਕਾਂਗਰਸ ਵੱਲੋਂ ਲਾਈਫ ਟਾਈਮ ਐਚੀਵਮੈਂਟ ਐਵਾਰਡ ਨਾਲ ਸਨਮਾਨੇ ਜਾਣਾ ਸੱਚਮੁੱਚ ਹੀ ਮਾਣ ਵਾਲੀ ਗੱਲ ਹੈ। ਇਸ ਦਾ ਸਵਾਗਤ ਹੋਣਾ ਕੁਦਰਤੀ ਹੈ।
ਸੰਤੇ ਬੰਤੇ ਦੀ ਬੱਕਰੀ ਤੇ ਫੁੱਲ: ਸੰਤੇ ਦੀ ਆਪਣੇ ਗਵਾਂਢੀ ਬੰਤੇ ਨਾਲ ਵਿਗੜ ਗਈ। ਮਿਲਣਾ-ਜੁਲਣਾ ਬੰਦ। ਪਰ ਬੋਲਣ ਨੂੰ ਦੋਨਾਂ ਦਾ ਜੀ ਕਰੇ। ਤੰਗ ਆ ਕੇ ਬੰਤੇ ਨੇ ਸੰਤੇ ਨੂੰ ਕਿਹਾ Ḕਤੇਰੀ ਬੱਕਰੀ ਮੇਰੇ ਬਗੀਚੇ ਦੇ ਫੁੱਲ ਖਾ ਗਈ।’ ਸੰਤੇ ਨੇ ਉਤਰ ਦਿੱਤਾ, Ḕਮੇਰੇ ਕੋਲ ਤਾਂ ਕੋਈ ਬੱਕਰੀ ਨਹੀਂ।’ ਬੰਤਾ ਬੋਲਿਆ Ḕਮੇਰੀ ਬਗੀਚੀ ਵਿਚ ਵੀ ਫੁੱਲ ਨਹੀਂ।’ ਇਸ ਬਹਾਨੇ ਆਪਸੀ ਬੋਲ ਚਾਲ ਤਾਂ ਖੁੱਲ੍ਹੀ। ਦੋਨੋਂ ਇੱਕ ਦੂਜੇ ਨੂੰ ਜੱਫੀ ਪਾ ਕੇ ਮਿਲੇ।
ਛੱਤੀਸਗੜ੍ਹ ਦੇ ਜ਼ਿਲ੍ਹਾ ਕੋਰੀਆ ਵਿਚ ਕਿਸੇ ਅਬਦੁਲ ਹਸਨ ਦੀ ਬੱਕਰੀ ਉਸ ਦੇ ਗਵਾਂਢੀ ਮੈਜਿਸਟਰੇਟ ਦੇ ਬਗੀਚੇ ਵਿਚ ਜਾ ਵੜੀ ਤੇ ਜਨਕਪੁਰ ਥਾਣੇ ਦੀ ਪੁਲਿਸ ਨੇ ਬੱਕਰੀ ਤੇ ਉਸ ਦੇ ਮਾਲਕ ਨੂੰ ਭਾਰਤੀ ਨਿਆਂ ਪ੍ਰਣਾਲੀ ਦੀ ਧਾਰਾ 427 ਤੇ 447 ਅਧੀਨ ਗ੍ਰਿਫ਼ਤਾਰ ਕਰ ਲਿਆ। ਬੱਕਰੀ ਤਾਂ ਛੇਤੀ ਹੀ ਛੱਡ ਦਿੱਤੀ ਗਈ ਪਰ ਮਾਲਕ ਦਾ ਛੁਟਕਾਰਾ ਹੋਣ ਵਿਚ ਸਮਾਂ ਲੱਗੇਗਾ। ਵੇਖਦੇ ਹਾਂ ਕਿ ਦੋਨੋਂ ਗਵਾਂਢੀਆਂ ਦੀ ਗੱਲਬਾਤ ਸੰਤੇ-ਬੰਤੇ ਵਾਲਾ ਰਾਹ ਫੜਦੀ ਹੈ ਜਾਂ ਕੋਈ ਹੋਰ।
ਅੰਤਿਕਾ: ਨਿਦਾ ਫਾਜ਼ਲੀ
1æ ਦੁਨੀਆਂ ਜਿਸੇ ਕਹਿਤੇ ਹੋ ਜਾਦੂ ਕਾ ਖਿਲੌਨਾ ਹੈ,
ਮਿਲ ਜਾਏ ਤੋਂ ਮਿੱਟੀ ਹੈ, ਖੋ ਜਾਏ ਤੋਂ ਸੋਨਾ ਹੈ।
2æ ਅਪਨੀ ਮਰਜ਼ੀ ਸੇ ਕਹਾਂ ਅਪਨੇ ਸਫਰ ਪੇ ਹਮ ਹੈਂ,
ਵਕਤ ਕੋ ਮਾਲੂਮ ਕਹਾਂ ਕਿ ਹੈਂ ਕਿਧਰ ਕੇ ਹਮ ਹੈਂ।
3æ ਕਭੀ ਕਿਸੀ ਕੋ ਮੁਕੰਮਲ ਜਹਾਂ ਨਹੀਂ ਮਿਲਤਾ,
ਕਹੀਂ ਜ਼ਮੀਂ ਤੋ ਕਹੀਂ ਆਸਮਾਂ ਨਹੀਂ ਮਿਲਤਾ।
4æ ਹੋਸ਼ ਵਾਲੋਂ ਕੋ ਖਬਰ ਕਯਾ, ਜ਼ਿੰਦਗੀ ਕਿਆ ਚੀਜ਼ ਹੈ।