ਖਾਲਸਾ ਕਾਲਜ ਅੰਮ੍ਰਿਤਸਰ ਦੀ ਹਸਤੀ ਤੇ ਹੋਣੀ

ਇਕ ਸਦੀ ਪਹਿਲਾਂ ਹਿੰਦੂਆਂ, ਮੁਸਲਮਾਨਾਂ ਅਤੇ ਸਿੱਖਾਂ ਦੇ ਜਿੰਮੇਵਾਰ ਆਗੂਆਂ ਨੇ ਸਮਾਜ ਸੁਧਾਰਕ ਲਹਿਰਾਂ ਚਲਾਈਆਂ, ਜਿਨ੍ਹਾਂ ਦਾ ਮਿਸ਼ਨ ਹੋਰ ਪੱਖਾਂ ਤੋਂ ਇਲਾਵਾ ਵਿਦਿਅਕ ਪ੍ਰਗਤੀ ਵੀ ਸ਼ਾਮਲ ਸੀ। ਇਨ੍ਹਾਂ ਤਿੰਨਾਂ ਸਮਾਜਾਂ ਨੇ ਮਹਿਸੂਸ ਕੀਤਾ ਕਿ ਹਿੰਦੂ ਯੂਨੀਵਰਸਿਟੀ, ਮੁਸਲਿਮ ਯੂਨੀਵਰਸਿਟੀ ਅਤੇ ਸਿੱਖ ਯੂਨੀਵਰਸਿਟੀ ਕਾਇਮ ਹੋਵੇ।

ਬਨਾਰਸ ਵਿਚ ਹਿੰਦੂ ਯੂਨੀਵਰਸਿਟੀ, ਅਲੀਗੜ੍ਹ ਵਿਚ ਮੁਸਲਿਮ ਯੂਨੀਵਰਸਿਟੀ ਅਤੇ ਅੰਮ੍ਰਿਤਸਰ ਵਿਚ ਸਿੱਖ ਯੂਨੀਵਰਸਿਟੀ ਬਣੇ, ਪਰ ਇਸ ਵਾਸਤੇ ਅੰਗਰੇਜ ਸਰਕਾਰ ਵਲੋਂ ਕੁਝ ਬੰਦਸ਼ਾਂ ਲਾਈਆਂ ਗਈਆਂ ਕਿ ਇਹ ਵਿਦਿਅਕ ਅਦਾਰੇ ਸਿਆਸਤ ਦੇ ਅਖਾੜੇ ਨਾ ਬਣਨ ਅਤੇ ਇਨ੍ਹਾਂ ਦੇ ਵਾਈਸ-ਚਾਂਸਲਰ ਅੰਗਰੇਜ ਹੋਣਗੇ। ਹਿੰਦੂਆਂ ਅਤੇ ਮੁਸਲਮਾਨਾਂ ਨੇ ਸਰਕਾਰ ਦੀਆਂ ਸ਼ਰਤਾਂ ਮੰਨ ਕੇ ਆਪੋ ਆਪਣੀਆਂ ਯੂਨੀਵਰਸਿਟੀਆਂ ਸਥਾਪਤ ਕਰ ਲਈਆਂ ਜੋ ਹੁਣ ਤਕ ਸ਼ਾਨਦਾਰ ਕੰਮ ਕਰ ਰਹੀਆਂ ਹਨ। ਸਿੱਖਾਂ ਨੇ ਬੰਦਸ਼ਾਂ ਮੰਨਣ ਤੋਂ ਇਨਕਾਰ ਕੀਤਾ, ਫਲਸਰੂਪ ਸਿੱਖ ਯੂਨੀਵਰਸਿਟੀ ਨਾ ਬਣੀ। ਖਾਲਸਾ ਕਾਲਜ ਅੰਮ੍ਰਿਤਸਰ ਦੀ ਇਮਾਰਤ ਅਤੇ ਪ੍ਰਾਪਤ ਕੀਤੀ ਜ਼ਮੀਨ ਸਿੱਖ ਯੂਨੀਵਰਸਿਟੀ ਵਾਸਤੇ ਸੀ।
ਅਕਾਲੀ ਨਾਅਰੇ ਮਾਰ ਰਹੇ ਹਨ-ਖਾਲਸਾ ਕਾਲਜ ਵਿਚ ਯੂਨੀਵਰਸਿਟੀ ਸਥਾਪਤ ਕਰਾਂਗੇ, ਕੈਪਟਨ ਅਮਰਿੰਦਰ ਸਿੰਘ ਗੱਜ ਰਹੇ ਹਨ-ਬਣਾ ਕੇ ਦਿਖਾਓ। ਨਾ ਅਕਾਲੀ ਦਸਦੇ ਹਨ ਯੂਨੀਵਰਸਿਟੀ ਬਣਾਉਣ ਦੇ ਕੀ ਫਾਇਦੇ ਹੋਣਗੇ, ਨਾ ਕਾਂਗਰਸ ਦਸਦੀ ਹੈ ਕਿ ਕੀ ਨੁਕਸਾਨ ਹੋਣਗੇ? ਸਿੱਟਾ-ਸਿੱਖ ਅੱਜ ਵੀ ਉਸੇ ਥਾਂ ਖਲੋਤੇ ਹਨ, ਜਿਥੇ ਸੌ ਸਾਲ ਪਹਿਲਾਂ ਸਨ।
-ਡਾæ ਹਰਪਾਲ ਸਿੰਘ ਪੰਨੂ
ਪ੍ਰੋਫੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ।