-ਸਿਮਰਨ ਕੌਰ
ਅਰਬੀ ਸ਼ਬਦ ḔਨਿਦਾḔ ਦਾ ਅਰਥ ਹੈ- ਸੁਨੇਹਾ ਜਾਂ ਸੱਦ। ਸ਼ਾਇਰ ਨਿਦਾ ਫਾਜ਼ਲੀ ਨੇ ਇਸ ਨਾਂ ਦੀ ਲੱਜ ਪਾਲੀ ਅਤੇ ਆਪਣੀ ਰਚਨਾਵਾਂ ਰਾਹੀਂ ਉਹ ਸੱਦ ਲਾਈ, ਉਹ ਹਾਕ ਮਾਰੀ ਕਿ ਸਾਰੇ ਸੁਣਦੇ ਹੀ ਰਹਿ ਗਏ! ਹੁਣ ਜਦੋਂ 8 ਫਰਵਰੀ 2016 ਨੂੰ ਸੋਮਵਾਰ ਵਾਲੇ ਦਿਨ ਉਹ ਇਸ ਫਾਨੀ ਸੰਸਾਰ ਤੋਂ ਰੁਖਸਤ ਹੋਏ ਤਾਂ ਉਨ੍ਹਾਂ ਨੂੰ ਯਾਦ ਕਰਨ ਵਾਲਿਆਂ ਦਾ ਇਕ ਵਾਰ ਤਾਂ ਹੜ੍ਹ ਹੀ ਆ ਗਿਆ।
ਹਰ ਪਾਸੇ ਉਨ੍ਹਾਂ ਦੀ ਸ਼ਾਇਰੀ ਦੀਆਂ ਛੱਲਾਂ ਪੈ ਰਹੀਆਂ ਸਨ। ਮੀਡੀਆ ਵਿਚ ਤਾਂ ਉਨ੍ਹਾਂ ਦੀ ਸ਼ਖਸੀਅਤ ਅਤੇ ਸ਼ਾਇਰੀ ਬਾਰੇ ਚਰਚਾ ਤਾਂ ਹੋਈ ਹੀ ਹੋਈ, ਮੂੰਹੋਂ-ਮੂੰਹ ਵੀ ਲੋਕਾਂ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਗੀਤਾਂ ਅਤੇ ਗਜ਼ਲਾਂ ਰਾਹੀਂ ਯਾਦ ਕੀਤਾ। ਨਿਦਾ ਫਾਜ਼ਲੀ ਦੀ ਸ਼ਾਇਰੀ ਅਤੇ ਸ਼ਖਸੀਅਤ ਵਿਚ ਅਜਿਹਾ ਕੀ ਸੀ ਭਲਾ, ਜਿਸ ਨੇ ਹਰ ਦਿਲ ਨੂੰ ਇੰਜ ਖਿੱਚਾਂ ਪਾਈਆਂ? ਇਹ ਫਰਕ ਕੱਢਣਾ ਬਹੁਤ ਮੁਸ਼ਕਿਲ ਹੈ ਕਿ ਉਹ ਸ਼ਖਸੀਅਤ ਵਿਚ ਅੱਵਲ ਸਨ ਜਾਂ ਸ਼ਾਇਰੀ ਵਿਚ। ਫਿਰਕੂ ਸਦਭਾਵ ਲਈ ਉਨ੍ਹਾਂ ਹਰ ਸੰਭਵ ਉਦਮ ਕੀਤਾ। ਸ਼ਾਇਰੀ ਦੇ ਤਾਂ ਕਹਿਣੇ ਹੀ ਕਿਆ! ਉਨ੍ਹਾਂ ਦਾ ਸ਼ਿਅਰ ਹੈ: ਘਰ ਸੇ ਮਸਜਿਦ ਹੈ ਬਹੁਤ ਦੂਰ ਚਲੋ ਯੂੰ ਕਰ ਲੇਂ/ਕਿਸੀ ਰੋਤੇ ਹੂਏ ਬੱਚੇ ਕੋ ਹਸਾਇਆ ਜਾਏ। ਇਸ ਸ਼ਿਅਰ Ḕਤੇ ਮੌਲਵੀ ਬਹੁਤ ਖਿਝੇ, ਪਰ ਸ਼ਾਇਰ ਆਪਣੀ ਗੱਲ ਕਹਿ ਚੁੱਕਾ ਸੀ। ਸ਼ਾਇਰ ਦੀ ਕਲਪਨਾ ਉਡਾਰੀ ਦੇਖੋ: ਤੇਰੇ ਲੀਏ ਪਲਕੋਂ ਕੀ ਝਾਲਰ ਬੁਨੂੰ। ਇਸ ਸਹਿਜ ਮੁਹੱਬਤ ਦਾ ਕੋਈ ਤੋੜ ਨਹੀਂ। ਆਪਣੀ ਸ਼ਾਇਰੀ ਵਿਚ ਉਨ੍ਹਾਂ ਨੇ ਸਦਾ ਇਸ ਸਹਿਜ ਅਤੇ ਸਾਦਗੀ ਦਾ ਪੱਲਾ ਘੁੱਟ ਕੇ ਫੜੀ ਰੱਖਿਆ। ਜਗਜੀਤ ਸਿੰਘ ਨੇ ਜਦੋਂ ਆਪਣੀ ਸੋਜ਼ ਭਰੀ ਆਵਾਜ਼ ਵਿਚ ਨਿਦਾ ਫਾਜ਼ਲੀ ਦੀਆਂ ਗਜ਼ਲਾਂ ਗਾਈਆਂ ਤਾਂ ਸੋਨੇ ਉਤੇ ਸੁਹਾਗੇ ਵਾਲੀ ਗੱਲ ਹੋ ਗਈ। ਜਗਜੀਤ ਸਿੰਘ ਨੇ ਗਾਇਆ: ਹਰ ਤਰਫ ਹਰ ਜਗਹ ਬੇਸ਼ੁਮਾਰ ਆਦਮੀ/ਫਿਰ ਭੀ ਤਨਹਾਈਓਂ ਕਾ ਸ਼ਿਕਾਰ ਆਦਮੀ। ਜਗਜੀਤ ਸਿੰਘ ਨਾਲ ਉਨ੍ਹਾਂ ਦੀ ਜੋੜੀ ਖੂਬ ਜੰਮੀ।
ਕਹਿੰਦੇ ਹਨ ਕਿ ਜਦੋਂ ਨਿਦਾ ਫਾਜ਼ਲੀ ਅਜੇ ਗਭਰੇਟ ਜਿਹਾ ਸੀ ਕਿ ਇਕ ਦਿਨ ਮੰਦਰ ਨੇੜਿਓਂ ਲੰਘਦਿਆਂ ਉਹਨੇ ਭਜਨ ਸੁਣਿਆ। ਇਹ ਭਜਨ ਸੂਰਦਾਸ ਦਾ ਲਿਖਿਆ ਹੋeਆ ਸੀ। ਇਸ ਵਿਚ ਰਾਧਾ ਦੇ ਵਿਛੋੜੇ ਦਾ ਜ਼ਿਕਰ ਕੀਤਾ ਗਿਆ ਸੀ। ਪਿਆਰ ਵਿਚ ਪਏ ਵਿਛੋੜੇ ਬਾਰੇ ਸੂਰਦਾਸ ਦੇ ਉਹ ਅਲਫਾਜ਼ ਸਦਾ-ਸਦਾ ਲਈ ਉਨ੍ਹਾਂ ਦੇ ਦਿਲ ਅੰਦਰ ਟਿਕ ਗਏ ਅਤੇ ਫਿਰ ਜਦੋਂ ਉਨ੍ਹਾਂ ਦੀ ਸਾਂਝ ਸ਼ਾਇਰੀ ਨਾਲ ਪਈ ਤਾਂ ਮੁਹੱਬਤ ਨਾਲ ਅੱਟੇ ਪਏ ਇਹ ਅਲਫਾਜ਼ ਹੌਲੀ-ਹੌਲੀ ਗੀਤਾਂ-ਗਜ਼ਲਾਂ ਦਾ ਲਿਬਾਸ ਪਾ ਕੇ ਬਾਹਰ ਆਉਂਦੇ ਰਹੇ। ਉਨ੍ਹਾਂ ਦੀਆਂ ਕਿਤਾਬਾਂ ਦੇ ਨਾਵਾਂ ਵਿਚ ਵੀ ਸ਼ਾਇਰੀ ਦੇ ਦਰਸ਼ਨ ਹੁੰਦੇ ਹਨ; ਨਾਂ ਹਨ: ਲਫਜ਼ੋਂ ਕੇ ਫੂਲ, ਮੋਰ ਨਾਚ, ਆਂਖ ਔਰ ਖਵਾਬ ਕੇ ਦਰਮਿਆਨ, ਸਫਰ ਮੇਂ ਧੂਪ ਤੋ ਹੋਗੀ, ਖੋਇਆ ਹੂਆ ਸਾ ਕੁਛ ਅਤੇ ਦੁਨੀਆ ਏਕ ਖਿਲੌਨਾ ਹੈ।