ਦੁਪਾਲਪੁਰੀਏ ਤਰਲੋਚਨ ਸਿੰਘ ਦਾ ਲੇਖ ਜ਼ਰੂਰ ਬਰ ਜ਼ਰੂਰ ਪੜ੍ਹਦਾ ਹਾਂ। ਸਰਲ ਅਤੇ ਸਾਦੀ ਜਿਹੀ ਸ਼ੈਲੀ ਵਿਚ ਲਿਖੇ ਇਨ੍ਹਾਂ ਲੇਖਾਂ ਵਿਚ ਬਹੁਤੀ ਵਾਰ ਕੰਮ ਦੀਆਂ ਗੱਲਾਂ ਹੁੰਦੀਆਂ ਹਨ। 13 ਫਰਵਰੀ ਦੇ ਅੰਕ ਵਿਚ ਉਨ੍ਹਾਂ ਲਕੀਰ-ਕੁੱਟ ਲੀਡਰਾਂ ਬਾਰੇ ਖੂਬ ਸੁਣਾਈਆਂ ਹਨ, ਪਰ ਇਹ ਗੱਲਾਂ ਸੁਣਾਉਂਦਿਆਂ- ਸੁਣਾਉਂਦਿਆਂ ਉਹ ਕੁਝ ਗਲਤ-ਬਿਆਨੀਆਂ ਕਰ ਗਏ ਹਨ।
ਪਹਿਲੀ ਤਾਂ ਇਹ ਕਿ ਪੰਜਾਬ ਕਈ ਸਾਲਾਂ ਤੋਂ ਖੁਦ ਹੀ ਗਣਤੰਤਰ ਦਿਵਸ ‘ਤੇ ਕੋਈ ਝਾਕੀ ਨਹੀਂ ਭੇਜ ਰਿਹਾ। ਇਸ ਦਾ ਕਾਰਨ ਖੁਦ ਪੰਜਾਬ ਸਰਕਾਰ ਜਾਂ ਇਸ ਦੇ ਕਾਰਿੰਦੇ ਦੱਸ ਸਕਦੇ ਹਨ। ਇਸੇ ਗੱਲ ਦਾ ਇਕ ਪੱਖ ਹੋਰ ਵੀ ਹੈ। ਪਰੇਡ ਵਿਚ ਸਿੱਖ ਰੈਜੀਮੈਂਟ ਦਾ ਸ਼ਾਮਲ ਨਾ ਹੋਣਾ ਕਿੱਡਾ ਕੁ ਵੱਡਾ ਮਸਲਾ ਹੈ? ਫਰਾਂਸ ਵਿਚ ਪੱਗ ਦੇ ਮਸਲੇ ਬਾਰੇ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਤੋਂ ਇਲਾਵਾ ਹੋਰ ਧਿਰਾਂ ਵੱਲੋਂ ਕਿੰਨੀ ਕੁ ਕੋਸ਼ਿਸ਼ ਹੋਈ ਹੈ? ਜੇ ਗੱਲਾਂ ਵਿਚੋਂ ਗੱਲ ਹੀ ਕੱਢਣੀ ਹੈ ਤਾਂ ਵੱਖਰਾ ਮਸਲਾ ਬਣਦਾ ਹੈ।
ਦੂਜੀ ਗੱਲ ਵਧੇਰੇ ਗੰਭੀਰ ਹੈ। ਇਸ ਤਰ੍ਹਾਂ ਦੀ ਕੋਤਾਹੀ ਦੀ ਸ਼ ਦੁਪਾਲਪੁਰ ਵਰਗੇ ਸਿੱਖ ਤੋਂ ਆਸ ਨਹੀਂ ਕੀਤੀ ਜਾ ਸਕਦੀ। ਲੇਖ ਦੇ ਅਖੀਰ ਵਿਚ ਉਨ੍ਹਾਂ ਸਿੱਖਾਂ ਨੂੰ ਜਰਾਇਮ ਪੇਸ਼ਾ ਐਲਾਨਣ ਬਾਰੇ ਜਿਸ ਸਰਕੂਲਰ ਦਾ ਜ਼ਿਕਰ ਕੀਤਾ ਹੈ, ਉਸ ਦੀ ਕੋਈ ਹੋਂਦ ਹੀ ਨਹੀਂ ਹੈ। ਕੁਝ ਸਮਾਂ ਪਹਿਲਾਂ ਇਹ ਮਸਲਾ ਪ੍ਰੋæ ਹਰਪਾਲ ਸਿੰਘ ਪਨੂੰ ਨੇ ਵੀ ਉਜਾਗਰ ਕੀਤਾ ਸੀ ਅਤੇ ਕਿਹਾ ਸੀ ਕਿ ਇਸ ਬਾਰੇ ਵੇਰਵਾ ਸਿਰਫ ਸਿਰਦਾਰ ਕਪੂਰ ਸਿੰਘ ਦੀ ਕਿਤਾਬ ‘ਸਾਚੀ ਸਾਖੀ’ ਵਿਚ ਹੀ ਮਿਲਦਾ ਹੈ। ਉਨ੍ਹਾਂ ਕਿਹਾ ਸੀ ਕਿ ਇਸ ਸਰਕੂਲਰ ਦੀ ਅਸਲੀਅਤ ਬਾਰੇ ਜੇ ਕਿਸੇ ਕੋਲ ਕੋਈ ਹੋਰ ਜਾਣਕਾਰੀ ਹੋਵੇ ਤਾਂ ਜ਼ਰੂਰ ਸਾਂਝੀ ਕਰੇ। ਇਸੇ ਮਸਲੇ ਉਤੇ ਹੀ ਕੁਝ ਸਮਾਂ ਪਹਿਲਾਂ ‘ਪੰਜਾਬ ਟਾਈਮਜ਼’ ਵਿਚ ਸ਼ ਹਜ਼ਾਰਾ ਸਿੰਘ ਕੈਨੇਡਾ ਦਾ ਲੇਖ ਛਪਿਆ ਸੀ ਜਿਸ ਵਿਚ ਦਲੀਲਾਂ ਨਾਲ ਸਪਸ਼ਟ ਕੀਤਾ ਗਿਆ ਸੀ ਕਿ ਅਜਿਹਾ ਕੋਈ ਸਰਕੂਲਰ ਜਾਰੀ ਨਹੀਂ ਹੋਇਆ। ਇਹ ਸਿਰਫ ਸਿਰਦਾਰ ਕਪੂਰ ਸਿੰਘ ਦੀ ਬਣਾਈ ਹੋਈ ਗੱਲ ਹੈ। ਇਸ ਬਾਰੇ ਕਦੀ ਵੀ ਨਾ ਕਿਸੇ ਨੇ ਸਿਰਦਾਰ ਕਪੂਰ ਸਿੰਘ ਨੂੰ ਅਤੇ ਨਾ ਕਿਸੇ ਹੋਰ ਨੂੰ ਮੋੜਵਾਂ ਸਵਾਲ ਪੁੱਛਿਆ। ਸਮਾਂ ਪਾ ਕੇ ਸਿੱਖਾਂ ਨੇ ਇਹ ਗੱਲ ਸਵੀਕਾਰ ਹੀ ਕਰ ਲਈ, ਕਿਉਂਕਿ ਇਹ ਸਿੱਖਾਂ ਨਾਲ ਵਿਤਕਰੇ ਵਾਲੀਆਂ ਹੋਰ ਗੱਲਾਂ ਨਾਲ ਜੁੜਦੀ ਜੋ ਸੀ। ਮੈਂ ਇਹ ਮੰਨ ਨਹੀਂ ਸਕਦਾ ਕਿ ਸ਼ ਦੁਪਾਲਪੁਰ ਨੇ ਉਹ ਲੇਖ ਨਾ ਪੜ੍ਹਿਆ ਹੋਵੇ। ਜੇ ਪਤਾ ਹੋਣ ਦੇ ਬਾਵਜੂਦ ਉਹ ਅਜਿਹਾ ਲਿਖੀ ਜਾਂਦੇ ਹਨ ਤਾਂ ਸਵਾਲ ਹੈ ਕਿ ਜੇ ਸਾਡੇ ਅਖੌਤੀ ਲੀਡਰ ਲਕੀਰ-ਕੁੱਟ ਹਨ ਤਾਂ ਅਸੀਂ ਸਿੱਖ ਕਿਹੜਾ ਘੱਟ ਹਾਂ।
-ਜਗਮੀਤ ਸਿੰਘ ਓਬਰਾਏ
ਮਿਨੀਐਪੋਲਿਸ (ਮਿਨੀਸਿਟਾ)
__________________________
ਕਮਿਊਨਿਸਟ ਅਤੇ ਪੰਜਾਬ ਦਾ ਸੰਤਾਪ
‘ਪੰਜਾਬ ਟਾਈਮਜ਼’ ਵਿਚ ਪ੍ਰੋæ ਰਣਧੀਰ ਸਿੰਘ ਦਾ ਲੇਖ ‘ਕਮਿਊਨਿਸਟ ਅਤੇ ਪੰਜਾਬ ਦਾ ਸੰਤਾਪ’ ਪੜ੍ਹਿਆ। ਥੋੜ੍ਹਾ ਜਿਹਾ ਧੱਕਾ ਵੀ ਲੱਗਾ ਕਿ ਇਹ ਲੇਖ ਪਹਿਲਾਂ ਮੇਰੀ ਨਿਗ੍ਹਾ ਵਿਚ ਕਿਉਂ ਨਹੀਂ ਆਇਆ। ਖੈਰ, ਪ੍ਰੋਫੈਸਰ ਸਾਹਿਬ ਨੇ ਪੰਜਾਬ ਦੇ ਉਸ ਸੰਤਾਪ ਬਾਰੇ ਬਹੁਤ ਨਿਤਾਰ ਕੇ ਨੁਕਤਾ ਉਠਾਇਆ ਹੋਇਆ ਹੈ। ਸਭ ਤੋਂ ਵੱਡੀ ਗੱਲ ਉਨ੍ਹਾਂ ਇਹ ਆਖੀ ਹੈ ਕਿ ਜੇ ਸੰਘਰਸ਼ ਦੇ ਮਾਮਲੇ ਵਿਚ ਕਿਸੇ ਨਾਲ ਕੋਈ ਮੱਤਭੇਦ ਹਨ ਜਾਂ ਸਨ, ਤਾਂ ਇਸ ਦਾ ਵਿਰੋਧ ਸਰਕਾਰੀ ਪੱਖ ਤੋਂ ਤਾਂ ਬਿਲਕੁਲ ਨਹੀਂ ਸੀ ਹੋਣਾ ਚਾਹੀਦਾ। ਇਹ ਲੇਖ ਸੱਚਮੁੱਚ ਅੱਖਾਂ ਖੋਲ੍ਹਣ ਵਾਲਾ ਹੈ। ਸਿੱਖਾਂ ਅਤੇ ਕਮਿਊਨਿਸਟਾਂ, ਦੋਹਾਂ ਧਿਰਾਂ ਨੂੰ ਹੀ ਇਸ ਤੋਂ ਸੇਧ ਲੈਣੀ ਚਾਹੀਦੀ ਹੈ।
-ਕੁਲਬੀਰ ਸਿੰਘ ਸੰਧੂ
ਫਰਿਜ਼ਨੋ, ਕੈਲੀਫੋਰਨੀਆ।