ਅੰਮ੍ਰਿਤਸਰ: ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਖਿਲਾਫ ਸੂਬੇ ਭਰ ਵਿਚ ਚੱਲ ਰਹੀ ਰੋਹ ਅਤੇ ਰੋਸ ਦੀ ਲਹਿਰ ਪਾਰਟੀ ਲਈ ਸਿਰਦਰਦੀ ਬਣੀ ਹੋਈ ਹੈ, ਇਸੇ ਕਰ ਕੇ ਹੁਣ ਖਡੂਰ ਸਾਹਿਬ ਜ਼ਿਮਨੀ ਚੋਣ ਹਾਕਮ ਧਿਰ ਅਕਾਲੀ ਦਲ ਲਈ ਵਕਾਰ ਦਾ ਸਵਾਲ ਬਣ ਗਈ ਹੈ। ਰਵਾਇਤੀ ਪਾਰਟੀ ਵਜੋਂ ਇਸ ਚੋਣ ਵਿਚ ਇਕੱਲਾ ਅਕਾਲੀ ਦਲ ਹੀ ਡਟਿਆ ਹੋਇਆ ਹੈ, ਜਦਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਇਸ ਚੋਣ ਤੋਂ ਲਾਂਭੇ ਹਨ। ਚੋਣ ਮੈਦਾਨ ਵਿਚ ਛੇ ਆਜ਼ਾਦ ਉਮੀਦਵਾਰ ਅਕਾਲੀ ਦਲ ਲਈ ਸਿਰਦਰਦੀ ਬਣ ਗਏ ਹਨ।
ਹਾਕਮ ਧਿਰ ਨੂੰ ਡਰ ਸਤਾ ਰਿਹਾ ਹੈ ਕਿ ਇਸ ਚੋਣ ਵਿਚ ਜੇ ਰਿਵਾਇਤੀ ਪਾਰਟੀ ਦੀ ਅਣਹੋਂਦ ਦੇ ਬਾਵਜੂਦ ਅਕਾਲੀ ਦਲ ਹਾਰਦਾ ਹੈ ਤਾਂ ਇਸ ਤੋਂ ਵੱਧ ਨਮੋਸ਼ੀ ਵਾਲੀ ਗੱਲ ਨਹੀਂ ਹੋ ਸਕਦੀ। ਉਧਰ, ਸ਼੍ਰੋਮਣੀ ਅਕਾਲੀ ਦਲ ਜਿਥੇ ਜਿੱਤਣ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਿਹਾ ਹੈ, ਉਥੇ ਕਾਂਗਰਸੀਆਂ ਲਈ ਚੋਣ ਵਿਚ ਐਲਾਨੇ ਗਏ ਬਾਈਕਾਟ ਨੂੰ ਸਫਲ ਬਣਾਉਣਾ ਵਕਾਰ ਦਾ ਸਵਾਲ ਬਣਿਆ ਹੋਇਆ ਹੈ। ਕਾਂਗਰਸੀਆਂ ਵੱਲੋਂ ਪਿੰਡ-ਪਿੰਡ ਜਾ ਕੇ ਬੈਠਕਾਂ ਕੀਤੀਆਂ ਜਾ ਰਹੀਆਂ ਹਨ ਤੇ ਲੋਕਾਂ ਨੂੰ ਵੋਟ ਨਾ ਪਾਉਣ ਲਈ ਪ੍ਰੇਰਿਆ ਜਾ ਰਿਹਾ ਹੈ।
ਅਕਾਲੀ ਦਲ ਦੇ ਉਮੀਦਵਾਰ ਨੂੰ ਦੋ ਆਜ਼ਾਦ ਉਮੀਦਵਾਰਾਂ ਵੱਲੋਂ ਸਖਤ ਟੱਕਰ ਦਿੱਤੀ ਜਾ ਰਹੀ ਹੈ ਜਿਸ ਨੂੰ ਦੇਖਦਿਆਂ ਸਾਰੇ ਕੈਬਨਿਟ ਮੰਤਰੀ, ਮੁੱਖ ਸੰਸਦੀ ਸਕੱਤਰ ਤੇ ਵਿਧਾਇਕਾਂ ਨੇ ਆਪੋ-ਆਪਣੇ ਜ਼ੋਨ ਸੰਭਾਲ ਕੇ ਤੇਜ਼ੀ ਨਾਲ ਚੋਣ ਮੀਟਿੰਗਾਂ ਕਰਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਕਾਂਗਰਸ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣ ਲੜਨ ਤੋਂ ਇਨਕਾਰ ਕਰਨ ਤੋਂ ਬਾਅਦ ਬਾਗੀ ਹੋਏ ਕਾਂਗਰਸ ਦੇ ਸੂਬਾ ਸਕੱਤਰ ਭੁਪਿੰਦਰ ਸਿੰਘ ਬਿੱਟੂ ਚੋਣ ਮੈਦਾਨ ਵਿਚ ਹਨ, ਜਿਸ ਦੇ ਨਾਲ-ਨਾਲ ‘ਆਪ’ ਤੋਂ ਬਾਗੀ ਭਾਈ ਬਲਦੀਪ ਸਿੰਘ ਅਤੇ ਪੰਜਾਬ ਸਾਂਝੀਵਾਲਤਾ ਮੋਰਚਾ ਵੱਲੋਂ ਸੁਮੇਲ ਸਿੰਘ ਸਿੱਧੂ ਤੇ ਪੰਜ ਹੋਰ ਆਜ਼ਾਦ ਉਮੀਦਵਾਰਾਂ ਵੱਲੋਂ ਨਾਮਜ਼ਦਗੀ ਕਾਗਜ਼ ਦਾਖਲ ਕੀਤੇ ਗਏ ਸਨ। ਇਨ੍ਹਾਂ ਵਿਚੋਂ ਭਾਈ ਬਲਦੀਪ ਸਿੰਘ ਦੇ ਕਾਗਜ਼ ਰੱਦ ਹੋਣ ਕਾਰਨ ਅਕਾਲੀ ਦਲ ਦੇ ਉਮੀਦਵਾਰ ਰਵਿੰਦਰ ਸਿੰਘ ਬ੍ਰਹਮਪੁਰਾ ਦੇ ਮੁਕਾਬਲੇ ਛੇ ਆਜ਼ਾਦ ਉਮੀਦਵਾਰ ਮੈਦਾਨ ਹਨ। ਆਜ਼ਾਦ ਉਮੀਦਵਾਰ ਸੁਮੇਲ ਸਿੰਘ ਸਿੱਧੂ ਵੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਥੇ ਆਜ਼ਾਦ ਉਮੀਦਵਾਰ ਭੁਪਿੰਦਰ ਸਿੰਘ ਬਿੱਟੂ ਤੇ ਉਨ੍ਹਾਂ ਦੇ ਨੌਜਵਾਨ ਪੁੱਤਰ ਯੂਥ ਕਾਂਗਰਸੀ ਆਗੂ ਕੰਵਰਦੀਪ ਸਿੰਘ ਸੰਧੂ ਵੱਲੋਂ ਵੀ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਤੇਜ਼ੀ ਨਾਲ ਚੋਣ ਮੀਟਿੰਗਾਂ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ। ਬਿੱਟੂ ਦੇ ਹੱਕ ਵਿਚ ਜੁੜਦੇ ਵੋਟਰਾਂ ਨੂੰ ਦੇਖਦਿਆਂ ਅਵੇਸਲੇ ਹੋਏ ਸਮੂਹ ਮੰਤਰੀ, ਵਿਧਾਇਕਾਂ ਤੇ ਹੋਰ ਆਗੂਆਂ ਵੱਲੋਂ ਫਿਰ ਤੋਂ ਆਪੋ-ਆਪਣੇ ਜ਼ੋਨਾਂ ਵਿਚ ਚੋਣ ਮੀਟਿੰਗਾਂ ਕਰ ਕੇ ਲੋਕਾਂ ਨੂੰ ਅਕਾਲੀ ਉਮੀਦਵਾਰ ਦੇ ਹੱਕ ਵਿਚ ਵੱਧ ਤੋਂ ਵੱਧ ਵੋਟਾਂ ਭੁਗਤਾਉਣ ਦੀ ਅਪੀਲ ਕੀਤੀ ਜਾਣ ਲੱਗੀ। ਪੰਜਾਬ ਸਰਕਾਰ ਤੋਂ ਨਾਰਾਜ਼ ਲੋਕ ਤੇ ਕਾਂਗਰਸ ਦੇ ਇਕ ਧੜੇ ਵੱਲੋਂ ਅੰਦਰਖਾਤੇ ਆਜ਼ਾਦ ਉਮੀਦਵਾਰ ਭੁਪਿੰਦਰ ਸਿੰਘ ਬਿੱਟੂ ਦੀ ਮਦਦ ਕੀਤੇ ਜਾਣ ਦੀਆਂ ਕਨਸੋਆਂ ਮਿਲ ਰਹੀਆਂ ਹਨ। ਸੂਬੇ ਦੀਆਂ ਖੁਫ਼ੀਆਂ ਏਜੰਸੀਆਂ ਨੇ ਵੀ ਸਰਕਾਰ ਨੂੰ ਅਗਾਹ ਕੀਤਾ ਹੈ ਕਿ ਸੱਤਾਧਾਰੀ ਧਿਰ ਪ੍ਰਤੀ ਲੋਕਾਂ ਦਾ ਜੋ ਗੁੱਸਾ ਬਣਿਆ ਹੋਇਆ ਹੈ, ਉਸ ਦਾ ਫਾਇਦਾ ਕਿਧਰੇ ਕਾਂਗਰਸ ਦਾ ਬਾਗੀ ਉਮੀਦਵਾਰ ਭੁਪਿੰਦਰ ਸਿੰਘ ਬਿੱਟੂ ਨਾ ਲੈ ਜਾਵੇ। ਲੋਕ ਕਾਂਗਰਸ ਦੇ ਬਾਈਕਾਟ ਬਾਰੇ ਦੱਬੀ ਜ਼ੁਬਾਨ ਨਾਲ ਹੁੰਗਾਰਾ ਭਰਦੇ ਹਨ। ਜੇ 2012 ਦੀਆਂ ਚੋਣਾਂ ਦੀ ਗੱਲ ਕਰੀਏ ਤਾਂ ਖਡੂਰ ਸਾਹਿਬ ਹਲਕੇ ਅੰਦਰ 80 ਫੀਸਦੀ ਪੋਲਿੰਗ ਹੋਈ ਸੀ ਜਿਸ ਵਿਚ 48 ਫੀਸਦੀ ਦੇ ਕਰੀਬ ਵੋਟਾਂ ਲੈ ਕੇ ਰਮਨਜੀਤ ਸਿੰਘ ਸਿੱਕੀ ਵਿਧਾਇਕ ਬਣੇ ਸਨ ਤੇ ਅਕਾਲੀ ਦਲ ਵੱਲੋਂ ਮੈਦਾਨ ਵਿਚ ਉਤਾਰੇ ਗਏ ਉਮੀਦਵਾਰ ਰਣਜੀਤ ਸਿੰਘ ਬ੍ਰਹਮਪੁਰਾ ਨੂੰ 46 ਫੀਸਦੀ ਵੋਟਾਂ ਮਿਲੀਆਂ ਸਨ।
__________________________________________
ਦਲ ਬਦਲੂਆਂ ਨੇ ਸਿਰਦਰਦੀ ਹੋਰ ਵਧਾਈ
ਚੰਡੀਗੜ੍ਹ: ਅਕਾਲੀ ਦਲ ਵਿਚੋਂ ਦਲ ਬਦਲੂਆਂ ਦੇ ਕਾਂਗਰਸ ਵਿਚ ਜਾਣ ਕਾਰਨ ਹਾਕਮ ਪਾਰਟੀ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਕਮ ਧਿਰ ਦੇ ਤਿੰਨ ਵੱਡੇ ਆਗੂਆਂ ਬਲਵੰਤ ਸਿੰਘ ਰਾਮੂਵਾਲੀਆ, ਦੀਪਇੰਦਰ ਢਿੱਲੋਂ ਅਤੇ ਹੈਰੀ ਮਾਨ ਵੱਲੋਂ ਪਾਰਟੀ ਨੂੰ ਤਿਲਾਂਜਲੀ ਦਿੱਤੀ ਜਾ ਚੁੱਕੀ ਹੈ ਤੇ ਕਈ ਹੋਰ ਵੱਡੇ ਆਗੂਆਂ ਵੱਲੋਂ ਵੀ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਅਲਵਿਦਾ ਕਹੇ ਜਾਣ ਦਾ ਖਦਸ਼ਾ ਹੈ। ਹੁਣ ਅਕਾਲੀ ਦਲ ਵੱਲੋਂ ਕਾਂਗਰਸ ਤੇ ਹੋਰ ਪਾਰਟੀਆਂ ਨੂੰ ਛੱਡ ਕੇ ਆਏ ਸਿਆਸਤਦਾਨਾਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ। ਅਕਾਲੀ ਦਲ ਨੇ ਕਾਂਗਰਸ ਵਿਚੋਂ ਦਲ ਬਦਲੀ ਨੂੰ ਉਤਸ਼ਾਹਿਤ ਕਰਨ ਲਈ ਨਵੇਂ ਚਿਹਰਿਆਂ ਨੂੰ ਸਰਕਾਰੀ ਅਹੁਦਿਆਂ ਨਾਲ ਨਿਵਾਜਿਆ ਤੇ ਇਹੀ ਆਗੂ ਹੁਣ ਮੁੜ ਕਾਂਗਰਸ ਦਾ ‘ਹੱਥ’ ਫੜ ਰਹੇ ਹਨ। ਪੰਜਾਬ ਵਿਚ ਅਕਾਲੀ-ਭਾਜਪਾ ਗੱਠਜੋੜ ਦੇ 2012 ਵਿਚ ਮੁੜ ਸੱਤਾ ਵਿਚ ਆਉਣ ਬਾਅਦ ਕਾਂਗਰਸ ਦੇ ਕਈ ਆਗੂਆਂ ਨੇ ਹਾਕਮ ਧਿਰ ਦਾ ਪੱਲਾ ਫੜ ਲਿਆ ਸੀ। ਸਾਲ 2012 ਬਾਅਦ ਦੋ ਮੌਜੂਦਾ ਵਿਧਾਇਕਾਂ ਅਤੇ ਛੇ ਸਾਬਕਾ ਵਿਧਾਇਕਾਂ ਸਮੇਤ ਦਰਜਨਾਂ ਕਾਂਗਰਸੀਆਂ ਨੇ ਵਫ਼ਾਦਾਰੀਆਂ ਬਦਲ ਲਈਆਂ ਸਨ। ਇਨ੍ਹਾਂ ਵਿਚ ਤਿੰਨ ਸਾਬਕਾ ਮੰਤਰੀ ਵੀ ਸਨ। ਹੁਣ ਅਕਾਲੀ ਦਲ ਵਿਰੋਧੀ ਬਣੀ ਹਵਾ ਕਾਰਨ ਪਾਸਾ ਪਲਟ ਰਿਹਾ ਹੈ।