ਨਵੀਂ ਦਿੱਲੀ: ਅਮਰੀਕਾ ਵਿਚ 35 ਸਾਲ ਦੀ ਕੈਦ ਭੁਗਤ ਰਹੇ ਡੇਵਿਡ ਹੈਡਲੀ ਵੱਲੋਂ ਵੀਡੀਓ ਲਿੰਕ ਰਾਹੀਂ ਮੁੰਬਈ ਦੀ ਸਪੈਸ਼ਲ ਅਦਾਲਤ ਦੇ ਜੱਜ ਸਾਹਮਣੇ ਕੀਤੇ ਇੰਕਸ਼ਾਫ਼ ਨੇ ਪਾਕਿਸਤਾਨ ਉਤੇ ਅਤਿਵਾਦੀ ਹਮਾਇਤ ਦੇ ਠੱਪੇ ਨੂੰ ਹੋਰ ਗੂੜ੍ਹਾ ਕਰ ਦਿੱਤਾ ਹੈ। ਹੈਡਲੀ ਦੇ ਖੁਲਾਸੇ ਨੇ ਇਹ ਵੀ ਸਾਫ ਕਰ ਦਿੱਤਾ ਹੈ ਕਿ 26 ਨਵੰਬਰ, 2008 ਨੂੰ ਮੁੰਬਈ ਹਮਲੇ ਦੀ ਸਾਜ਼ਿਸ਼ ਪਾਕਿਸਤਾਨ ਵਿਚ ਉਸ ਦੀ ਖੁਫ਼ੀਆ ਏਜੰਸੀ ਆਈæਐਸ਼ਆਈæ, ਫ਼ੌਜ ਤੇ ਲਸ਼ਕਰ-ਏ-ਤੋਇਬਾ ਵੱਲੋਂ ਸਾਂਝੇ ਤੌਰ ਉਤੇ ਘੜੀ ਗਈ ਸੀ।
ਲਸ਼ਕਰ-ਏ-ਤੋਇਬਾ ਦਾ ਮੁਖੀ ਹਾਫ਼ਿਜ਼ ਸਈਦ ਹੈ ਜੋ ਅੱਜ ਵੀ ਪਾਕਿਸਤਾਨ ਵਿਚ ਖੁੱਲ੍ਹਾ ਘੁੰਮਦਾ ਭਾਰਤ ਵਿਰੁੱਧ ਜ਼ਹਿਰ ਉਗਲ ਰਿਹਾ ਹੈ। ਉਸ ਨੇ ਖੁਲਾਸਾ ਕੀਤਾ ਕਿ ਮੁੰਬਈ ਹਮਲੇ ਤੋਂ ਪਹਿਲਾਂ ਸਤੰਬਰ ਅਤੇ ਅਕਤੂਬਰ ਵਿਚ ਦੋ ਵਾਰ ਹਮਲੇ ਦੀ ਯੋਜਨਾ ਬਣਾਈ ਗਈ ਸੀ, ਪਰ ਇਹ ਕੋਸ਼ਿਸ਼ਾਂ ਨਾਕਾਮ ਹੋ ਗਈਆਂ। ਇਕ ਵਾਰ ਉਨ੍ਹਾਂ ਦੀ ਕਿਸ਼ਤੀ ਸਮੁੰਦਰ ਵਿਚ ਪਹਾੜੀ ਨਾਲ ਟਕਰਾ ਗਈ ਜਿਸ ਕਾਰਨ ਉਨ੍ਹਾਂ ਦੇ ਹਥਿਆਰ ਤੇ ਗੋਲੀ ਸਿੱਕਾ ਗੁਆਚ ਗਏ ਤੇ ਉਨ੍ਹਾਂ ਨੂੰ ਪਾਕਿਸਤਾਨ ਪਰਤਣਾ ਪਿਆ।
ਹੈਡਲੀ ਨੂੰ ਪਾਕਿਸਤਾਨ ਜਾਂਦਿਆਂ ਸ਼ਿਕਾਗੋ (ਅਮਰੀਕਾ) ਦੇ ਹਵਾਈ ਅੱਡੇ ‘ਤੇ ਫੜਿਆ ਗਿਆ ਸੀ। 2013 ਵਿਚ ਸ਼ਿਕਾਗੋ ਦੀ ਅਦਾਲਤ ਨੇ ਮੁੰਬਈ ਅਤੇ ਡੈਨਮਾਰਕ ਵਿਚ ਅਤਿਵਾਦੀ ਹਮਲੇ ਲਈ ਸਾਜ਼ਿਸ਼ ਘੜਨ ਦੇ ਦੋਸ਼ ਵਿਚ ਉਸ ਨੂੰ 35 ਸਾਲ ਦੀ ਸਜ਼ਾ ਸੁਣਾਈ ਸੀ। ਉਹ ਲਸ਼ਕਰ ਤੋਂ ਇਲਾਵਾ ਪਾਕਿਸਤਾਨੀ ਫੌਜ ਅਤੇ ਆਈæਐਸ਼ਆਈæ ਲਈ ਕੰਮ ਕਰ ਰਿਹਾ ਸੀ ਤੇ ਉਸ ਨੂੰ ਇਹ ਵੀ ਪਤਾ ਸੀ ਕਿ ਆਈæਐਸ਼ਆਈæ ਅਧਿਕਾਰੀ ਬ੍ਰਿਗੇਡੀਅਰ ਰਿਆਜ਼ ਲਸ਼ਕਰ ਕਮਾਂਡਰ ਜ਼ਕੀ-ਉਰ ਰਹਿਮਾਨ ਲਖਵੀ ਦਾ ਆਕਾ ਹੈ। ਲਖਵੀ ਮੁੰਬਈ ਹਮਲੇ ਦਾ ਮੁੱਖ ਸਾਜ਼ਿਸ਼ਘਾੜਾ ਹੈ। ਉਸ ਨੇ ਪਾਕਿਸਤਾਨੀ ਫੌਜ ਤੇ ਆਈæਐਸ਼ਆਈæ ਦੇ ਤਿੰਨ ਅਧਿਕਾਰੀਆਂ ਕਰਨਲ ਸ਼ਾਹ, ਲੈਫਟੀਨੈਂਟ ਕਰਨਲ ਹਮਜ਼ਾ ਅਤੇ ਮੇਜਰ ਸਮੀਰ ਅਲੀ ਦੇ ਨਾਲ ਹੀ ਸੇਵਾਮੁਕਤ ਫੌਜੀ ਅਧਿਕਾਰੀ ਅਬਦੁਲ ਰਹਿਮਾਨ ਪਾਸ਼ਾ ਦਾ ਨਾਂ ਵੀ ਲਿਆ। ਪਾਸ਼ਾ ਲਸ਼ਕਰ ਤੇ ਅਲ ਕਾਇਦਾ ਨਾਲ ਬਹੁਤ ਨੇੜਿਓਂ ਕੰਮ ਕਰ ਰਿਹਾ ਸੀ। ਹੈਡਲੀ ਨੇ ਮੰਨਿਆ ਕਿ ਉਸ ਨੇ ਸਿੱਧੀਵਿਨਾਇਕ ਮੰਦਰ ਤੇ ਜਲ ਸੈਨਾ ਸਟੇਸ਼ਨ ਦੀ ਵੀ ਰੇਕੀ ਕੀਤੀ ਸੀ। ਉਸ ਨੇ ਕਿਹਾ ਕਿ ਭਾਰਤ ਵਿਚ ਹਮਲਿਆਂ ਲਈ ਮੁੱਖ ਤੌਰ ‘ਤੇ ਲਸ਼ਕਰ ਹੀ ਜ਼ਿੰਮੇਵਾਰ ਹੈ। ਪਾਕਿਸਤਾਨ ਦਹਾਕਿਆਂ ਪਹਿਲਾਂ ਆਪਣੇ ਹੀ ਬੁਣੇ ਜਾਲ ਵਿਚ ਬੁਰੀ ਤਰ੍ਹਾਂ ਫਸ ਗਿਆ ਹੈ।
ਦੁਨੀਆਂ ਭਰ ਵਿਚ ਉਹ ਇਕ ਖ਼ਤਰਨਾਕ ਦੇਸ਼ ਵਜੋਂ ਬਦਨਾਮ ਹੋ ਚੁੱਕਾ ਹੈ। ਉਥੇ ਦਹਿਸ਼ਤਵਾਦੀ ਸੰਗਠਨ ਇੰਨੇ ਤਾਕਤਵਰ ਹੋ ਚੁੱਕੇ ਹਨ, ਜਿਨ੍ਹਾਂ ਸਾਹਮਣੇ ਸਰਕਾਰ ਵੀ ਮਜਬੂਰ ਦਿਖਾਈ ਦਿੰਦੀ ਹੈ। ਇਹ ਵੀ ਇਕ ਵੱਡਾ ਕਾਰਨ ਹੈ ਕਿ ਅੱਜ ਪਾਕਿਸਤਾਨ ਦੀ ਸਰਕਾਰ ਤੇ ਸਿਆਸਤਦਾਨ ਜੇਕਰ ਮੋੜ ਕੱਟਣਾ ਵੀ ਚਾਹੁੰਦੇ ਹਨ ਤਾਂ ਉਨ੍ਹਾਂ ਵਿਚ ਅਜਿਹਾ ਕਰਨ ਦਾ ਹੌਸਲਾ ਦਿਖਾਈ ਨਹੀਂ ਦਿੰਦਾ। ਪਾਕਿਸਤਾਨ ਦੇ ਅੰਦਰੂਨੀ ਹਾਲਾਤ ਦਹਿਸ਼ਤਵਾਦੀ ਸੰਗਠਨਾਂ ਕਰ ਕੇ ਲਗਾਤਾਰ ਖ਼ਰਾਬ ਹੁੰਦੇ ਜਾ ਰਹੇ ਹਨ। ਉਥੋਂ ਦੀ ਸਰਕਾਰ ਦੇ ਕਹਿਣ ਅਨੁਸਾਰ ਹੀ ਹੁਣ ਤੱਕ ਉਥੇ 40 ਹਜ਼ਾਰ ਤੋਂ ਵੀ ਵਧੇਰੇ ਨਾਗਰਿਕ ਮਾਰੇ ਜਾ ਚੁੱਕੇ ਹਨ। ਦਹਿਸ਼ਤਗਰਦਾਂ ਦੇ ਹੌਸਲੇ ਲਗਾਤਾਰ ਵਧਦੇ ਜਾ ਰਹੇ ਹਨ। ਅਜਿਹੀ ਸਥਿਤੀ ਵਿਚ ਆਪਣੇ ਦੇਸ਼ ਦੇ ਨਾਲ-ਨਾਲ ਇਹ ਦੇਸ਼ ਜਿਥੇ ਆਪਣੇ ਗੁਆਂਢੀਆਂ ਲਈ ਵੱਡਾ ਖ਼ਤਰਾ ਬਣਿਆ ਹੋਇਆ ਹੈ, ਉਥੇ ਸਮੁੱਚੀ ਦੁਨੀਆਂ ਲਈ ਵੀ ਇਹ ਇਕ ਵੱਡੀ ਚੁਣੌਤੀ ਬਣ ਰਿਹਾ ਹੈ।