ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਾਂਝ ਅਣਸਰਦੀ ਦਾ ਸੌਦਾ ਬਣ ਗਈ ਹੈ। ਵੱਡੇ ਮਤਭੇਦਾਂ ਦੇ ਬਾਵਜੂਦ ਦੋਵਾਂ ਧਿਰਾਂ ਨੇ ਗਠਜੋੜ ਧਰਮ ਨਿਭਾਉਣ ਦਾ ਫੈਸਲਾ ਕੀਤਾ ਹੈ। ਪੰਜਾਬ ਦੇ ਭਾਜਪਾ ਆਗੂ ਅਕਾਲੀ ਦਲ ਨਾਲੋਂ ਤਲਾਕ ਲਈ ਕਾਹਲੇ ਹਨ, ਪਰ ਪਾਰਟੀ ਹਾਈਕਮਾਨ ਅਜੇ ਨਫ਼ੇ-ਨੁਕਸਾਨ ਦਾ ਅੰਦਾਜਾ ਲਾਉਣ ਵਿਚ ਰੁੱਝੀ ਹੋਈ ਹੈ।
ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੀ ਪ੍ਰਧਾਨਗੀ ਹੇਠ ਦਿੱਲੀ ਵਿਚ ਹੋਈ ਮੀਟਿੰਗ ਦੌਰਾਨ ਭਾਜਪਾ ਆਗੂਆਂ ਵੱਲੋਂ ਭਾਈਵਾਲ ਪਾਰਟੀ ਖਿਲਾਫ ਖੁੱਲ੍ਹ ਕੇ ਭੜਾਸ ਕੱਢੀ ਗਈ ਸੀ, ਪਰ ਗਠਜੋੜ ਤੋੜਨ ਦਾ ਕੋਈ ਢੁਕਵਾਂ ਕਾਰਨ ਦੱਸਣ ਵਿਚ ਨਾਕਾਮ ਰਹੇ। ਹਾਲਾਂਕਿ ਭਾਜਪਾ ਆਗੂਆਂ ਨੇ ਇਸ ਵਾਰ ਅਕਾਲੀ ਦਲ ਵੱਲੋਂ ਪੁੱਛਗਿਛ ਨਾ ਕਰਨ ਦੇ ਪੁਰਾਣੇ ਉਲਾਂਭੇ ਦੀ ਥਾਂ ਸੂਬੇ ਵਿਚ ਇਸ ਪੰਥਕ ਪਾਰਟੀ ਦੇ ਮਾੜੇ ਹਾਲਾਤ ਦਾ ਤਰਕ ਦਿੱਤਾ ਸੀ ਤੇ ਕੇਂਦਰੀ ਆਗੂਆਂ ਨੂੰ ਇਹ ਜਚ ਵੀ ਗਿਆ, ਪਰ ਭਾਜਪਾ ਗਠਜੋੜ ਤੋੜਨ ਦਾ ਸਾਰਾ ਦੋਸ਼ ਆਪਣੇ ਸਿਰ ਲੈਣ ਤੋਂ ਝਿਜਕ ਰਹੀ ਹੈ। ਭਾਜਪਾ ਪ੍ਰਧਾਨ ਅਮਿਤ ਸ਼ਾਹ ਤੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਅਕਾਲੀ ਆਗੂਆਂ ਨਾਲ ਮੁਲਾਕਾਤ ਦੌਰਾਨ ਤਾਲਮੇਲ ਲਈ ਕੋਆਡੀਨੇਸ਼ਨ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਹੈ। ਦੱਸਿਆ ਜਾਂਦਾ ਹੈ ਕਿ ਪੰਜਾਬ ਭਾਜਪਾ ਦੇ ਆਗੂ ਅਕਾਲੀ ਦਲ ਤੋਂ ਵੱਖ ਹੋਣ ਦਾ ਪੂਰਾ ਮਨ ਬਣਾ ਕੇ ਗਏ ਸਨ ਤੇ ਸੂਬੇ ਦੇ ਸਿਆਸੀ ਹਾਲਾਤ ਦਾ ਸਾਰਾ ਖੁਲਾਸਾ ਕੇਂਦਰੀ ਲੀਡਰਸ਼ਿਪ ਅੱਗੇ ਕੀਤਾ ਸੀ, ਪਰ ਸੀਨੀਅਰ ਆਗੂਆਂ ਨੇ ਇਨ੍ਹਾਂ ਭਾਜਪਾ ਆਗੂਆਂ ਦੀ ਕਾਰਗੁਜਾਰੀ ‘ਤੇ ਹੀ ਸਵਾਲ ਖੜ੍ਹੇ ਕਰ ਦਿੱਤੇ। ਉਧਰ, ਸ਼੍ਰੋਮਣੀ ਅਕਾਲੀ ਦਲ ਵੀ ਭਾਜਪਾ ਦੀਆਂ ‘ਹਰਕਤਾਂ’ ਤੋਂ ਔਖਾ ਸੀ ਤੇ ਵੱਖ ਹੋਣ ਲਈ ਤਿਆਰ-ਬਰ-ਤਿਆਰ ਸੀ। ਹਾਲਾਤ ਨੂੰ ਸਮਝਦੇ ਹੋਏ ਭਾਜਪਾ ਨੇ ਪਿੱਛੇ ਹਟਣ ਵਿਚ ਹੀ ਭਲਾਈ ਸਮਝੀ। ਦੱਸਣਯੋਗ ਹੈ ਕਿ ਕੇਂਦਰੀ ਰਾਜ ਗ੍ਰਹਿ ਮੰਤਰੀ ਕਿਰਨ ਰਿਜਿਜੂ ਵੱਲੋਂ ਪੰਜਾਬ ਨੂੰ ਗੜਬੜ ਵਾਲਾ ਸੂਬਾ ਕਹਿਣ, ਖਡੂਰ ਸਾਹਿਬ ਚੋਣ ਵਿਚ ਅਕਾਲੀ ਦਲ ਖਿਲਾਫ ਭਾਜਪਾ ਦਾ ਪ੍ਰਚਾਰ, ਗਣਤੰਤਰ ਦਿਵਸ ‘ਤੇ ਸਿੱਖ ਰੈਜੀਮੈਂਟ ਨੂੰ ਸ਼ਾਮਲ ਨਾ ਕਰਨ ਤੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਧਾਨ ਬਣਾਉਣ ਦੀ ਚਰਚਾ ਜਿਹੇ ਮੁੱਦੇ ਅਕਾਲੀ ਦਲ ਨੂੰ ਰੜਕ ਰਹੇ ਹਨ। ਇਹ ਪੰਜੇ ਨੁਕਤੇ ਪੰਜਾਬ ਦੀ ਗਠਜੋੜ ਸਿਆਸਤ ਬਦਲਣ ਦਾ ਸੰਕੇਤ ਦੇ ਰਹੇ ਸਨ, ਪਰ ਭਾਜਪਾ ਨੇ ਝੁਕ ਕੇ ਫਿਲਹਾਲ ਗਠਜੋੜ ਦਾ ਸੰਕਟ ਟਾਲ ਦਿੱਤਾ ਹੈ।
ਭਾਜਪਾ ਦੀ ਲੋਕ ਸਭਾ ਚੋਣ ਵਿਚ ਦੇਸ਼ ਭਰ ਵਿਚ ਵੱਡੀ ਜਿੱਤ ਨੇ ਦੋਵਾਂ ਪਾਰਟੀਆਂ ਵਿਚਕਾਰ ਰਿਸ਼ਤੇ ਬੇਹੱਦ ਤਣਾਅ ਵਾਲੇ ਬਣਾ ਦਿੱਤੇ ਸਨ ਤੇ ਦੋਵਾਂ ਪਾਰਟੀਆਂ ਨੇ ਜਨਤਕ ਤੌਰ ਉਤੇ ਇਕ-ਦੂਜੇ ਵਿਰੁੱਧ ਤਲਵਾਰਾਂ ਵੀ ਧੂਹ ਲਈਆਂ ਸਨ, ਪਰ ਦੇਸ਼ ਪੱਧਰੀ ਜਿੱਤ ਦਾ ਦਿੱਲੀ ਦੀ ਚੋਣ ਵਿਚ ਗੁਬਾਰ ਉਤਾਰ ਦਿੱਤੇ ਜਾਣ ਕਾਰਨ ਪੰਜਾਬ ਵਿਚ ਭਾਜਪਾ ਕਾਫੀ ਨਰਮ ਪੈ ਗਈ। ਦੋਵਾਂ ਪਾਰਟੀਆਂ ਦੇ ਸਬੰਧਾਂ ਵਿਚ ਮੁੜ ਪਹਿਲਾਂ ਵਾਲੀ ਰਸਾਈ ਨਹੀਂ ਬਣ ਸਕੀ।
ਸੂਬੇ ਅੰਦਰ ਗਠਜੋੜ ਦੀ ਸਰਕਾਰ ਚੱਲ ਰਹੀ ਹੈ, ਪਰ ਦੋਵਾਂ ਪਾਰਟੀਆਂ ਵਿਚਕਾਰ ਤਾਲਮੇਲ ਇੰਨਾ ਪੇਤਲਾ ਪੈ ਗਿਆ ਹੈ ਕਿ ਪਿਛਲੇ ਤਕਰੀਬਨ ਇਕ ਸਾਲ ਤੋਂ ਦੋਵਾਂ ਪਾਰਟੀਆਂ ਦੇ ਆਗੂਆਂ ਦੀ ਸਾਂਝੀ ਮੀਟਿੰਗ ਵੀ ਬਕਾਇਦਾ ਕਦੇ ਨਹੀਂ ਹੋਈ। ਪੰਜਾਬ ਭਾਜਪਾ ਦੀ ਕਮਾਨ ਅਕਾਲੀ ਦਲ ਦੇ ਕੱਟੜ ਵਿਰੋਧੀ ਨਵਜੋਤ ਸਿੰਘ ਸਿੱਧੂ ਹੱਥ ਦੇਣ ਬਾਰੇ ਆ ਰਹੀਆਂ ਖ਼ਬਰਾਂ ਤੋਂ ਇਹ ਵੀ ਕਿਆਸੇ ਲੱਗ ਰਹੇ ਸਨ ਕਿ ਪਾਰਟੀ ਹਰਿਆਣਾ ਵਰਗਾ ਤਜਰਬਾ ਦੁਹਰਾਉਣ ਲਈ ਇਕੱਲਿਆਂ ਲੜਨ ਦਾ ਵੀ ਰਾਹ ਅਖਤਿਆਰ ਕਰ ਸਕਦੀ ਹੈ।