ਖੇਡਣ-ਮੱਲ੍ਹਣ ਦਾ ਸੁਨੇਹਾ ਦੇ ਗਈਆਂ ਖੇਡਾਂ ਕਿਲਾ ਰਾਏਪੁਰ ਦੀਆਂ

ਲੁਧਿਆਣਾ: 80ਵੀਆਂ ਕਿਲਾ ਰਾਏਪੁਰ ਖੇਡਾਂ ਪੰਜਾਬ ਵਾਸੀਆਂ ਨੂੰ ਖੇਡਣ ਤੇ ਖਿਡਾਉਣ ਦਾ ਸੁਨੇਹਾ ਦਿੰਦੀਆਂ ਸਮਾਪਤ ਹੋ ਗਈਆਂ। ਚਾਰ ਫਰਵਰੀ ਨੂੰ ਸ਼ੁਰੂ ਹੋਈ ਪੇਂਡੂ ਓਲੰਪਿਕਸ ਵਿਚ ਜਿਥੇ ਆਧੁਨਿਕ ਖੇਡਾਂ ਦੀ ਚੜ੍ਹਤ ਰਹੀ ਉਥੇ ਪੁਰਾਤਨ ਖੇਡਾਂ ਨੂੰ ਦੇਖਣ ਲਈ ਵੀ ਲੋਕ ਵਹੀਰਾਂ ਘੱਤ ਕੇ ਪੁੱਜੇ। ਗਰੇਵਾਲ ਸਪੋਰਟਸ ਐਸੋਸੀਏਸ਼ਨ ਵੱਲੋਂ ਹਰ ਸਾਲ ਕਰਾਏ ਜਾਂਦੇ ਇਸ ਖੇਡ ਮੇਲੇ ਨੂੰ ਬੈਲ-ਗੱਡੀਆਂ ਦੀਆਂ ਦੌੜਾਂ ਕਰਕੇ ਪੂਰੇ ਵਿਸ਼ਵ ਵਿਚ ਮਕਬੂਲੀਅਤ ਮਿਲੀ ਸੀ।

ਮਿੰਨੀ ਓਲੰਪਿਕਸ ਦੇ ਆਖਰੀ ਦਿਨ ਭਗਵੰਤ ਮੈਮੋਰੀਅਲ ਗੋਲਡ ਹਾਕੀ ਕੱਪ ਹਾਂਸ ਕਲਾਂ ਕਲੱਬ ਨੇ ਐਸ਼ਜੀæਪੀæਸੀæ ਅੰਮ੍ਰਿਤਸਰ ਦੀ ਟੀਮ ਨੂੰ 1-0 ਗੋਲਾਂ ਨਾਲ ਹਰਾ ਕੇ ਜਿੱਤਿਆ। ਬਜ਼ੁਰਗਾਂ (75 ਤੋਂ 80 ਸਾਲ) ਦੀ 100 ਮੀਟਰ ਦੌੜ ਵਿਚ ਚਨੋਲੇ ਦਾ ਛੱਜੂ ਰਾਮ ਪਹਿਲੇ, ਅੰਮ੍ਰਿਤਸਰ ਦਾ ਸੁਵਿੰਦਰ ਸਿੰਘ ਦੂਜੇ ਅਤੇ ਗੁੱਜਰਵਾਲ ਦਾ ਗੁਰਚਰਨ ਸਿੰਘ ਗਿੱਲ ਤੀਜੇ ਸਥਾਨ ‘ਤੇ ਰਿਹਾ। 80 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਵਿਚੋਂ ਫੱਲੇਵਾਲ ਦਾ ਤੇਜਾ ਸਿੰਘ ਜੇਤੂ ਰਿਹਾ ਜਦੋਂ ਕਿ ਖੰਨਾ ਦਾ ਨਛੱਤਰ ਸਿੰਘ ਦੂਜੇ ਸਥਾਨ ‘ਤੇ ਰਿਹਾ। ਟਰਾਈਸਾਈਕਲ (100 ਮੀਟਰ) ਰੇਸ ਕਿਲਾ ਰਾਏਪੁਰ ਦੇ ਸੁੱਖੇ ਨੇ ਜਿੱਤੀ। ਮਹਿਲਾਵਾਂ ਦੀ ਉੱਚੀ ਛਾਲ ਵਿਚ ਪਟਿਆਲਾ ਦੀ ਪਰਨੀਤ ਕੌਰ ਪਹਿਲੇ ਅਤੇ ਪੁਰਸ਼ਾਂ ਦੀ ਉਚੀ ਛਾਲ ਵਿਚ ਪਟਿਆਲਾ ਦਾ ਲਵਪ੍ਰੀਤ ਸਿੰਘ ਪਹਿਲੇ ਸਥਾਨ ਉਤੇ ਰਿਹਾ। ਔਰਤਾਂ ਦੀ 200 ਮੀਟਰ ਦੌੜ ਪਟਿਆਲਾ ਦੀ ਨੀਲੂ ਯਾਦਵ ਤੇ ਪੁਰਸ਼ ਵਰਗ ਵਿਚ ਪਟਿਆਲਾ ਦਾ ਨਰਿੰਦਰ ਸਿੰਘ ਜੇਤੂ ਰਿਹਾ।
ਪੁਰਸ਼ਾਂ ਦੀ 800 ਮੀਟਰ ਦੌੜ ‘ਚ ਸੰਗਰੂਰ ਦਾ ਪੰਕਜ ਤੇ ਔਰਤਾਂ ਦੇ ਵਰਗ ਵਿਚ ਗੁਰਦਾਸਪੁਰ ਦੀ ਸੀਮਾ ਜੇਤੂ ਰਹੀ। ਤਿੰਨ ਮੀਲ ਸਾਈਕਲ ਰੇਸ ਲੁਧਿਆਣਾ ਦੇ ਸਾਹਿਲ ਨੇ ਜਿੱਤੀ। ਘੋੜਿਆਂ ਦੀ ਦੌੜ ਵਿਚ ਕਕਰਾਲੀ ਦੇ ਬਲਵੀਰ ਸਿੰਘ ਦੇ ਘੋੜੇ ਨੇ ਤਿੰਨ ਵਾਰ ਦੇ ਚੈਂਪੀਅਨ ਜੁਝਾਰ ਸਿੰਘ ਦੇ ਘੋੜੇ ਨੂੰ ਪਛਾੜ ਕੇ ਪਹਿਲਾ ਸਥਾਨ ਹਾਸਲ ਕੀਤਾ। ਖੱਚਰ ਦੌੜ ਮੁਕਾਬਲਾ ਹੈਪੀ ਦੇ ਖੱਚਰ ਨੇ ਜਿੱਤਿਆ ਜਦੋਂ ਕਿ ਬੱਬੂ ਤੇ ਧਰਮ ਸਿੰਘ ਦੇ ਖੱਚਰ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ਉਤੇ ਰਹੇ। ਟਰੈਕਟਰ ਰੇਸ ਵਿਚੋਂ ਹੁਸ਼ਿਆਰਪੁਰ ਦੇ ਸੁੱਖੇ ਦਾ ਟਰੈਕਟਰ ਪਹਿਲੇ, ਪਮਾਲ ਦੇ ਜਸਪਾਲ ਸਿੰਘ ਦਾ ਦੂਜੇ ਅਤੇ ਟੂਸੇ ਦੇ ਰਵਿੰਦਰ ਸਿੰਘ ਦਾ ਟਰੈਕਟਰ ਤੀਜੇ ਸਥਾਨ ਉਤੇ ਰਿਹਾ। ਕਬੱਡੀ ਫਾਈਨਲ ਵਿਚ ਕਲਸੀਆਂ ਟੀਮ-1 ਨੇ ਕਲਸੀਆਂ ਟੀਮ-2 ਨੂੰ ਹਰਾਇਆ। ਇਨ੍ਹਾਂ ਖੇਡਾਂ ਤੋਂ ਇਲਾਵਾ ਦੰਦਾਂ ਨਾਲ ਪੌੜੀ ਚੁੱਕਣ, ਸਾਈਕਲ ਚੁੱਕਣ, ਭਾਰ ਚੁੱਕਣ, ਜਿਮਨਾਸਟਿਕ ਦੇ ਮੁਕਾਬਲੇ ਵੀ ਖਿੱਚ ਦਾ ਕੇਂਦਰ ਰਹੇ। ਖੇਡਾਂ ਵਿਚੋਂ ਜੇਤੂ ਰਹਿਣ ਵਾਲਿਆਂ ਨੂੰ ਮੁੱਖ ਮਹਿਮਾਨ ਵੱਲੋਂ ਇਨਾਮਾਂ ਦੀ ਵੰਡ ਕੀਤੀ ਗਈ।
______________________________________
ਬੈਲ ਗੱਡੀਆਂ ਦੀ ਥਾਂ ਖੱਚਰਾਂ ਤੇ ਕੁੱਤਿਆਂ ਨੇ ਮੱਲੀ
ਕਿਲਾ ਰਾਏਪੁਰ: ਅਦਾਲਤੀ ਪਾਬੰਦੀ ਕਾਰਨ ਭਾਵੇਂ ਇਸ ਵਾਰ ਬੈੱਲ ਗੱਡੀਆਂ ਦੀਆਂ ਦੌੜਾਂ ਨਹੀਂ ਕਰਾਈਆਂ ਜਾ ਸਕੀਆਂ, ਪਰ ਪ੍ਰਬੰਧਕਾਂ ਨੇ ਖੱਚਰਾਂ, ਘੋੜਿਆਂ, ਕੁੱਤਿਆਂ ਤੇ ਟਰੈਕਟਰਾਂ ਦੀਆਂ ਦੌੜਾਂ ਕਰਵਾ ਕੇ ਇਸ ਖੱਪੇ ਨੂੰ ਪੂਰਨ ਦਾ ਯਤਨ ਕੀਤਾ। ਖੇਡ ਮੇਲੇ ਦੇ ਆਖਰੀ ਦਿਨ 30-40 ਦੇ ਕਰੀਬ ਬੈਲ ਗੱਡੀ ਮਾਲਕਾਂ ਨੇ ਜਾਨਵਰਾਂ ਦੇ ਹੱਕਾਂ ਵਾਲੀ ਸੰਸਥਾ ‘ਪੇਟਾ’ ਖਿਲਾਫ ਰੋਸ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਉਹ ਬਲਦਾਂ ਨੂੰ ਆਪਣੇ ਬੱਚਿਆਂ ਵਾਂਗ ਪਾਲਦੇ ਹਨ। ਇਸ ਲਈ ਦੁੜਾਉਣ ਸਮੇਂ ਉਨ੍ਹਾਂ ‘ਤੇ ਕਿਸੇ ਵੀ ਤਰ੍ਹਾਂ ਦੇ ਜ਼ੁਲਮ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਜਿਸ ਸੰਸਥਾ ਜਾਂ ਵਿਅਕਤੀ ਨੂੰ ਬੈਲ ਦੁੜਾਉਣ ‘ਤੇ ਇਤਰਾਜ਼ ਹੈ, ਉਹ ਇਕ ਵਾਰ ਇਥੇ ਆ ਕੇ ਜ਼ਰੂਰ ਦੇਖੇ। ਰੋਸ ਵਜੋਂ ਉਨ੍ਹਾਂ ਨੇ ਪੂਰੇ ਮੈਦਾਨ ਦਾ ਚੱਕਰ ਵੀ ਲਾਇਆ।
________________________________________
ਖੇਡਾਂ-ਖੇਡਾਂ ਵਿਚ ਬਾਬਿਆਂ ਦਾ ਨੌਜਵਾਨਾਂ ਨੂੰ ਸੁਨੇਹਾæææ
ਲੁਧਿਆਣਾ: ਮੇਲੇ ਦੇ ਤੀਜੇ ਦਿਨ 70 ਸਾਲਾ ਬਜ਼ੁਰਗ ਹਰਦਮ ਸਿੰਘ ਨੇ 100 ਬੈਠਕਾਂ ਕੱਢੀਆਂ। ਬਾਬਿਆਂ ਦੀ ਦੌੜ ਨੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਸੋਚਣ ਲਈ ਮਜਬੂਰ ਕਰ ਦਿੱਤਾ। ਮੁਕੰਦਪੁਰ ਦੇ ਪ੍ਰਗਟ ਸਿੰਘ ਨੇ ਦੰਦਾਂ ਨਾਲ ਹੱਲ ਉਤੇ ਸਾਈਕਲ ਬੰਨ੍ਹ ਕੇ ਚੁੱਕਿਆ, ਮੋਗੇ ਦੇ ਕਰਨੈਲ ਸਿੰਘ ਨੇ ਕੰਨ ਨਾਲ ਤੇ ਸੁਖਵਿੰਦਰ ਸਿੰਘ ਨੇ ਵਾਲਾਂ ਨਾਲ ਚਾਰ ਸਵਾਰੀਆਂ ਵਾਲੀ ਕਾਰ ਖਿੱਚ ਕੇ ਦਿਖਾਈ। ਹੁਸ਼ਿਆਪੁਰ ਦੇ ਬਲਬੀਰ ਸਿੰਘ ਨੇ ਆਪਣੇ ਉਪਰੋਂ ਟਰੈਕਟਰ ਲੰਘਾਇਆ, ਲੁਧਿਆਣਾ ਦੀਆਂ ਭਾਮੀਆਂ ਕਲਾਂ ਦੇ ਗੁਰਮੀਤ ਸਿੰਘ ਨੇ ਦੰਦਾਂ ਨਾਲ ਪੌੜੀ ਚੁੱਕ ਕੇ ਦਿਖਾਈ। ਰਾਏ ਸਿੰਘ ਨੇ 230 ਕਿਲੋ ਦੀ ਬੋਰੀ ਤੇ ਉਸ ਉੱਪਰ ਦੋ ਬੱਚੇ ਖੜ੍ਹੇ ਕਰਕੇ ਚੁੱਕ ਕੇ ਦਿਖਾਏ। ਹਿਮਾਚਲ ਪ੍ਰਦੇਸ਼ ਤੋਂ ਆਏ ਲਾਲ ਚੰਦ ਸ਼ਰਮਾ ਨੇ ਛਾਤੀ ਉਤੇ ਇੱਟਾਂ ਰੱਖ ਕੇ ਹਥੌੜੇ ਨਾਲ ਤੋੜਨ ਦਾ ਕਰਤਬ ਦਿਖਾਇਆ। ਰਾਜਪਾਲ ਸਿੰਘ ਨਾਂ ਦੇ ਨੌਜਵਾਨ ਨੇ 120 ਕਿਲੋ ਦੀ ਬੈਂਚ ਪ੍ਰੈਸ ਲਾ ਕੇ ਆਪਣੀ ਤਾਕਤ ਦਾ ਲੋਹਾ ਮਨਵਾਇਆ।