ਬਾਲਟੀਮੋਰ: ਅਹੁਦੇ ਦਾ ਸਮਾਂ ਖਤਮ ਹੋਣ ਤੋਂ ਇਕ ਸਾਲ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਪਹਿਲੀ ਵਾਰ ਦੇਸ਼ ਵਿਚ ਮੈਰੀਲੈਂਡ ਦੀ ਬਾਲਟੀਮੋਰ ਮਸਜਿਦ ਦਾ ਦੌਰਾ ਕੀਤਾ। ਇਸ ਦੌਰਾਨ ਓਬਾਮਾ ਨੇ ਮੁਸਲਿਮ ਮਹਿਲਾਵਾਂ ਨਾਲ ਗੱਲਬਾਤ ਵੀ ਕੀਤੀ ਤੇ ਭਾਸ਼ਨ ਵੀ ਦਿੱਤਾ। ਅਮਰੀਕੀ ਰਾਸ਼ਟਰਪਤੀ ਨੇ ਆਖਿਆ ਕਿ ਮੁਸਲਮਾਨ ਅਮਰੀਕੀ ਪਰਿਵਾਰ ਦਾ ਹਿੱਸਾ ਹਨ।
ਮਸਜਿਦ ਅੰਦਰ ਜਾਣ ਤੋਂ ਪਹਿਲਾਂ ਓਬਾਮਾ ਨੇ ਆਪਣੇ ਜੁੱਤੇ ਆਪ ਉਤਾਰੇ।
ਇਸ ਤੋਂ ਬਾਅਦ ਉਨ੍ਹਾਂ ਮਸਜਿਦ ਵਿਚ ਹਰ ਚੀਜ਼ ਨੂੰ ਬਹੁਤ ਹੀ ਧਿਆਨ ਨਾਲ ਦੇਖਿਆ। ਅਹੁਦੇ ਉਤੇ ਅੱਠ ਸਾਲ ਬਣੇ ਰਹਿਣ ਤੋਂ ਬਾਅਦ ਓਬਾਮਾ ਪਹਿਲੀ ਵਾਰ ਦੇਸ਼ ਵਿਚ ਮਸਜਿਦ ਵਿਚ ਗਏ ਸਨ। ਇਸ ਕਰਕੇ ਇਸ ਦੌਰੇ ਨੂੰ ਸਿਆਸੀ ਨਜ਼ਰ ਨਾਲ ਵੀ ਦੇਖਿਆ ਜਾ ਰਿਹਾ ਹੈ। ਇਸ ਦੌਰਾਨ ਓਬਾਮਾ ਨੇ ਆਖਿਆ ਕਿ ਅਮਰੀਕਾ ਵਿਚ ਰਾਜਨੀਤਕ ਆਜ਼ਾਦੀ ਹੈ, ਪਰ ਫਿਰ ਵੀ ਦੇਸ਼ ਵਿਚ ਮੁਸਲਿਮ ਭਾਈਚਾਰੇ ਨੂੰ ਲੈ ਕੇ ਚਿੰਤਾ ਤੇ ਡਰ ਦਾ ਮਾਹੌਲ ਹੈ। ਇਸ ਦੇ ਬਾਵਜੂਦ ਅਮਰੀਕਾ ਵਿਚ ਸਾਰੇ ਧਰਮਾਂ ਨੂੰ ਆਜ਼ਾਦੀ ਹੈ।
ਅਮਰੀਕਾ ਵਿਚ ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਲਈ ਮੁਸਲਿਮ ਮੁੱਦਾ ਕਾਫੀ ਅਹਿਮ ਬਣਾਇਆ ਹੋਇਆ ਹੈ। ਰਾਸ਼ਟਰਪਤੀ ਅਹੁਦੇ ਦੀ ਦਾਅਵੇਦਾਰੀ ਵਿਚ ਰਿਪਬਲੀਕਨ ਪਾਰਟੀ ਦੇ ਉਮੀਦਵਾਰ ਡੋਨਲਡ ਟ੍ਰੰਪ ਨੇ ਅਮਰੀਕਾ ਵਿਚ ਮੁਸਲਿਮ ਭਾਈਚਾਰੇ ਦੇ ਆਉਣ ਉਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਸੀ ਜਿਸ ਦੀ ਵਾਈਟ ਹਾਊਸ ਵੱਲੋਂ ਨਿੰਦਾ ਵੀ ਕੀਤੀ ਗਈ ਸੀ। ਅਮਰੀਕਾ ਵਿਚ ਮੁਸਲਿਮ ਵਿਰੋਧੀ ਬਿਆਨਾਂ ਕਾਰਨ ਦੇਸ਼ ਵਿਚ ਰਹਿਣ ਵਾਲੀ ਮੁਸਲਿਮ ਆਬਾਦੀ ਵਿਚ ਸਹਿਮ ਦਾ ਮਾਹੌਲ ਹੈ। ਅਮਰੀਕਾ ਦੀ ਰਾਜਨੀਤੀ ਉਤੇ ਨਜ਼ਰ ਰੱਖਣ ਵਾਲੇ ਸਿਆਸੀ ਮਾਹਿਰ ਇਸ ਦੌਰੇ ਨੂੰ ਮੁਸਲਿਮ ਵੋਟ ਬੈਂਕ ਨਾਲ ਜੋੜ ਕੇ ਦੇਖ ਰਹੇ ਹਨ।
____________________________________________
ਟ੍ਰੰਪ ਦੇ ਹੱਕ ਵਿਚ ਡਟੇ ਪਰਵਾਸੀ ਭਾਰਤੀ
ਵਾਸ਼ਿੰਗਟਨ: ਭਾਰਤੀ ਮੂਲ ਦੇ ਅਮਰੀਕੀ ਨਾਗਰਿਕਾਂ ਨੇ ਰਿਪਬਲੀਕਨ ਪਾਰਟੀ ਦੇ ਉਮੀਦਵਾਰ ਬਣਨ ਦੀ ਦੌੜ ਵਿਚ ਸ਼ਾਮਲ ਡੋਨਲਡ ਟ੍ਰੰਪ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਟ੍ਰੰਪ ਦਾ ਸਮਰਥਨ ਕਰਨ ਵਾਲੇ ਜ਼ਿਆਦਾਤਰ ਭਾਰਤੀ ਨਿਊ ਯਾਰਕ ਤੇ ਨਿਊਜਰਸੀ ਦੇ ਰਹਿਣ ਵਾਲੇ ਹਨ। ਇਨ੍ਹਾਂ ਭਾਰਤੀਆਂ ਨੇ ਇਸ ਲਈ ਇਕ ਸੰਗਠਨ ਵੀ ਬਣਾਇਆ ਹੈ। ਇਸ ਦਾ ਨਾਂ ‘ਇੰਡੀਅਨ ਅਮਰੀਕਨ ਫਾਰ ਟ੍ਰੰਪ 2016’ ਹੈ। ਭਾਰਤੀ ਭਾਈਚਾਰੇ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਦੇ ਅਹੁਦੇ ਦੀ ਦੌੜ ਵਿਚ ਟ੍ਰੰਪ ਸਭ ਤੋਂ ਯੋਗ ਉਮੀਦਵਾਰ ਹੈ।
ਇਸ ਸੰਗਠਨ ਨੇ ਬਿਆਨ ਜਾਰੀ ਕਰਕੇ ਆਖਿਆ ਹੈ ਕਿ ਅਮਰੀਕਾ ਵਿਚ ਰਹਿਣ ਵਾਲੇ ਭਾਈਚਾਰੇ ਨੂੰ ਟ੍ਰੰਪ ਦੀ ਮਦਦ ਕਰਨੀ ਚਾਹੀਦੀ ਹੈ। ਇੰਡੀਅਨ ਅਮਰੀਕਨ ਫਾਰ ਟ੍ਰੰਪ 2016 ਦਾ ਮੁਖੀ ਅਨੰਦ ਅਹੂਜਾ ਬਣਾਇਆ ਗਿਆ ਹੈ। ਅਨੰਦ ਅਹੂਜਾ ਨੇ ਬਿਆਨ ਵਿਚ ਆਖਿਆ ਹੈ ਕਿ ਦਹਿਸ਼ਤਵਾਦ ਹੋਵੇ ਜਾਂ ਫਿਰ ਅਰਥ ਵਿਵਸਥਾ ਨੂੰ ਚੰਗਾ ਬਣਾਉਣਾ ਹੋਵੇ, ਇਸ ਲਈ ਜ਼ਰੂਰੀ ਹੈ ਕਿ ਡੋਨਲਡ ਟ੍ਰੰਪ ਅਮਰੀਕਾ ਦੇ ਰਾਸ਼ਟਰਪਤੀ ਬਣੇ। ਇਸ ਸੰਗਠਨ ਵਿਚ ਸ਼ਾਮਲ ਜ਼ਿਆਦਾਤਰ ਭਾਰਤੀ ਮੂਲ ਦੇ ਅਮਰੀਕੀ ਆਈæਟੀæ ਮਾਹਰ ਹਨ। ਟ੍ਰੰਪ ਦਾ ਸਮਰਥਨ ਕਾਰਨ ਵਾਲੇ ਭਾਰਤੀਆਂ ਦਾ ਕਹਿਣਾ ਹੈ ਕਿ ਅਮਰੀਕਾ ਵਿਚ ਗੈਰ ਕਾਨੂੰਨੀ ਤੌਰ ਉਤੇ ਰਹਿਣ ਵਾਲੇ ਲੋਕਾਂ ਨੂੰ ਦੇਸ਼ ਤੋਂ ਬਾਹਰ ਕਰ ਦੇਣਾ ਚਾਹੀਦਾ ਹੈ। ਇਸ ਨਾਲ ਦੇਸ਼ ਉਤੇ ਆਰਥਿਕ ਬੋਝ ਘਟ ਹੋਵੇਗਾ।
_________________________________________
ਮੁਸਲਮਾਨਾਂ ਦੇ ਭੁਲੇਖੇ ਹੁੰਦੇ ਨੇ ਸਿੱਖਾਂ ‘ਤੇ ਹਮਲੇ: ਓਬਾਮਾ
ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਮੰਨਿਆ ਹੈ ਕਿ ਅਮਰੀਕੀ ਸਿੱਖਾਂ ਨੂੰ ਵੀ ਅਕਸਰ ਧਮਕੀਆਂ ਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਉਨ੍ਹਾਂ ਨੂੰ ਭੁਲੇਖੇ ਨਾਲ ਮੁਸਲਮਾਨ ਸਮਝ ਲਿਆ ਜਾਂਦਾ ਹੈ। ਮੈਰੀਲੈਂਡ ਵਿਚ ਬਾਲਟੀਮੋਰ ਦੀ ਮਸਜਿਦ ‘ਚ ਪਹਿਲੀ ਵਾਰ ਪੁੱਜੇ ਸ੍ਰੀ ਓਬਾਮਾ ਨੇ ਮੰਨਿਆ ਕਿ ਅਮਰੀਕੀ ਸਿੱਖਾਂ ਦੇ ਪਹਿਰਾਵੇ ਤੇ ਦਿਖ ਦਾ ਭੁਲੇਖਾ ਖਾ ਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਸ੍ਰੀ ਓਬਾਮਾ ਵੱਲੋਂ ਸਿੱਖਾਂ ਖਿਲਾਫ ਹੁੰਦੀ ਹਿੰਸਾ ਦਾ ਮਾਮਲਾ ਅਜਿਹੇ ਵੇਲੇ ਚੁੱਕਿਆ ਗਿਆ ਹੈ ਜਦੋਂ ਉਨ੍ਹਾਂ ‘ਤੇ ਹਮਲਿਆਂ ਦੀਆਂ ਵਾਰਦਾਤਾਂ ਵਿਚ ਵਾਧਾ ਹੋਇਆ ਹੈ। ਜ਼ਿਕਰਯੋਗ ਹੈ ਕਿ ਪਹਿਲੀ ਜਨਵਰੀ ਨੂੰ ਕੈਲੇਫੋਰਨੀਆ ਦੇ ਫਰੈਜ਼ਨੋ ਸ਼ਹਿਰ ਵਿਚ 68 ਵਰ੍ਹਿਆਂ ਦੇ ਸਿੱਖ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਦਕਿ ਪਿਛਲੇ ਸਾਲ ਦਸੰਬਰ ‘ਚ ਇਕ ਹੋਰ ਬਜ਼ੁਰਗ ਸਿੱਖ ਨੂੰ ਦੋ ਵਿਅਕਤੀਆਂ ਨੇ ਫਰੈਜ਼ਨੋ ‘ਚ ਬੁਰੀ ਤਰ੍ਹਾਂ ਕੁੱਟਿਆ ਸੀ।