ਇਸਲਾਮਾਬਾਦ: ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਇਕ ਬ੍ਰਿਟਿਸ਼ ਪੁਲਿਸ ਅਫਸਰ ਦੀ ਹੱਤਿਆ ਦੇ ਮਾਮਲੇ ਵਿਚ ਬੇਕਸੂਰ ਸਾਬਤ ਕਰਨ ਲਈ ਦਾਇਰ ਪਟੀਸ਼ਨ ‘ਤੇ ਪਾਕਿਸਤਾਨ ਦੀ ਲਾਹੌਰ ਹਾਈਕੋਰਟ ਦੇ ਚੀਫ ਜਸਟਿਸ ਸੁਣਵਾਈ ਕਰਨਗੇ। ਭਗਤ ਸਿੰਘ ਨੂੰ ਫਾਂਸੀ ਦਿੱਤੇ ਜਾਣ ਤੋਂ 85 ਸਾਲ ਬਾਅਦ ਦਾਇਰ ਇਸ ਪਟੀਸ਼ਨ ‘ਤੇ ਕੋਰਟ ਸੁਣਵਾਈ ਲਈ ਰਾਜ਼ੀ ਹੋ ਗਈ। ਪਹਿਲਾਂ ਇਸ ਮਾਮਲੇ ਦੀ ਸੁਣਵਾਈ ਤਿੰਨ ਮੈਂਬਰੀ ਬੈਂਚ ਨੇ ਕਰਨੀ ਸੀ, ਪਰ ਦੋ ਮੈਂਬਰੀ ਬੈਂਚ ਇਸ ਉਤੇ ਸੁਣਵਾਈ ਕਰ ਰਹੀ ਸੀ।
ਹੁਣ ਇਸ ਕੇਸ ਨੂੰ ਲਾਹੌਰ ਹਾਈਕੋਰਟ ਦੇ ਚੀਫ ਜਸਟਿਸ ਨੂੰ ਰੈਫਰ ਕਰ ਦਿੱਤਾ ਗਿਆ ਹੈ। ਲਾਹੌਰ ਹਾਈਕੋਰਟ ਦੇ ਚੀਫ ਜਸਟਿਸ ਇਜਾਜੁਲ ਅਹਿਸਾਨ ਨੇ ਜਸਟਿਸ ਖਾਲਿਦ ਮਹਿਮੂਦ ਖਾਨ ਦੀ ਪ੍ਰਧਾਨਗੀ ਵਿਚ ਇਕ ਡਵੀਜਨ ਬੈਂਚ ਦਾ ਗਠਨ ਕੀਤਾ ਹੈ। ਪਟੀਸ਼ਨ ‘ਤੇ ਆਖਰੀ ਵਾਰ ਸੁਣਵਾਈ ਮਈ 2013 ਵਿਚ ਜਸਟਿਸ ਸੁਜਾਤ ਅਲੀ ਖਾਨ ਨੇ ਕੀਤੀ ਸੀ ਤੇ ਉਨ੍ਹਾਂ ਨੇ ਇਸ ਮਾਮਲੇ ਨੂੰ ਚੀਫ ਜਸਟਿਸ ਦੇ ਕੋਲ ਭੇਜ ਦਿੱਤਾ ਸੀ। ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਮੁਖੀ ਤੇ ਵਕੀਲ ਇਤਿਆਜ਼ ਰਾਸ਼ਿਦ ਕੁਰੈਸ਼ੀ ਨੇ ਨਵੰਬਰ ਵਿਚ ਲਾਹੌਰ ਹਾਈਕੋਰਟ ‘ਚ ਸੁਣਵਾਈ ਲਈ ਇਕ ਪਟੀਸ਼ਨ ਦਾਇਰ ਕੀਤੀ ਸੀ, ਇਸ ਪਟੀਸ਼ਨ ਵਿਚ ਕੁਰੈਸ਼ੀ ਨੇ ਕਿਹਾ ਸੀ ਕਿ ਭਗਤ ਸਿੰਘ ਇਕ ਸੁਤੰਤਰਤਾ ਸੈਲਾਨੀ ਸੀ ਤੇ ਉਸ ਨੇ ਅਣਵੰਡੇ ਭਾਰਤ ਦੀ ਲਈ ਲੜਾਈ ਲੜੀ ਸੀ। ਬ੍ਰਿਟਿਸ਼ ਪੁਲਿਸ ਅਫਸਰ ਜਾਨæ ਪੀæ ਸਾਂਡਰਸ ਦੀ ਹੱਤਿਆ ਦੇ ਦੋਸ਼ ਵਿਚ ਭਗਤ ਸਿੰਘ, ਸੁਖਦੇਵ, ਰਾਜਗੁਰੂ ਖਿਲਾਫ ਕੇਸ ਦਰਜ ਕੀਤਾ ਗਿਆ ਸੀ।
ਬ੍ਰਿਟਿਸ਼ ਸ਼ਾਸਨ ਸਮੇਂ ਭਗਤ ਸਿੰਘ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ, 23 ਮਾਰਚ 1931 ਨੂੰ 23 ਸਾਲ ਦੀ ਉਮਰ ਵਿਚ ਭਗਤ ਸਿੰਘ ਨੂੰ ਸਰਕਾਰ ਦੇ ਖਿਲਾਫ ਸਾਜ਼ਿਸ਼ ਰਚਨ ਦੇ ਦੋਸ਼ ਵਿਚ ਫਾਂਸੀ ‘ਤੇ ਲਟਕਾ ਦਿੱਤਾ ਗਿਆ ਸੀ। ਕੁਰੈਸ਼ੀ ਨੇ ਕਿਹਾ ਕਿ ਭਗਤ ਸਿੰਘ ਨੂੰ ਪਹਿਲਾਂ ਤਾਂ ਉਮਰ ਕੈਦ ਹੋਈ ਸੀ, ਪਰ ਬਾਅਦ ‘ਚ ਕਿਸੇ ਹੋਰ ਝੂਠੇ ਮਾਮਲੇ ‘ਚ ਉਨ੍ਹਾਂ ਨੂੰ ਫਾਂਸੀ ਦੇ ਦਿੱਤੀ ਗਈ।
ਲਾਹੌਰ ਹਾਈ ਕੋਰਟ ਵਿਚ ਸ਼ਹੀਦ ਭਗਤ ਸਿੰਘ ਦੇ ਕੇਸ ਨੂੰ ਮੁੜ ਖੋਲ੍ਹਦਿਆਂ ਐਡਵੋਕੇਟ ਇਮਤਿਆਜ਼ ਰਾਸ਼ਿਦ ਕੁਰੈਸ਼ੀ ਨੇ ਦਾਅਵਾ ਕੀਤਾ ਹੈ ਕਿ ਸ਼ਹੀਦ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਝੂਠੇ ਕੇਸ ਵਿਚ ਫਾਂਸੀ ਦਿੱਤੀ ਗਈ ਸੀ। ਜ਼ਿਕਰਯੋਗ ਹੈ ਕਿ ਉਕਤ ਐਡਵੋਕੇਟ ਪਾਕਿਸਤਾਨ ਵਿਚ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਦਾ ਮੁਖੀ ਹੈ। ਪਾਕਿਸਤਾਨ ਪੁਲਿਸ ਨੇ ਹੀ ਐਡਵੋਕੇਟ ਨੂੰ ਉਕਤ ਐਫ਼ਆਈæਆਰæ ਦੀ ਕਾਪੀ ਮੁਹੱਈਆ ਕਰਵਾਈ ਸੀ।
________________________________
ਸੁਖਦੇਵ ਦੇ ਪਰਿਵਾਰ ਨੇ ਪਾਕਿ ਜਾਣ ਦੀ ਆਗਿਆ ਮੰਗੀ
ਜਲੰਧਰ: ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ ਦਿੱਤੇ ਜਾਣ ਦੇ ਮਾਮਲੇ ਦੀ ਲਾਹੌਰ ਵਿਚ ਚੱਲ ਰਹੀ ਸੁਣਵਾਈ ਸਬੰਧੀ ਸ਼ਹੀਦ ਸੁਖਦੇਵ ਦੇ ਪਰਿਵਾਰਕ ਮੈਂਬਰਾਂ ਨੇ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਹ ਕੇਸ ਨਾਲ ਸਬੰਧਤ ਹਨ, ਇਸ ਲਈ ਉਨ੍ਹਾਂ ਨੂੰ ਪਾਕਿਸਤਾਨ ਜਾਣ ਦੀ ਆਗਿਆ ਦਿੱਤੀ ਜਾਵੇ। ਪਰਿਵਾਰਕ ਮੈਂਬਰਾਂ ਨੇ ਦਾਅਵਾ ਕੀਤਾ ਕਿ ਇਸ ਕੇਸ ਨਾਲ ਸਬੰਧਤ ਬਹੁਤ ਸਾਰੇ ਅਸਲ ਦਸਤਾਵੇਜ਼ ਉਨ੍ਹਾਂ ਕੋਲ ਪਏ ਹਨ, ਜਿਹੜੇ ਕਿ ਇਸ ਕੇਸ ਲਈ ਲੋੜੀਂਦੇ ਹਨ। ਸ਼ਹੀਦ ਸੁਖਦੇਵ ਦੇ ਦੋਹਤੇ ਵਿਸ਼ਾਲ ਨਈਅਰ (ਸੁਖਦੇਵ ਦੀ ਭਤੀਜੀ ਸੰਗੀਤਾ ਦਾ ਪੁੱਤਰ) ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਵੀ ਸੁਪਰੀਮ ਕੋਰਟ ਵਿਚ ਇਸ ਸਬੰਧੀ ਰਿੱਟ ਦਾਇਰ ਕਰ ਕੇ ਕੇਂਦਰ ਸਰਕਾਰ ਕੋਲੋਂ ਮੰਗ ਕਰੇਗਾ ਕਿ ਇਸ ਮਾਮਲੇ ਨੂੰ ਮੁੜ ਖੋਲ੍ਹਿਆ ਜਾਵੇ। ਉਨ੍ਹਾਂ ਦਾਅਵਾ ਕੀਤਾ ਕਿ ਉਸ ਵੇਲੇ ਦੀ ਸਰਕਾਰ ਨੇ ਇਨ੍ਹਾਂ ਸ਼ਹੀਦਾਂ ਨੂੰ ਝੂਠੇ ਕੇਸ ਵਿਚ ਫਾਂਸੀ ਦਿੱਤੀ ਸੀ।