ਜਲੰਧਰ: ਪੰਜਾਬ ਇਸ ਸਮੇਂ ਕੈਂਸਰ ਦੀ ਜਕੜ ਵਿਚ ਆਇਆ ਹੋਇਆ ਹੈ। ਸੂਬਾ ਸਰਕਾਰ ਵੱਲੋਂ ਸਾਲ 2006 ਤੋਂ 2013 ਤੱਕ ਕਰਵਾਏ ਸਰਵੇ ਅਨੁਸਾਰ ਕੈਂਸਰ ਨਾਲ ਮਰਨ ਵਾਲਿਆਂ ਦੀ ਗਿਣਤੀ 33,318 ਦੱਸੀ ਗਈ ਸੀ ਤੇ ਸਾਲ 2013 ਦੇ ਸਰਵੇ ਦੀ ਰਿਪੋਰਟ ਅਨੁਸਾਰ 84,453 ਲੋਕਾਂ ਵਿਚ ਕੈਂਸਰ ਦੇ ਲੱਛਣ ਪਾਏ ਗਏ ਸਨ। ਇਸ ਦਾ ਦੁਖਦਾਇਕ ਪਹਿਲੂ ਇਹ ਵੀ ਹੈ ਕਿ ਸਾਲ 2013 ਤੋਂ ਬਾਅਦ ਪੰਜਾਬ ਸਰਕਾਰ ਨੇ ਕੈਂਸਰ ਬਾਰੇ ਕੋਈ ਸਰਵੇਖਣ ਕਰਵਾਇਆ ਹੀ ਨਹੀਂ। ਇਸ ਲਈ ਕੈਂਸਰ ਦੇ ਮਰੀਜ਼ਾਂ ਤੇ ਮਰਨ ਵਾਲਿਆਂ ਦੀ ਗਿਣਤੀ, ਦੱਸੀ ਗਈ ਗਿਣਤੀ ਤੋਂ ਕਿਤੇ ਵੱਧ ਹੋਣ ਦੀ ਸੰਭਾਵਨਾ ਹੈ।
ਮਾਲਵਾ ਖੇਤਰ ਤੋਂ ਬਾਅਦ ਦੋਆਬਾ ਤੇ ਮਾਝੇ ਦੇ ਖਿੱਤੇ ਵਿਚ ਵੀ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਵਧਣ ਨਾਲ ਸਮੁੱਚਾ ਪੰਜਾਬ ਹੀ ਕੈਂਸਰ ਦੀ ਮਾਰ ਹੇਠ ਆਇਆ ਹੋਇਆ ਹੈ। ਕੈਂਸਰ ਦੇ ਵਧਣ ਦਾ ਸਭ ਤੋਂ ਵੱਡਾ ਕਾਰਨ ਪੰਜਾਬ ਦੇ ਪਾਣੀਆਂ ਵਿਚ ਘੁਲ ਰਹੀਆਂ ਜ਼ਹਿਰਾਂ ਹਨ। ਦੂਜਾ ਵੱਡਾ ਕਾਰਨ ਅੰਨ੍ਹੇਵਾਹ ਵਰਤੀਆਂ ਜਾ ਰਹੀਆਂ ਕੀਟਨਾਸ਼ਕ ਦਵਾਈਆਂ ਤੇ ਖਾਦਾਂ ਹਨ। ਦੂਸ਼ਿਤ ਪਾਣੀਆਂ ਵਿਰੁੱਧ ਪੰਜਾਬ ਵਿਚ ਲੜਾਈ ਲੜ ਰਹੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਵੀ ਚਿੱਟੀ ਵੇਈਂ ਤੇ ਕਾਲਾ ਸੰਘਿਆ ਡਰੇਨ ਦੁਆਲੇ ਵੱਸਦੇ ਪਿੰਡਾਂ ਵਿਚ ਕਰਵਾਏ ਗਏ ਸਰਵੇਖਣ ਦੇ ਅੰਕੜਿਆਂ ਨੇ ਰੌਂਗਟੇ ਖੜ੍ਹੇ ਕਰ ਦਿੱਤੇ ਸਨ।
ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਹੇਠ ਬਣੇ ਕੈਂਸਰ ਰਾਹਤ ਕੋਸ਼ ਫੰਡ ਨੂੰ ਦੇਖਣ ਵਾਲੇ ਇਕ ਅਧਿਕਾਰੀ ਜੀæਬੀæ ਸਿੰਘ ਦਾ ਕਹਿਣਾ ਹੈ ਕਿ 28,000 ਦੇ ਕਰੀਬ ਕੈਂਸਰ ਪੀੜਤਾਂ ਨੂੰ ਰਾਹਤ ਕੋਸ਼ ਵਿਚੋਂ ਸਰਕਾਰੀ ਮਦਦ ਦਿੱਤੀ ਜਾ ਚੁੱਕੀ ਹੈ। ਪੰਜਾਬ ਵਿਚ ਸਰਕਾਰੀ ਤੌਰ ਉਤੇ ਕੈਂਸਰ ਦੇ 23,874 ਮਰੀਜ਼ਾਂ ਦੀ ਹੋਰ ਨਿਸ਼ਾਨਦੇਹੀ ਹੋਈ ਹੈ। ਸਰਕਾਰ ਤੋਂ ਇਲਾਵਾ ਗੈਰ ਸਰਕਾਰੀ ਅੰਕੜਿਆਂ ਅਨੁਸਾਰ ਤਾਂ ਕੈਂਸਰ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਏਨੀ ਜ਼ਿਆਦਾ ਹੈ ਕਿ ਪੰਜਾਬ ਦਾ ਸ਼ਾਇਦ ਹੀ ਕੋਈ ਪਿੰਡ ਬਚਿਆ ਹੋਵੇਗਾ, ਜਿਥੇ ਕੈਂਸਰ ਦੇ ਮਰੀਜ਼ ਨਾ ਹੋਣ। ਚਿੱਟੀ ਵੇਈਂ ਦਾ ਦੂਸ਼ਿਤ ਪਾਣੀ ‘ਈ’ ਗਰੇਡ ਦਾ ਹੋਣ ਕਾਰਨ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਪਿੰਡ ਵੀ ਕੈਂਸਰ ਦੀ ਮਾਰ ਤੋਂ ਨਹੀਂ ਬਚ ਸਕਿਆ। ਹਾਲਾਂਕਿ ਸੀਚੇਵਾਲ ਪਿੰਡ ਤੋਂ ਚਿੱਟੀ ਵੇਈਂ ਪੰਜ ਕਿਲੋਮੀਟਰ ਦੂਰ ਵਗਦੀ ਹੈ ਪਰ ਇਸ ਨੇ ਧਰਤੀ ਹੇਠਲਾ ਪਾਣੀ ਏਨਾ ਜ਼ਿਆਦਾ ਦੂਸ਼ਿਤ ਕਰ ਦਿੱਤਾ ਹੈ ਕਿ ਕਈ ਕਿਲੋਮੀਟਰਾਂ ਤੱਕ ਧਰਤੀ ਹੇਠਲਾ ਪਾਣੀ ਪੀਣਯੋਗ ਨਹੀਂ ਰਿਹਾ। ਸੰਤ ਸੀਚੇਵਾਲ ਵੱਲੋਂ ਕਰਵਾਏ ਗਏ ਸਰਵੇ ਅਨੁਸਾਰ 30 ਪਿੰਡਾਂ ਵਿਚ ਘਰ-ਘਰ ਜਾ ਕੇ ਪੁੱਛਿਆ ਗਿਆ ਤਾਂ 150 ਦੇ ਕਰੀਬ ਕੈਂਸਰ ਦੇ ਮਰੀਜ਼ ਲੱਭੇ ਸਨ।
ਇਸ ਰਿਪੋਰਟ ਅਨੁਸਾਰ ਨਕੋਦਰ ਨੇੜਲੇ ਪਿੰਡ ਜਹਾਂਗੀਰ ਵਿਚ ਕੈਂਸਰ ਨਾਲ 17 ਮੌਤਾਂ ਹੋ ਚੁੱਕੀਆਂ ਹਨ। ਈਸੇਵਾਲ, ਚਮਿਆਰਾ ਤੇ ਰੂਪੇਵਾਲ ਪਿੰਡਾਂ ਵਿਚ ਕੈਂਸਰ ਕਾਰਨ ਮੌਤ ਦੇ ਸੱਥਰ ਵਿਛ ਗਏ ਸਨ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਕੈਂਸਰ ਦਾ ਸੇਕ ਝੱਲ ਚੁੱਕਿਆ ਹੈ। ਪ੍ਰਕਾਸ਼ ਸਿੰਘ ਬਾਦਲ ਦੀ ਪਤਨੀ ਬੀਬੀ ਸੁਰਿੰਦਰ ਕੌਰ ਬਾਦਲ ਦੀ ਮੌਤ ਕੈਂਸਰ ਨਾਲ ਹੀ ਹੋਈ ਸੀ। ਕਾਂਗਰਸ ਦੇ ਵਿਧਾਇਕ ਤੇ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੇ ਪੁੱਤਰ ਕੰਵਰਜੀਤ ਸਿੰਘ ‘ਸਨੀ’ ਬਰਾੜ ਦੀ ਮੌਤ ਵੀ ਕੈਂਸਰ ਨਾਲ ਹੀ ਹੋਈ ਸੀ। ਮਾਝੇ ਦੇ ਇਕ ਵੱਡੇ ਧਾਰਮਿਕ ਡੇਰੇ ਦੇ ਮੁਖੀ ਵੀ ਕੈਂਸਰ ਤੋਂ ਪੀੜਤ ਦੱਸੇ ਜਾਂਦੇ ਹਨ। ਦੋਆਬੇ ਦੇ ਇਕ ਮੁੱਖ ਸੰਸਦੀ ਸਕੱਤਰ ਵੀ ਕੈਂਸਰ ਦੀ ਬਿਮਾਰੀ ਤੋਂ ਪੀੜਤ ਹਨ, ਜਿਸ ਕਾਰਨ ਉਨ੍ਹਾਂ ਨੇ ਆਪਣੀਆਂ ਸਰਗਰਮੀਆਂ ਘਟਾਈਆਂ ਹੋਈਆਂ ਹਨ।
______________________________________
ਜਸਟਿਸ ਕਾਟਜੂ ਕੋਲ ਪੁੱਜਾ ਪੀੜਤਾਂ ਦੀ ਲੁੱਟ ਦਾ ਮਸਲਾ
ਕੋਟਕਪੂਰਾ: ਭਾਈ ਘਨਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫ਼ਰੀਦਕੋਟ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਦੀ ਅਗਵਾਈ ਹੇਠ ਇਕ ਵਫਦ ਸੁਪਰੀਮ ਕੋਰਟ ਦੇ ਸਾਬਕਾ ਚੀਫ ਜਸਟਿਸ ਮਾਰਕੰਡੇ ਕਾਟਜੂ ਨੂੰ ਮਿਲਿਆ ਤੇ ਕੈਂਸਰ ਦੀਆਂ ਦਵਾਈਆਂ ਦੇ ਅਸਲ ਅਤੇ ਵੇਚ ਮੁੱਲ ਅਰਥਾਤ ਐਮæਆਰæਪੀæ ਵਿਚ ਹੋ ਰਹੀ ਲੁੱਟ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਭਾਈ ਘਨਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੁਆਰਾ ਦਾਇਰ ਕੀਤੀ ਗਈ ਜਨਤਕ ਰਿੱਟ ਪਟੀਸ਼ਨ ਦੇ ਫੈਸਲੇ ਸਬੰਧੀ ਚਰਚਾ ਕਰਦਿਆਂ ਹਰ ਪਹਿਲੂ ਤੋਂ ਜਾਣੂ ਕਰਾਇਆ।
ਇਸ ਮੌਕੇ ਜਸਟਿਸ ਕਾਟਜੂ ਨੇ ਵਫਦ ਨੂੰ ਭਰੋਸਾ ਦੁਆਇਆ ਕਿ ਉਹ ਫੈਸਲੇ ਨੂੰ ਗੌਰ ਨਾਲ ਵਾਚਣ ਉਪਰੰਤ ਇਸ ਸਬੰਧੀ ਜੋ ਵੀ ਕਾਨੂੰਨੀ ਪੈਰਵਾਈ ਦੀ ਲੋੜ ਹੋਈ, ਉਹ ਆਪਣੇ ਪੱਧਰ ‘ਤੇ ਹਰ ਤਰ੍ਹਾਂ ਦੀ ਮਦਦ ਕਰਨਗੇ।