ਕਮਿਊਨਿਸਟ ਅਤੇ ਪੰਜਾਬ ਦਾ ਸੰਤਾਪ

ਪੰਜਾਬ ਦੇ ਮਸਲੇ ਬਾਰੇ ਪ੍ਰੋਫੈਸਰ ਰਣਧੀਰ ਸਿੰਘ ਦੀ ਚਿੱਠੀ
ਪ੍ਰੋਫੈਸਰ ਰਣਧੀਰ ਸਿੰਘ ਰੈਡੀਕਲ ਬੁੱਧੀਜੀਵੀ ਸਨ ਜੋ ਹਾਲ ਹੀ ਵਿਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ, ਉਹ ਹਰ ਵਰਤਾਰੇ ਨੂੰ ਇਨਕਲਾਬੀ ਨੁਕਤਾ-ਨਜ਼ਰ ਨਾਲ ਅੰਗਦੇ ਸਨ। ਜਦੋਂ ਅਖੌਤੀ ਮੁੱਖਧਾਰਾ ਸਿਆਸਤ ਦੀਆਂ ਗ਼ਲਤ ਨੀਤੀਆਂ ਕਾਰਨ ਪੰਜਾਬ ਘੋਰ ਸੰਤਾਪ ਵਿਚੋਂ ਗੁਜ਼ਰ ਰਿਹਾ ਸੀ ਅਤੇ ਰਵਾਇਤੀ ਕਮਿਊਨਿਸਟ ਪਾਰਟੀਆਂ ਇਨ੍ਹਾਂ ਹਾਲਾਤ ਵਿਚ ਅਵਾਮ ਨੂੰ ਕੋਈ ਇਨਕਲਾਬੀ ਬਦਲ ਮੁਹੱਈਆ ਕਰਨ ਦੀ ਥਾਂ ‘ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਖ਼ਤਰਾ’ ਦਾ ਰਾਗ ਹਾਕਮ ਜਮਾਤੀ ਕੈਂਪ ਤੋਂ ਵੀ ਵੱਧ ਜ਼ੋਰ ਨਾਲ ਅਲਾਪਣ ਵਿਚ ਮਸਰੂਫ਼ ਸਨ,

ਉਦੋਂ ਰਣਧੀਰ ਸਿੰਘ ਨੇ ਮੁਤਬਾਦਲ ਸਿਆਸਤ ਦੇ ਨਜ਼ਰੀਏ ਤੋਂ ਪੰਜਾਬ ਮਸਲੇ ਬਾਰੇ ਜੋ ਵਿਸ਼ਲੇਸ਼ਣ ਪੇਸ਼ ਕੀਤਾ ਅਤੇ ਕਮਿਊਨਿਸਟ ਪਾਰਟੀਆਂ ਦੇ ਸਿਆਸੀ ਦਿਵਾਲੀਆਪਣ ਦਾ ਪਰਦਾਫਾਸ਼ ਕੀਤਾ। ਉਨ੍ਹਾਂ ਦਾ ਇਹ ਵਿਸ਼ਲੇਸ਼ਣ ‘ਇਕਨਾਮਿਕ ਐਂਡ ਪੁਲੀਟੀਕਲ ਵੀਕਲੀ’ (ਈæਪੀæਡਬਲਿਊæ) ਦੇ 22 ਅਗਸਤ 1987 ਵਾਲੇ ਅੰਕ ਵਿਚ ਛਪਿਆ ਸੀ। ਇਸ ਦਾ ਸੰਖੇਪ ਤਰਜਮਾ ਭਾਅ ਜੀ ਗੁਰਸ਼ਰਨ ਸਿੰਘ ਵੱਲੋਂ ਆਪਣੇ ਪਰਚੇ ‘ਸਮਤਾ’ ਦੇ ਅਗਸਤ 1987 ਵਾਲੇ ਅੰਕ ਵਿਚ ਛਾਪਿਆ ਗਿਆ ਸੀ। ਅੱਜ ਵੀ ਇਸ ਵਿਸ਼ਲੇਸ਼ਣ ਦੀ ਇਤਿਹਾਸਕ ਅਹਿਮੀਅਤ ਹੋਣ ਕਰ ਕੇ ਇਹ ਪਾਠਕਾਂ ਦੀ ਨਜ਼ਰ ਕੀਤਾ ਜਾ ਰਿਹਾ ਹੈ। -ਸੰਪਾਦਕ

ਪਿਆਰੇ ਗੁਰਸ਼ਰਨ, ḔਸਮਤਾḔ ਦੇ ਪਾਠਕ-ਲੇਖਕ ਫੋਰਮ ਵਿਚ ਕਿਸੇ ਮਸਲੇ ਬਾਰੇ ਗੰਭੀਰ ਰੂਪ ਵਿਚ ਆਪਸੀ ਵਿਚਾਰ-ਵਟਾਂਦਰਾ, ਹਮੇਸ਼ਾ ਦਿਲਚਸਪ ਹੁੰਦਾ ਹੈ। ਜੁਲਾਈ ਅੰਕ ਵਿਚ ਇਸ ਕਾਲਮ ਦੇ ਹੇਠ ਜੋ ਸਮੱਗਰੀ ਆਈ ਹੈ, ਉਸ ਨੇ ਪੰਜਾਬ ਦੇ ਮਸਲੇ ਬਾਰੇ ਕੁਝ ਜ਼ਰੂਰੀ ਨੁਕਤੇ ਉਭਾਰੇ ਹਨ। ਮੈਂ ਜਦੋਂ ਬਠਿੰਡਾ ਅਤੇ ਮੋਗੇ ਆਉਣਾ ਸੀ ਤਾਂ ਇਨ੍ਹਾਂ ਬਾਰੇ ਆਪਣੇ ਵਿਚਾਰ ਦੱਸਣੇ ਸਨ, ਪਰ ਬੱਸ ਕਾਂਡ ਵਾਪਰਨ ਕਰ ਕੇ ਪ੍ਰਬੰਧਕਾਂ ਵੱਲੋਂ ਇਹ ਪ੍ਰੋਗਰਾਮ ਮੁਲਤਵੀ ਕਰਨੇ ਪਏ ਹਨ, ਇਸ ਲਈ ਮੈਂ ਚਾਹੁੰਦਾ ਹਾਂ ਕਿ ਕੁਝ ਗੱਲਾਂ ਮੈਂ ਸਮਤਾ ਦੇ ਸੂਝਵਾਨ ਪਾਠਕਾਂ ਨਾਲ ਜ਼ਰੂਰ ਸਾਂਝੀਆਂ ਕਰਾਂ। ਮੈਂ ਜਾਣਦਾ ਹਾਂ ਕਿ ਜਿਹੜੇ ਨੁਕਤੇ ਮੈਂ ਉਠਾ ਰਿਹਾ ਹਾਂ, ਉਹ ਕਾਫ਼ੀ ਵਿਆਖਿਆ ਦੀ ਮੰਗ ਕਰਦੇ ਹਨ, ਪਰ ਇਸ ਚਿੱਠੀ ਵਿਚ ਮੈਂ ਇਨ੍ਹਾਂ ਨੂੰ ਬੜੇ ਸੰਖੇਪ ਤਰੀਕੇ ਨਾਲ ਹੀ ਪੇਸ਼ ਕਰ ਰਿਹਾ ਹਾਂ ਤਾਂ ਜੋ ਇਸ ਵਿਸ਼ੇ Ḕਤੇ ਹੋ ਰਹੀ ਬਹਿਸ ਵਿਚ ਕੁਝ ਸਿਧਾਂਤਕ ਅੰਸ਼ ਸ਼ਾਮਲ ਕੀਤੇ ਜਾ ਸਕਣ।
ਆਪਣੀ ਗੱਲ ਕਹਿਣ ਤੋਂ ਪਹਿਲਾਂ ਮੈਂ ਪੰਜਾਬ ਦੀ ਸਥਿਤੀ ਬਾਰੇ ਆਪਣਾ ਜਾਇਜ਼ਾ ਵੀ ਦੱਸ ਦੇਣਾ ਠੀਕ ਸਮਝਦਾ ਹਾਂ ਤਾਂ ਜੋ ਜਿਹੜੀ ਦਲੀਲ ਮੈਂ ਅੱਗੇ ਪੇਸ਼ ਕਰਾਂ, ਉਹਦਾ ਅਧਾਰ ਕੁਝ ਹੱਦ ਤੱਕ ਜ਼ਰੂਰ ਸਪਸ਼ਟ ਹੋ ਜਾਵੇ।
ਮੈਂ ਸਮਝਦਾ ਹਾਂ ਕਿ ਪੰਜਾਬ ਦਾ ਮਸਲਾ ਜਿਸ ਨੂੰ ਪੰਜਾਬ ਦਾ ਸੰਤਾਪ ਕਹਿਣਾ ਵੀ ਗ਼ਲਤ ਨਹੀਂ ਹੋਵੇਗਾ, ਅਸਲ ਵਿਚ ਉਨ੍ਹਾਂ ਆਰਥਿਕ ਅਤੇ ਸਿਆਸੀ ਨੀਤੀਆਂ ਦੀ ਹੀ ਦੇਣ ਹੈ ਜਿਨ੍ਹਾਂ ਉਤੇ ਪਿਛਲੇ ਸਾਲਾਂ ਤੋਂ ਹਾਕਮ ਜਮਾਤਾਂ ਚੱਲ ਰਹੀਆਂ ਹਨ ਅਤੇ ਜਿਨ੍ਹਾਂ ਬਾਰੇ ਮੁੱਖ ਜ਼ਿੰਮੇਵਾਰੀ ਕਾਂਗਰਸ ਪਾਰਟੀ ਅਤੇ ਉਸ ਪਾਰਟੀ ਵਲੋਂ ਚਲਾਈ ਜਾ ਰਹੀ ਕੇਂਦਰੀ ਸਰਕਾਰ ਉਤੇ ਆਉਂਦੀ ਹੈ। ਇਨ੍ਹਾਂ ਨੀਤੀਆਂ ਕਾਰਨ ਜੋ ਗੱਲਾਂ ਸਾਹਮਣੇ ਆਈਆਂ ਹਨ, ਉਹ ਸਭ ਨੂੰ ਸਪਸ਼ਟ ਹਨ। ਪਹਿਲੀ ਗੱਲ ਇਹ ਹੈ ਕਿ ਪੂਰੀ ਸਿੱਖ ਕਮਿਊਨਿਟੀ ਅਤੇ ਮੁੱਖ ਤੌਰ Ḕਤੇ ਉਹਦਾ ਨੌਜਵਾਨ ਵਰਗ ਪੂਰੀ ਤਰ੍ਹਾਂ ਭਾਰਤ ਸਰਕਾਰ ਤੋਂ ਬੇਗਾਨਗੀ ਮਹਿਸੂਸ ਕਰਦਾ ਹੈ। ਦੂਜੀ ਗੱਲ ਹੈ ਕਿ ਸਿੱਖ ਅਤੇ ਹਿੰਦੂ ਰਾਏ-ਆਮ ਵਿਚ ਵੱਡੀ ਤਰੇੜ ਆ ਚੁੱਕੀ ਹੈ। ਜਿਸ ਸਰਕਾਰ ਤੋਂ ਸਿੱਖ ਕਮਿਊਨਿਟੀ ਬੇਗਾਨਗੀ ਮਹਿਸੂਸ ਕਰਦੀ ਹੈ, ਹਿੰਦੂ ਕਮਿਊਨਿਟੀ ਉਸੇ ਨੂੰ ਆਪਣੀ ਰੱਖਿਅਕ ਸਮਝਦੀ ਹੈ ਤੇ ਉਸ Ḕਤੇ ਟੇਕ ਰੱਖਦੀ ਹੈ।
ਤੀਸਰੀ ਗੱਲ ਜੋ ਸਾਹਮਣੇ ਆਈ ਹੈ, ਉਹ ਇਹ ਹੈ ਕਿ ਸਥਾਪਤ ਬੁਰਜੂਆ ਪਾਰਟੀਆਂ ਆਪਣੀ ਸਾਖ਼ ਪੂਰੀ ਤਰ੍ਹਾਂ ਗਵਾ ਚੁੱਕੀਆਂ ਹਨ ਤੇ ਉਹ ਇਸ ਯੋਗ ਨਹੀਂ ਰਹੀਆਂ ਹਨ ਕਿ ਇਸ ਮਸਲੇ ਨੂੰ ਹੱਲ ਕਰ ਲਈ ਕੋਈ ਵੀ ਲਾਹੇਵੰਦ ਭੂਮਿਕਾ ਨਿਭਾ ਸਕਣ। ਇਨ੍ਹਾਂ ਸਪਸ਼ਟ ਸਚਾਈਆਂ ਦੇ ਪ੍ਰਸੰਗ ਵਿਚ ਹੀ ਪੰਜਾਬ ਵਿਚ ਦਹਿਸ਼ਤਗਰਦੀ (ਦੇ) ਵਰਤਾਰੇ ਨੂੰ ਸਮਝਣ ਦੀ ਲੋੜ ਹੈ, ਜਿਸ ਦਾ ਆਪਣਾ ਹੀ ਇਕ ਤਰਕ ਬਣ ਚੁੱਕਿਆ ਹੈ। ਇਹ ਭਾਵੇਂ ਠੀਕ ਹੈ ਕਿ ਜਿਹੜੇ ਮਸਲੇ ਕਿਸੇ ਸਿਸਟਮ ਦੀ ਦੇਣ ਹੋਣ, ਉਹ ਸਿਸਟਮ ਨੂੰ ਬਦਲੇ ਬਗੈਰ ਪੂਰੀ ਤਰ੍ਹਾਂ ਹੱਲ ਨਹੀਂ ਹੋ ਸਕਦੇ, ਪਰ ਇਹ ਸਭ ਕੁਝ ਚੁੱਪ-ਚੁਪੀਤੇ ਵੀ ਨਹੀਂ ਦੇਖਿਆ ਜਾ ਸਕਦਾ ਅਤੇ ਸਿਸਟਮ ਦੀਆਂ ਸੀਮਾਵਾਂ ਦੇ ਅੰਦਰ-ਅੰਦਰ ਸਾਡੀ ਇਸ ਮਸਲੇ ਵਿਚ ਦਖਲਅੰਦਾਜ਼ੀ ਜ਼ਰੂਰੀ ਹੈ। ਇਹ ਦਖਲਅੰਦਾਜ਼ੀ ਕਿਸ ਆਧਾਰ Ḕਤੇ ਹੋਵੇ, ਇਸ ਬਾਰੇ ਵਿਚਾਰ ਕਰਨੀ ਜ਼ਰੂਰੀ ਹੈ।
ਮੈਂ ਆਪਣੀ ਗੱਲ ਪਹਿਲਾਂ ਹੀ ਇਹ ਕਹਿ ਕੇ ਸ਼ੁਰੂ ਕਰਦਾ ਹਾਂ ਕਿ ਮੈਂ ḔਸਮਤਾḔ ਵੱਲੋਂ ਅਪਣਾਈ ਇਸ ਪੁਜੀਸ਼ਨ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਸਿੱਖ ਜਥੇਬੰਦੀਆਂ ਵਲੋਂ ਚਲਾਇਆ ਜਾ ਰਿਹਾ ਸੰਘਰਸ਼ ਤੱਤ ਰੂਪ ਵਿਚ ਪਿਛਾਂਹਖਿੱਚੂ, ਫਿਰਕੂ ਦੁਫੇੜ ਵਾਲਾ, ਕਮਿਊਨਿਸਟ ਵਿਰੋਧੀ ਤੇ ਫਾਸ਼ੀਵਾਦ ਦੇ ਅੰਸ਼ਾਂ ਵਾਲਾ ਹੈ ਅਤੇ ਇਸ ਦਾ ਵਿਰੋਧ ਕਰਨਾ ਸਾਡਾ ਫਰਜ਼ ਹੈ ਅਤੇ ਅਸੀਂ ਇਸ ਦੇ ਬਾਰੇ ਕੋਈ ਵੀ ਸਮਝੌਤੇ ਵਾਲੀ ਪੁਜੀਸ਼ਨ ਨਹੀਂ ਲੈ ਸਕਦੇ। ਵੱਡਾ ਸਵਾਲ ਸਾਡੇ ਅੱਗੇ ਇਹ ਹੈ ਕਿ ਇਹ ਵਿਰੋਧ ਕਿਸ ਪੈਂਤੜੇ ਤੋਂ ਕੀਤਾ ਜਾਵੇ, ਤੇ ਇਹ ਵੀ ਨਾ ਭੁੱਲਿਆ ਨਾ ਜਾਵੇ ਕਿ ਸਿੱਖ ਦਹਿਸ਼ਤਗਰਦੀ ਦਾ ਇਹ ਮਸਲਾ ਐਵੇਂ ਹਵਾ ਵਿਚੋਂ ਨਹੀਂ ਖੜ੍ਹਾ ਹੋਇਆ, ਇਹ ਮੁਲਕ ਵਿਚ ਵਾਪਰ ਰਹੇ ਸਿਆਸੀ ਵਰਤਾਰੇ ਅਤੇ ਨਾਲ ਹੀ ਇਤਿਹਾਸਕ ਤੇ ਸਭਿਆਚਾਰਕ ਕਾਰਨ ਹਨ, ਜਿਨ੍ਹਾਂ ਕਰ ਕੇ ਇਹ ਹੋਂਦ ਵਿਚ ਆਇਆ ਹੈ। ਸਿੱਖ ਸੰਗਠਨਾਂ ਵਲੋਂ ਚਲਾਏ ਜਾ ਰਹੇ ਅੰਦੋਲਨਾਂ ਤੋਂ ਉਪਜੀ ਦਹਿਸ਼ਤਗਰਦੀ ਨਾਲ ਨਜਿੱਠਣ ਲਈ ਜੋ ਵੱਖੋ-ਵੱਖਰੇ ਰਾਹ ਅਪਣਾਏ ਜਾ ਰਹੇ ਹਨ, ਉਹ ਵੱਖ-ਵੱਖ ਸੋਚਾਂ ਦੀ ਹੀ ਉਪਜ ਹਨ ਜਿਨ੍ਹਾਂ ਨੂੰ ਸਮੁੱਚੇ ਭਾਰਤ ਦੇ ਪ੍ਰਸੰਗ ਵਿਚ ਵਾਚਿਆ ਜਾਣਾ ਚਾਹੀਦਾ ਹੈ।
ਪਹਿਲੀ ਲਾਈਨ ਉਹ ਲਾਈਨ ਹੈ ਜੋ ਰਿਬੇਰੋ, ਗਿਰੀ ਲਾਲ ਜੈਨ ਜਾਂ ਬਿਪਨ ਚੰਦਰ ਲਾਈਨ ਕਹੀ ਜਾ ਸਕਦੀ ਹੈ ਜੋ ਸਿੱਖ ਅਤਿਵਾਦ ਵਿਰੁੱਧ ਕਾਰਵਾਈ ਨੂੰ ਐਸੀ ਜੰਗ ਦੀ ਸ਼ਕਲ ਵਿਚ ਵੇਖ ਰਹੇ ਹਨ ਜੋ ਦੁਸ਼ਮਣ ਨੂੰ ਪੂਰੀ ਤਰ੍ਹਾਂ ਨੇਸਤੋਨਾਬੂਦ ਕਰ ਕੇ ਹੀ ਜਿੱਤੀ ਜਾ ਸਕਦੀ ਹੈ। ਇਹੋ ਜਹੀ ਜੰਗ ਦੀ ਵਕਾਲਤ ਕਰਨ ਵਾਲੀ ਸੂਚੀ ਵਿਚ ਸੱਜੇ ਅਤੇ ਖੱਬੀ ਵਿਚਾਰਧਾਰਾ ਦੇ ਹੋਰ ਬੁੱਧੀਜੀਵੀ ਵੀ ਸ਼ਾਮਲ ਕੀਤੇ ਜਾ ਸਕਦੇ ਹਨ। ਇਨ੍ਹਾਂ ਬੁੱਧੀਜੀਵੀਆਂ ਦੀ ਸੋਚ ਦੀ ਦਲੀਲ ਭਾਵੇਂ ਵੱਖ-ਵੱਖ ਦ੍ਰਿਸ਼ਟੀ ਤੋਂ ਹੈ- ਰਾਸ਼ਟਰਵਾਦ, ਧਰਮਨਿਰਪੇਖਤਾ ਮਾਰਕਸਵਾਦ; ਫਿਰ ਵੀ ਇਹ ਰੋਗ ਲਈ ਇਕੋ ਨੁਸਖੇ ‘ਤੇ ਕਿਉਂ ਪਹੁੰਚੇ ਹਨ, ਇਹ ਉਪਰੋਂ ਦੇਖਿਆਂ ਅਜੀਬ ਲੱਗ ਸਕਦਾ ਹੈ, ਪਰ ਥੋੜ੍ਹਾ ਡੂੰਘਾਈ ਵਿਚ ਸੋਚਿਆਂ ਇਹ ਅਜੀਬ ਨਹੀਂ ਲੱਗੇਗਾ। ḔਸਮਤਾḔ ਵਿਚ ਲਿਖਣ ਵਾਲੇ ਮੇਰੇ ਇਕ ਦੋਸਤ ਨੇ ਬਿਪਨ ਚੰਦਰ ਨੂੰ ਮਾਰਕਸਵਾਦੀ ਚਿੰਤਕ ਦੇ ਤੌਰ ‘ਤੇ ਲਿਆ ਹੈ, ਪਰ ਮੈਂ ਅਰਜ਼ ਕਰ ਦਿਆਂ ਕਿ ਬਿਪਨ ਚੰਦਰ ਦਾ ਸਟੈਂਡ ਖੱਬੀ ਸੋਚ ਵਾਲੇ ਰਾਸ਼ਟਰਵਾਦੀ ਦੇ ਤੌਰ ‘ਤੇ ਲਿਆ ਜਾਏ, ਨਾ ਕਿ ਮਾਰਕਸਵਾਦੀ ਦੇ ਤੌਰ ‘ਤੇ, ਜਾਂ ਇਹ ਕਹਿ ਲਵੋ ਕਿ ਐਸਾ ਰਾਸ਼ਟਰਵਾਦੀ ਜੋ ਮਾਰਕਸਵਾਦੀ ਤਰਕ ਵਿਧੀ ਨਾਲ ਮੋਹ ਦਾ ਵਿਖਾਵਾ ਕਰਦਾ ਹੈ, ਪਰ ਉਸ ਨੂੰ ਅਪਣਾਉਂਦਾ ਨਹੀਂ। ਕਿਸੇ ਮਸਲੇ ਦੀ ਆਰਥਿਕ ਪੱਖ ਤੋਂ ਵਿਆਖਿਆ ਕਰ ਦੇਈਏ ਜਾਂ ਸਾਮਰਾਜਵਾਦ ਦੇ ਵਿਰੋਧ ਦੀ ਪੁਜੀਸ਼ਨ ਤੋਂ ਵਿਸ਼ਲੇਸ਼ਣ ਕਰ ਦੇਈਏ ਜਾਂ ਮਾਰਕਸ ਜਾਂ ਏਂਗਲਜ਼ ਦੀ ਕਿਸੇ ਲਿਖਤ ਦਾ ਹਵਾਲਾ ਦੇ ਦੇਈਏ ਤਾਂ ਉਹ ਦਲੀਲ ਮਾਰਕਸਵਾਦੀ ਨਹੀਂ ਬਣ ਜਾਂਦੀ। ਇਸ ਗੱਲ ਦਾ ਖ਼ਤਰਾ ਮੁੱਲ ਲੈਂਦੇ ਹੋਏ ਕਿ ਮੈਨੂੰ Ḕਜਮਾਤਵਾਦ’ ਦਾ ਅੰਨ੍ਹਾ ਸ਼ਰਧਾਲੂ ਵੀ ਕਿਹਾ ਜਾਏ, ਤਾਂ ਵੀ ਮੈਂ ਇਹੀ ਆਖਾਂਗਾ ਕਿ Ḕਜਮਾਤ’ ਹੀ ਮਾਰਕਸਵਾਦ ਦਾ ਆਧਾਰ ਹੋ ਸਕਦਾ ਹੈ। ḔਕੌਮḔ ਜਾਂ Ḕਮੁਲਕ’ ਦੀ ਇਕਾਈ ਜਾਂ ਦੇਸ਼ ਭਗਤੀ ਮਾਰਕਸਵਾਦ ਦਾ ਆਧਾਰ ਨਹੀਂ ਹੋ ਸਕਦਾ। ਅਤਿਵਾਦ ਨੂੰ ਖ਼ਤਮ ਕਰਨ ਦੀ ਇਹ ਉਪਰੋਕਤ ਕਥਿਤ ਰਾਸ਼ਟਰਵਾਦੀ ਪਹੁੰਚ (ਭਾਵੇਂ) ਵਕਤੀ ਤੌਰ ‘ਤੇ ਕਾਮਯਾਬ ਹੋਵੇ, ਉਹ ਸਮੁੱਚੇ ਹਿੰਦੁਸਤਾਨ ਦੇ ਲੋਕਾਂ ਲਈ ਖ਼ਤਰਨਾਕ ਸਿੱਟੇ ਕੱਢ ਸਕਦੀ ਹੈ, ਇਸ ਬਾਰੇ ਕਿਸੇ ਨੂੰ ਵੀ, ਤੇ ਖ਼ਾਸ ਕਰ ਕੇ ਇਕ ਮਾਰਕਸਵਾਦੀ ਨੂੰ ਕੋਈ ਸ਼ੱਕ ਨਹੀਂ ਹੋ ਸਕਦਾ।
ਦੂਜੀ ਲਾਈਨ ਉਹ ਕਹੀ ਜਾ ਸਕਦੀ ਹੈ ਕਿ ਜੋ ਸੀæਪੀæਆਈæ ਅਤੇ ਸੀæਪੀæਐੱਮæ ਨੇ ਅਪਣਾਈ ਹੋਈ ਹੈ ਜਿਸ ਵਿਚ ਰਾਸ਼ਟਰਵਾਦ ਤੋਂ ਲੈ ਕੇ ਸਾਮਰਾਜੀ ਚਾਲਾਂ ਤੱਕ ਦੀਆਂ ਕਈ ਦਲੀਲਾਂ ਦਾ ਆਧਾਰ ਲਿਆ ਗਿਆ ਹੈ ਤੇ ਜਿਸ ਦੀ ਸਫਲਤਾ ਦੀ ਇਕ ਕਸੌਟੀ ਰਿਬੇਰੋ ਵਲੋਂ ਦਿੱਤਾ ਸਰਟੀਫਿਕੇਟ, ਕਿ ਕਮਿਊਨਿਸਟ ਹੀ ਐਸੀ ਧਿਰ ਹਨ ਜੋ ਸਹੀ ਸ਼ਬਦਾਂ ਵਿਚ ਅਤਿਵਾਦ ਵਿਰੁੱਧ ਜੰਗ ਲੜਨ ਦੇ ਯੋਗ ਹਨ, ਵੀ ਸ਼ਾਮਲ ਹੈ। ਉਹ ਸਿੱਖ ਅਤਿਵਾਦ ਵਿਰੁੱਧ ਸੰਘਰਸ਼ ਨੂੰ ਬੁਨਿਆਦੀ ਤੌਰ ‘ਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਕਰਨ ਦੇ ਰੂਪ ‘ਚ ਲੈਂਦੇ ਹਨ, ਐਸੀ ਏਕਤਾ ਅਤੇ ਅਖੰਡਤਾ ਜਿਸ ਨੂੰ ਅਮਰੀਕੀ ਸਾਮਰਾਜੀ ਤਬਾਹ ਕਰ ਕੇ ਦੇਸ਼ ਨੂੰ ਅਸਥਿਰ ਕਰਨਾ ਚਾਹੁੰਦੇ ਹਨ। ਸਾਡਾ ਸਿਰ ਝੁਕਦਾ ਹੈ ਕਮਿਊਨਿਸਟ ਕੈਡਰ ਦੇ ਹੌਸਲੇ ਅਤੇ ਦ੍ਰਿੜਤਾ ਅੱਗੇ ਕਿ ਉਹ ਇਸ ਲਾਈਨ ਉਤੇ ਜ਼ਿੰਦਗੀਆਂ ਦੀਆਂ ਅਹੂਤੀਆਂ ਦੇ ਕੇ ਵੀ ਤੁਰ ਰਹੇ ਹਨ। ਐਸੀ ਲਾਈਨ ਜੋ ਹਾਕਮ ਜਮਾਤ ਦੀ ਸਿਆਸਤ ਨੂੰ ਰਾਸ ਆਉਂਦੀ ਹੈ ਅਤੇ ਕਮਿਊਨਿਸਟਾਂ ਦੀ ਵੱਖਰੀ ਪਛਾਣ ਨੂੰ ਧੁੰਦਲਾ ਕਰਦੀ ਹੈ। ਇਹ ਹੈਰਾਨੀ ਦੀ ਗੱਲ ਨਹੀਂ ਕਿ ਇਸ ਸਿਧਾਂਤਕ ਪੁਜੀਸ਼ਨ ਤੋਂ ਇਹ ਅਮਲ ਨਿਕਲ ਆਉਂਦਾ ਹੈ ਕਿ ਕਮਿਊਨਿਸਟ ਪਾਰਟੀਆਂ ਨੂੰ ਫਿਰਕਾਪ੍ਰਸਤੀ ਵਿਰੁੱਧ ਸੰਘਰਸ਼ ਕਰਨ ਲਈ ਕਾਂਗਰਸ, ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨਾਲ ਸਾਂਝੇ ਮੰਚ ਉਪਰ ਜਾਣ ਤੋਂ ਵੀ ਕੋਈ ਸੰਕੋਚ ਨਹੀਂ ਹੁੰਦਾ, ਉਹ ਪਾਰਟੀਆਂ ਜੋ ਆਪਣੇ ਆਪ ਵਿਚ ਫਿਰਕਪ੍ਰਸਤੀ ਨੂੰ ਜਨਮ ਦੇਣ ਲਈ ਜ਼ਿੰਮੇਵਾਰ ਹਨ। ਇਹ ਅੱਜ ਦੇ ਦੌਰ ਦਾ ਸਭ ਤੋਂ ਵੱਡਾ ਲਤੀਫ਼ਾ ਹੈ ਕਿ ਕਮਿਊਨਿਸਟ ਪਾਰਟੀਆਂ ਇਨ੍ਹਾਂ ਪਾਰਟੀਆਂ ਨਾਲ ਰਲ ਕੇ ਪੰਜਾਬ ਦੇ ਲੋਕਾਂ ਨੂੰ ਧਰਮਨਿਰਪੇਖਤਾ ਦਾ ਸੁਨੇਹਾ ਦੇ ਰਹੀਆਂ ਹਨ! ਕਮਿਊਨਿਸਟ ਪਾਰਟੀਆਂ ਨੇ ਵੀ ਜੇ ਉਸੇ ਰਾਸ਼ਟਰਵਾਦ ਦਾ ਸੁਨੇਹਾ ਦੇਣਾ ਹੈ ਜੋ ਹਾਕਮ ਜਮਾਤਾਂ ਦੀਆਂ ਪਾਰਟੀਆਂ ਨੇ ਦੇਣਾ ਹੈ ਤੇ ਰਾਸ਼ਟਰਵਾਦ ਵੀ ਉਹ ਜੋ ਕਾਫ਼ੀ ਹੱਦ ਤਕ ਹਿੰਦੂ ਸ਼ਾਵਨਵਾਦ ਦਾ ਰੂਪ ਅਖ਼ਤਿਆਰ ਕਰ ਰਿਹਾ ਹੈ, ਤਾਂ ਫਿਰ ਉਨ੍ਹਾਂ ਦੀ ਅਤੇ ਹਾਕਮ ਜਮਾਤ ਦੀਆਂ ਪਾਰਟੀਆਂ ਦੀ ਸਿਆਸਤ ਦਾ ਕੀ ਫਰਕ ਰਹਿ ਗਿਆ? ਕਮਿਊਨਿਸਟਾਂ ਨੂੰ ਇਹਦੇ ਬਾਰੇ ਸੰਜੀਦਗੀ ਨਾਲ ਸੋਚਣਾ ਚਾਹੀਦਾ ਹੈ। ਉਹ ਨੀਤੀਆਂ ਕਿਉਂ ਅਖ਼ਤਿਆਰ ਕੀਤੀਆਂ ਜਾਣ ਜਾਂ ਉਨ੍ਹਾਂ ਲਈ ਕੁਰਬਾਨੀਆਂ ਕਿਉਂ ਦਿੱਤੀਆਂ ਜਾਣ ਜਿਨ੍ਹਾਂ ਨੇ ਅੰਤ ਵਿਚ ਫਾਇਦਾ ਜਾ ਕੇ ਹਾਕਮ ਜਮਾਤਾਂ ਦੀ ਸਿਆਸਤ ਦਾ ਹੀ ਕਰਨਾ ਹੈ। ਬਗੈਰ ਸ਼ਰਤ, ਦੇਸ਼ ਦੀ ਏਕਤਾ ਜਾਂ ਅਖੰਡਤਾ ਨੂੰ ਆਧਾਰ ਬਣਾ ਕੇ (ਜੇ) ਕੋਈ (ਅਜਿਹਾ) ਅਮਲ ਕੀਤਾ ਜਾਵੇਗਾ, ਤਾਂ ਇਸ ਤੋਂ ਸਿਵਾਏ ਨਤੀਜਾ ਕੋਈ ਹੋਰ ਨਿਕਲ ਵੀ ਨਹੀਂ ਸਕਦਾ।
ਅਤਿਵਾਦ ਵਿਰੁੱਧ ਅਖ਼ਤਿਆਰ ਕੀਤਾ ਜਾਣ ਵਾਲਾ ਤੀਜਾ ਰਾਹ ਜੋ ਸਹੀ ਰਾਹ ਹੋਵੇਗਾ, ਉਹ ਉਹੀ ਰਾਹ ਹੋਵੇਗਾ ਜਦੋਂ ਇਸ ਸੰਘਰਸ਼ ਨੂੰ ਸਮੁੱਚੇ ਭਾਰਤ ਵਿਚ ਚਲਾਏ ਜਾਣ ਵਾਲੇ ਉਸ ਸੰਘਰਸ਼ ਦਾ ਹਿੱਸਾ ਬਣਾਇਆ ਜਾਵੇ ਜੋ ਹਾਕਮ ਜਮਾਤ ਦੀਆਂ ਕੁਲ ਨੀਤੀਆਂ ਵਿਰੁੱਧ ਚਲਾਉਣਾ ਬਣਦਾ ਹੈ। ਸਾਮਰਾਜ ਵਿਰੋਧੀ ਸੰਘਰਸ਼ ਨੂੰ ਵੀ ਇਸੇ ਸੰਘਰਸ਼ ਦਾ ਅੰਗ ਬਣਾਇਆ ਜਾਏ, ਨਾ ਕਿ ਇਸ ਸੰਘਰਸ਼ ਨੂੰ ਸਾਮਰਾਜ ਵਿਰੋਧੀ ਸੰਘਰਸ਼ ਦੇ ਅਧੀਨ ਕੀਤਾ ਜਾਏ। ਅਸੀਂ ਇਹ ਕਿਉਂ ਭੁੱਲੀਏ ਕਿ ਸਾਮਰਾਜੀ ਤਾਕਤਾਂ ਕਿਸੇ ਦੇਸ਼ ਵਿਚ ਦਖ਼ਲਅੰਦਾਜ਼ੀ ਕਰਨ ਦੇ ਸਮਰੱਥ ਤਾਂ ਹੀ ਹੁੰਦੀਆਂ ਹਨ ਜੇ ਹਾਕਮ ਜਮਾਤਾਂ ਦੀਆਂ ਨੀਤੀਆਂ ਉਨ੍ਹਾਂ ਨੂੰ ਇਸ ਯੋਗ ਬਣਾਉਂਦੀਆਂ ਹਨ। ਉਹ ਉਨ੍ਹਾਂ ਨੂੰ ਇਸ ਅਮਲ ਲਈ ਮੌਕਾ ਮੁਹੱਈਆ ਕਰਦੀਆਂ ਹਨ। ਜੇ ਅਸੀਂ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਗੱਲ ਵੀ ਕਰੀਏ ਤਾਂ ਉਹ ਕਥਿਤ ਦੇਸ਼ ਭਗਤ ਪੈਂਤੜੇ ਤੋਂ ਨਾ ਕਰੀਏ, ਸਗੋਂ ਇਨਕਲਾਬੀ ਸਿਆਸਤ ਦੇ ਪੈਂਤੜੇ ਤੋਂ ਕਰੀਏ ਜਿਸ ਨੂੰ ਇਸ ਏਕਤਾ ਦੀ ਉਸ ਸੰਘਰਸ਼ ਨੂੰ ਮਜ਼ਬੂਤ ਬਣਾਉਣ ਵਿਚ ਲੋੜ ਹੈ ਜੋ ਅਸੀਂ ਹਾਕਮ ਜਮਾਤਾਂ ਦੀਆਂ ਨੀਤੀਆਂ ਦੇ ਵਿਰੁੱਧ ਚਲਾਉਂਦੇ ਹਾਂ। ਹਾਕਮ ਜਮਾਤਾਂ ਕਹਿੰਦੀਆਂ ਹਨ ਕਿ ਉਨ੍ਹਾਂ ਦੀਆਂ ਨੀਤੀਆਂ ਮਜ਼ਬੂਤ ਕੌਮ ਬਣਾਉਣ ਲਈ ਗਤੀਸ਼ੀਲ ਹਨ, ਅਸਲੀਅਤ ਇਹ ਹੈ ਕਿ ਇਨ੍ਹਾਂ ਨੀਤੀਆਂ ਕਰ ਕੇ ਕੌਮ ਦੇ ਖੇਰੂੰ-ਖੇਰੂੰ ਹੋਣ ਦਾ ਅਮਲ ਸ਼ੁਰੂ ਹੋਇਆ ਹੈ। ਕੌਮ ਨੂੰ ਖੇਰੂੰ-ਖੇਰੂੰ ਕਰਨ ਦੀ ਪੂਰੀ ਜ਼ਿੰਮੇਵਾਰੀ ਉਨ੍ਹਾਂ ਉਪਰ ਹੈ ਜੋ ਇਸ ਦੀ ਏਕਤਾ ਦਾ ਸਭ ਤੋਂ ਵੱਧ ਢੰਡੋਰਾ ਪਿੱਟਦੇ ਹਨ।
ਉਪਰ ਬਿਆਨਿਆ ਤੀਜਾ ਰਾਹ ਹੀ ਹੈ ਜੋ ਸਾਨੂੰ ਇਨਕਲਾਬੀ ਸਿਆਸਤ ਨੂੰ ਅੱਗੇ ਲਿਜਾਣ ਲਈ ਅਪਣਾਉਣਾ ਚਾਹੀਦਾ ਹੈ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਿਸ ਸਿੱਖ ਅਤਿਵਾਦ ਦੇ ਖ਼ਤਰੇ ਦਾ ਢੰਡੋਰਾ ਹਾਕਮ ਜਮਾਤੀ ਪਾਰਟੀਆਂ ਕੋਠੇ ਚੜ੍ਹ ਕੇ ਪਿੱਟਦੀਆਂ ਹਨ, ਉਹ ਉਨ੍ਹਾਂ ਲਈ ਕੋਈ ਅਸਲੀ ਖ਼ਤਰਾ ਨਹੀਂ ਹੈ। ਉਹ ਇਨ੍ਹਾਂ ਦੀਆਂ ਨੀਤੀਆਂ ਦੀ ਹੀ ਪੈਦਾਇਸ਼ ਹੈ, ਇਸ ਲਈ ਉਹ ਇਸ ਨੂੰ ਖ਼ਤਮ ਕਰਨ ਦਾ ਰੌਲਾ ਜ਼ਰੂਰ ਪਾਉਂਦੇ ਹਨ, ਪਰ ਇਸ ਨੂੰ ਸਹੀ ਅਰਥਾਂ ਵਿਚ ਖ਼ਤਮ ਕਰਨ ਲਈ ਕੋਈ ਫ਼ਿਕਰਮੰਦ ਨਹੀਂ। ਉਨ੍ਹਾਂ ਨੂੰ ਪਤਾ ਹੈ ਕਿ ਅਤਿਵਾਦ ਦੀ ਹੋਂਦ ਲੋਕਾਂ ਦੀ ਮੁਕਤੀ ਦੇ ਸੰਘਰਸ਼ਾਂ ਨੂੰ ਗਧੀ-ਗੇੜ ਵਿਚ ਪਾਉਣ ਅਤੇ ਉਨ੍ਹਾਂ ਨੂੰ ਧੁੰਦਲਾਉਣ ਲਈ ਸਹਾਈ ਸਾਬਤ ਹੋ ਰਹੀ ਹੈ। ḔਸਮਤਾḔ ਵਿਚ ਇਹਦਾ ਜ਼ਿਕਰ ਵੀ ਬਹੁਤ ਵਾਰ ਆ ਚੁੱਕਿਆ ਹੈ।
ਆਪਣੇ ਜਮਾਤੀ ਹਿਤ ਵਿਚ ਅਤਿਵਾਦ ਦੇ ਸੰਘਰਸ਼ ਨੂੰ ਸਹੀ ਲੀਹਾਂ ‘ਤੇ ਲਿਆਉਣਾ ਸਾਡੀ ਲੋੜ ਹੈ। ਇਹ ਔਖਾ ਕੰਮ ਹੈ ਕਿਉਂਕਿ ਬਹੁਕੌਮੀ ਭਾਰਤੀ ਸਮਾਜ ਜੋ ਅਗਾਂਹ ਵੱਖ-ਵੱਖ ਧਰਮਾਂ ਤੇ ਜਾਤਾਂ ਵਿਚ ਵੰਡਿਆ ਹੋਇਆ ਕਾਫ਼ੀ ਗੁੰਝਲਦਾਰ ਸਮਾਜ ਹੈ ਅਤੇ ਆਪਣੇ ਵਿਚ ਕਈ ਵਿਰੋਧਤਾਈਆਂ ਸਮੇਟੀ ਬੈਠਾ ਹੈ, ਪਰ ਸਾਨੂੰ ਇਹ ਕਾਰਜ ਹੱਥ ਵਿਚ ਲੈਣਾ ਪੈਣਾ ਹੈ। ਅਸੀਂ ਅਤਿਵਾਦ ਦਾ ਹਰ ਹਾਲਤ ਵਿਚ ਮੁਕਾਬਲਾ ਕਰਨਾ ਹੈ, ਪਰ ਆਪਣੀ ਦ੍ਰਿਸ਼ਟੀ ਨਾਲ ਕਰਨਾ ਹੈ, ਹਾਕਮ ਜਮਾਤਾਂ ਦੀ ਦ੍ਰਿਸ਼ਟੀ ਨਾਲ ਨਹੀਂ ਕਰਨਾ। ਇਸ ਕਾਰਜ ਦੇ ਲਈ ਦਾਅਪੇਚ ਇਸ ਤਰ੍ਹਾਂ ਮਿਥੇ ਜਾਣ ਕਿ ਸਾਨੂੰ ਵੱਧ ਤੋਂ ਵੱਧ ਲੋਕਾਂ ਦਾ ਸਹਿਯੋਗ ਮਿਲੇ ਅਤੇ ਇਨਕਲਾਬੀ ਸਿਆਸਤ ਅੱਗੇ ਵਧੇ, ਬਹਿਸ ਇਸ ਦਿਸ਼ਾ ਵਿਚ ਅੱਗੇ ਚੱਲਣੀ ਚਾਹੀਦੀ ਹੈ।