-ਜਤਿੰਦਰ ਪਨੂੰ
ਇੱਕ ਗੁਜਰਾਤੀ ਬਜ਼ੁਰਗ ਨੂੰ ਅਮਰੀਕਾ ਵਿਚ ਪੁਲਿਸ ਵਾਲਿਆਂ ਨੇ ਜ਼ਰਾ ਜਿੰਨੀ ਗੱਲ ਉਤੇ ਇਨਾ ਕੁੱਟ ਦਿੱਤਾ ਕਿ ਉਹ ਮਰਨਾਊ ਹਾਲਤ ਨੂੰ ਪਹੁੰਚ ਗਿਆ। ਕੁਝ ਥਾਂਵਾਂ ਉਤੇ ਸਿੱਖਾਂ ਉਤੇ ਹਮਲੇ ਹੋਣ ਦੀਆਂ ਘਟਨਾਵਾਂ ਵੀ ਹੋਈਆਂ, ਜਿਨ੍ਹਾਂ ਲਈ ਕੁਝ ਗੋਰੇ ਲੋਕ ਦੋਸ਼ੀ ਸਨ। ਅਜਿਹੀਆਂ ਘਟਨਾਵਾਂ ਦੁਖੀ ਕਰਦੀਆਂ ਹਨ। ਕਿਸੇ ਦੇਸ਼ ਵਿਚ ਜਦੋਂ ਸਾਡੇ ਕਿਸੇ ਪੰਜਾਬੀ ਜਾਂ ਕਿਸੇ ਹੋਰ ਰਾਜ ਵਿਚੋਂ ਗਏ ਭਾਰਤੀ ਨਾਲ ਏਦਾਂ ਦੀ ਘਟਨਾ ਵਾਪਰਦੀ ਹੈ ਤਾਂ ਦੁੱਖ ਮਹਿਸੂਸ ਹੁੰਦਾ ਹੈ ਤੇ ਇਹ ਹੋਣਾ ਵੀ ਚਾਹੀਦਾ ਹੈ।
ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੋ ਵਾਰ ਇਸ ਅਹੁਦੇ ਨੂੰ ਮਾਣ ਕੇ ਹੁਣ ਜਦੋਂ ਇਸ ਸਾਲ ਸੇਵਾ ਮੁਕਤ ਹੋਣ ਵਾਲਾ ਹੈ ਤਾਂ ਮੰਨਦਾ ਹੈ ਕਿ ਉਸ ਦੇ ਰਾਜ ਦੌਰਾਨ ਸਿੱਖਾਂ ਨੂੰ ਮੁਸਲਿਮ ਸਮਝ ਕੇ ਉਨ੍ਹਾਂ ਉਤੇ ਹਮਲੇ ਕੀਤੇ ਜਾਂਦੇ ਰਹੇ ਹਨ। ਮੁਸਲਿਮ ਸਮਝ ਕੇ ਸਿੱਖਾਂ ਉਤੇ ਹਮਲੇ ਹੋਣ ਜਾਂ ਮੁਸਲਿਮ ਨੂੰ ਪਛਾਣ ਕੇ ਮੁਸਲਿਮ ਹੋਣ ਕਾਰਨ ਹਮਲੇ ਕੀਤੇ ਜਾਣ, ਦੋਵੇਂ ਤਰ੍ਹਾਂ ਦੀਆਂ ਘਟਨਾਵਾਂ ਬਰਾਬਰ ਦੀਆਂ ਨਿੰਦਣਯੋਗ ਹਨ। ਜਿਨ੍ਹਾਂ ਉਤੇ ਹਮਲਾ ਹੁੰਦਾ ਹੈ, ਧਰਮ ਕੋਈ ਵੀ ਹੋਵੇ, ਤਕਲੀਫ ਉਨ੍ਹਾਂ ਨੂੰ ਹੁੰਦੀ ਹੈ। ਇੱਕ ਵਾਰੀ ਮੈਂ ਲੰਡਨ ਦੀ ਇੱਕ ਗਲੀ ਵਿਚੋਂ ਲੰਘ ਰਿਹਾ ਸਾਂ ਤਾਂ ਛੋਟੇ-ਛੋਟੇ ਦੋ ਬ੍ਰਿਟਿਸ਼ ਬੱਚੇ ਮੈਨੂੰ ‘ਬਲੱਡੀ ਪੈਕੀ’ ਕਹਿੰਦੇ ਹੋਏ ਘਰਾਂ ਵੱਲ ਦੌੜ ਗਏ। ਜਦੋਂ ਬਾਅਦ ਵਿਚ ਕਿਸੇ ਨੂੰ ‘ਬਲੱਡੀ ਪੈਕੀ’ ਦਾ ਅਰਥ ਪੁੱਛਿਆ ਤਾਂ ਪਤਾ ਲੱਗਾ ਕਿ ਉਨ੍ਹਾਂ ਨੇ ਪਾਕਿਸਤਾਨੀ ਸਮਝ ਕੇ ਇਹ ਗੰਦੀ ਗਾਲ੍ਹ ਕੱਢੀ ਸੀ। ਗਾਲ੍ਹ ਪਾਕਿਸਤਾਨੀ ਸਮਝ ਕੇ ਕੱਢੀ, ਪਰ ਕਿਉਂਕਿ ਮੈਨੂੰ ਕੱਢੀ ਸੀ, ਇਸ ਕਾਰਨ ਕਈ ਦਿਨ ਮੈਂ ਉਸ ਦੀ ਪੀੜ ਮਹਿਸੂਸ ਕਰਦਾ ਰਿਹਾ। ਉਨ੍ਹਾਂ ਬੱਚਿਆਂ ਦਾ ਕੋਈ ਕਸੂਰ ਮੈਨੂੰ ਨਹੀਂ ਸੀ ਲੱਭਾ, ਉਨ੍ਹਾਂ ਦੇ ਮਾਂ-ਬਾਪ ਦੀ ਨਸਲਵਾਦੀ ਸੋਚ ਦੀ ਬਦਬੂ ਮਹਿਸੂਸ ਹੋ ਰਹੀ ਸੀ। ਇਹੋ ਕਾਰਨ ਹੈ ਕਿ ਜਦੋਂ ਅਮਰੀਕਾ ਜਾਂ ਕਿਸੇ ਹੋਰ ਦੇਸ਼ ਵਿਚ ਸਾਡੇ ਕਿਸੇ ਵਿਅਕਤੀ ਉਤੇ ਹਮਲਾ ਕੀਤੇ ਜਾਣ ਦੀ ਖਬਰ ਆਉਂਦੀ ਹੈ ਤਾਂ ਕਈ ਸਾਲ ਲੰਘ ਜਾਣ ਦੇ ਬਾਵਜੂਦ ਉਨ੍ਹਾਂ ਛੋਟੇ ਬੱਚਿਆਂ ਵੱਲੋਂ ਕੱਢੀ ਗਈ ‘ਬਲੱਡੀ ਪੈਕੀ’ ਦੀ ਗਾਲ੍ਹ ਵੀ ਮੈਨੂੰ ਯਾਦ ਆਉਂਦੀ ਹੈ।
ਹੁਣ ਅਸੀਂ ਇੱਕ ਇਹੋ ਜਿਹੀ ਘਟਨਾ ਦੀ ਚਰਚਾ ਕਰੀਏ, ਜਿਸ ਵਿਚ ਪੀੜਤ ਵਿਦੇਸ਼ੀ ਹਨ ਤੇ ਉਨ੍ਹਾਂ ਨੂੰ ਪੀੜ ਦੇਣ ਵਾਲੀ ਭੀੜ ਸਾਡੇ ਭਾਰਤ ਦੇਸ਼ ਦੀ ਹੈ, ਜਿਹੜਾ ਹਰ ਹੋਰ ਦੇਸ਼ ਵਿਚ ਹੋਈ ਏਦਾਂ ਦੀ ਘਟਨਾ ਉਤੇ ਜਾਇਜ਼ ਤੌਰ ਉਤੇ ਤਕਲੀਫ ਮਹਿਸੂਸ ਕਰਦਾ ਹੈ। ਬੰਗਲੌਰ ਭਾਰਤ ਦੇ ਆਧੁਨਿਕ ਸ਼ਹਿਰਾਂ ਵਿਚੋਂ ਇੱਕ ਮੰਨਿਆ ਜਾਂਦਾ ਹੈ ਤੇ ਧਰਮ-ਨਿਰਪੱਖ ਸ਼ਹਿਰਾਂ ਵਿਚੋਂ ਵੀ। ਇਹ ਸ਼ਰਮਨਾਕ ਘਟਨਾ ਉਥੇ ਹੀ ਹੋਈ ਹੈ। ਪੂਰਬੀ ਅਫਰੀਕਾ ਦੇ ਦੇਸ਼ ਤਨਜ਼ਾਨੀਆ ਤੋਂ ਬੰਗਲੌਰ ਵਿਚ ਪੜ੍ਹਨ ਆਈ ਕੁੜੀ ਨੂੰ ਭੀੜ ਨੇ ਕੁੱਟਿਆ ਅਤੇ ਉਸ ਦੇ ਕੱਪੜੇ ਪਾੜ ਕੇ ਜ਼ਲੀਲ ਕੀਤਾ। ਜਦੋਂ ਉਸ ਦੇ ਪੇਟ ਤੋਂ ਉਪਰ ਦੇ ਕੱਪੜੇ ਪਾਟ ਗਏ ਤੇ ਉਹ ਆਪਣਾ ਤਨ ਹੱਥਾਂ ਨਾਲ ਢੱਕ ਕੇ ਭੀੜ ਤੋਂ ਕੁੱਟ ਖਾ ਰਹੀ ਸੀ ਤਾਂ ਇੱਕ ਭਾਰਤੀ ਨੇ ਤਰਸ ਕਰ ਕੇ ਆਪਣੀ ਕਮੀਜ਼ ਲਾਹੀ ਤੇ ਉਸ ਵੱਲ ਸੁੱਟ ਦਿੱਤੀ, ਤਾਂ ਕਿ ਉਹ ਆਪਣਾ ਸਰੀਰ ਢੱਕ ਸਕੇ। ਏਨੀ ਗੱਲ ਤੋਂ ਭੀੜ ਨੇ ਉਸ ਭਾਰਤੀ ਨੂੰ ਵੀ ਕੁੱਟ-ਕੁੱਟ ਕੇ ਮਰਨਾਊ ਕਰ ਛੱਡਿਆ।
ਸੱਭਿਅਕ ਭਾਰਤ ਦੇ ਬੜੇ ਸੱਭਿਅਕ ਗਿਣੇ ਜਾਂਦੇ ਸ਼ਹਿਰ ਵਿਚ ਵਾਪਰੀ ਇਸ ਘਟਨਾ ਦਾ ਕਾਰਨ ਉਥੇ ਹੋਇਆ ਇੱਕ ਕਾਰ ਹਾਦਸਾ ਸੀ। ਕਾਰ ਵਾਲਾ ਅਫਰੀਕੀ ਮੂਲ ਦਾ ਨੌਜਵਾਨ ਸੀ। ਪਿੱਛੋਂ ਪਤਾ ਲੱਗ ਗਿਆ ਕਿ ਉਹ ਅਫਰੀਕੀ ਦੇਸ਼ ਸੂਡਾਨ ਦਾ ਰਹਿਣ ਵਾਲਾ ਸੀ। ਉਸੇ ਰੰਗ ਤੇ ਉਸੇ ਨਸਲ ਵਾਲੀ ਇਹ ਕੁੜੀ ਕੁਝ ਪਲ ਬਾਅਦ ਆਪਣੇ ਦੋਸਤਾਂ ਨਾਲ ਉਥੋਂ ਲੰਘਣ ਲੱਗੀ ਤਾਂ ਭੀੜ ਵਿਚਾਲੇ ਫਸ ਗਈ। ਦੋਸਤ ਜਾਨ ਬਚਾ ਕੇ ਨਿਕਲ ਗਏ। ਇਸ ਨਾਲ ਜਿਸ ਤਰ੍ਹਾਂ ਦਾ ਜੰਗਲੀ ਵਿਹਾਰ ਕੀਤਾ ਗਿਆ, ਉਸ ਤੋਂ ਭਾਰਤੀਅਤਾ ਸ਼ਰਮਸਾਰ ਹੋਈ ਅਤੇ ਕਈ ਹੋਰ ਗੱਲਾਂ ਯਾਦ ਆ ਗਈਆਂ ਹਨ, ਜੋ ਦੱਸਦੀਆਂ ਹਨ ਕਿ ਨਸਲਵਾਦ ਦਾ ਕੀੜਾ ਸਾਡੇ ਸਿਰਾਂ ਵਿਚ ਵੀ ਹੈ।
ਪੰਜਾਬ ਦੀ ਪਹਿਲੀ ਪ੍ਰਾਈਵੇਟ ਯੂਨੀਵਰਸਿਟੀ ਜਲੰਧਰ ਤੇ ਫਗਵਾੜੇ ਵਿਚਾਲੇ ਹੈ। ਕਰੀਬ ਚਾਰ ਸਾਲ ਪਹਿਲਾਂ ਉਸ ਯੂਨੀਵਰਸਿਟੀ ਵਿਚ ਪੜ੍ਹਦੇ ਅਫਰੀਕੀ ਦੇਸ਼ ਬੜੂੰਦੀ ਦੇ ਵਿਦਿਆਰਥੀ ਯਾਨਿਕ ਨਿਹਾਂਜਾ ਨੂੰ ਜਲੰਧਰ ਦੀ ਡਿਫੈਂਸ ਕਾਲੋਨੀ ਵਿਚ ਪੰਜਾਬੀ ਮੁੰਡਿਆਂ ਨੇ ਇੱਕ ਦਿਨ ਏਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਹ ਕੌਮਾ ਵਿਚ ਚਲਾ ਗਿਆ। ਇਥੇ ਮੁਕੰਮਲ ਇਲਾਜ ਨਹੀਂ ਹੋ ਸਕਿਆ ਤੇ ਉਸ ਦੇ ਵਾਰਸ ਉਸ ਨੂੰ ਆਪਣੇ ਦੇਸ਼ ਲੈ ਗਏ, ਜਿੱਥੇ ਸਵਾ ਦੋ ਸਾਲ ਬੇਹੋਸ਼ੀ ਵਿਚ ਰਹਿ ਕੇ ਉਹ ਪ੍ਰਾਣ ਤਿਆਗ ਗਿਆ। ਸਾਡੇ ਪੰਜਾਬੀਆਂ ਵਿਚੋਂ ਗਿਣਵੇਂ-ਚੁਣਵੇਂ ਲੋਕਾਂ ਤੋਂ ਸਿਵਾ ਕਿਸੇ ਦੀ ਮ੍ਰਿਤਕ ਨੌਜਵਾਨ ਨਾਲ ਹਮਦਰਦੀ ਨਹੀਂ ਸੀ ਜਾਪਦੀ, ਸਗੋਂ ਖਬਰਾਂ ਵਿਚ ਉਸ ਦਾ ਜ਼ਿਕਰ ਕਰਨ ਵੇਲੇ ਅਫਰੀਕੀ ਲੋਕਾਂ ਲਈ ਵਰਤੇ ਜਾਂਦੇ ਉਹ ਸ਼ਬਦ ਉਚੇਚੇ ਲਿਖੇ ਜਾ ਰਹੇ ਸਨ, ਜੋ ਹੁਣ ਦੁਨੀਆਂ ਵਿਚ ਨਸਲਵਾਦੀ ਸ਼ਬਦ ਮੰਨੇ ਜਾ ਚੁੱਕੇ ਹਨ ਅਤੇ ਕਈ ਦੇਸ਼ਾਂ ਵਿਚ ਉਹ ਜੁਰਮ ਸਮਝੇ ਜਾਂਦੇ ਹਨ।
ਭਾਰਤੀ ਮੀਡੀਆ, ਤੇ ਇਸ ਵਿਚ ਸ਼ਾਮਲ ਪੰਜਾਬ ਦਾ ਮੀਡੀਆ ਵੀ, ਇਹੋ ਜਿਹੀ ਹਰ ਗੱਲ ਲਈ ਬਾਹਰ ਤੋਂ ਆਏ ਲੋਕਾਂ ਦਾ ਕਸੂਰ ਕੱਢਣ ਲੱਗ ਜਾਂਦਾ ਹੈ। ਬੰਗਲੌਰ ਦਾ ਮੀਡੀਆ ਇਸ ਵਾਰ ਉਸ ਕੁੜੀ ਨਾਲ ਹੋਈ ਘਟਨਾ ਪਿੱਛੋਂ ਬਹੁਤਾ ਜ਼ੋਰ ਇਸ ਗੱਲ ਉਤੇ ਦਿੰਦਾ ਰਿਹਾ ਕਿ ਕੁੜੀ ਨੂੰ ਭੀੜ ਵਿਚਾਲੇ ਪੂਰੀ ਨਿਰ-ਵਸਤਰ ਕਰਨ ਦਾ ਦੋਸ਼ ਗਲਤ ਹੈ ਤੇ ਉਹ ਲੋਕਾਂ ਵਿਚ ਪੂਰੀ ਨਿਰ-ਵਸਤਰ ਨਹੀਂ ਹੋਈ। ਉਥੋਂ ਦਾ ਪੁਲਿਸ ਮੁਖੀ ਵੀ ਇਹੋ ਕਹਿੰਦਾ ਹੈ। ਇਸ ਤੋਂ ਕੁਝ ਅਜਿਹਾ ਪ੍ਰਭਾਵ ਮਿਲਦਾ ਹੈ, ਜਿਵੇਂ ਉਹ ਕਹਿ ਰਹੇ ਹੋਣ ਕਿ ਇਹ ਕੰਮ ਹੋਣ ਵਾਲਾ ਤਾਂ ਰਹਿ ਹੀ ਗਿਆ ਸੀ। ਉਸ ਰਾਜ ਦੇ ਗ੍ਰਹਿ ਮੰਤਰੀ ਤੋਂ ਅਕਲ ਨਾਲ ਪੁਲਿਸ ਦੀ ਨੱਥ ਖਿੱਚਣ ਤੇ ਇਨਸਾਫ ਯਕੀਨੀ ਕਰਾਉਣ ਦੀ ਆਸ ਰੱਖੀ ਜਾ ਸਕਦੀ ਸੀ, ਪਰ ਉਹ ਵੀ ਇਸੇ ਰੌਂਅ ਵਿਚ ਬੋਲ ਰਿਹਾ ਸੀ। ਅਫਸੋਸ ਹੈ ਕਿ ਇਹ ਘਟਨਾ ਹੋਈ, ਜੋ ਕਿਸੇ ਹਾਲਤ ਵਿਚ ਨਹੀਂ ਸੀ ਹੋਣੀ ਚਾਹੀਦੀ। ਇਸ ਨਾਲ ਭਾਰਤ ਦੀ ਦਿੱਖ ਨੂੰ ਦਾਗ ਲੱਗਾ ਹੈ।
ਹੁਣ ਆਈਏ ਇੱਕ ਹੋਰ ਪੱਖ ਵੱਲ ਕਿ ਕੀ ਇਹ ਸਿਰਫ ਵਿਦੇਸ਼ੀ ਲੋਕਾਂ ਨਾਲ ਵਾਪਰਦਾ ਹੈ? ਕਈ ਵਾਰ ਸਾਡੇ ਦੇਸ਼ ਵਿਚ ਭੜਕੀ ਹੋਈ ਭੀੜ ਆਪਣੇ ਦੇਸ਼ ਦੇ ਕਿਸੇ ਹੋਰ ਰਾਜ ਵਿਚੋਂ ਆਏ ਲੋਕਾਂ ਉਤੇ ਵੀ ਦੁਸ਼ਮਣਾਂ ਵਾਂਗ ਹੀ ਟੁੱਟ ਪੈਂਦੀ ਹੈ। ਇੱਕ ਵਾਰ ਇਸੇ ਬੰਗਲੌਰ ਸ਼ਹਿਰ ਵਿਚ ਇਹ ਅਫਵਾਹ ਫੈਲ ਗਈ ਸੀ ਕਿ ਭਾਰਤ ਦੇ ਉਤਰ-ਪੂਰਬ ਤੋਂ ਆਏ ਲੋਕਾਂ ਉਤੇ ਕੋਈ ਟੋਲਾ ਹਮਲੇ ਕਰ ਸਕਦਾ ਹੈ। ਅਗਲੇ ਦਿਨਾਂ ਵਿਚ ਉਸ ਰਾਜ ਅਤੇ ਨਾਲ ਦੇ ਰਾਜਾਂ ਦੇ ਨੌਕਰੀ ਕਰਦੇ ਉਤਰ-ਪੂਰਬੀ ਲੋਕ ਤੇ ਵਿਦਿਆਰਥੀ ਆਪਣੇ ਘਰਾਂ ਨੂੰ ਇੰਜ ਭੱਜਦੇ ਰਹੇ ਕਿ ਪੂਰਾ ਹਫਤਾ ਰੇਲ ਗੱਡੀਆਂ ਭੀੜ ਨਾਲ ਭਰੀਆਂ ਜਾਂਦੀਆਂ ਵੇਖੀਆਂ ਗਈਆਂ ਸਨ। ਇਸ ਘਬਰਾਹਟ ਦਾ ਕਾਰਨ ਦਿੱਲੀ ਦੀ ਇੱਕ ਘਟਨਾ ਸੀ।
ਰਾਜਧਾਨੀ ਦਿੱਲੀ ਵਿਚ ਡਾæ ਮਨਮੋਹਨ ਸਿੰਘ ਸਰਕਾਰ ਦੇ ਆਖਰੀ ਸਾਲ ਦੀ ਜਨਵਰੀ ਦੇ ਆਖਰੀ ਹਫਤੇ ਇੱਕ ਮਾਰਕੀਟ ਵਿਚ ਅਰੁਣਾਚਲ ਪ੍ਰਦੇਸ਼ ਦੇ ਇੱਕ ਵਿਦਿਆਰਥੀ ਨੀਦੋ ਤਾਨੀਆ ਨੂੰ ਕੁਝ ਲੋਕਾਂ ਨੇ ਕੁੱਟ-ਕੁੱਟ ਮਾਰ ਦਿੱਤਾ ਸੀ। ਉਸ ਦਾ ਕਸੂਰ ਸਿਰਫ ਇਹ ਸੀ ਕਿ ਉਹ ਬਾਕੀ ਭਾਰਤੀ ਲੋਕਾਂ ਤੋਂ ਵੱਖਰੇ ਆਪਣੇ ਮੁਹਾਂਦਰੇ ਬਾਰੇ ਵਾਰ-ਵਾਰ ਕੀਤੀ ਗਈ ਨਸਲੀ ਟਿੱਪਣੀ ਤੋਂ ਭੜਕ ਕੇ ਰੋਸ ਕਰਨ ਲੱਗਾ ਸੀ। ਭਾਰਤ ਦੇ ਉਤਰ-ਪੂਰਬੀ ਰਾਜਾਂ ਦੇ ਲੋਕਾਂ ਦੀ ਦਿੱਖ ਮੱਧ-ਭਾਰਤੀ ਤੇ ਉਤਰ ਭਾਰਤੀ ਲੋਕਾਂ ਤੋਂ ਵੱਖਰੀ ਹੈ ਤਾਂ ਦੱਖਣ-ਭਾਰਤੀ ਲੋਕਾਂ ਦੀ ਵੀ ਵੱਖਰੀ ਹੈ। ਇਹ ਇਸ ਦੇਸ਼ ਦੀ ਸ਼ਾਨਦਾਰ ਵਿਰਾਸਤ ਹੈ ਕਿ ਇਸ ਵਿਚ ਹਰ ਰੰਗ, ਹਰ ਨਸਲ ਅਤੇ ਹਰ ਧਰਮ ਦੇ ਲੋਕ ਹਨ। ਜਦੋਂ ਉਸ ਲੜਕੇ ਬਾਰੇ ਨਸਲੀ ਟਿੱਪਣੀ ਕੀਤੀ ਗਈ ਅਤੇ ਉਸ ਨੇ ਰੋਸ ਕੀਤਾ ਤਾਂ ਕੁੱਟ-ਕੁੱਟ ਕੇ ਮਾਰ ਦਿੱਤਾ। ਲੜਕੇ ਦਾ ਬਾਪ ਆਪਣੇ ਰਾਜ ਅਰੁਣਾਚਲ ਪ੍ਰਦੇਸ਼ ਦਾ ਐਮ ਐਲ ਏ ਅਤੇ ਮੰਤਰੀਆਂ ਵਰਗੇ ਪਾਰਲੀਮੈਂਟਰੀ ਸੈਕਟਰੀ ਦੇ ਦਰਜੇ ਵਾਲਾ ਆਗੂ ਸੀ ਤੇ ਕੇਂਦਰ ਵਿਚ ਰਾਜ ਕਰਦੀ ਕਾਂਗਰਸ ਪਾਰਟੀ ਵਿਚੋਂ ਸੀ। ਆਪਣੇ ਹੀ ਦੇਸ਼ ਵਿਚ ਸਿਰਫ ਵੱਖਰੀ ਦਿੱਖ ਕਾਰਨ ਇੱਕ ਵੀਹ ਸਾਲਾ ਮੁੰਡਾ ਮਾਰ ਦਿੱਤਾ ਜਾਵੇ, ਨਸਲਵਾਦ ਦਾ ਇਹ ਰੰਗ ਵੀ ਦੁੱਖ ਦਿੰਦਾ ਹੈ।
ਆਓ, ਹੁਣ ਇਕ ਹੋਰ ਦ੍ਰਿਸ਼ ਵੇਖ ਲਈਏ, ਜਿਸ ਨੂੰ ਅਸੀਂ ਅੱਖੋਂ-ਪਰੋਖੇ ਕਰ ਜਾਂਦੇ ਹਾਂ। ਕਈ ਸਾਲ ਪਹਿਲਾਂ ਪੰਜਾਬ ਦੇ ਕਸਬਾ ਮਾਹਿਲਪੁਰ ਵਿਚ ਪਰਵਾਸੀ ਮਜ਼ਦੂਰਾਂ ਬਾਰੇ ਇੱਕ ਸੈਮੀਨਾਰ ਵਿਚ ਸਾਨੂੰ ਸੱਦਿਆ ਗਿਆ ਸੀ। ਉਥੇ ਬਹੁਤੇ ਬੁਲਾਰੇ ਕਹਿ ਰਹੇ ਸਨ ਕਿ ਯੂ ਪੀ ਅਤੇ ਬਿਹਾਰ ਤੋਂ ਇਥੇ ਆ ਕੇ ਇਹ ਲੋਕ ਪੰਜਾਬ ਦਾ ਸੱਭਿਆਚਾਰ ਵਿਗਾੜ ਰਹੇ ਹਨ। ਜਦੋਂ ਅਸੀਂ ਦੱਸਿਆ ਕਿ ਪੱਛਮੀ ਦੇਸ਼ਾਂ ਦੇ ਨਸਲਵਾਦੀ ਤੱਤ ਉਥੇ ਸਾਡੇ ਲੋਕਾਂ ਬਾਰੇ ਇਹੋ ਗੱਲ ਕਹਿੰਦੇ ਹਨ ਤਾਂ ਉਨ੍ਹਾਂ ਨੂੰ ਵਿਦੇਸ਼ ਬੈਠੇ ਸਾਡੇ ਲੋਕਾਂ ਨਾਲ ਵਾਪਰਦੇ ਨਸਲਵਾਦ ਦੀ ਚਿੰਤਾ ਨਹੀਂ ਸੀ, ਪੂਰਬੀ ਮਜ਼ਦੂਰਾਂ ਬਾਰੇ ਆਪਣੀ ਧਾਰਨਾ ਉਤੇ ਯਕੀਨ ਸੀ। ਜ਼ੋਸ ਵਿਚ ਉਹ ਇਹ ਵੀ ਕਹਿੰਦੇ ਸਨ ਕਿ ਇਹ ਲੋਕ ਇਥੋਂ ਕਮਾਈ ਕਰ ਕੇ ਲੈ ਜਾਂਦੇ ਹਨ। ਅਸੀਂ ਚੇਤੇ ਕਰਾਇਆ ਕਿ ਸਾਡੇ ਦੋਆਬੇ ਦੇ ਪਿੰਡਾਂ ਵਿਚ ਉਚੀਆਂ ਕੋਠੀਆਂ ਸਾਡੇ ਲੋਕਾਂ ਨੇ ਵਿਦੇਸ਼ ਵਿਚੋਂ ਕਮਾਈਆਂ ਕਰ ਕੇ ਹੀ ਬਣਾਈਆਂ ਹਨ। ਉਨ੍ਹਾਂ ਦੀ ਦਲੀਲ ਸੀ ਕਿ ਸਾਡੇ ਲੋਕ ਉਥੇ ਹੱਡ ਭੰਨ ਕੇ ਮਿਹਨਤ ਕਰਦੇ ਹਨ। ਪੰਜਾਬ ਵਿਚ ਆਏ ਯੂ ਪੀ ਅਤੇ ਬਿਹਾਰ ਦੇ ਮਜ਼ਦੂਰ ਵੀ ਹੱਡ ਭੰਨ ਕੇ ਮਿਹਨਤ ਕਰਦੇ ਹਨ ਤੇ ਬਹੁਤਾ ਕਰ ਕੇ ਸਾਡੇ ਪਿੰਡਾਂ ਵਿਚ ਉਨ੍ਹਾਂ ਨੂੰ ਤੂੜੀ ਵਾਲਾ ਕਮਰਾ ਰਹਿਣ ਲਈ ਦਿੱਤਾ ਜਾਂਦਾ ਹੈ। ਕੀ ਇਹ ਨਸਲਵਾਦੀ ਸੋਚ ਨਹੀਂ ਹੈ?
ਨਸਲਵਾਦ ਦਾ ਕੀੜਾ ਤਾਂ ਇਥੋਂ ਤੱਕ ਚਲਾ ਜਾਂਦਾ ਹੈ ਕਿ ਪੰਜਾਬ ਦਾ ਕੋਈ ਕਿਸਾਨ ਪੰਜਾਹ ਸਾਲ ਗੁਜਰਾਤ ਦੀ ਜ਼ਮੀਨ ਵਿਚੋਂ ਝਾੜੀਆਂ ਪੁੱਟ ਕੇ ਆਬਾਦ ਕਰੀ ਜਾਂਦਾ ਹੈ ਤੇ ਬਾਅਦ ਵਿਚ ਕਿਸੇ ਦੀ ਭੜਕਾਈ ਭੀੜ ਉਸ ਨੂੰ ਘਰ ਆ ਕੇ ਕੁਟਾਪਾ ਚਾੜ੍ਹ ਕੇ ਪੰਜਾਬ ਭੱਜਣ ਨੂੰ ਮਜਬੂਰ ਕਰ ਦਿੰਦੀ ਹੈ। ਇਹ ਵੀ ਨਸਲਵਾਦ ਦਾ ਇੱਕ ਪੱਖ ਹੈ। ਸਾਡੇ ਲੋਕ ਅੱਜ ਵਾਲੀ ਸਥਿਤੀ ਵਿਚ ਹੋਰ ਦੇਸ਼ਾਂ ਵਿਚ ਜਾਣਗੇ, ਹੋਰ ਥਾਂਵਾਂ ਦੇ ਲੋਕ ਇਥੇ ਆਉਣਗੇ ਤੇ ਮਨੁੱਖੀ ਰਿਸ਼ਤਿਆਂ ਦੀ ਤੰਦ ਨਾਲ ਸੰਸਾਰ ਜੁੜਿਆ ਦਿਖਾਈ ਦੇਵੇਗਾ। ਇਸ ਤੰਦ ਨੂੰ ਜਦੋਂ ਇੱਕ ਵੀ ਥਾਂ ਤੋਂ ਨਸਲਵਾਦ ਦਾ ਕੋਈ ਕੀੜਾ ਟੁੱਕਣ ਦਾ ਯਤਨ ਕਰੇਗਾ, ਇਸ ਦੀ ਲਾਗ ਸੰਸਾਰ ਵਿਚ ਹੋਰਨੀਂ ਥਾਂਈਂ ਪਹੁੰਚ ਸਕਦੀ ਹੈ। ਪੰਜਾਬ ਦੀ ਇੱਕ ਕਹਾਵਤ ਹੈ ਕਿ ਨਗਰ ਸੁੱਖ ਤਾਂ ਖੇੜੇ ਸੁੱਖ, ਖੇੜੇ ਸੁੱਖ ਤਾਂ ਵਿਹੜੇ ਸੁੱਖ। ਕਹਿਣ ਤੋਂ ਭਾਵ ਹੈ ਕਿ ਸੰਸਾਰ ਵਿਚ ਸੁੱਖ ਹੋਵੇ ਤਾਂ ਪਰਿਵਾਰ ਵਿਚ ਸੁੱਖ ਰਹੇਗੀ। ਨਸਲਵਾਦ ਤੋਂ ਬਚਣਾ ਹੈ ਤਾਂ ਸਭ ਨੂੰ ਆਪਣੇ ਮਨਾਂ ਵਿਚਲਾ ਨਸਲਵਾਦ ਛੱਡਣਾ ਪਵੇਗਾ।