ਪੰਜਾਬ ਨੂੰ ਅਸ਼ਾਂਤ ਦੱਸਣ ਵਾਲੇ ਰਿਜੀਜੂ ਦੀ ਕੇਂਦਰ ਕੋਲ ਸ਼ਿਕਾਇਤ

ਚੰਡੀਗੜ੍ਹ: ਪੰਜਾਬ ਦੇ ਸੰਸਦ ਮੈਂਬਰਾਂ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜੀਜੂ ਵੱਲੋਂ ਪੰਜਾਬ ਨੂੰ ‘ਗੜਬੜ ਵਾਲਾ ਸੂਬਾ’ ਦੱਸਣ ਵਿਰੁੱਧ ਗ੍ਰਹਿ ਮੰਤਰੀ ਰਾਜਨਾਥ ਸਿੰਘ ਕੋਲ ਰੋਸ ਦਰਜ ਕਰਵਾਇਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਮਿਲੇ ਵਫਦ ਨੇ ਕਿਹਾ ਕਿ ਗ੍ਰਹਿ ਰਾਜ ਮੰਤਰੀ ਦੇ ਬਿਆਨ ਨੇ ਪੰਜਾਬ ਦੇ ਵੱਕਾਰ ਨੂੰ ਸੱਟ ਮਾਰੀ ਹੈ ਤੇ ਇਸ ਲਈ ਉਨ੍ਹਾਂ ਨੂੰ ਬਿਆਨ ਜਾਰੀ ਕਰ ਕੇ ਦੱਸਣਾ ਚਾਹੀਦਾ ਹੈ ਕਿ ਪੰਜਾਬ ਗੜਬੜ ਵਾਲਾ ਸੂਬਾ ਨਹੀਂ ਹੈ।

ਗ੍ਰਹਿ ਮੰਤਰੀ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਉਹ ਇਸ ਸਬੰਧੀ ਛੇਤੀ ਕਦਮ ਚੁੱਕਣਗੇ। ਵਫਦ ਵਿਚ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਤੇ ਹੋਰ ਆਗੂ ਸ਼ਾਮਲ ਸਨ।
ਸ੍ਰੀ ਢੀਂਡਸਾ ਨੇ ਕਿਹਾ ਕਿ ਪੰਜਾਬ ਨੂੰ ਗੜਬੜ ਵਾਲਾ ਇਲਾਕਾ ਕਰਾਰ ਦੇਣ ਵਾਲਾ ਨੋਟੀਫਿਕੇਸ਼ਨ ਸਾਲ 1997 ਵਿਚ ਖਤਮ ਹੋ ਗਿਆ ਸੀ ਤੇ ਉਸ ਤੋਂ ਬਾਅਦ ਮੁੜ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਕੋਲ ਗੁਰਦੁਆਰਾ ਐਕਟ 1925 ਵਿਚ ਸੋਧ ਦਾ ਮਾਮਲਾ ਵੀ ਉਠਾਇਆ ਗਿਆ ਤੇ ਮੰਗ ਕੀਤੀ ਗਈ ਕਿ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਵਿਚ ਸਹਿਜਧਾਰੀ ਸਿੱਖਾਂ ਦੇ ਵੋਟ ਅਧਿਕਾਰ ਨੂੰ ਖਤਮ ਕਰਨ ਲਈ ਕਾਨੂੰਨ ਵਿਚ ਸੋਧ ਕੀਤੀ ਜਾਵੇ। 30 ਲੱਖ ਤੋਂ ਵੱਧ ਆਮਦਨੀ ਵਾਲੇ ਗੁਰਦੁਆਰਿਆਂ ਨੂੰ ਸ਼੍ਰੋਮਣੀ ਕਮੇਟੀ ਦੇ ਅਧਿਕਾਰ ਹੇਠ ਲਿਆਉਣ ਦਾ ਮਾਮਲਾ ਵੀ ਉਠਾਇਆ ਗਿਆ ਅਤੇ ਸਰਹੱਦੀ ਇਲਾਕਿਆਂ ਦੇ ਕਿਸਾਨਾਂ ਨੂੰ ਪੈਕੇਜ ਦੇਣ ਦੀ ਵੀ ਮੰਗ ਕੀਤੀ ਗਈ।
______________________________
ਪੰਜਾਬ ਨੂੰ ਬਦਨਾਮ ਨਹੀਂ ਹੋਣ ਦਿਆਂਗੇ: ਸੁਖਬੀਰ
ਨਵੀਂ ਦਿੱਲੀ: ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕਿਹਾ ਕਿ ਹੈ ਕੁਝ ਸਿਆਸੀ ਆਗੂਆਂ ਵੱਲੋਂ ਦਿੱਤੇ ਜਾ ਰਹੇ ਗਲਤ ਤੱਥਾਂ ਨੂੰ ਮੀਡੀਆ ਪੇਸ਼ ਕਰ ਰਿਹਾ ਹੈ। ਪੰਜਾਬ ਨੂੰ ਇਸ ਤਰ੍ਹਾਂ ਦਰਸਾਇਆ ਜਾ ਰਿਹਾ ਹੈ ਜਿਵੇਂ ਇਥੇ ਨਸ਼ਿਆਂ ਦੀ ਬਿਮਾਰੀ ਬਹੁਤ ਗੰਭੀਰ ਹੈ। ਸ਼ ਬਾਦਲ ਨੇ ਕਿਹਾ ਕਿ ਉਹ ਕਿਸੇ ਨੂੰ ਵੀ ਪੰਜਾਬ ਤੇ ਪੰਜਾਬੀਆਂ ਨੂੰ ਬਦਨਾਮ ਨਹੀਂ ਕਰਨ ਦੇਣਗੇ। ਪੰਜਾਬ ਖੁਸ਼ਹਾਲੀ, ਵਿਕਾਸ ਅਤੇ ਤਰੱਕੀ ਦੀਆਂ ਬੁਲੰਦੀਆਂ ਛੂਹ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੇ ਪੰਜਾਬੀਆਂ ਦਾ ਨੁਕਸਾਨ ਕਰਨ ਵਾਲੀਆਂ ਤਾਕਤਾਂ ਖਿਲਾਫ਼ ਇਕਜੁੱਟ ਹੋ ਕੇ ਪੰਜਾਬ ਨੂੰ ਕੰਗਾਲ ਤੇ ਨਸ਼ੇ ਵਾਲਾ ਸੂਬਾ ਕਹਿਣ ਵਾਲਿਆਂ ਨੂੰ ਮੂੰਹ ਤੋੜਵਾਂ ਜਵਾਬ ਦੇਣ।
__________________________________
ਮੇਰਾ ਬਿਆਨ ਤੋੜਿਆ-ਮਰੋੜਿਆ ਗਿਆ: ਰਿਜੀਜੂ
ਨਵੀਂ ਦਿੱਲੀ: ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜੀਜੂ ਨੇ ਸਪਸ਼ਟ ਕੀਤਾ ਹੈ ਕਿ ਪੰਜਾਬ ਬਾਰੇ ਉਨ੍ਹਾਂ ਦੇ ਬਿਆਨ ਨੂੰ ਮੀਡੀਆ ਦੇ ਇਕ ਹਿੱਸੇ ਵਿਚ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ। ਉਨ੍ਹਾਂ ਇਹ ਨਹੀਂ ਸੀ ਕਿਹਾ ਕਿ ਪੰਜਾਬ ਹੁਣ ਵੀ ਅਸ਼ਾਂਤ ਇਲਾਕਾ ਹੈ, ਉਨ੍ਹਾਂ ਨੇ ਤਾਂ ਪਠਾਨਕੋਟ ਹਮਲੇ ਦੇ ਹਵਾਲੇ ਨਾਲ ਇਹ ਕਿਹਾ ਸੀ ਕਿ ਸਰਹੱਦੀ ਸੂਬਾ ਹੋਣ ਕਰ ਕੇ ਇਹ ਦਹਿਸ਼ਤਪਸੰਦਾਂ ਦੀ ਮਾਰ ਹੇਠ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਬਹੁਤ ਮੰਦਭਾਗੀ ਹੈ ਕਿ ਇਸ ਮਸਲੇ ਨੂੰ ਬਿਨਾਂ ਵਜ੍ਹਾ ਵਧਾਇਆ ਗਿਆ ਹੈ ਅਤੇ ਇਸ ‘ਤੇ ਸਿਆਸਤ ਕਤੀ ਜਾ ਰਹੀ ਹੈ।