ਲਿੱਟੇ ਤੇ ਭਾਰਤੀ ਫੌਜ: ਦੋਹੀਂ ਦਲੀਂ ਮੁਕਾਬਲਾ

ਸ੍ਰੀ ਲੰਕਾ ਦਾ ਚੀਤਾ ਪ੍ਰਭਾਕਰਨ-5
ਸ੍ਰੀ ਲੰਕਾ ਵਿਚ ਤਾਮਿਲਾਂ ਅਤੇ ਸਿੰਘਲੀਆਂ (ਆਮ ਪ੍ਰਚਲਿਤ ਸ਼ਬਦ ਸਿਨਹਾਲੀ) ਵਿਚਕਾਰ ਤਣਾਉ ਵਿਚੋਂ ਜਿਹੜੀ ਸਿਆਸਤ 20ਵੀਂ ਸਦੀ ਦੀ ਅਖੀਰਲੀ ਚੌਥਾਈ ਦੌਰਾਨ ਸਾਹਮਣੇ ਆਈ, ਉਸ ਦਾ ਸਿਖਰ ਸੀ ‘ਲਿੱਟੇ’ (æਠਠਓ- ਲਿਬਰੇਸ਼ਨ ਟਾਈਗਰਜ਼ ਆਫ ਤਾਮਿਲ ਈਲਮ)। ਇਸ ਜਥੇਬੰਦੀ ਨੇ ਵੇਲੂਪਿੱਲੇ ਪ੍ਰਭਾਕਰਨ ਦੀ ਅਗਵਾਈ ਹੇਠ ਗੁਰੀਲਾ ਜੰਗ ਦਾ ਨਿਵੇਕਲਾ ਰੰਗ ਤਾਂ ਦਿਖਾਇਆ ਹੀ, ਸ੍ਰੀ ਲੰਕਾ ਦੇ ਤਾਮਿਲਾਂ ਦਾ ਮਸਲਾ ਸੰਸਾਰ ਪੱਧਰ ਉਤੇ ਲੈ ਆਂਦਾ। ਸੰਸਾਰ ਅੰਦਰ ਜੂਝ ਰਹੀਆਂ ਹੋਰ ਕੌਮੀਅਤਾਂ ਵਾਂਗ ਸ੍ਰੀ ਲੰਕਾ ਦੇ ਤਾਮਿਲਾਂ ਦੀ ਕਹਾਣੀ ਪੜ੍ਹਨ-ਸੁਣਨ ਵਾਲੀ ਹੈ।

ਉਘੇ ਬਿਊਰੋਕਰੈਟ ਐਮæਆਰæ ਨਰਾਇਣ ਸਵਾਮੀ ਨੇ ਇਸ ਬਾਬਤ ਡੂੰਘੀ ਖੋਜ ਪਿਛੋਂ ਕਿਤਾਬ ਲਿਖੀ ਹੈ-‘ਇਨਸਾਈਡ ਐਨ ਇਲੂਸਿਵ ਮਾਈਂਡ: ਪ੍ਰਭਾਕਰਨ’। ਨਰਾਇਣ ਸਵਾਮੀ ਨੇ ਪ੍ਰਭਾਕਰਨ ਦੇ ਬਹਾਨੇ ਤਾਮਿਲ ਮਸਲੇ ਦੀ ਕਈ ਤਹਿਆਂ ਫਰੋਲੀਆਂ ਹਨ। ਪ੍ਰੋæ ਹਰਪਾਲ ਸਿੰਘ ਪੰਨੂ ਨੇ ਇਸ ਕਿਤਾਬ ਦੇ ਚੌਖਟੇ ਅੰਦਰ ਰਹਿੰਦਿਆਂ ਪ੍ਰਭਾਕਰਨ ਅਤੇ ਲਿੱਟੇ ਬਾਰੇ ਲੰਮਾ ਲੇਖ ਲਿਖਿਆ ਹੈ। ਇਸ ਲੇਖ ਵਿਚ ਉਨ੍ਹਾਂ ਤਾਮਿਲਾਂ ਦੀ ਸਿਆਸਤ ਅਤੇ ਸੰਸਾਰ ਸਿਆਸਤ ਵਿਚ ਇਨ੍ਹਾਂ ਦੀ ਹੋਣੀ ਬਾਰੇ ਕੁਝ ਗੱਲਾਂ ਸਪਸ਼ਟ ਰੂਪ ਵਿਚ ਉਭਾਰਨ ਦਾ ਯਤਨ ਕੀਤਾ ਹੈ। ਪਿਛਲੀਆਂ ਕਿਸ਼ਤਾਂ ਵਿਚ ਤਾਮਿਲ ਸਿਆਸਤ ਦੇ ਪਿਛੋਕੜ, ਪ੍ਰਭਾਕਰਨ ਦੇ ਘਰ ਤੋਂ ਜੰਗਲ ਵੱਲ ਸਫਰ ਅਤੇ ਭਾਰਤ ਦੀ ਪਹੁੰਚ ਬਾਰੇ ਕੁਝ ਖੁਲਾਸਾ ਕੀਤਾ ਗਿਆ ਸੀ। ਐਤਕੀਂ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਰਾਜੀਵ ਗਾਂਧੀ ਬਾਰੇ ਚਰਚਾ ਕੀਤੀ ਗਈ ਹੈ। -ਸੰਪਾਦਕ
ਹਰਪਾਲ ਸਿੰਘ ਪੰਨੂ
ਫੋਨ: +91-94642-51454
ਭਾਰਤੀ ਫੌਜ ਲੰਕਾ ਵਿਚ ਜਾ ਉਤਰੀ। ਤਮਿਲ ਹਾਰ ਪਾ-ਪਾ ਮਿਠਾਈਆਂ ਖੁਆ-ਖੁਆ ਇਸ ਫੌਜ ਦਾ ਸੁਆਗਤ ਕਰਨ ਲੱਗੇ। ਫੌਜ ਨੇ ਤਮਿਲਾਂ ਨੂੰ ਕਿਹਾ- ਹਥਿਆਰ ਰੱਖ ਦਿਉ। ਲਿੱਟੇ ਲੀਡਰ ਕੁਮਾਰੱਪਾ ਨੇ ਗੱਜ ਕੇ ਜਰਨੈਲ ਨੂੰ ਕਿਹਾ- ਤੂੰ ਕੌਣ ਹੈਂ ਹਥਿਆਰ ਸੁਟਵਾਣ ਵਾਲਾ? ਸਾਡਾ ਪ੍ਰਭਾਕਰਨ ਸਾਡੇ ਹਵਾਲੇ ਕਰ। ਅਸੀਂ ਪ੍ਰਭਾਕਰਨ ਦੇ ਸਿਪਾਹੀ ਹਾਂ, ਤੇਰੇ ਨਹੀਂ। ਜੇ ਜ਼ਬਰਦਸਤੀ ਕਰੇਂਗਾ, ਅਸੀਂ ਭਾਰਤੀ ਫੌਜ ਵਿਰੁੱਧ ਫਾਇਰਿੰਗ ਖੋਲ੍ਹ ਦਿਆਂਗੇ। ਕੁਝ ਦਿਨਾਂ ਬਾਅਦ ਕੁਮਾਰੱਪਾ ਨੇ ਕਿਹਾ- ਭਾਰਤੀ ਫੌਜ ਪੰਗਾ ਲੈ ਕੇ ਪਛਤਾਏਗੀ। ਦੇਖਣਾ, ਲੰਕਾ ਭਾਰਤ ਲਈ ਅਫਗਾਨਿਸਤਾਨ ਬਣੇਗਾ। ਭਾਰਤੀ ਫੌਜ ਨੂੰ ਮਸਲੇ ਦੀ ਗੰਭੀਰਤਾ ਦਾ ਕੋਈ ਪਤਾ ਨਹੀਂ ਸੀ, ਜਰਨੈਲਾਂ ਦਾ ਖਿਆਲ ਸੀ, ਗੇੜਾ ਮਾਰ ਕੇ ਵਾਪਸ ਆ ਜਾਵਾਂਗੇ।
ਦੋ ਅਗਸਤ ਨੂੰ ਪ੍ਰਭਾਕਰਨ ਜਾਫਨਾ ਪੁੱਜਾ ਤਾਂ ਕੁਝ ਸ਼ਾਂਤੀ ਹੋਈ। ਜਹਾਜ਼ ਵਿਚੋਂ ਉਤਰਿਆ ਤਾਂ ਚਾਰੇ ਪਾਸਿਓਂ ਭਾਰਤੀ ਫੌਜ ਨੇ ਘੇਰ ਲਿਆ। ਇੰਨੇ ਨੂੰ ਲਿਟੇ ਸੈਨਿਕ ਆ ਗਏ, ਆਪਣੇ ਕਮਾਂਡਰ ਨੂੰ ਨਾਲ ਲੈ ਤੁਰੇ। ਭਾਰਤੀ ਕੌਣ ਹੁੰਦੇ ਨੇ ਉਸ ਨੂੰ ਘੇਰਨ ਵਾਲੇ? ਭਾਰਤੀ ਜਰਨੈਲ ਖਾਮੋਸ਼ ਦੇਖਦੇ ਰਹੇ। ਪ੍ਰਭਾਕਰਨ ਅਤੇ ਬਾਲਾਸਿੰਘਮ ਨੂੰ ਇਸੇ ਦਾ ਡਰ ਸੀ। ਬਾਹਰਲੇ ਚੌਧਰੀ ਧੌਂਸ ਜਮਾਉਣਗੇ; ਪ੍ਰਭਾਕਰਨ ਦੀ ਤਾਕਤ ਘਟਾਉਣ ਲਈ ਸ਼ਰੀਕ ਧੜੇ ਪੈਦਾ ਕਰਨਗੇ; ਹੋ ਸਕਦੈ, ਲਿੱਟੇ ਦੇ ਹਥਿਆਰਾਂ ਉਪਰ ਛਾਪੇ ਮਾਰਨ।
ਜਦੋਂ ਫੌਜ ਨੇ ਕਿਹਾ ਕਿ 72 ਘੰਟਿਆਂ ਅੰਦਰ ਹਥਿਆਰ ਜਮ੍ਹਾਂ ਕਰਵਾਉ, ਲਿੱਟੇ ਨੂੰ ਛੱਡ ਕੇ ਬਾਕੀ ਸ਼ਰੀਕ ਧੜਿਆਂ ਨੇ ਹਥਿਆਰ ਰੱਖ ਦਿੱਤੇ। ਬਹੁਤੇ ਹਥਿਆਰ ਹੈ ਈ ਨਹੀਂ ਸਨ, ਕਿਉਂਕਿ ਲਿੱਟੇ ਨੇ ਖੋਹ ਲਏ ਸਨ। ਉਨ੍ਹਾਂ ਵਲੋਂ ਜੰਗਬੰਦੀ ਆਰਾਮ ਨਾਲ ਹੋ ਗਈ। ਪ੍ਰਭਾਕਰਨ ਨੇ ਕਿਹਾ- ਮੇਰੇ 72 ਘੰਟੇ ਤਾਂ ਭਾਰਤ ਵਿਚ ਹੀ ਖਤਮ ਹੋ ਚੁਕੇ ਨੇ। ਮੇਰੇ ਉਤੇ ਇਹ ਸ਼ਰਤ ਲਾਗੂ ਨਹੀਂ ਹੁੰਦੀ। ਲੈਫਟੀਨੈਂਟ ਜਨਰਲ ਦੀਪਿੰਦਰ ਸਿੰਘ ਜਾਫਨਾ ਵਿਚ ਪ੍ਰਭਾਕਰਨ ਨੂੰ ਮਿਲਿਆ। ਜਰਨੈਲ ਨੇ ਕਿਹਾ- ਜੇ ਤੁਸੀਂ ਹਥਿਆਰ ਨਹੀਂ ਸੁੱਟਦੇ, ਲਿੱਟੇ ਕੈਦੀਆਂ ਨੂੰ ਰਿਹਾਈ ਨਹੀਂ ਮਿਲੇਗੀ। ਆਤਮ ਸਮਰਪਣ ਦੀ ਰਸਮ ਵਿਚ ਭਾਰਤੀ ਪ੍ਰਤੀਨਿਧ ਹੋਣਗੇ ਤੇ ਤੁਸੀਂ ਲੰਕਾ ਦੀ ਫੌਜ ਅੱਗੇ ਨਹੀਂ, ਭਾਰਤੀ ਫੌਜ ਅੱਗੇ ਸਮਰਪਣ ਕਰਨਾ ਹੈ, ਮਿੱਤਰ ਫੌਜ ਅੱਗੇ। ਚਾਰ ਅਗਸਤ ਨੂੰ ਪ੍ਰਭਾਕਰਨ ਨੇ 50 ਹਜ਼ਾਰ ਤਮਿਲਾਂ ਸਾਹਮਣੇ ਪਹਿਲੀ ਵਾਰ ਭਾਸ਼ਣ ਕੀਤਾ। ਤਮਿਲ ਪਰਿਵਾਰ ਬੱਚਿਆਂ ਸਣੇ ਆਏ ਸਨ ਜਿਨ੍ਹਾਂ ਨੇ ਪਹਿਲੀ ਵਾਰ ਆਪਣੇ ਨੇਤਾ ਨੂੰ ਦੇਖਣਾ ਸੀ। ਕੂਟਨੀਤਕਾਂ, ਪੱਤਰਕਾਰਾਂ, ਭਾਰਤੀ ਫੌਜੀਆਂ ਦਾ ਵੱਡਾ ਇਕੱਠ ਸੀ।
ਪ੍ਰਭਾਕਰਨ ਦੇ ਲਫਜ਼ ਨਾਪੇ ਤੋਲੇ ਹੋਏ ਸਨ- ਸਾਡੇ ਲੋਕਾਂ ਨਾਲ ਸਲਾਹ-ਮਸ਼ਵਰਾ ਕੀਤੇ ਬਗੈਰ ਭਾਈਓ, ਭਾਰਤ ਨੇ ਲੰਕਾ ਸਰਕਾਰ ਨਾਲ ਕਾਹਲੀ-ਕਾਹਲੀ ਸਮਝੌਤਾ ਕੀਤਾ। ਜਦੋਂ ਮੈਨੂੰ ਭਾਰਤ ਆਉਣ ਲਈ ਕਿਹਾ, ਮੈਨੂੰ ਕੋਈ ਪਤਾ ਨਹੀਂ ਸੀ, ਕੀ ਗੱਲ ਹੈ। ਜਿਹੜਾ ਕਾਗਜ਼ ਮੇਰੇ ਅੱਗੇ ਰੱਖਿਆ ਗਿਆ, ਮੈਂ ਉਸ ਨਾਲ ਸਹਿਮਤ ਨਾ ਹੋਇਆ, ਤਮਿਲਾਂ ਬਾਰੇ ਕੁਝ ਵੀ ਨਹੀਂ ਸੀ ਉਸ ਵਿਚ, ਪਰ ਲੰਕਾ ਵਿਚ ਆਉਣ ਦੀ ਭਾਰਤ ਦੀ ਆਪਣੀ ਖਾਹਿਸ਼ ਸੀ। ਵੱਡੀ ਤਾਕਤ ਦੀ ਇਛਾ ਅੱਗੇ ਕਮਜ਼ੋਰ ਲੋਕ ਕੀ ਕਰਨ? ਇਸ ਸਮਝੌਤੇ ਨੇ ਸਾਡਾ ਹਥਿਆਰਬੰਦ ਸੰਘਰਸ਼ ਰੋਕ ਦਿੱਤਾ ਹੈ। ਮੈਂ ਆਪਣੇ ਕਮਾਂਡਰਾਂ ਨੂੰ ਅਜੇ ਮਿਲਿਆ ਤਕ ਨਹੀਂ, ਕੋਈ ਸਲਾਹ ਨਹੀਂ ਕਿਸੇ ਨਾਲ ਕਰ ਸਕਿਆ, ਤੇ ਮੈਨੂੰ ਹੁਕਮ ਹੋ ਗਿਐ ਹਥਿਆਰ ਰੱਖੋ। ਮੇਰੇ ਤਮਿਲ ਭਾਈਆਂ ਦੀ ਸੁਰੱਖਿਆ ਦੀ ਕੋਈ ਗਾਰੰਟੀ ਨਹੀਂ ਲਿਖੀ, ਇਸ ਕਰ ਕੇ ਮੈਂ ਹਥਿਆਰ ਸੁੱਟਣ ਤੋਂ ਨਾਂਹ ਕਰ ਦਿੱਤੀ। ਰਾਜੀਵ ਗਾਂਧੀ ਸਾਡੀ ਸੁਰੱਖਿਆ ਦਾ ਜ਼ਬਾਨੀ ਭਰੋਸਾ ਦਿੰਦਾ ਹੈ। ਇਸ ਭਰੋਸੇ ਉਪਰ ਇਤਬਾਰ ਕਰਦਿਆਂ ਅਸੀਂ ਭਾਰਤੀ ਸ਼ਾਂਤੀ ਸੈਨਾ ਨੂੰ ਹਥਿਆਰ ਸੌਂਪਣ ਦਾ ਫੈਸਲਾ ਕੀਤਾ। ਜੇ ਅਸੀਂ ਹਥਿਆਰ ਨਹੀਂ ਸੁਟਦੇ ਤਾਂ ਭਾਰਤੀ ਫੌਜ ਵਿਰੁੱਧ ਸਾਡੀ ਲੜਾਈ ਸ਼ੁਰੂ ਹੋ ਜਾਏਗੀ, ਜੋ ਅਸੀਂ ਚਾਹੁੰਦੇ ਨਹੀਂ। ਭਾਰਤ ਸਾਡਾ ਮਿੱਤਰ ਦੇਸ ਹੈ ਆਖਰ, ਸਾਡਾ ਮਦਦਗਾਰ ਰਿਹਾ ਹੈ। ਮੈਂ ਆਪਣੇ ਆਜ਼ਾਦ ਤਮਿਲ ਦੇਸ ਦੀ ਮੰਗ ਛੱਡੀ ਨਹੀਂ। ਕਿਸੇ ਨੂੰ ਗਲਤ-ਫਹਿਮੀ ਨਾ ਹੋ ਜਾਵੇ, ਮੈਂ ਇਥੇ ਸਾਫ ਗੱਲ ਕਰ ਦਿਆਂ ਕਿ ਮੈਂ ਚੋਣ ਨਹੀਂ ਲੜਾਂਗਾ, ਚੀਫ ਮਨਿਸਟਰੀ ਨਹੀਂ ਲਵਾਂਗਾ। ਯੁੱਧ ਬੰਦ ਕਰਨ ਦੀ ਮੇਰੀ ਇਛਾ ਨਹੀਂ, ਭਾਰਤ ਦੇ ਕਹਿਣ ਤੇ ਮੈਨੂੰ ਅੱਜ ਕੌੜਾ ਘੁੱਟ ਭਰਨਾ ਪਿਆ ਹੈ।
ਲੋਕਾਂ ਨੇ ਤਾੜੀਆਂ ਮਾਰੀਆਂ; ਚੰਗਾ, ਖੂਨ ਖਰਾਬਾ ਬੰਦ ਹੋ ਜਾਵੇ। ਕੁਝ ਇਕ ਖਾੜਕੂ ਅੱਗੇ ਆਏ, ਬੇਕਾਰ ਪੁਰਾਣੀਆਂ ਰਫਲਾਂ ਭਾਰਤੀ ਫੌਜੀਆਂ ਸਾਹਮਣੇ ਰੱਖ ਦਿੱਤੀਆਂ। ਫੋਟੋਆਂ ਖਿੱਚੀਆਂ ਗਈਆਂ।
ਬਾਅਦ ਵਿਚ ਪੱਤਰਕਾਰਾਂ ਨਾਲ ਇਕੱਲਿਆਂ ਗੱਲ ਕਰਦਿਆਂ ਪ੍ਰਭਾਕਰਨ ਨੇ ਕਿਹਾ- ਹਾਂ ਸਹੀ ਹੈ, ਅਸੀਂ ਸਾਰੇ ਹਥਿਆਰ ਨਹੀਂ ਸੌਂਪੇ। ਕੁੱਤੇ ਦੀ ਮੌਤ ਮਰੀਏ ਥੋਕ ਵਿਚ? ਸਾਨੂੰ ਨ੍ਹੀਂ ਕਿਸੇ ‘ਤੇ ਇਤਬਾਰ।
ਆਮ ਤਮਿਲ ਜਨਤਾ ਨੂੰ ਚੈਨ ਮਿਲਿਆ ਕਿ ਸਿੰਘਲੀ ਫੌਜ ਹਰਲ-ਹਰਲ ਕਰਦੀ ਨਹੀਂ ਫਿਰਦੀ, ਭਾਰਤੀ ਫੌਜੀ ਮਿੱਤਰਾਂ ਵਾਂਗ ਵਿਹਾਰ ਕਰਦੇ ਹਨ। ਸਿੰਘਲੀ ਜਨਤਾ ਤੇ ਬੋਧ ਸਾਧੂ ਗੁੱਸੇ ਵਿਚ ਬੁੜ-ਬੁੜ ਕਰ ਰਹੇ ਸਨ।
ਜਰਨੈਲ ਦੀਪਿੰਦਰ ਸਿੰਘ ਨੇ ਪ੍ਰਭਾਕਰਨ ਨੂੰ ਕਿਹਾ- ਹਥਿਆਰ ਜਮ੍ਹਾਂ ਕਰਵਾਉ। ਉਤਰ ਦਿੱਤਾ- ਇਕੱਠੇ ਕਰ ਰਿਹਾਂ, ਜਦੋਂ ਇਕੱਠੇ ਹੋ ਗਏ ਜਮ੍ਹਾਂ ਕਰਵਾ ਦਿਆਂਗਾ। ਕਦੀ ਇਕੱਠੇ ਨਹੀਂ ਹੋਏ। ਜਿਹੜੇ ਸ਼ਰੀਕ ਖਾੜਕੂ ਗਰੁੱਪ ਪ੍ਰਭਾਕਰਨ ਨੇ ਖਤਮ ਕਰ ਦਿੱਤੇ ਸਨ, ਉਹ ਸਿਰ ਚੁੱਕਣ ਲੱਗੇ; ਲਿੱਟੇ ਸਿਪਾਹੀਆਂ ਉਪਰ ਫਾਇਰਿੰਗ ਹੋਈ। ਲੋਪ ਹੋਈਆਂ ਪੁਲਿਸ ਗੱਡੀਆਂ ਫਿਰ ਦਿਸਣ ਲੱਗੀਆਂ। ਕਦੀ-ਕਦੀ ਗੁੱਸੇ ਵਿਚ ਸਾਥੀਆਂ ਨੂੰ ਆਖ ਦਿੰਦਾ- ਮੌਕਾ ਆਏਗਾ ਜਦੋਂ ਮੈਂ ਇਨ੍ਹਾਂ ਭਾਰਤੀ ਸੈਨਿਕਾਂ ਨੂੰ ਵਾਪਸ ਤੁੰਨ ਦਿਆਂਗਾ।
ਇਕ ਦਿਨ ਕੁਝ ਪੱਤਰਕਾਰਾਂ ਨੇ ਪ੍ਰਭਾਕਰਨ ਨੂੰ ਘੇਰ ਲਿਆ, ਸਵਾਲ ਪੁੱਛਣ ਲੱਗੇ। ਉਸ ਨੇ ਕਿਹਾ- ਭਾਰਤ ਨੇ ਕੋਈ ਵਾਅਦਾ ਪੂਰਾ ਨਹੀਂ ਕੀਤਾ। ਹੁਣ ਸਾਨੂੰ ਹੁਕਮ ਹੋਇਐ ਕਿ ਜੇ ਕਦੀ ਮੀਟਿੰਗ ਕਰਨੀ ਹੋਵੇ, ਭਾਰਤੀ ਫੌਜ ਦੀ ਆਗਿਆ ਲੈਣੀ ਪਏਗੀ। ਕਿਉਂ? ਲੰਕਾ ਭਾਰਤ ਦੀ ਕਾਲੋਨੀ ਹੈ? ਆਜ਼ਾਦੀ ਵਾਸਤੇ ਮੇਰੇ ਵੀਹ ਹਜ਼ਾਰ ਸੈਨਿਕ ਸ਼ਹੀਦ ਹੋ ਚੁੱਕੇ ਨੇ। ਜੇ ਸਾਡੇ ਕੋਲ ਹਥਿਆਰ ਨਹੀਂ ਦਿਸਦੇ, ਇਹ ਮਤਲਬ ਨਹੀਂ ਕਿ ਅਸੀਂ ਗੁਲਾਮੀ ਮਨਜ਼ੂਰ ਕਰ ਲਈ ਹੈ। ਭਾਰਤੀ ਫੌਜ ਦਾ ਮੁਲੰਮਾ ਉਤਰਨ ਲੱਗਾ। ਤਮਿਲਾਂ ਨੂੰ ਲਗਦਾ ਸੀ, ਇਹ ਪੱਕੇ ਪ੍ਰਾਹੁਣੇ ਬਣ ਗਏ ਹਨ। ਸਿੰਘਲੀਆਂ ਦਾ ਰੋਸ ਸੀ, ਇਹ ਤਮਿਲਾਂ ਨੂੰ ਖਾਹ-ਮਖਾਹ ਸਿਰ ਚੜ੍ਹਾ ਰਹੇ ਹਨ। ਤਮਿਲਾਂ ਨੇ ਕਈ ਥਾਂਵਾਂ ‘ਤੇ ਫੌਜੀਆਂ ਦਾ ਰਸਤਾ ਰੋਕ ਕੇ ਪਥਰਾਉ ਕੀਤਾ, ਜਵਾਬੀ ਫਾਇਰਿੰਗ ਵਿਚ ਇਕ ਤਮਿਲ ਮਰਿਆ। ਰਾਜੀਵ ਗਾਂਧੀ ਨੂੰ ਲੰਕਾ ਸਮਝੌਤੇ ਵਿਚਲੀ ਥੋਥ ਮਹਿਸੂਸ ਹੋਈ।
ਪ੍ਰਭਾਕਰਨ ਪ੍ਰੈੱਸ ਨੂੰ ਕਹਿ ਰਿਹਾ ਸੀ- ਅਸੀਂ ਇਸ ਕਰ ਕੇ ਹਥਿਆਰ ਸੁੱਟ ਦਿੱਤੇ ਸਨ ਕਿ ਭਾਰਤੀ ਫੌਜ ਸਾਡੀ ਰਾਖੀ ਕਰੇਗੀ। ਅਸੀਂ ਨਿਹੱਥੇ ਹੋ ਗਏ, ਲੰਕਾ ਦੀ ਫੌਜ ਹਰਲ-ਹਰਲ ਕਰਦੀ ਫਿਰ ਰਹੀ ਹੈ ਤੇ ਭਾਰਤੀ ਸੈਨਾ ਤਮਾਸ਼ਾ ਦੇਖ ਰਹੀ ਹੈ। ਉਸ ਨੂੰ ਇਹ ਸਵਾਲ ਕਿਸ ਨੇ ਕਰਨਾ ਸੀ ਕਿ ਹਥਿਆਰ ਤਾਂ ਤੁਸੀਂ ਸੁੱਟੇ ਹੀ ਨਹੀਂ!
3 ਅਕਤੂਬਰ 1987 ਨੂੰ ਲੰਕਾ ਦੀ ਨੇਵੀ ਨੇ ਜਾਫਨਾ ਬੰਦਰਗਾਹ ‘ਤੇ ਇਕ ਬੇੜੀ ਫੜ ਲਈ ਤੇ ਇਸ ਵਿਚ ਸਵਾਰ, ਹਥਿਆਰਾਂ ਨਾਲ ਲੈਸ 17 ਲਿੱਟੇ ਖਾੜਕੂ ਗ੍ਰਿਫਤਾਰ ਕਰ ਲਏ। ਸਰਕਾਰ ਨੇ ਦੋਸ਼ ਲਾਇਆ ਕਿ ਇਹ ਉਹੀ ਖਾੜਕੂ ਹਨ ਜਿਨ੍ਹਾਂ ਨੇ ਸਾਲ ਪਹਿਲਾਂ 126 ਸਿੰਘਲੀ ਕਤਲ ਕੀਤੇ ਸਨ। ਰਾਸ਼ਟਰਪਤੀ ਜੈਵਰਧਨੇ ਉਪਰ ਦਬਾਅ ਪੈਣ ਲੱਗਾ ਕਿ ਇਨ੍ਹਾਂ ਕਾਤਲਾਂ ਨੂੰ ਕੋਲੰਬੋ ਲਿਆ ਕੇ ਤਫਤੀਸ਼ ਕਰੋ, ਮੁਕੱਦਮਾ ਚਲਾਉ। ਪ੍ਰਭਾਕਰਨ ਉਪਰ ਦਬਾਅ ਪੈ ਰਿਹਾ ਸੀ ਕਿ ਇਨ੍ਹਾਂ ਨੂੰ ਰਿਹਾਅ ਕਰਵਾ। ਭਾਰਤੀ ਰਾਜਦੂਤ ਦੀਕਸ਼ਿਤ ਨੂੰ ਕਿਹਾ ਕਿ ਇਨ੍ਹਾਂ ਬੰਦੀਆਂ ਨੂੰ ਰਿਹਾਅ ਕਰਵਾ। ਦੀਕਸ਼ਿਤ ਨੇ ਮੇਜਰ ਜਨਰਲ ਹਰਕੀਰਤ ਸਿੰਘ ਨੂੰ ਕਿਹਾ ਕਿ ਬੰਦੀਆਂ ਨੂੰ ਕੋਲੰਬੋ ਲਿਜਾਣ ਤੋਂ ਰੋਕ। ਜਰਨੈਲ ਨੇ ਕਿਹਾ- ਮੈਂ ਤੁਹਾਡੇ ਅਧੀਨ ਨਹੀਂ ਹਾਂ, ਮੈਂ ਇਹ ਕੰਮ ਨਹੀਂ ਕਰਨਾ।
ਪ੍ਰਭਾਕਰਨ ਨੇ ਦੇਖ ਲਿਆ ਕਿ ਭਾਰਤੀ ਫੌਜ ਬੰਦੀਆਂ ਨੂੰ ਨਹੀਂ ਛੁਡਾ ਸਕਦੀ। ਜੇ ਸਾਹਮਣੇ ਮੌਤ ਹੀ ਹੈ, ਫਿਰ ਕੁੱਤਿਆਂ ਦੀ ਮੌਤ ਮਰਨ ਨਾਲੋਂ ਸ਼ਾਨਦਾਰ ਮੌਤ ਮਰਨ। ਸਾਇਨਾਈਡ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਬੰਦੀਆਂ ਵਲੋਂ ਪਹਿਲੋਂ ਹੀ ਸਾਇਨਾਈਡ ਦੀ ਮੰਗ ਆ ਚੁੱਕੀ ਸੀ। ਪ੍ਰਭਾਕਰਨ ਨੇ ਆਪਣੇ ਗਲ ਵਿਚ ਲਟਕਿਆ ਕੈਪਸੂਲ ਤੋੜ ਕੇ ਬਾਲਾਸਿੰਘਮ ਨੂੰ ਫੜਾ ਦਿੱਤਾ, 16 ਹੋਰ ਖਾੜਕੂਆਂ ਨੇ ਤੁਰੰਤ ਆਪੋ-ਆਪਣੇ ਕੈਪਸੂਲ ਫੜਾ ਦਿੱਤੇ। ਖਾਣਾ ਖੁਆਣ ਦੇ ਬਹਾਨੇ ਬਾਲਾਸਿੰਘਮ ਬੰਦੀਆਂ ਨੂੰ ਕੈਪਸੂਲ ਫੜਾ ਆਇਆ। ਸਤਾਰਾਂ ਦੇ ਸਤਾਰਾਂ ਬੰਦੀਆ ਨੇ ਕੈਪਸੂਲ ਖਾ ਲਏ; 12 ਤੁਰੰਤ ਦਮ ਤੋੜ ਗਏ, ਪੰਜ ਤੜਫਣ ਲੱਗੇ। ਹੈਰਾਨੀ ਹੈ ਕਿ ਪੰਜ ਬਚ ਗਏ। ਇਨ੍ਹਾਂ ਨੂੰ ਸ਼ਾਮੀਂ ਕੋਲੰਬੋ ਲਿਜਾਣਾ ਸੀ। ਲੋਕਾਂ ਨੇ 12 ਲਾਸ਼ਾਂ ਦੇਖੀਆਂ, ਹਾਹਾਕਾਰ ਮਚ ਗਈ। ਲੰਕਾ ਅਤੇ ਭਾਰਤ ਸਰਕਾਰ ਦਾ ਪਿਟ-ਸਿਆਪਾ ਸ਼ੁਰੂ। ਪ੍ਰਭਾਕਰਨ ਸਮੇਤ ਹਜ਼ਾਰਾਂ ਤਮਿਲ ਸ਼ਰਧਾਂਜਲੀ ਦੇਣ ਪੁੱਜੇ। ਪ੍ਰਭਾਕਰਨ ਨੇ ਆਪਣੇ ਸ਼ਹੀਦ ਸਾਥੀਆਂ ਦੇ ਚਰਨ ਛੁਹੇ।
ਖਾੜਕੂ, ਮੁੜ ਸਿੰਘਲੀਆਂ ਨੂੰ ਕਤਲ ਕਰਨ ਲੱਗੇ। ਲਿੱਟੇ ਨੇ ਅੱਠ ਫੌਜੀ ਗ੍ਰਿਫਤਾਰ ਕਰ ਲਏ, ਸਾਰੇ ਫੁੰਡ ਦਿੱਤੇ। ਫਿਰ ਸਿਵਲੀਅਨਾਂ ਦੀ ਵਾਰੀ ਆਈ। ਗੋਲੀਆਂ ਨਾਲ ਮਾਰੇ, ਤਲਵਾਰਾਂ ਨਾਲ ਵੱਢੇ। ਕੁਝ ਹੀ ਦਿਨਾਂ ਵਿਚ ਡੇਢ ਸੌ ਕਤਲ ਕੀਤੇ। ਜੈਵਰਧਨੇ ਦਹਾੜਿਆ- ਭਾਰਤੀਓ, ਜਾਂ ਲਿੱਟੇ ਨੂੰ ਕਾਬੂ ਕਰੋ, ਨਹੀਂ ਭਾਰਤ ਵਾਪਸ ਦਫਾ ਹੋ ਜਾਓ। ਪ੍ਰਭਾਕਰਨ ਕਹਿ ਰਿਹਾ ਸੀ- ਮੈਂ ਕੀ ਕਰਾਂ? ਮੈਂ ਥੋੜ੍ਹਾ ਕਰਵਾ ਰਿਹਾਂ, ਲੋਕਾਂ ਦਾ ਗੁੱਸਾ ਹੈ। ਤਮਿਲਾਂ ਨੇ ਪ੍ਰਭਾਕਰਨ ਅੱਗੇ ਅਰਜ਼ ਕੀਤੀ- ਭਾਰਤੀ ਫੌਜ ਨਾਲ ਦੁਸ਼ਮਣੀ ਮੁੱਲ ਨਾ ਲਉ, ਪਰ ਇਸ਼ਕ ਕੀ ਲੱਗੇ ਸਲਾਹ ਦੇ ਨਾਲ! ਮਨ ਅਟਕਿਆ ਬੇਪ੍ਰਵਾਹ ਦੇ ਨਾਲ!
ਲੈਫਟੀਨੈਂਟ ਜਨਰਲ ਦੀਪਿੰਦਰ ਸਿੰਘ ਤੇ ਮੇਜਰ ਜਨਰਲ ਹਰਕੀਰਤ ਸਿੰਘ ਜਰਨੈਲ ਪ੍ਰਭਾਕਰਨ ਨੂੰ ਮਿਲਣ ਗਏ ਤਾਂ ਕਿ ਅਮਨ ਸੰਧੀ ਦੇ ਟੁਕੜੇ ਹੋਣ ਤੋਂ ਬਚਾ ਸਕਣ। ਦੋਹਾਂ ਨੇ ਦੇਖਿਆ, ਖਤਰਨਾਕ ਹਥਿਆਰਾਂ ਨਾਲ ਲੈਸ ਲਿੱਟੇ ਖਾੜਕੂ ਖੂੰਖਾਰ ਦਿਸ ਰਹੇ ਸਨ। ਪਤਾ ਲੱਗਾ, ਪ੍ਰਭਾਕਰਨ ਰੂਪੋਸ਼ ਹੋ ਗਿਆ ਹੈ। ਮਹਾਤਿਆ ਜਰਨੈਲਾਂ ਨੂੰ ਮਿਲਿਆ। ਮਾਹੌਲ ਸੰਗੀਨ ਸੀ। ਮਹਾਤਿਆ ਨੇ ਕਿਹਾ- ਅਸੀਂ ਬੇਇਜ਼ਤ ਨਹੀਂ ਹੋਣਾ, ਮਰਨਾ ਬਿਹਤਰ। ਜਰਨੈਲਾਂ ਨੇ ਕਿਹਾ- ਤੁਹਾਨੂੰ ਯਾਦ ਕਰਾ ਦਈਏ, ਲੰਕਾ ਦੇ ਫੌਜੀਆਂ ਦੀ ਰਾਖੀ ਕਰਨੀ ਸਾਡੀ ਡਿਊਟੀ ਹੈ। ਮਹਾਤਿਆ ਨੇ ਕਿਹਾ- ਕਰੋ ਡਿਊਟੀ। ਆਖਰੀ ਵਾਰ ਹੱਥ ਮਿਲਾਏ ਤੇ ਚਲੇ ਗਏ। ਮੁੜ ਕਦੀ ਨਾ ਮਿਲੇ।
ਅੱਠ ਅਕਤੂਬਰ ਨੂੰ ਲਿੱਟੇ ਨੇ ਭਾਰਤੀ ਸੈਨਿਕ ਟੁਕੜੀ ‘ਤੇ ਫਾਇਰ ਦਾਗ ਦਿੱਤਾ। ਘਾਤ ਲਾ ਕੇ ਪੰਜ ਕਮਾਂਡੋ ਮਾਰੇ। ਟਾਇਰਾਂ ਉਪਰ ਲਿਟਾ ਕੇ ਸਾੜੇ। ਭਾਰਤੀ ਮੀਡੀਆ ਖੂਨ ਦਾ ਬਦਲਾ ਖੂਨ ਸ਼ਬਦਾਂ ਨਾਲ ਚੀਕਿਆ। ਲਿੱਟੇ ਨੂੰ ਖੂਨੀ ਦਰਿੰਦੇ ਕਿਹਾ। ਦੋ ਦਿਨ ਬਾਅਦ ਭਾਰਤੀ ਫੌਜ ਨੇ ਲਿੱਟੇ ਦਾ ਰੇਡੀਓ, ਟੀæਵੀæ ਸਟੇਸ਼ਨ ਅਤੇ ਛਾਪਾਖਾਨਾ ਬੰਬਾਂ ਨਾਲ ਉਡਾ ਦਿੱਤਾ। ਲਿੱਟੇ ਨੇ ਚਾਰ ਭਾਰਤੀ ਸਿਪਾਹੀ ਕਤਲ ਕੀਤੇ ਤੇ ਜਾਫਨਾ ਕਿਲ੍ਹੇ ਉਪਰ ਬੰਬਾਰੀ ਕਰ ਕੇ ਭਾਰਤੀ ਫੌਜ ਤੋਂ ਬਦਲਾ ਲਿਆ। ਸੰਸਾਰ ਦੀ ਚੌਥੀ ਸਭ ਤੋਂ ਤਾਕਤਵਰ ਸੈਨਾ ਵਿਰੁੱਧ ਲੜਨ ਲਈ ਪ੍ਰਭਾਕਰਨ ਸਾਹਮਣੇ ਤਣ ਖਲੋਤਾ। ਆਜ਼ਾਦ ਤਮਿਲ ਦੇਸ ਤੋਂ ਬਿਨਾਂ ਉਸ ਨੂੰ ਕੁਝ ਨਹੀਂ ਦਿਸਦਾ। ਕਿਵੇਂ ਹਾਸਲ ਹੋਏਗਾ, ਰੱਬ ਜਾਣੇ ਉਸ ਦਾ ਕੰਮ ਜਾਣੇ!
ਭਾਰਤ ਵਿਰੁੱਧ ਯੁੱਧ
ਪ੍ਰਭਾਕਰਨ ਦੀ ਹਿੰਮਤ ਦੇਖ ਕੇ ਦੁਨੀਆਂ ਵੱਡੇ-ਵੱਡੇ ਜੰਗਬਾਜ਼ਾਂ ਨੂੰ ਯਾਦ ਕਰਨ ਲੱਗੀ। ਜਿਵੇਂ ਵੀਅਤਨਾਮੀ ਅਮਰੀਕਾ ਵਿਰੁੱਧ ਤਣ ਗਏ, ਲਿੱਟੇ ਭਾਰਤ ਵਿਰੁਧ ਡਟ ਗਿਆ। ਹਾਲਾਤ ਦੇਖੋ, ਜਿਹੜੀ ਜੰਗ ਭਾਰਤ ਨੇ ਨਾ ਸ਼ੁਰੂ ਕੀਤੀ, ਨਾ ਉਸਦੇ ਵਸ ਵਿਚ ਇਸ ਦਾ ਅੰਤ ਕਰਨਾ ਲਿਖਿਆ ਹੋਇਆ, ਆਪੇ ਸਹੇੜ ਲਈ। ਜੈਵਰਧਨੇ ਖੁਸ਼ ਸੀ। ਲੰਕਾ ਦੇ ਜਿਨ੍ਹਾਂ ਤਮਿਲਾਂ ਦੇ ਹੱਕ ਵਿਚ ਭਾਰਤ ਹਾਅ ਦਾ ਨਾਅਰਾ ਮਾਰਦਾ ਹੁੰਦਾ ਸੀ, ਉਨ੍ਹਾਂ ਤਮਿਲਾਂ ਨੇ ਭਾਰਤੀ ਫੌਜਾਂ ਨੂੰ ਵਾਹਣੀ ਪਾ ਲਿਆ। ਲੰਕਾ ਦੀ ਫੌਜ ਬੈਰਕਾਂ ਵਿਚ ਸੌਂਦੀ ਤੇ ਭਾਰਤੀ ਫੌਜ ਭੱਜੀ ਫਿਰਦੀ। ਜਿਹੜੇ ਪੰਜ ਹਜ਼ਾਰ ਭਾਰਤੀ ਫੌਜੀ ਲੰਕਾ ਵਿਚ ਗਏ ਸਨ, ਉਨ੍ਹਾਂ ਨੂੰ ਕੀ ਪਤਾ ਸੀ, ਇਹ ਦਿਨ-ਰਾਤ ਦੀ ਬਿਮਾਰੀ ਹੈ। ਭਾਰਤੀ ਜਰਨੈਲ ਸੋਚਦੇ ਰਹੇ, ਲੁੰਗੀਆਂ ਪਹਿਨੀ ਫਿਰਦੇ ਗਿਠਮੁਠੀਏ ਸਾਡਾ ਕੀ ਮੁਕਾਬਲਾ ਕਰਨਗੇ? ਨਾ ਭਾਰਤੀਆਂ ਨੂੰ ਭੂਗੋਲਿਕ ਜਾਣਕਾਰੀ, ਨਾ ਲਿੱਟੇ ਦੀ ਯੁੱਧਨੀਤੀ ਦਾ ਪਤਾ, ਨਾ ਤਾਕਤ ਦੀ ਕੋਈ ਥਾਹ। ਪਤਾ ਲਗਾ ਸੀ ਤਿੰਨ ਕੁ ਹਜ਼ਾਰ ਮੁੰਡੇ-ਕੁੜੀਆਂ ਹਨ, ਨਹੀਂ, ਗਿਣਤੀ ਕਿਤੇ ਵਧੀਕ ਨਿਕਲੀ। ਲਿੱਟੇ ਸਿਪਾਹੀਆਂ ਨੇ ਕਿਹੜਾ ਵਰਦੀਆਂ ਪਹਿਨੀਆਂ ਹੁੰਦੀਆਂ? ਭਾਰਤੀ, ਖਾੜਕੂ ਅਤੇ ਸਿਵਲੀਅਨ ਵਿਚ ਵਖਰੇਵਾਂ ਨਾ ਕਰ ਸਕਦੇ। ਸਿਵਲੀਅਨ ਮਾਰੇ ਜਾਂਦੇ, ਖਾੜਕੂ ਨੱਠ ਜਾਂਦੇ। ਲਗਦਾ ਜਿਵੇਂ ਸਾਰੀ ਆਬਾਦੀ ਖਾੜਕੂਆਂ ਦੀ ਹੈ। ਇਹ ਸਾਰੀ ਆਬਾਦੀ ਤੰਗ ਆ ਕੇ ਭਾਰਤੀ ਫੌਜ ਖਿਲਾਫ ਹੋ ਗਈ।
ਭਾਰਤੀ ਆਰਮੀ ਚੀਫ ਨੇ ਰਾਜੀਵ ਗਾਂਧੀ ਨੂੰ ਕਿਹਾ ਸੀ ਕਿ ਲਿੱਟੇ ਨੇ ਬਦਤਮੀਜ਼ੀ ਕੀਤੀ ਤਾਂ ਤਿੰਨ ਦਿਨਾਂ ਵਿਚ ਸਿੱਧੇ ਕਰ ਦਿਆਂਗੇ। ਖੁਫੀਆ ਏਜੰਸੀ ‘ਰਾਅ’ ਦੀ ਵੀ ਰਿਪੋਰਟ ਇਸ ਨਾਲ ਮਿਲਦੀ-ਜੁਲਦੀ ਸੀ। ਇਹ ਨਿਰੀ ਖੁਸ਼ਫਹਿਮੀ ਸਾਬਤ ਹੋਈ। ਜਰਨੈਲ ਸੋਚਣ ਲੱਗੇ, ਪ੍ਰਭਾਕਰਨ ਨੂੰ ਕਿਵੇਂ ਫੜਿਆ ਜਾਵੇ? ਪਤਾ ਸੀ, ਉਹ ਜਾਫਨਾ ਯੂਨੀਵਰਸਿਟੀ ਦੇ ਇਰਦ-ਗਿਰਦ ਰਹਿੰਦੈ। ਹੈਲੀਕਾਪਟਰ ਰਾਹੀਂ ਭਾਰਤੀ ਕਮਾਂਡੋ ਹੇਠਾਂ ਉਤਾਰੇ ਤਾਂ ਉਤਰਦਿਆਂ ਨੂੰ ਲਿੱਟੇ ਖਾੜਕੂਆਂ ਨੇ ਭੁੰਨ ਦਿੱਤਾ। ਖਾੜਕੂਆਂ ਨੇ ਫੌਜ ਦਾ ਰੇਡੀਓ ਸਿਸਟਮ ਕੋਡ ਕਾਬੂ ਕਰ ਲਿਆ ਸੀ ਜਿਸ ਰਾਹੀਂ ਇਨ੍ਹਾਂ ਦੇ ਉਤਰਨ ਦਾ ਪਤਾ ਲੱਗਾ। ਫੌਜ ਵਿਚ ਸੋਗ ਫੈਲ ਗਿਆ।
ਇਕ ਪੱਤਰ ਮੁੱਖ ਮੰਤਰੀ ਐਮæਜੀæਆਰæ ਅਤੇ ਦੋ ਰਾਜੀਵ ਗਾਂਧੀ ਨੂੰ ਪ੍ਰਭਾਕਰਨ ਨੇ ਲਿਖੇ, ਜੰਗਬੰਦੀ ਦੀ ਮੰਗ ਕੀਤੀ- “ਅਸੀਂ ਤੁਹਾਨੂੰ ਅਮਨ ਕਾਇਮ ਕਰਨ ਲਈ ਸੱਦਿਆ ਸੀ, ਤੁਸੀਂ ਸਾਡੀ ਨਸਲਕੁਸ਼ੀ ਸ਼ੁਰੂ ਕਰ ਦਿੱਤੀ। ਇਨ੍ਹਾਂ ਪੱਤਰਾਂ ਨੂੰ ਰਹਿਮ ਦੀਆਂ ਅਪੀਲਾਂ ਨਾ ਸਮਝ ਜਾਣਾ। ਅਸੀਂ ਬੜੇ ਸਖਤ-ਜਾਨ ਲੋਕ ਹਾਂ, ਲੰਮਾ ਸਮਾਂ ਲੜਾਂਗੇ, ਆਪਣੀ ਹੋਣੀ ਆਪ ਘੜਾਂਗੇ। ਭਾਰਤ ਵਰਗੇ ਵੱਡੇ ਲੋਕਤੰਤਰ ਨੂੰ ਸੋਭਾ ਨਹੀਂ ਦਿੰਦਾ ਕਿ ਨਿੱਕੀ ਜਿਹੀ ਨਸਲ ਨੂੰ ਕਤਲ ਕਰੇ।” ਤਿੰਨਾਂ ਵਿਚੋਂ ਕਿਸੇ ਦਾ ਜਵਾਬ ਨਹੀਂ ਆਇਆ, ਅਖਬਾਰਾਂ ਨੇ ਖਤ ਛਾਪੇ। ਪ੍ਰਭਾਕਰਨ ਵਾਸਤੇ ਦੋਵੇਂ ਪਾਸੇ ਠੀਕ, ਜੇ ਰਾਜੀਵ ਗਾਂਧੀ ਫੌਜ ਵਾਪਸ ਬੁਲਾ ਲਏ ਤਾਂ ਚੰਗਾ; ਜੇ ਜੰਗ ਜਾਰੀ ਰੱਖੀ, ਦੁਨੀਆਂ ਵਿਚ ਬਦਨਾਮੀ ਹੋਵੇਗੀ ਕਿ ਗੁਆਂਢੀ ਦੇਸਾਂ ਵਿਚ ਹਮਲੇ ਕਰ ਰਿਹਾ ਹੈ।
ਬੜਾ ਖਤਰਨਾਕ ਗੁਰੀਲਾ ਯੁੱਧ ਚੱਲਿਆ। ਕਿਸ ਦਰਖਤ, ਕੰਧ, ਖੁੰਢ, ਖੰਭੇ, ਛੱਪਰ ਪਿਛੇ ਖਾੜਕੂ ਲੁਕਿਆ ਬੈਠਾ ਹੈ, ਪਤਾ ਨਹੀਂ। ਦਰਖਤਾਂ ਉਪਰ ਚੜ੍ਹੇ ਹੁੰਦੇ। ਸਾਹਮਣਿਉਂ ਭਾਰਤੀ ਸੈਨਾ ਦੀ ਟੁਕੜੀ ਆਉਂਦੀ ਦੇਖਣੀ, ਅਫਸਰ ਨੂੰ ਫੁੰਡ ਦੇਣਾ, ਨਿਸ਼ਾਨਾ ਪੱਕਾ। ਅਫਸਰਾਂ ਨੇ ਬੈਜ ਪਹਿਨਣੇ ਛੱਡ ਦਿੱਤੇ। ਬਹੁਤੇ ਖਾੜਕੂ ਭਾਰਤ ਵਿਚ ਸਿਖਲਾਈ ਲੈ ਕੇ ਆਏ ਸਨ, ਹਥਿਆਰ ਲੈ ਕੇ ਆਏ ਸਨ, ਪਰ ਮਜਾਲ ਹੈ ਇਸ ਗਲ ਦੇ ਅਹਿਸਾਨ ਸਦਕਾ ਤਰਸ ਖਾਣ।
ਰਾਜੀਵ ਗਾਂਧੀ ਦਾ ਸੂਰਜ ਢਲਣ ਲੱਗਾ। ਬੋਫੋਰਜ਼ ਤੋਪਾਂ ਦੀ ਖਰੀਦ ਦੇ ਘਪਲੇ ਦਾ ਰੌਲਾ ਪੈ ਗਿਆ। ਤਮਿਲਨਾਡੂ ਵਿਚ ਮੀਟਿੰਗਾਂ ਹੋਣ ਲੱਗੀਆਂ, ਲੰਕਾ ਦੇ ਤਮਿਲਾਂ ਦੇ ਹੱਕ ਵਿਚ ਇਕੱਠ ਹੋਣ ਲੱਗੇ। ਐਮæਜੀæਆਰæ ਕਾਫੀ ਕੁਝ ਕਰ ਸਕਦਾ ਸੀ ਜੇ ਬਿਮਾਰ ਨਾ ਹੁੰਦਾ। ਦਸੰਬਰ 1987 ਵਿਚ ਉਸ ਦੀ ਮੌਤ ਹੋ ਗਈ। ਪ੍ਰਭਾਕਰਨ ਨੇ ਇਕ ਹੋਰ ਸਿਆਸੀ ਚਾਲ ਚੱਲੀ। ਲਿੱਟੇ ਨੇ ਜਿਹੜੇ 18 ਭਾਰਤੀ ਫੌਜੀ ਬੰਦੀ ਬਣਾਏ ਸਨ, ਭਾਰਤ ਦੀ ਹਮਦਰਦੀ ਜਿੱਤਣ ਲਈ ਰਿਹਾਅ ਕਰ ਦਿੱਤੇ। ਇਸ ਦੀ ਕਿਸੇ ਨੂੰ ਉਮੀਦ ਨਹੀਂ ਸੀ। ਮਹਾਤਿਆ ਨੇ ਪੱਤਰਕਾਰਾਂ ਦੇ ਵੱਡੇ ਇਕੱਠ ਵਿਚ ਬੰਦੀ ਭਾਰਤੀ ਫੌਜ ਦੇ ਹਵਾਲੇ ਕੀਤੇ। ਪ੍ਰਭਾਕਰਨ ਦੀ ਲੰਮੀ ਸਟੇਟਮੈਂਟ ਰਿਲੀਜ਼ ਕੀਤੀ- ਅਸੀਂ ਭਾਰਤ ਨੂੰ ਦਿਲੋਂ ਪਿਆਰ ਕਰਦੇ ਹਾਂ। ਧੱਕੇ ਨਾਲ ਮੇਰੇ ਸੰਘ ਹੇਠ ਰਾਜੀਵ ਗਾਂਧੀ ਨੇ ਲੰਕਾ ਸਮਝੌਤਾ ਤੁੰਨ ਦਿੱਤਾ। ਅਸੀਂ ਭਾਰਤ ‘ਤੇ ਹਮਲਾ ਨਹੀਂ ਕੀਤਾ। ਭਾਰਤੀ ਫੌਜ ਮੇਰੇ ਲੋਕਾਂ ‘ਤੇ ਹਮਲਾ ਕਰਨ ਲੰਕਾ ਵਿਚ ਕਿਉਂ ਆਈ? ਸਾਨੂੰ ਸ਼ਾਤੀ ਪਾਠ ਪੜ੍ਹਨ ਦਾ ਹੁਕਮ ਹੈ ਤੇ ਫੌਜ ਸਾਡੇ ਉਪਰ ਮੀਂਹ ਵਾਂਗ ਗੋਲੀਆਂ ਵਰ੍ਹਾ ਰਹੀ ਹੈ। ਅਠਾਰਾਂ ਭਾਰਤੀ ਬੰਦੀ ਰਿਹਾਅ ਕਰ ਕੇ ਅਸੀਂ ਦੋਸਤੀ ਸਦਭਾਵਨਾ ਦਾ ਸਬੂਤ ਦਿੱਤਾ। ਸਾਨੂੰ ਤੁਹਾਥੋਂ ਇਹੋ ਉਮੀਦ ਹੈ।
ਇਹੋ ਬੋਲੀ ਪਾਰਲੀਮੈਂਟ ਵਿਚ ਵਿਰੋਧੀ ਧਿਰ ਰਾਜੀਵ ਗਾਂਧੀ ਵਿਰੁੱਧ ਬੋਲ ਰਹੀ ਸੀ। ਹਰ ਕੋਈ ਪੁੱਛ ਰਿਹਾ ਸੀ, ਲੰਕਾ ਵਿਚ ਭਾਰਤੀ ਫੌਜ ਕਿਉਂ ਮਰਵਾਈ ਜਾ ਰਹੀ ਹੈ? ਪ੍ਰਭਾਕਰਨ ਜੋ ਚਾਹੁੰਦਾ ਸੀ, ਉਵੇਂ ਅਸਰ ਹੋਇਆ। ਭਾਰਤ ਨੇ 21 ਨਵੰਬਰ ਨੂੰ 48 ਘੰਟਿਆਂ ਦੀ ਗੋਲੀਬੰਦੀ ਦਾ ਹੁਕਮ ਦੇ ਦਿੱਤਾ। ਬਹਾਦਰੀ ਪੱਖੋਂ ਨਹੀਂ, ਗਿਣਤੀ ਪਖੋਂ ਲਿੱਟੇ ਮਾਰ ਖਾ ਰਿਹਾ ਸੀ। ਸ਼ੁਰੂ ਵਿਚ ਪੰਜ ਹਜ਼ਾਰ ਫੌਜੀ ਲੰਕਾ ਵਿਚ ਆਏ ਸਨ, ਮੁਕਾਬਲੇ ਵਧਦੇ ਗਏ, ਇਕ ਲੱਖ ਭਾਰਤੀ ਸੈਨਿਕ ਲੰਕਾ ਵਿਚ ਜਾ ਉਤਰੇ। ਐਮæਜੀæਆਰæ ਦੇ ਜਿਉਂਦਿਆਂ ਪਰਵਾਹ ਨਹੀਂ ਕੀਤੀ, ਪ੍ਰਭਾਕਰਨ ਨੇ ਹੁਣ ਤਮਿਲਨਾਡੂ ਨੇਤਾ ਕਰੁਨਾਨਿਧੀ ਕੋਲ ਮਿੱਤਰਤਾ ਦਾ ਸੁਨੇਹਾ ਭੇਜਿਆ। ਕਰੁਨਾਨਿਧੀ ਤਾਂ ਉਡੀਕ ਰਿਹਾ ਸੀ ਕਿ ਭਾਰਤੀ ਤਮਿਲਾਂ ਦੀ ਮਦਦ ਨਾਲ ਰਾਜੀਵ ਕਾਂਗਰਸ ਨੂੰ ਹਰਾਇਆ ਜਾਵੇ।
(ਚਲਦਾ)