ਲਕੀਰ-ਕੁੱਟ ਲੀਡਰਾਂ ਦੇ ਵੱਸ ਪਏ ਸਿੱਖ

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਦਿਨਾਂ ਦੀ ਗਿਣਤੀ ਕਰੀਏ ਤਾਂ ਸੱਪ ਲੰਘੇ ਨੂੰ ਤਿੰਨ ਹਫਤੇ ਹੋ ਚੱਲੇ ਹਨ। ਹੁਣ ਲਕੀਰ ਨੂੰ ਹੀ ਕੁੱਟਣਾ ਹੈ, ਜਦੋਂ ਮਰਜ਼ੀ ਤੇ ਜਿੰਨਾ ਮਰਜ਼ੀ ਕੁੱਟੀ ਜਾਈਏ। ਲੰਘੇ ਸੱਪ ਦੀ ਲਕੀਰ ਨੂੰ ਕੁੱਟਣਾ ਸਾਡੇ ਭਾਈਚਾਰੇ ਲਈ ਕੋਈ ਨਵੀਂ ਗੱਲ ਥੋੜ੍ਹੀ ਹੈ? ਸੰਨ ਸੰਤਾਲੀ ਤੋਂ ਬਾਅਦ ਅਸੀਂ ਸੱਪਾਂ ਦੀਆਂ ਲਕੀਰਾਂ ਨੂੰ ਹੀ ਕੁੱਟ ਰਹੇ ਹਾਂ। ਸੱਪ ਕਦੇ ਅੜਿੱਕੇ ਨਹੀਂ ਆਇਆ। ਹਾਂ! ਉਹ ਸਾਡਾ ਸੁਨਹਿਰੀ ਸਮਾਂ ਸੀ, ਜਦ ਸਾਡੇ ਵਡਿੱਕੇ ਬੁੱਢਾ ਜੌਹੜ ਤੋਂ ਮੰਜ਼ਲਾਂ ਮਾਰਦੇ ਸ੍ਰੀ ਅੰਮ੍ਰਿਤਸਰ ਪਹੁੰਚਦੇ ਸਨ ਅਤੇ

ਫਨੀਅਰ ਸੱਪ ਦੀ ਸਿਰੀ ਵੱਢ ਕੇ ਬਰਛੇ ‘ਤੇ ਟੰਗ ਕੇ ਮੁੜ ਜੈਕਾਰੇ ਗਜਾਉਂਦੇ ਬੀਕਾਨੇਰ ਦੇ ਮਾਰੂਥਲ ਵਿਚ ਜਾ ਪਹੁੰਚਦੇ ਸਨ। ਉਦੋਂ ਸਾਡੇ ਆਗੂ ਤਰਲੇ ਕਰਦੀ ਦਰ ਆਈ ਨਵਾਬੀ, ਆਪਣੇ ਪੁੱਤ-ਭਤੀਜਿਆਂ ਨੂੰ ਨਹੀਂ, ਸਗੋਂ ਪੰਥ ਦੇ ਘੋੜਿਆਂ ਦੀ ਲਿੱਦ ਚੁੱਕਣ ਵਾਲੇ ਕਿਸੇ ਸੇਵਾਦਾਰ ਨੂੰ ਸੌਂਪਦੇ ਹੁੰਦੇ ਸਨ। ਨਾ ਉਹੋ ਜਿਹੇ ਆਗੂ ਰਹੇ ਤੇ ਨਾ ਹੀ ਅਸੀਂ। ਸੋ, ਲਕੀਰਾਂ ਕੁੱਟਣ ਦਾ ਕੰਮ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ।
ਗੱਲ ਕਰ ਰਿਹਾਂ ਪਿਛਲੇ ਮਹੀਨੇ 26 ਜਨਵਰੀ ਵਾਲੇ ਦਿਨ ਦਿੱਲੀ ਵਿਚ ਹੋਏ ਗਣਤੰਤਰ ਦਿਵਸ ਸਮਾਰੋਹ ਦੀ, ਜਿਥੇ ਪਹੁੰਚੇ ਮੁੱਖ ਮਹਿਮਾਨ ਫਰਾਂਸ ਦੇ ਰਾਸ਼ਟਰਪਤੀ ਫਰਾਂਸਵਾ ਔਲਾਂਦ ਦੀ ਹਾਜ਼ਰੀ ਵਿਚ ਦਸਤਾਰਾਂ ਵਾਲੀ ਸਿੱਖ ਰੈਜਮੈਂਟ ਨੂੰ ਪਰੇਡ ਦੇ ਨੇੜੇ ਨਹੀਂ ਫਟਕਣ ਦਿੱਤਾ ਗਿਆ। ਸਿੱਖ ਬੁੱਧੀਜੀਵੀ ਅਤੇ ਕਈ ਸਿਆਸੀ ਆਗੂ ਖੁੱਲ੍ਹਮ-ਖੁੱਲ੍ਹਾ ਕਹਿ ਰਹੇ ਨੇ ਕਿ ਅਜਿਹਾ ਇਸ ਕਾਰਨ ਕੀਤਾ ਗਿਆ ਤਾਂ ਕਿ ਫਰਾਂਸ ਦੇ ਰਾਸ਼ਟਰਪਤੀ ਦੀ ਨਜ਼ਰ ਕਿਤੇ ਦਸਤਾਰ ਦੀ ਮਹਾਨਤਾ ‘ਤੇ ਨਾ ਪੈ ਜਾਏ। ਮਤਾਂ ਕਿਤੇ ਉਹ ਭਾਰਤੀ ਫੌਜ ਵਿਚ ਦਸਤਾਰਾਂ ਦੀ ਸ਼ਾਨ ਤੋਂ ਪ੍ਰਭਾਵਿਤ ਹੋ ਕੇ ਫਰਾਂਸ ਵਿਚ ਵੱਸਦੇ ਸਿੱਖਾਂ ਦੀ ਦਸਤਾਰ ‘ਤੇ ਪਾਬੰਦੀ ਹਟਾ ਹੀ ਨਾ ਲੈਣ!
ਗਣਤੰਤਰ ਦਿਵਸ ਦੀ ਪਰੇਡ ਵਿਚ ਹਮੇਸ਼ਾ ਸਾਰੇ ਸੂਬਿਆਂ ਦੀਆਂ ਝਾਕੀਆਂ ਦਿਖਾਈਆਂ ਜਾਂਦੀਆਂ ਹਨ। ਰਵਾਇਤ ਮੁਤਾਬਕ ਪੰਜਾਬ ਦੀ ਝਾਕੀ ਇਸ ਵਾਰ ਵੀ ਤਿਆਰ ਸੀ।æææ ਤੇ ਅਮੂਮਨ ਉਸ ਵਿਚ ਪੱਗਾਂ ਵਾਲੇ ਪਾਤਰ ਹੋਣੇ ਹੀ ਸਨ, ਪਰ ਪੱਗਾਂ ਵਾਲਿਆਂ ਖਿਲਾਫ਼ ਤਾਂ ਪਹਿਲੋਂ ਹੀ ਸਰਕਾਰ ਅੰਦਰੋ-ਅੰਦਰੀ ਫੈਸਲਾ ਕਰੀ ਬੈਠੀ ਸੀ। ਸੋ, ਬੇਤੁਕੇ ਜਿਹੇ ਬਹਾਨੇ ਬਣਾ ਕੇ ਪੰਜਾਬ ਪ੍ਰਾਂਤ ਦੇ ਫਲੋਟ ਨੂੰ ਵੀ ਬਰੰਗ ਮੋੜ ਦਿੱਤਾ ਗਿਆ। ਮੋਦੀ ਸਰਕਾਰ ਨੇ ਆਪਣਾ ਤੈਅਸ਼ੁਦਾ ‘ਸਿੱਖ ਪਛਾਣ ਵਿਰੋਧੀ ਮਿਸ਼ਨ’ ਸਫਲਤਾ ਸਹਿਤ ਨੇਪਰੇ ਚਾੜ੍ਹ ਲਿਆ।
ਦੇਸ-ਵਿਦੇਸ ਦੇ ਸਿੱਖਾਂ ਵੱਲੋਂ ਮੋਦੀ ਸਰਕਾਰ ਦੀ ਇਸ ਗੱਲੋਂ ‘ਤੋਏ ਤੋਏ’ ਹੋਣੀ ਸ਼ੁਰੂ ਹੋ ਗਈ। ਚੇਤਨ ਸਿੱਖਾਂ ਦੀ ਬੁਲੰਦ ਹੁੰਦੀ ਆਵਾਜ਼ ਸੁਣ ਕੇ ਫਖ਼ਰ-ਏ-ਕੌਮ ਸ਼ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਰੋਸਾ ਜਾਗ ਪਿਆ। ਉਹੀ ਵੱਡਾ ਬਾਦਲ ਤੇ ਛੋਟਾ ਬਾਦਲ ਜੋ ਲੋਕ ਸਭਾ ਚੋਣਾਂ ਬਾਅਦ ਮੋਦੀ ਸਰਕਾਰ ਦੀ ਕੈਬਨਿਟ ਵਿਚ ਹਰਸਿਮਰਤ ਕੌਰ ਬਾਦਲ ਨੂੰ ਸ਼ਾਮਲ ਕਰਾਉਣ ਲਈ ਹਫਤਾ ਭਰ ਦਿੱਲੀ ਬੈਠੇ ਰਹੇ ਸਨ, ਹੁਣ ਇਸ ਵਿਤਕਰੇ ਵਿਰੁਧ ਦਿੱਲੀ ਨਾ ਜਾ ਸਕੇ। ਸਿਰਫ ਕੇਂਦਰ ਸਰਕਾਰ ਨੂੰ ‘ਰੋਸ ਪੱਤਰ’ ਲਿਖ ਕੇ ਬੁੱਤਾ ਸਾਰ ਲਿਆ। ਯਾਦ ਰਹੇ, ਇਹੀ ਬਾਦਲ ਲੋਕ ਸਭਾ ਚੋਣਾਂ ਮੌਕੇ ਪੰਜਾਬ ਵਿਚ ਹੋਈਆਂ ਰੈਲੀਆਂ ਵਿਚ ਲੋਕਾਂ ਨੂੰ ਗੱਜ-ਵੱਜ ਕੇ ਅਪੀਲਾਂ ਕਰਦੇ ਸਨ ਕਿ ਇਕ ਵਾਰ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾ ਦਿਓ, ਅਸੀਂ ਇਨ੍ਹਾਂ ਦੇ ਹੱਥ ਫੜ ਕੇ ਪੰਜਾਬ ਦੇ ਕੰਮ ਕਰਵਾ ਲਿਆ ਕਰਨੇ ਹਨ।
ਆਪਣੇ ਆਕਾ ਨੂੰ ਲੰਘੇ ਸੱਪ ਦੀ ਲਕੀਰ ਕੁੱਟਦਿਆਂ ਦੇਖ ਕੇ ਦਿੱਲੀ ਵਾਲੀਆਂ ਕਠਪੁਤਲੀਆਂ, ਭਾਵ ਬਾਦਲ ਦਲ ਦੀ ਅਧੀਨਗੀ ਕਬੂਲ ਕਰ ਕੇ ਦਿੱਲੀ ਦੀਆਂ ਗੋਲਕਾਂ ‘ਤੇ ਕਬਜ਼ਾ ਕਰਨ ਵਾਲੇ ‘ਜੀæਕੇæ ਐਂਡ ਸਿਰਸਾ ਕੰਪਨੀ’ ਨੂੰ ਵੀ ਖਿਆਲ ਆਇਆ ਕਿ ਕਿਉਂ ਨਾ ਅਸੀਂ ਵੀ ਕੱਦੂ ਵਿਚ ਤੀਰ ਮਾਰ ਦੇਈਏ! ਹਾਲਾਂਕਿ ਇਹ ਭੱਦਰਪੁਰਸ਼ 24 ਜਨਵਰੀ ਵਾਲੇ ਦਿਨ ਭੰਗੜਾ ਪਾਉਣ ਵਾਲਿਆਂ ਵਾਂਗ ਨੱਚਦੇ-ਟੱਪਦੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਹੱਥਾਂ ਵਿਚ ਤਿੰਨ ਫੁੱਟੀ ਨੰਗੀ ਕਿਰਪਾਨ ਇਸੇ ਖੁਸ਼ੀ ਵਿਚ ਫੜਾ ਕੇ ਆਏ ਕਿ ਉਹ ਭਾਜਪਾ ਦਾ ਮੁੜ ਪ੍ਰਧਾਨ ਬਣ ਗਿਆ ਹੈ।
ਆਪਣੇ ਮਾਲਕਾਂ ਦੀ ਰੀਸ ਕਰਨ ਤੋਂ ਪਹਿਲਾਂ ਇਨ੍ਹਾਂ ਦਿੱਲੀ ਵਾਲਿਆਂ ਨੇ ਭੋਰਾ ਵੀ ਸੋਚਿਆ ਨਹੀਂ ਕਿ ਹਾਲੇ ਤਾਂ ਭਾਜਪਾ ਪ੍ਰਧਾਨ ਨੂੰ ਦਿੱਤੀਆਂ ਵਧਾਈਆਂ ਦੀ ਖਬਰ ਵੀ ਪੁਰਾਣੀ ਨਹੀਂ ਹੋਈ, ਹੁਣ ਚਹੁੰ ਦਿਨਾਂ ਬਾਅਦ ਹੀ ਉਸੇ ਪਾਰਟੀ ਦੀ ਸਰਕਾਰ ਨੂੰ ਰੋਸ ਪੱਤਰ ਕਿਹੜੇ ਮੂੰਹ ਨਾਲ ਲਿਖਾਈਏ?æææ ਇਕ ਵਿਦਵਾਨ ਦਾ ਕਥਨ ਹੈ ਕਿ ਜਦੋਂ ਕੋਈ ਕਿਸੇ ਦੀ ਗੁਲਾਮੀ ਕਬੂਲ ਲੈਂਦਾ ਹੈ, ਉਸ ਦੇ ਅੱਧੇ ਗੁਣ ਉਸੇ ਵੇਲੇ ਨਸ਼ਟ ਹੋ ਜਾਂਦੇ ਹਨ। ਕਹਿਣ ਦਾ ਭਾਵ, ਦਿੱਲੀ ਦੇ ਗੁਰਦੁਆਰਿਆਂ ਦੀ ਆਮਦਨ ਸਾਂਭਣ ਦੇ ਨਿਸ਼ਾਨੇ ਨੂੰ ‘ਸਰ’ ਕਰਨ ਲਈ, ਪੰਜਾਬ ਦੇ ਬਾਦਲ ਦਲ ਦੀ ਅਧੀਨਗੀ ਕਬੂਲਣ ਵਾਲਿਆਂ ਨੇ ਮਿੱਠੇ-ਮਿੱਠੇ ਸ਼ਬਦਾਂ ਵਿਚ ਰੋਸ ਪੱਤਰ ਵੀ ਲਿਖ ਦਿੱਤਾ। ਅਖੇ, ਗਣਤੰਤਰ ਦਿਵਸ ਦੀ ਪਰੇਡ ਵਿਚ ਸਿੱਖ ਰੈਜਮੈਂਟ ਨਦਾਰਦ ਦੇਖ ਕੇ ਸਾਨੂੰ ‘ਭਾਰੀ ਠੇਸ’ ਲੱਗੀ ਹੈ!
ਸਿਤਮ ਦੀ ਗੱਲ ਹੈ ਕਿ ਹਫਤਾ ਬੀਤ ਜਾਣ ਬਾਅਦ ਵੀ ਕੇਂਦਰ ਸਰਕਾਰ ਨੇ ਦੋਹਾਂ ਦੇ ਰੋਸ ਪੱਤਰਾਂ ਦਾ ਕਿਸੇ ਪੱਧਰ ‘ਤੇ ਵੀ ਜਵਾਬ ਨਹੀਂ ਦਿੱਤਾ। ਨਾ ਹੀ ਭਾਜਪਾ ਨਾਲ ਪਤੀ-ਪਤਨੀ ਦੇ ਰਿਸ਼ਤੇ ਦੀ ਰਟ ਲਾਉਣ ਵਾਲੇ ਸ਼ ਬਾਦਲ ਦੇ ਪੱਤਰ ਦਾ, ਤੇ ਨਾ ਹੀ ਸ੍ਰੀ ਅਰਵਿੰਦ ਕੇਜਰੀਵਾਲ ਦੇ ਘਰ ਮੂਹਰੇ ਧਰਨੇ ਮਾਰ ਕੇ ਮੋਦੀ ਕਿਆਂ ਨੂੰ ‘ਖੁਸ਼ ਕਰਨ’ ਵਾਲੇ ਜੀæਕੇæ-ਸਿਰਸਿਆਂ ਦੇ ਖ਼ਤ ਦਾ ਕੋਈ ਧੂੰਆਂ ਨਿਕਲਿਆ!
ਸਕੂਲ ਵਿਚ ਪੜ੍ਹਨ ਵੇਲੇ ਤੋਂ ਹੀ ਅਖਬਾਰਾਂ-ਰਿਸਾਲਿਆਂ ਨਾਲ ਜੁੜਿਆ ਰਿਹਾ ਹੋਣ ਕਰ ਕੇ ਮੈਨੂੰ ਥੋੜ੍ਹਾ-ਥੋੜ੍ਹਾ ਉਸ ਲੇਖ ਦਾ ਚੇਤਾ ਆਉਂਦਾ ਹੈ ਜੋ ‘ਚਾਚਾ ਚੰਡੀਗੜ੍ਹੀਆ’ ਗੁਰਨਾਮ ਸਿੰਘ ਤੀਰ ਨੇ ਉਦੋਂ ਲਿਖਿਆ ਸੀ, ਜਦੋਂ ਫੌਜ ਵਿਚ ਸਿੱਖਾਂ ਦੀ ਭਰਤੀ ਦਾ ਕੋਟਾ ਘਟਾਉਣ ਦੀਆਂ ਖਬਰਾਂ ਆਉਣ ਲੱਗੀਆਂ ਸਨ। ਸੰਨ ਸੰਤਾਲੀ ਤੋਂ ਬਾਅਦ ਕੇਂਦਰ ਵਿਚ ਬਣਨ ਵਾਲੀ ਹਰ ਸਰਕਾਰ ਵਿਚ ਸ਼ਾਮਲ ਸਿੱਖ ਵਿਰੋਧੀ ਬਿਪਰਵਾਦੀ ਸ਼ਕਤੀਆਂ ‘ਤੇ ਵਿਅੰਗਮਈ ਚੋਟ ਕਰਦਿਆਂ ਸ਼ ਤੀਰ ਨੇ ਲਿਖਿਆ ਸੀ ਕਿ ਸਿੱਖ ਭਰਾਵੋ, ਪਹਿਲਾਂ ਤੁਸੀਂ ਮੁਗਲ ਹਕੂਮਤਾਂ ਨਾਲ ਟੱਕਰ ਲੈਂਦੇ ਰਹੇ; ਫਿਰ ਅੰਗਰੇਜ਼ਾਂ ਨੂੰ ਕੱਢਣ ਲਈ ਤੁਸੀਂ ਆਪਣੇ ਤਨਾਸਬ ਤੋਂ ਵੀ ਕਿਤੇ ਵੱਧ ਕੁਰਬਾਨੀਆਂ ਕੀਤੀਆਂ; ਚੀਨ ਤੇ ਪਾਕਿਸਤਾਨ ਨਾਲ ਜੰਗਾਂ ਤੇ ਫਿਰ ਬੰਗਲਾ ਦੇਸ਼ ਬਣਾਉਣ ਵੇਲੇ ਵੀ ਤੁਸੀਂ ਜਾਨਾਂ ਹੂਲ ਕੇ ਲੜੇ; æææਹੁਣ ਹਰ ਭਾਰਤੀ ਹਕੂਮਤ ਨੂੰ ਤੁਹਾਡੇ ‘ਤੇ ਤਰਸ ਆਉਣ ਲੱਗ ਪਿਐ। ਉਹ ਲੋਕ ਚਾਹੁੰਦੇ ਨੇ ਕਿ ਤੁਸੀਂ ਹੁਣ ਮਰਨ-ਮਰਾਈ ਦਾ ਚਾਅ ਤਿਆਗ ਕੇ ਕੋਈ ਹੋਰ ਕੰਮ ਧੰਦਾ ਲੱਭ ਲਓ। ਤੁਹਾਡੇ ਵੱਲੋਂ ਸਰਹੱਦਾਂ ‘ਤੇ ਛੱਡੇ ਜਾਂਦੇ ਜੈਕਾਰੇ ਸਾਨੂੰ ‘ਚੁੱਭਦੇ’ ਨੇ। ਹੁਣ ਸਾਨੂੰ ‘ਜੈ ਹਿੰਦ’ ਕਹਿਣ ਦਿਓ। ਹਾਂ, ਜੇ ਕਿਸੇ ਪਾਸਿਓਂ ਦੁਸ਼ਮਣ ਚੜ੍ਹ ਕੇ ਆ ਵੀ ਜਾਵੇ, ਤਾਂ ਬਲਦੀ ਦੇ ਬੁੱਥੇ ਅਸੀਂ ਤੁਹਾਨੂੰ ਦੇਣਾ ਜਾਣਦੇ ਹਾਂ। ਹਰੀ ਸਿੰਘ ਨਲੂਏ ਅਤੇ ਬੰਦੇ ਬਹਾਦਰ ਦੀ ਸੂਰਮਗਤੀ ਦੀਆਂ ਵਾਰਾਂ ਵਾਲੇ ਰਿਕਾਰਡ ਫਿਰ ਵਜਾਉਣੇ ਸ਼ੁਰੂ ਕਰ ਦਿਆਂਗੇ!
ਇਸੇ ਤਰ੍ਹਾਂ ਮੈਨੂੰ ਉਸ ਸਾਲ ਦੀ ਨੌਂ ਪੋਹ ਵਾਲੀ ਮਾਛੀਵਾੜੇ ਦੀ ‘ਸਭਾ’ ਦਾ ਜੋੜ-ਮੇਲ ਵੀ ਯਾਦ ਹੈ ਜਦੋਂ ਪੰਜਾਬ ਲੋਕ ਸੰਪਰਕ ਵਿਭਾਗ ਵੱਲੋਂ ਉਹ ਡਾਕੂਮੈਂਟਰੀ ਫਿਲਮ ਦਿਖਾਈ ਗਈ ਸੀ ਜੋ ਬੰਗਲਾ ਦੇਸ਼ ਦੀ ਲੜਾਈ ਵਿਚ ਪਾਕਿਸਤਾਨੀ ਜਰਨੈਲ ਨਿਆਜ਼ੀ ਵੱਲੋਂ ਜਨਰਲ ਜਗਜੀਤ ਸਿੰਘ ਅਰੋੜਾ ਮੂਹਰੇ ਹਥਿਆਰ ਸੁੱਟਣ ਵੇਲੇ ਬਣਾਈ ਗਈ ਸੀ। ਮੈਂ ਤਾਂ ਉਦੋਂ ਤੇਰ੍ਹਾਂ-ਚੌਦਾਂ ਸਾਲਾਂ ਦਾ ਅੰਞਾਣ-ਬੁੱਧ ਹੋਣ ਕਰ ਕੇ ਤੁਅੱਸਬੀ ਵਿਤਕਰੇ ਵਾਲੀ ਗੱਲ ਗੌਲ ਨਾ ਸਕਿਆ, ਪਰ ਮੁੜਦਿਆਂ ਹੋਇਆਂ ਆਪਣੇ ਭਾਈਆ ਜੀ ਦੇ ਮੂੰਹੋਂ ਇੰਦਰਾ ਗਾਂਧੀ ਨੂੰ ਖਿਝ-ਖਿਝ ਕੇ ਕੱਢੀਆਂ ਗਾਲ਼ਾਂ ਅਤੇ ਨਾਲ ਹੀ ਗਾਲ਼ਾਂ ਕੱਢਣ ਦਾ ਕਾਰਨ ਸੁਣ ਕੇ ਮੈਨੂੰ ਪਤਾ ਲੱਗਾ ਕਿ ਫਿਲਮ ਵਿਚ ਗੜਬੜ ਜਾਣ-ਬੁੱਝ ਕੇ ਕੀਤੀ ਹੋਈ ਹੈ। ਸਾਈਕਲਾਂ ‘ਤੇ ਤੁਰੇ ਆਉਂਦੇ ਭਾਈਆ ਜੀ ਤੇ ਉਨ੍ਹਾਂ ਦੇ ਸਾਥੀ ਕਹਿ ਰਹੇ ਸਨ ਕਿ ਜਨਰਲ ਜਗਜੀਤ ਸਿੰਘ ਅਰੋੜੇ ਦੇ ਮੂਹਰੇ ਹਥਿਆਰ ਸੁੱਟਣ ਵਾਲੇ ਪਲਾਂ ਦੀ ਫਿਲਮ ਇੰਜ ਬਣਾਈ ਗਈ ਸੀ ਕਿ ਹਥਿਆਰ ਸੁੱਟਣ ਵਾਲੇ ਪਾਕਿਸਤਾਨੀ ਜਰਨੈਲ ਦਾ ਪੂਰਾ ਚਿਹਰਾ-ਮੋਹਰਾ ਦਿਖਾਇਆ ਗਿਆ ਸੀ, ਪਰ ਸਿੱਖੀ ਸਰੂਪ ਵਾਲੇ ਸ਼ ਅਰੋੜਾ ਦੇ ਸਿਰਫ ਹੱਥ ਜਾਂ ਬਾਂਹਾਂ ਹੀ ਦਿਖਾਈਆਂ ਗਈਆਂ ਸਨ। ਭਾਈਆ ਜੀ ਤੇ ਨਾਲ ਦੇ ਸਾਥੀ ਇੰਦਰਾ ਗਾਂਧੀ ਨੂੰ ਬੁਰੀਆਂ-ਭਲੀਆਂ ਇੰਜ ਸੁਣਾਉਂਦੇ ਆਏ ਜਿਵੇਂ ਇਹ ਡਾਕੂਮੈਂਟਰੀ ਇੰਦਰਾ ਗਾਂਧੀ ਨੇ ਖੁਦ ਬਣਾਈ ਹੋਵੇ।
ਸਿੱਟਾ ਇਹ ਕਿ ਸਿੱਖਾਂ ਨਾਲ ਵਿਤਕਰਾ ਤਾਂ ਸਿੱਖਾਂ ਨੂੰ ‘ਜਰਾਇਮ ਪੇਸ਼ਾ ਲੋਕ’ ਐਲਾਨਣ ਵਾਲੇ ਸਰਕੂਲਰ ਤੋਂ ਹੀ ਸ਼ੁਰੂ ਹੋ ਗਿਆ ਸੀ, ਪਰ ਸਿੱਖਾਂ ਨੂੰ ਆਗੂ ਅਜਿਹੇ ਮਿਲਦੇ ਰਹੇ ਜੋ ਸੱਪ ਦੀ ਸਿਰੀ ਫੇਹਣ ਦੇ ਸਮਰੱਥ ਤਾਂ ਨਹੀਂ ਸਨ, ਪਰ ਲੰਘੇ ਸੱਪ ਦੀ ਲਕੀਰ ਕੁੱਟ-ਕੁੱਟ ਕੇ ਸਿੱਖਾਂ ਨੂੰ ਭੰਬਲਭੂਸੇ ਵਿਚ ਪਾਉਂਦੇ ਰਹੇ। ਸਿਰ ਵਾਰ ਕੇ ਨਹੀਂ, ਸਿਰ ਵਰਤ ਕੇ ਸੱਪ ਦੀ ਸਿਰੀ ਫੇਹਣ ਵਾਲਾ ਕੋਈ ਆਗੂ ਜਦ ਤੱਕ ਨਹੀਂ ਆਉਂਦਾ, ਲਕੀਰ ਕੁੱਟਣ ਦਾ ਸਿਲਸਿਲਾ ਜਾਰੀ ਰਹੇਗਾ।