ਕੁੰਭੀ ਨਰਕ ‘ਚੋਂ ਛੁਟਕਾਰਾ

ਐਮਰਜੈਂਸੀ ਅਤੇ ‘ਕੱਖ-ਕਾਨਾਂ’ ਦੀ ਵਾਰੀ-10
‘ਐਮਰਜੈਂਸੀ ਤੇ ਕੱਖ-ਕਾਨਾਂ ਦੀ ਵਾਰੀ’ ਲੇਖ ਲੜੀ ਵਿਚ ਕਹਾਣੀਕਾਰ ਵਰਿਆਮ ਸਿੰਘ ਸੰਧੂ ਨੇ ਐਮਰਜੈਂਸੀ ਨਾਲ ਜੁੜੀਆਂ ਯਾਦਾਂ ਦਾ ਵਰਕਾ ਫਰੋਲਿਆ ਹੈ। ਉਹ ਅਜਿਹਾ ਵਕਤ ਸੀ ਜਦੋਂ ਵਿਰੋਧ ਦੀ ਹਰ ਆਵਾਜ਼ ਨੂੰ ਬੰਦ ਕਰਨ ਦਾ ਹੀਲਾ ਕੇਂਦਰ ਸਰਕਾਰ ਨੇ ਕੀਤਾ ਸੀ। ਬਹੁਤ ਸਾਰੇ ਆਗੂਆਂ, ਪੱਤਰਕਾਰਾਂ, ਲੇਖਕਾਂ ਤੇ ਬੁੱਧੀਜੀਵੀਆਂ ਉਤੇ ਵੱਖ-ਵੱਖ ਕੇਸ ਪਾ ਕੇ ਉਨ੍ਹਾਂ ਨੂੰ ਜੇਲ੍ਹਾਂ ਅੰਦਰ ਡੱਕ ਦਿੱਤਾ ਗਿਆ। ਵਰਿਆਮ ਸਿੰਘ ਸੰਧੂ ਨੇ ਇਸ ਲੰਮੀ ਲੇਖ ਲੜੀ ਵਿਚ ਇਸ ਜੇਲ੍ਹ ਯਾਤਰਾ ਦੇ ਹਵਾਲੇ ਨਾਲ ਆਪਣੇ ਸਮਾਜ ਅਤੇ ਸਿਸਟਮ ਬਾਰੇ ਸਾਰਥਕ ਟਿੱਪਣੀਆਂ ਕੀਤੀਆਂ ਹਨ।

ਇਨ੍ਹਾਂ ਟਿੱਪਣੀਆਂ ਵਿਚ ਬਤੌਰ ਲੇਖਕ ਉਨ੍ਹਾਂ ਅਵਾਮ ਦੇ ਸਰੋਕਾਰ ਸਾਂਝੇ ਕੀਤੇ ਹਨ। ਐਤਕੀਂ ‘ਕੁੰਭੀ ਨਰਕ ‘ਚੋਂ ਛੁਟਕਾਰਾ’ ਵਿਚ ਪੁਲਿਸ ਦੀ ਤਫਤੀਸ਼ ਅਤੇ ਤਸ਼ੱਦਦ ਦੇ ਢੰਗ-ਤਰੀਕਿਆਂ ਦਾ ਜ਼ਿਕਰ ਕੀਤਾ ਗਿਆ ਹੈ। -ਸੰਪਾਦਕ
ਵਰਿਆਮ ਸਿੰਘ ਸੰਧੂ
ਫੋਨ: 416-918-5212
ਰਾਤ ਉਤਰ ਆਈ ਸੀ। ਅਸੀਂ ਗੱਲੀਂ ਰੁੱਝੇ ਹੋਏ ਸਾਂ ਕਿ ਲਲਕਾਰਾ ਵੱਜਿਆ, “ਨਿਕਲੋ ਉਏ ਬਾਹਰ ਵੱਡੇ ਸਮੱਗਲਰੋ! ਤੁਹਾਡਾ ਲਵਾਈਏ ਅਨਾਰਕਲੀ ਬਜ਼ਾਰ ਦਾ ਗੇੜਾ!”
ਗਾਲ੍ਹਾਂ ਦੀ ਵਾਛੜ ਕਰਦਿਆਂ ਉਨ੍ਹਾਂ ਨੇ ਸਭ ਤੋਂ ਪਹਿਲੀ ਕੋਠੜੀ ਵਾਲੇ ‘ਸਮੱਗਲਰਾਂ’ ਨੂੰ ਬਾਹਰ ਕੱਢ ਲਿਆ ਤੇ ਕੱਪੜੇ ਉਤਾਰ ਕੇ ਅਹਾਤੇ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੀਕ ਢਿੱਡ ਪਰਨੇ ਰੀਂਗ ਕੇ ਜਾਣ ਅਤੇ ਇੰਜ ਹੀ ਵਾਪਸ ਆਉਣ ਲਈ ਕਿਹਾ। ਸੌ ਕੁ ਗਜ਼ ਲੰਮੇ ਇਸ ਅਹਾਤੇ ਵਿਚ ਢਿੱਡ ਪਰਨੇ ਰੀਂਗਦੇ ਹੋਏ ਜਦੋਂ ਉਹ ਸਾਡੇ ਦਰਵਾਜ਼ੇ ਅੱਗਿਉਂ ਲੰਘ ਰਹੇ ਸਨ ਤਾਂ ਇੱਕ ਜਣਾ ਉਨ੍ਹਾਂ ਦੇ ਠੁੱਡੇ ਵਰ੍ਹਾਉਣ ਲੱਗਾ, ਕਿਉਂਕਿ ਉਹ ਉਨ੍ਹਾਂ ਦੀ ‘ਮਨ ਇੱਛਤ ਤੇਜ਼ੀ’ ਨਾਲ ਨਹੀਂ ਸਨ ਰੀਂਗ ਰਹੇ।
ਪੁਲਿਸ ਵਾਲ ਖਿੜਖਿੜਾ ਕੇ ਰਾਖ਼ਸ਼ੀ-ਹਾਸਾ ਹੱਸ ਰਹੇ ਸਨ। ਉਹ ਸ਼ਰਾਬ ਨਾਲ ਰੱਜੇ ਹੋਏ ਸਨ ਅਤੇ ਸਿਰਫ਼ ਆਪਣਾ ‘ਚਿੱਤ ਕਰਾਰਾ’ ਕਰਨ ਲਈ ਹੀ ਇਹ ਸਭ ਕਰ ਰਹੇ ਸਨ। ਪਹਿਲੀ ਕੋਠੜੀ ਵਾਲਿਆਂ ਨੂੰ ਬੰਦ ਕਰ ਕੇ ਉਹ ਦੂਜੀ ਕੋਠੜੀ ਵੱਲ ਹੋਏ। ਫਿਰ ਤੀਜੀ ਵੱਲ। ਹਰ ਇੱਕ ਨਾਲ ਵੱਖੋ-ਵੱਖਰਾ ਸਲੂਕ। ਕਿਸੇ ਨੂੰ ਛਿੱਤਰ ਅਤੇ ਚਪੇੜਾਂ, ਕਿਸੇ ਨੂੰ ਨੰਗੇ ਕਰ ਕੇ ਡੰਡ-ਬੈਠਕਾਂ ਕੱਢਣ, ਕਿਸੇ ਨੂੰ ਸਿਰ ਪਰਨੇ ਖੜ੍ਹੇ ਹੋਣ ਦੀ ‘ਸਜ਼ਾ’ ਸੁਣਾਈ ਜਾ ਰਹੀ ਸੀ। ਖੜ੍ਹਾ ਨਾ ਹੋ ਸਕਣ ‘ਤੇ ਅਗਲਾ ਵਾਰ-ਵਾਰ ਡਿੱਗਦਾ ਅਤੇ ਵਾਰ-ਵਾਰ ਠੁੱਡੇ ਤੇ ਛਿੱਤਰ ਖਾਂਦਾ। ਧੀਆਂ-ਭੈਣਾਂ ਦੀਆਂ ਗਾਲ੍ਹਾਂ ਤਾਂ ਐਵੇਂ ‘ਲਾਜ਼ਮਾ’ ਮਾਤਰ ਸਨ।
ਸਾਡੀ ਕੋਠੜੀ ਅੱਗੇ ਆਉਂਦਿਆਂ ਫਿਰ ਲਲਕਾਰਾ ਵੱਜਾ, “ਇਸ ਕੋਠੜੀ ‘ਚ ਕੌਣ ਏ ਉਏ?”
“ਏਥੇ ਮਾਸਟਰ ਹੁਰੀਂ ਨੇ।” ਉਸ ਦੇ ਸਾਥੀ ਨੇ ਦੱਸਿਆ।
“ਨਹੀਂ, ਨਹੀਂ। ਮਾਸਟਰ ਹੁਰਾਂ ਦਾ ਪਤੈ। ਅੱਜ ਇੱਕ ਨਵੀਂ ਸਾਮੀ ਫਸੀ ਐ। ਲਾਲਾ! ਬਾਹਰ ਆ ਉਏ!” ਉਨ੍ਹਾਂ ਲਾਲੇ ਨੂੰ ਬਾਹਰ ਕੱਢ ਲਿਆ। ਉਹ ਹੱਥ ਜੋੜ ਕੇ ਤਰਲੇ ਲੈਣ ਲੱਗਾ। ਆਪਣਾ ਕਸੂਰ ਬਿਨਾਂ ਪੁੱਛਿਆਂ ਹੀ ਦੱਸਣ ਲੱਗਾ।
“ਕੁੜੀ ਦਿਆ ਖ਼ਸਮਾਂ! ਪਹਿਲਾਂ ਕੱਪੜੇ ਲਾਹ ਆਪਣੇ। ਕਸੂਰ ਵੀ ਤੇਰਾ ਪੁੱਛ ਲਵਾਂਗੇ।”
ਉਹ ਤਿੰਨ-ਚਾਰ ਜਣੇ ਹੱਸ ਵੀ ਰਹੇ ਸਨ; ਗਾਲ੍ਹਾਂ ਵੀ ਕੱਢ ਰਹੇ ਸਨ। ਨਾਲ ਦੇ ਨਾਲ ਲਾਲੇ ਨੂੰ ‘ਛੇਤੀ ਕਰਨ ਲਈ’ ਧੌਲ-ਧੱਫ਼ਾ ਵੀ ਕਰ ਰਹੇ ਸਨ।
ਤੇੜ ਸਿਰਫ਼ ਕੱਛਾ ਰਹਿ ਗਿਆ ਤਾਂ ਲਾਲਾ ਫਿਰ ਲਿਲ੍ਹਕੜੀਆਂ ਲੈਣ ਲੱਗਾ। ਉਸ ਨੇ ਨਾਲੇ ਨੂੰ ਘੁੱਟ ਕੇ ਫੜਿਆ ਹੋਇਆ ਸੀ। ਇੱਕ ਜਣੇ ਨੇ ਉਹਦੇ ਹੱਥਾਂ ‘ਤੇ ਡੰਡਾ ਮਾਰਿਆ, “ਲਾਹ, ਲਾਹ ਇਹਨੂੰ। ਜੱਟ ਤਾਂ ਏਥੇ ਰੋਜ਼ ਈ ਆਉਂਦੇ ਰਹਿੰਦੇ ਨੇ। ਪੁੱਤ! ਤੁਸੀਂ ਈ ਕਦੀ-ਕਦੀ ਕਾਬੂ ਆਉਂਦੇ ਜੇ।”
ਅਹਾਤੇ ਵਿਚ ਜਗਦੀਆਂ ਮੱਧਮ ਰੌਸ਼ਨੀਆਂ ਵਿਚ ਲਾਲਾ ਅਲਫ਼ ਨੰਗਾ ਖੜ੍ਹਾ ਸੀ।
“ਚੱਲ, ਇਧਰੋਂ ਸਿਰ ਪਰਨੇ ਰਿੜ੍ਹਦਿਆਂ ਬਾਜ਼ੀ ਪਾਉਂਦਾ ਓਧਰ ਨੂੰ ਜਾਹ, ਤੇ ਮੁੜ ਕੇ ਆ।”
ਲਾਲਾ ‘ਬਾਜ਼ੀਆਂ’ ਪਾਉਂਦਾ ਅੱਗੇ ਵਧਣ ਲੱਗਾ।
“ਗੋਲ ਮਟੋਲ ਜਿਹਾ ਲਾਲਾ, ਮੇਰਾ ਸਾਲਾ, ਰਿੜ੍ਹਦਾ ਚੰਗਾ ਏ! ਮਾਸਟਰ ਜੀ! ਅੱਗੇ ਹੋ ਕੇ ਵੇਖੋ, ‘ਤੁਹਾਡਾ ਬੰਦਾ’ ਕਿਵੇਂ ਲੋਟਣੀਆਂ ਲੈਂਦਾ!”
ਉਸ ਦਾ ‘ਸੱਦਾ’ ਪਰਵਾਨ ਕਰਨ ਵਿਚ ਮੇਰੀ ਕੋਈ ਰੁਚੀ ਨਹੀਂ ਸੀ। ਪਰੇਸ਼ਾਨ ਹੋਇਆ ਮੈਂ ਆਪਣੀ ਥਾਂ ‘ਤੇ ਬੈਠਾ ਰਿਹਾ।
“ਰਿਸ਼ਤਾ ਤੈਥੋਂ ਠੀਕ ਨਹੀਂ ਜੁੜਿਆ ਉਏ! ਭੈਣ ਦਾ ਨਹੀਂ, ਇਹਦੀ ਕੁੜੀ ਦਾ ਖ਼ਸਮ ਬਣ।” ਦੂਜੇ ਸਾਥੀ ਨੇ ਪਹਿਲੇ ਦੀ ਗ਼ਲਤੀ ਸੁਧਾਰੀ।
ਲਾਲਾ ਅੰਦਰ ਆਇਆ ਤਾਂ ਅਸੀਂ ਦੋਵੇਂ ਆਪੋ ਆਪਣੀ ਥਾਂ ਸ਼ਰਮਸਾਰ ਸਾਂ। ਉਹ ਮੇਰੇ ਸਾਹਮਣੇ ਬੇਇੱਜ਼ਤ ਹੋਣ ਕਰ ਕੇ ਅਤੇ ਮੈਂ ਇਸ ਅਣ-ਮਨੁੱਖੀ ਵਤੀਰੇ ਦਾ ਖ਼ਾਮੋਸ਼ ਤੇ ਬੇਵੱਸ ਦਰਸ਼ਕ ਹੋਣ ਕਰ ਕੇ! ਮਨੁੱਖਤਾ ਨੂੰ ਇਸ ਤਰ੍ਹਾਂ ਜ਼ਲੀਲ ਹੁੰਦਾ ਵੇਖਣ ਵਾਲੀ ਮੇਰੀ ਨਜ਼ਰ ਉਸ ਸਾਹਮਣੇ ਨਹੀਂ ਸੀ ਉਠ ਰਹੀ। ਸਾਡੇ ਵਿਚਕਾਰ ਤਣੀ ਚੁੱਪ ਨੂੰ ਲਾਲੇ ਨੇ ਹੀ ਤੋੜਿਆ।
“ਏਥੇ ਪੁੱਛ-ਗਿੱਛ ਕੌਣ ਕਰਦਾ ਹੈ? ਕਦੋਂ ਕਰਦਾ ਏ? ਮੈਂ ਤਾਂ ਆਪ ਮੰਨਣ ਡਿਹਾਂ। ਇਹ ਸੁਣਦੇ ਹੀ ਨਹੀਂ।” ਅਸਲ ਵਿਚ ਉਹ ਵੀ ਮੇਰੇ ਪਹਿਲੇ ਦਿਨ ਵਾਂਗ ਪੁੱਛ-ਗਿੱਛ ਦੀ ਪ੍ਰਕਿਰਿਆ ਬਾਰੇ ਜਾਣਨਾ ਚਾਹੁੰਦਾ ਸੀ।
ਮੈਂ ਦੱਸਣ ਲੱਗਾ, ਜਿਵੇਂ ਮੈਨੂੰ ਦੱਸਿਆ ਗਿਆ ਸੀ- “ਜਿਹੜੇ ਅਫ਼ਸਰ ਨੇ ਤੁਹਾਡੇ ਕੁੜਮ ਦੇ ਬਿਆਨ ਲਏ ਨੇ; ਉਸੇ ਨੂੰ ਹੀ ਤੁਹਾਨੂੰ ਅਲਾਟ ਕੀਤਾ ਗਿਆ ਹੋਵੇਗਾ। ਪੁੱਛ-ਗਿੱਛ ਲਈ ਸਵੇਰੇ ਅੱਠ-ਨੌਂ ਵਜੇ ਬਾਹਰ ਕੱਢ ਲਿਜਾਂਦੇ ਨੇ। ਫਿਰ ਪੰਜ ਵਜੇ ਤੱਕ ਪੁੱਛ-ਗਿੱਛ ਹੁੰਦੀ ਹੈ।”
“ਬੜਾ ਕੋਂਹਦੇ ਹੋਣਗੇ! ਪੰਜ ਵਜੇ ਤੋਂ ਬਾਅਦ ਕੀ ਕਰਦੇ ਨੇ?”
“ਕੋਠੜੀ ਵਿਚ ਬੰਦ ਕਰ ਦਿੰਦੇ ਨੇ।”
“ਫਿਰ ਤਾਂ ਨਹੀਂ ਕੁਝ ਆਖਦੇ ਹੋਣੇ? ਫਿਰ ਤਾਂ ਪੁੱਛ-ਗਿੱਛ ਨਹੀਂ ਕਰਦੇ ਹੋਣਗੇ?” ਉਹ ਕਲਪਨਾ ਵਿਚ ਅਗਲੇ ਦਿਨ ਪੰਜ ਵਜੇ ਤੀਕ ਕੋਹੇ ਜਾਣ ਪਿੱਛੋਂ ਕੋਠੜੀ ਵਿਚ ਆਉਣ ‘ਤੇ, ਹੁਣੇ ਹੀ, ਆਪਣੇ ਆਪ ਨੂੰ ਸੁਰੱਖਿਅਤ ਸਮਝਣਾ ਚਾਹੁੰਦਾ ਸੀ।
“ਨਹੀਂ ਪੁੱਛ-ਗਿੱਛ ਤਾਂ ਕੋਈ ਨਹੀਂ ਕਰਦੇ, ਪਰ ਇਸ ਤਰ੍ਹਾਂ ਦਾ ‘ਸ਼ੁਗਲ-ਮੇਲਾ’ ਜ਼ਰੂਰ ਕਰ ਲੈਂਦੇ ਨੇ ਜਿਹੜਾ ਹੁਣੇ ਕਰ ਕੇ ਗਏ ਨੇ।”
ਲਾਲਾ ਸ਼ਰਮਿੰਦਾ ਜਿਹਾ ਹਾਸਾ ਹੱਸਿਆ, “ਵਾਹ ਸਰਦਾਰ ਜੀ! ਤੁਹਾਡੀਆਂ ਗੱਲਾਂ ਸੁਣ ਕੇ ਹਾਸਾ ਵੀ ਆਉਂਦਾ ਹੈ ਤੇ ਰੋਣਾ ਵੀ।”
ਉਸ ਨੇ ਦੋਵਾਂ ਤਲੀਆਂ ਨਾਲ ਸਿੱਲ੍ਹੀਆਂ ਅੱਖਾਂ ਪੂੰਝੀਆਂ।
000
ਸਵੇਰੇ ਜਦੋਂ ਮੈਨੂੰ ‘ਨਿੱਤ ਕਿਰਿਆ’ ਲਈ ਪਖਾਨਿਆਂ ਵੱਲ ਲਿਜਾਇਆ ਜਾ ਰਿਹਾ ਸੀ ਤਾਂ ਮੈਂ ਵੇਖਿਆ, ਉਧਰੋਂ ਪੰਜਾਬ ਸਟੂਡੈਂਟਸ ਯੂਨੀਅਨ ਦਾ ਸੂਬਾ ਸਕੱਤਰ ਪ੍ਰਿਥੀਪਾਲ ਸਿੰਘ ਰੰਧਾਵਾ ਵਾਪਸ ਲਿਆਂਦਾ ਜਾ ਰਿਹਾ ਸੀ। ਇਸ ਕੰਪਲੈਕਸ ਵਿਚ ਸਾਨੂੰ ਕਿਸੇ ਹੋਰ ਨਾਲ ਗੱਲ ਕਰਨੀ ਤਾਂ ਕਿਤੇ ਰਿਹਾ, ਇਸ਼ਾਰਾ ਕਰਨਾ ਵੀ ਮਨ੍ਹਾ ਸੀ। ਫਿਰ ਵੀ ਅਸੀਂ ਇੱਕ-ਦੂਜੇ ਨੂੰ ਨਜ਼ਰਾਂ ਨਾਲ ਹੀ ਸ਼ੁਭ-ਇੱਛਾ ਪ੍ਰਗਟ ਕੀਤੀ। ਜਦੋਂ ਵਾਪਸ ਲਿਆ ਕੇ ਮੈਨੂੰ ਕੋਠੜੀ ਵਿਚ ਬੰਦ ਕੀਤਾ ਗਿਆ ਤਾਂ ਥੋੜ੍ਹੀ ਦੇਰ ਪਿੱਛੋਂ ਡਿਊਟੀ ‘ਤੇ ਖਲੋਤੇ ਸਿਪਾਹੀ ਨੇ ਮੇਰੇ ਦਰਵਾਜ਼ੇ ਸਾਹਮਣੇ ਆ ਕੇ ਹੌਲੀ ਜਿਹੀ ਕਿਹਾ, “ਰੰਧਾਵਾ ਪੁੱਛਦੈ, ਤੁਹਾਡਾ ਕੀ ਹਾਲ ਹੈ?”
“ਉਹਨੂੰ ਕਹੋ ਠੀਕ ਆਂ। ਆਪਣੀ ਸੁਣਾਵੇ।”
“ਤੁਹਾਡਾ ਬੰਦਾ ਏ ਕੋਈ?” ਲਾਲੇ ਨੇ ਪੁੱਛਿਆ।
“ਜਿਵੇਂ ਤੁਹਾਡੀ ਲੌਂਗਾਂ ਦੀ ਬਲੈਕ ਕਰਨ ਵਾਲਿਆਂ ਦੀ ‘ਕੁੜਮਾਚਾਰੀ’ ਹੈ, ਇਵੇਂ ਹੀ ਸਾਡੀ ‘ਭਾਈਬੰਦੀ’ ਦਾ ਦਾਇਰਾ ਵੀ ਬੜਾ ਵਸੀਹ ਹੈ। ਤੁਹਾਡੇ ਬੰਦੇ ਵੀ ਏਥੇ ਆਉਂਦੇ ਜਾਂਦੇ ਰਹਿੰਦੇ ਨੇ ਤੇ ਸਾਡੇ ਵੀ।”
ਅਸੀਂ ਗੱਲਾਂ ਕਰ ਹੀ ਰਹੇ ਸਾਂ ਕਿ ਲਾਲੇ ਦੇ ‘ਵਾਰਸ’ ਆ ਗਏ ਅਤੇ ‘ਬਣਦੇ ਪੁਲਿਸੀ-ਸਲੀਕੇ’ ਨਾਲ ਉਹਨੂੰ ਬਾਹਰ ਲੈ ਗਏ।
ਦਲੀਪ ਸਿੰਘ ਅਜੇ ਤੀਕ ਨਹੀਂ ਸੀ ਬਹੁੜਿਆ। ਉਸ ਦਾ ਮੁੱਢਲਾ ਕੰਮ ਤਾਂ ਹੋ ਗਿਆ ਸੀ! ਉਹਨੂੰ ਸ਼ਾਇਦ ਹੁਣ ਬਹੁਤੀ ਖ਼ੇਚਲ ਦੀ ਲੋੜ ਨਹੀਂ ਸੀ। ਜਦੋਂ ਨੂੰ ਸਾਡੀ ਟੋਲੀ ਨੇ ਵੱਡੀ ਬਿਲਡਿੰਗ ਦੇ ਪਿਛਵਾੜੇ ਜਾ ਕੇ ਆਪਣਾ ਆਸਣ-ਗ੍ਰਹਿਣ ਕੀਤਾ, ਉਦੋਂ ਤੀਕ ਸਾਰੀਆਂ ਟੋਲੀਆਂ ਨੇ ਆਪਣੀ ਕਾਰਵਾਈ ਰੇੜ੍ਹੇ ਪਾਈ ਹੋਈ ਸੀ।
ਗੰਜੇ ਥਾਣੇਦਾਰ ਨੇ ਮੈਨੂੰ ਆਖਿਆ, “ਐਧਰ ਆ, ਤੈਨੂੰ ਨਵੀਂ ਘਾਣੀ ਵਿਖਾਈਏ।”
ਫਿਰ ਉਸ ਨੇ ਸਵਾ ਛੇ ਫੁੱਟ ਲੰਮੇ ਗੱਭਰੂ ਨੂੰ ਕਿਹਾ, “ਲੈ, ਆਹ ਫੜ ਮੇਰਾ ਬੈਗ। ਐਂ ਕਰ, ਇਹਨੂੰ ਉਪਰਲੀ ਮੰਜ਼ਿਲ ‘ਤੇ ਲੈ ਜਾ। ਉਥੇ ਛੇਵੇਂ ਕਮਰੇ ‘ਚ ਵੜੇਂਗਾ ਤਾਂ ਸਾਹਮਣੇ ਲੱਕੜ ਦਾ ਵੱਡਾ ਸਾਰਾ ਬਕਸਾ ਦਿਸੂ। ਤੂੰ ਬਕਸੇ ਦਾ ਢੱਕਣ ਖੋਲ੍ਹਣਾ ਹੈ। ਜਦੋਂ ਬਕਸੇ ਦਾ ਢੱਕਣ ਖੋਲ੍ਹੇਂਗਾ ਤਾਂ ਵੱਡਾ ਸਾਰਾ ਦੈਂਤ ਆਪਣਾ ਸਿਰ ਬਾਹਰ ਕੱਢੂ ਅਤੇ ਵੱਡੇ ਦੰਦਾਂ ਵਾਲਾ ਆਪਣਾ ਮੂੰਹ ਖੋਲ੍ਹ ਕੇ ਕਰੂਗਾ- ‘ਬੈਂਅ!’ ਪਰ ਤੂੰ ਡਰੀਂ ਨਾ, ਤੇ ਇਹ ਬੈਗ ਉਸ ਬਕਸੇ ਵਿਚ ਰੱਖ ਕੇ ਵਾਪਸ ਆ ਜਾਈਂ।”
ਸਵਾ ਛੇ ਫੁੱਟਾ ਹੱਟਾ-ਕੱਟਾ ਗੱਭਰੂ ਥਰ-ਥਰ ਕੰਬ ਰਿਹਾ ਸੀ। ਉਸ ਦੀ ਢੱਠੀ ਮੈਲੀ ਪੱਗ ਵਿਚੋਂ ਉਹਦੀਆਂ ਜਟੂਰੀਆਂ ਬਾਹਰ ਨਿਕਲੀਆਂ ਹੋਈਆਂ ਸਨ। ਰੋ-ਰੋ ਕੇ ਅਤੇ ਮਲ-ਮਲ ਕੇ ਲਾਲ ਗਹਿਰੀਆਂ ਹੋ ਗਈਆਂ ਅੱਖਾਂ ਵਿਚ ਲੋਹੜੇ ਦੀ ਦਹਿਸ਼ਤ ਸੀ। ਇਹ ਉਹੋ ਬਦਕਿਸਮਤ ਸੀ; ਪਹਿਲੇ ਦਿਨ ਜਿਸ ਨੂੰ ਪੈਂਦੀਆਂ ‘ਅੰਤਿਮ’ ਅਠੱਤੀ ਡਾਂਗਾਂ ਦੀ ‘ਗਿਣਤੀ’, ਮੈਂ ਆਪਣੀ ਕੋਠੜੀ ਵਿਚ ਬੈਠਿਆਂ ਕੀਤੀ ਸੀ। ਉਹ ਜੁੜੇ ਅਤੇ ਕੰਬਦੇ ਹੱਥਾਂ ਨਾਲ ਥਾਣੇਦਾਰ ਦੇ ਤਰਲੇ ਲੈ ਰਿਹਾ ਸੀ ਕਿ ਉਹਨੂੰ ਇਸ ‘ਮੁਹਿੰਮ’ ‘ਤੇ ਨਾ ਭੇਜਿਆ ਜਾਵੇ।
ਮੈਂ ਵੇਖਿਆ, ਉਹਦੇ ਪੈਰਾਂ ਦੀਆਂ ਤਲੀਆਂ ਸੋਟੇ ਵੱਜ-ਵੱਜ ਕੇ ਆਮ ਨਾਲੋਂ ਲਗਭਗ ਅੱਧਾ ਇੰਚ ਮੋਟੀਆਂ ਹੋ ਗਈਆਂ ਸਨ ਅਤੇ ਪੀੜ ਨਾ ਸਹਾਰਦਾ ਹੋਇਆ ਉਹ ਖਲੋਣ ਲਈ ਪੈਰਾਂ ਨੂੰ ਵਾਰ-ਵਾਰ ਟੇਢੇ-ਮੇਢੇ ਕਰ ਕੇ ਰੱਖ ਰਿਹਾ ਸੀ। ਤਸ਼ੱਦਦ ਨੇ ਉਸ ਦੀ ਅਜਿਹੀ ਸੁੱਧ-ਬੁੱਧ ਮਾਰ ਦਿੱਤੀ ਸੀ ਕਿ ਉਹਨੂੰ ਇਹ ਪਤਾ ਨਹੀਂ ਸੀ ਲੱਗ ਰਿਹਾ ਕਿ ਉਸ ਨਾਲ ‘ਦੈਂਤ’ ਵਾਲੀ ਗੱਲ ਕੇਵਲ ਮਜ਼ਾਕ ਵਜੋਂ ਕੀਤੀ ਜਾ ਰਹੀ ਸੀ! ਦੈਂਤ ਕਿਸੇ ਬਕਸੇ ਵਿਚ ਨਹੀਂ ਸੀ, ਉਹ ਤਾਂ ਗੰਜੇ ਥਾਣੇਦਾਰ ਦੇ ਰੂਪ ਵਿਚ ਉਸ ਦੇ ਸਾਹਮਣੇ ਖਲੋਤਾ ਸੀ!
ਮੇਜ਼ ‘ਤੇ ਪਿਆ ਕਾਲਾ ਬੈਗ ਉਹਨੂੰ ‘ਯਮਦੂਤ’ ਨਜ਼ਰ ਆ ਰਿਹਾ ਸੀ।
ਗੰਜਾ ਥਾਣੇਦਾਰ ਮੇਰੇ ਵੱਲ ਅੱਖ ਨੱਪ ਕੇ ਆਪਣੇ ‘ਕੌਤਕ’ ਦੀ ਤਾਕਤ ਵੱਲ ਸੰਕੇਤ ਕਰ ਰਿਹਾ ਸੀ। ਸਾਰੇ ਪੁਲਸੀਏ ਹਿੜ-ਹਿੜ ਹੱਸ ਰਹੇ ਸਨ।
ਮੈਂ ‘ਨਵੀਂ ਘਾਣੀ’ ਵੇਖ ਲਈ ਸੀ। ਗੰਜੇ ਥਾਣੇਦਾਰ ਨੇ ‘ਸ਼ੋਅ’ ਖ਼ਤਮ ਕਰ ਦੇਣ ਦਾ ਨਿਰਣਾ ਕੀਤਾ।
“ਚੱਲ ਐਂ ਕਰਦੇ ਆਂ, ਇਹ ਭਾਈ ਤੇਰੇ ਨਾਲ ਜਾਂਦਾ। ਇਹ ਦੈਂਤ ਨੂੰ ਤੈਨੂੰ ਕੁਝ ਨਹੀਂ ਆਖਣ ਦੇਊ। ਚੱਲ ਚੁੱਕ ਲੈ ਬੈਗ।”
ਪਰ ਉਹ ਅਜੇ ਵੀ ਕੰਬ ਰਿਹਾ ਸੀ।
“ਲਿਆ ਫੜਾ ਉਏ ਡਾਂਗ! ਇਹ ਨਹੀਂ ਏਦਾਂ ਮੰਨਦਾ।”
ਦਿੱਤੀ ਧਮਕੀ ਕਿਤੇ ਸੱਚ ਹੀ ਨਾ ਹੋ ਜਾਵੇ!
“ਕੁਝ ਨਹੀਂ ਹੁੰਦਾ। ਚੱਲ; ਮੈਂ ਤੇਰੇ ਨਾਲ ਆਂ।” ਮੈਂ ਉਹਨੂੰ ਹੌਸਲਾ ਦਿੱਤਾ।
ਉਸ ਨੇ ਕੰਬਦੇ ਹੱਥਾਂ ਨਾਲ ਬੈਗ ਚੁੱਕਿਆ। ਉਹ ਲੰਗੜਾਉਂਦਾ ਮੇਰੇ ਨਾਲ ਤੁਰਨ ਲੱਗਾ।
“ਭਾ ਜੀ! ਬਕਸੇ ‘ਚ ਤੁਸੀਂ ਰੱਖ ਦਿਓ ਬੈਗ ਨੂੰ। ਰੱਬ ਦਾ ਵਾਸਤਾ ਜੇ।” ਕਮਰੇ ਵਿਚ ਜਾ ਕੇ ਉਹ ਮੇਰੇ ਤਰਲੇ ਕਰਨ ਲੱਗਾ।
ਮੈਂ ਬੈਗ ਉਸ ਦੇ ਹੱਥੋਂ ਫੜਿਆ, ਬਕਸਾ ਖੋਲ੍ਹਿਆ ਅਤੇ ਉਸ ਨੂੰ ਕਿਹਾ, “ਲੈ ਵੇਖ! ਕੋਈ ਵੀ ਦੈਂਤ ਨਹੀਂ ਏਥੇ! ਤੂੰ ਐਵੇਂ ਡਰੀ ਜਾਂਦੈਂ।”
ਬੈਗ ਮੈਂ ਬਕਸੇ ਵਿਚ ਰੱਖ ਦਿੱਤਾ। ਉਹ ਡਰਿਆ ਹੋਇਆ ਦੂਜੀ ਕੰਧ ਵੱਲ ਮੂੰਹ ਕਰ ਕੇ ਖਲੋਤਾ ਸੀ ਅਤੇ ਬੁੜਬੜਾਈ ਜਾ ਰਿਹਾ ਸੀ, “ਹੈਗਾ ਜੀ!”
000
ਮੇਰਾ ਬਿਆਨ ਲਿਖਿਆ ਜਾਣਾ ਸ਼ੁਰੂ ਹੋਇਆ। ਪਹਿਲਾਂ ਪ੍ਰਾਪਤ ਕੀਤੀ ਜਾਣਕਾਰੀ ਨੂੰ ਨਵੇਂ ਸਿਰੇ ਤੋਂ ਤਰਤੀਬ ਦੇਣ ਲਈ ਦਲੀਪ ਸਿੰਘ ਨਿੱਕੇ-ਨਿੱਕੇ ਸਵਾਲ ਕਰਦਾ। ਮੈਂ ਜਵਾਬ ਦਿੰਦਾ। ਉਹ ਉਸ ਦੀ ‘ਭਾਸ਼ਾ’ ਤਿਆਰ ਕਰਦਾ ਅਤੇ ਨਾਲ ਦੇ ਨਾਲ ਬੋਲ ਕੇ ਸਾਥੀ ਹਵਾਲਦਾਰ ਨੂੰ ਲਿਖਵਾਉਂਦਾ। ਮੈਂ ਭਗਤ ਸਿੰਘ ਦੇ ‘ਆਜ਼ਾਦੀ ਦੇ ਸੁਪਨੇ’ ਤੋਂ ਗੱਲ ਸ਼ੁਰੂ ਕਰ ਕੇ ਉਸ ਦੇ ਸੁਪਨਿਆਂ ਦਾ ਰਾਜ ਅਤੇ ਸਮਾਜ ਕਾਇਮ ਕਰਨ ਦੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਉਂਦਿਆਂ ਆਪਣੀ ‘ਭੂਮਿਕਾ’ ਬੰਨ੍ਹੀ।
ਜਿਨ੍ਹਾਂ ਹੋਰਨਾਂ ਦੀ ਪੁੱਛ-ਗਿੱਛ ਮੁਕੰਮਲ ਹੋ ਚੁੱਕੀ ਸੀ, ਉਨ੍ਹਾਂ ਦੇ ਬਿਆਨ ਵੀ ਲਿਖੇ ਜਾ ਰਹੇ ਸਨ।
ਪਰਿਓਂ ਲਾਲੇ ਦੀ ਚੀਕ ਸੁਣਾਈ ਦਿੱਤੀ।
ਉਹਨੂੰ ਨੰਗਾ ਕਰ ਕੇ ਪਿੱਠ ‘ਤੇ ਛਿੱਤਰ ਮਾਰੇ ਜਾ ਰਹੇ ਸਨ ਅਤੇ ਉਹ ਬਹੁੜੀ ਕਰ ਰਿਹਾ ਸੀ।
“ਦੱਸ ਦੇਂਦਾਂ ਜੀ ਸਭ ਕੁਝ! ਬਖ਼ਸ਼ ਲੋ ਮਾਪਿਓ!”
ਗੰਜੇ ਥਾਣੇਦਾਰ ਨੂੰ ਉਸ ‘ਤੇ ‘ਤਰਸ’ ਆ ਗਿਆ। ਲਾਲੇ ਦੇ ਇਨਚਾਰਜ ਦਾ ਨਾਂ ਲੈ ਕੇ ਕਹਿੰਦਾ, “ਯਾਰ! ਇਹਨੂੰ ਲਾਲਾ ਜੀ ਨੂੰ ਮੇਰੇ ਵੱਲ ਘੱਲ।æææ ਆ ਜਾਓ! ਲ਼ਾਲਾ ਜੀ! ਮੇਰੇ ਕੋਲ। ਵੇਖ ਲੌ! ਅਸੀਂ ਤੁਹਾਨੂੰ ਲਾਲਾ ਜੀ ਆਖਦੇ ਆਂ। ਲਾਲਾ ਜੀ, ਤੁਹਾਡੀ ਮੈਂ ਕੁੜੀ ‘ਤੇ ਖੋਤਾ ਛੱਡਿਆ। ਸਭ ਸੱਚ-ਸੱਚ ਦੱਸ ਦਿਓ, ਲਾਲਾ ਜੀ! ਤੁਹਾਡੀ ਮੈਂ ਧੀ ਦੀæææ। ਵੇਖ ਲੌ ਅਸੀਂ ਤੁਹਾਨੂੰ ‘ਲਾਲਾ ਜੀ’ ਆਖਦੇ ਆਂ। ਦੱਸ ਦਿਓ। ਲਾਲਾ ਜੀ! ਤੁਹਾਡੇ ਨਾਲ ਏਨੀ ਰਿਆਇਤ ਕਰਾਂਗੇ ਕਿ ਤੁਹਾਡੀ ਕੁੜੀ ‘ਤੇ ਕਿਸੇ ਹੋਰ ਨੂੰ ਨਹੀਂ, ਤੁਹਾਨੂੰ ਹੀ ਛੱਡ ਦਿਆਂਗੇ। ਐਧਰ ਆ ਜਾਓ ਲਾਲਾ ਜੀ! ਗਈ ਸਾਂ ਮੈਂ ਲਾਲੇ ਮੂਸੇ ਪੈਂਡਾ ਵਾਧੂ ਤੇ ਘੱਟਾ ਘੂਸੇ! ਦੱਸ ਦਿਓ ਲਾਲਾ ਜੀ! ਕੁੜੀæææ ਲਾਲਾ ਜੀ! ਵੇਖ ਲੌ ਅਸੀਂ ਤੁਹਾਨੂੰ ਲਾਲਾ ਜੀ ਆਖ ਕੇ ਕਿੰਨੇ ਅਦਬ ਨਾਲ ਬੁਲਾਉਂਦੇ ਆਂ!”
ਅਜਿਹੇ ‘ਅਦਬ’ ਵਾਲੇ ਮਾਹੌਲ ਵਿਚ ਮੇਰੇ ਬਿਆਨ ਲਿਖਦਿਆਂ ਮੈਨੂੰ ਦਲੀਪ ਸਿੰਘ ਕਹਿੰਦਾ, “ਯਾਰ ਵਰਿਆਮ ਸਿੰਹਾਂ! ਨਵਾਂ ਸਾਲ ਆਉਣ ਵਾਲਾ ਏ। ਮੇਰੀ ਸਲਾਹ ਐ, ਇੱਕ-ਦੋ ਦਿਨ ਪਿੰਡ ਨਾ ਲਾ ਆਵਾਂ? ਬਾਲ ਬੱਚਿਆਂ ਨੂੰ ਮਿਲ ਆਵਾਂਗਾ।”
ਮੈਨੂੰ ਕੀ ਇਤਰਾਜ਼ ਹੋ ਸਕਦਾ ਸੀ!
ਮੇਰਾ ‘ਬਾਲ-ਬੱਚਾ’ ਵੀ ਇੱਕ ਪਲ ਲਈ ਮੇਰੇ ਚੇਤੇ ‘ਚੋਂ ਲੰਘਿਆ। ਮੇਰੀ ਪਤਨੀ ਨੂੰ ਤਾਂ ਚਿੱਤ-ਖ਼ਿਆਲ ਵੀ ਨਹੀਂ ਹੋਣਾ ਕਿ ਮੈਂ ਕਿੱਥੇ ਸਾਂ! ਕੀ ਹਾਲਤ ਹੋਵੇਗੀ ਉਸ ਦੀ!
“ਪਰ ਜੇ ਮੈਂ ਚਲਾ ਗਿਆ ਤਾਂ ਆਪਣਾ ਬਿਆਨ ਮੁਕੰਮਲ ਨਹੀਂ ਹੋਣਾ! ਐਂ ਕਰਦੇ ਆਂ, ਤੇਰਾ ਤਿੰਨ ਕੁ ਦਿਨਾਂ ਦਾ ਹੋਰ ਰਿਮਾਂਡ ਲੈ ਆਉਂਦੇ ਆਂ।” ਉਸ ਨੇ ਮੇਰੇ ਸਿਰ ‘ਤੇ ਵਲੀ ਕੰਧਾਰੀ ਵਾਲਾ ਪਹਾੜ ਸੁੱਟ ਦਿੱਤਾ।
“ਨਾ ਜੀ ਨਾ, ਇਹ ਲੋਹੜਾ ਨਾ ਮਾਰਿਓ।”
“ਤੈਨੂੰ ਏਥੇ ਹੁਣ ਕੀ ਤਕਲੀਫ਼ ਆ। ਆਪਣੀ ਕੋਠੜੀ ‘ਚ ਲੇਟੀਂ ਤੇ ਕਹਾਣੀਆਂ ਸੋਚੀਂ।” ਉਸ ਨੇ ਛੇੜਿਆ। ਉਂਜ ਉਸ ਦਾ ਮਨ ਵੀ ਮੈਨੂੰ ਹੋਰ ਖੱਜਲ ਕਰਨ ਵਿਚ ਨਹੀਂ ਸੀ। ਉਸ ਨੇ ਮੇਰੀ ਬੇਨਤੀ ਮੰਨ ਲਈ। ਅਸੀਂ ਰਿਮਾਂਡ ਦੇ ਆਖ਼ਰੀ ਦਿਨ ਤੀਕ ਬਿਆਨ ਮੁਕੰਮਲ ਕਰ ਲਿਆ।
ਉਸ ਤੋਂ ਅਗਲੇ ਦਿਨ ਮੈਨੂੰ ਹੱਥਕੜੀਆਂ ਲਾ ਕੇ ਅਦਾਲਤ ਵਿਚ ਪੇਸ਼ ਕੀਤਾ ਗਿਆ। ਜੱਜ ਨੇ ਅਗਲੀ ਤਰੀਕ ਪਾ ਕੇ ਮੈਨੂੰ ਜੁਡੀਸ਼ਲ ਹਵਾਲਾਤ ਵਿਚ ਭੇਜ ਦਿੱਤਾ।
ਮੈਨੂੰ ਲੱਗਾ, ਜੱਜ ਨੇ ਮੈਨੂੰ ‘ਕੁੰਭੀ ਨਰਕ’ ਵਿਚੋਂ ਬਾਹਰ ਕੱਢਣ ਦੇ ਦਸਤਾਵੇਜ਼ ‘ਤੇ ਦਸਤਖ਼ਤ ਕੀਤੇ ਹਨ।
ਸ਼ਾਮ ਨੂੰ ਮੈਂ, ‘ਡੀਫੈਂਸ ਆਫ਼ ਇੰਡੀਆ ਰੂਲਜ਼’ ਅਧੀਨ, ਅੰਮ੍ਰਿਤਸਰ ਦੀ ਸੈਂਟਰਲ ਜੇਲ੍ਹ ਵਿਚ ਸਾਂ।