ਹਿੰਸਾ ਪ੍ਰਤੀ-ਹਿੰਸਾ ਅਤੇ ਸਿਆਸਤ ਦੀਆਂ ਸਿਮਰਤੀਆਂ
ਪੰਜਾਬ ਵਿਚ ਪਿਛਲੀ ਸਦੀ ਦੇ ਆਖਰੀ ਪਹਿਰ ਦੌਰਾਨ ਡੇਢ-ਦੋ ਦਹਾਕੇ ਝੁੱਲੀ ਹਿੰਸਾ, ਬੇਵਸਾਹੀ ਅਤੇ ਖੌਫ ਦੀ ਹਨ੍ਹੇਰੀ ਦੀਆਂ ਬਹੁਤ ਸਾਰੀਆਂ ਪਰਤਾਂ ਅਜੇ ਵੀ ਅਣਫੋਲੀਆਂ ਪਈਆਂ ਹਨ। ਉਨ੍ਹਾਂ ਵਕਤਾਂ ਬਾਰੇ ਕੋਈ ਨਾ ਕੋਈ ਕਹਾਣੀ, ਕਿਸੇ ਨਾ ਕਿਸੇ ਸੰਸਥਾ ਜਾਂ ਸ਼ਖਸ ਰਾਹੀਂ ਆਵਾਮ ਤੱਕ ਲਗਾਤਾਰ ਪੁੱਜ ਰਹੀ ਹੈ। ਹਾਲ ਹੀ ਵਿਚ ਬਦਨਾਮ ਪੁਲਿਸ ਕੈਟ ਗੁਰਮੀਤ ਸਿੰਘ ਪਿੰਕੀ ਨੇ ਆਪਣੇ ਆਕਾਵਾਂ ਦੀ ਬੇਰੁਖੀ ਤੋਂ ਖਫਾ ਹੋ ਕੇ ਉਸ ਦੌਰ ਬਾਰੇ ਕੁਝ ਸੱਚ ਸਾਹਮਣੇ ਲਿਆਉਣ ਦਾ ਦਾਅਵਾ ਕੀਤਾ ਹੈ।
ਇਸ ਪ੍ਰਸੰਗ ਦੇ ਪਿਛੋਕੜ ਵਿਚ ਉਸ ਦੌਰ ਨਾਲ ਡੂੰਘੇ ਜੁੜੇ ਰਹੇ ਪੱਤਰਕਾਰ ਗੁਰਦਿਆਲ ਸਿੰਘ ਬੱਲ ਨੇ ਲੰਮਾ ਲੇਖ ਲਿਖਿਆ ਹੈ ਜਿਸ ਵਿਚ ਉਸ ਵਕਤ ਵੱਖ-ਵੱਖ ਰੂਪ ਅਖਤਿਆਰ ਕਰ ਰਹੀਆਂ ਘਟਨਾਵਾਂ ਦੇ ਵੱਖ-ਵੱਖ ਪੱਖ ਉਜਾਗਰ ਕਰਨ ਦਾ ਯਤਨ ਕੀਤਾ ਗਿਆ ਹੈ। ਇਨ੍ਹਾਂ ਪੱਖਾਂ ਬਾਰੇ ਕਿਸੇ ਦੀ ਵੀ ਸਹਿਮਤੀ ਜਾਂ ਅਸਹਿਮਤੀ ਹੋ ਸਕਦੀ ਹੈ, ਪਰ ਇਸ ਲਿਖਤ ਤੋਂ ਉਨ੍ਹਾਂ ਵਕਤਾਂ ਵਿਚ ਮੱਚੇ ਘਮਸਾਣ ਉਤੇ ਭਰਵੀਂ ਝਾਤ ਜ਼ਰੂਰ ਪਾਈ ਗਈ ਹੈ। ਐਤਕੀਂ ਜਥੇਦਾਰ ਜੀਵਨ ਸਿੰਘ ਉਮਰਾਨੰਗਲ ਦੇ ਹਵਾਲੇ ਨਾਲ ਅਕਾਲੀ ਸਿਆਸਤ ਦੇ ਕੁਝ ਪੱਤਰੇ ਫਰੋਲੇ ਗਏ ਹਨ। -ਸੰਪਾਦਕ
ਗੁਰਦਿਆਲ ਸਿੰਘ ਬੱਲ
ਫੋਨ: 647-982-6091
ਸਾਲ 1982 ਦਾ ਮੋਰਚਾ ਅਕਾਲੀਆਂ ਨੇ ਕਾਮਰੇਡਾਂ ਨਾਲ ਮਿਲ ਕੇ ਸਤਲੁਜ-ਯਮੁਨਾ ਲਿੰਕ ਨਹਿਰ ਦੇ ਮੁੱਦੇ Ḕਤੇ ਲਗਾਇਆ। ਸਵਾਲਾਂ ਦਾ ਸਵਾਲ ਹੈ ਕਿ ਇਸ ਨੂੰ ਧਰਮ ਯੁੱਧ ਮੋਰਚੇ ਵਿਚ ਬਦਲਣ ਲਈ ਪ੍ਰਕਾਸ਼ ਸਿੰਘ ਬਾਦਲ ਜਾਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਜਾਂ ਜਥੇਦਾਰ ਜਗਦੇਵ ਸਿੰਘ ਤਲਵੰਡੀ ਜਾਂ ਸੰਤ ਹਰਚੰਦ ਸਿੰਘ ਲੋਂਗੋਵਾਲ ਵਿਚੋਂ ਸਭ ਤੋਂ ਵੱਧ ਭੂਮਿਕਾ ਕਿਸ ਨੇ ਨਿਭਾਈ? ਚਲੋ ਇਹ ਸਵਾਲ ਛੱਡ ਵੀ ਦੇਈਏæææ ਬਾਦਲ ਇਹ ਤਾਂ ਦੱਸਣ ਕਿ ਪਿਛਲੇ ਵਰ੍ਹਿਆਂ ਦੌਰਾਨ ਉਨ੍ਹਾਂ ਨੇ ਉਨ੍ਹਾਂ ਮੁੱਦਿਆਂ ਦੀ ਗੱਲ ਮੁੜ ਕਿਉਂ ਨਹੀਂ ਕੀਤੀ? ਇਨ੍ਹਾਂ ਆਗੂਆਂ ਵਿਚੋਂ ਕਿਸੇ ਨੇ ਵੀ ਨਹੀਂ ਦੱਸਿਆ ਕਿ ਮੋਰਚੇ ਦੌਰਾਨ ਹਿੰਸਾ ਅਤੇ ਪ੍ਰਤੀ-ਹਿੰਸਾ ਦਾ ਕਾਰੋਬਾਰ ਹਾਵੀ ਹੋ ਜਾਣ Ḕਤੇ ਜਦੋਂ ਉਨ੍ਹਾਂ ਦੀ ਬੇਵਾਹ ਹੋ ਗਈ ਸੀ, ਤਾਂ ਉਨ੍ਹਾਂ ਮੋਰਚਾ ਸਸਪੈਂਡ ਕਰਨ ਦੀ ਇਖ਼ਲਾਕੀ ਜ਼ੁਰਅਤ ਕਿਉਂ ਨਾ ਕੀਤੀ?
ਪੱਤਰਕਾਰ ਜਗਤਾਰ ਸਿੰਘ ਨੇ ਆਪਣੀ ਕਿਤਾਬ Ḕਖਾਲਿਸਤਾਨ- ਏ ਨਾਨ-ਮੂਵਮੈਂਟ’ ਵਿਚ ਕਈ ਅਹਿਮ ਨੁਕਤੇ ਉਠਾਏ ਹਨ। ਉਹ ਦੱਸਦੇ ਹਨ ਕਿ ਕੈਪਟਨ ਕੰਵਲਜੀਤ ਸਿੰਘ ਇਕਲੌਤੇ ਅਕਾਲੀ ਆਗੂ ਸਨ ਜਿਨ੍ਹਾਂ ਸੰਤ ਲੌਂਗੋਵਾਲ ਨੂੰ ਇਸ ਪ੍ਰਥਾਏ ਸੋਚਣ ਲਈ ਗੁਜ਼ਾਰਿਸ਼ ਕੀਤੀ ਸੀ। ਉਹ ਇਹ ਵੀ ਦੱਸਦੇ ਹਨ ਕਿ ਉਨ੍ਹਾਂ ਬਾਦਲ ਅਤੇ ਸੁਰਜੀਤ ਸਿੰਘ ਬਰਨਾਲਾ ਨੂੰ ਕਈ ਵਾਰ ਪੁੱਛਿਆ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਹੋਰ ਕੇਂਦਰੀ ਨੇਤਾਵਾਂ ਨਾਲ ਜੋ 9 ਗੁਪਤ ਮੀਟਿੰਗਾਂ ਹੋਈਆਂ, ਉਨਾਂ ਦੌਰਾਨ ਕੀ ਗੱਲਾਂ ਹੁੰਦੀਆਂ ਰਹੀਆਂ, ਉਹ ਦੱਸਦੇ ਕਿਉਂ ਨਹੀਂ?
ਸੀਨੀਅਰ ਅਕਾਲੀ ਨੇਤਾਵਾਂ ਵਿਚੋਂ ਜੀਵਨ ਸਿੰਘ ਉਮਰਾਨੰਗਲ ਇੱਕੋ-ਇੱਕ ਅਜਿਹਾ ਆਗੂ ਸੀ ਜਿਸ ਨੇ ਗ਼ਲਤ ਜਾਂ ਠੀਕ, ਪਰ ਸਪਸ਼ਟ ਸਟੈਂਡ ਲਿਆ ਅਤੇ ਵਿਤ ਮੁਤਾਬਕ ਉਸ Ḕਤੇ ਪਹਿਰਾ ਵੀ ਦਿੱਤਾ। 1994 ਵਿਚ ਪੂਰਾ ਹਫ਼ਤਾ ਉਨ੍ਹਾਂ ਦੇ ਘਰ ਰਹਿ ਕੇ ਉਨ੍ਹਾਂ ਦੀ ਗੱਲਬਾਤ ਰਿਕਾਰਡ ਕੀਤੀ ਸੀ। ਸ਼੍ਰੋਮਣੀ ਕਮੇਟੀ ਦੀ ਚੋਣ ਪਹਿਲੀ ਵਾਰੀ ਜਿੱਤ ਕੇ ਉਹ ਧੰਨਵਾਦੀ ਦੌਰੇ Ḕਤੇ ਜਦੋਂ ਸਾਡੇ ਪਿੰਡ ਚੌਗਾਨ ਆਏ, ਤਾਂ ਉਨ੍ਹਾਂ ਦਾ ਸਾਦਾ ਜਿਹਾ ਬਿੰਬ ਸਿਮਰਤੀ ਵਿਚ ਵੱਸ ਗਿਆ, ਪਰ ਆਪਣੀ ਸਿਆਸਤ ਬਾਰੇ ਉਹ ਇੰਨੇ ਸਪਸ਼ਟ ਹੋਣਗੇ, ਇਹ ਗੱਲ ਖਾਬੋ-ਖਿਆਲ ਵਿਚ ਵੀ ਨਹੀਂ ਸੀ। ਉਨ੍ਹਾਂ ਕੋਲ ਜਾਣ ਦਾ ਸਬੱਬ ਵੀ ਨਿਰਾਲਾ ਹੈ। 1990 ਤੋਂ ਬਾਅਦ ਸਾਬਕਾ ਚੀਫ ਇੰਜਨੀਅਰ ਪਾਲ ਸਿੰਘ ਢਿੱਲੋਂ ਜਿਨ੍ਹਾਂ Ḕਏ ਟੇਲ ਆਫ਼ ਟੂ ਰਿਵਰਜ਼Ḕ ਨਾਂ ਦੀ ਦਰਿਆਈ ਪਾਣੀਆਂ ਬਾਰੇ ਪੁਸਤਕ ਰਚੀ, ਨਾਲ ਅਨੇਕਾਂ ਮੁਲਾਕਾਤਾਂ ਦੌਰਾਨ ਉਨ੍ਹਾਂ ਕਿਧਰੇ ਸਹਿਵਨ ਹੀ ਦੱਸਿਆ ਸੀ ਕਿ ਉਮਰਾਨੰਗਲ ਬਹੁਤ ਸਮਝਦਾਰ ਸਨ। ਗੱਲ ਉਹ ਇਹ ਕਰ ਰਹੇ ਸਨ ਕਿ ਅਫ਼ਸਰਸ਼ਾਹੀ ਦਾ ਕੋਈ ਮੈਂਬਰ ਕਿੰਨਾ ਵੀ ਪੜ੍ਹਿਆ-ਲਿਖਿਆ ਕਿਉਂ ਨਾ ਹੋਵੇ, ਫੀਲਡ ਵਿਚ ਰਾਜਨੀਤੀ ਕਰਨ ਵਾਲਾ ਸਾਧਾਰਨ ਕਾਰਕੁਨ ਵੀ ਜ਼ਿੰਦਗੀ ਦੇ ਮਸਲਿਆਂ ਬਾਰੇ ਉਸ ਤੋਂ ਵਧੇਰੇ ਸਜੱਗ ਹੁੰਦਾ ਹੈ। ਉਨ੍ਹਾਂ ਨਿੱਜੀ ਤਜਰਬੇ ਤੋਂ ਦੱਸਿਆ ਕਿ ਉਮਰਾਨੰਗਲ ਮਾਲ ਮੰਤਰੀ ਸਨ। ਕਿਸੇ ਅਹਿਮ ਮਸਲੇ Ḕਤੇ ਕੋਈ ਹੰਗਾਮੀ ਮੀਟਿੰਗ ਆ ਗਈ। ਢਿੱਲੋਂ ਨੂੰ ਅਚਾਨਕ ਕਿਧਰੇ ਜਾਣਾ ਪੈ ਗਿਆ। ਉਨ੍ਹਾਂ ਨੂੰ ਲੱਗਿਆ ਸੀ ਕਿ ਉਮਰਾਨੰਗਲ ਕੋਲੋਂ ਉਨ੍ਹਾਂ ਦੀ ਗ਼ੈਰ-ਹਾਜ਼ਰੀ ਵਿਚ ਮਸਲੇ ਨਾਲ ਨਜਿੱਠਿਆ ਨਹੀਂ ਜਾਣਾ, ਪਰ ਹੈਰਾਨੀ ਦੀ ਹੱਦ ਨਾ ਰਹੀ, ਜਦੋਂ ਪੰਜ ਮਿੰਟਾਂ ਦੀ ਗੱਲਬਾਤ ਵਿਚ ਉਮਰਾਨੰਗਲ ਨੇ ਮਸਲੇ ਦਾ ਹਰ ਪਹਿਲੂ ਬਾਰੀਕੀ ਨਾਲ ਸਮਝ ਲਿਆ। ਫਿਰ ਮੀਟਿੰਗ ਦੌਰਾਨ ਉਨ੍ਹਾਂ ਖੁਦ ਢਿੱਲੋਂ ਤੋਂ ਵੀ ਬਿਹਤਰ ਆਪਣੀ ਧਿਰ ਦਾ ਪੱਖ ਪੇਸ਼ ਕਰ ਦਿੱਤਾ ਸੀ।
ਪੰਜਾਬ ਵਿਚ ਖਾੜਕੂ ਲਹਿਰ ਦੀ ਸ਼ੁਰੂਆਤ 1978 ਦੀ ਵਿਸਾਖੀ ਮੌਕੇ ਸਿੱਖ-ਨਿਰੰਕਾਰੀ ਝਗੜੇ ਤੋਂ ਸ਼ੁਰੂ ਹੋਈ ਮੰਨੀ ਜਾਂਦੀ ਹੈ ਅਤੇ ਇਸ ਮੁੱਦੇ ਨਾਲ ਉਮਰਾਨੰਗਲ ਦਾ ਨਾਂ ਉਸੇ ਦਿਨ ਤੋਂ ਹੀ ਜੁੜਿਆ ਰਿਹਾ ਹੈ। ਉਨ੍ਹਾਂ ਦੇ ਦੱਸਣ ਅਨੁਸਾਰ, ਉਸ ਦਿਨ ਸ਼ਾਮ ਤੱਕ ਉਨ੍ਹਾਂ ਦਿੱਲੀ ਪੁੱਜਣਾ ਸੀ। ਵੰਡ ਨਾਲ ਸਬੰਧਤ ਲੋਕਾਂ ਦੇ ਪੁਰਾਣੇ ਮੁਆਵਜ਼ਿਆਂ ਬਾਰੇ ਕਿਸੇ ਮਸਲੇ Ḕਤੇ ਮੀਟਿੰਗ ਸੀ। ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਸਵੇਰੇ ਉਹ ਮੰਜੀ ਸਾਹਿਬ ਦੀਵਾਨ ਵਿਚ ਹਾਜ਼ਰੀ ਲਗਵਾਉਣ ਪੁੱਜ ਗਏ। ਉਥੇ ਉਨ੍ਹਾਂ ਦੀ ਟਕਸਾਲ ਦੇ ਬੰਦਿਆਂ ਨਾਲ ਮੁਲਾਕਾਤ ਹੋ ਗਈ ਜੋ ਮੰਗ ਕਰ ਰਹੇ ਸਨ ਕਿ ਨਿਰੰਕਾਰੀ ਸਮਾਗਮ ਅਤੇ ਜਲੂਸ ਬੰਦ ਕਰਵਾ ਦਿੱਤਾ ਜਾਵੇ। ਸਮਾਗਮ ਤਿੰਨ ਦਿਨਾਂ ਤੋਂ ਜਾਰੀ ਸੀ ਅਤੇ ਉਨ੍ਹਾਂ ਜੱਥੇ ਦੇ ਮੈਂਬਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਜੇ ਉਹ ਪਹਿਲਾਂ ਕਹਿੰਦੇ ਤਾਂ ਡੀæਸੀæ ਮਹਿਜ਼ ਅਮਨ-ਕਾਨੂੰਨ ਨੂੰ ਖਤਰੇ ਦੀ ਗੱਲ ਕਰ ਕੇ ਉਨ੍ਹਾਂ ਨੂੰ ਸਮਾਗਮ ਤੋਂ ਵਰਜ ਸਕਦਾ ਸੀ। ਹੁਣ ਉਹ ਉਨ੍ਹਾਂ ਦੇ ਇਤਰਾਜ਼ਯੋਗ ਭਾਸ਼ਣ ਰਿਕਾਰਡ ਕਰ ਲੈਣ, ਉਨ੍ਹਾਂ ਦੀ ਸ਼ਿਕਾਇਤ Ḕਤੇ ਪਿਛੋਂ ਵਿਧੀਵਤ ਢੰਗ ਨਾਲ ਕਾਰਵਾਈ ਹੋ ਸਕਦੀ ਸੀ।
ਫਿਰ ਵਰ੍ਹਾ ਕੁ ਪਿਛੋਂ ਬਾਦਲ ਦੇ ਕਹਿਣ Ḕਤੇ ਉਨ੍ਹਾਂ ਮਾਲ ਮੰਤਰੀ ਦੇ ਅਹਿਮ ਮੰਤਰਾਲੇ ਤੋਂ ਬਕਾਇਦਾ ਅਸਤੀਫ਼ਾ ਦੇ ਕੇ ਭਾਈ ਅਮਰੀਕ ਸਿੰਘ ਖਿਲਾਫ ਜਦੋਂ ਵੱਕਾਰੀ ਚੋਣ ਲੜੀ ਤਾਂ ਪੰਜਾਬ ਦੇ ਕਹਿੰਦੇ-ਕਹਾਉਂਦੇ ਲਗਪਗ ਸਾਰੇ ਕਾਂਗਰਸੀ ਆਗੂਆਂ ਨੇ ਉਨ੍ਹਾਂ ਨੂੰ ਹਰਾਉਣ ਲਈ ਉਥੇ ਪੂਰਾ ਮਹੀਨਾ ਛਾਉਣੀਆਂ ਪਾਈ ਰੱਖੀਆਂ ਸਨ। ਧਰਮ ਯੁੱਧ ਮੋਰਚੇ ਦੌਰਾਨ ਉਨ੍ਹਾਂ ਅਕਾਲ ਤਖ਼ਤ ਦੇ ਜਥੇਦਾਰ ਭਾਈ ਕਿਰਪਾਲ ਸਿੰਘ ਨੂੰ ਮਿਲ ਕੇ ਦਰਬਾਰ ਸਾਹਿਬ ਦੇ ਹਾਲਤ ਠੀਕ ਕਰਨ ਖਾਤਰ ਦਖਲ ਦੇਣ ਲਈ ਉਚੇਚੇ ਤੌਰ Ḕਤੇ ਅ੍ਰੰਮਿਤਸਰ ਉਨ੍ਹਾਂ ਦੇ ਘਰ ਜਾ ਕੇ ਵਾਰ-ਵਾਰ ਕਿਹਾ। ਮਾਸਟਰ ਤਾਰਾ ਸਿੰਘ ਵਿਰੁੱਧ ਸੰਤ ਫ਼ਤਹਿ ਸਿੰਘ ਦੀ ਚੜ੍ਹਤ ਦੇ ਮੁੱਢਲੇ ਦਿਨੀਂ ਉਹ ਸੰਤਾਂ ਦੇ ਸਭ ਤੋਂ ਕਰੀਬੀ ਸਾਥੀ ਸਨ। ਜਥੇਦਾਰ ਟੌਹੜਾ ਬਾਰੇ ਉਨ੍ਹਾਂ ਦੀਆਂ ਮੁੱਢਲੇ ਦੌਰ ਦੀਆਂ ਅਨੇਕਾਂ ਮਿੱਠੀਆਂ ਯਾਦਾਂ ਸਨ, ਪਰ ਧਰਮ ਯੁੱਧ ਮੋਰਚੇ ਦੇ ਦਿਨਾਂ ਦੇ ਜਥੇਦਾਰ ਟੌਹੜਾ ਬਾਰੇ ਉਨ੍ਹਾਂ ਦੇ ਬੇਹੱਦ ਤਲਖ਼ ਤਜਰਬੇ ਸਨ। ਉਨ੍ਹਾਂ ਨੂੰ ਇਸ ਗੱਲ ਬਾਰੇ ਭੋਰਾ ਵੀ ਸੰਦੇਹ ਨਹੀਂ ਸੀ, ਬਲਕਿ ਉਨ੍ਹਾਂ ਦਾ ਸੰਗੀਨ ਦੋਸ਼ ਸੀ ਕਿ ਪੰਜਾਬ ਨੂੰ ਬਲਦੀ ਦੇ ਬੂਥੇ ਧੱਕਣ ਲਈ ਜੇ ਕੋਈ ਇਕੱਲਾ ਸ਼ਖ਼ਸ ਸਭ ਤੋਂ ਵੱਧ ਜ਼ਿੰਮੇਵਾਰ ਸੀ, ਤਾਂ ਉਹ ਉਨ੍ਹਾਂ ਦਾ ਪੁਰਾਣਾ ਤੇ ਪਿਆਰਾ ਸੱਜਣ ਜਥੇਦਾਰ ਟੌਹੜਾ ਹੀ ਸੀ। ਉਹ ਸੰਤ ਭਿੰਡਰਾਂਵਾਲੇ ਨੂੰ ਅੱਗੇ ਲਾ ਕੇ ਬਾਦਲ ਦੇ ਪੈਰੀਂ ਪੈਂਖੜ ਪਾਉਣਾ ਚਾਹੁੰਦਾ ਸੀ।
ਉਮਰਾਨੰਗਲ ਨੇ ਉਸ ਦੌਰ ਵਿਚ ਵੀ ਖੜਕੇ-ਦੜਕੇ ਰਾਹੀਂ ਡਰਾਉਣ-ਧਮਾਉਣ ਵਾਲੀ ਰਾਜਨੀਤੀ ਦਾ ਵਿਰੋਧ ਜਚ ਕੇ ਕੀਤਾ। ਜਦੋਂ ਬਾਕੀ ਸਭ ਅਕਾਲੀ ਆਗੂ ਦੜ ਵੱਟ ਗਏ ਸਨ, ਡੀæਆਈæਜੀæ ਅਟਵਾਲ ਦੀ ਹੱਤਿਆ ਅਤੇ ਢਿੱਲਵਾਂ ਵਾਲੇ ਕਾਂਡ ਤੋਂ ਬਾਅਦ ਉਨ੍ਹਾਂ ਸੰਤ ਲੌਂਗੋਵਾਲ ਨਾਲ ਮੁਲਾਕਾਤ ਕੀਤੀ, ਉਨ੍ਹਾਂ ਨੂੰ ਅਜਿਹੀਆਂ ਵਾਰਦਾਤਾਂ ਰੋਕਣ ਜਾਂ ਕੰਪਲੈਕਸ ਛੱਡ ਕੇ ਲੌਂਗੋਵਾਲ ਚਲੇ ਜਾਣ ਲਈ ਕਿਹਾ। ਪਿਛੋਂ ਆ ਕੇ, ਜਦੋਂ ਉਨ੍ਹਾਂ ਦੀ ਕੋਈ ਵਾਹ-ਪੇਸ਼ ਨਾ ਗਈ, ਤਾਂ ਉਨ੍ਹਾਂ ਰੋਸ ਵਜੋਂ ਸ਼੍ਰੋਮਣੀ ਕਮੇਟੀ ਦੇ ਉਪ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ।
ਬਲਿਊ ਸਟਾਰ ਤੋਂ ਵਰ੍ਹਾ ਕੁ ਪਿਛੋਂ ਉਨ੍ਹਾਂ ਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ, ਪਰ ਉਨ੍ਹਾਂ ਆਪਣਾ ਪੈਂਤੜਾ ਕਦੀ ਨਾ ਛੱਡਿਆ। 1987 ਵਿਚ ਇਲਾਕੇ ਦੇ ਹਿੰਦੂ ਪਰਿਵਾਰਾਂ ਨੇ ਜਦੋਂ ਹਿਜਰਤ ਕਰਨੀ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ ਵਾਪਿਸ ਮੋੜਨ ਲਈ ਉਹ ਜਗ੍ਹਾ-ਜਗ੍ਹਾ ਗਏ। ਕੇਂਦਰ ਦੇ ਏਜੰਟ ਹੋਣ ਦੇ ਇਲਜ਼ਾਮ ਬਾਰੇ ਉਹ ਹੱਸਣ ਲੱਗ ਜਾਂਦੇ ਸਨ- ਅਖੇ, ਉਦੋਂ ਕਿਹੜਾ ਕੇਂਦਰ ਸੀ ਤੇ ਕਿਸ ਦੇ ਉਹ ਏਜੰਟ ਸਨ!
8 ਮਈ 1987 ਨੂੰ ਖਾੜਕੂਆਂ ਨੇ ਉਨ੍ਹਾਂ ਦੇ ਲੜਕੇ ਸੁਖਦੇਵ ਸਿੰਘ ਸੁੱਖੇ ਨੂੰ ਪਿੰਡ ਦੇ ਲਾਗੇ ਹੀ ਗੋਲੀ ਮਾਰ ਕੇ ਮਾਰ ਦਿੱਤਾ। ਉਨ੍ਹਾਂ ਨੇ ਆਪਣੀ ਮੁਹਿੰਮ ਪਿੰਡੋਂ ਵੀ ਨਾ ਛੱਡੀ। ਉਹ ਗੁਰਬਚਨ ਸਿੰਘ ਮਾਨੋਚਾਹਲ ਤੇ ਕਈ ਹੋਰ ਖਾੜਕੂਆਂ ਦੇ ਪਿੰਡਾਂ ਵਿਚ ਗਏ ਅਤੇ ਉਨ੍ਹਾਂ ਨੂੰ ਨਿੱਕੇ ਭਰਾਵਾਂ ਵਾਂਗ ਖੁੱਲ੍ਹੇ ਮਨ ਨਾਲ ਕਿਧਰੇ ਵੀ ਗੱਲਬਾਤ ਲਈ ਆਉਣ ਦਾ ਸੱਦਾ ਦਿੱਤਾ, ਪਰ ਖਾੜਕੂ ਭਰਾਵਾਂ ਨੇ ਉਨ੍ਹਾਂ ਨਾਲ ਗੱਲ ਕਰਨ ਦੀ ਥਾਂ ਰਾਕਟਾਂ ਨਾਲ ਉਨ੍ਹਾਂ ਦੇ ਘਰ Ḕਤੇ ਹਮਲਾ ਕੀਤਾ।
ਯਾਦ ਰਹੇ ਕਿ 1973 ਵਿਚ ਅਨੰਦਪੁਰ ਸਾਹਿਬ ਦਾ ਮਤਾ ਪਾਸ ਹੋਣ ਤੇ ਉਥੋਂ ਪਰਤਦੇ ਸਾਰ ਖਡੂਰ ਸਾਹਿਬ ਵਾਲੇ ਮਾਸਟਰ ਜਗੀਰ ਸਿੰਘ ਨੂੰ ਨਾਲ ਲੈ ਕੇ ਅੰਮ੍ਰਿਤਸਰ ਡੀæਸੀæ ਦਫ਼ਤਰ ਉਪਰ ਖਾਲਿਸਤਾਨ ਦਾ ਝੰਡਾ ਜਥੇਦਾਰ ਉਮਰਾਨੰਗਲ ਨੇ ਲਹਿਰਾਇਆ ਸੀ, ਉਹ ਇਸ ਕੌਤਕ ਦੇ ਦੋਸ਼ ਵਿਚ ਕੈਦ ਵੀ ਹੋਏ ਸਨ। ਇਸ ਬਾਰੇ ਪੁੱਛਣ Ḕਤੇ ਉਨ੍ਹਾਂ ਉਸ ਘਟਨਾ ਵਿਚ ਸ਼ਮੂਲੀਅਤ ਤੁਰਤ ਮੰਨ ਲਈ। ਇਹ ਗੱਲ ਵਿਸਥਾਰ ਵਿਚ ਸੁਣਾਈ ਕਿ ਕਿਵੇਂ ਮਾਸਟਰ ਜਗੀਰ ਸਿੰਘ ਜੇਲ੍ਹ ਜਾਣ ਤੋਂ ਡਰਦਾ ਸੁੱਤਿਆਂ ਪਿਆਂ ਬੁੜ-ਬੁੜਾਉਣ ਲੱਗ ਪਿਆ ਸੀ, ਪਰ ਉਨ੍ਹਾਂ ਦਾ ਦਾਅਵਾ ਸੀ ਕਿ ਉਨ੍ਹਾਂ ਦੀ ਮੁਰਾਦ ਮੁਲਕ ਨਾਲੋਂ ਵੱਖ ਹੋ ਕੇ ਵੱਖਰੇ ਖਾਲਿਸਤਾਨ ਦੀ ਨਹੀਂ ਸੀ, ਬਲਕਿ ਸਿੱਖਾਂ ਅਤੇ ਪੰਜਾਬੀਆਂ ਦੀ ਵੱਖਰੀ ਸਭਿਆਚਾਰਕ ਪਛਾਣ ਦੀ ਸੀ। ਉਹ ਪੰਜਾਬ ਦਾ ਸਭ ਤੋਂ ਵੱਡਾ ਨਾਇਕ ਮਹਾਰਾਜਾ ਰਣਜੀਤ ਸਿੰਘ ਨੂੰ ਮੰਨਦੇ ਸਨ। ਉਨ੍ਹਾਂ ਉਸ ਸਮੇਂ ਕੇਸਰੀ ਝੰਡਾ ਉਸੇ ਆਸ਼ੇ ਨਾਲ ਝੁਲਾਇਆ ਸੀ। ਜ਼ਰਾ ਵਿਸਥਾਰ ਵਿਚ ਪੁੱਛਿਆ, ਤਾਂ ਉਨ੍ਹਾਂ ਮੰਨ ਲਿਆ ਕਿ ਸ਼ਾਇਦ ਇਹ ਉਨ੍ਹਾਂ ਦੀ ਗ਼ਲਤੀ ਸੀ ਅਤੇ ਨਾਲ ਹੀ ਕਿਹਾ, ਜਿਸ ਦਿਨ ਤੋਂ ਹੋਸ਼ ਸੰਭਾਲੀ ਸੀ, Ḕਪੰਥ ਨੂੰ ਖਤਰੇḔ ਦੀਆਂ ਦੁਹਾਈਆਂ ਹੀ ਤਾਂ ਕੰਨਾਂ ਵਿਚ ਪੈਂਦੀਆਂ ਸਨ! ਅਨੰਦਪੁਰ ਸਾਹਿਬ ਦੇ ਮਤੇ ਬਾਰੇ ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀਆਂ Ḕਚੋਂ ਬਹੁਤਿਆਂ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਅਮਲੀ ਰੂਪ ਵਿਚ ਉਸ ਦੇ ਅਰਥ ਕੀ ਸਨ!
ਜਥੇਦਾਰ ਉਮਰਾਨੰਗਲ ਨੂੰ ਇਹ ਮੰਨਣ ਵਿਚ ਭੋਰਾ ਝਿਜਕ ਨਹੀਂ ਸੀ ਕਿ ਬੋਲੀ ਆਧਾਰਿਤ ਸੂਬੇ ਦੀ ਮੰਗ ਤਾਂ ਖੁਦ ਲਛਮਣ ਸਿੰਘ ਅਤੇ ਸੰਤ ਫ਼ਤਹਿ ਸਿੰਘ ਨੇ ਸਿੱਧੀ ਕੀਤੀ ਸੀ, ਨਹੀਂ ਤਾਂ ਇਹ ਰੱਫੜ ਮੁੱਕਣਾ ਨਹੀਂ ਸੀ। ਉਨ੍ਹਾਂ ਮੁਤਾਬਕ, ਸਿੱਖ ਵਿਤਕਰੇ ਦੇ ਦੋਸ਼ ਲਗਾ ਕੇ ਪੰਜਾਬੀ ਸੂਬਾ ਨਾ ਦੇਣ ਖਿਲਾਫ ਮੋਰਚੇ ਲਗਾਉਂਦੇ ਰਹੇ ਅਤੇ ਲੋਕਾਂ ਨੂੰ ਇੱਕੋ ਗੱਲ ਦੱਸਦੇ ਰਹੇ ਕਿ ਕੇਂਦਰ ਨੇ ਹੋਰ ਸਾਰੇ ਸੂਬੇ ਬਣਾ ਦਿੱਤੇ, ਪਰ ਪੰਜਾਬੀ ਸੂਬਾ ਨਹੀਂ ਬਣਾ ਰਹੇ, ਜਦੋਂਕਿ ਸੱਚ ਇਹ ਸੀ ਕਿ ਮਰਹੱਟਿਆਂ ਨੂੰ ਵੀ ਸੂਬਾ ਸੰਨ ਸੰਤਾਲੀ ਤੋਂ ਪੂਰੇ 13 ਵਰ੍ਹਿਆਂ ਪਿਛੋਂ ਦਿੱਤਾ ਸੀ, ਤੇ ਕਈ ਹੋਰ ਖਿੱਤਿਆਂ ਦੇ ਲੋਕਾਂ ਨੂੰ ਵੱਖਰੇ ਸੂਬੇ ਪਿਛੋਂ ਅਲਾਟ ਹੋਏ ਸਨ।
ਇੱਕ ਹੋਰ ਸਵਾਲ ਦੇ ਜਵਾਬ ਵਿਚ ਉਨ੍ਹਾਂ ਦੱਸਿਆ ਕਿ ਮਾਸਟਰ ਤਾਰਾ ਸਿੰਘ ਦੇ ਟਾਕਰੇ Ḕਤੇ ਗ਼ਰੀਬ ਜੱਟ-ਸਿੱਖਾਂ ਦਾ ਅਕਾਲੀ ਦਲ ਬਣਾਉਣ ਲਈ ਜਥੇਦਾਰ ਟੌਹੜਾ ਨੂੰ, ਉਹ ਅਤੇ ਸੰਤ ਜੀ, ਖੁਦ ਖੇਤਾਂ Ḕਚ ਮਿੱਟੀ ਨਾਲ ਮਿੱਟੀ ਹੋ ਰਹੇ ਨੂੰ ਪ੍ਰੇਰ ਕੇ ਅੰਮ੍ਰਿਤਸਰ ਲੈ ਕੇ ਆਏ ਸਨ। ਜਥੇਦਾਰ ਟੌਹੜਾ ਨਾਲ ਉਨ੍ਹਾਂ ਨੂੰ ਹਜ਼ਾਰ ਸ਼ਿਕਵੇ ਸਨ, ਪਰ ਸਭ ਤੋਂ ਵੱਡਾ ਸ਼ਿਕਵਾ ਇਹ ਸੀ ਕਿ ਬਾਦਲ ਅਤੇ ਟੌਹੜਾ ਨੇ ਸੰਤ ਲੌਂਗੋਵਾਲ ਵਰਗੇ ਬੰਦੇ ਨੂੰ ਪਹਿਲਾਂ ਐਂਮਰਜੈਂਸੀ ਤੇ ਦਰਬਾਰਾ ਸਿੰਘ ਦੀ ਸਰਕਾਰ ਮੌਕੇ ਵਡਿਆ ਕੇ ਅੱਗੇ ਡਾਹਿਆ, ਫਿਰ ਜਦੋਂ ਉਹ ਮਾਰਿਆ ਗਿਆ ਤਾਂ ਖਾੜਕੂਆਂ ਤੋਂ ਡਰਦੇ ਉਸ ਦੇ ਭੋਗ ਸਮਾਗਮ Ḕਤੇ ਵੀ ਨਾ ਪਹੁੰਚੇ।
ਦਰਸ਼ਨ ਸਿੰਘ ਫੇਰੂਮਾਨ ਅਤੇ ਜਥੇਦਾਰ ਊਧਮ ਸਿੰਘ ਨਾਗੋਕੇ ਉਨ੍ਹਾਂ ਤੋਂ ਕਾਫੀ ਵਡੇਰੀ ਉਮਰ ਦੇ ਸਨ, ਪਰ ਆਪਣੇ ਹਲਕੇ ਦੇ ਹੋਣ ਕਰ ਕੇ ਉਹ ਉਨ੍ਹਾਂ ਦੀ ਦ੍ਰਿੜਤਾ ਅਤੇ ਸਿਰੜੀ ਸੁਭਾਅ ਦੇ ਪ੍ਰਸ਼ੰਸਕ ਸਨ। ਫੇਰੂਮਾਨ ਦੇ ਮਰਨ ਵਰਤ ਨਾਲ ਉਨ੍ਹਾਂ ਦੀ ਸੰਮਤੀ ਨਹੀਂ ਸੀ; ਪਰ ਉਨ੍ਹਾਂ ਦਾ ਕਹਿਣਾ ਸੀ ਕਿ ਉਸ ਸਮੇਂ ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਦਾ ਬੇੜਾ ਗਰਕ ਕਰਨ ਲਈ ਜਗਜੀਤ ਸਿੰਘ ਚੌਹਾਨ ਅਤੇ ਕੁਝ ਹੋਰ ਇੱਲਤੀ ਲੋਕਾਂ ਨੇ ਉਨ੍ਹਾਂ ਦੀ ਬਲੀ ਦਿਵਾਈ ਸੀ।
ਟੌਹੜਾ ਅਤੇ ਬਾਦਲ ਦੇ ਆਪਸੀ ਵਿਰੋਧ ਬਾਰੇ ਉਨ੍ਹਾਂ ਦਾ ਕਹਿਣਾ ਸੀ ਕਿ ਐਮਰਜੈਂਸੀ ਪਿੱਛੋਂ ਅਕਾਲੀ ਦਲ ਦੀ ਤਾਕਤ ਦੀ ਸੋਹਣੀ ਵੰਡ ਹੋ ਗਈ ਸੀ। ਬਾਦਲ ਨੂੰ Ḕਮੁੱਖ ਮੰਤਰੀ’ ਮੰਨ ਲਿਆ ਗਿਆ; ਟੌਹੜਾ ਕੋਲ ਸ਼੍ਰੋਮਣੀ ਕਮੇਟੀ ਸੀ ਅਤੇ ਜਥੇਦਾਰ ਤਲਵੰਡੀ ਅਕਾਲੀ ਦਲ ਦਾ ਪ੍ਰਧਾਨ ਸੀ, ਪਰ ਇਨ੍ਹਾਂ ਵਰ੍ਹਾ ਵੀ ਨਾ ਕੱਢਿਆ ਕਿ ਆਪਸ ਵਿਚ ਝਗੜਨਾ ਸ਼ੁਰੂ ਕਰ ਦਿਤਾ। ਟੌਹੜਾ ਨੇ ਜਟਕੇ ਜਥੇਦਾਰ ਤਲਵੰਡੀ ਨੂੰ ਨਾਲ ਲੈ ਕੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਸਾਧੂ ਸਿੰਘ ਕੋਲ ਬਾਦਲ ਵਿਰੁਧ ਸ਼ਿਕਾਇਤ ਲਗਾ ਦਿਤੀ। ਸ਼ਿਕਾਇਤ ਕੀ ਲਾਈ, ਅਸਤੀਫਾ ਦੇ ਦਿੱਤਾ! ਬਾਦਲ ਦੀ ਸਰਕਾਰ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ ਲਗਾ ਕੇ ਰਾਜਪਾਲ ਨੂੰ ਪੱਤਰ ਕਿਸੇ ਕਾਂਗਰਸੀ ਨੇ ਨਹੀਂ, ਬਲਕਿ ਦੋਵਾਂ ਜਥੇਦਾਰਾਂ ਨੇ ਦਿੱਤਾ ਸੀ। ਉਂਜ ਉਮਰਾਨੰਗਲ ਨੂੰ ਇਹ ਯਾਦ ਨਹੀਂ ਸੀ ਕਿ ਬਾਦਲ ਨੇ ਜਦੋਂ ਤਲਵੰਡੀ ਦਾ ਫਾਹਾ ਵੱਢ ਕੇ ਸੰਤ ਲੌਂਗੋਵਾਲ ਨੂੰ ਪ੍ਰਧਾਨ ਬਣਾਇਆ ਤਾਂ ਟੌਹੜਾ, ਤਲਵੰਡੀ ਨੂੰ ਛੱਡ ਕੇ ਬਾਦਲ ਦੇ ਖੇਮੇ ਵਿਚ ਵਾਪਸ ਕਿਵੇਂ ਆਇਆ!
ਅਕਾਲੀ ਦਲ ਦੇ ਇਨ੍ਹਾਂ ਦੋਵਾਂ Ḕਪੰਥ ਰਤਨਾਂ’ (ਬਾਦਲ ਤੇ ਟੌਹੜਾ) ਦੇ ਰੋਲ ਨੂੰ ਕੋਸਦਿਆਂ ਉਮਰਾਨੰਗਲ ਨੂੰ ਗੁਰਚਰਨ ਸਿੰਘ ਸੈਕਟਰੀ ਯਾਦ ਆ ਗਿਆ। ਉਨ੍ਹਾਂ ਅਨੁਸਾਰ, ਇਹ ਦੋਵੇਂ ਜਣੇ, ਸੰਤ ਨੂੰ ਮੋਰਚੇ ਦਾ ਡਿਕਟੇਟਰ ਬਣਾ ਕੇ ਆਪ ਜੇਲ੍ਹਾਂ ਜਾਂ Ḕਰੈਸਟ ਹਾਊਸਾਂ’ ਵਿਚ ਪਨਾਹ ਲੈਂਦੇ ਰਹੇ; ਸੰਤ ਲੌਂਗੋਵਾਲ ਦੀ ਬਾਤ ਕਦੀ ਵੀ ਨਾ ਪੁੱਛੀ। ਉਸ ਨੂੰ ਉਸ ਖੌਫ਼ਜ਼ਦਾ ਮਾਹੌਲ ਵਿਚ ਗੁਰਚਰਨ ਸਿੰਘ ਸਕੱਤਰ ਅਤੇ ਉਸ ਦੇ ਯਾਰਾਂ ਦਾ ਹੀ ਆਸਰਾ ਰਿਹਾ। ਉਹ ਮਰਦੇ ਦਮ ਤੱਕ ਸੰਤ ਲੌਂਗੋਵਾਲ ਦੇ ਅੰਗ-ਸੰਗ ਰਿਹਾ। ਉਨ੍ਹਾਂ ਨੂੰ ਸੰਤ ਲੌਂਗੋਵਾਲ ‘ਤੇ ਵੀ ਸ਼ਿਕਵਾ ਸੀ ਕਿ ਸਾਕਾ ਨੀਲਾ ਤਾਰਾ ਤੋਂ ਮਹੀਨਾ-ਦੋ ਮਹੀਨੇ ਪਹਿਲਾਂ ਛਿੰਦੇ ਬਦਮਾਸ਼ ਅਤੇ ਉਸ ਦੀ ਸਹੇਲੀ ਹੱਥੋਂ ਸੁਰਿੰਦਰ ਸਿੰਘ ਸੋਢੀ ਦੇ ਮਾਰੇ ਜਾਣ ‘ਤੇ ਉਨ੍ਹਾਂ ਐਵੇਂ ਹੀ ਸਕੱਤਰ ਦੇ ਸਾਜ਼ਿਸ਼ ਵਿਚ ਹੱਥ ਹੋਣ ਦਾ ਹਵਾੜਾ ਉਡਾ ਦਿੱਤਾ। ਦੋ-ਤਿੰਨ ਬੇ-ਪ੍ਰਤੀਤੇ ਜਿਹੇ ਅਕਾਲੀ ਆਗੂਆਂ ‘ਤੇ ਆਧਾਰਿਤ ਪੜਤਾਲੀਆ ਕਮੇਟੀ ਜੋ ਬਣੀ, ਉਨ੍ਹਾਂ ਨੇ ਸੰਤ ਲੌਂਗੋਵਾਲ ਨੂੰ ਪਿੱਠ ਦੇ ਦਿੱਤੀ ਅਤੇ ਸੰਤ ਭਿੰਡਰਾਂਵਾਲੇ ਨੂੰ ਖੁਸ਼ ਕਰਨ ਲਈ ਰਿਪੋਰਟ ਇਹ ਦਿੱਤੀ ਕਿ ਸ਼ੱਕ ਦੀ ਸੂਈ ਸਕੱਤਰ ਦਾ ਹੱਥ ਹੋਣ ਵੱਲ ਘੁੰਮਦੀ ਸੀ। ਕੋਈ ਪੁੱਛੇ, ਇਨ੍ਹਾਂ ਨੇ ਇਹ ਕਿਉਂ ਨਾ ਪਤਾ ਕੀਤਾ ਕਿ ਸੋਢੀ, ਛਿੰਦੇ ਅਤੇ ਉਸ ਦੀ ਸਹੇਲੀ ਕੋਲ ਬੈਠਾ ਕਰਦਾ ਕੀ ਸੀ? ਜੱਥੇਦਾਰ ਟੌਹੜਾ ਤਾਂ ਆਪਣੀ ਆਦਤ ਅਨੁਸਾਰ ਡਿਪਲੋਮੈਟਿਕ ਚੁੱਪ ਧਾਰ ਕੇ ਪਾਸੇ ਹੋਇਆ ਰਿਹਾ, ਪਰ ਸੰਤ ਲੌਂਗੋਵਾਲ ਦਾਬੇ ਹੇਠ ਆ ਗਿਆ ਅਤੇ ਉਸ ਵੀ ਸਕੱਤਰ ਨੂੰ Ḕਸਕੱਤਰੀ’ ਤੋਂ ਹਟਾ ਕੇ, ਤੇ ਬਚਾ ਕੇ ਪਿੰਡ ਵਾਪਿਸ ਚਲੇ ਜਾਣ ਲਈ ਆਖ ਦਿੱਤਾ, ਪਰ ਉਹ ਬੁਰਛਾਗਰਦੀ ਤੋਂ ਡਰਦਿਆਂ ਸੰਤ ਲੌਂਗੋਵਾਲ ਨੂੰ ਛੱਡ ਕੇ ਨਾ ਗਿਆ, ਬਲਕਿ ਉਥੇ ਹੀ ਪਰਿਕਰਮਾ ‘ਚ ਗੇੜੇ ਦਿੰਦਾ ਰਿਹਾ।
ਜਥੇਦਾਰ ਉਮਰਾਨੰਗਲ ਮੁਤਾਬਕ, ਢਿੱਲਵਾਂ ਬੱਸ ਮੁਸਾਫ਼ਿਰ ਹੱਤਿਆ ਕਾਂਡ ਤੋਂ ਕੁਝ ਦਿਨ ਪਿਛੋਂ ਉਹ ਉਚੇਚਾ ਪਿੰਡ ਮਿਲ ਕੇ ਗਿਆ ਸੀ। ਉਸ ਦੇ ਜ਼ੋਰ ਦੇਣ Ḕਤੇ ਹੀ ਇੱਕ ਵਾਰ ਉਨ੍ਹਾਂ ਨੇ ਅਕਾਲ ਤਖ਼ਤ ਦੇ ਉਦੋਂ ਦੇ ਜਥੇਦਾਰ ਕ੍ਰਿਪਾਲ ਸਿੰਘ ਨੂੰ ਪਰਿਕਰਮਾ Ḕਚ ਹਥਿਆਰ ਲੈ ਕੇ ਚੱਲਣ ਵਿਰੁੱਧ ਆਦੇਸ਼ ਜਾਰੀ ਕਰਨ ਲਈ ਕਿਹਾ ਸੀ। ਜਥੇਦਾਰ ਨਰਮ ਆਦਮੀ ਸੀ। ਉਸ ਨੇ ਕੋਸ਼ਿਸ਼ ਵੀ ਕੀਤੀ ਸੀ, ਪਰ ਅਗਲਿਆਂ ਦਾ ਉਦੋਂ ਜ਼ੋਰ ਹੀ ਇੰਨਾ ਸੀ ਕਿ ਉਨ੍ਹਾਂ ਨੇ ਉਸ ਨੂੰ ਯਰਕਾ ਲਿਆ ਸੀ।
ਜਥੇਦਾਰ ਦਾ ਕਹਿਣਾ ਸੀ ਕਿ ਉਨ੍ਹਾਂ ਮਾੜੇ ਦਿਨਾਂ ਵਿਚ ਕਾਮਰੇਡਾਂ ਨੂੰ ਛੱਡ ਕੇ, ਅਕਾਲੀ ਸਫ਼ਾਂ ਵਿਚ ਆਇਆ ਉਹ ਸਹੀ ਅਰਥਾਂ ਵਿਚ ਇੱਕੋ-ਇੱਕ Ḕਜਰਨੈਲ’ ਸੀ, ਪਰ ਅਕਾਲੀਆਂ ਤੋਂ ਉਸ ਦਾ ਮੁੱਲ ਪਾਇਆ ਨਾ ਗਿਆ। ਬਲਵੰਤ ਸਿੰਘ ਰਾਮੂਵਾਲੀਏ ਵਰਗੇ ਸਾਰੇ ਬਚ ਗਏ; ਬੱਬਰ ਵੀ ਸਾਰੇ ਕੰਧਾਂ ਪਾੜ ਕੇ ਨਿਕਲ ਗਏ; ਸਕੱਤਰ ਦਾ ਪਤਾ ਹੀ ਨਾ ਲੱਗਾ ਕਿ ਉਸ ਨੂੰ ਇਨ੍ਹਾਂ ਨੇ ਮਾਰਿਆ ਕਿ ਜਾਂ ਸ਼ਾਇਦ ਉਹ ਜਰਨਲ ਬਰਾੜ ਦੀਆਂ ਫ਼ੌਜਾਂ ਹੱਥੋਂ ਨਿਹੱਕ ਹੀ ਰਗੜਿਆ ਗਿਆ।
ਜਥੇਦਾਰ ਨੂੰ ਬਾਦਲ ਅਤੇ ਟੌਹੜਾ Ḕਤੇ ਇੱਕ ਹੋਰ ਗਿਲਾ ਸੀ ਕਿ ਜਦੋਂ ਸ਼ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਬਣ ਗਿਆ, ਤੇ ਉਸ ਦੀ ਢਿੱਲ-ਮੱਠ ਦਾ ਲਾਹਾ ਲੈਦਿਆਂ ਖਾੜਕੂ ਜਦੋਂ ਮੁੜ ਸ੍ਰੀ ਅਕਾਲ ਤਖ਼ਤ Ḕਤੇ ਹਾਵੀ ਹੋ ਗਏ, ਤਾਂ ਸ਼੍ਰੋਮਣੀ ਕਮੇਟੀ ਦੇ ਜਰਨਲ ਇਜਲਾਸ ਪਿਛੋਂ ਸਿੰਘ ਸਾਹਿਬ ਨੂੰ ਆਖ ਕੇ 16 ਫਰਵਰੀ 1986 ਨੂੰ Ḕਸਰਬੱਤ ਖਾਲਸਾḔ ਸਮਾਗਮ ਸਦਵਾ ਲਿਆ। ਉਸ ਸਮਾਗਮ ਦੀ ਕਾਰਵਾਈ ਅਤੇ ਮਤੇ ਕੋਈ ਪੜ੍ਹ ਲਵੇ, ਉਮਰਾਨੰਗਲ ਦਾ ਕਹਿਣਾ ਸੀ ਕਿ ਇਨ੍ਹਾਂ ਸਾਰਿਆਂ ਨੇ ਪੂਰੇ ਜ਼ੋਰ-ਸ਼ੋਰ ਨਾਲ ਬਰਨਾਲਾ ਨੂੰ ਕੋਈ ਵੀ ਢੰਗ-ਤਰੀਕਾ ਵਰਤ ਕੇ ਕੰਪਲੈਕਸ ਨੂੰ ਖਾੜਕੂਆਂ ਤੋਂ ਸੁਰਖਰੂ ਕਰਵਾਉਣ ਲਈ ਕਿਹਾ ਸੀ।
ਪੱਤਰਕਾਰ ਦਲਬੀਰ ਸਿੰਘ ਦਾ ਜ਼ਿਕਰ ਆਇਆ ਤਾਂ ਜਥੇਦਾਰ ਕਹਿਣ ਲੱਗੇ ਕਿ ਸਿੱਖਾਂ ਦੀ ਮਾੜੀ ਕਿਸਮਤ, ਸੰਤ ਜਰਨੈਲ ਸਿੰਘ ਨੇ ਉਸ ਨੂੰ ਆਪਣਾ ਵਿਸ਼ਵਾਸ-ਪਾਤਰ ਬਣਾ ਲਿਆ ਅਤੇ ਹਰ ਕੰਮ ਵਿਚ ਉਸ ਦੀ ਸਲਾਹ ਲੈਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੂੰ ਪਤਾ ਸੀ ਕਿ ਦਲਬੀਰ ਸਿੰਘ ਸਿਰੇ ਦਾ ਅੱਖੜ ਕਾਮਰੇਡ ਸੀ ਅਤੇ ਨੈਸ਼ਨਲ ਕਾਲਜ ਸਠਿਆਲਾ ਵਿਚ ਕਈ ਵਰ੍ਹੇ ਕਲਰਕ ਲੱਗਾ ਰਿਹਾ ਸੀ। ਉਨ੍ਹਾਂ ਨੂੰ ਇਹ ਵੀ ਪਤਾ ਸੀ ਕਿ ਕਾਲਜ ਪ੍ਰਿੰਸੀਪਲ ਬੀæਐੱਲ਼ ਸ਼ਰਮਾ ਬੜਾ ਸਿਆਣਾ ਆਦਮੀ ਸੀ, ਉਹ ਆਪ ਵੀ ਕਾਮਰੇਡ ਸੀ ਅਤੇ ਕਾਲਜ ਵਿਚ ਉਸ ਨੂੰ ਲੈ ਕੇ ਵੀ ਉਹੀ ਆਇਆ ਸੀ, ਪਰ ਇਸ ਪਿਓ ਦੇ ਪੁੱਤਰ ਨੇ ਕਾਲਜ ਵਿਚੋਂ ਉਸ ਦੀਆਂ ਜੜ੍ਹਾਂ ਪੁੱਟ ਕੇ ਸਾਹ ਲਿਆ ਸੀ।
ਜਥੇਦਾਰ ਨੂੰ ਭਾਅ ਜੀ ਦਲਬੀਰ ਸਿੰਘ ਵਿਰੁੱਧ ਸਭ ਤੋਂ ਵੱਧ ਗੁੱਸਾ ਇਹ ਸੀ ਕਿ 1978 ਦੇ ਨਿਰੰਕਾਰੀ ਝਗੜੇ ਬਾਰੇ ਉਹ ਸਦਾ ਇੱਕ ਪਾਸੜ ਹੀ ਰਿਪੋਰਟਾਂ ਦਿੰਦਾ ਰਿਹਾ। ਉਨ੍ਹਾਂ ਦੱਸਿਆ- “ਮੈਂ ਉਦੋਂ ਵਜ਼ਾਰਤ ਵਿਚ ਸਾਂ, ਮੇਰਾ ਨਾਂ ਉਹ ਲਈ ਜਾਂਦਾ ਸੀ, ਪਰ ਕਦੀ ਮੇਰਾ ਪੱਖ ਨਾ ਪੁੱਛਿਆ।”
ਦਰਬਾਰਾ ਸਿੰਘ ਬਾਰੇ ਉਨ੍ਹਾਂ ਦਾ ਕਹਿਣਾ ਸੀ ਕਿ ਸੌ ਪਾਪੜ ਵੇਲਣ ਪਿਛੋਂ ਕੁਰਸੀ ਉਸ ਨੂੰ ਮਿਲੀ ਤਾਂ ਅਕਾਲੀਆਂ ਨੇ ਇੱਕ ਦਿਨ ਵੀ ਉਸ ਨੂੰ ਚੈਨ ਨਾ ਲੈਣ ਦਿੱਤਾ। ਖੈਰ, ਦਰਬਾਰਾ ਸਿੰਘ ਦਾ ਚੈਨ ਅਕਾਲੀਆਂ ਨੇ ਹਰਾਮ ਕੀਤਾ ਜਾਂ ਨਾ, ਇਹ ਤਾਂ ਵਿਵਾਦ ਵਾਲੀ ਗੱਲ ਹੈ, ਪਰ ਗਿਆਨੀ ਜ਼ੈਲ ਸਿੰਘ ਨੇ ਗ੍ਰਹਿ ਮੰਤਰੀ ਹੁੰਦਿਆਂ ਕੋਈ ਕਸਰ ਨਹੀਂ ਸੀ ਛੱਡੀ ਸੀ। ਇਸ ਦੀ ਗਵਾਹੀ ਗੁਰਦੇਵ ਗਰੇਵਾਲ ਨੇ ਆਪਣੀ ਕਿਤਾਬ Ḕਦਿ ਸਰਚਿੰਗ ਆਈḔ ਦੇ ਕਾਂਡ Ḕਏ ਡੀਵਾਈਨ ਇੰਟਰਵੈਨਸ਼ਨḔ ਵਿਚ ਪਾਈ ਹੋਈ ਹੈ। ਇਹੀ ਗੱਲ ਸੀਨੀਅਰ ਪੱਤਰਕਾਰ ਸਤਿੰਦਰਾ ਸਿੰਘ ਤੋਂ ਮੂੰਹੋਂ ਵੀ ਉਨ੍ਹਾਂ ਨੇ ਸੁਣੀ ਹੋਈ ਸੀ। ਸਤਿੰਦਰਾ ਸਿੰਘ ਦਾ ਕਹਿਣਾ ਸੀ ਕਿ ਇੰਦਰਾ ਗਾਂਧੀ ਨੇ ਪੰਜਾਬ ਅਤੇ ਖੁਦ ਆਪਣੇ ḔਦੁਖਾਂਤḔ ਦੀ ਸਕ੍ਰਿਪਟ ਤਾਂ ਉਸ ਸਮੇਂ ਹੀ ਲਿਖ ਲਈ ਸੀ ਜਦੋਂ ਗਿਆਨੀ ਜ਼ੈਲ ਸਿੰਘ ਵਰਗੇ Ḕਰਾਜਨੀਤਕ ਬੰਦੇḔ ਨੂੰ ਗ੍ਰਹਿ ਮੰਤਰੀ ਵਰਗਾ ਅਹਿਮ ਅਤੇ ਨਾਜ਼ੁਕ ਮੰਤਰਾਲਾ ਸੰਭਾਲ ਦਿੱਤਾ ਸੀ!
ਅੱਜ ਜਦੋਂ ਕਰੀਬ 20 ਵਰ੍ਹੇ ਬਾਅਦ ਜੱਥੇਦਾਰ ਉਮਰਾਨੰਗਲ ਨਾਲ ਹੋਈਆਂ ਗੱਲਾਂ ਨੂੰ ਅਕਾਲੀਆਂ ਦੀ Ḕਪਾਵਰ ਪਾਲਿਟਿਕਸ’ ਦੇ ਸਿੱਟਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰਦਿਆਂ ਅਸੀਂ ਚਿਤਾਰ ਰਹੇ ਹਾਂ ਤਾਂ ਭਾਅ ਜੀ ਦਲਬੀਰ ਸਿੰਘ ਦੇ ਲੇਖ Ḕਅਜੋਕੇ ਪੰਥਕ ਸੰਕਟ ਦਾ ਹੱਲ: ਪੰਜ ਪਿਆਰੇ ਸਾਂਭਣ ਕਮਾਂਡ’ ਵਿਚੋਂ ਉਨ੍ਹਾਂ ਦੀਆਂ ਕੁਝ ਨੇਕ ਸਲਾਹਾਂ ਪਾਠਕਾਂ ਨਾਲ ਸਾਂਝੀਆਂ ਕਰਨ ‘ਤੇ ਮਨ ਕਰ ਆਇਆ ਹੈ। ਉਹ ਦੱਸ ਰਹੇ ਹਨ: “ਸਿੱਖੀ ਵਿਚਾਰਧਾਰਾ ਪੰਜਾਬ ਵਿਚ ਜੰਮੀæææ ਧਰਤੀ ਦੀ ਸਮੁੱਚੀ ਲੋਕਾਈ ਦੇ ਦੁੱਖਾਂ ਨੂੰ ਮੇਟਣ ਯੋਗ, ਪਰ ਅੱਜ ਉਹ ਆਪਣੇ ਹੀ ਘਰੇ ਕਾਤਲਾਂ, ਮੂਰਖਾਂ, ਪਾਪੀਆਂ ਅਤੇ ਦੁਸ਼ਟਾਂ ਦੇ ਢਹੇ ਚੜ੍ਹੀ ਹੋਈ ਹੈ। ਸਾਡੀ ਰਾਏ ਵਿਚ ਅੱਜ ਇਸ ਦੀ ਤੰਦਰੁਸਤੀ ਅਸਲ ਵਿਚ ਕੇਵਲ ਪੰਜ ਪਿਆਰੇ ਹੀ ਕਰਨ ਦੇ ਅਸਲ ਯੋਗ ਪੁਰਖ ਹਨ।æææ ਭਾਰਤ ਦੇ ਅਜੋਕੇ ਰਾਜਨੀਤਿਕ ਬ੍ਰਾਹਮਣੀ ਅਤੇ ਬਾਣੀਆਵਾਦੀ ਰੂਪ ਵਿਚ ਕਾਂਗਰਸੀ ਅਤੇ ਭਾਜਪਾਈ ਹੁੰਦੇ ਹੋਏ ਗੁਰਬਾਣੀ ਦੇ ਉਪਰੋਕਤ ਗੁਣਾਂ ਨੂੰ ਸਹਿਜ ਕਰਨ ਲਈ ਤਿਆਰ ਨਹੀਂ। (ਉਨ੍ਹਾਂ ਮੁਤਾਬਿਕ) ਇਸ ਲੜੀ ਦੇ ਅਜੋਕੇ ਮੁੱਖ ਦੋਸ਼ੀ ਹਨ: ਬਾਦਲ ਕੇ, ਅਮਰਿੰਦਰ ਕੇ, ਖਾਲਿਸਤਾਨੀ ਮਾਨ ਕੇ, ਜਿਸ ਦੀ ਖਾਲਿਸਤਾਨੀ ਪਹੁੰਚ ਗੁਰਬਾਣੀ ਦੀ ਦੁਸ਼ਮਣ ਹੈ, ਗੁਰਧਾਮਾਂ ‘ਚ ਕਰਾਮਾਤਾਂ ਨੂੰ ਮੰਨਣ ਵਾਲੇ ਪੁਜਾਰੀ, ਗੋਲਕਾਂ ਲੁੱਟਣ ਵਾਲੇ ਹਰਚਰਨ ਕੇ ਆਦਿ।” ਇਸ ਬਾਰੇ ਫ਼ੈਸਲਾ ਹੁਣ ਪਾਠਕ ਖੁਦ ਹੀ ਕਰਨ!
ਜਥੇਦਾਰ ਉਮਰਾਨੰਗਲ ਨਾਲ 1993-94 Ḕਚ ਹੋਈਆਂ ਇਨ੍ਹਾਂ ਖੁੱਲ੍ਹੀਆਂ ਗੱਲਾਂ ਨੂੰ ਜਦੋਂ ਅਸੀਂ ਗੁਰਮੀਤ ਸਿੰਘ ਪਿੰਕੀ ਦੀਆਂ ḔਚਿੰਘਾੜਾਂḔ ਦੇ ਅਰਥਾਂ ਦੀ ḔਰਾਜਨੀਤੀḔ ਨੂੰ ਸਮਝਣ ਦਾ ਯਤਨ ਕਰ ਰਹੇ ਹਾਂ ਤਾਂ ਸਨਦ ਵਜੋਂ ਭਾਅ ਜੀ ਕਰਮਜੀਤ ਸਿੰਘ ਤੋਂ ਵੀ ਉਚੇਰੇ ਥਾਂ ਖੜ੍ਹੇ ਇੱਕ ਹੋਰ ਵੱਡੇ ਭਾਈ ਡਾæ ਬਲਕਾਰ ਸਿੰਘ ਦੀ Ḕਪੰਜਾਬ ਦਾ ਬਾਬਾ ਬੋਹੜ: ਗੁਰਚਰਨ ਸਿੰਘ ਟੌਹੜਾḔ ਸਿਰਲੇਖ ਹੇਠਲੀ ਜਥੇਦਾਰ ਟੌਹੜਾ ਦੀ ਜੀਵਨੀ ਦੇ ਪੰਨਾ 88 Ḕਤੇ ਅੰਕਿਤ ਬਜ਼ੁਰਗ ਆਗੂ ਦੀ ਸ਼ਖਸੀਅਤ ਅਤੇ ਤਰਜ਼-ਏ-ਰਾਜਨੀਤੀ ਬਾਰੇ ਕੁਝ ਸਤਰਾਂ ਆਪ ਮੁਹਾਰੇ ਹੀ ਜ਼ਿਹਨ Ḕਚ ਉਭਰ ਆਈਆਂ ਹਨ: “ਜਥੇਦਾਰ ਟੌਹੜਾ ਅਕਾਲੀਆਂ ਦੀ ਸਾਡੇ ਸਮਿਆਂ ਦੀ ਮਹਾਂਭਾਰਤ ਦੇ ਭੀਸ਼ਮ ਪਿਤਾਮਾ ਸਨ। ਇਸੇ ਲਈ ਉਹ ਵਾਪਰ ਰਹੇ ਦੁਖਾਂਤ ਦੇ ਮੂਕ ਦਰਸ਼ਕ ਨਹੀਂ ਸਨ। ਉਨ੍ਹਾਂ ਨੂੰ ਆਪਣੀ ਸਿਆਸੀ ਹੋਣੀ ਬਾਰੇ ਵੀ ਕੋਈ ਭੁਲੇਖਾ ਨਹੀਂ ਸੀ। ਆਪਣਿਆਂ ਦੇ ਤੀਰਾਂ ਨਾਲ ਵਿੰਨ੍ਹੇ ਹੋਏ ਉਹ ਆਪਣਾ ਦਰਦ ਆਮ ਸਿੱਖਾਂ ਨਾਲ ਉਨਾ ਵੰਡ ਨਹੀਂ ਰਹੇ ਸਨ ਜਿੰਨਾ ਹੰਢਾਅ ਰਹੇ ਸਨ। ਜਥੇਦਾਰ ਟੌਹੜਾ ਦੀ ਇੱਕਲਿਆਂ ਰਹਿ ਜਾਣ ਦੀ ਸਿਆਸੀ ਹੋਣੀ ਉਨ੍ਹਾਂ ਦੀ ਪੰਥਕ ਮਾਨਸਿਕਤਾ ਨਾਲ ਜੁੜੀ ਹੋਈ ਸੀ।”
ਪੰਨਾ 56 Ḕਤੇ ਲਿਖਦੇ ਹਨ: “ਵਰਤਮਾਨ ਅਕਾਲੀ ਸਿਆਸਤ ਵਿਚ ਟੌਹੜਾ ਦੀ ਬਜ਼ੁਰਗੀ ਦਾ ਕੋਈ ਸ਼ਰੀਕ ਹੀ ਨਹੀਂ ਸੀ। (ਅਖੇ) ਉਨ੍ਹਾਂ ਵਿਚ ਮਾਸਟਰ ਤਾਰਾ ਸਿੰਘ ਵਾਲੀ ਸਿਆਸੀ ਚੇਤਨਾ ਅਤੇ ਗਿਆਨੀ ਕਰਤਾਰ ਸਿੰਘ ਵਾਲੀ ਸਿਆਸੀ ਮਲੰਗੀ ਇਕੱਠੀਆਂ ਹੋ ਗਈਆਂ ਸਨ। ਉਹ ਸਿਆਸਤ ਦੇ ਸੰਘਣੇ ਜੰਗਲ ਵਿਚ ਸ਼ੇਰ ਵਾਂਗ ਵਿਚਰਦੇ ਸਨ ਅਤੇ ਵਿਰੋਧੀਆਂ ਦਾ ਭੈਅ ਉਨ੍ਹਾਂ ਦੇ ਨੇੜੇ ਨਹੀਂ ਫਟਕਦਾ ਸੀ।” ਪੰਨਾ 55 Ḕਤੇ ਇਸੇ ਤਰ੍ਹਾਂ ਉਹ ਦੱਸਦੇ ਹਨ: “ਗੁਰੂ ਦੇ ਇਸ ਲਾਡਲੇ ਪੁੱਤਰ ਨੂੰ ਨੇੜਿਓਂ ਦੇਖਿਆਂ ਯਕੀਨ ਆ ਜਾਂਦਾ ਸੀ ਕਿ Ḕਪੰਥ ਵਸੇ ਮੈਂ ਉਜੜਾਂ ਮਨ ਚਾਓ ਘਨੇਰਾḔ ਦੀ ਖ਼ਾਲਸਾ ਰੀਤ ਹੀ ਉਨ੍ਹਾਂ ਦੀ ਮੰਜ਼ਿਲ ਸੀ।”
ਪੁਸਤਕ ਦੇ ਮੁੱਖ ਬੰਦ ਵਿਚ ਦਰਜ ਹੈ: “ਅਤਿਵਾਦੀ ਦੌਰ ਬਾਰੇ ਉਨ੍ਹਾਂ ਦੀ ਸੁਹਿਰਦ ਅਤੇ ਸਪਸ਼ਟ ਰਾਏ ਸੀ: Ḕਸਭ ਪੰਜਾਬ ਦਾ ਹੀ ਨੁਕਸਾਨ ਸੀ। ਪੁਲਿਸ ਦੇ ਮੁੰਡੇ ਵੀ ਤਾਂ ਸਾਡੇ ਆਪਣੇ ਮੁੰਡੇ ਸਨ। ਸਭ ਪਾਸੇ ਪੰਜਾਬ ਦੇ ਲੋਕਾਂ ਦਾ ਹੀ ਘਾਣ ਹੋ ਰਿਹਾ ਸੀ। ਸੰਤ ਲੌਂਗੋਵਾਲ ਸਾਡੇ ਸਨ। ਉਨ੍ਹਾਂ ਨੂੰ ਮਾਰਨ ਵਾਲੇ ਮੁੰਡੇ ਵੀ ਸਾਡੇ ਸਨ। ਅਕਾਲੀ ਦੋਵਾਂ ਦੇ ਭੋਗਾਂ ਉਤੇ ਗਏḔ। ਇਹ ਪੱਧਰ ਪ੍ਰੋæ ਪੂਰਨ ਸਿੰਘ ਦੇ ਬੋਲਾਂ Ḕਆ ਭੈਣ ਹੀਰੇ, ਆ ਵੀਰ ਰਾਂਝਿਆ’ ਦੇ ਹਾਣ ਦਾ ਹੈ ਅਤੇ ਇਸ ਨੂੰ ਇਸੇ ਮੁਤਾਬਿਕ ਸਮਝਿਆ ਜਾਣਾ ਚਾਹੀਦਾ ਹੈ।”
ਅਕਾਲੀ ਦਲ ਦੀ Ḕਪਾਵਰ ਪਾਲਿਟਿਕਸ’ ਵਿਚ ਜੱਥੇਦਾਰ ਟੌਹੜਾ ਦੀ ਭੂਮਿਕਾ ਅਤੇ ਸਭ ਕਾਸੇ ਵਿਚ Ḕਮਸੂਮੀਅਤ’ ਦੇ ਉਨ੍ਹਾਂ ਦੇ ਦਾਅਵੇ ਬਾਰੇ ਮੁੱਖ ਬੰਦ ਵਿਚ ਹੀ ਡਾæ ਬਲਕਾਰ ਸਿੰਘ ਦਾ ਇੰਤਕਾਦ ਵੇਖੋ: “(ਅਖੇ) ਪੰਥਕ ਲਗਾਅ ਦੇ ਨਾਲ-ਨਾਲ ਅਕਾਲੀ ਦਲ ਨੂੰ ਅਪੰਥਕਤਾ ਤੋਂ ਬਚਾAਣ ਦੇ ਬਿਰਦ ਦੀ ਪਾਲਣਾ ਜਿਵੇਂ ਉਨ੍ਹਾਂ ਨੇ ਜੀਅ-ਜਾਨ ਨਾਲ ਕਰਨ ਦੀ ਕੋਸ਼ਿਸ਼ ਕੀਤੀ, ਉਸ ਦੀ ਕੀਮਤ ਉਨ੍ਹਾਂ ਨੂੰ 1998 ਵਿਚ ਮਰਨ ਵੇਲੇ ਤੱਕ ਲਗਾਤਾਰ ਤਾਰਨੀ ਪਈ ਸੀ। (ਅਖੇ) ਹਾਲਾਂਕਿ ਉਹ ਕਹਿੰਦੇ ਰਹੇ ਸਨ, Ḕਅਕਾਲੀ ਦਲ ਦੀ ਪ੍ਰਧਾਨਗੀ ਅਤੇ ਮੁੱਖ ਮੰਤਰੀ ਦਾ ਅਹੁਦਾ ਦੋ ਬਿਲਕੁਲ ਅੱਡੋ-ਅੱਡਰੀਆਂ ਜ਼ਿੰਮੇਵਾਰੀਆਂ ਹਨ। ਮੁੱਖ ਮੰਤਰੀ ਹੋਰ ਸਹੁੰ ਚੁੱਕਦਾ ਹੈ, ਅਕਾਲੀ ਦਲ ਦਾ ਪ੍ਰਧਾਨ ਹੋਰ।æææ ਮੈਂ ਬਾਦਲ ਨੂੰ ਸਿਰਫ ਇੰਨਾ ਹੀ ਕਿਹਾ ਸੀ ਕਿ ਚਾਹੇ ਉਹ ਆਪਣੇ ਕਿਸੇ ਖਾਸ ਵਿਸ਼ਵਾਸ-ਪਾਤਰ ਨੂੰ ਹੀ ਇਹ ਅਹੁਦਾ ਦੇਣ, ਪਰ ਉਹ ਸਰਕਾਰ ਚਲਾਉਣ ਦੀਆਂ ਮਜਬੂਰੀਆਂ ਦੇ ਵਸ ਪੈ ਕੇ ਅਕਾਲੀ ਦਲ ਦੇ ਪ੍ਰੋਗਰਾਮਾਂ ਅਤੇ ਜ਼ਿੰਮੇਵਾਰੀਆਂ ਨੂੰ ਅਣਡਿੱਠ ਨਾ ਕਰਨ। ਸਰਕਾਰ ਵਿਚ ਰਹਿ ਕੇ ਸਾਨੂੰ ਅਕਾਲੀ ਦਲ ਦੇ ਬਹੁਤ ਸਾਰੇ ਸਿਧਾਂਤਾਂ ਤੇ ਪ੍ਰੋਗਰਾਮਾਂ ਨਾਲ ਸਮਝੌਤੇ ਕਰਨੇ ਪੈ ਰਹੇ ਹਨ, ਜਿਨ੍ਹਾਂ ਕਰ ਕੇ ਅਕਾਲੀ ਦਲ ਦਾ ਅਕਸ ਖਰਾਬ ਹੋ ਰਿਹਾ ਹੈ। ਅਜਿਹੀ ਚਿੰਤਾ ਵਿਚ ਹੀ ਮੈਂ ਬਾਦਲ ਸਾਹਿਬ ਨੂੰ ਸਲਾਹ ਦਿੱਤੀ ਸੀ, ਕੋਈ ਅਸਤੀਫਾ ਮੰਗਣ ਵਾਲੀ ਗੱਲ ਨਹੀਂ ਕੀਤੀ ਸੀḔ।”
ਹੁਣ ਸਵਾਲ ਹੈ ਕਿ ਆਦਮ ਪੁਰ ਜ਼ਿਮਨੀ ਚੋਣ Ḕਚ ਥੋੜ੍ਹੀਆਂ ਜਿਹੀਆਂ ਵੋਟਾਂ Ḕਤੇ ਅਕਾਲੀ ਉਮੀਦਵਾਰ ਦੀ ਹਾਰ; ਭਰਪੂਰ ਸਿੰਘ ਬਲਬੀਰ ਦੀ ਤਰਜ਼-ਏ-ਪੱਤਰਕਾਰੀ; ਟੌਹੜਾ ਤੇ ਬਾਦਲ ਦੀ ਅੰਦਰੇ-ਅੰਦਰ ਦਹਾਕਿਆਂ ਤੋਂ ਚਲੀ ਆ ਰਹੀ ਰਾਜਸੀ ਸ਼ਰੀਕੇਬਾਜ਼ੀ; ḔਅਜੀਤḔ ਦੇ ਸੰਪਾਦਕ ਬਰਜਿੰਦਰ ਸਿੰਘ ਦਾ ਉਨ੍ਹਾਂ ਦਿਨਾਂ ਦਾ ਬਾਦਲ ਨਾਲ ਨੇੜਲਾ ਰਿਸ਼ਤਾ; ਪਟਿਆਲੇ ਜ਼ਿਲ੍ਹੇ ਦੀ ਸਥਾਨਕ ਅਕਾਲੀ ਸਿਆਸਤ ਵਿਚ ਕੈਪਟਨ ਕੰਵਲਜੀਤ ਸਿੰਘ ਤੇ ਜਥੇਦਾਰ ਟੌਹੜਾ ਦੀ ਰੱਸਾਕਸ਼ੀ; ਸੁਖਬੀਰ ਸਿੰਘ ਬਾਦਲ ਤੇ ਉਸ ਦੀ ਮਾਤਾ ਦਾ ਜਥੇਦਾਰ ਟੌਹੜਾ ਨਾਲ ਸਾੜਾ; ਅਨੇਕਾਂ ਹੀ ਫੈਕਟਰ ਸਨ, ਜਿਹੜੇ ਗੌਲਣੇ ਬਣਦੇ ਹਨ।
(ਚਲਦਾ)