ਕਾਇਨਾਤ-ਏ-ਕਿਤਾਬ

ਸੰਜਮਪ੍ਰੀਤ ਸਿੰਘ ਅੱਜ ਕੱਲ੍ਹ ਚੰਡੀਗੜ੍ਹੋਂ ਨਿਕਲਦੀ ਅੰਗਰੇਜ਼ੀ ਅਖਬਾਰ ‘ਦਿ ਟ੍ਰਿਬਿਊਨ’ ਦਾ ਕਾਰਿੰਦਾ ਹੈ। ਆਪਣੇ ਪਿਤਾ ਸਵਰਗੀ ਨਰਿੰਦਰ ਸਿੰਘ ਭੁੱਲਰ ਵਾਂਗ ਉਹ ਕਿਤਾਬਾਂ ਪੜ੍ਹਨ-ਪੜ੍ਹਾਉਣ ਦਾ ਸ਼ੁਕੀਨ ਹੈ। ਹਰ ਸਾਲ ਵਾਂਗ ਇਸ ਵਰ੍ਹੇ ਵੀ ਉਹ ਦਿੱਲੀ ਦੇ ਸੰਸਾਰ ਕਿਤਾਬ ਮੇਲੇ ਵਿਚ ਗਿਆ ਸੀ। ਇਸ ਮੇਲੇ ਬਾਰੇ ਉਸ ਨੇ ਕੁਝ ਪ੍ਰਭਾਵ ਸਾਂਝੇ ਕੀਤੇ ਹਨ।

ਇਨ੍ਹਾਂ ਪ੍ਰਭਾਵਾਂ ਸਦਕਾ ਹੀ ਇਸ ਲਿਖਤ ਵਿਚ ਨਰਿੰਦਰ ਬਾਰੇ ਕੁਝ ਗੱਲਾਂ ਆ ਗਈਆਂ ਹਨ, ਜਿਸ ਦੀ ‘ਪੰਜਾਬ ਟਾਈਮਜ਼’ ਪਰਿਵਾਰ ਨਾਲ ਗਹਿਰੀ ਸਾਂਝ ਰਹੀ ਹੈ। ਇਹ ਸਾਂਝ ਹੁਣ ਸੰਜਮਪ੍ਰੀਤ ਦੀਆਂ ਲਿਖਤਾਂ ਨਾਲ ਅਗਾਂਹ ਤੁਰ ਰਹੀ ਹੈ। -ਸੰਪਾਦਕ
ਸੰਜਮਪ੍ਰੀਤ ਸਿੰਘ
ਫੋਨ: +91-98720-21979

ਕਿਤਾਬਾਂ ਤੁਹਾਡੇ ਮੋਢੇ ਉਤੇ ਹੱਥ ਰੱਖ ਕੇ ਤੁਹਾਨੂੰ ਖ਼ਬਰਦਾਰ ਕਰਦੀਆਂ ਨੇ: ਤੁਹਾਨੂੰ ਬਹੁਤ ਕੁਝ ਦਿੰਦੀਆਂ ਹਨ, ਖ਼ੁਸ਼ੀ-ਗ਼ਮੀ ਵਿਚ ਤੁਹਾਡਾ ਸਾਥ ਦਿੰਦੀਆਂ ਹਨ, ਤੁਹਾਡੀ ਦੌਲਤ ਵੀ ਬਣਦੀਆਂ ਹਨ-ਗਿਆਨ ਦੀ ਦੌਲਤ। ਪ੍ਰੋæ ਮੋਹਨ ਸਿੰਘ ਦੀਆਂ ਸਤਰਾਂ ਯਾਦ ਆ ਗਈਆਂ:
ਪੜ੍ਹ-ਪੜ੍ਹ ਪੁਸਤਕ ਢੇਰ ਕੁੜੇ,
ਮੇਰਾ ਵਧਦਾ ਜਾਏ ਹਨੇਰ ਕੁੜੇ।
ਤੁਸੀਂ ਕਿਤਾਬਾਂ ਦੇ ਪੰਨੇ ਪਲਟਦੇ ਹੋ ਤਾਂ ਸ਼ਬਦਾਂ ਦੀ ਸਰਗਮ ਅਤੇ ਪੁਰਾਣੇ ਖਤਾਂ ਦਾ ਨਿੱਘ ਕਿਤੇ ਦਾ ਕਿਤੇ ਲੈ ਜਾਂਦਾ ਹੈ। ਨਾਲ ਹੀ ਵਕਤ ਦੀਆਂ ਵੰਗਾਰਾਂ ਬਾਰੇ ਸੂਹਾਂ ਸੁੱਟਦਾ ਹੈ। ਇਸੇ ਕਾਰਨ ਕਿਤਾਬਾਂ ਨਾਲ ਮੇਰਾ ਇੰਨਾ ਤਿਹੁ-ਮੋਹ ਹੈ। ਇਨ੍ਹਾਂ ਸ਼ਬਦਾਂ ਅਤੇ ਸਫ਼ਿਆਂ ਦੀ ਯਾਦ-ਗਲੀ ਵਿਚੋਂ ਲੰਘਦਾ ਹਾਂ ਤਾਂ 15 ਸਾਲ ਪਹਿਲਾਂ ਦਿੱਲੀ ਦਾ ਪ੍ਰਗਤੀ ਮੈਦਾਨ ਜ਼ਿਹਨ ਵਿਚ ਘੁੰਮ ਜਾਂਦਾ ਹੈ। ਉਦੋਂ ਪਹਿਲੀ ਵਾਰ ਕਿਤਾਬਾਂ ਦੇ ਮੇਲੇ ‘ਤੇ ਗਿਆ ਸਾਂ। ਉਦੋਂ ਤੋਂ ਹਰ ਸਾਲ ਇਹ ਰੀਤ ਅਤੇ ਪ੍ਰੀਤ ਨਿਭ ਰਹੀ ਹੈ। ਇਹ ਰੀਤ ਮੇਰੇ ਲਈ ਖ਼ੁਸ਼ੀ ਅਤੇ ਗ਼ਮੀ, ਇਕੋ ਵੇਲੇ ਲੈ ਕੇ ਆਉਂਦੀ ਹੈ। ਭੁੱਲੀਆਂ-ਵਿੱਸਰੀਆਂ ਗੱਲਾਂ-ਬਾਤਾਂ ਇਨ੍ਹੀਂ ਦਿਨੀਂ ਜ਼ਿਹਨ ਵਿਚ ਛੱਲਾਂ ਬਣ-ਬਣ ਉਠਦੀਆਂ ਅਤੇ ਫਿਰ ਪਹਿਲ-ਪਲੇਠੜੀਆਂ ਕਣੀਆਂ ਵਾਂਗ ਹੰਝੂ ਬਣ ਕੇ ਵਹਿ ਤੁਰਦੀਆਂ ਹਨ।
ਐਤਕੀਂ ਅੱਧੀ ਰਾਤੀਂ ਅਖ਼ਬਾਰ ਦੀ ਡਿਊਟੀ ਮੁਕਾਈ, ਘਰ ਪੁੱਜਾ, ਛੋਟੇ ਬੈਗ ਵਿਚ ਵੱਡਾ ਖਾਲੀ ਬੈਗ ਪੈਕ ਕੀਤਾ, ਚਾਰ ਕੁ ਘੰਟੇ ਅੱਖ ਲਾਈ ਅਤੇ ਅਗਲੇ ਛੇ ਘੰਟੇ ਲੰਘਣ ਤੋਂ ਬਾਅਦ ਸਿੱਧਾ ਦਿੱਲੀ ਦੇ ਪ੍ਰਗਤੀ ਮੈਦਾਨ ਅੱਗੇ ਸਾਂ, ਜਿੱਥੇ ਕਿਤਾਬਾਂ ਦਾ ਮੇਲਾ ਲੱਗਿਆ ਹੋਇਆ ਸੀ। ਸਫ਼ਰ ਕਰਦਿਆਂ ਅਕਸਰ ਹੈਰਾਨੀ ਹੁੰਦੀ ਹੈ। ਅਸੀਂ ਸਰੀਰਿਕ ਤੌਰ ‘ਤੇ ਭਾਵੇਂ ਇਕ ਤੋਂ ਦੂਜੀ ਥਾਂ ਜਾ ਰਹੇ ਹੁੰਦੇ ਹਾਂ, ਪਰ ਮਨ ਦੀਆਂ ਬਸਤੀਆਂ ਵਿਚ ਕੋਈ ਹੋਰ ਸਮਾਂ ਥਾਂ ਮੱਲ ਰਿਹਾ ਹੁੰਦਾ ਹੈ।
ਸਾਲ 2001 ਸੀ ਤੇ ਮੈਂ ਉਦੋਂ ਅੱਠਵੀਂ ਵਿਚ ਪੜ੍ਹਦਾ ਸਾਂ। ਪਾਪਾ (ਨਰਿੰਦਰ ਸਿੰਘ ਭੁੱਲਰ) ਨੇ ਅੱਖਾਂ ਵਿਚ ਸਿੱਧਾ ਝਾਕਦਿਆਂ ਪੁੱਛਿਆ ਸੀ- ਕਿਤਾਬਾਂ ਦੇ ਮੇਲੇ ‘ਤੇ ਚੱਲਣੈ ਨਾਲ ਮੇਰੇ? ਮੇਰਾ ਕੋਈ ਯੂਨਿਟ ਟੈਸਟ ਸੀ ਸ਼ਾਇਦ; ਸੋ ਰਤਾ ਕੁ ਚੁੱਪ ਛਾਈ ਰਹੀ। ਫਿਰ ਮੈਂ ਆਪਣੇ ਅੰਦਰ ਝਾਤੀ ਮਾਰੀ-ਯੂਨਿਟ ਟੈਸਟ ਸਾਲ ਵਿਚ ਚਾਰ ਵਾਰ ਆਉਂਦੈ, ਤੇ ਮੇਲਾ ਦੋ ਸਾਲਾਂ ਵਿਚ ਸਿਰਫ ਇਕ ਵਾਰ! (2012 ਤੱਕ ਦਿੱਲੀ ਵਾਲਾ ਸੰਸਾਰ ਕਿਤਾਬ ਮੇਲਾ ਦੋ ਸਾਲ ਬਾਅਦ ਲਗਦਾ ਰਿਹਾ ਏ)। ਇਹ ਤਾਂ ਅੰਤ ਹੀ ਸੀ ਸਮਝੋ! ਮੈਂ ਝੱਟ ਆਪਣਾ ਬੈਗ ਪੈਕ ਕਰ ਲਿਆ। ਪਾਪਾ ਨੂੰ ਦੱਸਿਆ ਹੀ ਨਹੀਂ ਕਿ ਕੋਈ ਯੂਨਿਟ ਟੈਸਟ ਵੀ ਹੈ।
ਪਾਪਾ ਹੁਣ ਇਸ ਸੰਸਾਰ ‘ਚ ਨਹੀਂ; 2007 ਵਿਚ ਉਹ ਰੁਖ਼ਸਤ ਹੋ ਗਏ।æææਤੇ ਮੈਂ ਹੁਣ ਹਰ ਵਾਰ ਮੇਲੇ ‘ਤੇ ਜਾਂਦਾ ਹਾਂ ਅਤੇ ਉਨ੍ਹਾਂ ਯਾਦ-ਗਲੀਆਂ ਵਿਚੋਂ ਲੰਘਦਾ ਹਾਂ।
ਜਾਣ ਲੱਗਿਆਂ ਐਤਕੀਂ ਕਿਸੇ ਦਾ ਸਾਥ ਨਹੀਂ ਸੀ ਜੁੜਿਆ। ਕਿਤਾਬਾਂ ਵੱਲ ਬਸ ਇਕੱਲੇ ਦਾ ਸਫ਼ਰ ਸੀ। ਮੇਲੇ ਦਾ ਦਿਨ ਵੀ ਆਖ਼ਰੀ ਸੀ। ਸਵੇਰ ਦੇ ਸਵਾ ਦਸ ਵੱਜ ਚੁੱਕੇ ਹਨ, ਸਟਾਲ ਅਜੇ 11 ਵਜੇ ਖੁੱਲ੍ਹਣੇ ਸਨ। ਮੈਂ ਪੁਰਾਣੀਆਂ ਕਿਤਾਬਾਂ ਵਾਲੇ ਸਟਾਲਾਂ ਵੱਲ ਮੁੜਦਾ ਹਾਂ। ਇਨ੍ਹਾਂ ਸਟਾਲਾਂ ਵਾਲਿਆਂ ਕੋਲ ਕਿਤਾਬਾਂ ਦੀਆਂ ਕੋੜੀਆਂ ਲੱਗੀਆਂ ਹੁੰਦੀਆਂ, ਇਕ ਤੋਂ ਉਪਰ ਇਕ ਕਿਤਾਬ! ਥਾਂ ਦੀ ਕਮੀ ਜੋ ਹੋਈ! ਛੇਤੀ ਹੀ ਅੱਠ ਪਸੰਦੀਦਾ ਕਿਤਾਬਾਂ ਮੇਰੇ ਬੋਝੇ ਵਿਚ ਸਨ: ਜਲੰਧਰ ਦੇ ਪਿਛੋਕੜ ਵਾਲੇ ਇੰਗਲੈਂਡ ਵਸਦੇ ਸੰਜੀਵ ਸਹੋਤਾ ਦਾ ਨਾਵਲ ‘ਆਵਰਜ਼ ਆਰ ਦਿ ਸਟ੍ਰੀਟ’ ਸੀ, ‘ਰੀਡਿੰਗ ਲੋਲਿਤਾ ਇਨ ਤਹਿਰਾਨ’ ਵਾਲੀ ਅਜ਼ਰਾ ਨਫੀਸੀ ਦੀ ਕਿਤਾਬ ‘ਦਿ ਰਿਪਬਲਿਕ ਆਫ ਇਮੈਜੀਨੇਸ਼ਨ’ ਸੀ, ਇਕ ਕੇਅਨਜ਼ ਦੀ ਜੀਵਨੀ ਅਤੇ ਇਕ ਹੋਰ ਕਿਤਾਬ ਜਿਹੜੀ ਮੈਂ ਚਿਰਾਂ ਤੋਂ ਟੋਲ ਰਿਹਾ ਸਾਂ: ‘ਏ ਡੇਂਜਰਸ ਲਈਅਨ-ਏ ਰੈਵੇਲੇਟਰੀ ਨਿਊ ਬਾਇਓਗ੍ਰਾਫੀ ਆਫ ਸਿਮੋਨ ਦਿ ਬੋਵਿਓ ਐਂਡ ਯਾਂ ਪਾਲ ਸਾਰਤਰ’। ਇਹ ਕਿਤਾਬ ਕੈਰੋਲ ਸੇਅਮਰ-ਜੋਨਸ ਦੀ ਲਿਖੀ ਹੋਈ ਹੈ।
ਇਕ ਤਰ੍ਹਾਂ ਨਾਲ ਮੇਰੀ ਤਾਂ ਤਸੱਲੀ ਹੋ ਗਈ ਸੀ- ਚੰਗੀਆਂ ਕਿਤਾਬਾਂ ਘੱਟ ਪੈਸਿਆਂ ਵਿਚ ਹੀ ਮਿਲ ਗਈਆਂ; ਪਰ ਨਾਲ ਹੀ ਫ਼ਿਕਰ ਜਾਗ ਪਿਆ-ਪਾਠਕਾਂ ਵਾਂਗ ਮੇਲੇ ਦਾ ਘੇਰਾ ਵੀ ਸੁੰਗੜ ਰਿਹਾ ਸੀ। ਪਹਿਲਾਂ-ਪਹਿਲ ਮੈਂ ਦੋ ਦਿਨ ਇਸ ਮੇਲੇ ਲਈ ਕੱਢਦਾ ਹੁੰਦਾ ਸਾਂ, ਹੁਣ ਇਕ ਦਿਨ ਵੀ ਬਹੁਤ ਜਾਪ ਰਿਹਾ ਸੀ। ਇਸ ਵਾਰ ਸਟਾਲ ਵੀ ਘੱਟ ਸਨ। ਇਕ ਡਿਸਟੀਬਿਊਟਰ ਨਾਲ ਗੱਲ ਕੀਤੀ ਤਾਂ ਉਹ ਬੋਲਿਆ: ‘ਸੱਚੀਂ ਕਿਤਾਬ ਮੇਲਾ ਛੋਟਾ ਹੋ ਰਿਹਾ ਏ’। ਮੇਲੇ ਦੇ ਪ੍ਰਬੰਧਕ ਨੈਸ਼ਨਲ ਬੁੱਕ ਟਰਸਟ (ਐਨਬੀਟੀ) ਦੀ ਵੈਬਸਾਈਟ ਵੀ ਇਹੀ ਦਰਸਾਉਂਦੀ ਹੈ। ਆਏ ਸਾਲ ਮੇਲੇ ਵਿਚ ਆਉਣ ਵਾਲੇ ਪ੍ਰਕਾਸ਼ਕਾਂ/ ਵਿਤਰਕਾਂ ਦੀ ਗਿਣਤੀ ਘਟ ਰਹੀ ਹੈ। 2008 ਵਿਚ ਇਹ ਗਿਣਤੀ 1343 ਸੀ ਜੋ 2016 ਵਿਚ ਘੱਟ ਕੇ ਤਕਰੀਬਨ 1000 ਰਹਿ ਗਈ ਹੈ। ਐਨਬੀਟੀ ਦੇ ਨੁਮਾਇੰਦੇ ਦਾ ਤਰਕ ਸੀ ਕਿ ਮੇਲਾ ਸਾਲਾਨਾ ਹੋਣ ਕਰਕੇ ਕੁਝ ਪ੍ਰਕਾਸ਼ਕ/ਵਿਤਰਕ ਇਕ ਸਾਲ ਛੱਡ ਕੇ ਮੇਲੇ ਵਿਚ ਸ਼ਿਰਕਤ ਕਰਦੇ ਹਨ, ਖੈਰ! ਤਰਕਾਲਾਂ ਲਹਿੰਦਿਆਂ ਮੇਰੇ ਬੈਗ ਦਾ ਭਾਰ ਚੋਖਾ ਹੋ ਗਿਆ ਸੀ। ਹੁਣ ਵਾਪਸੀ ਦਾ ਵੇਲਾ ਸੀ। ਸਟਾਲਾਂ ‘ਚੋਂ ਨਿਕਲ ਮੁੱਖ ਗੇਟ ‘ਤੇ ਪੁੱਜ ਗਿਆ ਸਾਂ, ਜਿੱਥੇ ਕਦੀ ਇਕ ਸੋਹਣੀ ਕੁੜੀ ਨੂੰ ਚਾਰ ਕਦਮ ਨਾਲ ਤੁਰਨ ਦੀ ਨਾਕਾਮ ਘੇਰ ਪਾਈ ਸੀ। ਜ਼ਾਹਿਰ ਹੈ ਕਿ ਮੈਂ ਇਸ ਮੇਲੇ ਵਿਚ ਸਿਰਫ ਕਿਤਾਬਾਂ ਲਈ ਨਹੀਂ ਆਉਂਦਾ!