ਬੇਗਮਪੁਰਾ ਸਹਰ ਕੋ ਨਾਉ

ਡਾæ ਗੁਰਨਾਮ ਕੌਰ ਕੈਨੇਡਾ
ਮਨੁੱਖ ਦਾ ਸਮਾਜ ਵਿਚ ਬਰਾਬਰੀ ਅਤੇ ਸਵੈਮਾਣ ਦੇ ਅਹਿਸਾਸ ਨਾਲ ਜਿਉਂ ਸਕਣਾ ਮਨੁੱਖ ਦੀ ਹੋਂਦ ਦਾ ਸਭ ਤੋਂ ਵੱਡਾ ਅਤੇ ਅਹਿਮ ਸਵਾਲ ਹੈ। ਜਮਾਤੀ ਅਤੇ ਨਸਲੀ ਨਾ-ਬਰਾਬਰੀ ਭਾਵੇਂ ਦੁਨੀਆਂ ਦੇ ਬਹੁਤ ਸਾਰੇ ਮੁਲਕਾਂ ਵਿਚ ਹੈ ਪਰ ਜਿਸ ਕਿਸਮ ਦੀ ਵੰਡ ਵਰਣ-ਆਸ਼ਰਮ ਧਰਮ ਦੇ ਸਿਧਾਂਤ ‘ਤੇ ਆਧਾਰਤ ਕਰਕੇ ਅਤੇ ਇਸ ਨੂੰ ਧਰਮ-ਸ਼ਾਸਤਰਾਂ ਦੀ ਪ੍ਰਵਾਨਗੀ ਨਾਲ ਹਜ਼ਾਰਾਂ ਸਾਲ ਪਹਿਲਾਂ ਭਾਰਤੀ ਸਮਾਜ ‘ਤੇ ਲਾਗੂ ਕੀਤੀ ਗਈ, ਜਿਹੋ ਜਿਹਾ ਭਿਆਨਕ ਰੂਪ ਇਸ ਨੇ ਧਾਰਨ ਕੀਤਾ ਜੋ ਅੱਜ ਇੱਕੀਵੀਂ ਸਦੀ ਤੱਕ ਵੀ ਕਾਇਮ ਹੈ।

ਮਨੁੱਖ ਰਾਹੀਂ ਮਨੁੱਖ ਨੂੰ ਗੁਲਾਮ ਰੱਖਣ ਦੀ ਅਜਿਹੀ ਮਿਸਾਲ ਦੁਨੀਆਂ ਦੇ ਹੋਰ ਕਿਸੇ ਸਮਾਜ ਵਿਚ ਮਿਲ ਸਕਣੀ ਬਹੁਤ ਮੁਸ਼ਕਿਲ ਹੈ। ਸਿੱਖ ਧਰਮ ਦੇ ਪ੍ਰਕਾਸ਼ਨ ਤੋਂ ਪਹਿਲਾਂ ਦਾ ਸਮਾਂ ਭਾਰਤ ਦੇ ਵੱਖ ਵੱਖ ਹਿੱਸਿਆਂ ਵਿਚ ਚੱਲੀ ਭਗਤੀ ਲਹਿਰ ਰਾਹੀਂ ਇਸ ਕੱਟੜ ਧਾਰਮਿਕ ਪ੍ਰਬੰਧ ਦੇ ਖਿਲਾਫ ਇੱਕ ਨਵੀਂ ਧਾਰਮਿਕ-ਸਮਾਜਿਕ ਜਾਗ੍ਰਤੀ ਦਾ ਸਮਾਂ ਸੀ ਕਿਉਂਕਿ ਇਨ੍ਹਾਂ ਗਲੀਆਂ ਸੜੀਆਂ ਮਾਨਵਤਾ-ਵਿਰੋਧੀ ਰੀਤਾਂ ਵਿਚੋਂ ਮਨੁੱਖ ਦੀ ਕਿਸੇ ਵੀ ਕਿਸਮ ਦੀ ਮੁਕਤੀ ਦੀ ਆਸ ਗੁਆਚ ਚੁੱਕੀ ਸੀ। ਵੱਖ ਵੱਖ ਇਲਾਕਿਆਂ, ਬੋਲੀਆਂ ਅਤੇ ਸਮਾਜਕ ਵਰਗਾਂ ਵਿਚ ਪੈਦਾ ਹੋਏ ਭਗਤ ਬੇਸ਼ੱਕ ਆਪਣੇ ਇਕਲੌਤੇ ਯਤਨਾਂ ਰਾਹੀਂ ਇੱਕ ਸੰਗਠਿਤ ਲਹਿਰ ਤਾਂ ਨਹੀਂ ਸਿਰਜ ਸਕੇ ਪਰ ਉਨ੍ਹਾਂ ਨੇ ਆਮ ਮਨੁੱਖ ਦੇ ਅੰਦਰ ਇੱਕ ਨਵੀਂ ਆਸ ਅਤੇ ਸੰਭਾਵਨਾ ਦਾ ਸੁਪਨਾ ਜਗਾਇਆ।
ਗੁਰੂ ਸਾਹਿਬਾਨ ਨੇ ਇਨ੍ਹਾਂ ਭਗਤਾਂ ਦੀ ਬਾਣੀ ਨੂੰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਬਣਾ ਕੇ ਉਸ ਸੰਭਾਵਨਾ ਨੂੰ ਸਾਕਾਰ ਹੋਣ ਦਾ ਮੌਕਾ ਮੁਹੱਈਆ ਕੀਤਾ। ਭਗਤ ਰਵਿਦਾਸ ਦਾ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 345 ‘ਤੇ ਦਰਜ਼ ਹੈ ਜਿਸ ਵਿਚ ਅਜਿਹੇ ਸਮਾਜ ਦੀ ਸਿਰਜਣਾ ਦੀ ਗੱਲ ਕੀਤੀ ਗਈ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਪ੍ਰਾਪਤ ਅਧਿਆਤਮਕਤਾ ਇਸ ਦੁਨਿਆਵੀ ਜੀਵਨ ਵਿਚ ਅਮਲੀ ਪ੍ਰਕਾਸ਼ਨ ਨਾਲ ਸਬੰਧਤ ਹੈ। ਕਹਿਣ ਤੋਂ ਭਾਵ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪ੍ਰਾਪਤ ਸੰਕਲਪਾਂ ਨੇ ਮਨੁੱਖ ਦੇ ਅਮਲੀ ਜੀਵਨ ਵਿਚ ਉਸ ਦੇ ਕੀਤੇ ਜਾਣ ਵਾਲੇ ਕਾਰਜਾਂ ਵਿਚੋਂ ਪਰਗਟ ਹੋਣਾ ਹੈ। ਇਹ ਹੀ ਗੁਰਮੁਖਿ ਜਾਂ ਸਚਿਆਰ ਹੋਣਾ ਹੈ। ਭਗਤ ਰਵਿਦਾਸ ਜੀ ਦਾ ਇਹ ਸ਼ਬਦ, ਜਿਵੇਂ ਕਿ ਇਸ ਦੇ ਨਾਮ ‘ਬੇਗਮਪੁਰਾ’ ਤੋਂ ਹੀ ਸਪੱਸ਼ਟ ਹੈ, ਅਜਿਹੇ ਸਥਾਨ, ਸ਼ਹਿਰ, ਸਮਾਜ, ਦੇਸ ਜਾਂ ਰਾਜ ਦਾ ਸੰਕਲਪ ਹੈ ਜਿਸ ਵਿਚ ਕਿਸੇ ਕਿਸਮ ਦਾ ਕੋਈ ਗ਼ਮ ਨਾ ਹੋਵੇ, ਹਰ ਤਰ੍ਹਾਂ ਦੇ ਗਮ ਤੋਂ ਸੁਰਖਰੂ। ਇਹ ਅਜਿਹੇ ਸਥਾਨ ਦੀ ਪ੍ਰਾਪਤੀ ਹੈ ਜਿਸ ਵਿਚ ਰਹਿਣ ਵਾਲਿਆਂ ਨੂੰ ਕਿਸੇ ਕਿਸਮ ਦਾ ਕੋਈ ਦੁੱਖ, ਤਕਲੀਫ, ਚਿੰਤਾ ਜਾਂ ਫਿਕਰ ਨਹੀਂ ਹੈ। ਇਸ ਵਿਚ ਰਹਿਣ ਵਾਲੇ ਸਾਰੇ ਸੁਖੀ ਅਤੇ ਅਨੰਦ-ਮਈ ਜੀਵਨ ਬਤੀਤ ਕਰ ਰਹੇ ਹਨ। ਅਜਿਹਾ ਸਮਾਜ ਜਿਸ ਵਿਚ ਊਚ-ਨੀਚ, ਜਾਤ-ਪਾਤ, ਰੰਗ, ਨਸਲ ਆਦਿ ਦਾ ਕਿਸੇ ਕਿਸਮ ਦਾ ਕੋਈ ਵਖਰੇਵਾਂ ਨਹੀਂ ਹੈ। ਸਭ ਲਈ ਸਮਾਜਕ ਨਿਆਉਂ ਇੱਕੋ ਜਿਹਾ ਪ੍ਰਾਪਤ ਹੈ। ਇਹ ਇੱਕ ਅਜਿਹੇ ‘ਵੈਲ ਫੇਅਰ ਸਟੇਟ’ ਦਾ ਸੰਕਲਪ ਹੈ ਜਿਸ ਵਿਚ ਮਨੁੱਖ ਨੂੰ ਕੋਈ ਦੁਨਿਆਵੀ ਜਾਇਦਾਦ ਬਣਾਉਣ ਦੀ ਜਾਂ ਉਸ ‘ਤੇ ਕਿਸੇ ਕਿਸਮ ਦਾ ਮਸੂਲ ਦੇਣ ਦੀ ਵੀ ਕੋਈ ਚਿੰਤਾ ਨਹੀਂ ਹੈ। ਇਸ ਸਥਾਨ ਵਿਚ ਕਿਸੇ ਕਿਸਮ ਦਾ ਕੋਈ ਪਾਪ-ਕਰਮ ਕਰਨ ਦਾ ਵੀ ਖ਼ਤਰਾ ਨਹੀਂ ਹੈ; ਕੋਈ ਭੈ ਨਹੀਂ ਹੈ, ਕੋਈ ਗਿਰਾਵਟ ਨਹੀਂ ਹੈ। ਸਾਰੇ ਮਨੁੱਖ ਬਰਾਬਰ ਦੇ ਭਾਈਵਾਲ ਹਨ ਜਿਸ ਨੂੰ ਭਗਤ ਰਵਿਦਾਸ ਜੀ, “ਜੋ ਹਮ ਸਹਿਰੀ ਸੋ ਮੀਤ ਹਮਾਰਾ” ਦੇ ਸੰਕਲਪ ਰਾਹੀਂ ਪਰਗਟ ਕਰਦੇ ਹਨ। ਇਸ ਸਥਾਨ ‘ਤੇ ਵਸਣ ਵਾਲਾ ਮਨੁੱਖ ਪੂਰੀ ਤਰ੍ਹਾਂ ਅਜ਼ਾਦ ਹੈ, ਉਸ ਨੂੰ ਸਮਾਜ ਵਿਚ ਵਿਚਰਨ ਦੀ ਪੂਰਨ ਅਜ਼ਾਦੀ ਹੈ, ਉਹ ਇਸ ਸਥਾਨ ਨੂੰ ਚੰਗੀ ਤਰ੍ਹਾਂ ਜਾਣਦਾ ਹੈ, ਇਸ ਦਾ ਭੇਤੀ ਹੈ, ਇਸ ਲਈ ਕਿਤੇ ਵੀ ਵਿਚਰਨ ਲਈ ਪੂਰਨ ਸੁਤੰਤਰ ਹੈ। ਇਥੇ ਮਨੁੱਖ ਨੂੰ ਮਨੁੱਖ ਹੋਣ ਦਾ ਪੂਰਨ ਮਾਣ ਹਾਸਲ ਹੈ। ਇਹ ਇੱਕ ਅਜਿਹੇ ਨਿਰਭਉ ਅਤੇ ਨਿਰਵੈਰ ਸਮਾਜ ਦੀ ਸਿਰਜਣਾ ਹੈ ਜਿੱਥੇ, ਭਗਤ ਰਵਿਦਾਸ ਦੇ ਸ਼ਬਦਾਂ ਵਿਚ ਕੋਈ ਦੂਜੇ ਤੀਜੇ ਦਰਜੇ ਦਾ ਸ਼ਹਿਰੀ ਨਹੀਂ ਹੈ, ਸਭ ਬਰਾਬਰ ਦੇ ਹੱਕਦਾਰ ਹਨ। ਸਭ ਰੱਜੇ ਹੋਏ, ਸੰਤੁਸ਼ਟ, ਅਨੰਦ-ਪ੍ਰਸੰਨ ਹੋ ਕੇ ਵੱਸ ਰਹੇ ਹਨ, ਕੋਈ ਚਿੰਤਾ, ਘਬਰਾਹਟ ਜਾਂ ਥੁੜ ਨਹੀਂ ਹੈ, ਕੋਈ ਵਿਤਕਰਾ ਨਹੀਂ ਹੈ, ਕੋਈ ਕਿਸੇ ਦੇ ਰਸਤੇ ਦੀ ਰੁਕਾਵਟ ਨਹੀਂ ਬਣ ਸਕਦਾ:
ਬੇਗਮਪੁਰਾ ਸਹਰ ਕੋ ਨਾਉ॥
ਦੂਖੁ ਅੰਦੋਹੁ ਨਹੀ ਤਿਹਿ ਠਾਉ॥
ਨਾਂ ਤਸਵੀਸ ਖਿਰਾਜੁ ਨ ਮਾਲੁ॥
ਖਉਫੁ ਨ ਖਤਾ ਨ ਤਰਸੁ ਜਵਾਲੁ॥੧॥
ਅਬ ਮੋਹਿ ਖੂਬ ਵਤਨ ਗਹ ਪਾਈ॥
ਊਹਾਂ ਖੈਰਿ ਸਦਾ ਮੇਰੇ ਭਾਈ॥੧॥ਰਹਾਉ॥
ਕਾਇਮੁ ਦਾਇਮੁ ਸਦਾ ਪਾਤਿਸਾਹੀ॥
ਦੋਮ ਨ ਸੇਮ ਏਕ ਸੋ ਆਹੀ॥
ਆਬਾਦਾਨੁ ਸਦਾ ਮਸਹੂਰ॥
ਊਹਾਂ ਗਨੀ ਬਸਹਿ ਮਾਮੂਰ॥੨॥
ਤਿਉ ਤਿਉ ਸੈਲਕਰਹਿ ਜਿਉ ਭਾਵੈ॥
ਮਹਰਮ ਮਹਲ ਨ ਕੋ ਅਟਕਾਵੈ॥
ਕਹਿ ਰਵਿਦਾਸ ਖਲਾਸ ਚਮਾਰਾ॥
ਜੋ ਹਮ ਸਹਰੀ ਸੋ ਮੀਤ ਹਮਾਰਾ॥੩॥੨॥ (ਪੰਨਾ ੩੪੫)
ਇਸੇ ਨੂੰ ਪੰਚਮ ਪਾਤਿਸ਼ਾਹ ਹਜ਼ੂਰ ਗੁਰੂ ਅਰਜਨ ਦੇਵ ਨੇ “ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ” ਕਿਹਾ ਹੈ ਜਿਸ ਅਨੁਸਾਰ ਹੁਣ ਮਿਹਰਬਾਨ ਅਕਾਲ ਪੁਰਖ ਦਾ ਹੁਕਮ ਹੋ ਗਿਆ ਹੈ ਕਿ ਕੋਈ ਕਿਸੇ ‘ਤੇ ਪ੍ਰਬਲ ਹੋ ਕੇ ਉਸ ਨੂੰ ਦੁੱਖ ਨਹੀਂ ਦੇ ਸਕੇਗਾ। ਸਾਰੀ ਰਈਅਤ ਸੁਖ ਨਾਲ ਵਸੇਗੀ, ਹੁਣ ਅਜਿਹਾ ਨਰਮੀ (ਹਲੀਮੀ) ਵਾਲਾ ਰਾਜ ਹੋ ਗਿਆ ਹੈ। ਬਾਣੀ ਦਾ ਅਧਿਆਤਮਕ ਸੰਦਰਭ ਹੈ ਅਤੇ ਇਸ ਦੇ ਅਰਥ ਕਰਦਿਆਂ ‘ਬੇਗਮਪੁਰਾ’ ਨੂੰ ਆਤਮਕ ਅਵਸਥਾ-ਰੂਪ ਸ਼ਹਿਰ ਦੇ ਅਰਥਾਂ ਵਿਚ ਲਿਆ ਜਾਂਦਾ ਹੈ ਅਤੇ ਮਨੁੱਖ ਨੇ ਹਰ ਤਰ੍ਹਾਂ ਦੀਆਂ ਅੜਚਣਾਂ ਨੂੰ ਦੂਰ ਕਰਕੇ ਇਸ ਅਵਸਥਾ ਨੂੰ ਪਹੁੰਚਣਾ ਹੈ। ਇਹ ਤੱਥ ਧਿਆਨ ਯੋਗ ਹੈ ਕਿ ਗੁਰੂ ਸਾਹਿਬਾਨ ਨੇ ਬਾਣੀ ਵਿਚ ਕੋਈ ਵੀ ਅਜਿਹਾ ਸੰਕਲਪ ਜਾਂ ਸਿਧਾਂਤ ਦਰਜ ਨਹੀਂ ਕੀਤਾ ਜਿਸ ਨੂੰ ਅਮਲ ਵਿਚ ਨਹੀਂ ਲਿਆਂਦਾ ਜਾ ਸਕਦਾ ਕਿਉਂਕਿ ਅਮਲੀ ਪ੍ਰਕਾਸ਼ਨ ਤੋਂ ਬਿਨਾ ਸਿਧਾਂਤ ਬੇਕਾਰ ਹੁੰਦਾ ਹੈ।
ਭਗਤ ਰਵਿਦਾਸ ਰੱਬ ਦੇ ਭਗਤ ਹਨ, ਉਸ ਆਤਮਕ ਅਵਸਥਾ ਤੱਕ ਪਹੁੰਚੇ ਹੋਏ ਹਨ, ਗਿਆਨੀ ਪੁਰਸ਼ ਹਨ ਅਤੇ ਇਸ ਅਵੱਸਥਾ ਵਿਚ ਪਹੁੰਚੇ ਹੋਏ ਮਨੁੱਖ ਲਈ, ਜਿਵੇਂ ਗੁਰੂ ਤੇਗ ਬਹਾਦਰ ਨੌਵੇਂ ਪਾਤਿਸ਼ਾਹ ਨੇ ਆਪਣੀ ਬਾਣੀ ਵਿਚ ਫੁਰਮਾਇਆ ਹੈ ਕਿ ਗਿਆਨੀ ਪੁਰਸ਼ ਲਈ ਦੁੱਖ-ਸੁੱਖ, ਮਾਨ-ਅਪਮਾਨ, ਕੰਚਨ ਅਤੇ ਮਾਟੀ ਇੱਕ ਸਮਾਨ ਹੁੰਦੇ ਹਨ। ਭਗਤ ਰਵਿਦਾਸ ਜਿਸ ਸਮਾਜ ਵਿਚ ਪਲੇ, ਵੱਡੇ ਹੋਏ ਉਸ ਸਮਾਜ ਵਿਚ ਸਮਾਜਕ ਗਤੀਸ਼ੀਲਤਾ ਦੀ ਆਗਿਆ ਨਹੀਂ ਹੈ; ਮਨੁੱਖ ਦਾ ਇੱਕ ਵਰਣ ਤੋਂ ਦੂਸਰੇ ਵਿਚ ਪ੍ਰਵੇਸ਼, ਆਪਣੀ ਮਰਜ਼ੀ ਅਨੁਸਾਰ ਆਪਣਾ ਕਿੱਤਾ ਤਿਆਗ ਕੇ ਕੋਈ ਦੂਸਰਾ ਕਿੱਤਾ ਅਪਨਾਉਣਾ, ਸਿੱਖਿਆ ਪ੍ਰਾਪਤ ਕਰਨਾ, ਇਨ੍ਹਾਂ ਸਭ ਦੀ ਮਨਾਹੀ ਹੈ। ਇਸ ਸਮਾਜ ਵਿਚ ਤਾਂ ਮਨੁੱਖ ਦੇ ਰਹਿਣ ਦੀ ਥਾਂ ਵੀ ਉਸ ਦੇ ਵਰਣ ਅਨੁਸਾਰ ਨਿਸਚਿਤ ਕੀਤੀ ਹੋਈ ਹੈ। ਇੱਥੋਂ ਤੱਕ ਕਿ ਕਿਸੇ ਦਵਿਜ ਜਨਮ ਵਾਲੇ ਉਤੇ ਕਿਸੇ ਦਲਿਤ ਕਹੇ ਜਾਣ ਵਾਲੇ ਦਾ ਪਰਛਾਵਾਂ ਪੈਣਾ ਵੀ ਗੁਨਾਹ ਹੈ। ਕਿਸਾਨ ਨੂੰ, ਫਸਲ ਹੋਵੇ ਭਾਵੇਂ ਨਾ ਮਸੂਲ ਦੇਣਾ ਪੈਂਦਾ ਹੈ; ਨਹੀਂ ਦੇ ਸਕਦਾ ਤਾਂ ਜ਼ਮੀਨ ਦੀ ਮਾਲਕੀ ਤਿਆਗਣੀ ਪੈਂਦੀ ਹੈ। ਜੀਵਨ ਹਰ ਤਰ੍ਹਾਂ ਦੇ ਅੰਦੇਸ਼ਿਆਂ, ਦੁੱਖਾਂ-ਤਕਲੀਫਾਂ ਨਾਲ ਭਰਿਆ ਪਿਆ ਹੈ। ਭਗਤ ਰਵਿਦਾਸ ਇਸ ਸਮਾਜਕ ਅਵਸਥਾ ਤੋਂ ਪੂਰੀ ਤਰ੍ਹਾਂ ਚੇਤੰਨ ਹਨ। ਉਹ ਦਲਿਤ ਚੇਤਨਾ ਦਾ ਹੀ ਪ੍ਰਗਟਾਵਾ ਕਰਦੇ ਹਨ ਜਦੋਂ ਕਹਿੰਦੇ ਹਨ ‘ਕਹਿ ਰਵਿਦਾਸ ਖਲਾਸ ਚਮਾਰਾ’। ਉਪਰ ਦਿੱਤੇ ਸ਼ਬਦ ਵਿਚ ਜਿਵੇਂ ਸਭ ਪ੍ਰਕਾਰ ਦੀਆਂ ਬੰਦਸ਼ਾਂ ਤੋਂ ਛੁਟਕਾਰੇ ਦਾ ਜ਼ਿਕਰ ਕੀਤਾ ਹੈ, ਇਹ ਦਲਿਤ ਚੇਤਨਾ ਵੱਲ ਸੰਕੇਤਕ ਹੈ। ਭਗਤ ਰਵਿਦਾਸ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੋਰ ਬਾਣੀ ਤੋਂ ਵੀ ਇਸ ਚੇਤਨਾ ਦੀ ਝਲਕ ਮਿਲਦੀ ਹੈ ਜਦੋਂ ਉਹ ਇਸ ਵਰਣ ਨਾਲ ਜੁੜੇ ਕਿੱਤੇ ਦੀ ਗੱਲ ਅਤੇ ਹੋਰ ਸਮਾਜਕ ਪ੍ਰਸਥਿਤੀਆਂ ਦਾ ਜ਼ਿਕਰ ਕਰਦੇ ਹਨ। ਉਹ ਜਾਣਦੇ ਹਨ ਕਿ ਆਮ ਲੋਕਾਂ ਦੀਆਂ ਨਜ਼ਰਾਂ ਵਿਚ “ਜਾਤੀ ਓਛਾ ਪਾਤੀ ਓਛਾ ਓਛਾ ਜਨਮੁ ਹਮਾਰਾ”, ਬੇਸ਼ਕ ਸਾਰੇ ਮਨੁੱਖ ਉਸੇ ਅਕਾਲ ਪੁਰਖ ਦੇ ਆਪਣੇ ਆਪ ਤੋਂ ਪੈਦਾ ਕੀਤੇ ਹੋਏ ਹਨ।
ਭਗਤ ਰਵਿਦਾਸ ਨੇ ਉਨ੍ਹਾਂ ਦੁਸ਼ਵਾਰੀਆਂ, ਸਮਾਜਕ ਨਾ-ਬਰਾਬਰੀ, ਦੁੱਖਾਂ-ਤਕਲੀਫਾਂ, ਸਮਾਜਕ ਗ਼ੁਲਾਮੀ, ਸਮਾਜਕ ਗਤੀਹੀਣਤਾ ਦੀ ਗੱਲ ਕੀਤੀ ਹੈ ਜਿਨ੍ਹਾਂ ਨੂੰ ‘ਬੇਗਮਪੁਰਾ’ ਵਿਚ ਕੋਈ ਸਥਾਨ ਪ੍ਰਾਪਤ ਨਹੀਂ ਹੈ। ਪਰ ਭਗਤ ਰਵਿਦਾਸ ਨੇ ਉਨ੍ਹਾਂ ਅੜਚਣਾਂ ਦੀ ਨਿਸ਼ਾਨਦੇਹੀ ਨਹੀਂ ਕੀਤੀ ਜਿਹੜੀਆਂ ‘ਬੇਗਮਪੁਰਾ’ ਦੇ ਰਸਤੇ ਦੀ ਰੁਕਾਵਟ ਬਣਦੀਆਂ ਹਨ। ਉਹ ਕਿਹੜੀਆਂ ਤਾਕਤਾਂ ਹਨ ਜਿਹੜੀਆਂ ‘ਬੇਗਮਪੁਰਾ’ ਦੇ ਰਸਤੇ ਦਾ ਰੋੜਾ ਹਨ। ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਵਿਚ ਇਨ੍ਹਾਂ ਅੜਚਣਾਂ ਦੀ ਨਿਸ਼ਾਨਦੇਹੀ ਕੀਤੀ ਹੈ ਅਤੇ ਅਜਿਹੀਆਂ ਤਾਕਤਾਂ ਨੂੰ ਸਾਹਮਣੇ ਲਿਆਂਦਾ ਹੈ ਜਿਹੜੀਆਂ ‘ਬੇਗਮਪੁਰਾ’ ਦੀ ਸਿਰਜਣਾ ਵਿਚ ਰੋੜਾ ਅਟਕਾਉਂਦੀਆਂ ਹਨ। ਇਹ ਤਾਕਤਾਂ ਰਾਜਸੀ ਅਤੇ ਆਪਣੇ ਆਪ ਨੂੰ ਧਾਰਮਿਕ ਅਖਵਾਉਣ ਵਾਲੀਆਂ ਹਨ ਜੋ ਰਾਜਸੀ ਸ਼ਕਤੀ ਨਾਲ ਮਿਲ ਕੇ ਸਮਾਜਕ ਗੁਲਾਮੀ, ਨਾ-ਬਰਾਬਰੀ ਅਤੇ ਮਨੁੱਖ ਦੇ ਮਨੁੱਖ ਰਾਹੀਂ ਸੋਸ਼ਣ ਦਾ ਕਾਰਨ ਬਣਦੀਆਂ ਹਨ।
ਗੁਰੂ ਨਾਨਕ ਆਸਾ ਦੀ ਵਾਰ ਵਿਚ ਉਸ ਸਮੇਂ ਦਾ ਜ਼ਿਕਰ ਕਰਦੇ ਹਨ ਕਿ ਸੱਚ ਦਾ ਕਾਲ ਪੈ ਗਿਆ ਹੈ, ਸੱਚ ਅਲੋਪ ਹੋ ਗਿਆ ਹੈ ਅਤੇ ਝੂਠ ਦਾ ਬੋਲਬਾਲਾ ਹੈ। (ਸੱਚ ਦਾ ਸਬੰਧ ਨਿਆਂ ਨਾਲ ਅਤੇ ਝੂਠ ਅਨਿਆਂ ਨਾਲ ਜੁੜਿਆ ਹੁੰਦਾ ਹੈ)। ਗੁਰੂ ਨਾਨਕ ਖੇਤੀ ਬੀਜਣ ਦਾ ਦ੍ਰਿਸ਼ਟਾਂਤ ਦਿੰਦੇ ਹਨ ਕਿ ਬੀਜ ਦੇ ਉਗਣ ਲਈ ਉਸ ਦਾ ਸਾਬਤ ਹੋਣਾ ਅਰਥਾਤ ਅਖੰਡ ਹੋਣਾ ਜ਼ਰੂਰੀ ਹੈ, ਦੋਫਾੜ ਹੋਇਆ ਬੀਜ ਉਗਦਾ ਨਹੀਂ। ਸਾਬਤ ਬੀਜ ਦੇ ਨਾਲ ਨਾਲ ਬੀਜਣ ਲਈ ਰੁੱਤ ਦਾ ਸਹੀ ਹੋਣਾ ਵੀ ਜ਼ਰੂਰੀ ਹੈ। ਦੂਸਰਾ ਦ੍ਰਿਸ਼ਟਾਂਤ ਕੱਪੜਾ ਰੰਗਣ ਦਾ ਦਿੰਦੇ ਹਨ। ਕੋਰੇ ਕਪੜੇ ਨੂੰ ਰੰਗ ਨਹੀਂ ਚੜ੍ਹਦਾ। ਕਪੜੇ ਨੂੰ ਰੰਗਣ ਲਈ ਪਹਿਲਾਂ ਖੁੰਬ ‘ਤੇ ਚਾੜ੍ਹਨਾ ਪੈਂਦਾ ਹੈ, ਫਿਰ ਉਸ ਨੂੰ ਪਾਹ ਦੇਣੀ ਪੈਂਦੀ ਹੈ। ਉਸ ਤੋਂ ਪਿੱਛੋਂ ਹੀ ਰੰਗ ਦਿੱਤਾ ਜਾਂਦਾ ਹੈ। ਨਿਆਂਸ਼ੀਲ ਹੋਣ ਲਈ ਝੂਠ ਅਤੇ ਨਿਰਦੈਤਾ ਮਨ ਵਿਚੋਂ ਕੱਢਣੀ ਪੈਂਦੀ ਹੈ। ਜੋ ਕੁੱਝ ਉਸ ਵੇਲੇ ਵਾਪਰ ਰਿਹਾ ਹੈ ਉਸ ਦਾ ਜ਼ਿਕਰ ਕਰਦੇ ਹਨ ਕਿ ਧਰਤੀ ‘ਤੇ ਲਾਲਚ ਦਾ ਰਾਜ ਹੈ ਅਤੇ ਪਾਪ ਉਸ ਦਾ ਵਜ਼ੀਰ ਹੈ, ਝੂਠ ਦੀ ਚੌਧਰ ਹੈ। ਇਸ ਲਾਲਚ ਅਤੇ ਪਾਪ ਦੇ ਦਰਬਾਰ ਵਿਚ ਕਾਮ ਨਾਇਬ ਹੈ ਜਿਸ ਦੀ ਸਲਾਹ ਪੁੱਛੀ ਜਾਂਦੀ ਹੈ। ਅੱਗੇ ਪਰਜਾ ਦਾ ਕੀ ਹਾਲ ਹੈ? ਉਹ ਗਿਆਨ-ਵਿਹੂਣੀ ਹੈ ਅਰਥਾਤ ਉਸ ਨੂੰ ਆਪਣੇ ਹੱਕ ਦਾ ਅਹਿਸਾਸ ਨਹੀਂ ਹੈ ਅਤੇ ਅਗਿਆਨੀ ਹੋਣ ਕਰਕੇ ਚੱਟੀ ਭਰ ਰਹੀ ਹੈ। ਜੋ ਆਪਣੇ ਆਪ ਨੂੰ ਗਿਆਨੀ ਅਖਵਾਉਂਦੇ ਹਨ (ਜਿਨ੍ਹਾਂ ਨੇ ਪਰਜਾ ਨੂੰ ਰਸਤਾ ਦਿਖਾਉਣਾ ਹੈ) ਉਹ ਨੱਚਦੇ ਹਨ, ਵਾਜੇ ਵਜਾਉਂਦੇ ਹਨ, ਉਚੀ ਉਚੀ ਕੂਕ ਕੇ ਜੋਧਿਆਂ ਦੇ ਪ੍ਰਸੰਗ ਸੁਣਾਉਂਦੇ ਹਨ। ਪੜ੍ਹੇ-ਲਿਖੇ (ਪੰਡਿਤ) ਮੂਰਖ ਨਿਰੀਆਂ ਚਲਾਕੀਆਂ ਕਰਦੇ ਹਨ ਅਤੇ ਸਿਰਫ਼ ਦਲੀਲਾਂ ਦੇਣੀਆਂ ਜਾਣਦੇ ਹਨ। ਧਰਮੀ ਕਹਾਉਣ ਵਾਲੇ ਧਰਮ ਦਾ ਕੰਮ ਮਹਿਜ ਮੁਕਤੀ ਪ੍ਰਾਪਤ ਕਰਨ ਲਈ ਕਰਦੇ ਹਨ। ਆਪਣੇ ਆਪ ਨੂੰ ਜਤੀ ਕਹਾਉਣ ਵਾਲੇ ਜਤੀ ਹੋਣ ਦੀ ਜੁਗਤਿ ਨਹੀਂ ਜਾਣਦੇ।
ਇਸੇ ਤਰ੍ਹਾਂ ‘ਮਲਾਰ ਕੀ ਵਾਰ’ ਵਿਚ ਗੁਰੂ ਨਾਨਕ ਦੱਸਦੇ ਹਨ ਕਿ ਹਰਣ, ਬਾਜ਼ ਅਤੇ ਅਹਿਲਕਾਰ ਇਨ੍ਹਾਂ ਨੂੰ ਸਿਆਣੇ ਅਤੇ ਪੜ੍ਹੇ-ਲਿਖੇ ਮੰਨਿਆ ਜਾਂਦਾ ਹੈ ਪਰ ਇਹ ਤਿੰਨੇ ਹੀ ਆਪਣੇ ਹਮਸਾਇਆ ਦੇ ਦੁੱਖ ਦਾ ਕਾਰਨ ਬਣਦੇ ਹਨ। ਇਹ ਕਿਸ ਕਿਸਮ ਦੀ ਵਿੱਦਿਆ ਹੈ ਕਿ ਇਹ ਆਪਣੇ ਹੀ ਜਾਤਿ-ਭਰਾਵਾਂ ਨੂੰ ਫਸਾਉਂਦੇ ਹਨ? ਪੜ੍ਹਿਆ-ਲਿਖਿਆ ਜਾਂ ਵਿਦਵਾਨ ਤਾਂ ਉਹ ਹੀ ਹੁੰਦਾ ਹੈ ਜੋ ਪਰਮਾਤਮਾ ਦੀ ਹਜ਼ੂਰੀ ਵਿਚ (ਆਪਣੇ ਚੰਗੇ ਕੰਮਾਂ ਕਾਰਨ) ਉਸ ਦੇ ਨਾਮ ਦਾ ਅਨੁਸਾਰੀ ਹੋ ਕੇ ਮਨਜ਼ੂਰ ਹੁੰਦਾ ਹੈ। ਜੇ ਪਹਿਲਾਂ ਜ਼ਮੀਨ ਦੇ ਅੰਦਰ ਜੜ੍ਹ ਜੰਮਦੀ ਹੈ, ਉਸ ਦੇ ਬਾਅਦ ਹੀ ਰੁੱਖ ਦੇ ਰੂਪ ਵਿਚ ਉਗ ਕੇ ਛਾਂ ਕਰਦੀ ਹੈ। ਰਾਜੇ ਸ਼ੇਰ ਬਣ ਗਏ ਹਨ ਅਤੇ ਉਨ੍ਹਾਂ ਦੇ ਅਹਿਲਕਾਰ ਕੁੱਤੇ ਹਨ ਜਿਹੜੇ ਵੇਲੇ-ਕੁਵੇਲੇ ਪਰਜਾ ਨੂੰ ਤੰਗ ਕਰਦੇ ਹਨ। ਇਹ ਅਹਿਲਕਾਰ ਰਾਜਿਆਂ ਦੀਆਂ ਨਹੁੰਦਰਾਂ ਹਨ (ਸ਼ੇਰ ਆਪਣੇ ਪੰਜਿਆਂ ਨਾਲ ਸ਼ਿਕਾਰ ਕਰਦਾ ਹੈ) ਜਿਸ ਰਾਹੀਂ ਉਹ ਲੋਕਾਂ ਦਾ ਖੂਨ ਪੀਂਦੇ ਹਨ। ਪਰ ਜਿੱਥੇ (ਉਸ ਪਰਮਾਤਮਾ ਦੇ ਹਜ਼ੂਰ) ਕਰਨੀ ਦੀ ਪਰਖ ਕੀਤੀ ਜਾਂਦੀ ਹੈ ਉਥੇ ਇਹੋ ਜਿਹੇ ਰਾਜੇ ਅਤੇ ਅਹਿਲਕਾਰ ਖਰੇ ਨਹੀਂ ਉਤਰਦੇ।
ਇਸ ਰਾਜਸੀ ਸ਼ਕਤੀ ਨਾਲ ਧਾਰਮਕ ਸ਼ਕਤੀ ਦਾ ਜਦੋਂ ਅਪਵਿੱਤਰ ਗੱਠਜੋੜ ਹੋ ਜਾਂਦਾ ਹੈ ਤਾਂ ਦੋਵੇਂ ਮਿਲ ਕੇ ਧਰਮ ਦੀ ਆੜ ਵਿਚ ਲੋਕਾਂ ਦੇ ਸੋਸ਼ਣ ਦਾ ਕਾਰਨ ਬਣਦੇ ਹਨ। ‘ਆਸਾ ਦੀ ਵਾਰ’ ਵਿਚ ਦੱਸਿਆ ਹੈ ਕਿ ਇੱਕ ਪਾਸੇ ਗਊ ਤੇ ਬ੍ਰਾਹਮਣ- ਦੋਵਾਂ ਤੇ ਮਸੂਲ ਲਾਉਂਦਾ ਹੈ ਅਤੇ ਸਮਝਦਾ ਹੈ ਕਿ ਗਊ ਦੇ ਗੋਬਰ ਦਾ ਪੋਚਾ ਫੇਰ ਕੇ ਸ਼ਾਇਦ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇਗਾ। ਧੋਤੀ, ਟਿੱਕਾ ਤੇ ਮਾਲਾ ਤਿੰਨੇ ਧਾਰਮਿਕ ਨਿਸ਼ਾਨੀਆਂ ਹਨ ਜਿਨ੍ਹਾਂ ਨੂੰ ਪਹਿਨਦਾ ਹੈ ਪਰ ਮਾਲ ਉਨ੍ਹਾਂ ਦਾ ਖਾਂਦਾ ਹੈ ਜਿਨ੍ਹਾਂ ਨੂੰ ਮਲੇਛ ਕਹਿੰਦਾ ਹੈ। ਅੰਦਰ ਬੈਠ ਕੇ ਪੂਜਾ ਕਰਦਾ ਹੈ ਪਰ ਬਾਹਰ ਮੁਸਲਮਾਨਾਂ (ਜਿਨ੍ਹਾਂ ਦਾ ਰਾਜ ਹੈ) ਨੂੰ ਦਿਖਾਉਣ ਲਈ ਕੁਰਾਨ ਪੜ੍ਹਦਾ ਹੈ। ਇਹ ਸਭ ਪਖੰਡ ਹੈ।
ਅਗਲੇ ਸਲੋਕ ਵਿਚ ਗੁਰੂ ਨਾਨਕ ਦੱਸਦੇ ਹਨ ਕਿ ਮਨੁੱਖਾਂ ਨੂੰ ਖਾਣ ਵਾਲੇ ਅਰਥਾਤ ਵੱਢੀ-ਖੋਰ (ਮੁਸਲਮਾਨ ਹਾਕਮ ਤੇ ਕਾਜ਼ੀ) ਨਮਾਜ਼ਾਂ ਪੜ੍ਹਦੇ ਹਨ ਅਤੇ ਅੱਗੇ ਉਨ੍ਹਾਂ ਦੇ (ਖੱਤਰੀ) ਅਹਿਲਕਾਰ ਲੋਕਾਂ ‘ਤੇ ਜ਼ੁਲਮ ਕਰਦੇ ਹਨ, ਛੁਰੀ ਚਲਾਉਂਦੇ ਹਨ ਪਰ ਧਾਰਮਿਕ ਦਿਸਣ ਲਈ ਗਲ ਵਿਚ ਜਨੇਊ ਪਹਿਨਦੇ ਹਨ। ਫਿਰ ਅੱਗੋਂ ਅਜਿਹੇ ਅਹਿਲਕਾਰਾਂ ਦੇ ਘਰ ਵਿਚ ਬ੍ਰਾਹਮਣ ਪੂਜਾ ਕਰਦੇ ਹਨ ਅਤੇ ਉਸੇ ਜ਼ੁਲਮ ਦੀ ਕਮਾਈ ਦੇ ਹਿੱਸੇਦਾਰ ਬਣਦੇ ਹਨ। ਇਹ ਸਭ ਝੂਠ ਦਾ ਸਿਲਸਿਲਾ ਬਣਿਆ ਹੋਇਆ ਹੈ, ਇਨ੍ਹਾਂ ਦੇ ਸਾਰੇ ਕਾਰਜ ਝੂਠ ‘ਤੇ ਟਿਕੇ ਹੋਏ ਹਨ। ਸ਼ਰਮ ਅਤੇ ਧਰਮ ਦੋਵੇਂ ਖਤਮ ਹੋ ਗਏ ਹਨ। ਖੱਤਰੀ ਅਹਿਲਕਾਰ ਮੱਥੇ ‘ਤੇ ਟਿੱਕਾ ਲਾਉਂਦੇ ਹਨ ਅਤੇ ਤੇੜ ਗੇਰੂਏ ਰੰਗ ਦੀ ਧੋਤੀ ਪਾਉਂਦੇ ਹਨ ਪਰ ਹੱਥ ਵਿਚ ਲੋਕਾਂ ‘ਤੇ ਜ਼ੁਲਮ ਕਰਨ ਲਈ ਛੁਰੀ ਫੜੀ ਹੋਈ ਹੈ। ਤੁਰਕ ਹਾਕਮਾਂ ਦੀ ਨਜ਼ਰ ਵਿਚ ਕਬੂਲ ਹੋਣ ਲਈ ਨੀਲੇ ਰੰਗ ਦੇ ਕੱਪੜੇ ਪਾ ਕੇ ਮਿਲਣ ਜਾਂਦੇ ਹਨ ਅਤੇ ਉਨ੍ਹਾਂ ਪਾਸੋਂ ਹੀ ਰੁਜ਼ਗਾਰ ਲੈਂਦੇ ਹਨ; ਫਿਰ ਵੀ ਪੁਰਾਣ ਦੀ ਪੂਜਾ ਕਰਦੇ ਹਨ। ਉਹ ਬੱਕਰਾ ਜਿਸ ਨੂੰ ਕਲਮਾ ਪੜ੍ਹ ਕੇ ਹਲਾਲ ਕੀਤਾ ਹੈ ਇਨ੍ਹਾਂ ਦੀ ਖੁਰਾਕ ਹੈ (ਅਰਥਾਤ ਮੁਸਲਮਾਨਾਂ ਦਾ ਤਿਆਰ ਕੀਤਾ ਹੋਇਆ)। ਉਤੋਂ ਐਲਾਨ ਇਹ ਕਰਦੇ ਹਨ ਕਿ ਸਾਡੇ ਚੌਂਕੇ ਉਤੇ ਕੋਈ ਦੂਸਰਾ ਨਾ ਚੜ੍ਹੇ, ਚੌਂਕੇ ਦੁਆਲੇ ਲਕੀਰ ਫੇਰ ਦਿੰਦੇ ਹਨ ਤਾਂ ਕਿ ਚੌਂਕੇ ਦੇ ਨੇੜੇ ਆ ਕੇ ਉਸ ਨੂੰ ਕੋਈ ਭਿੱਟ ਨਾ ਦੇਵੇ, ਸਾਡਾ ਅੰਨ ਖਰਾਬ ਨਾ ਹੋ ਜਾਵੇ। ਇਹ ਲੋਕ ਅਪਵਿੱਤਰ ਸਰੀਰ ਨਾਲ ਮੰਦੇ ਕੰਮ ਕਰਦੇ ਹਨ ਅਤੇ ਜੂਠੇ ਮਨ ਨਾਲ ਮੂੰਹ ਸੁੱਚਾ ਕਰਨ ਲਈ ਚੁੱਲੀਆਂ ਕਰਦੇ ਹਨ।
ਇਸ ਵਿਚਾਰ-ਚਰਚਾ ਤੋਂ ਪਤਾ ਲੱਗਦਾ ਹੈ ਕਿ ਰਾਜਸੀ ਅਤੇ ਧਾਰਮਿਕ ਸ਼ਕਤੀਆਂ ਦਾ ਅਪਵਿੱਤਰ ਗੱਠਜੋੜ ਜਿਸ ਦੀ ਬੁਨਿਆਦ ਝੂਠ ਅਤੇ ਲੁੱਟ-ਖਸੁੱਟ ‘ਤੇ ਟਿਕੀ ਹੋਈ ਹੈ, ‘ਬੇਗਮਪੁਰਾ’ ਦੇ ਅਮਲ ਵਿਚ ਸਭ ਤੋਂ ਵੱਡਾ ਰੋੜਾ ਹੈ। ਅੱਜ ਵੀ ਬੇਸ਼ੱਕ ਭਾਰਤੀ ਸੰਵਿਧਾਨ ਵਿਚ ਪੱਛੜੀਆਂ ਜਾਤਾਂ ਅਤੇ ਕਬੀਲਿਆਂ ਲਈ ਹੱਕ ਰਾਖਵੇਂ ਕਰ ਦਿੱਤੇ ਗਏ ਹਨ, ਸੰਵਿਧਾਨ ਦੀ ਨਿਗਾਹ ਵਿਚ ਸਾਰੇ ਬਰਾਬਰ ਦੇ ਸ਼ਹਿਰੀ ਹਨ ਪਰ ਜੋ ਕੁੱਝ ਭਾਰਤ ਵਿਚ ਪਿਛਲੇ ਦਿਨਾਂ ਵਿਚ ਵਾਪਰਿਆ ਹੈ ਅਤੇ ਵਾਪਰਦਾ ਰਿਹਾ ਹੈ, ਉਸ ਦਾ ਕਾਰਨ ਰਾਜ-ਸ਼ਕਤੀ ਅਤੇ ਹਿੰਦੂਤਵ ਸ਼ਕਤੀਆਂ ਦਾ ਅਪਵਿੱਤਰ ਗੱਠਜੋੜ ਹੈ।